ਦਿੱਲੀ ਦਰਬਾਰ ਤਾਕਤਾਂ ਦੀ ਨੁਮਾਇਸ਼ ਤੇ ਨੌਜਵਾਨਾਂ ਦੀਆਂ ਗ੍ਰਿਫਤਾਰੀਆਂ ਨਾਲ ਪੰਜਾਬ ਤੇ ਸਿੱਖਾਂ ਨੂੰ ਖੌਫਜਦਾ ਕਰਨ ਦਾ ਯਤਨ ਕਰ ਰਹੀ ਹੈ: ਪੰਥ ਸੇਵਕ ਸ਼ਖਸੀਅਤਾਂ

ਦਿੱਲੀ ਦਰਬਾਰ ਤਾਕਤਾਂ ਦੀ ਨੁਮਾਇਸ਼ ਤੇ ਨੌਜਵਾਨਾਂ ਦੀਆਂ ਗ੍ਰਿਫਤਾਰੀਆਂ ਨਾਲ ਪੰਜਾਬ ਤੇ ਸਿੱਖਾਂ ਨੂੰ ਖੌਫਜਦਾ ਕਰਨ ਦਾ ਯਤਨ ਕਰ ਰਹੀ ਹੈ: ਪੰਥ ਸੇਵਕ ਸ਼ਖਸੀਅਤਾਂ

ਚੰਡੀਗੜ੍ਹ : ਪੰਥ ਸੇਵਕ ਜੁਝਾਰੂ ਸ਼ਖ਼ਸੀਅਤਾਂ ਨੇ ਬੀਤੇ ਦਿਨੀਂ ਇਕ ਸਾਂਝਾ ਬਿਆਨ ਜਾਰੀ ਕਰਕੇ ਕਿਹਾ ਹੈ ਕਿ ਦਿੱਲੀ ਦਰਬਾਰ (ਹਿੰਦ ਸਟੇਟ) ਵੱਲੋਂ ਮਿੱਥ ਕੇ ਪੰਜਾਬ ਵਿਚ ਦਹਿਸ਼ਤ ਦਾ ਮਹੌਲ ਬਣਾਇਆ ਜਾ ਰਿਹਾ ਹੈ। ਜਿਸ ਢੰਗ ਨਾਲ ਜਾਣਕਾਰੀ ਤੇ ਆਪਸੀ ਤਾਲਮੇਲ ਦੇ ਸਰੋਤ (ਇੰਟਰਨੈਟ) ਬੰਦ ਕਰਕੇ ਪੰਜਾਬ ਭਰ ਵਿਚੋਂ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ ਹੈ ਉਹ ਦਰਸਾਉਂਦਾ ਹੈ ਕਿ ਦਿੱਲੀ ਦਰਬਾਰ ਪੰਜਾਬ ਤੇ ਸਿੱਖਾਂ ਵਿਰੁਧ ਵਿਆਪਕ ਬਿਰਤਾਂਤ ਸਿਰਜਣ ਦੀ ਮੁਹਿੰਮ ਵਿੱਢ ਚੁੱਕਾ ਹੈ। ਕਿਸੇ ਮਾਮਲੇ ਵਿਚ ਲੋੜੀਂਦੇ ਵਿਅਕਤੀ ਦੀ ਗ੍ਰਿਫਤਾਰੀ ਬਾਰੇ ਤੈਅ ਨੇਮਾਂ ਨੂੰ ਛਿੱਕੇ ਟੰਗ ਕੇ ਜਿਸ ਢੰਗ ਨਾਲ ਰਾਜ-ਸੱਤਾ ਦੀ ਤਾਕਤ ਦਾ ਪ੍ਰਦਰਸ਼ਨ ਕਰਕੇ ਇਹ ਗ੍ਰਿਫਤਾਰੀ ਮੁਹਿੰਮ ਚਲਾਈ ਜਾ ਰਹੀ ਹੈ ਉਹ ਦਰਸਾਉਂਦਾ ਹੈ ਕਿ ਹਕੂਮਤ ਪੰਜਾਬ ਤੇ ਸਿੱਖਾਂ ਨੂੰ ਦਹਿਸ਼ਤਜ਼ਦਾ ਕਰਨ ਤੇ ਬਦਨਾਮ ਕਰਨ ਲਈ ਸਭ ਹੱਦ-ਬੰਨੇ ਟੱਪ ਰਹੀ ਹੈ।

ਪੰਜਾਬ ਭਰ ਵਿਚ ਬੀਤੇ ਦਿਨ ਤੋਂ ਹੋ ਰਹੀਆਂ ਗ੍ਰਿਫਤਾਰੀਆਂ ਤੇ ਛਾਪੇਮਾਰੀ ਬਾਰੇ ਭਾਈ ਦਲਜੀਤ ਸਿੰਘ, ਭਾਈ ਨਰਾਇਣ ਸਿੰਘ, ਭਾਈ ਲਾਲ ਸਿੰਘ ਅਕਾਲਗੜ੍ਹ, ਭਾਈ ਭੁਪਿੰਦਰ ਸਿੰਘ ਭਲਵਾਨ, ਭਾਈ ਸਤਨਾਮ ਸਿੰਘ ਖੰਡੇਵਾਲਾ, ਭਾਈ ਰਜਿੰਦਰ ਸਿੰਘ ਮੁਗਲਵਾਲ, ਭਾਈ ਸਤਨਾਮ ਸਿੰਘ ਝੰਜੀਆਂ, ਭਾਈ ਅਮਰੀਕ ਸਿੰਘ ਈਸੜੂ, ਭਾਈ ਹਰਦੀਪ ਸਿੰਘ ਮਹਿਰਾਜ, ਭਾਈ ਮਨਜੀਤ ਸਿੰਘ ਫਗਵਾੜਾ ਅਤੇ ਭਾਈ ਸੁਖਦੇਵ ਸਿੰਘ ਡੋਡ ਨੇ ਕਿਹਾ ਕਿ ਇਹ ਸਾਰੀ ਕਾਰਵਾਈ ਪੰਜਾਬ ਤੇ ਸਿੱਖਾਂ ਨੂੰ ਬਦਨਾਮ ਕਰਕੇ ਨਿਖੇੜਨ ਅਤੇ ਨਿਸ਼ਾਨੇ ਉੱਤੇ ਲਿਆਉਣ ਦੀ ਉਸੇ ਲੜੀ ਦਾ ਹੀ ਅਗਲਾ ਹਿੱਸਾ ਹੈ ਜਿਸ ਤਹਿਤ ਸਿੱਖਾਂ ਵੱਲੋਂ ਕਰੋਨਾ ਮਹਾਂਮਾਰੀ ਦੌਰਾਨ ਕੀਤੀ ਮਨੁੱਖਤਾ ਦੀ ਸੇਵਾ ਅਤੇ ਕਿਰਸਾਨੀ ਸਾਂਝੇ ਸੰਘਰਸ਼ ਵਿਚ ਨਿਭਾਈ ਮੂਹਰੀ ਭੂਮਿਕਾ ਕਾਰਨ ਉਪਮਹਾਂਦੀਪ ਅਤੇ ਆਲਮੀ ਪੱਧਰ ਉੱਤੇ ਬਣੀ ਸਾਖ ਤੇ ਸਮਰੱਥਾ ਨੂੰ ਢਾਹ ਲਾਉਣ ਦੇ ਯਤਨ ਕੀਤੇ ਜਾ ਰਹੇ ਹਨ।

ਉਹਨਾ ਕਿਹਾ ਕਿ ਪੰਜਾਬ ਅਤੇ ਸਿੱਖਾਂ ਦੀ ਸਾਖ ਤੇ ਸਮਰੱਥਾ, ਅਤੇ ਸਿੱਖ ਨੌਜਵਾਨਾਂ ਵਿਚ ਆਈ ਚੇਤਨਾ ਦਿੱਲੀ ਦਰਬਾਰ ਨੂੰ ਭੈਭੀਤ ਕਰ ਰਹੀ ਹੈ ਜਿਸ ਕਾਰਨ ਦਿੱਲੀ ਦੀਆਂ ਏਜੰਸੀਆਂ ਪੰਜਾਬ ਦੇ ਹਾਲਾਤ ਵਿਚ ਅਸਥਿਰਤਾ ਵਾਲੀ ਸਥਿਤੀ ਬਣਾ ਕੇ ਰੱਖਣਾ ਚਾਹੁੰਦੀ ਹੈ ਤਾਂ ਕਿ ਜ਼ਬਰ-ਜੁਲਮ ਤੇ ਵਧੀਕੀ ਦੀਆਂ ਕਾਰਵਾਈਆਂ ਨੂੰ ਵਾਜਬ ਠਹਿਰਾਉਣ ਦਾ ਯਤਨ ਕੀਤਾ ਜਾ ਸਕੇ।

ਪੰਥਕ ਸ਼ਖ਼ਸੀਅਤਾਂ ਨੇ ਕਿਹਾ ਕਿ ਪੰਜਾਬ ਸਰਕਾਰ ਦਿੱਲੀ ਦਰਬਾਰ ਦੀ ਇਸ ਪੰਜਾਬ ਤੇ ਸਿੱਖ ਵਿਰੋਧੀ ਵਿਓਂਤਬੰਦੀ ਵਿੱਚ ਇੱਕ ਮੋਹਰੇ ਦੀ ਭੂਮਿਕਾ ਨਿਭਾਅ ਰਹੀ ਹੈ।

ਉਹਨਾ ਕਿਹਾ ਕਿ ਜਦੋਂ ਦੁਨੀਆ ਦੇ ਵੀਹ ਵੱਡੇ ਦੇਸ਼ਾਂ ਦੇ ਨੁਮਾਇੰਦੇ ਪੰਜਾਬ ਵਿਚ ਆਏ ਹੋਏ ਹਨ ਤਾਂ ਉਸ ਮੌਕੇ ਅਜਿਹੀ ਕਾਰਵਾਈ ਕਰਨੀ ਦਰਸਾਉਂਦੀ ਹੈ ਕਿ ਦਿੱਲੀ ਦਰਬਾਰ ਸਿੱਖਾਂ ਤੇ ਪੰਜਾਬ ਨੂੰ ਕੌਮਾਂਤਰੀ ਪੱਧਰ ਉੱਤੇ ਬਦਨਾਮ ਕਰਨਾ ਚਾਹੁੰਦੀ ਹੈ।

ਇਸ ਬਿਆਨ ਵਿਚ ਅੱਗੇ ਕਿਹਾ ਗਿਆ ਹੈ ਕਿ

ਅਜਿਹੇ ਸਮੇਂ ਜਦੋਂ ਸਰਕਾਰ ਹਮਲਾਵਰ ਰੁਖ ਅਖਤਿਆਰ ਕਰ ਰਹੀ ਹੈ ਤਾਂ ਸਾਡੇ ਵਾਸਤੇ ਸਵੈਜਾਬਤਾ, ਇਕਾਗਰਤਾ ਤੇ ਆਪਸੀ ਇਤਫਾਕ ਬਣਾਈ ਰੱਖਣਾ ਲਾਜਮੀ ਹੈ। ਇਸ ਵਾਸਤੇ ਸਿੱਖਾਂ ਦੇ ਸਰਗਰਮ ਹਿੱਸਿਆਂ ਨੂੰ ਮੌਜੂਦਾ ਹਾਲਾਤ ਬਾਰੇ ਸਾਂਝੀ ਸਮਝ ਅਤੇ ਇਸ ਦੇ ਟਾਕਰੇ ਲਈ ਸਾਂਝੀ ਵਿਓਂਤ ਬੰਦੀ ਬਣਾਉਣ ਦੀ ਲੋੜ ਹੈ ਤਾਂ ਕਿ ਦਿੱਲੀ ਦਰਬਾਰ ਤੇ ਇਸ ਦੀ ਹੱਥਠੋਕਾ ਪੰਜਾਬ ਸਰਕਾਰ ਉੱਤੇ ਨੌਜਵਾਨਾਂ ਦੀਆਂ ਗ੍ਰਿਫਤਾਰੀਆਂ ਦਾ ਸਿਲਸਿਲਾ ਬੰਦ ਕਰਨ ਅਤੇ ਗ੍ਰਿਫਤਾਰ ਨੌਜਵਾਨਾਂ ਨਾਲ ਹੋਣ ਵਾਲੀ ਸੰਭਾਵੀ ਵਧੀਕੀ ਨੂੰ ਰੋਕਿਆ ਜਾ ਸਕੇ ਤੇ ਉਹਨਾ ਦੀਆਂ ਰਿਹਾਈਆਂ ਦਾ ਅਮਲ ਸ਼ੁਰੂ ਕਰਵਾਇਆ ਜਾ ਸਕੇ।

ਪੰਥਕ ਸ਼ਖ਼ਸੀਅਤਾਂ ਨੇ ਕਿਹਾ ਕਿ ਖਾਲਸਾ ਪੰਥ ਨੇ ਸਦਾ ਗੁਰੂ ਦੇ ਆਸਰੇ ਨਾਲ ਹੀ ਔਕੜਾਂ ਦਾ ਸਾਹਮਣਾ ਕਰਦਿਆਂ ਚਣੌਤੀਆਂ ਸਰ ਕੀਤੀਆਂ ਹਨ। ਮੌਜੂਦਾ ਸੰਕਟਾਂ ਵਿੱਚੋਂ ਨਿੱਕਲਣ ਦਾ ਰਾਹ ਵੀ ਆਪਣੀ ਜੜ੍ਹਾਂ ਨਾਲ ਜੁੜਨ ਅਤੇ ਆਪਣੇ ਜੀਵਨ ਅਮਲ ਵਿਚ ਗੁਰਮਤਿ ਨੂੰ ਧਾਰਨ ਕਰਕੇ ਗੁਰੂ ਓਟ ਸਦਕਾ ਦ੍ਰਿੜਤਾ ਲਿਆਉਣ ਵਿਚ ਹੀ ਪਿਆ ਹੈ।

0 0 votes
Article Rating
Subscribe
Notify of
0 ਟਿੱਪਣੀਆਂ
Oldest
Newest Most Voted
Inline Feedbacks
View all comments
0
Would love your thoughts, please comment.x
()
x