ਰਿਪੋਰਟ ਜਾਂਚ ਕਮੇਟੀ – ਦੁਖਦਾਈ ਘਟਨਾ ਗੁਰਦੁਆਰਾ ਬਾਬਾ ਕੁੱਲੀ ਵਾਲਾ ਗੁਰਦਾਸਪੁਰ
ਮਿਤੀ 30-06-2021 ਅਤੇ 01-07-2021 ਦੀ ਦਰਮਿਆਨੀ ਰਾਤ ਨੂੰ ਗੁਰਦੁਆਰਾ ਬਾਬਾ ਲਾਲ ਸਿੰਘ ਕੁੱਲੀ ਵਾਲਾ ਗੁਰਦਾਸਪੁਰ ਵਿਖੇ ਵਾਪਰੀ ਅੱਤ ਦੁਖਦਾਈ ਘਟਨਾ ਦੀ ਨਿਰਪੱਖ ਜਾਂਚ ਕਰਕੇ ਸੱਚਾਈ ਜੱਗ ਜਾਹਰ ਕਰਨ ਲਈ ਪੰਥਕ ਜਥੇਬੰਦੀਆਂ ਦੇ ਨੁਮਾਇੰਦਿਆਂ ਦੀ ਇੱਕ ਜਾਂਚ ਕਮੇਟੀ ਬਣਾਈ ਗਈ ਸੀ। ਇਸ ਕਮੇਟੀ ਵਿੱਚ ਨਰਾਇਣ ਸਿੰਘ ਚੌੜਾ ਪ੍ਰਧਾਨ ਅਕਾਲ ਫ਼ੈਡਰੇਸ਼ਨ, ਪਰਮਜੀਤ ਸਿੰਘ ਟਾਂਡਾ ਜਨਰਲ ਸਕੱਤਰ ਦਲ ਖ਼ਾਲਸਾ, ਮਨਧੀਰ ਸਿੰਘ ਪੰਥ ਸੇਵਕ ਜਥਾ ਦੁਆਬਾ, ਸਤਿਨਾਮ ਸਿੰਘ ਜ਼ਿਲਾ ਪ੍ਰਧਾਨ ਗੁਰਦਾਸਪੁਰ ਸ਼ਹਿਰੀ ਅਕਾਲੀ ਦਲ ਅੰਮ੍ਰਿਤਸਰ, ਪਰਮਜੀਤ ਸਿੰਘ ਮੰਡ ਪ੍ਰਧਾਨ ਸਿੱਖ ਯੂਥ ਆਫ਼ ਪੰਜਾਬ, ਦਿਲਬਾਗ ਸਿੰਘ ਦਲ ਖ਼ਾਲਸਾ, ਜਸਵਿੰਦਰ ਸਿੰਘ ਕਥਾਵਾਚਕ, ਗੁਰਨਾਮ ਸਿੰਘ ਮੂਨਕਾਂ ਜਨਰਲ ਸਕੱਤਰ ਸਿੱਖ ਯੂਥ ਆਫ਼ ਪੰਜਾਬ ਅਤੇ ਮਨਦੀਪ ਸਿੰਘ ਨਿਹੰਗ ਸ਼ਾਮਲ ਸਨ। ਜਾਂਚ ਕਮੇਟੀ ਨੇ 06-07-2021 ਨੂੰ ਆਪਣੀ ਜਾਂਚ ਸ਼ੁਰੂ ਕੀਤੀ ਅਤੇ ਕੋਰਟ ਕੰਪਲੈਕਸ ਵਿੱਚ ਇਕੱਠੇ ਹੋਏ ਸਿੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਨਾਲ ਗੱਲਬਾਤ ਕੀਤੀ। ਮੁੱਢਲੇ ਪੜਾਅ ’ਤੇ ਜੋ ਤੱਥ ਸਾਹਮਣੇ ਆਇਆ, ਉਸ ਦੇ ਅਧਾਰ ’ਤੇ ਪ੍ਰੈਸ ਨੋਟ ਜਾਰੀ ਕਰਕੇ ਦੱਸਿਆ ਸੀ ਕਿ ਇਹ ਬੇਅਦਬੀ ਦੀ ਘਟਨਾ ਬਿਲਕੁਲ ਨਹੀਂ ਹੈ ਅਤੇ ਨਾ ਹੀ ਗੁਰਦੁਆਰਾ ਸਾਹਿਬ ਵਿੱਚ ਬਿਨਾਂ ਆਗਿਆ ਦਾਖ਼ਲ ਹੋਏ ਦੀਪਕ ਸਿੰਘ ਦੀ ਸਖ਼ਤੀ ਨਾਲ ਪੁੱਛਗਿੱਛ ਕਰਨ ਵਾਲਿਆਂ ਦੀ ਮਨਸ਼ਾ ਉਸ ਨੂੰ ਜਾਨ ਤੋਂ ਮਾਰਨ ਦੀ ਸੀ।
ਜਾਂਚ ਨੂੰ ਅੱਗੇ ਵਧਾਉਂਦਿਆਂ ਕਮੇਟੀ ਨੇ ਮਿਤੀ 07-07-2021 ਨੂੰ ਗੁਰਦੁਆਰਾ ਬਾਬਾ ਲਾਲ ਸਿੰਘ ਕੁੱਲੀ ਵਾਲਾ ਗੁਰਦਾਸਪੁਰ ਵਿਖੇ ਜਾ ਕੇ ਮੌਕੇ ਦਾ ਜਾਇਜ਼ਾ ਲਿਆ ਅਤੇ ਜਾਂਚ ਲਈ ਲੋੜੀਦੀਆਂ ਜ਼ਰੂਰੀ ਤਸਵੀਰਾਂ ਖਿੱਚੀਆਂ। ਉਸ ਸਮੇ ਇੱਕ ਏ.ਐਸ.ਆਈ. ਸਮੇਤ ਚਾਰ ਪੁਲਿਸ ਮੁਲਾਜ਼ਮ ਗੁਰਦੁਆਰਾ ਸਮੂਹ ਵਿੱਚ ਡਿਊਟੀ ਦੇ ਰਹੇ ਸਨ। ਪੁੱਛਣ ’ਤੇ ਉਹਨਾਂ ਦੱਸਿਆ ਕਿ ਪ੍ਰਸ਼ਾਸ਼ਨ ਨੇ ਗੁਰਦੁਆਰੇ ਦੀ ਸੁਰੱਖਿਆ ਲਈ ਸਾਡੀ ਡਿਊਟੀ ਲਾਈ ਹੋਈ ਹੈ। ਉਸ ਸਮੇ ਗੁਰਦੁਆਰੇ ਦੀ ਪ੍ਰਬੰਧਕ ਕਮੇਟੀ ਦਾ ਕੋਈ ਵੀ ਮੈਂਬਰ ਜਾਂ ਸੇਵਾਦਾਰ ਉਥੇ ਮੌਜੂਦ ਨਹੀਂ ਸੀ ਅਤੇ ਨਾ ਹੀ ਸੰਗਤ ਦਾ ਕੋਈ ਆਦਮੀ ਸੀ। ਪੁੱਛਣ ’ਤੇ ਪੁਲਿਸ ਮੁਲਾਜ਼ਮਾਂ ਨੇ ਦੱਸਿਆ ਕਿ ਸਵੇਰੇ-ਸ਼ਾਮ ਜਗਤਾਰ ਸਿੰਘ ਨਾਂਅ ਦਾ ਗ੍ਰੰਥੀ ਪ੍ਰਕਾਸ਼ ਅਤੇ ਸੁੱਖ ਆਸਨ ਕਰਨ ਆਉਂਦਾ ਹੈ ਤੇ ਨਿੱਤਨੇਮ ਕਰਕੇ ਚਲਾ ਜਾਂਦਾ ਹੈ। ਬਾਕੀ ਸਾਰਾ ਦਿਨ ਦਰਬਾਰ ਬੰਦ ਹੀ ਰਹਿੰਦਾ ਹੈ ਅਤੇ ਸੰਗਤ ਦੀ ਵੀ ਕੋਈ ਬਹੁਤੀ ਆਵਾਜ਼ਾਈ ਨਹੀਂ। ਕੋਈ ਵਿਰਲਾ ਆਦਮੀ ਹੀ ਦਰਸ਼ਨ ਕਰਨ ਆਉਂਦਾ ਹੈ।
ਜਾਂਚ ਕਮੇਟੀ ਨੇ ਵੇਖਿਆ ਕਿ ਗੁਰਦੁਆਰਾ ਸਮੂਹ ਵਿੱਚ ਥਾਂ-ਥਾਂ ਕੂੜਾ ਚੜ੍ਹਿਆ ਹੋਇਆ ਸੀ। ਅਨੰਦਕਾਰਜ ਸਮਾਗਮ ਸਮੇ ਵਰਤੇ ਗਏ ਪਾਣੀ ਦੀਆਂ ਡਿਸਪੋਜ਼ਲ ਗਲਾਸੀਆਂ ਤੇ ਪਾਣੀ ਦੀਆਂ ਬੋਤਲਾਂ ਵਾਲੇ ਗੱਤੇ ਦੇ ਖ਼ਾਲੀ ਡੱਬਿਆਂ ਦਾ ਢੇਰ ਵੀ ਲੱਗਾ ਹੋਇਆ ਸੀ। ਇਸ ਢੇਰ ਵਿੱਚ ਬੀਅਰ ਸ਼ਰਾਬ ਦੀ ਗੱਤੇ ਦੀ ਇੱਕ ਖ਼ਾਲੀ ਪੇਟੀ ਵੀ ਸ਼ਾਮਲ ਸੀ। ਜਾਂਚ ਕਮੇਟੀ ਨੂੰ ਪਤਾ ਲੱਗਾ ਕਿ ਇਹ ਗੁਰਦੁਆਰਾ ਇਲਾਕੇ ਦੀ ਸੰਗਤ ਨੇ ਸ਼ਰਧਾ ਭਾਵਨਾ ਨਾਲ ਨਹੀਂ ਉਸਾਰਿਆ, ਸਗੋਂ ਇਸ ਗੁਰਦੁਆਰੇ ਨੂੰ ਗੁਰਜੀਤ ਸਿੰਘ ਸ਼ੈਣੀ ਨੇ ਆਪਣੀ ਜ਼ਮੀਨ ਵਿੱਚ ਨਿੱਜੀ ਗੁਰਦੁਆਰੇ ਵਜੋਂ ਉਸਾਰਿਆ ਹੋਇਆ ਹੈ। ਇਸ ਗੁਰਦੁਆਰੇ ਵਿੱਚ ਸਥਾਨਕ ਸੰਗਤ ਬਹੁਤੀ ਨਹੀਂ ਜੁੜਦੀ, ਸਿਰਫ ਕੁਝ ਕੁ ਵਿਅਕਤੀ ਹੀ ਸਵੇਰੇ-ਸ਼ਾਮ ਮੱਥਾ ਟੇਕਣ ਆਉਂਦੇ ਹਨ। ਇਸ ਗੁਰਦੁਆਰੇ ਦੀ ਜਿਆਦਾਤਰ ਵਰਤੋਂ ਅਨੰਦ ਕਾਰਜ ਤੇ ਮ੍ਰਿਤਕ ਸਮਾਗਮਾਂ ਲਈ ਹੀ ਕੀਤੀ ਜਾਂਦੀ ਹੈ। ਇਸ ਵਿੱਚ ਪੱਕਾ ਸ਼ਾਮਿਆਨਾ ਲਾ ਕੇ ਗੁਰਦੁਆਰਾ ਸਮੂਹ ਦੇ ਕਾਫੀ ਹਿੱਸੇ ਨੂੰ ਪੈਲਸਾਂ ਵਾਲੀ ਦਿੱਖ ਦਿੱਤੀ ਹੋਈ ਹੈ। ਗੁਰਦੁਆਰੇ ਵਿੱਚ ਪਾਣੀ ਦੀ ਪਾਈਪ ਅਤੇ ਦੋ ਥਾਵਾਂ ਤੋਂ ਫਾਈਬਰ ਦੀ ਥੋੜ੍ਹੀ ਜਿਹੀ ਤਾਜ਼ੀ ਤੋੜ-ਫੋੜ ਜਰੂਰ ਹੋਈ ਸੀ, ਬਾਹਰਲੇ ਦਰਵਾਜ਼ੇ ਦਾ ਘਿਰਲਾ ਵੀ ਟੁੱਟਾ ਹੋਇਆ ਸੀ, ਪਰ ਇਹ ਤੋੜ-ਫੋੜ ਕਿਹਨੇ ਕੀਤੀ ਹੈ, ਇਸ ਦਾ ਕੋਈ ਚਸ਼ਮਦੀਦ ਗਵਾਹ ਉਸ ਵੇਲੇ ਸਾਨੂੰ ਗੁਰਦੁਆਰੇ ਵਿੱਚ ਨਹੀਂ ਮਿਲਿਆ।
ਜਾਂਚ ਕਮੇਟੀ ਨੂੰ ਪਤਾ ਲੱਗਾ ਕਿ ਗੁਰਦੁਆਰਾ ਸਾਹਿਬ ਦੇ ਸੀ ਸੀ ਟੀ ਵੀ ਕੈਮਰੇ ਦੀ ਡੀ ਬੀ ਆਰ ਗੁਰਦੁਆਰੇ ਦਾ ਪ੍ਰਬੰਧਕ ਗੁਰਜੀਤ ਸਿੰਘ ਸੈਣੀ ਉਤਾਰ ਕੇ ਲੈ ਗਿਆ ਹੈ, ਜਿਹੜਾ ਸਾਰੀ ਘਟਨਾ ਦਾ ਸਭ ਤੋਂ ਵੱਡਾ ਸਬੂਤ ਸੀ।
ਮੌਕੇ ਦਾ ਜਾਇਜ਼ਾ ਲੈਣ ਉਪਰੰਤ ਜਾਂਚ ਕਮੇਟੀ ਨੇ ਮਰਹੂਮ ਦੀਪਕ ਸਿੰਘ ਦੇ ਪਿਤਾ ਉਂਕਾਰ ਸਿੰਘ ਨੂੰ ਉਸ ਦੇ ਮੋਬਾਇਲ ਨੰਬਰ 9814132875 ’ਤੇ ਫ਼ੋਨ ਕਰਕੇ ਜਾਂਚ ਕਮੇਟੀ ਦੇ ਉਹਨਾਂ ਦੇ ਘਰ ਆਉਣ ਦਾ ਮੰਤਵ ਦੱਸਿਆ ਤਾਂ ਉਹਨਾਂ ਇਸ ਲਈ ਆਪਣੀ ਸਹਿਮਤੀ ਪ੍ਰਗਟਾਈ। ਜਾਂਚ ਕਮੇਟੀ ਉਹਨਾਂ ਦੇ ਘਰ ਉਹਨਾਂ ਦੇ ਪਿੰਡ ਲਾੜੀ ਸਰਮੋ, ਥਾਨਾ ਤਾਰਾਗੜ੍ਹ, ਜ਼ਿਲ੍ਹਾ ਪਠਾਨਕੋਟ ਪਹੁੰਚੀ। ਉਸ ਸਮੇ ਘਰ ਵਿੱਚ ਮਰਹੂਮ ਦੀਪਕ ਸਿੰਘ ਦੇ ਪਰਿਵਾਰ ਨਾਲ ਅਫ਼ਸੋਸ ਕਰਨ ਲਈ ਬਹੁਤ ਸਾਰੇ ਮਰਦ ਤੇ ਔਰਤਾਂ ਬੈਠੈ ਹੋਏ ਸਨ। ਕਮੇਟੀ ਨੇ ਦੀਪਕ ਸਿੰਘ ਦੇ ਪਿਤਾ ਉਂਕਾਰ ਸਿੰਘ ਨਾਲ ਅਫ਼ਸੋਸ ਕਰਨ ਉਪਰੰਤ ਉਸ ਵੱਲੋਂ ਦਰਜ ਕਰਾਈ ਐਫ ਆਈ ਆਰ ਨੰਬਰ 129 ਮਿਤੀ 01-07-2021 ਥਾਨਾ ਸੀਟੀ ਗੁਰਦਾਸਪੁਰ ਨੂੰ ਅਧਾਰ ਬਣਾ ਕੇ ਗੱਲਬਾਤ ਸ਼ੁਰੂ ਕੀਤੀ। ਉਸ ਨੇ ਦੱਸਿਆ ਕਿ ਮੇਰਾ ਲੜਕਾ ਦੀਪਕ ਸਿੰਘ ਮਹਿਕਮਾ ਗਰਿਫ ਵਿੱਚ ਨੌਕਰੀ ਕਰਦਾ ਸੀ ਤੇ ਅਰੁਨਾਚਲ ਪ੍ਰਦੇਸ ਵਿੱਚ ਤਾਇਨਾਤ ਸੀ। ਉਨ੍ਹੇ ਦੱਸਿਆ ਕਿ ਦੀਪਕ ਸਿੰਘ ਨੇ ਉਨ੍ਹਾਂ ਨੂੰ ਫੋਨ ਕਰਕੇ ਦੱਸਿਆ ਸੀ ਕਿ ਮੈਂ ਦੋ ਮਹੀਨੇ ਦੀ ਛੁੱਟੀ ਕੱਟਣ ਲਈ ਅਰੁਨਾਚਲ ਪ੍ਰਦੇਸ ਤੋਂ ਹਵਾਈ ਜਹਾਜ਼ ਰਾਹੀਂ ਮਿਤੀ 30-06-2021 ਨੂੰ ਕਰੀਬ 08:30 ਵਜੇ ਅੰਮ੍ਰਿਤਸਰ ਦੇ ਹਵਾਈ ਅੱਡੇ ਰਾਜਾਸਾਂਸੀ ਉਤਰਾਂਗਾ ਤੇ ਅੱਗੋਂ ਬੱਸ ਰਾਹੀਂ ਪਿੰਡ ਆ ਜਾਵਾਂਗਾ। ਦੀਪਕ ਨੇ ਰਾਤ ਕਰੀਬ 00:28 AM ਅਤੇ ਫਿਰ 00:47AM ’ਤੇ ਸਾਡੇ ਨਾਲ ਆਪਣੇ ਮੋਬਾਇਲ ਤੋਂ ਸਾਡੇ ਮੋਬਾਇਲ ’ਤੇ ਗੱਲ ਕੀਤੀ। ਉਸ ਨੇ ਸਾਨੂੰ ਦੱਸਿਆ ਕਿ “ਮੈਂ ਬੱਸ ਰਾਹੀਂ ਆ ਰਿਹਾ ਹਾਂ”, ਪਰ ਇਸ ਤੋਂ ਬਾਅਦ ਉਹਦਾ ਮੋਬਾਇਲ ਬੰਦ ਹੋ ਗਿਆ ਤੇ ਸਾਡਾ ਉਸ ਨਾਲੋਂ ਸੰਪਰਕ ਟੁੱਟ ਗਿਆ। ਅਸੀਂ ਫਿਕਰਮੰਦ ਜ਼ਰੂਰ ਹੋਏ, ਪਰ ਇਹ ਵਿਸ਼ਵਾਸ ਕਰਕੇ ਕਿ ਉਹਨੇ ਕਿਹਾ ਮੈੰ ਆ ਰਿਹਾ ਹਾਂ, ਪਰ ਕਿਸੇ ਕਾਰਨ ਲੇਟ ਹੋ ਗਿਆ ਹੋਵੇਗਾ, ਇਸ ਲਈ ਰਾਤ ਕੁਝ ਵੀ ਨਾ ਕਰ ਸਕੇ ਤੇ ਉਸ ਦੇ ਆਉਣ ਦੀ ਉਡੀਕ ਕਰਦੇ ਰਹੇ। ਦਿਨ ਚੜ੍ਹੇ ਕਰੀਬ 8:00 ਵਜੇ ਪੁਲਿਸ ਸਾਡੇ ਘਰ ਆਈ ਤੇ ਉਨ੍ਹਾਂ ਨੇ ਸਾਨੂੰ ਦੱਸਿਆ ਕਿ ਤੁਹਾਡੇ ਲੜਕੇ ਦੀ ਲਾਸ਼ ਗੁਰਦਾਸਪੁਰ ਦੇ ਹਸਪਤਾਲ ਵਿੱਚ ਪਈ ਹੈ ਤੇ ਤੁਸੀਂ ਸੀਟੀ ਥਾਣਾ ਗੁਰਦਾਸਪੁਰ ਪਹੁੰਚੋ। ਇੱਕ ਦਮ ਦੀਪਕ ਸਿੰਘ ਦੀ ਮੌਤ ਦੀ ਖ਼ਬਰ ਸੁਣ ਕੇ ਸਾਡੇ ਪਰਿਵਾਰ ਦੇ ਹੋਸ਼-ਹਵਾਸ਼ ਉੱਡ ਗਏ ਤੇ ਮੈਂ ਗਹਿਰੇ ਸਦਮੇ ਵਿੱਚ ਚਲਾ ਗਿਆ। ਮੈਂ ਆਪਣੇ ਨਾਲ ਹੋਰ ਸਾਥੀ ਲੈ ਕੇ ਸੀਟੀ ਥਾਨਾ ਗੁਰਦਾਸਪੁਰ ਅੱਪੜ ਗਿਆ ਅਤੇ ਹਸਪਤਾਲ ਵਿੱਚ ਆਪਣੇ ਲੜਕੇ ਦੀ ਲਾਸ਼ ਵੇਖੀ। ਉਸ ਨੂੰ ਬੜੀ ਬੇਰਹਿਮੀ ਨਾਲ ਕੁੱਟ-ਕੁੱਟ ਕੇ ਮਾਰ ਦਿੱਤਾ ਗਿਆ ਸੀ ਤੇ ਉਹਦੇ ਹੱਥ-ਪੈਰ ਬੰਨ੍ਹਣ ਦੇ ਨਿਸ਼ਾਨ ਵੀ ਸਾਫ ਵਿਖਾਈ ਦੇ ਰਹੇ ਸਨ।
ਇਹ ਪੁੱਛਣ ’ਤੇ ਕਿ ਤੁਹਾਡੇ ਵੱਲੋਂ ਲਿਖਾਈ ਗਈ ਐਫ ਆਈ ਆਰ ਵਿੱਚ ਦਰਜ ਹੈ ਕਿ ਦੀਪਕ ਸਿੰਘ ਨੇ ਆਪਣੇ ਮੋਬਾਇਲ ਤੋਂ ਤੁਹਾਡੇ ਨਾਲ 00:47AM ਰਾਤ ਗੱਲ ਕਰਕੇ ਦੱਸਿਆ ਕਿ “ਮੈਂ ਗੁਰਦੁਆਰਾ ਸਾਹਿਬ ਦੇ ਲਾਗੇ ਹਾਂ ਤੇ ਲੋਕਾਂ ਨੇ ਮੈਨੂੰ ਘੇਰਿਆ ਹੋਇਆ ਹੈ ਕਿ ਤੂੰ ਰਾਤ ਗੁਰਦੁਆਰੇ ਚੋਰੀ ਕਰਨ ਆਇਆ ਹੈਂ”। ਦੀਪਕ ਸਿੰਘ ਦੇ ਪਿਤਾ ਉਂਕਾਰ ਸਿੰਘ ਨੇ ਜਵਾਬ ਦਿੱਤਾ ਕਿ ਮੈਂ ਨਾ ਤਾਂ ਐਫ ਆਈ ਆਰ ਲਿਖਾਈ ਹੈ, ਨਾ ਸੁਣੀ ਹੈ, ਨਾ ਵੇਖੀ ਹੈ, ਨਾ ਨਕਲ ਲਈ ਹੈ ਤੇ ਨਾ ਹੀ ਨਕਲ ਮੰਗੀ ਹੈ। ਐਫ ਆਈ ਆਰ ਲੈ ਕੇ ਮੈਂ ਕਰਨੀ ਵੀ ਕੀ ਸੀ। ਮੈਂ ਤਾਂ ਵੱਡੇ ਸਦਮੇ ਵਿੱਚ ਸਾਂ ਤੇ ਉਸ ਦਿਨ ਤਾਂ ਉਂਝ ਵੀ ਮੇਰੀ ਹੋਸ਼ ਹੀ ਉਡੀ ਹੋਈ ਸੀ। ਇਹ ਤਾਂ ਪੁਲਿਸ ਨੇ ਆਪ ਹੀ ਕਾਰਵਾਈ ਕੀਤੀ ਹੋਵੇਗੀ। ਪੁਲਿਸ ਨੇ ਸਾਡੇ ਮੋਬਾਇਲ ਦੀ ਕਾਲ ਡਿਟੇਲ ਹੀ ਵੇਖੀ ਸੀ, ਜਿਸ ਅਨੁਸਾਰ ਉਸ ਨਾਲ ਸਾਡੀ 00:28AM ਤੇ 00:47AM ’ਤੇ ਦੋ ਵਾਰੀ ਗੱਲ ਹੋਈ ਪਾਈ ਗਈ ਸੀ।
ਇਹ ਪੁੱਛਣ ’ਤੇ ਕਿ ਉਹ ਆਪਣੇ ਪਿੰਡ ਆਉਣ ਦੀ ਥਾਂ ਰਸਤੇ ਵਿੱਚ ਗੁਰਦਾਸਪੁਰ ਕਿਉਂ ਉੱਤਰ ਗਿਆ ਤਾਂ ਉਸ ਨੇ ਕਿਹਾ ਕਿ ਮੇਰਾ ਅੰਦਾਜ਼ਾ ਹੈ ਕਿ ਉਸ ਨੇ ਕੰਡਕਟਰ ਨੂੰ ਕਿਹਾ ਹੋਵੇਗਾ ਕਿ ਮੈਨੂੰ ਕਾਨਵਾਂ ਉਤਾਰ ਦੇਣਾ ਤੇ ਕੰਡਕਟਰ ਨੇ ਭੁਲੇਖੇ ਨਾਲ ਕਾਨਵਾਂ ਨੂੰ ਕਾਹਨੂੰਵਾਨ ਸਮਝ ਕੇ ਉਸ ਨੂੰ ਕਾਹਨੂੰਵਾਨ ਚੌਕ ਉਤਾਰ ਦਿੱਤਾ ਹੋਵੇਗਾ।
ਅਫਸੋਸ ਦੀ ਸਫ ’ਤੇ ਦੀਪਕ ਸਿੰਘ ਦੇ ਪਿਤਾ ਕੋਲ ਬੈਠੇ ਇੱਕ ਆਦਮੀ ਨੇ ਦੱਸਿਆ ਕਿ ਮੈਂ ਸੇਵਾ ਮੁਕਤ ਫ਼ੌਜੀ ਹਾਂ ਤੇ ਫ਼ੌਜੀ ਦੇਸ ਦੇ ਕਿਸੇ ਵੀ ਕੋਨੇ ਵਿੱਚ ਕਿਉਂ ਨਾ ਹੋਵੇ, ਰਾਤ ਵੇਲੇ ਜੇ ਉਹ ਆਪਣੇ ਟਿਕਾਣੇ ’ਤੇ ਨਾ ਅੱਪੜ ਸੱਕਦਾ ਹੋਵੇ ਤਾਂ ਉਹ ਪੁੱਛ-ਪੁਛਾ ਕੇ ਨੇੜਲੇ ਗੁਰਦੁਆਰੇ ਠਹਿਰਨਾ ਹੀ ਆਪਣੇ ਲਈ ਸੁਰੱਖਿਤ ਸਮਝਦਾ ਹੈ। ਉਸ ਨੇ ਕਿਹਾ ਕਿ ਗੁਰਦੁਆਰੇ ਵਿੱਚ ਫ਼ੌਜੀ ਦਾ ਸਤਿਕਾਰ ਕੀਤਾ ਜਾਂਦਾ ਹੈ ਅਤੇ ਉਥੇ ਸਾਨੂੰ ਰਿਹਾਇਸ਼ ਤੇ ਲੰਗਰ ਵੀ ਮਿਲਦਾ ਹੈ। ਇਸੇ ਭਾਵਨਾ ਨਾਲ ਹੀ ਸ਼ਾਇਦ ਦੀਪਕ ਸਿੰਘ ਵੀ ਗੁਰਦੁਆਰੇ ਗਿਆ ਹੋਵੇਗਾ।
ਇਹ ਪੁੱਛਣ ’ਤੇ ਕਿ ਕੀ ਦੀਪਕ ਸਿੰਘ ਸ਼ਰਾਬ ਪੀ ਲੈਂਦਾ ਸੀ ਤਾਂ ਉਸ ਦੇ ਪਿਤਾ ਨੇ ਕਿਹਾ ਕਿ ਹਾਂ। ਸ਼ਰਾਬ ਤਾਂ ਜਿਆਦਾਤਰ ਫ਼ੌਜੀ ਪੀਂਦੇ ਹਨ ਤੇ ਫ਼ੌਜ ਵਿੱਚ ਫ਼ੌਜੀਆਂ ਨੂੰ ਸ਼ਰਾਬ ਦਾ ਕੋਟਾ ਵੀ ਮਿਲਦਾ ਹੈ ਤੇ ਹੋ ਸਕਦਾ ਦੀਪਕ ਨੇ ਉਸ ਦਿਨ ਵੀ ਪੈੱਗ ਲਾਇਆ ਹੋਵੇ। ਇਹ ਪੁੱਛਣ ’ਤੇ ਕਿ ਕੀ ਉਹ ਸਿਗਰਟ ਵੀ ਪੀ ਲੈਂਦਾ ਸੀ ਤਾਂ ਉਸ ਨੇ ਕਿਹਾ, ਨਹੀਂ। ਉਸ ਨੂੰ ਇਹ ਆਦਤ ਨਹੀਂ ਸੀ।
ਮਰਹੂਮ ਦੀਪਕ ਸਿੰਘ ਦੇ ਪੀੜਤ ਪਰਿਵਾਰ ਨੂੰ ਮਿਲਣ ਉਪਰੰਤ ਜਾਂਚ ਕਮੇਟੀ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਜਸਪਿੰਦਰ ਸਿੰਘ ਦੇ ਘਰ ਉਸ ਦੇ ਪਿੰਡ ਤਿੱਬੜ ਗਈ। ਪੁਲਿਸ ਦੀ ਛਾਪੇ ਮਾਰੀ ਕਾਰਨ ਗ੍ਰਿਫ਼ਤਾਰੀ ਦੇ ਡਰੋਂ ਜਸਪਿੰਦਰ ਸਿੰਘ ਅਗਾਂਹ-ਪਿਛਾਂਹ ਹੋਣ ਕਰਕੇ ਘਰ ਨਹੀਂ ਮਿਲਿਆ। ਉਸ ਦਾ ਬਜ਼ੁਰਗ ਪਿਤਾ ਸੁਖਵਿੰਦਰ ਸਿੰਘ ਹੀ ਘਰ ਵਿੱਚ ਮੌਜੂਦ ਸੀ। ਜਸਪਿੰਦਰ ਦੇ ਪਿਤਾ ਨੇ ਦੱਸਿਆ ਕਿ ਉਨ੍ਹਾਂ ਦਾ ਬੇਟਾ ਹਰ ਰੋਜ਼ ਸਵੇਰੇ ਕਰੀਬ 05:00 ਤੋਂ 05:30 ਵਜੇ ਦਰਮਿਆਨ ਘਰੋਂ ਮੋਟਰ ਸਾਈਕਲ ’ਤੇ ਗ੍ਰੰਥੀ ਦੀ ਸੇਵਾ ਨਿਭਾਉਣ ਗੁਰਦੁਆਰਾ ਬਾਬਾ ਲਾਲ ਸਿੰਘ ਕੁੱਲੀ ਵਾਲਾ ਗੁਰਦਾਸਪੁਰ ਜਾਂਦਾ ਹੈ ਤੇ ਘਟਨਾ ਵਾਲੇ ਦਿਨ ਵੀ ਕਰੀਬ ਇਸੇ ਵੇਲੇ ਹੀ ਗਿਆ ਸੀ। ਘਟਨਾ ਵਾਪਰਨ ਤੋਂ ਬਾਅਦ ਉਹ ਉਸ ਦਿਨ ਬਾਅਦ ਦੁਪਹਿਰ ਘਰ ਵਾਪਸ ਆਇਆ ਸੀ, ਪਰ ਇਸ ਮਗਰੋਂ ਉਹ ਘਰੋਂ ਚਲੇ ਗਿਆ ਹੈ। ਸਾਡਾ ਇਸ ਵੇਲੇ ਉਸ ਨਾਲ ਕੋਈ ਰਾਬਤਾ ਨਹੀਂ ਤੇ ਉਹ ਇਸ ਸਮੇ ਕਿੱਥੇ ਹੈ, ਉਸ ਦਾ ਸਾਨੂੰ ਕੋਈ ਥਹੁ-ਪਤਾ ਨਹੀਂ। ਜਾਂਚ ਟੀਮ ਨੇ ਜਸਪਿੰਦਰ ਦੇ ਪਿਤਾ ਤੋਂ ਵਾਪਰੀ ਘਟਨਾ ਦੀ ਜਾਣਕਾਰੀ ਲੈਣ ਦੀ ਪੂਰੀ ਕੋਸ਼ਿਸ਼ ਕੀਤੀ, ਪਰ ਉਹਨਾਂ ਕਿਹਾ ਕਿ ਜਸਪਿੰਦਰ ਨੇ ਸਾਡੇ ਨਾਲ ਇਸ ਬਾਰੇ ਬਹੁਤੀ ਗੱਲ ਹੀ ਨਹੀਂ ਕੀਤੀ। ਸਿਰਫ਼ ਇੰਨਾ ਹੀ ਦੱਸਿਆ ਸੀ ਕਿ ਬਿਨਾਂ ਆਗਿਆ ਗੁਰਦੁਆਰੇ ਵਿੱਚ ਦਾਖ਼ਲ ਹੋਏ ਸ਼ਰਾਬੀ ਬੰਦੇ ਦੀ ਪੁੱਛਗਿੱਛ ਕਰਕੇ ਉਸ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਸੀ ਤੇ ਥੋੜ੍ਹੀ ਦੇਰ ਬਾਅਦ ਪਤਾ ਲੱਗਾ ਕਿ ਉਸ ਦੀ ਹਸਪਤਾਲ ਵਿਖੇ ਮੌਤ ਹੋ ਗਈ ਹੈ। ਉਹਨਾਂ ਦੱਸਿਆ ਕਿ ਪੁਲਿਸ ਕਈ ਵਾਰ ਸਾਡੇ ਘਰ ਆਈ ਹੈ ਤੇ ਕਹਿੰਦੀ ਹੈ ਕਿ ਜਸਪਿੰਦਰ ਸਿੰਘ ਨੂੰ ਕਹੋ ਕਿ ਥਾਨੇ ਆ ਕੇ ਆਪਣਾ ਬਿਆਨ ਦਰਜ ਕਰਾਏ। ਉਸ ਨੇ ਦੱਸਿਆ ਕਿ ਪੁਲਿਸ ਮੈਨੂੰ ਵੀ ਬਾਰ-ਬਾਰ ਥਾਣੇ ਬੁਲਾਉਂਦੀ ਹੈ ਤੇ ਅੱਜ ਵੀ ਫ਼ੋਨ ਕਰਕੇ ਥਾਨੇ ਸੱਦਿਆ ਸੀ, ਪਰ ਮੈਂ ਜਵਾਬ ਦਿੱਤਾ ਸੀ ਕਿ ਮੈਂ ਝੋਨਾ ਲਵਾ ਰਿਹਾ ਹਾਂ ਤੇ ਅੱਜ ਥਾਨੇ ਨਹੀਂ ਆ ਸਕਦਾ। ਹੋਰ ਸਬੂਤਾਂ ਤੋਂ ਜਸਪਿੰਦਰ ਸਿੰਘ ਦੀ ਭੂਮਿਕਾ ਬਾਰੇ ਜਾਂਚ ਕਮੇਟੀ ਨੂੰ ਪਤਾ ਲੱਗਾ ਹੈ ਕਿ ਜਦ ਉਹ ਸਵੇਰੇ ਪ੍ਰਕਾਸ਼ ਕਰਨ ਲਈ ਗੁਰਦੁਆਰਾ ਸਾਹਿਬ ਆਇਆ ਤਾਂ ਉਸ ਨੇ ਵੇਖਿਆ ਕਿ ਇੱਕ ਬੰਦਾ ਗੁਰਦੁਆਰਾ ਸਮੂਹ ਵਿੱਚ ਬਾਹਰ ਸੁੱਤਾ ਪਿਆ ਹੈ। ਉਸ ਨੇ ਆਪਣਾ ਫ਼ਰਜ਼ ਸਮਝਦਿਆਂ ਫ਼ੋਨ ਕਰਕੇ ਇਸ ਦੀ ਸੂਚਨਾ ਗੁਰਦੁਆਰਾ ਸਾਹਿਬ ਦੇ ਪ੍ਰਬੰਧਕ ਗੁਰਜੀਤ ਸਿੰਘ ਸ਼ੈਣੀ ਨੂੰ ਦਿੱਤੀ ਤੇ ਆਪ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਕੇ ਜਪੁਜੀ ਸਾਹਿਬ ਦਾ ਕੁਝ ਪਾਠ ਕੀਤਾ ਤੇ ਬਾਹਰ ਆ ਕੇ ਉਸ ਵਿਅਕਤੀ ਨੂੰ ਗੁਰਦੁਆਰੇ ਵਿੱਚੋਂ ਬਾਹਰ ਘੱਲ ਦਿੱਤਾ। ਇੰਨੇ ਚਿਰ ਨੂੰ ਗੁਰਜੀਤ ਸਿੰਘ ਸ਼ੈਣੀ, ਉਸ ਦੀ ਪਤਨੀ ਹਰਜੀਤ ਕੌਰ ਤੇ ਲੜਕਾ ਦਰਕੀਰਤ ਸਿੰਘ ਵੀ ਆ ਗਏ। ਇਸ ਵੇਲੇ ਤੱਕ ਉਹ ਬੰਦਾ ਗੁਰਦੁਆਰਾ ਬਾਬਾ ਟਹਿਲ ਸਿੰਘ ਕੋਲ ਚਲਾ ਗਿਆ ਸੀ ਤੇ ਉਥੋਂ ਦੇ ਸੀ ਸੀ ਟੀ ਵੀ ਕੈਮਰੇ ਦੀ ਫੁਟੇਜ ਅਨੁਸਾਰ ਉਹ ਕਿਸੇ ਨਾਲ ਗੱਲ ਕਰ ਰਿਹਾ ਸੀ। ਉਸ ਨੂੰ ਫੜਨ ਲਈ ਗੁਰਜੀਤ ਸਿੰਘ ਸੈਣੀ ਦਾ ਲੜਕਾ ਦਰਕੀਰਤ ਸਿੰਘ ਤੇ ਜਸਪਿੰਦਰ ਸਿੰਘ ਗ੍ਰੰਥੀ ਉਸ ਦੇ ਮਗਰ ਗਏ ਤਾਂ ਉਸ ਨੂੰ ਲੱਫੜ ਮਾਰ ਕੇ ਜਬਰਦਸਤੀ ਫੜਕੇ ਮੋਟਰ ਸਾਈਕਲ ’ਤੇ ਬੈਠਾ ਕੇ ਲੈ ਆਏ । ਇਸ ਦੀ ਪੁਸ਼ਟੀ ਸੀ ਸੀ ਟੀ ਵੀ ਕੈਮਰੇ ਦੀ ਮਿਲੀ ਫੁਟੇਜ ਤੋਂ ਹੁੰਦੀ ਹੈ। ਇਸ ਅਨੁਸਾਰ ਸ਼ੈਣੀ ਦਾ ਲੜਕਾ ਮੋਟਰ ਸਾਈਕਲ ਚਲਾ ਰਿਹਾ ਹੈ, ਦੀਪਕ ਸਿੰਘ ਨੂੰ ਵਿਚਕਾਰ ਬੈਠਾਇਆ ਹੋਇਆ ਹੈ ਤੇ ਜਸਪਿੰਦਰ ਸਿੰਘ ਗ੍ਰੰਥੀ ਪਿੱਛੇ ਬੈਠਾ ਹੋਇਆ ਹੈ। ਜਦ ਪੁਲਿਸ ਦੀਪਕ ਸਿੰਘ ਨੂੰ ਆਪਣੀ ਗੱਡੀ ਵਿੱਚ ਪਾ ਕੇ ਖੜਨ ਲੱਗੀ ਤਾਂ ਸੀ ਸੀ ਟੀ ਵੀ ਕੈਮਰੇ ਦੀ ਫੁਟੇਜ ਵਿੱਚ ਇੱਕ ਅਵਾਜ਼ ਸੁਣਾਈ ਦਿੰਦੀ ਹੈ, ਜਿਸ ਵਿੱਚ ਕੋਈ ਬੰਦਾ ਕਹਿ ਰਿਹਾ ਹੈ ਕਿ ਇਹਨੂੰ ਬੈਠਾ ਕੇ ਖੜਨਾ ਚਾਹੀਦਾ, ਜਾਣ ਕੇ ਲੰਮਾ ਪਾਇਆ। ਜਦ ਜਾਂਚ ਕਮੇਟੀ ਨੇ ਇਹ ਅਵਾਜ਼ ਜਸਪਿੰਦਰ ਸਿੰਘ ਗ੍ਰੰਥੀ ਦੇ ਪਿਤਾ ਨੂੰ ਸੁਣਾਈ ਤਾਂ ਉਸ ਨੇ ਪੁਸ਼ਟੀ ਕੀਤੀ ਕਿ ਇਹ ਅਵਾਜ਼ ਮੇਰੇ ਲੜਕੇ ਦੀ ਹੀ ਹੈ।
ਇਸ ਤੋਂ ਬਾਅਦ ਜਾਂਚ ਟੀਮ ਦਲਜੀਤ ਸਿੰਘ ਕਸ਼ਮੀਰ ਦੇ ਘਰ ਉਹਦੇ ਪਿੰਡ ਪਾਹੜਾ ਵਿਖੇ ਗਈ, ਜਿੱਥੇ ਉਸ ਦੀ ਮਾਤਾ ਦਰਸ਼ਨ ਕੌਰ ਤੇ ਤਾਇਆ ਨਿਰਮਲ ਸਿੰਘ ਮਿਲੇ। ਉਹਨਾਂ ਦੱਸਿਆ ਕਿ ਦਲਜੀਤ ਸਿੰਘ ਹਰ ਰੋਜ਼ ਕਰੀਬ 6:30 ਵਜੇ ਸੈਰ ਕਰਨ ਜਾਂਦਾ ਹੈ ਤੇ ਘਟਨਾ ਵਾਲੇ ਦਿਨ ਮਿਤੀ 01-07-2021 ਨੂੰ ਵੀ ਉਹ ਕਰੀਬ ਇਸੇ ਸਮੇ ਸੈਰ ਕਰਨ ਲਈ ਘਰੋਂ ਗਿਆ ਸੀ। ਉਹਨਾਂ ਦੱਸਿਆ ਘਰ ਦੇ ਨੇੜੇ ਦੂਜੀ ਗਲੀ ਵਿੱਚ ਲੱਗੇ ਸੀ ਸੀ ਟੀ ਵੀ ਕੈਮਰੇ ਦੀ ਫੁਟੇਜ ਵਿੱਚ 06:33:16 ਵਜੇ ਸਵੇਰੇ ਉਸ ਦੇ ਪਿੰਡ ਹੋਣ ਦਾ ਸਬੂਤ ਸਾਡੇ ਕੋਲ ਮੌਜੂਦ ਹੈ।
ਇਹ ਪੁੱਛਣ ’ਤੇ ਕਿ ਕੀ ਦਲਜੀਤ ਨੂੰ ਕਿਸੇ ਨੇ ਫ਼ੋਨ ਕਰਕੇ ਗੁਰਦੁਆਰਾ ਬਾਬਾ ਲਾਲ ਸਿੰਘ ਕੁੱਲੀ ਵਾਲਾ ਵਿਖੇ ਪਹੁੰਚਣ ਲਈ ਕਿਹਾ ਸੀ ਤਾਂ ਦਲਜੀਤ ਦੀ ਮਾਤਾ ਨੇ ਦੱਸਿਆ ਕਿ ਸਾਡੇ ਸਾਹਮਣੇ ਅਜਿਹਾ ਕੋਈ ਫ਼ੋਨ ਉਸ ਨੂੰ ਨਹੀਂ ਆਇਆ। ਜਦ ਉਹ ਸੈਰ ਕਰਨ ਲਈ ਘਰੋਂ ਚਲੇ ਗਿਆ, ਤਾਂ ਉਦੋਂ ਫ਼ੋਨ ਆਇਆ ਹੋਵੇਗਾ। ਇਸੇ ਲਈ ਉਹ ਬਾਹਰੋਂ ਹੀ ਕਿਸੇ ਦੇ ਮੋਟਰ ਸਾਈਕਲ ਮਗਰ ਬਹਿ ਕੇ ਉਥੇ ਚਲਾ ਗਿਆ ਸੀ। ਦਲਜੀਤ ਦੀ ਮਾਤਾ ਨੇ ਦੱਸਿਆ ਕਿ ਜਦ ਦਲਜੀਤ ਉਸ ਦਿਨ ਵਾਪਸ ਘਰ ਆਇਆ ਤਾਂ ਉਸ ਨੇ ਦੱਸਿਆ ਕਿ ਸ਼ੈਣੀ ਹੁਣਾਂ ਨੇ ਗੁਰਦੁਆਰਾ ਸਾਹਿਬ ਵਿਖੇ ਇੱਕ ਬੰਦੇ ਨੂੰ ਕੁੱਟ ਕੇ ਪੁਲਿਸ ਦੇ ਹਵਾਲੇ ਕਰ ਦਿੱਤਾ ਸੀ। ਪੁਲਿਸ ਉਸ ਨੂੰ ਹਸਪਤਾਲ ਲੈ ਕੇ ਗਈ ਸੀ, ਪਰ ਹਸਪਤਾਲ ਅੱਪੜਦਿਆਂ ਹੀ ਉਸ ਦੀ ਮੌਤ ਹੋ ਗਈ। ਦਲਜੀਤ ਸਿੰਘ ਦੀ ਮਾਤਾ ਨੇ ਦੱਸਿਆ ਕਿ ਮੈਂ ਦਲਜੀਤ ਸਿੰਘ ਨੂੰ ਪੁੱਛਿਆ ਸੀ ਕਿ ਉਸ ਨੂੰ ਕਿਤੇ ਤੂੰ ਤਾਂ ਨਹੀਂ ਮਾਰ ਦਿੱਤਾ ਤਾਂ ਉਸ ਨੇ ਮੇਰੇ ਸਿਰ ’ਤੇ ਹੱਥ ਰੱਖਕੇ ਕਿਹਾ ਸੀ ਕਿ ਬਿਲਕੁਲ ਨਹੀਂ। ਉਸ (ਦਲਜੀਤ)ਨੇ ਦੱਸਿਆ ਸੀ ਕਿ ਮੇਰੇ ਜਾਣ ਤੋਂ ਪਹਿਲਾਂ ਹੀ ਉਸ (ਦੀਪਕ ਸਿੰਘ) ਦੇ ਹੱਥ-ਪੈਰ ਬੰਨ੍ਹ ਕੇ ਮਾਰ-ਕੁਟਾਈ ਹੋ ਚੁੱਕੀ ਸੀ ਤੇ ਮੈਂ ਜਾ ਕੇ ਉਹਦੇ ਹੱਥ-ਪੈਰ ਖੋਲ੍ਹ ਦਿੱਤੇ ਸਨ। ਇੰਨੇ ਨੂੰ ਪੁਲਿਸ ਵੀ ਉਥੇ ਆ ਗਈ ਸੀ। ਮੈਂ ਉਸ ਨੂੰ ਚੁੱਕ ਕੇ ਪੁਲਿਸ ਦੀ ਗੱਡੀ ਵਿੱਚ ਪਾਉਣ ਲਈ ਪੁਲਿਸ ਦੀ ਮਦਦ ਕੀਤੀ ਸੀ। ਉਸ(ਦਲਜੀਤ ਸਿੰਘ) ਨੇ ਇਹ ਵੀ ਦੱਸਿਆ ਸੀ ਕਿ ਜਦ ਮੈਂ ਉਸ (ਦੀਪਕ ਸਿੰਘ) ਦੀ ਮੌਤ ਦੀ ਖ਼ਬਰ ਸੁਣੀ ਤਾਂ ਮੈਂ ਗੁਰਦਾਸਪੁਰ ਸਥਿਤ ਐਮ.ਐਲ.ਏ. ਬਰਿੰਦਰਜੀਤ ਸਿੰਘ ਪਾਹੜਾ ਦੀ ਕੋਠੀ ਜਾ ਕੇ ਉਸ ਨੂੰ ਇਸ ਘਟਨਾ ਬਾਰੇ ਜਾਣੂ ਕਰਵਾ ਦਿੱਤਾ ਸੀ। ਦਲਜੀਤ ਸਿੰਘ ਦੀਪਕ ਸਿੰਘ ਦੀ ਕੁੱਟਮਾਰ ਵਿੱਚ ਸ਼ਾਮਲ ਹੈ ਜਾਂ ਨਹੀਂ, ਇਸ ਦਾ ਪਤਾ ਸੀ ਸੀ ਟੀ ਵੀ ਕੈਮਰੇ ਦੀ ਫੁਟੇਜ ਤੋੰ ਹੀ ਲੱਗ ਸੱਕਦਾ ਹੈ, ਜਿਸ ਦਾ ਡੀ ਬੀ ਆਰ ਗੁਰਦੁਆਰੇ ਦਾ ਮੁੱਖ ਪ੍ਰਬੰਧਕ ਗੁਰਜੀਤ ਸਿੰਘ ਸ਼ੈਣੀ ਲੈ ਗਿਆ ਹੈ। ਜਾਂ ਫਿਰ ਦਲਜੀਤ ਸਿੰਘ ਖ਼ੁਦ ਇਸ ਬਾਰੇ ਦੱਸ ਸੱਕਦਾ ਹੈ, ਜਿਸ ਨੂੰ ਜਾਂਚ ਕਮੇਟੀ ਯਤਨ ਕਰਨ ‘ਤੇ ਵੀ ਮਿਲ ਨਹੀਂ ਸਕੀ।
ਦਲਜੀਤ ਸਿੰਘ ਦੀ ਮਾਤਾ ਨੇ ਇਹ ਵੀ ਦੱਸਿਆ ਕਿ ਜਦ ਪੁਲਿਸ ਦਲਜੀਤ ਨੂੰ ਗ੍ਰਿਫ਼ਤਾਰ ਕਰਨ ਲਈ ਸਾਡੇ ਘਰ ਆਈ ਤਾਂ ਉਹ ਘਰ ਨਹੀਂ ਸੀ। ਉਹਦੇ ਘਰ ਨਾ ਮਿਲਣ ਕਰਕੇ ਪੁਲਿਸ ਮੈਨੂੰ ਥਾਣੇ ਲੈ ਗਈ ਤੇ ਉਥੇ ਪੁਲਿਸ ਨੇ ਮੈਨੂੰ ਮੰਦਾ ਬੋਲਿਆ ਤੇ ਇੱਕ ਔਰਤ ਮੁਲਾਜ਼ਮ ਨੇ ਮੇਰੇ ਥੱਪੜ ਵੀ ਮਾਰਿਆ। ਮੈਂ ਇਸ ਬੁਰੇ ਵਰਤਾਉ ਦੀ ਲਿਖਤੀ ਸ਼ਿਕਾਇਤ ਐਸ.ਐਸ.ਪੀ. ਗੁਰਦਾਸਪੁਰ ਨੂੰ ਕੀਤੀ ਹੈ। ਉਸ ਨੇ ਇਸ ਲਿਖਤੀ ਸ਼ਿਕਾਇਤ ਦੀ ਨਕਲ ਵੀ ਜਾਂਚ ਕਮੇਟੀ ਨੂੰ ਵਿਖਾਈ।
ਦਲਜੀਤ ਸਿੰਘ ਦੀ ਮਾਤਾ ਦਾ ਕਹਿਣਾ ਸੀ ਕਿ ਮੇਰਾ ਪੁੱਤ ਬੇਕਸੂਰ ਹੈ ਤੇ ਆਪਣੀਆਂ ਪੰਥਕ ਸਰਗਰਮੀਆਂ ਕਾਰਨ ਪੁਲਿਸ ਅਤੇ ਪੰਥ ਵਿਰੋਧੀ ਤਾਕਤਾਂ ਦੀਆਂ ਅੱਖਾਂ ਵਿੱਚ ਰੜਕਦਾ ਹੈ। ਇਸੇ ਲਈ ਹੀ ਉਸ ਨੂੰ ਇਸ ਕੇਸ ਵਿੱਚ ਫਸਾਇਆ ਗਿਆ ਹੈ। ਉਸ ਨੂੰ ਅਸੀਂ ਕੱਲ੍ਹ ਵੀ ਥਾਨੇ ਪੇਸ਼ ਕੀਤਾ ਸੀ ਤੇ ਅੱਜ ਵੀ। ਪੁਲਿਸ ਨੇ ਕੱਲ੍ਹ ਤਾਂ ਪੁੱਛਗਿੱਛ ਕਰਕੇ ਘਰ ਘੱਲ ਦਿੱਤਾ ਸੀ, ਪਰ ਅੱਜ ਨਹੀਂ ਘੱਲਿਆ। ਜਾਂਚ ਕਮੇਟੀ ਅਜੇ ਪਾਹੜਾ ਪਿੰਡ ਵਿੱਚ ਹੀ ਸੀ ਕਿ ਉਸ ਨੂੰ ਫੋਨ ਰਾਹੀਂ ਇਹ ਜਾਣਕਾਰੀ ਮਿਲੀ ਕਿ ਗੁਰਜੀਤ ਸਿੰਘ ਸ਼ੈਣੀ, ਉਸ ਦੀ ਘਰਵਾਲੀ ਹਰਜੀਤ ਕੌਰ, ਲੜਕਾ ਦਰਕੀਰਤ ਸਿੰਘ ਅਤੇ ਦਲਜੀਤ ਸਿੰਘ ਕਸ਼ਮੀਰ ਨੂੰ ਪੁਲਿਸ ਨੇ ਇਸ ਕੇਸ ਵਿੱਚ ਗ੍ਰਿਫ਼ਤਾਰ ਕਰ ਲਿਆ ਹੈ।
ਇਸ ਤੋਂ ਬਾਅਦ ਜਾਂਚ ਕਮੇਟੀ ਐਮ ਐਲ ਏ ਬਰਿੰਦਰ ਮੀਤ ਸਿੰਘ ਪਾਹੜਾ ਦੇ ਗੁਰਦਾਸਪੁਰ ਸਥਿਤ ਘਰ ਵਿੱਚ ਗਈ, ਪਰ ਉਹ ਘਰ ਨਹੀਂ ਮਿਲੇ। ਡਿਉਟੀ ‘ਤੇ ਮੌਜੂਦ ਪੁਲਿਸ ਮੁਲਾਜ਼ਮਾਂ ਨੇ ਜਾਂਚ ਕਮੇਟੀ ਨੂੰ ਦੱਸਿਆ ਗਿਆ ਕਿ MLA ਬਾਹਰ ਗਏ ਹੋਏ ਹਨ ਤੇ ਸ਼ਨਿੱਚਰਵਾਰ (10 ਜੁਲਾਈ 2021) ਜਾਂ ਐਤਵਾਰ (11 ਜੁਲਾਈ 2021) ਨੂੰ ਘਰ ਆਉਣਗੇ।
ਗੁਰਜੀਤ ਸਿੰਘ ਸ਼ੈਣੀ ਦੇ ਘਰ ਨੂੰ ਜਿੰਦਰਾ ਲੱਗਾ ਹੋਣ ਕਰਕੇ ਜਾਂਚ ਕਮੇਟੀ ਉਹਦੇ ਪਰਿਵਾਰ ਦੇ ਕਿਸੇ ਵੀ ਜੀਅ ਨਾਲ ਗੱਲ ਨਹੀਂ ਕਰ ਸਕੀ।
ਦੀਪਕ ਸਿੰਘ ’ਤੇ ਹੇਠ ਲਿਖੇ ਦੋਸ਼ ਲਗਾ ਕੇ ਉਸ ਦੀ ਸਖਤੀ ਨਾਲ ਪੁੱਛਗਿੱਛ ਕੀਤੀ ਗਈ ਸੀ।
1. ਉਹ ਰਾਤ ਨੂੰ ਗੁਰਦੁਆਰਾ ਸਾਹਿਬ ਦੇ ਬਾਹਰਲੇ ਗੇਟ ਦਾ ਤਾਲਾ ਤੋੜ ਕੇ ਬੇਅਦਬੀ ਕਰਨ ਦੀ ਨੀਅਤ ਨਾਲ ਅੰਦਰ ਦਾਖਲ ਹੋਇਆ।
2. ਉਸ ਨੇ ਉਸ ਸਮੇ ਸ਼ਰਾਬ ਪੀਤੀ ਹੋਈ ਸੀ।
3. ਉਸ ਨੇ ਗੁਰਦੁਆਰਾ ਸਮੂਹ ਵਿੱਚ ਸਿਗਰਟਾਂ ਪੀ ਕੇ ਖ਼ਾਲੀ ਡੱਬੀ ਉਥੇ ਸੁੱਟ ਦਿੱਤੀ ਸੀ।
4. ਉਸ ਨੇ ਗੁਰਦੁਆਰੇ ਵਿੱਚ ਕੁਝ ਭੰਨ ਤੋੜ ਕੀਤੀ।
ਜਾਂਚ ਦੇ ਸਿੱਟੇ:
ਜਾਂਚ ਕਮੇਟੀ ਮੌਕੇ ਦਾ ਜਾਇਜ਼ਾ ਲੈਣ, ਸੀ ਸੀ ਟੀ ਵੀ ਕੈਮਰੇ ਦੀਆਂ ਫੁਟੇਜ ਦਾ ਨਰੀਖਣ ਕਰਨ, ਪ੍ਰਾਪਤ ਹੋਰ ਦਸਤਾਵੇਜ਼ਾਂ ਨੂੰ ਵਿਚਾਰਨ, ਪੀੜਤ ਪਰਿਵਾਰ ਅਤੇ ਦੀਪਕ ਸਿੰਘ ਦੀ ਮੌਤ ਦੇ ਦੋਸ਼ੀ ਨਾਮਜਦ ਕੀਤੇ ਵਿਅਕਤੀਆਂ ਦੇ ਪਰਿਵਾਰਾਂ ਨਾਲ ਗੱਲਬਾਤ ਕਰਨ ਅਤੇ ਆਸੇ-ਪਾਸੇ ਤੋਂ ਮਿਲੀ ਜਾਣਕਾਰੀ ਪ੍ਰਾਪਤ ਕਰਨ ਤੋਂ ਬਾਅਦ ਇਸ ਨਤੀਜੇ ’ਤੇ ਅੱਪੜੀ ਹੈ:
(1) ਦੀਪਕ ਸਿੰਘ ਉਸ ਦਿਨ ਅਰੁਨਾਚਲ ਪ੍ਰਦੇਸ ਤੋਂ ਹਵਾਈ ਜਹਾਜ਼ ਰਾਹੀਂ 30 ਜੂਨ ਤੋੰ 27 ਸਤੰਬਰ ਤੱਕ 90 ਦਿਨ ਦੀ ਛੁੱਟੀ ਕੱਟਣ ਲਈ ਸਿੱਧਾ ਆਪਣੇ ਘਰ ਜਾ ਰਿਹਾ ਸੀ, ਪਰ ਆਪਣੇ ਪਿੰਡ ਦੇ ਅੱਡੇ ’ਤੇ ਉਤਰਨ ਦੀ ਥਾਂ ਕਿਸੇ ਮਜਬੂਰੀ ਜਾਂ ਭੁਲੇਖੇ ਕਾਰਨ ਇਥੇ ਉਤਰ ਗਿਆ ਸੀ ਜਾਂ ਭੁਲੇਖੇ ਨਾਲ ਇਥੇ ਉਤਾਰ ਦਿੱਤਾ ਗਿਆ ਸੀ ਜਾਂ ਇਥੇ ਉੱਤਰਨ ਦਾ ਕੋਈ ਹੋਰ ਕਾਰਨ ਬਣ ਗਿਆ ਹੋਵੇਗਾ। ਇਹ ਬਾਰੇ ਬੱਸ ਦਾ ਡਰਾਈਵਰ ਤੇ ਕੰਡਕਟਰ ਹੀ ਸਚਾਈ ਦੱਸ ਸਕਦੇ ਹਨ, ਪਰ ਜਾਂਚ ਕਮੇਟੀ ਲਈ ਅਜੇ ਉਹਨਾਂ ਨੂੰ ਮਿਲਣਾ ਅਸੰਭਵ ਸੀ। ਗੁਪਤ ਭਰੋਸੇ ਯੋਗ ਸੂਤਰਾਂ ਤੋੰ ਇਹ ਵੀ ਪਤਾ ਲੱਗਾ ਹੈ ਕਿ ਉਹ ਅੰਮਿ੍ਤਸਰ ਤੋੰ ਜੰਮੂ ਜਾਣ ਵਾਲੀ ਲੰਮੇ ਰੂਟ ਦੀ ਬੱਸ ‘ਤੇ ਬੈਠਾ ਸੀ, ਜਿਹੜੀ ਗੁਰਦਾਸਪੁਰ ਬਾਈਪਾਸ ‘ਤੇ ਰੁਕਣ ਤੋੰ ਬਾਅਦ ਅੱਗੇ ਪਠਾਨਕੋਟ ਹੀ ਰੁਕਣੀ ਸੀ ਤੇ ਉਸ ਨੇ ਗੁਰਦਾਸਪੁਰ ਦੀ ਟਿਕਟ ਹੀ ਲਈ ਸੀ ਤੇ ਬਾਈਪਾਸ ਉਤਰ ਗਿਆ, ਪਰ ਅੱਗੋੰ ਕੋਈ ਸਾਧਨ ਨਾ ਮਿਲਿਆ ਤੇ ਉਹ ਗੁਰਦੁਆਰਾ ਬਾਬਾ ਲਾਲ ਸਿੰਘ ਕੁੱਲੀ ਵਾਲਾ ਆ ਗਿਆ।
(2) ਦੀਪਕ ਸਿੰਘ ਗੁਰਦੁਆਰਾ ਸਾਹਿਬ ਵਿੱਚ ਬੇਅਦਬੀ ਕਰਨ ਦੀ ਮਨਸ਼ਾ ਨਾਲ ਬਿਲਕੁਲ ਹੀ ਨਹੀਂ ਸੀ ਆਇਆ। ਇਹ ਮੰਨਣਾ ਬਿਲਕੁਲ ਹੀ ਗ਼ਲਤ ਹੋਵੇਗਾ ਕਿ ਦੀਪਕ ਨੇ ਅਰੁਨਾਚਲ ਪ੍ਰਦੇਸ ਤੋਂ ਤੁਰਨ ਲੱਗੇ ਨੇ ਹੀ ਇਸ ਗੁਰਦੁਆਰਾ ਸਾਹਿਬ ਦੀ ਬੇਅਦਬੀ ਕਰਨ ਦੀ ਸਾਜ਼ਿਸ਼ ਬਣਾ ਲਈ ਸੀ। ਜੇਕਰ ਉਹ ਅਜਿਹਾ ਧਾਰ ਕੇ ਆਇਆ ਹੁੰਦਾ ਤਾਂ ਝੱਟ-ਪੱਟ ਬੇਅਦਬੀ ਕਰਦਾ ਤੇ ਤੁਰੰਤ ਨਿਕਲ ਜਾਂਦਾ, ਪਰ ਉਹ ਤਾਂ ਅੰਮ੍ਰਿਤ ਵੇਲੇ ਗ੍ਰੰਥੀ ਜਸਪਿੰਦਰ ਸਿੰਘ ਦੇ ਆਉਣ ਤੱਕ ਗੁਰਦੁਆਰਾ ਸਮੂਹ ਵਿੱਚ ਨਿਸਚਿੰਤ ਹੋ ਕੇ ਸੁੱਤਾ ਪਿਆ ਸੀ।
(3) ਇਹ ਦੋਸ਼ ਵੀ ਸਰਾਸਰ ਝੂਠਾ ਵਿਖਾਈ ਦਿੰਦਾ ਹੈ ਕਿ ਦੀਪਕ ਗੁਰਦੁਆਰਾ ਸਾਹਿਬ ਦੇ ਬਾਹਰਲੇ ਦਰਵਾਜ਼ੇ ਦਾ ਤਾਲਾ ਤੋੜ ਕੇ ਅੰਦਰ ਦਾਖ਼ਲ ਹੋਇਆ ਹੋਵੇਗਾ, ਕਿਉਂਕਿ ਬਾਹਰਲਾ ਗੇਟ ਸੀਖਾਂ ਵਾਲਾ ਹੈ ਤੇ ਬਾਹਰਲੀ ਕੰਧ ਵੀ ਨੀਵੀਂ ਹੀ ਹੈ। ਉਸ ਲਇ ਤਾਲਾ ਤੋੜਨਾ ਕਿਤੇ ਔਖਾ ਤੇ ਖ਼ਤਰੇ ਵਾਲਾ ਕੰਮ ਸੀ, ਪਰ ਕੰਧ ਟੱਪਣੀ ਜਾਂ ਦਰਵਾਜ਼ਾ ਟੱਪਣਾ ਕਿਤੇ ਸੌਖਾ। ਬਾਹਰਲੀ ਕੰਧਾਂ ਅਤੇ ਦਰਵਾਜ਼ੇ ਦਾ ਨਰੀਖਣ ਕਰਨ ਤੋਂ ਬਾਅਦ ਜਾਂਚ ਕਮੇਟੀ ਇਸ ਨਤੀਜੇ ’ਤੇ ਪਹੁੰਚੀ ਹੈ ਕਿ ਦੀਪਕ ਸਿੰਘ ਸੀਖਾਂ ਵਾਲਾ ਦਰਵਾਜ਼ਾ ਜਾਂ ਕੰਧ ਟੱਪ ਕੇ ਹੀ ਗੁਰਦੁਆਰਾ ਸਮੂਹ ਵਿੱਚ ਗਿਆ ਹੋਵੇਗਾ। ਦਰਵਾਜ਼ਾ ਜਾਂ ਕੰਧ ਟੱਪਦਿਆਂ ਉਸ ਦੇ ਇੱਕ ਹੱਥ ’ਤੇ ਕਿਸੇ ਸੀਖ ਜਾਂ ਇੱਟ ਦੇ ਵੱਜਣ ਨਾਲ ਜ਼ਖ਼ਮ ਵੀ ਹੋ ਗਿਆ ਹੋਵੇਗਾ। ਇਸ ਗੱਲ ਦੀ ਪੁਸ਼ਟੀ ਪੋਸਟਮਾਰਟਮ ਦੀ ਰਿਪੋਰਟ ਹੀ ਕਰ ਸਕਦੀ ਹੈ।
(4) ਦੀਪਕ ਸਿੰਘ ਨੇ ਸ਼ਰਾਬ ਜ਼ਰੂਰ ਪੀਤੀ ਹੋ ਸੱਕਦੀ ਹੈ, ਕਿਉਂਕਿ ਉਸ ਦੇ ਸ਼ਰਾਬ ਪੀ ਲੈਣ ਦੀ ਪੁਸ਼ਟੀ ਉਸ ਦੇ ਪਿਤਾ ਉਂਕਾਰ ਸਿੰਘ ਨੇ ਵੀ ਕੀਤੀ ਹੈ। ਕਿਉਂਕਿ ਉਹ ਗੁਰਦੁਆਰਾ ਸਾਹਿਬ ਦੇ ਦਰਸ਼ਨਾਂ ਨੂੰ ਨਹੀਂ, ਆਪਣੇ ਘਰ ਛੁੱਟੀ ਕੱਟਣ ਆ ਰਿਹਾ ਸੀ, ਪਰ ਕਿਸੇ ਮਜਬੂਰੀ ਵੱਸ ਉਹਨੂੰ ਰਾਤ ਕੱਟਣ ਲਈ ਸ਼ਾਰਾਬੀ ਹਾਲਤ ਵਿੱਚ ਹੀ ਗੁਰਦੁਆਰਾ ਸਾਹਿਬ ਵਿਖੇ ਆਉਣਾ ਪੈ ਗਿਆ। ਸ਼ਰਾਬ ਪੀ ਕੇ ਗੁਰਦੁਆਰੇ ਆਉਣਾ ਗ਼ਲਤੀ ਤਾਂ ਹੈ, ਪਰ ਇਸ ਗ਼ਲਤੀ ਨੂੰ ਮਿਥਕੇ ਬੇਅਦਬੀ ਕਰਨ ਦੀ ਸਾਜ਼ਿਸ਼ ਕਰਾਰ ਨਹੀਂ ਦਿੱਤਾ ਜਾ ਸਕਦਾ ਤੇ ਨਾ ਹੀ ਇਸ ਦੋਸ਼ ਦੀ ਸਜ਼ਾ ਬੇਰਹਿਮੀ ਨਾਲ ਮਾਰ ਕੁਟਾਈ ਕਰਨੀ ਹੈ, ਖ਼ਾਸ ਕਰਕੇ ਜਿਹੜੀ ਜਾਨਲੇਵਾ ਸਾਬਤ ਹੋਵੇ।
(5) ਦੀਪਕ ਸਿੰਘ ਰਾਤ ਸਮੇ ਭੁੱਲੇ ਭਟਕੇ ਰਾਹੀ ਦੀ ਤਰ੍ਹਾਂ ਮਜਬੂਰੀ ਵੱਸ ਗੁਰਦੁਆਰਾ ਸਾਹਿਬ ਨੂੰ ਆਪਣੇ ਲਈ ਓਟ ਆਸਰਾ ਤੇ ਸੁਰੱਖਿਅਤ ਸਥਾਨ ਸਮਝ ਕੇ ਇਥੇ ਆਇਆ ਸੀ ਤੇ ਉਸ ਨੇ ਪਹਿਲਾਂ ਬਾਹਰਲੇ ਦਰਵਾਜ਼ੇ ਤੋਂ ਸੇਵਾਦਾਰਾਂ ਨੂੰ ਅੰਦਰ ਲੰਘਾਉਣ ਲਈ ਅਵਾਜ਼ ਮਾਰ ਕੇ ਬੇਨਤੀ ਵੀ ਕੀਤੀ ਹੋਵੇਗੀ, ਪਰ ਅੰਦਰ ਕੋਈ ਸੇਵਾਦਾਰ ਨਾ ਹੋਣ ਕਾਰਨ ਕੋਈ ਜਵਾਬ ਨਾ ਮਿਲਣ ’ਤੇ ਉਹ ਦਰਵਾਜ਼ਾ ਜਾਂ ਕੰਧ ਟੱਪ ਕੇ ਅੰਦਰ ਚਲਾ ਗਿਆ ਹੋਵੇਗਾ ਤੇ ਨਿਸਚਿੰਤ ਹੋ ਕੇ ਸੌਂ ਗਿਆਾ ਹੋਵੇਗਾ।
(6) ਦਲਜੀਤ ਸਿੰਘ ਕਸ਼ਮੀਰ ਪਿੰਡ ਪਾਹੜਾ 6:33:16 ਵਜੇ ਸਵੇਰ ਤੱਕ ਆਪਣੇ ਪਿੰਡ ਸੀ, ਪਰ ਪੁਲਿਸ ਦੇ ਗੁਰਦੁਆਰਾ ਸਾਹਿਬ ਵਿਖੇ ਪਹੁੰਚਣ ਤੋਂ ਪਹਿਲਾਂ ਗੁਰਦੁਆਰਾ ਬਾਬਾ ਲਾਲ ਸਿੰਘ ਕੁੱਲੀ ਵਾਲਾ ਵਿਖੇ ਮੌਜੂਦ ਸੀ। ਉਹ ਗੁਰਦੁਆਰਾ ਸਾਹਿਬ ਤੋੰ ਗਇਆ ਫ਼ੋਨ ਸੁਣਕੇ ਹੀ ਗੁਰਦੁਆਰਾ ਸਾਹਿਬ ਅੱਪੜਿਆ ਸੀ। ਦਲਜੀਤ ਸਿੰਘ ਦੇ ਗੁਰਦੁਆਰਾ ਸਾਹਿਬ ਵਿਖੇ ਅੱਪੜਨ ਤੋਂ ਪਹਿਲਾਂ ਦੀਪਕ ਸਿੰਘ ਦੀ ਬਹੁਤੀ ਮਾਰ ਕੁਟਾਈ ਹੋ ਚੁੱਕੀ ਸੀ, ਜੋ ਜਾਨ ਲੇਵਾ ਸਾਬਤ ਹੋਈ।
(7) ਪੁਲਿਸ ਨੂੰ 7:22 ਵਜੇ ਸਵੇਰੇ ਇਸ ਦੁਖਦਾਈ ਘਟਨਾ ਦੀ ਸੂਚਨਾ ਮਿਲ ਚੁੱਕੀ ਸੀ, ਪਰ ਉਸ ਨੇ ਜ਼ਿੰਮੇਵਾਰੀ ਨਾਲ ਆਪਣਾ ਫ਼ਰਜ਼ ਨਹੀਂ ਨਿਭਾਇਆ। ਅਧਮੋਏ ਹੋ ਚੁੱਕੇ ਦੀਪਕ ਸਿੰਘ ਦੀ ਜਾਨ ਬਚਾਉਣ ਲਈ ਅੈੰਬੁਲੈੰਸ ਦਾ ਪ੍ਰਬੰਧ ਕਰਨ ਦੀ ਥਾਂ ਉਸ ਨੂੰ ਲੱਕੜ ਸਮਝ ਗੱਡੀ ਵਿੱਚ ਸੁੱਟ ਕੇ ਲਿਜਾਇਆ ਗਿਆ। ਦੀਪਕ ਸਿੰਘ ਨੂੰ ਅਧਮੋਇਆ ਕਰਨ ਵਾਲਿਆਂ ਨੂੰ ਮੌਕੇ ’ਤੇ ਮੌਜੂਦ ਹੋਣ ਦੇ ਬਾਵਜੂਦ ਨਾ ਤਾਂ ਆਪਣੇ ਨਾਲ ਖੜਿਆ ਗਿਆ ਤੇ ਨਾ ਹੀ ਉਹਨਾਂ ਦੇ ਬਿਆਨ ਲੈਣ ਲਈ ਉਹਨਾਂ ਨੂੰ ਉਸੇ ਵੇਲੇ ਥਾਨੇ ਹੀ ਬੁਲਾਇਆ ਗਿਆ ਅਤੇ ਨਾ ਹੀ ਕਿਸੇ ਚਸਮਦੀਦ ਗਵਾਹ ਦੀ ਮੌਕੇ ‘ਤੇ ਗਵਾਹੀ ਹੀ ਦਰਜ ਕੀਤੀ। ਜਾਪਦਾ ਪੁਲਿਸ ਨੇ ਪਹਿਲੀ ਨਜ਼ਰੇ ਇਸ ਨੂੰ ਬੇਅਦਬੀ ਦਾ ਕੇਸ ਹੀ ਮੰਨ ਲਿਆ ਸੀ। ਇਸੇ ਲਈ ਉਸ ਨੇ ਇਹ ਜਾਣਨ ਦੀ ਕੋਸ਼ਿਸ਼ ਹੀ ਨਹੀਂ ਕੀਤੀ ਕਿ ਉਥੇ ਬੇਅਦਬੀ ਕਰਨ ਦੇ ਯਤਨ ਦਾ ਕੋਈ ਨਿਸ਼ਾਨ ਹੈ ਵੀ ਜਾਂ ਨਹੀਂ।
(8) ਪੁਲਿਸ ਵੱਲੋਂ ਦਰਜ ਐਫ ਆਈ ਆਰ ਦੀ ਕਹਾਣੀ ਸਰਾਸਰ ਗ਼ਲਤ ਹੈ, ਕਿਉਂਕਿ ਦੀਪਕ ਸਿੰਘ ਨੂੰ ਰਾਤ ਕਰੀਬ 00:47AM ’ਤੇ ਕਿਸੇ ਨੇ ਵੀ ਚੋਰ ਸਮਝ ਕੇ ਗੁਰਦੁਆਰਾ ਸਾਹਿਬ ਲਾਗੇ ਨਹੀਂ ਸੀ ਘੇਰਿਆ ਹੋਇਆ। ਉਹਨੇ ਇਸ ਸਮੇ ਫ਼ੋਨ ਕਰਕੇ ਆਪਣੇ ਪਰਿਵਾਰ ਨੂੰ ਬੱਸ ਰਾਹੀਂ ਆ ਰਹੇ ਹੋਣ ਦੀ ਸੂਚਨਾ ਜ਼ਰੂਰ ਦਿੱਤੀ ਸੀ, ਨਾ ਕਿ ਪੁਲਿਸ ਦੁਆਰਾ ਘੜੀ ਕਹਾਣੀ ਅਨੁਸਾਰ ਉਸ ਨੇ ਲੋਕਾਂ ਵੱਲੋਂ ਘੇਰਨ ਦੀ ਸੂਚਨਾ ਦਿੱਤੀ ਸੀ। ਪੁਲਿਸ ਦੀ ਇਸ ਗੱਲ ਨੂੰ ਸੱਚ ਨਹੀਂ ਮੰਨਿਆ ਜਾ ਸਕਦਾ, ਕਿਉਂਕਿ ਪਹਿਲੀ ਗੱਲ ਜੇਕਰ ਦੀਪਕ ਨੂੰ ਲੋਕਾਂ ਨੇ ਘੇਰਿਆ ਹੁੰਦਾ ਤਾਂ ਉਸ ਨੂੰ ਫ਼ੋਨ ਵੀ ਨਹੀਂ ਸੀ ਕਰਨ ਦੇਣਾ ਅਤੇ ਜੇਕਰ ਕਰਨ ਦਿੱਤਾ ਤਾਂ ਫਿਰ ਸਵੇਰ ਤੱਕ ਦੀਪਕ ਸਿੰਘ ਦੇ ਘਰ ਵਾਲਿਆਂ ਨੇ ਕੋਈ ਕਾਰਵਾਈ ਕਿਉਂ ਨਹੀਂ ਕੀਤੀ।
(9) ਪੁਲਿਸ ਦੁਆਰਾ ਦਰਜ ਕੀਤੀ ਗਈ ਐਫ. ਆਈ. ਆਰ. ਸਰਾਸਰ ਗਲਤ ਤੇ ਤੱਥਾਂ ਦੇ ਪੂਰੀ ਤਰ੍ਹਾਂ ਉਲਟ ਹੈ। ਵਾਰਦਾਤ ਦਾ ਸਮਾ ਤੇ ਸਥਾਨ ਮਿਥ ਕੇ ਗ਼ਲਤ ਦਰਜ ਕੀਤਾ ਗਿਆ ਹੈ ਤੇ ਕਹਾਣੀ ਵੀ ਗ਼ਲਤ ਘੜੀ ਗਈ ਹੈ ਤੇ ਦਰਜ ਕਰਨ ਵਿੱਚ ਵੀ ਜਾਣਬੁਝ ਕੇ ਕਰੀਬ 7 ਘੰਟੇ ਦੀ ਦੇਰੀ ਕਰ ਦਿੱਤੀ ਗਈ ਹੈ। ਇਹ ਸਾਰਾ ਕੁਝ ਕਿਸੇ ਸਿਆਸੀ ਦਬਾਅ, ਮਿਲੀਭੁਗਤ ਜਾਂ ਕਿਸੇ ਦੇ ਪ੍ਰਭਾਵ ਕਾਰਨ ਹੀ ਕੀਤਾ ਗਿਆ ਵਿਖਾਈ ਦਿੰਦਾ ਹੈ। ਉਂਝ ਵੀ ਅੈਫ ਆਈ ਆਰ ਮੌਕੇ ‘ਤੇ ਗਏ ਸੀਨੀਅਰ ਪੁਲਿਸ ਅਫ਼ਸਰ ਵੱਲੋੰ ਮੌਤ ਹੁੰਦੇ ਸਾਰ ਹੀ ਥਾਨੇ ਰੁੱਕਾ ਭੇਜ ਕੇ ਦਰਜ ਕਰਾਉਣੀ ਚਾਹੀਦੀ ਸੀ ਨਾ ਕਿ ਦੀਪਕ ਸਿੰਘ ਦੇ ਪਿਤਾ ਦੇ ਨਾਂਅ ‘ਤੇ ਦਰਜ ਕਰਨੀ ਚਾਹੀਦੀ ਸੀ, ਕਿਉੰਕਿ ਉਹ ਮੌਕੇ ਦਾ ਚਸ਼ਮਦੀਦ ਗਵਾਹ ਨਹੀਂ ਸੀ। ਜੇ ਉਸ ਦੇ ਨਾਂਅ ‘ਤੇ ਹੀ ਦਰਜ ਕਰਨੀ ਜ਼ਰੂਰੀ ਸੀ ਤਾਂ ਫਿਰ ਉਸ ਦੇ ਥਾਣੇ ਅੱਪੜਦਿਆਂ ਸਾਰ ਹੀ ਕਰੀਬ 9:30 ਵਜੇ ਦਰਜ ਕਰ ਦਿੱਤੀ ਜਾਣੀ ਚਾਹੀਦੀ ਸੀ, ਪਰ ਇਹ 2:40 ਵਜੇ ਦਰਜ ਕੀਤੀ ਗਈ ਹੈ। ਵਾਕਿਆ ਕਰੀਬ 6:00ਅਮ ਤੋੰ 7:30 ਦੇ ਦਰਮਿਆਨ ਦਾ ਹੈ ਤੇ ਐਫ ਆਈ ਆਰ ਵਿੱਚ 0:47AM ਤੋੰ 2:00 ਏ ਅੈਮ ਦਰਸਾਇਆ ਗਿਆ ਹੈ। ਮੌਕਾ ਗੁਰਦੁਆਰਾ ਬਾਬਾ ਲਾਲ ਸਿੰਘ ਕੁੱਲੀ ਵਾਲਾ ਦੇ ਅੰਦਰ ਦਾ ਹੈ ਤੇ ਦਰਸਾਸਿਆ ਨੇੜੇ ਗੁਰਦੁਆਰਾ ਬਾਬਾ ਟਹਿਲ ਸਿੰਘ ਹੈ।
(10) ਨਿਰਦੋਸ਼ ਹੋਣ ਕਾਰਨ ਹੀ ਦੀਪਕ ਸਿੰਘ ਇਸ ਗੁਰਦੁਆਰਾ ਸਾਹਿਬ ਵਿੱਚੋਂ ਬਾਹਰ ਘੱਲ ਦਿੱਤੇ ਜਾਣ ’ਤੇ ਵੀ ਕਰੀਬ ਅੱਧਾ ਘੰਟਾ ਨੇੜਲੇ ਗੁਰਦੁਆਰਾ ਬਾਬਾ ਟਹਿਲ ਸਿੰਘ ਵਿਖੇ ਬੈਠਾ ਰਿਹਾ। ਉਥੋਂ ਉਹਨੂੰ ਗੁਰਜੀਤ ਸਿੰਘ ਸ਼ੈਣੀ ਦਾ ਲੜਕਾ ਦਰਕੀਰਤ ਸਿੰਘ ਤੇ ਗ੍ਰੰਥੀ ਜਸਪਿੰਦਰ ਸਿੰਘ ਥੱਪੜ ਮਾਰ ਕੇ ਤੇ ਜ਼ਬਰਦਸਤੀ ਮੋਟਰ ਸਾਈਕਲ ’ਤੇ ਬੈਠਾ ਕੇ ਮੁੜ ਗੁਰਦੁਆਰਾ ਬਾਬਾ ਲਾਲ ਸਿੰਘ ਕੁੱਲੀ ਵਾਲਾ ਵਿਖੇ ਲੈ ਕੇ ਆਏ। ਉਸ ਦੀ ਇਨਸਾਨੀ ਤਰੀਕੇ ਨਾਲ ਪੁੱਛਗਿੱਛ ਕਰਨ ਦੀ ਥਾਂ ਉਸ ਨੂੰ ਬੇਅਦਬੀ ਕਰਨ ਲਈ ਆਉਣ ਦਾ ਦੋਸ਼ੀ ਗਰਦਾਨ ਕੇ ਬੜੀ ਬੇਰਹਿਮੀ ਨਾਲ ਕੁੱਟਿਆ ਗਿਆ। ਜਦ ਕਿ ਇਹ ਉਸ ਦੀ ਸ਼ਨਾਖ਼ਤ ਪਹਿਲਾਂ ਹੀ ਕਰ ਚੁੱਕੇ ਸਨ, ਜਿਸ ਦੀ ਪੁਸ਼ਟੀ ਗੁਰਦੁਾਆਰਾ ਬਾਬਾ ਟਹਿਲ ਸਿੰਘ ਦੇ ਸੀ ਸੀ ਟੀ ਵੀ ਕੈਮਰੇ ਦੀ ਫੁਟੇਜ ਤੋੰ ਹੁੰਦੀ ਹੈ, ਜਿਸ ਵਿੱਚ ਇਸ ਨੂੰ ਜਬਰਦਸਤੀ ਮੋਟਰ ਸਾਈਕਲ ‘ਤੇ ਬੈਠਾਉਣ ਦੇ ਸੀਨ ਤੋੰ ਪਹਿਲਾਂ ਇੱਕ ਅਵਾਜ਼ ਸੁਣਾਈ ਦਿੰਦੀ ਹੈ ਕਿ “ਇਹ ਉਹੋ ਹੀ ਫ਼ੌਜੀ ਆ।” ਉਸ ਦੇ ਕੋਲੋੰ ਉਸ ਦਾ ਅਧਾਰ ਕਾਰਡ ਤੇ 30 ਜੂਨ ਤੋੰ ੨੭ ਸਤੰਬਰ ਤੱਕ 90 ਦਿਨ ਦੀ ਛੁੱਟੀ ਦਾ ਆਡਰ ਅਤੇ ਸ਼ਨਾਖ਼ਤ ਦੇ ਹੋਰ ਕਾਰਡ ਵੀ ਮੌਜੂਦ ਸਨ ਅਤੇ ਉਸ ਨੇ ਮਾਰ ਕੁਟਾਈ ਕਰਨ ਵਾਲਿਆਂ ਨੂੰ ਆਪਣੀ ਸ਼ਨਾਖ਼ਤ ਤੇ ਛੁੱਟੀ ‘ਤੇ ਆਉਣ ਬਾਰੇ ਵੀ
(11) ਦੀਪਕ ਸਿੰਘ ਨੂੰ ਬੇਅਦਬੀ ਦਾ ਦੋਸ਼ੀ ਗਰਦਾਨ ਕੇ ਕੁੱਟਣ ਵਾਲਿਆਂ ਦੀ ਮਨਸ਼ਾ ਉਸ ਨੂੰ ਜਾਨ ਤੋਂ ਮਾਰਨ ਦੀ ਨਹੀਂ ਸੀ, ਪਰ ਕੁਥਾਂ ਸੱਟ ਵੱਜਣ ਕਾਰਨ ਉਸ ਦੀ ਮੌਤ ਹੋ ਗਈ। ਜੇ ਉਹਨਾਂ ਦੀ ਮਨਸ਼ਾ ਉਸ ਨੂੰ ਜਾਨੋ ਮਾਰਨ ਦੀ ਹੁੰਦੀ ਤਾਂ ਉਹ ਪੁਲਿਸ ਨੂੰ ਸੂਚਨਾ ਨਾ ਦਿੰਦੇ। ਬੇਅਦਬੀ ਦੀਆਂ ਆਏ ਦਿਨ ਹੋ ਰਹੀਆਂ ਵਾਰਦਾਤਾਂ ਅਤੇ ਕਸੂਰਵਾਰਾਂ ਨੂੰ ਕਾਨੂੰਨ ਦੁਆਰਾ ਕੋਈ ਖ਼ਾਸ ਸਜਾ ਨਾ ਮਿਲਣ ਕਾਰਨ ਸਿੱਖਾਂ ਵਿੱਚ ਪੈਦਾ ਹੋਏ ਗੁੱਸੇ ਤੇ ਰੋਹ ਵਿੱਚੋਂ ਹੀ ਕੁੱਟ-ਮਾਰ ਕਰਨ ਦਾ ਇਹ ਕਦਮ ਚੁੱਕਿਆ ਗਿਆ ਹੈ। ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਇਸ ਗੁੱਸੇ ਲਈ ਪਹਿਲੀ ਦੋਸ਼ੀ ਹੈ। ਇਸ ਸਭ ਦੇ ਬਾਵਜੂਦ ਕੁੱਟਣ ਵਾਲਿਆਂ ਵੱਲੋਂ ਇੱਕ ਭੁੱਲੇ ਭਟਕੇ ਰਾਹੀ ਨੂੰ ਬਿਨਾਂ ਅਸਲੀਅਤ ਜਾਣੇ ਬੇਰਹਿਮੀ ਨਾਲ ਕੁੱਟਣਾ ਜਾਇਜ ਨਹੀਂ ਠਹਿਰਾਇਆ ਜਾ ਸਕਦਾ, ਖ਼ਾਸ ਕਰਕੇ ਜਦੋਂ ਇਹ ਮਾਰ-ਕੁੱਟ ਜਾਨਲੇਵਾ ਸਾਬਤ ਹੋਈ ਹੋਵੇ। ਇਹ ਗਲਤ ਕਾਰਵਾਈ ਕਰਕੇ ਇਹਨਾਂ ਨੇ ਰਾਹੀਆਂ ਲਈ ਰਿਹਾਇਸ਼ ਤੇ ਲੋੜਵੰਦਾਂ, ਗਰੀਬਾਂ ਅਤੇ ਰਾਹਗੀਰਾਂ ਲਈ ਲੰਗਰ ਦੇਣ ਵਾਲੀ ਗੁਰਦੁਆਰਾ ਸੰਸਥਾ ਦੇ ਗੁਰਮਤਿ ਫਲਸਫ਼ੇ ਨੂੰ ਵੱਡੀ ਸੱਟ ਮਾਰੀ ਅਤੇ ਮਜ਼ਲੂਮ ਦੀ ਰਾਖੀ ਤੇ ਦਰ ਆਏ ਨੂੰ ਪਨਾਂਹ ਦੇਣ ਵਾਲੇ ਖ਼ਾਲਸੇ ’ਤੇ ਧੱਬਾ ਲਾਇਆ ਹੈ।
(12) ਦੀਪਕ ਸਿੰਘ ਦੀ ਮੌਤ ਦੀ ਖ਼ਬਰ ਸੁਣ ਕੇ ਉਸ ਵੱਲੋਂ ਗੁਰਦੁਆਰਾ ਸਾਹਿਬ ਦੀ ਬੇਅਦਬੀ ਕੀਤੀ ਗਈ ਵਿਖਾਉਣ ਲਈ ਪ੍ਰਬੰਧਕਾਂ ਨੇ ਗੁਰਦੁਆਰਾ ਸਾਹਿਬ ਵਿੱਚ ਖ਼ੁਦ ਤੋੜ-ਫੋੜ ਕਰਕੇ ਨਾ ਬਖ਼ਸ਼ਣ ਯੋਗ ਬੇਅਦਬੀ ਦਾ ਖ਼ੁਦ ਅਪਰਾਧ ਕੀਤਾ ਹੈ।
(13) ਗੁਰਦੁਆਰਾ ਸਾਹਿਬ ਦੇ ਮੁਖ ਪ੍ਰਬੰਧਕ ਗੁਰਜੀਤ ਸਿੰਘ ਸੈਣੀ ਨੇ ਸਬੂਤ ਖ਼ਤਮ ਕਰਨ ਲਈ ਸੀ ਸੀ ਟੀ ਵੀ ਕੈਮਰੇ ਦੀ ਡੀ ਬੀ ਆਰ ਉਤਾਰ ਕੇ ਸੱਚ ਨੂੰ ਛਪਾਉਣ ਦਾ ਮਿਥ ਕੇ ਯਤਨ ਕੀਤਾ ਹੈ।
(14) ਗ੍ਰੰਥੀ ਜਸਪਿੰਦਰ ਸਿੰਘ ਨੇ ਮੁੱਢਲੇ ਪੜਾਅ ’ਤੇ ਤਾਂ ਗੁਰਦੁਆਰਾ ਪ੍ਰਬੰਧਕਾਂ ਨੂੰ ਸ਼ੱਕੀ ਵਿਅਕਤੀ ਦੇ ਦਾਖ਼ਲ ਹੋਣ ਦੀ ਸੂਚਨਾ ਦੇ ਕੇ ਆਪਣਾ ਫ਼ਰਜ਼ ਨਿਭਾਇਆ ਸੀ, ਪਰ ਉਸ ਦੀ ਅਗਲੀ ਕਾਰਵਾਈ ਗੈਰ ਵਾਜਬ ਤੇ ਧੱਕੇਸ਼ਾਹੀ ਵਾਲੀ ਹੈ।
(15) ਗੁਰਦੁਆਰਾ ਬਾਬਾ ਲਾਲ ਸਿੰਘ ਕੁੱਲੀ ਵਾਲਾ ਵਿੱਚ ਮਾਣ ਮਰਯਾਦਾ ਦਾ ਪਾਲਣ ਨਹੀਂ ਹੋ ਰਿਹਾ ਤੇ ਨਾ ਹੀ ਗੁਰੂ ਗ੍ਰੰਥ ਸਾਹਿਬ ਜੀ ਦਾ ਪੂਰਨ ਸਤਿਕਾਰ ਹੀ ਹੋ ਰਿਹਾ ਹੈ। ਗੁਰਦੁਆਰਾ ਸਮੂਹ ਨੂੰ ਪੱਕਾ ਸ਼ਮਿਆਨਾ ਲਾ ਕੇ ਗੁਰੂ ਘਰ ਦੀ ਬਜਾਏ ਪੈਲਿਸ ਵਾਲੀ ਦਿੱਖ ਦਿੱਤੀ ਹੋਈ ਹੈ ਤੇ ਅਨੰਦ ਕਾਰਜਾਂ ਦੇ ਸਮਾਗਮਾ ਸਮੇ ਚੋਰੀ ਛਿਪੇ ਬੀਅਰ ਸ਼ਰਾਬ ਵਰਗੀਆਂ ਵਿਵਰਜਤ ਚੀਜਾਂ ਦੀ ਵੀ ਗੁਰਦੁਆਰਾ ਸਮੂਹ ਵਿੱਚ ਵਰਤੋਂ ਹੋਣ ਦੇ ਸਬੂਤ ਮਿਲੇ ਹਨ।
ਸੁਝਾਅ:
1. ਗੁਰਦੁਆਰਾ ਸਾਹਿਬ ਵਿਖੇ ਆਏ ਕਿਸੇ ਵੀ ਵਿਅਕਤੀ ਨੂੰ ਸ਼ੱਕ ਦੇ ਅਧਾਰ ’ਤੇ ਅਸਲੀਅਤ ਜਾਣਨ ਤੇ ਉਸ ਦੀ ਸ਼ਨਾਖ਼ਤ ਕਰਨ ਤੋਂ ਬਿਨਾਂ ਬੇਰਹਿਮ ਬਣ ਕੇ ਬੇਰਹਿਮੀ ਨਾਲ ਕੁੱਟਣਾ-ਮਾਰਨਾ ਤੇ ਮੌਤ ਦੇ ਮੂੰਹ ਨਹੀਂ ਪਾਉਣਾ ਚਾਹੀਦਾ।
2. ਹਰੇਕ ਗੁਰਦੁਆਰੇ ਵਿੱਚ ਰਾਤ-ਦਿਨ ਸੇਵਾਦਾਰ ਮੌਜੂਦ ਰੱਖੇ ਜਾਣ ਤੇ ਦਰਵਾਜ਼ੇ ’ਤੇ ਪੱਕਾ ਪਹਿਰਾ ਦੇਣ ਲਈ ਪਹਿਰੇਦਾਰ ਤਾਇਨਾਤ ਕੀਤਾ ਜਾਵੇ।
3. ਗੁਰਦੁਆਰਾ ਸਾਹਿਬ ਖ਼ਾਸ ਕਰਕੇ ਮੁੱਖ ਸੜਕਾਂ ਦੇ ਨੇੜਲੇ ਗੁਰਦੁਆਰਾ ਸਾਹਿਬ ਵਿਖੇ ਰਾਹੀਆਂ ਦੀ ਰਿਹਾਇਸ਼ ਅਤੇ ਲੰਗਰ ਦਾ ਪੱਕਾ ਪ੍ਰਬੰਧ ਕੀਤਾ ਜਾਵੇ।
4. ਗੁਰਦੁਆਰਾ ਬਾਬਾ ਲਾਲ ਸਿੰਘ ਕੁੱਲੀ ਵਾਲੇ ਦੀ ਸੇਵਾ ਸੰਭਾਲ ਤੇ ਪ੍ਰਬੰਧ ਵਿਚਲੀਆਂ ਕਮੀਆਂ ਦੂਰ ਕੀਤੀਆਂ ਜਾਣ ਅਤੇ ਸਥਾਨਕ ਸੰਗਤ ਦੀ ਪ੍ਰਵਾਨਗੀ ਨਾਲ ਪ੍ਰਬੰਧਕ ਕਮੇਟੀ ਕਾਇਮ ਕੀਤੀ ਜਾਵੇ ਅਤੇ ਸੇਵਾ ਸੰਭਾਲ ਲਈ ਯੋਗ ਸੇਵਾਦਾਰ ਨਿਯੁਕਤ ਕੀਤੇ ਜਾਣ।
5. ਪੀੜਤ ਪਰਿਵਾਰ ਦੀ ਆਰਥਿਕ ਮਦਦ ਕੀਤੀ ਜਾਵੇ ਤੇ ਉਸ ਦੀ ਸੱਤ ਸਾਲਾ ਮਾਸੂਮ ਬੱਚੀ ਤੇ ਵਿਦਵਾ ਨੂੰ ਸਹਾਰਾ ਦਿੱਤਾ ਜਾਵੇ।
6. ਇਸ ਮੌਤ ਨੂੰ ਵੱਡੀ ਗ਼ਲਤੀ ਮੰਨ ਕੇ ਖਾਲਸਾ ਪੰਥ ਦੀਆਂ ਜਿੰਮੇਵਾਰ ਸ਼ਖ਼ਸੀਅਤਾਂ ਨੂੰ ਪੀੜਤ ਪਰਿਵਾਰ ਨਾਲ ਇਸ ਦੁਰਘਟਨਾ ਬਾਰੇ ਅਫ਼ਸੋਸ ਜ਼ਾਹਰ ਕਰਨਾ ਬਣਦਾ ਹੈ।
7. ਇਸ ਜ਼ਾਲਮਾਨਾ ਕਾਰਵਾਈ ’ਤੇ ਬੇਬੁਨਿਆਦੀ ਬਿਆਨਬਾਜ਼ੀ ਕਰਨ ਵਾਲਿਆਂ ’ਤੇ ਖ਼ਾਲਸਾਈ ਮਰਯਾਦਾ ਅਨੁਸਾਰ ਕਾਰਵਾਈ ਕੀਤੀ ਜਾਵੇ ਤੇ ਅੱਗੇ ਤੋਂ ਹੋਛਾਪਨ ਵਿਖਾਂਉਣ ਵਾਲਿਆਂ ਨੂੰ ਸਦੀਵੀ ਠੱਲ੍ਹ ਪਾਈ ਜਾਵੇ।
8. ਗੁਰਦੁਆਰਾ ਬਾਬਾ ਲਾਲ ਸਿੰਘ ਕੁੱਲੀ ਵਾਲਾ ਦੀ ਸੇਵਾ ਸੰਭਾਲ ਤੇ ਮਰਯਾਦਾ ਨਿਭਾਉਣ ਲਈ ਤੁਰੰਤ ਯੋਗ ਸੇਵਾਦਾਰਾਂ ਤੇ ਪ੍ਰਬੰਧਕਾਂ ਦਾ ਆਰਜੀ ਪ੍ਰਬੰਧ ਕੀਤਾ ਜਾਵੇ।
9. ਆਪਣੀ ਗ਼ਲਤੀ ’ਤੇ ਪਰਦਾ ਪਾਉਣ ਤੇ ਮ੍ਰਿਤਕ ਦੀਪਕ ਸਿੰਘ ਨੂੰ ਬੇਅਦਬੀ ਦਾ ਦੋਸ਼ੀ ਠਹਿਰਾਉਣ ਲਈ ਖ਼ੁਦ ਗੁਰਦੁਆਰਾ ਸਾਹਿਬ ਵਿੱਚ ਭੰਨ ਤੋੜ ਕਰਕੇ ਬੇਅਦਬੀ ਕਰਨ ਦੇ ਅਪਰਾਧ ਵਿੱਚ ਗੁਰਦੁਆਰਾ ਬਾਬਾ ਲਾਲ ਸਿੰਘ ਕੁੱਲੀ ਵਾਲਾ ਦੇ ਪ੍ਰਬੰਧਕਾਂ ਵਿਰੁੱਧ ਖ਼ਾਲਸਾਈ ਰਵਾਇਤਾਂ ਅਨੁਸਾਰ ਕਾਰਵਾਈ ਕੀਤੀ ਜਾਵੇ।
10. ਇਸ ਮਸਲੇ ਨੂੰ ਧਾਰਮਿਕ ਰੰਗਤ ਦੇਣਾ ਗ਼ਲਤ ਹੈ। ਇਸ ਦਾ ਸਿਆਸੀ ਲਾਹਾ ਲੈਣ ਤੋਂ ਗੁਰੇਜ਼ ਕੀਤਾ ਜਾਵੇ।
11. ਸਰਕਾਰ ਰਾਤ ਵੇਲੇ ਚੱਲਣ ਵਾਲੀਆਂ ਲੰਮੇ ਰੂਟ ਵਾਲੀਆਂ ਬੱਸਾਂ ਦੇ ਮਾਲਕਾਂ ਨੂੰ ਆਦੇਸ਼ ਜਾਰੀ ਕਰੇ ਕਿ ਰਾਤ ਵੇਲੇ ਬੱਸਾਂ ‘ਤੇ ਸਫ਼ਰ ਕਰਨ ਵਾਲਿਆਂ ਨੂੰ ਉਨ੍ਹਾਂ ਦੇ ਪਿੰਡ ਵਾਲੇ ਅੱਡੇ ‘ਤੇ ਅਵੱਸ਼ ਉਤਾਰਿਆ ਜਾਵੇ।
12. ਸਿੱਖ ਜਗਤ ਦੀਆਂ ਸਮੂਹ ਪੰਥਕ ਜਥੇਬੰਦੀਆਂ ਨੂੰ ਅਪੀਲ ਹੈ ਕਿ ਉਨ੍ਹਾਂ ਜਿਸ ਘਟਨਾ ਦੇ ਸੱਚ ਨੂੰ ਪ੍ਰਵਾਨ ਕਰਨ।
ਸਹੀ,
ਨਰਾਇਣ ਸਿੰਘ ਚੌੜਾ (ਪ੍ਰਧਾਨ ਅਕਾਲ ਫੈਡਰੇਸ਼ਨ)
ਪਰਮਜੀਤ ਸਿੰਘ ਟਾਂਡਾ (ਜਨਰਲ ਸਕੱਤਰ ਦਲ ਖ਼ਾਲਸਾ)
ਮਨਧੀਰ ਸਿੰਘ (ਪੰਥ ਸੇਵਕ ਜਥਾ ਦੁਆਬਾ)
ਸਤਿਨਾਮ ਸਿੰਘ (ਜ਼ਿਲਾ ਪ੍ਰਧਾਨ ਗੁਰਦਾਸਪੁਰ ਸ਼ਹਿਰੀ ਅਕਾਲੀ ਦਲ ਅੰਮ੍ਰਿਤਸਰ)
ਦਿਲਬਾਗ ਸਿੰਘ (ਜਿਲ੍ਹਾ ਪ੍ਰਧਾਨ ਗੁਰਦਾਸਪੁਰ ਦਲ ਖ਼ਾਲਸਾ)
ਪਰਮਜੀਤ ਸਿੰਘ ਮੰਡ (ਪ੍ਰਧਾਨ ਸਿੱਖ ਯੂਥ ਆਫ਼ ਪੰਜਾਬ)
ਜਸਵਿੰਦਰ ਸਿੰਘ ਕਾਹਨੂੰਵਾਨ (ਕਥਾਵਾਚਕ)
ਗੁਰਨਾਮ ਸਿੰਘ ਮੂਨਕਾਂ(ਜਨਰਲ ਸਕੱਤਰ ਸਿੱਖ ਯੂਥ ਆਫ਼ ਪੰਜਾਬ)
ਮਨਦੀਪ ਸਿੰਘ ਨਿਹੰਗ ਸਿੰਘ (ਸਿੱਖ ਯੂਥ ਪਾਵਰ ਆਫ਼ ਪੰਜਾਬ)
ਮਿਤੀ 13-07-2021