ਇਨਸਾਫ ਦੀ ਚੱਕੀ ਗਿੜਦੀ ਜਰੂਰ ਹੈ…

ਇਨਸਾਫ ਦੀ ਚੱਕੀ ਗਿੜਦੀ ਜਰੂਰ ਹੈ…

ਕਹਿੰਦੇ ਨੇ ਕਿ ਇਨਸਾਫ ਦੀ ਚੱਕੀ ਗਿੜਦੀ ਜਰੂਰ ਹੈ, ਕਦੇ ਮੌਕੇ ਉੱਤੇ ਤੇ ਕਦੇ ਚਿਰਾਂ ਬਾਅਦ, ਕਿਸੇ ਲਈ ਤੇਜ ਤੇ ਕਿਸੇ ਲਈ ਹੌਲੀ। ਦੂਜੀ ਸੰਸਾਰ ਜੰਗ ਮੌਕੇ ਵਾਪਰੇ ਮਹਾਂਨਾਸ (ਹੌਲੋਕੌਸਟ) ਦੇ ਮਾਮਲੇ ਵੇਖੀਏ ਤਾਂ ਇਹ ਗੱਲ ਸਹੀ ਸਾਬਿਤ ਹੁੰਦੀ ਹੈ। ਜਿੱਥੇ ਦੂਜੀ ਸੰਸਾਰ ਜੰਗ ਦੇ ਖਾਤਮੇ ਤੋਂ ਬਾਅਦ ਨਾਜ਼ੀਆਂ ਉੱਤੇ ਫੌਰੀ ਤੌਰ ‘ਤੇ ਮੁਕਦਮੇਂ ਚਲਾ ਕੇ ਉਹਨਾਂ ਨੂੰ ਸਜਾਵਾਂ ਦਿੱਤੀਆਂ ਗਈਆਂ ਓਥੇ ਹੁਣ ਪੌਣੀ ਸਦੀ ਬਾਅਦ ਵੀ ਹੌਲੋਕੌਸਟ ਦੇ ਦੋਸ਼ੀਆਂ ਨੂੰ ਲੱਭ ਕੇ ਉਨ੍ਹਾਂ ਉੱਤੇ ਮੁਕਦਮੇਂ ਚਲਾਉਣ ਦੀ ਕਾਰਵਾਈ ਜਾਰੀ ਹੈ, ਤੇ ਉਹਨਾਂ ਨੂੰ ਉਨ੍ਹਾਂ ਦੇ ਕੀਤੇ ਜ਼ੁਰਮਾਂ ਦੀ ਬਣਦੀ ਸਜਾ ਵੀ ਸੁਣਾਈ ਜਾ ਰਹੀ ਹੈ।

ਲੰਘੇ ਵੀਰਵਾਰ (23 ਜੁਲਾਈ 2020 ਨੂੰ) ਅਜਿਹੇ ਹੀ ਇੱਕ ਮਾਮਲੇ ਵਿੱਚ ਕਤਲਾਂ ‘ਚ ਸਹਿਯੋਗੀ ਹੋਣ ਦੇ ਦੋਸ਼ਾਂ ਤਹਿਤ 93 ਸਾਲਾਂ ਦੇ ਇੱਕ ਸਾਬਕਾ ਨਾਜ਼ੀ ਪਹਿਰੇਦਾਰ ਨੂੰ ਸਜਾ ਸੁਣਾਈ ਗਈ।

ਬਰੂਨੋ ਡੀ. ਦੀ ਉਮਰ ਉਸ ਵੇਲੇ 17 ਵਰ੍ਹਿਆਂ ਦੀ ਸੀ ਜਦੋਂ ਉਹ 1944 ਵਿੱਚ ਸਟੁਟਹੌਫ ਕੈਂਪ ਵਿੱਚ ਪਹਿਰੇਦਾਰ ਵਜੋਂ ਭਰਤੀ ਹੋਇਆ ਸੀ।

ਸਟੁਟਹੌਫ ਕੈਂਪ ਵਿੱਚ ਇੱਕ ਪੌਲਿਸ਼ ਜੰਗੀ ਕੈਦੀ ਹਾਜ਼ਰੀ ਲਵਾਉਣ ਵਾਲੇ ਹਾਤੇ ਵਿੱਚ (ਤਸਵੀਰ 1939 ਦੀ ਹੈ)

ਅਡੌਲਫ ਹਿਟਲਰ ਦੀ ਅਗਵਾਈ ਵਾਲੇ ਨਾਜ਼ੀਆਂ ਵੱਲੋਂ ਬਣਾਏ ਗਏ ਇਸ ਕੈਂਪ ਵਿੱਚ ਸੱਠ ਹਜ਼ਾਰ ਤੋਂ ਵੱਧ ਬੰਦੀਆਂ ਦੀਆਂ ਮੌਤਾਂ ਹੋਈਆਂ ਸਨ। ਇਨ੍ਹਾਂ ਵਿਚੋਂ ਕਈਆਂ ਨੂੰ ਕਲਤ ਕੀਤਾ ਗਿਆ ਸੀ ਤੇ ਬਾਕੀ ਕੈਂਪ ਵਿੱਚ ਅਤਿ ਮੰਦੇ ਹਾਲਾਤਾਂ ਕਰਕੇ ਬਿਮਾਰੀ ਨਾਲ ਮਾਰੇ ਗਏ ਸਨ।

ਇਸ ਮੁਕਦਮੇਂ ਵਿੱਚ ਬਿਰੂਨੋ ਡੀ. ਨੂੰ 5232 ਲੋਕਾਂ ਦੇ ਕਤਲ ਵਿੱਚ ਸਹਿਯੋਗੀ ਹੋਣ ਦਾ ਦੋਸ਼ੀ ਪਾਇਆ ਗਿਆ।

ਮੌਤ ਦੇ ਇਸ ਕੈਂਪ ਵਿੱਚ ਮਾਰੇ ਗਏ ਲੋਕਾਂ ਦੇ ਰਿਸ਼ਤੇਦਾਰਾਂ ਤੇ ਕੈਂਪ ਵਿਚੋਂ ਜਿੰਦਾ ਬਚੇ ਲੋਕਾਂ ਵਿਚੋਂ ਕੁੱਲ 40 ਜਣੇ ਇਸ ਮੁਕਦਮੇਂ ਦੀ ਕਾਰਵਾਈ ਵਿੱਚ ਮੁੱਦਈ ਸਨ, ਜਿਨ੍ਹਾਂ ਵਿੱਚੋਂ ਕਈਆਂ ਨੇ ਇਸ ਮੁਕਦਮੇਂ ਦੌਰਾਨ ਗਵਾਹੀ ਵੀ ਦਿੱਤੀ।

ਸਾਬਕਾ ਐਸ.ਐਸ. ਗਾਰਡ ਬਰੂਨੋ ਡੀ. ਨੇ ਵੀ ਦੋਸ਼ੀ ਵੱਜੋਂ ਮੁਕਦਮੇਂ ਦੀ ਕਾਰਵਾਈ ਵਿੱਚ ਹਿੱਸਾ ਲਿਆ ਅਤੇ ਗਵਾਹਾਂ ਦੇ ਬਿਆਨ ਸੁਣੇ ਪਰ ਉਸ ਨੇ ਆਪਣੇ ਜ਼ੁਰਮ ਨੂੰ ਮੰਨਣ ਤੋਂ ਇਨਕਾਰ ਕੀਤਾ। ਜੱਜ ਦੇ ਸ਼ਬਦਾਂ ਵਿੱਚ ਬਰੂਨੋ ਡੀ. ਖੁਦ ਨੂੰ ਇਸ ਮੌਤ ਦੇ ਕੈਂਪ ਦੇ ਮਾਮਲੇ ਵਿੱਚ ਮਹਿਜ਼ ਇਕ ਦਰਸ਼ਕ ਤਸਲੀਮ ਕਰਦਾ ਹੈ। ਪਰ ਜੱਜ ਉਸ ਦੀ ਇਸ ਧਾਰਨਾਂ ਨਾਲ ਸਹਿਮਤ ਨਹੀਂ ਸੀ। ਜੱਜ ਨੇ ਕਿਹਾ ਕਿ ਉਹ ਬਰੂਨੋ ਡੀ. ਦੇ ਇਸ ਦਾਅਵੇ ਨਾਲ ਸਹਿਮਤ ਨਹੀਂ ਹੈ ਕਿ ਉਸ ਨੂੰ ਪਤਾ ਨਹੀਂ ਸੀ ਕਿ ਕੈਂਪ ਦੇ ਅੰਦਰ ਲੋਕ ਮਰ ਰਹੇ ਹਨ ਜਦਕਿ ਉਸਨੇ ਇਕ ਵਾਰ ਆਪ ਵੀ ਇਸ ਗੱਲ ਦਾ ਇੰਕਸ਼ਾਫ ਕੀਤਾ ਹੈ ਕਿ ਉਸ ਨੇ ਗੈਂਸ ਚੈਂਬਰਾਂ ਵਿਚੋਂ ਲੋਕਾਂ ਦੀਆਂ ਚੀਕਾ ਸੁਣੀਆਂ ਸਨ। “ਯਕੀਨਨ ਤੈਨੂੰ ਪਤਾ ਸੀ ਕਿ ਲੋਕ ਮਰ ਰਹੇ ਸਨ। ਉਹ ਸਟੁਟਹੌਫ ਦੇ ਮਨੁੱਖੀ ਨਰਕ ਵਿੱਚ ਮਰੇ”, ਜੱਜ ਨੇ ਕਿਹਾ।

ਬਰੂਨੋ ਡੀ. ਨੇ ਆਪਣੇ ਬਿਆਨ ਵਿੱਚ ਇਹ ਵੀ ਕਿਹਾ ਕਿ ਜੇਕਰ ਉਸ ਕੋਲ ਉਸ ਹਾਲਾਤ ਵਿੱਚੋਂ ਬਾਹਰ ਨਿੱਕਲਣ ਦਾ ਰਾਹ ਹੁੰਦਾ ਤਾਂ ਉੱਥੇ ਕਦੇ ਵੀ ਨਾ ਠਹਿਰਦਾ। ਇਸ ਦਾਅਵੇ ਨੂੰ ਰੱਦ ਕਰਦਿਆਂ ਜੱਜ ਨੇ ਕਿਹਾ ਕਿ “ਇਹ ਸੱਚ ਨਹੀਂ ਹੈ”। “ਤੁਸੀਂ ਬਾਹਰ ਨਿੱਕਲਣ ਦਾ ਰਾਹ ਤੱਕਿਆ ਹੀ ਨਹੀਂ ਸੀ”, ਜੱਜ ਨੇ ਕਿਹਾ।

ਮੁਕਦਮਾ ਨਾਬਾਲਗਾਂ ਦੀ ਅਦਾਲਤ ਵਿੱਚ ਚੱਲਿਆ:

11 ਮਹੀਨੇ ਚੱਲਿਆ ਇਹ ਮੁਕਦਮਾ ਉਸੇ ਸਮੇਂ/ਕਾਲ ਵਿੱਚ ਚਲਾਇਆ ਗਿਆ ਹੈ ਅਤੇ ਵਿਚਕਾਰਲੇ 76 ਸਾਲਾਂ ਦੇ ਸਮੇਂ ਨੂੰ ਨਾ ਚਿਤਾਰਦਿਆਂ ਬਰੂਨੋ ਡੀ. ਖਿਲਾਫ ਨਾਬਾਲਗ ਮੁਜ਼ਰਮਾਂ ਦੀ ਅਦਾਲਤ ਵਿੱਚ ਹੀ ਮੁਕਦਮੇਂ ਸੁਣਵਾਈ ਹੋਈ ਕਿਉਂਕਿ ਜੁਰਮ ਕਰਨ ਵੇਲੇ ਉਸ ਦੀ ਉਮਰ ਮਹਿਜ਼ 17 ਸਾਲਾਂ ਦੀ ਸੀ। ਵਿਚਕਾਰਲੇ 76 ਸਾਲ ਕਾਨੂੰਨੀ ਤੌਰ ਉੱਤੇ ਮਾਅਨੇ ਨਹੀਂ ਸਨ ਰੱਖਦੇ।

ਬਰੂਨੋ ਡੀ. ਨੂੰ ਸੁਣਵਾਈ ਲਈ ਅਦਾਲਤ ਵਿੱਚ ਲਿਜਾਏ ਜਾਣ ਮੌਕੇ ਦੀ ਤਸਵੀਰ

ਮੁਲਜਮ ਵੱਲੋਂ ਬਚਾਅ ਚ ਦਿੱਤੀਆਂ ਦਲੀਲਾਂ:

ਇਸ ਮੁਕਦਮੇਂ ਦੌਰਾਨ ਬਰੂਨੋ ਡੀ. ਦੇ ਬਚਾਅ ਪੱਖ ਨੇ ਇਹ ਦਲੀਲ ਲਈ ਕਿ ਕੈਂਪ ਦੇ ਬਾਹਰ ਪਹਿਰਾ ਦੇਣ ਵਾਲੇ ਚੌਂਕੀਦਾਰ ਨੂੰ ਕੈਂਪ ਦੇ ਅੰਦਰ ਹੋਏ ਜ਼ੁਰਮਾਂ ਲਈ ਜ਼ਿੰਮੇਵਾਰ ਨਹੀਂ ਠਹਿਰਾਇਆ ਜਾ ਸਕਦਾ।

ਮਨੁੱਖੀ ਘਾਣ ਦੀ ਮਸ਼ੀਨ ਦੇ ਕਲਪੁਰਜੇ ਨਿਰਦੋਸ਼ ਨਹੀਂ ਹੋ ਸਕਦੇ:

ਸਰਕਾਰੀ ਵਕੀਲਾਂ ਨੇ ਬਰੂਨੋ ਡੀ. ਦੇ ਬਚਾਅ ਪੱਖ ਦੀ ਦਲੀਲ ਦੀ ਕਾਟ ਕਰਦਿਆਂ ਕਿਹਾ ਕਿ ਉਸ ਜਿਹੇ ਚੌਂਕੀਦਾਰਾਂ ਨੂੰ ਪਤਾ ਸੀ ਕਿ ਓਥੇ ਕੀ ਹੋ ਰਿਹਾ ਸੀ, ਉਹ ਕੈਦੀਆਂ ਦੇ ਸੰਪਰਕ ਵਿੱਚ ਆਉਂਦੇ ਸਨ ਜਦੋਂ ਕੈਦੀਆਂ ਨੂੰ ਕੰਮ ਕਰਵਾਉਣ ਲਈ ਕੈਂਪ ਤੋਂ ਬਾਹਰ ਲਿਜਾਇਆ ਜਾਂਦਾ ਸੀ, ਅਤੇ ਇਨ੍ਹਾਂ ਪਹਿਰੇ ਵਾਲਿਆਂ ਦਾ ਕੰਮ ਕੈਦੀਆਂ ਨੂੰ ਹਰ ਹਾਲ ਭੱਜਣ ਤੋਂ ਰੋਕਣਾ ਹੁੰਦਾ ਸੀ।

ਲਾਰਸ ਮਹਨਕੇ
ਬਰੂਨੋ ਡੀ. ਖਿਲਾਫ ਚੱਲੇ ਮੁਕਦਮੇਂ ਵਿੱਚ ਪੇਸ਼ ਹੋਇਆ ਸਰਕਾਰੀ ਵਕੀਲ

ਜਦੋਂ ਤੁਸੀਂ ਮਹਾਂਨਾਸ ਦੀ ਮਸ਼ੀਨ ਦੇ ਕਲਪੁਰਜੇ ਹੋ ਤਾਂ ਮਹਿਜ਼ ਇੰਨੀ ਗੱਲ ਕਾਫੀ ਨਹੀਂ ਕਿ ਤੁਸੀਂ ਪਰ੍ਹਾਂ ਨੂੰ ਵੇਖ ਰਹੇ ਸੀ।

ਸਜ਼ਾ:

ਬਰੂਨੋ ਡੀ. ਨੂੰ 5,232 ਲੋਕਾਂ ਦੇ ਕਤਲਾਂ ਵਿੱਚ ਸਹਿਯੋਗੀ ਹੋਣ ਦੇ ਦੋਸ਼ਾਂ ਤਹਿਤ ੨ ਸਾਲ ਦੀ ਮੁਅੱਤਲ ਕੈਦ ਦੀ ਸਜਾ ਸੁਣਾਈ ਗਈ ਹੈ।

ਸਟੁਟਹੌਫ ਕੈਂਪ ਵਿਖੇ ਸਥਿੱਤ ਇੱਕ ਗੈਸ ਚੈਂਬਰ (ਮੌਤ ਦੀ ਭੱਠੀ) ਦੀ ਪੁਰਾਣੀ ਤਸਵੀਰ

ਸਟੁਟਹੌਫ ਕੈਂਪ:

ਸਟੁਟਹੌਫ ਕੈਂਪ ਨਾਜ਼ੀਆਂ ਵੱਲੋਂ ਜਰਮਨੀ ਦੀ ਸਰਹੱਦ ਤੋਂ ਬਾਹਰ ਬਣਾਇਆ ਗਿਆ ਪਹਿਲਾ ਮੌਤ ਦਾ ਕੈਂਪ ਸੀ ਅਤੇ ਇਹੀ ਕੈਂਪ ਸਭ ਤੋਂ ਅਖੀਰ ਵਿੱਚ ਅਜ਼ਾਦ ਕਰਵਾਇਆ ਜਾ ਸਕਿਆ ਸੀ। ਇਹ ਕੈਂਪ ਪੋਲੈਂਡ ਵਿੱਚ ਡਾਂਸਿਕ ਤੋਂ ਵੀਹ ਮੀਲ ਚੜ੍ਹਦੇ ਵੱਲ ਜਟੁਟੋਵੋ ਨੇੜੇ ਬਣਾਇਆ ਗਿਆ ਸੀ। 1 ਸਤੰਬਰ 1939 ਨੂੰ ਪੋਲੈਂਡ ਉੱਤੇ ਹਮਲੇ ਮੌਕੇ ਇਹ ਕੈਂਪ ਅਗਲੇ ਦਿਨ ਹੀ ਚਾਲੂ ਕਰ ਲਿਆ ਗਿਆ ਸੀ।

ਸਟੁਟਹੌਫ ਕੈਂਪ ਦੇ ਹਾਲਾਤ:

ਮੁਕਦਮੇਂ ਦੀ ਕਾਰਵਾਈ ਦੌਰਾਨ ਜਨਵਰੀ 2020 ਵਿੱਚ 97 ਸਾਲਾਂ ਦੇ ਸਾਬਕਾ ਸਟੁਟਹੌਫ ਕੈਂਪ ਕੈਦੀ ਜੌਹਾਨ ਸੋਲਬਰਗ, ਜੋ ਕਿ ਹੁਣ ਨਾਰਵੇ ਦਾ ਵਾਸੀ ਹੈ, ਨੇ ਕਿਹਾ ਕਿ ਉਸ ਨੇ ਇੱਕ ਬੱਚੇ ਨੂੰ ਫਾਹੇ ਟੰਗਣ ਸਮੇਤ 11 ਲੋਕਾਂ ਦੇ ਕਤਲ ਆਪਣੀ ਅੱਖੀਂ ਵੇਖੇ ਸਨ ਅਤੇ ਹਰ ਰੋਜ਼ ਕਰੀਬ 100 ਕੈਦੀਆਂ ਨੂੰ, ਜੋ ਕਿ ਤਕਰੀਬਨ ਸਾਰੇ ਹੀ ਯਹੂਦੀ ਹੁੰਦੇ ਸਨ, ਗੈਸ ਚੈਂਬਰਾਂ ਵਿੱਚ ਭੇਜਿਆ ਜਾਂਦਾ ਸੀ।

ਸਟੁਟਹੌਫ ਕੈਂਪ ਵਿੱਚ ਹੋਈ ਨਸਲਕੁਸ਼ੀ ਤੇ ਕਤਲੇਆਮ:

1939 ਤੋਂ ਬਾਅਦ ਛੇ ਸਾਲਾਂ ਵਿੱਚ ਇਸ ਕੈਂਪ ਚ 63000 ਤੋਂ 65000 ਤੱਕ ਲੋਕ, ਸਮੇਤ 28000 ਯਹੂਦੀਆਂ ਦੇ, ਮਾਰੇ ਗਏ ਸਨ। ਇਹਨਾਂ ਵਿਚੋਂ ਕਈ ਲੋਕ ਬਿਮਾਰੀ, ਕੰਮ ਦੇ ਅਤਿ ਮਾੜੇ ਹਾਲਾਤ ਅਤੇ ਲੋੜੀਂਦੀਆਂ ਸਹੂਲਤਾਂ ਤੇ ਦਵਾਈਆਂ ਦੀ ਅਣਹੋਂਦ ਕਰਕੇ ਮਰੇ ਸਨ। ਕਈਆਂ ਨੂੰ ਗੋਲੀਆਂ ਮਾਰ ਕੇ ਜਾਂ ਗੈਸ ਚੈਂਬਰਾਂ ਵਿੱਚ ਤਾੜ ਕੇ ਕਤਲ ਕੀਤਾ ਗਿਆ ਸੀ। ਕਈ ਹੋਰ ਕੈਦੀ ਜੰਗ ਦੇ ਅਖਰੀਲੇ ਦੌਰ ਦੇ ‘ਮੌਤ ਦੇ ਮਾਰਚਾਂ’ ਵਿੱਚ ਮਾਰੇ ਗਏ ਸਨ।

ਹੌਲੋਕੌਸਟ ਦਾ ਆਖਰੀ ਮੁਕਦਮਾ?

ਭਾਵੇਂ ਕਿ ਹੌਲੋਕੌਸਟ ਦੇ ਕੁਝ ਹੋਰ ਮਾਮਲਿਆਂ ਦੀ ਅਜੇ ਵੀ ਜਾਂਚ ਚੱਲ ਰਹੀ ਹੈ ਪਰ ਮੁਲਜਮਾਂ ਦੀ ਵਡੇਰੀ ਉਮਰ ਦੇ ਚੱਲਦਿਆਂ ਬਰੂਨੋ ਡੀ. ਦਾ ਮੁਕਦਮਾ ਹੌਲੋਕੌਸਟ ਨਾਲ ਸੰਬੰਧਤ ਮਾਮਲਿਆਂ ਬਾਰੇ ਜਰਮਨੀ ਦੀਆਂ ਅਦਾਲਤਾਂ ਵਿੱਚ ਚੱਲਣਾ ਵਾਲਾ ਆਖਰੀ ਮੁਕਦਮਾ ਸਾਬਿਤ ਹੋ ਸਕਦਾ ਹੈ।

ਜ਼ੁਰਮਾਂ ਦੀ ਸਜਾ ਦੀ ਇਨਸਾਨੀਅਤ ਲਈ ਅਹਿਮੀਅਤ:

ਕਿਹਾ ਜਾਂਦਾ ਹੈ ਕਿ ਕਿਸੇ ਜ਼ੁਰਮ ਲਈ ਹੋਣ ਵਾਲੀ ਬੇਇਨਸਾਫੀ ਅਗਲੇਰੇ ਹੋਰ ਭਿਆਨਕ ਜ਼ੁਰਮਾਂ ਨੂੰ ਸੱਦਾ ਦਿੰਦੀ ਹੁੰਦੀ ਹੈ ਇਸ ਪੱਖੋਂ ਜ਼ੁਰਮਾਂ ਦੀ ਸਜਾ ਯਕੀਨੀ ਬਣਾਉਣਾ ਇਨਸਾਨੀਅਤ ਲਈ ਬਹੁਤ ਅਹਿਮੀਅਤ ਰੱਖਦਾ ਹੈ। ਹੌਲੋਕੌਸਟ ਦੇ ਮਾਮਲੇ ਵਿੱਚ ਜਿਵੇਂ ਮੁਜ਼ਰਮਾਂ ਨੂੰ ਸਜਾ ਹੋਈ ਹੈ ਉਹ ਸੰਸਾਰ ਇਤਿਹਾਸ ਵਿੱਚ ਇਕ ਅਹਿਮ ਮਿਸਾਲ ਹੈ, ਹਾਲਾਂਕਿ ਨਾ ਇਸ ਨਾਲ ਸੰਸਾਰ ਵਿੱਚ ਜ਼ੁਰਮ ਹੋਣੇ ਬੰਦ ਹੋਏ ਹਨ ਤੇ ਨਾ ਹੀ ਬਾਅਦ ਵਿੱਚ ਹੋਣ ਵਾਲੇ ਹਰ ਮਹਾਂ-ਜ਼ੁਰਮ ਦੇ ਦੋਸ਼ੀਆਂ ਲਈ ਸਜਾਵਾਂ ਨੂੰ ਯਕੀਨੀ ਬਣਾਇਆ ਜਾ ਸਕਿਆ ਹੈ। ਫਿਰ ਵੀ ਇਨ੍ਹਾਂ ਮਾਮਲਿਆਂ ਨੇ ਕੌਮਾਂਤਰੀ ਕਾਨੂੰਨ ਅਤੇ ਨਿਆਂ ਦੇ ਮਾਮਲੇ ਵਿੱਚ ਨਵੇਂ ਮੀਲ-ਪੱਥਰ ਸਥਾਪਿਤ ਕੀਤੇ ਹਨ ਜਿਸ ਲਈ ਇਨ੍ਹਾਂ ਮੁਕਦਮਿਆਂ ਦੀ ਮਿਸਾਲ ਹਮੇਸ਼ਾਂ ਦਿੱਤੀ ਜਾਂਦੀ ਰਹੇਗੀ।

5 1 vote
Article Rating
Subscribe
Notify of
0 ਟਿੱਪਣੀਆਂ
Inline Feedbacks
View all comments
0
Would love your thoughts, please comment.x
()
x