ਦੱਖਣੀ ਏਸ਼ੀਆ ਦੀ ਭੂ-ਸਿਆਸਤ (ਜੀਓ-ਪਾਲੀਟਿਕਸ) ਦੀ ਸਰਗਰਮੀ ਇਸ ਵੇਲੇ ਜ਼ੋਰਾਂ ਉੱਤੇ ਹੈ। ਜਦੋਂ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲਿਆ ਸੀ ਤਾਂ ਉਦੋਂ ਵੀ ਭੂ-ਸਿਆਸਤ ਦੇ ਮਹਿਰਾਂ ਨੇ ਇਸ ਦਾ ਸਬੰਧ ਦੱਖਣੀ ਏਸ਼ੀਆ ਦੀ ਭੂ-ਸਿਆਸਤ ਅਤੇ ਇਸ ਖਿੱਤੇ ਵਿਚ ਕੌਮਾਂਤਰੀ ਤਾਕਤਾਂ ਦੀ ਵਧੀ ਹੋਈ ਰੁਚੀ ਨਾਲ ਜੋੜਿਆ ਸੀ। ਪਿਛਲੇ ਮਹੀਨਿਆਂ ਦੌਰਾਨ ਲੱਦਾਖ ਵਿਚ ਭਖੇ ਰਹੇ ਚੀਨ-ਇੰਡੀਆ ਤਕਰਾਰ ਨੇ ਤਾਂ ਦੱਖਣੀ ਏਸ਼ੀਆ ਦੀ ਭੂ-ਸਿਆਸਤ ਦੀ ਸਰਗਰਮੀ ਦਾ ਮਸਲਾ ਬਿਲਕੁਲ ਖੋਲ੍ਹ ਕੇ ਆਮ ਅਵਾਮ ਸਾਹਮਣੇ ਵੀ ਰੱਖ ਦਿੱਤਾ ਹੈ।
ਲੱਦਾਖ ਮਾਮਲੇ ਦੌਰਾਨ ਭਾਵੇਂ ਤਿੰਨ ਵਾਰ ਦੋਵਾਂ ਧਿਰਾਂ ਦੇ ਫੌਜੀ ਆਪਸ ਵਿੱਚ ਭਿੜੇ ਤੇ 15 ਜੂਨ ਨੂੰ ਗਲਵਾਨ ਘਾਟੀ ਵਿਖੇ ਹੋਏ ਟਕਰਾਅ ਵਿੱਚ ਜਾਨੀ ਨੁਕਸਾਨ ਵੀ ਹੋਇਆ ਪਰ ਜੁਲਾਈ ਵਿੱਚ ਘੱਟੋ-ਘੱਟ ਕਹਿਣ ਨੂੰ ਦੋਵੇਂ ਧਿਰਾਂ ਟਕਰਾਅ ਟਾਲਣ ਅਤੇ ਤਣਾਅ ਘਟਾਉਣ ਲਈ ਰਾਜੀ ਹੋ ਗਈਆਂ।
ਇਸੇ ਦੌਰਾਨ ਚੀਨ ਨੇ ਇੰਡੀਆ ਨੂੰ ਵਿਦੇਸ਼ ਨੀਤੀ ਵਿੱਚ ਪਛਾੜਦਿਆਂ ਇੰਡੀਆ ਲਈ ਨੇਪਾਲ ਅਤੇ ਭੁਟਾਨ ਵਾਲੇ ਪਾਸਿਓ ਵੀ ਚੁਣੌਤੀਆਂ ਖੜ੍ਹੀਆਂ ਕਰਵਾਈਆਂ ਹਨ। ਫਿਰ ਵੀ ਇੰਡੀਆ ਲਈ ਲੱਦਾਖ ਮਾਮਲੇ ਉੱਤੇ ਟਾਲਾ ਰਾਹਤ ਵਾਲੀ ਗੱਲ ਹੀ ਮੰਨੀ ਜਾ ਰਹੀ ਹੈ।
ਲੱਦਾਖ ਮਸਲੇ ਮੌਕੇ ਕੀਤੀ ਪੜਚੋਲ ਦੌਰਾਨ ਮਾਹਿਰਾਂ ਨੇ ਜੋ ਕਿਆਸ-ਅਰਾਈਆਂ ਕੀਤੀਆਂ ਸਨ ਉਹਨਾਂ ਵਿੱਚੋਂ ਦੋ-ਤਿੰਨ ਅਹਿਮ ਗੱਲਾਂ ਇਹ ਸਨ ਕਿ ਇੱਕ ਤਾਂ ਚੀਨ ਤੇ ਇੰਡੀਆ ਦਰਮਿਆਨ ਹੁਣ ਹਾਲਾਤ ਬਹੁਤੇ ਸਥਿਰ ਨਹੀਂ ਰਹਿਣਗੇ, ਭਾਵ ਕਿ ਇੱਥੇ ਹਲਚਲ ਹੁੰਦੀ ਹੀ ਰਹੇਗੀ; ਦੂਜੀ ਇਹ ਕਿ ਚੀਨ ਹਿਮਾਚਲ ਸਮੇਤ ਜਿੱਥੇ ਕਿਤੇ ਵੀ ਸੰਭਾਵਨਾ ਪਈ ਹੈ ਉਨ੍ਹਾਂ ਸਾਰੀਆਂ ਥਾਵਾਂ ਉੱਤੇ ਦਖਲ ਦੇ ਸਕਦਾ ਹੈ ਅਤੇ ਤੀਜੀ ਗੱਲ ਇਹ ਸੀ ਕਿ ਹੁਣ ਸਰਹੱਦਾਂ ਸਖਤ ਹੋਣਗੀਆਂ ਅਤੇ ਇੰਡੀਆ ਨੂੰ ਆਪਣੀ ਫੌਜ ਤੇ ਸਿਰਮਾਇਆ ਚੀਨ ਨਾਲ ਲੱਗਦੀ ਹੱਦ ਉੱਤੇ ਵਧੇਰੇ ਖਚਤ ਕਰਨ ਲਈ ਮਜਬੂਰ ਹੋਣਾ ਪਵੇਗਾ।
ਹੁਣ ਜੋ ਖਬਰਾਂ ਆ ਰਹੀਆਂ ਹਨ ਉਹ ਇਨ੍ਹਾਂ ਹੀ ਗੱਲਾਂ ਵੱਲ ਹੀ ਇਸ਼ਾਰਾ ਕਰ ਰਹੀਆਂ ਹਨ। ਇੰਡੀਅਨ ਫੌਜ ਦੇ ਇੱਕ ਸਾਬਕਾ ਜਨਰਲ ਨੇ ਇਸ ਗੱਲ ਦਾ ਖਦਸ਼ਾ ਜਤਾਇਆ ਹੈ ਕਿ ਚੀਨ ਵੱਲੋਂ ਹਿਮਾਚਲ ਪ੍ਰਦੇਸ਼ ਵਿੱਚ ਦਖਲ ਦਿੱਤਾ ਜਾ ਸਕਦਾ ਹੈ।
ਖਬਰਾਂ ਹਨ ਕਿ
ਅਕਸਾਈ ਚਿਨ ਦੇ ਖੇਤਰ ਵਿੱਚ ਚੀਨ ਦੇ 50,000 ਫੌਜੀ ਤਾਇਨਾਤ ਹਨ। ਇਸ ਦੇ ਮੁਕਾਬਲੇ ਇੰਡੀਆ ਨੇ ਵੀ ਟੀ-90 ਟੈਂਕਾਂ ਦੀ ਇੱਕ ਸੁਕਾਰਡਨ, ਆਰਮਡ ਪਰਸਨਲ ਕੈਰੀਅਰ ਅਤੇ ਇਕ ਟਰੁੱਪ ਬਿ੍ਰਗੇਡ (4000 ਫੌਜੀ) ਤਾਇਨਾਤ ਕੀਤੇ ਹੋਏ ਹਨ।
ਸਾਬਕਾ ਲੈਫਟੀਨੈਂਟ ਜਨਰਲ (ਰਿਟਾਇਰਡ) ਪੀ.ਸੀ. ਕਟੋਚ ਮੁਤਾਬਿਕ ਚੀਨ ਦੀ ਫੌਜ ਖੀਮੋਕੁਲ ਪਾਸ ਕੋਲ ਇੱਕ ਸੜਕ ਬਣਾ ਰਹੀ ਹੈ ਜੋ ਕਿ ਹਿਮਾਚਲ ਪ੍ਰਦੇਸ਼ ਦੇ ਕਿੰਨੌਰ ਜਿਲ੍ਹੇ ਦੀ ਮੋਰੰਗ ਘਾਟੀ ਨੇੜੇ ਆ ਢੁੱਕਦੀ ਹੈ।
ਦੱਸ ਦੇਈਏ ਕਿ ਹਿਮਾਚਲ ਪ੍ਰਦੇਸ਼ ਦੀ 260 ਕਿੱਲੋ-ਮੀਟਰ ਹੱਦ ਚੀਨ ਨਾਲ ਲੱਗਦੀ ਹੈ ਜਿਸ ਵਿਚੋਂ 140 ਕਿੱਲੋ-ਮੀਟਰ ਹੱਦ ਕਿੰਨੌਰ ਜਿਲ੍ਹੇ ਦੀ ਹੈ ਅਤੇ 80 ਕਿ.ਮੀ. ਹੱਦ ਲਾਹੌਲ ਤੇ ਸਪੀਤੀ ਜਿਲ੍ਹੇ ਦੀ ਹੈ।
ਤਾਜਾ ਖਬਰਾਂ ਮੁਤਾਬਿਕ ਇਸ ਦੌਰਾਨ ਚੀਨ ਵੱਲੋਂ ਤਿੱਬਤ ਵਿੱਚ ਯਾਮ-ਰੰਗ ਲਾ ਪਾਸ, ਜੋ ਕਿ ਕਿੰਨੌਰ ਜਿਲ੍ਹੇ ਦੀ ਸੰਗਲਾ ਘਾਟੀ ਵਾਲੇ ਪਾਸੇ ਹੈ, ਵੱਲ ਵੀ ਸੜਕ ਬਣਾਈ ਜਾ ਰਹੀ ਹੈ। ਅਸਾਰ ਹਨ ਕਿ ਚੀਨ ਇਸ ਨੂੰ ਦੋ ਕਿੱਲੋਮੀਟਰ ਅੱਗੇ ‘ਨੋ-ਮੈਨਜ਼ ਲੈਂਡ’ ਤੱਕ ਵਧਾ ਲਵੇਗਾ।
ਹਾਲ ਵਿੱਚ ਹੀ ਚਿਰਾਗ ਪਿੰਡ ਤੋਂ ਫੌਜੀਆਂ ਤੇ ਸਥਾਨਕ ਲੋਕਾਂ ਦੀ ਇੱਕ 9 ਜਣਿਆਂ ਦੀ ਸਾਂਝੀ ਟੁਕੜੀ 16 ਖੱਚਰਾਂ ਤੇ 5 ਕੁਲੀਆਂ ਨਾਲ 22 ਕਿੱਲੋ ਮੀਟਰ ਦਾ ਸਫਰ ਤੈਅ ਕਰਕੇ ਐਲ.ਓ.ਸੀ. ਨੇੜੇ ਪੁੱਜੇ ਤਾਂ ਉਨ੍ਹਾਂ ਵੇਖਿਆ ਕਿ ਚੀਨ ਨੇ ਇੰਡੀਆ ਵਾਲੇ ਪਾਸੇ ਨੂੰ ਕਰੀਬ 20 ਕਿੱਲੋ ਮੀਟਰ ਸੜਕ ਬਣਾ ਲਈ ਹੈ।
ਅਕਤੂਬਰ 2019 ਤੱਕ ਇਹ ਸੜਕ ਤਿੱਬਤ ਵਿਚਲੇ ਟੈਂਗਓਨ ਪਿੰਡ ਤੱਕ ਹੀ ਬਣੀ ਹੋਈ ਸੀ। ਹੁਣ ਇਸ ਸੜਕ ਦੀ ਉਸਾਰੀ ਪੰਜ ਵੱਡੀਆਂ ਕਰੇਨਾਂ ਤੇ ਕਈ ਵੱਡੇ ਡੰਪ ਟਰੱਕਾਂ ਨਾਲ ਕੀਤੀ ਜਾ ਰਹੀ ਹੈ।
ਪੀ. ਸੀ. ਕਟੋਚ
ਇੰਡੀਆ ਸਿਆਲ ਦੀ ਆਮਦ ਉੱਤੇ ਵੀ ਬੇਫਿਕਰ ਨਹੀਂ ਹੋ ਸਕੇਗਾ ਕਿਉਂਕਿ ਚੀਨ ਲਈ ਬਰਫ ਤੇ ਸਿਆਲ ਸੜਕ ਬਣਾਉਣ ਦੇ ਰਾਹ ਦਾ ਅੜਿੱਕਾ ਨਹੀਂ ਹੈ।
ਇਸ ਸਾਬਕਾ ਉੱਚ ਫੌਜੀ ਅਫਸਰ ਦਾ ਇਹ ਵੀ ਕਹਿਣਾ ਹੈ ਕਿ ਘਰੇਲੂ ਸਿਆਸਤ ਕਰਕੇ ਚੀਨ ਵੱਲੋਂ ਇੰਡੀਆ ਦੇ ਦਾਅਵੇ ਵਾਲੇ ਖੇਤਰਾਂ ਵਿੱਚ ਦਾਖਲੇ ਦੀ ਗੱਲ ਇੰਡੀਆ ਦੀ ਸਰਕਾਰ ਕਬੂਲ ਨਹੀਂ ਕਰਦੀ ਅਤੇ ਦੂਜੇ ਬੰਨੇ ਚੀਨ ਇੰਡੀਆ ਨਾਲ ਲੱਗਦੀ ਸਾਰੀ ਐਲ.ਓ.ਸੀ. ਉੱਤੇ ਜਿੱਥੇ ਵੀ ਮੌਕਾ ਬਣੇ ਇੰਡੀਆ ਦੇ ਦਾਅਵੇ ਵਾਲੇ ਖੇਤਰ ਵਿੱਚ ਦਾਖਲ ਹੋਵੇਗਾ। ਇਹ ਗੱਲ ਹੁਣ ਮਾਅਨੇ ਨਹੀਂ ਰੱਖਦੀ ਕਿ ਚੀਨ ਪਹਿਲਾਂ ਕਿਸੇ ਖੇਤਰ ਉੱਤੇ ਆਪਣਾ ਦਾਅਵਾ ਜਤਾਉਂਦਾ ਸੀ ਜਾਂ ਨਹੀਂ, ਕਿਉਂਕਿ ਇਹ ਵੀ ਪਹਿਲੀ ਵਾਰ ਹੋਇਆ ਹੈ ਕਿ ਚੀਨ ਨੇ ਸਾਰੀ ਗਲਵਾਨ ਘਾਟੀ ਉੱਤੇ ਆਪਣਾ ਹੱਕ ਜਤਾਇਆ ਹੈ।
ਇਸੇ ਦੌਰਾਨ ਇਹ ਵੀ ਖਬਰਾਂ ਹਨ ਕਿ ਚੀਨ ਨੇ ਲਿਪੂਲੇਖ ਪਾਸ ਕੋਲ ਆਪਣੀਆਂ ਫੌਜਾਂ ਦੀ ਸਰਗਰਮੀ ਵਧਾ ਦਿੱਤੀ ਹੈ। ਇਹ ਥਾਂ ਮਾਨਸਰੋਵਰ ਯਾਤਰਾ ਦੇ ਰਾਹ ਵਿੱਚ ਪੈਂਦੀ ਹੈ। ਇਹ ਪਾਸ ਕੁਝ ਮਹੀਨੇ ਪਹਿਲਾਂ ਖਾਸੀ ਚਰਚਾ ਵਿੱਚ ਸੀ ਕਿਉਂਕਿ ਨੇਪਾਲ ਨੇ ਇੱਥੇ ਇੰਡਆ ਵੱਲੋਂ ਬਣਾਈ ਗਈ 80 ਕਿੱਲੋਮੀਟਰ ਸੜਕ ਉੱਤੇ ਇਤਰਾਜ ਜਤਾਇਆ ਸੀ। ਖਬਰਖਾਨਾ ਕਹਿ ਰਿਹਾ ਹੈ ਕਿ ਇਸ ਖਿੱਤੇ ਵਿੱਚ ਚੀਨੀ ਫੌਜ ਦੀ ਤਾਇਨਾਤੀ ਚੀਨ ਵੱਲੋਂ ਇੰਡੀਆ ਨੂੰ ਦਿੱਤਾ ਜਾ ਰਿਹਾ ਚਣੌਤੀ ਭਰਪੂਰ ‘ਸਿਗਨਲ’ ਹੈ।
ਚੀਨ ਨਾਲ ਲੱਗਦੀ ਇੰਡੀਆ ਦੀ ਕਰੀਬ ਸਾਰੀ ਹੱਦ ਹੀ ਹੁਣ ਸਰਗਰਮ ਹੋ ਰਹੀ ਹੈ ਕਿਉਂਕਿ ਚੀਨ ਲੱਦਾਖ ਤੋਂ ਇਲਾਵਾ ਹੋਰਨਾਂ ਇਲਾਕਿਆਂ ਵਿੱਚ ਵੀ ਆਪਣੇ ਵਾਲੇ ਬੰਨੇ ਆਪਣੀ ਫੌਜੀ ਹਾਜ਼ਰੀ ਨੂੰ ਖੁੱਲ੍ਹ ਕੇ ਜ਼ਾਹਰ ਕਰ ਰਿਹਾ ਹੈ ਅਤੇ ਨਾਲ ਹੀ ਮੁੱਢਲੇ ਢਾਂਚੇ, ਖਾਸ ਕਰਕੇ ਸੜਕਾਂ ਦੀ ਉਸਾਰੀ ਤੇਜ਼ੀ ਨਾਲ ਕਰ ਰਿਹਾ ਹੈ।
ਹੁਣ ਤਾਂ ਇੰਡੀਆ ਦੇ ਉੱਚ ਫੌਜੀ ਅਫਸਰ ਵੀ ਇਹ ਗੱਲ ਕਹਿਣ ਲੱਗ ਪਏ ਹਨ ਕਿ
ਚੀਨ ਵੱਲੋਂ ਅਜਿਹੀ ਸਥਿਤੀ ਪੈਦਾ ਕੀਤੀ ਜਾ ਰਹੀ ਹੈ ਕਿ ਇੰਡੀਆ ਲਈ ਹੁਣ ਸਰਹੱਦ ਵੱਲੋਂ ਅੱਖ ਹਟਾਉਣੀ ਵੀ ਔਖੀ ਹੋ ਜਾਵੇਗੀ।
ਇਹ ਸਥਿਤੀ ਇਸ ਖਿੱਤੇ ਦੀ ਬਣਤਰ ਤੇ ਮੌਸਮ ਦੇ ਮੱਦੇਨਜ਼ਰ ਹੋਵ ਵੀ ਔਖੀ ਹੋ ਜਾਂਦੀ ਹੈ ਕਿਉਂਕਿ ਅਤਿ ਠੰਡ ਵਾਲੇ ਉੱਚੇ ਪਹਾੜੀ ਖੇਤਰਾਂ ਤੱਕ ਇੰਡਆ ਲਈ ਪਹੁੰਚ ਬਣਾਈ ਰੱਖਣੀ ਤੇ ਫੌਜੀਆਂ ਨੂੰ ਠੰਡ ਤੋਂ ਬਚਾਈ ਰੱਖਣਾ ਹਾਲ ਦੀ ਘੜੀ ਬਹੁਤੀ ਸੰਭਵ ਗੱਲ ਨਹੀਂ ਹੈ। ਇੰਡੀਆ ਨੇ ਅਮਰੀਕਾ, ਰੂਸ ਅਤੇ ਯੂਰਪ ਦੇ ਉਤਪਾਦਕਾਂ ਨੂੰ ਫੌਜੀਆਂ ਲਈ ਲੋੜੀਂਦੇ ਗਰਮ ਲੀੜੇ ਅਤੇ ਬਰਫ ਚ ਕਾਰਗਰ ਰਹਿਣ ਵਾਲੇ ਟੈਂਟ ਹੰਗਾਮੀ ਹਾਲਤ ਵਿੱਚ ਬਣਾ ਕੇ ਦੇਣ ਲਈ ਕਿਹਾ ਹੈ।
ਗਲਵਾਨ ਖਾੜੀ ਵਿੱਚ ਤਣਾਅ ਘਟਾਉਣ ਬਾਰੇ ਹੋਏ ਸਮਝੌਤੇ ਦੀ ਗੱਲ ਕਰੀਏ ਤਾਂ ਇੰਡੀਆ ਦੀ ਸਰਕਾਰ ਨੇ ਜਿਵੇਂ ਦਾ ਪ੍ਰਭਾਵ ਸਿਰਜਣ ਦੀ ਕੋਸ਼ਿਸ਼ ਕੀਤੀ ਸੀ ਉਹ ਦਿਵਾਲੀ ਤੋਂ ਪਹਿਲਾਂ ਦੀਵੇ ਬਾਲ ਲੈਣ ਵਾਲੀ ਗੱਲ ਸੀ। ਹੁਣ ਦੀਆਂ ਖਬਰਾਂ ਤੋਂ ਸਪਸ਼ਟ ਹੋ ਰਿਹਾ ਹੈ ਕਿ ਚੀਨੀ ਫੌਜ ਹਾਲ ਦੀ ਘੜੀ ਪਹਿਲੀਆਂ ਥਾਵਾਂ ਉੱਤੇ ਵਾਪਿਸ ਪਰਤਣ ਦਾ ਕੋਈ ਇਰਾਦਾ ਨਹੀਂ ਰੱਖਦੀ।
ਇੰਡੀਆ ਇਹੀ ਦਰਸਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਚੀਨ ਵਾਲੇ ਮਸਲੇ ਵਿੱਚ ਸਥਿਤੀ ਮੁੜ ਪਹਿਲਾਂ ਵਾਲੀ ਹੀ ਹੋਣ ਵੱਲ ਵਧਦੀ ਰਹੀ ਹੈ। ਪਰ ਜਿਵੇਂ ਕਿ ਪਹਿਲਾਂ ਗੱਲਬਾਤ ਰੂਪ ਚ ਕੀਤੀਆਂ ਪੜਚੋਲਾਂ ਵਿੱਚ ਐਲ.ਓ.ਸੀ. ਦੇ ਹਾਲਤ ਦੇ ਸਥਿਰ ਨਾ ਰਹਿਣਾ, ਲੱਦਾਖ ਤੋਂ ਇਲਾਵਾ ਹੋਰਨਾਂ ਥਾਵਾਂ ਉੱਤੇ ਵੀ ਚੀਨ ਵੱਲੋਂ ਚਣੌਤੀਆਂ ਖੜੀਆਂ ਕਰਨ ਅਤੇ ਇੰਡੀਆ ਦੀਆਂ ਫੌਜਾਂ ਦੀ ਐਲ.ਓ.ਸੀ. ਉੱਤੇ ਤੈਨਾਤੀ ਵਧਣ ਤੇ ਇਸ ਉੱਤੇ ਕਿਤੇ ਵੱਧ ਸਿਰਮਾਇਆ ਖਚਤ ਹੋਣ ਦੀਆਂ ਕਿਆਸ-ਅਰਾਈਆਂ ਕੀਤੀਆਂ ਗਈਆਂ ਸਨ, ਹਾਲੀਆਂ ਘਟਨਾਵਾਂ ਇਸੇ ਮੁਹਾਣ ਦੀ ਹੀ ਤਾਈਦ ਕਰ ਰਹੀਆਂ ਹਨ।