ਕਲਾਸ਼ਨੀਕੋਵ ਤੇ ਕਲਮ ਦੇ ਅੰਗ-ਸੰਗ ‘ਭਾਈ ਦਲਜੀਤ ਸਿੰਘ’

ਕਲਾਸ਼ਨੀਕੋਵ ਤੇ ਕਲਮ ਦੇ ਅੰਗ-ਸੰਗ ‘ਭਾਈ ਦਲਜੀਤ ਸਿੰਘ’

ਜਦੋਂ ਕਦੇ ਮੈਂ ਸੰਤ ਰਾਮ ਉਦਾਸੀ ਦੀ ਕਵਿਤਾ;

‘ਅਸੀਂ ਸੜਕਾਂ ‘ਤੇ ਡਾਂਗਾਂ ਦੀ ਅੱਗ ਸੇਕੀ
ਐਪਰ ਹੱਕਾਂ ਨੂੰ ਠੰਡ ਲਵਾਈ ਤਾਂ ਨਹੀਂ
ਸਾਡਾ ਕਾਤਲ ਹੀ ਕੱਚਾ ਨਿਸ਼ਾਨਚੀ ਸੀ
ਅਸੀਂ ਗੋਲ਼ੀ ਤੋਂ ਹਿੱਕ ਭਵਾਈ ਤਾਂ ਨਹੀਂ’

ਪੜਦਾ ਹਾਂ ਇਕ ਵਾਰ ਭਾਈ ਦਲਜੀਤ ਸਿੰਘ ਵਰਗੇ ਖਾੜਕੂ ਜਰਨੈਲਾਂ ਦਾ ਖਿਆਲ ਜਰੂਰ ਆਉਂਦਾ ਹੈ, ਭਾਈ ਦਲਜੀਤ ਸਿੰਘ ਦੇ ਮੈਂ ਬਹੁਤਾ ਨੇੜੇ ਤਾਂ ਨਹੀਂ ਰਿਹਾ ਪਰ ਉਂਝ ਦੂਰ ਵੀ ਕੋਈ ਨਹੀਂ ਸੀ, ਮੇਰੀ ਇਕ ਕਿਤਾਬ ‘ਬਾਗੀ ਕਵਿਤਾਵਾਂ’ ਓਹਨਾਂ ਰਿਲੀਜ ਕੀਤੀ ਸੀ, ਬਰਨਾਲੇ ਵਾਲੇ ਘਰ ਵੀ ਸਬੱਬ ਬਣਦਾ ਰਿਹਾ ਤੇ ਓਦਾਂ ਵੀ ਪੰਥਕ ਸਫਾਂ ਵਿਚ ਮਿਲਵਰਤਣ ਬਣਿਆਂ ਰਿਹਾ, ਇਸ ਕਰਕੇ ਬੜੇ ਮੌਕੇ ਅਜਿਹੇ ਬਣੇ ਜੋ ਯਾਦਾਂ ਦਾ ਖੂਬਸੂਰਤ ਸਰਮਾਇਆ ਬਣਕੇ ਚੇਤਿਆਂ ‘ਚ ਵਸੇ ਹੋਏ ਹਨ, ਬੇਸ਼ੱਕ ਓਹ ਬਾਪੂ ਜੀ ਤੋਂ ਉਮਰ ਵਿੱਚ ਕੇਵਲ ਇਕ ਸਾਲ ਛੋਟੇ ਹਨ ਪਰ ਮੇਰੇ ਲਈ ਹਮੇਸ਼ਾਂ ਭਾਈ ਸਾਹਿਬ ਹੀ ਰਹੇ, ਮੈਂ ਓਦੋਂ ਅਜੇ ਜੰਮਿਆਂ ਨਹੀਂ ਸੀ ਜਦੋਂ 1985 ਵਿੱਚ ਓਹ ਆਪਣੀ ਵੈਟਨਰੀ ਵਿਗਿਆਨ ਦੀ ਡਿਗਰੀ ਛੱਡਕੇ ‘ਦਿੱਲੀ ਗਰੁਪ’ ਰਾਹੀਂ ਖਾੜਕੂ ਸੰਘਰਸ਼ ਵਿੱਚ ਸਰਗਰਮ ਹੋ ਗਏ, ਭਾਈ ਸਾਹਿਬ ਨੇ ਰੂਪੋਸ਼ੀ ਅਤੇ ਬੰਦੀ ਜੀਵਨ ਵਜੋਂ ਜਿੰਦਗੀ ਦੇ ਤਕਰੀਬਨ ਚੌਵੀ ਵਰ੍ਹੇ ਕੌਮੀਂ ਸੰਘਰਸ਼ ਲੇਖੇ ਲਾਏ ਹਨ, ਇਹ ਗੱਲਾਂ ਮੈਂ ਇਸ ਕਰਕੇ ਲਿਖੀਆਂ ਹਨ ਕਿ ਮੈਂ ਇਸ ਕਿਤਾਬ ਦਾ ਰੀਵਿਊ ਕਰਨ ਲਈ ਬੌਣਾ ਸਖਸ਼ ਹਾਂ ਪਰ ਫਿਰ ਵੀ ਦਿਲ ਕੀਤਾ ਕਿ ਕੁਝ ਨਾ ਕੁਝ ਜਰੂਰ ਲਿਖਾਂ

300 ਪੰਨਿਆਂ ਦੀ ਇਹ ਕਿਤਾਬ ਮੈਂ ਦੋ ਬੈਠਕਾਂ ਵਿੱਚ ਪੜ੍ਹੀ ਹੈ, ਛੇ ਭਾਗਾਂ ਵਿੱਚ ਵੰਡੀ ਇਹ ਕਿਤਾਬ ਨਿੱਕੀਆਂ-ਨਿੱਕੀਆਂ ਪਰ ਅਹਿਮ ਕਹਾਣੀਆਂ ਦਾ ਸੁਮੇਲ ਹੈ, ਪੜ੍ਹਕੇ ਮੇਰੀ ਮਾਨਸਿਕ ਸਥਿਤੀ ਇਹ ਹੈ ਕਿ ਕਿਸੇ ਨੇ ਤੁਹਾਨੂੰ ਤੁਹਾਡੇ ਸਭ ਤੋਂ ਪਸੰਦੀਦਾ ਸਵਾਦਲੇ ਭੋਜਨ ਦਾ ਇਕ ਚਮਚਾ ਦੇ ਕੇ ਸਵਾਦ ਪੁੱਛਿਆ ਹੋਵੇ ਤੇ ਤੁਸੀਂ ਕਹੋ ਆਹਾ ਨਜਾਰਾ ਆ ਗਿਆ ਹੋਰ ਲਿਆਓ, ਤੇ ਅੱਗੋਂ ਜਵਾਬ ਮਿਲੇ ਬਾਕੀ ਤਾਂ ਅਜੇ ਬਣਦਾ ਹੈ, ਕਿਤਾਬ ਓਸ ਮੋੜ ਤੇ ਜਾਕੇ ਮੁੱਕ ਜਾਂਦੀ ਹੈ ਜਦੋਂ ਖਾੜਕੂ ਸੰਘਰਸ਼ ਨਾਲ ਤੁਸੀਂ ਇਕ-ਮਿੱਕ ਹੋਏ ਹੁੰਦੇ ਹੋ,,, ਤੁਹਾਡਾ ਮਨ ਦੂਜੇ ਚਮਚੇ ਦੀ ਚਾਹਤ ਵਾਂਗ ਕਹਿੰਦਾ ਹੈ ਹੋਰ ਪੰਨਾ ਪਲਟੋ ਪਰ ਅੱਗੇ ਪੰਨਾ ਹੈ ਕੋਈ ਨਹੀਂ,,, ਅਗਲੇ ਪੰਨੇ ਤਾਂ ਅਜੇ ਲਿਖੇ ਜਾ ਰਹੇ ਹਨ,,, ਏਸ ਲੜੀ ਦੀ ਅਗਲੀ ਕਿਤਾਬ ਨੂੰ ਹੁਣ ਤੁਸੀਂ ਉਡੀਕਣਾ ਹੈ ਬੱਸ,,,

ਖਾੜਕੂ ਸੰਘਰਸ਼ ਦੀ ਇਹ ਸਾਖੀ ਗੁਰਬਾਣੀ ਦੇ ਅਦਬ ਵਜੋਂ ਸਵਰਨ ਸਿੰਘ ਘੋਟਣੇ ਅਤੇ ਚਟੋਪਾਧਿਆ ਦੀ ਜਾਨ ਬਖਸ਼ੀ ਨਾਲ ਪਹਿਲੀ ਪਰਵਾਜ਼ ਭਰਦੀ ਹੈ, ਤੇ ਅੱਗੇ ਇਕ ਲੰਬੀ ਦਾਸਤਾਨ ਹੈ, ਮੈਂ ਰੀਵਿਊ ਨੂੰ ਸੰਖੇਪ ਰੱਖਣ ਦਾ ਅਹਿਦ ਕਰਕੇ ਕੇਵਲ ਇਸ਼ਾਰੇ ਹੀ ਕਰਾਂਗਾ ਤਾਂ ਜੋ ਪਾਠਕ ਨੂੰ ਸਾਖੀ ਪੜਨ ਦੀ ਚੇਟਕ ਲੱਗ ਜਾਵੇ, ਦਰਬਾਰ ਸਾਹਿਬ ਤੇ ਹਮਲੇ ਤੋਂ ਬਾਅਦ ਅਨੇਕਾਂ ਜੁਝਾਰੂਆਂ ਵਾਂਗ ਭਾਈ ਦਲਜੀਤ ਸਿੰਘ ਦੀ ਜਿੰਦਗੀ ਨੇ ਵੀ ਅਹਿਮ ਮੋੜ ਲਿਆ, ਓਹ ਲਿਖਦੇ ਹਨ ‘ਹੁਣ ਜੋ ਬੀਤ ਗਿਆ ਓਹ ਬੀਤ ਗਿਆ ਹੁਣ ਸਾਡਾ ਓਸ ਨਾਲ ਕੋਈ ਨਾਤਾ ਨਹੀਂ ਰਹੇਗਾ…. ਹੁਣ ਸਾਨੂੰ ਪਹਿਲੇ ਵਾਲਾ ਜੀਵਨ ਮੌਤ ਵਰਗਾ ਲਗਦਾ ਸੀ ਤੇ ਆਉਣ ਵਾਲੀ ਜੰਗ ਜਿੰਦਗੀ ਭਰੀ’,,, ਪ੍ਰੋਫੈਸਰ ਬਾਪੂਆਂ ਦੇ ਬੱਚੇ ਸਕੂਟਰ ਲੈਕੇ ਇਕ ਵੱਡੇ ਮਕਸਦ ਦੀ ਭਾਲ ਵਿੱਚ ਨਿਕਲ ਤੁਰੇ,,, ਹਰੀਕੇ ਪੁਲ ਤੇ ਤਲਾਸ਼ੀ ਹੋਈ ਇਕ ਮੇਜਰ ਨੇ ਕਿਹਾ ‘ਤੁਹਾਡਾ ਦਿਮਾਗ ਤਾਂ ਸਹੀ ਹੈ, ਤੁਸੀਂ ਇਸ ਤਰਾਂ ਕਿੱਧਰ ਮੂੰਹ ਚੁੱਕਿਆ ਹੈ? ਤੁਹਾਨੂੰ ਘਰ ਵਾਲਿਆਂ ਦੀ ਕੋਈ ਪਰਵਾਹ ਹੈ?

ਪਰ ਗੁਰੂ ਸਾਹਿਬ ਫੁਰਮਾਨ ਕਰਦੇ ਹੈਨ;

ਰੰਗਿ ਹਸਹਿ ਰੰਗਿ ਰੋਵਹਿ ਚੁਪ ਭੀ ਕਰਿ ਜਾਹਿ ॥
ਪਰਵਾਹ ਨਾਹੀ ਕਿਸੈ ਕੇਰੀ ਬਾਝੁ ਸਚੇ ਨਾਹ ॥

ਜਿਵੇਂ ਰੱਬ ਦੇ ਪਿਆਰਿਆਂ ਨੂੰ ਓਹਦੇ ਨਾਮ ਤੋਂ ਬਿਨਾ ਕਿਸਦੀ ਪਰਵਾਹ? ਤੇ ਜਦੋਂ ਰੱਬ ਤੇ ਘਰ ਦੀ ਬੇਅਦਬੀ ਹੋ ਜਾਵੇ, ਇਲਾਹੀ ਗੁਰਬਾਣੀ ਦੇ ਅਦਬ ਨੂੰ ਭੰਗ ਕੀਤਾ ਗਿਆ ਹੋਵੇ, ਸੈਂਕੜੇ ਸਿੰਘ ਇਸ ਹਕੂਮਤੀ ਦਹਿਸ਼ਤਗਰਦੀ ਖਿਲਾਫ ਹਿੱਕਾਂ ਡਾਹ ਕੇ ਲੜੇ ਹੋਣ ਤਾਂ ਓਸ ਕੌਮ ਦੇ ਗੱਭਰੂਆਂ ਦਾ ਬੇਪਰਵਾਹ ਹੋ ਜਾਣਾ ਲਾਜਿਮ ਸੀ ਤੇ ਓਹ ਹੋ ਗਏ

ਸਾਖੀ ਅੱਗੇ ਤੁਰਦਿਆਂ ਅਜਿਹੇ ਅਣਗੌਲੇ ਤੱਥ ਪੇਸ਼ ਕਰਦੀ ਹੈ ਜੋ ਬਹੁਤ ਅਹਿਮ ਹਨ ਮਸਲਨ; ਅੰਮ੍ਰਿਤਸਰ ਸਾਹਿਬ ਦੇ ਇਕ ਸਰਹੱਦੀ ਪਿੰਡ ਦੀ ਇਕ ਵਿਧਵਾ ਬੀਬੀ ਪੁਲੀਸ ਦਾ ਅੰਨ੍ਹਾਂ ਤਸ਼ੱਦਦ ਸਹਿ ਕੇ ਵੀ ਗੁਪਤ ਭੋਰੇ ਵਿੱਚ ਪਏ ਸਿੰਘਾਂ ਦੇ ਹਥਿਆਰ ਤੇ ਹੋਰ ਅਮਾਨਤ ਬਾਰੇ ਭੇਤ ਨਹੀਂ ਖੋਲ੍ਹਦੀ, ਓਸਦੇ ਬਜੁਰਗ ਸਹੁਰੇ ਨੂੰ ਵੀ ਤਸੀਹਾ ਕੇਂਦਰ ਲਿਆਦਾ ਗਿਆਂ ਪਰ ਓਹ ਟੁੱਟਦੀ ਨਹੀਂ,, ਦੂਜੇ ਪਾਸੇ ਓਸੇ ਅਮਾਨਤ ਦਾ ਮਾਲਕ ਆਗੂ ਜਦੋਂ ਫੜਿਆ ਗਿਆ ਤਾਂ ਏਨਾ ਡਰ ਗਿਆ ਕਿ ਸਭ ਕੁਝ ਬਕ ਗਿਆ, ਸਾਖੀ ਵਿੱਚ ਇਸ ਤਰਾਂ ਦੇ ਦੋ ਹੋਰ ਵਾਕਿਆਤ ਹਨ,,, ਇਕ ਸੂਬੇਦਾਰ ਸਾਹਿਬ ਵਾਲਾ ਹੈ ਓਹ ਵੀ ਬੜੀ ਦਲੇਰੀ ਨਾਲ ਸਭ ਕੁਝ ਖਿੜੇ ਮੱਥੇ ਜਰਦੇ ਹਨ ਪਰ ਜਿਸ ਦੀ ਖਾਤਿਰ ਜਰਦੇ ਹਨ ਓਹ ਪਲ ਵੀ ਨਹੀਂ ਲਾਉਂਦਾ,,, ਪੁਲੀਸ ਵੱਲੋਂ ਅਜਿਹੇ ਕਮਜ਼ੋਰ ਸਖਸ਼ ਜਦੋਂ ਇਹਨਾਂ ਸਿਦਕੀਆਂ ਦੇ ਸਾਹਮਣੇ ਬਿਠਾਏ ਜਾਂਦੇ ਹਨ ਤਾਂ ਸਾਖੀ ਵਿਚਲੇ ਓਹ ਪਲ ਮਹਿਸੂਸ ਕਰਨ ਵਾਲੇ ਹਨ,, ਸੂਬੇਦਾਰ ਸਾਹਿਬ ਦੇ ਪੁਲੀਸ ਨੂੰ ਦਿਤੇ ਜਵਾਬ ਵੀ ਲਹਿਰ ਦੀ ਰੂਹ ਦੇ ਹਾਣੀ ਹਨ,,, ਅੱਜ ਸਾਡੇ ਲੋਕ ਬੜਾ ਸੌਖਾ ਕਹਿ ਦਿੰਦੇ ਹਨ ‘ਕਾਲੇ ਦੌਰ ਵੇਲੇ ਜਾਂ ਅਤਿਵਾਦ ਵੇਲੇ’ ਇਹ ਸਰਕਾਰੀ ਬੋਲੀ ਹੈ ਸਾਡੇ ਲੋਕਾਂ ਨੂੰ ਹਜ਼ੂਰੀ ਮੀਡੀਆ ਨੇ ਇਹ ਲਫਜ ਦਿਤੇ ਹਨ,,, ਸਾਖੀ ਵਿੱਚ ਜਿਕਰ ਹੈ ਕਿ ਸੂਬੇਦਾਰ ਸਾਹਿਬ ਓਤੇ ਬਹੁਤਾ ਤਸ਼ੱਦਦ ਇਸ ਗੱਲ ਤੇ ਈ ਹੋਇਆ ਕਿ ਓਹ ਖਾੜਕੂ ਸਿੰਘ ਕਹਿਣੋਂ ਨਹੀਂ ਹਟੇ, ਪੁਲੀਸ ਕੁਟਦੀ ਰਹੀ ਕਿ ਅੱਤਵਾਦੀ ਕਹੋ,,,,

ਸਾਖੀ ਇਕ ਸਿਕਲੀਗਰ ਸਿੱਖ ਬੀਬੀ ਦਾ ਵਿਸ਼ੇਸ਼ ਜਿਕਰ ਕਰਦੀ ਹੈ, ਜੋ ‘ਮੌਤ ਦੇ ਭਿਅੰਕਰ ਰੂਪ ਨਾਲ ਇਕਸਾਰ ਹੋ ਚੁੱਕੀ ਸੀ…ਹੁਣ ਮੌਤ ਇਸਨੂੰ ਕੁਝ ਨਹੀਂ ਕਹਿੰਦੀ ਸੀ ਬਲਕਿ ਇਸਨੂੰ ਲਗਦਾ ਸੀ ਮੌਤ ਇਸਦੇ ਨਾਲ ਹੀ ਰਹਿਣ ਲੱਗ ਪਈ’
ਸਾਖੀ ਜੂਨ ਚੁਰਾਸੀ ਦੇ ਅਣਜਾਣੇ ਸਿਦਕੀਆਂ ਦੀ ਬਾਤ ਵੀ ਪਾਉਂਦੀ ਹੈ ‘ਜਦੋਂ ਸੰਗਤ ਪਿੰਜਰੇ ਵਿੱਚ ਤੁੰਨੇ ਕਸਾਈ ਦੇ ਮੁਰਗਿਆਂ ਵਾਂਗ ਤੰਗ ਕਮਰਿਆਂ ਵਿੱਚ ਜਕੜੀ ਹੋਈ ਸੀ… ਜਦੋਂ ਫੌਜੀ ਤਸ਼ੱਦਦ, ਹੁੰਮਸ, ਪਾਣੀ ਦੀ ਘਾਟ ਕਰਕੇ ਹੌਲੀ-ਹੌਲੀ ਬੰਦੇ ਥੱਲੇ ਡਿਗਦੇ ਗਏ ਤਾਂ ਇਕ 50 ਕੁ ਸਾਲ ਦੀ ਬੀਬੀ ਨੇ ਕਿਵੇਂ ਚੜਦੀਕਲਾ ਵਰਤਾਈ,,,

ਸਾਖੀ ਆਪਣੇ ਆਪ ਵਿੱਚ ਸੰਪੂਰਨ ਜਰੂਰ ਹੈ ਪਰ ਇੱਥੇ ਮੈਂ ਜੇਕਰ ਪਿਆਰੇ ਮਿੱਤਰ ਪਰਮ ਸਿੰਘ ਦੇ ਇਸ ਸਾਖੀ ਨਾਲ ਜੁੜੇ ਕਾਰਜ ਨੂੰ ਅਣਗੌਲਿਆ ਕਰਾਂ ਤਾਂ ਬੇਈਮਾਨੀ ਹੋਵੇਗੀ,,, ਭਾਈ ਦਲਜੀਤ ਸਿੰਘ ਨੇ ਜਿੱਥੇ ਘਟਨਾਵਾਂ ਨੂੰ ਸ਼ਬਦ ਦਿਤੇ ਹਨ ਓਥੇ ਪਰਮ ਸਿੰਘ ਨੇ ਕੁਝ ਐਸੇ ਦ੍ਰਿਸ਼ ਚਿਤਰੇ ਹਨ ਜੋ ਕਿਤਾਬ ਦੀ ਰੂਹ ਬਣਕੇ ਛਾਏ ਹੋਏ ਹਨ, ਉਪਰੋਕਤ ਬੀਬੀ ਦਾ ਚਿਤਰਣ ਜਾਂ ਅਕਾਲ ਤਖਤ ਸਾਹਿਬ ਤੇ ਸਿੰਘਾਂ ਨੂੰ ਮੈਗਜੀਨ ਭਰਕੇ ਦੇਣ ਵਾਲੇ ਮਲੂਕ ਜੇ ਜੁਝਾਰੂ ਸਿੰਘ ਦੀ ਸ਼ਹਾਦਤ ਦੇ ਪਲਾਂ ਦਾ ਚਿਤਰਣ ਪਰਮ ਸਿੰਘ ਦੀ ਕਲਾ ਦਾ ਉਤਮ ਨਮੂਨਾ ਹਨ,,,

ਸਾਖੀ ਵਿੱਚ ਅਜਿਹੇ ਵਾਕਿਆਤ ਵੀ ਹਨ ਕਿ ਕਈ ਵਾਰ ਕੋਈ ਸਖਸ਼ ਜਿਸਤੇ ਜੁਝਾਰੂ ਸਿੰਘਾਂ ਨੂੰ ਵਿਸ਼ਵਾਸ਼ ਨਹੀਂ ਸੀ ਪਰ ਓਹਨੇ ਪੁਲੀਸ ਦਾ ਅਥਾਹ ਤਸ਼ੱਦਦ ਸਹਿਕੇ ਵੀ ਪੁਲੀਸ ਨੂੰ ਲਹਿਰ ਦੇ ਭੇਤ ਨਹੀਂ ਦਿਤੇ ਅਜਿਹਾ ਇਕ ਨਾਮ ‘ਦਿੱਲੀ ਵਾਲੇ ਰਵੀ’ ਦਾ ਆਉਂਦਾ ਹੈ ਜਿਸ ਤੇ ਸ਼ੱਕ ਕਰਨ ਨੂੰ ਭਾਈ ਸਾਹਿਬ ਸ਼ਰਮਿੰਦਗੀ ਵਜੋਂ ਤਸਲੀਮ ਕਰਦੇ ਹਨ

ਸਾਖੀ ਲਹਿਰ ਦੀ ਮਾਂ ਵਜੋਂ ਜਾਣੇ ਜਾਂਦੇ ਮਾਸਟਰ ਜੀ ਦਾ ਜਿਕਰ ਕਰਦੀ ਹੈ ਜੋ ਹਮੇਸ਼ਾਂ ਆਪਣੇ ਕੋਲ ਇਕ ਝੋਲਾ ਰੱਖਦੇ ਸਨ ਜਿਸ ਵਿਚ ਜਰੂਰੀ ਦਵਾਈਆਂ ਅਤੇ ਸਿੰਘਾਂ ਲਈ ਪੈਸੇ ਹੁੰਦੇ ਸਨ, ਸਾਖੀ ਬਾਬਾ ਪਿਆਰਾ ਸਿੰਘ ਬਾਰੇ ਵੀ ਦੱਸਦੀ ਹੈ ਜਿਸਨੂੰ ਪੰਜਾਬ ਦੇ ਜੁਝਾਰੂ ਸਿੱਖ ਅਤੇ ਜੰਗਲਾਂ ਵਿੱਚ ਲੜ ਰਹੇ ਥੁੜਾਂ ਮਾਰੇ ਗਰੀਬ ਆਦਿਵਾਸੀ ਇਕੋ-ਜਿੰਨੇ ਪਿਆਰੇ ਸਨ

ਸਾਖੀ ਸਿੱਖ ਬੀਬੀਆਂ ਦੇ ਸਿਰੜ ਨੂੰ ਬਾਖੂਬੀ ਰੂਪਮਾਨ ਕਰਦੀ ਹੈ, ਗੜਦੀਵਾਲ ਇਲਾਕੇ ਦੀ ਇਕ ਘਟਨਾ ਵਿੱਚ ਇਕ ਭੈਣ ਭਾਈ ਦਲਜੀਤ ਸਿੰਘ ਨੂੰ ਰਾਤ 12 ਵਜੇ ਜਗਾਕੇ ਪੁਲੀਸ ਦੇ ਘੇਰੇ ‘ਚੋਂ ਕੱਢ ਕੇ ਲੈ ਜਾਂਦੀ ਹੈ

ਸਾਖੀ ਵਿਚਲੀ ਸ਼ਬਦਾਂ ਦੀ ਚੋਣ ਤੇ ਰਵਾਨਗੀ ਵੀ ਕਮਾਲ ਦੀ ਹੈ, ‘ਤੂਫਾਨ ਅਤੇ ਛੋਟਾ ਤੂਫਾਨ’ ਵਿੱਚ ਜਿਕਰ ਹੈ ‘ਜਿੱਥੇ ਵਧੇਰੇ ਖਤਰਾ ਹੁੰਦਾ ਓਥੇ ਓਹ ਸਿੰਘ ਆਪ ਮੂਹਰੇ ਹੁੰਦਾ, ਓਹ ਅੱਠੇ ਪਹਿਰ ਹਥਿਆਰਬੰਦ ਰਹਿੰਦਾ ਸੀ ਸੌਣ ਵੇਲੇ ਵੀ ਅਸਾਲਟ ਓਹਦੀ ਹਿੱਕ ਨਾਲ ਲੱਗੀ ਰਹਿੰਦੀ ਸੀ ਓਹਦੇ ਕਮਰਕੱਸੇ ਵਿਚ ਮੈਗਜੀਨਾਂ ਵਾਲਾ ਝੋਲਾ, ਇਕ ਪਿਸਤੌਲ ਜੋ ਓਹਦੇ ਜਥੇਦਾਰ ਨੇ ਦਿਤਾ ਸੀ, ਛੋਟੀ ਕਿਰਪਾਨ, ਇਕ ਫੌਜੀ ਚਾਕੂ, ਪਾਣੀ ਦੀ ਬੋਤਲ ਤੇ ਕੁਝ ਸੁਕੇ ਮੇਵੇ ਹੁੰਦੇ, ਓਹ ਚੀਤੇ ਦੀ ਫੁਰਤੀ ਨਾਲ ਦੁਸ਼ਮਣ ਦੇ ਹਥਿਆਰ ਵੀ ਖੋਹ ਲੈਂਦਾ, ਓਹਦਾ ਨਿਸ਼ਾਨਾ ਸੁਤੇ ਸਿਧ ਹੀ ਅਚੁੱਕ ਸੀ, ਸਦਾ ਠੀਕ ਥਾਂ ਪੈਂਦਾ, ਕਿਸੇ ਮੁਕਾਬਲੇ ਜਾਂ ਘਾਤ ਵੇਲੇ ਓਹ ਬਹੁਤ ਇਕਾਗਰ ਅਤੇ ਦ੍ਰਿੜ ਚਿਤ ਹੋ ਜਾਂਦਾ, ਓਹ ਹਲਾਤ ਤੇ ਕੁਦਰਤੀ ਰੂਪ ਵਿੱਚ ਭਾਰੂ ਹੋ ਜਾਂਦਾ ਓਸਤੋਂ ਕੋਈ ਗਲਤੀ ਨਹੀਂ ਹੁੰਦੀ ਸੀ

ਸਾਖੀ ਪਲਾਂ ਨੂੰ ਭਾਵੁਕ ਕਰਦੀ ਹੈ ਜਦੋਂ ਜਥੇਦਾਰ ਅਨੋਖ ਸਿੰਘ ਨੇ ਠਾਹਰ ਵਾਲੇ ਇਕ ਸਿਰੜੀ ਬਜੁਰਗ ਬਾਰੇ ਕਿਹਾ ਕਿ ‘ਇਹੋ ਜੇ ਬਜੁਰਗਾਂ ਦੇ ਸਿਰ ਤੇ ਹੀ ਅਸੀਂ ਤੁਰੇ ਫਿਰਦੇ ਹਾਂ ਇਹ ਹਰ ਤਰਾਂ ਸਾਡੀ ਰੱਖਿਆ ਵੀ ਕਰਦੇ ਹਨ ਤੇ ਅਰਦਾਸ ਵੀ’ ਓਹ ਬਜੁਰਗ ਖਾੜਕੂ ਸਿੰਘਾਂ ਦੇ ਸਤਿਕਾਰ ਵਿੱਚ ਉਠ ਕੇ ਖੜ੍ਹਾ ਹੋ ਗਿਆ ਤੇ ਕੰਬਦੀ ਅਵਾਜ ‘ਚ ਬੋਲਿਆ ‘ਨਹੀਂ ਭਾਈ ਸਾਹਿਬ ਤੁਹਾਡੇ ਵਰਗੇ ਸਿੰਘਾਂ ਕਰਕੇ ਹੀ ਅਸੀਂ ਸਿਰ ਉਚਾ ਕਰਕੇ ਤੁਰੇ ਫਿਰਦੇ ਹਾਂ’

ਸਾਖੀ ਕੰਢੀ ਇਲਾਕੇ ਦੇ ਇਕ ਬਹੁਤ ਸੂਝਵਾਨ ਬਾਪੂ ਜੀ ਦਾ ਵਿਸ਼ੇਸ਼ ਜਿਕਰ ਕਰਦੀ ਹੈ ਜਿੰਨ੍ਹਾਂ ਨੂੰ ਖਾੜਕੂ ਸਰਦਾਰਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਦਾ ਕਾਰਜਕਾਰੀ ਜਥੇਦਾਰ ਬਣਨ ਬਾਰੇ ਬੇਨਤੀ ਕੀਤੀ ਜੋ ਓਹਨਾਂ ਬਹੁਤ ਨਿਮਰਤਾ ਨਾਲ ਅਸਵੀਕਾਰ ਕਰ ਦਿੱਤੀ, ਖੈਰ ਇਕ ਵਾਰ ਜਦੋਂ ਭਾਈ ਮਥਰਾ ਸਿੰਘ ਤੇ ਭਾਈ ਹਰਜਿੰਦਰ ਸਿੰਘ ਜਿੰਦਾ ਬਾਪੂ ਜੀ ਨੂੰ ਪੁਛਦੇ ਹਨ ਕੀ ਲਗਦਾ ਸਾਡੀ ਮੰਜ਼ਿਲ ਕਿਥੇ ਕੁ ਹੈ ਤਾਂ ਓਹਨਾਂ ਹੱਸਦਿਆਂ ਕਿਹਾ ‘ਤੁਸੀਂ ਸਿਖਰ ਦੁਪਹਿਰ ਵਿੱਚ ਖਿੜੇ ਬਰਫ ਦੇ ਫੁੱਲਾਂ ਵਰਗੇ ਹੋ’

ਡਾਕੇ ਦਾ ਪੈਸਾ ਤਕਰੀਬਨ ਇਕ ਮਹੀਨਾ ਇਹਨਾਂ ਬਜੁਰਗਾਂ ਦੀ ਠਾਹਰ ਤੇ ਪਿਆ ਰਿਹਾ, ਡਾਕੇ ਬਾਰੇ ਵੀ ਸਾਖੀ ਦਿਲਚਸਪ ਤੱਥ ਪੇਸ਼ ਕਰਦੀ ਹੈ, ਐਨ ਮੌਕੇ ਤੇ ਕਿਵੇਂ ਹਲਾਤ ਬਦਲੇ ਤੇ ਬੈਂਕ ਦੇ ਬਾਹਰ ਭਾਈ ਮਥਰਾ ਸਿੰਘ ਤੇ ਭਾਈ ਹਰਜਿੰਦਰ ਸਿੰਘ ਜਿੰਦੇ ਨੇ ਕਿਵੇਂ ਸੰਭਾਲੇ ਪੜਨਯੋਗ ਹੈ, ਖਾੜਕੂ ਯੋਧੇ ਕਿੰਨੇ ਸਹਿਜ ਨਾਲ ਵਿਚਰਦੇ ਸਨ ਇਹਦਾ ਇਕ ਨਮੂਨਾ ਹੈ ਕਿ ਮਾਲਵੇ ਦੇ ਇਕ ਖਾੜਕੂ ਜਥੇ ਨੇ ਭਾਈ ਸਾਹਿਬ ਦੇ ਜਥੇ ਨੂੰ ਕਿਹਾ ਕਿ ‘ਜਦੋਂ ਕੋਈ ‘ਬੈਂਕ ਉਪਰੇਟ’ ਕਰਨਾ ਹੋਵੇ ਤਾਂ ਸਾਡੇ ਜਥੇ ਦੇ ਕਿਸੇ ਸਿੰਘ ਨੂੰ ਨਾਲ ਲੈ ਜਾਇਓ ਤਾਂ ਕਿ ਓਹਨਾਂ ਨੂੰ ਵੀ ਇਸ ਕੰਮ ਦਾ ਤਜਰਬਾ ਹੋ ਜਾਵੇ’ ਡਾਕੇ ਵਾਲੇ ਵਾਕੇ ਤੋਂ ਬਾਅਦ ਪ੍ਰਵਾਸੀ ਮਜਦੂਰ ‘ਸ਼ੰਭੂ ਦੀ ਝੁੱਗੀ’ ਭਾਈ ਮਥਰਾ ਸਿੰਘ ਦੀ ਅਤਿ ਸੁਰੱਖਿਅਤ ਠਾਹਰ ਕਿਵੇਂ ਬਣ ਗਈ ਇਹ ਵੀ ਬੜਾ ਦਿਲਚਸਪ ਕਿੱਸਾ ਹੈ

ਜਦੋਂ ਕਿਸੇ ਖਾੜਕੂ ਜਥੇ ਵੱਲੋਂ ਲਹਿਰ ਖਿਲਾਫ ਮਨਾਮੂੰਹੀਂ ਬਕਵਾਸ ਕਰਨ ਵਾਲੇ ਕਾਮਰੇਡ ਚੰਨਣ ਸਿੰਘ ਧੂਤ ਦਾ ਮਜਬੂਰਨ ਸੋਧਾ ਲਗਦਾ ਹੈ ਤਾਂ ਠਾਹਰ ਵਾਲੇ ਪਰਿਵਾਰ ਦੇ ਸ਼ਬਦ ਧਿਆਨਯੋਗ ਹਨ ‘ਤੁਸੀਂ ਇਹਨਾਂ ਲੋਕਾਂ ਨੂੰ ਜ਼ਾਬਤੇਬੱਧ ਤਰੀਕੇ ਨਾਲ ਨਜਰਅੰਦਾਜ ਕਰੋ’

ਸਾਖੀ ਦੱਸਦੀ ਹੈ ਜਦੋਂ ਪੈਸੇ ਦੀ ਘਾਟ ਕਰਕੇ ਹਿਮਾਚਲ ਦੇ ‘ਬੈਂਕ ਉਪਰੇਟ’ ਕਰਨ ਦੀ ਸਲਾਹ ਬਣੀ ਤਾਂ ਲਹਿਰ ਦੇ ਦਿਲੋਂ ਹਮਦਰਦ ਇਕ ਬ੍ਰਾਹਮਣ ਡਾਕਟਰ ਨੇ ਬੈਂਕ ਨਾ ਲੁਟੇ ਜਾ ਸਕਣ ਦੀ ਸੂਰਤ ਵਿੱਚ ਇਕ ਨਾਮੀਂ ਮੰਦਰ ਦੀ ਅਸ਼ਟ ਧਾਤ ਦੀ ਬਣੀ ਮੂਰਤੀ ਜੋ ਕਈ ਕੁਇੰਟਲ ਦੀ ਸੀ ਤੇ ਜਿਆਦਾਤਰ ਸੋਨਾ ਸੀ ਨੂੰ ਪੁਟ ਲਿਜਾਣ ਦੀ ਸਲਾਹ ਦੇ ਦਿਤੀ ਜੋ ਖਾੜਕੂ ਜਥੇਦਾਰਾਂ ਨਾਮਨਜੂਰ ਕੀਤੀ

ਸਾਖੀ ਹਿੰਦੂ ਪਰਿਵਾਰਾਂ ਵਿੱਚ ਠਾਹਰਾਂ ਦੀ ਬਾਤ ਪਾਉਂਦੀ ਹੈ, ਭਲਵਾਨਾਂ ਦਾ ਲਹਿਰ ਨਾਲ ਪਿਆਰ, ਨਵੇਂ ਸਿੰਘਾਂ ਵੱਲੋਂ ਭਲਵਾਨੀ ਅਖਾੜਿਆਂ ਵਿੱਚ ਪਹਿਲਾਂ ਸਰੀਰ ਕਮਾਉਣ ਦੀ ਗਾਥਾ, ਝੂਠੇ ਪੁਲੀਸ ਮੁਕਾਬਲੇ ਤੋਂ ਪਹਿਲਾਂ ਹਵਾਲਾਤੀਆਂ ਦੇ ਮਾਨਸਿਕ ਹਲਾਤ ਦੱਸਦੀ ਹੈ, ਇਕ ਵਾਕਿਆਤ ਵਿੱਚ ਲੇਖਕ ਝੂਠੇ ਪੁਲੀਸ ਮੁਕਾਬਲੇ ਵਾਲੀ ਥਾਂ ਜਾਂਦਾ ਹੈ ਤੇ ਸ਼ਹੀਦ ਕੀਤੇ ਸਿੰਘ ਦੇ ਖੂਨ ਨੂੰ ਛੋਹ ਕੇ ਚੌਪਈ ਸਾਹਿਬ ਦਾ ਪਾਠ ਕਰਦਾ ਹੈ,

ਸਾਖੀ ਦਿੱਲੀ ਨਸਲਕੁਸ਼ੀ ਦੇ ਵਾਕਿਆਤ ਦੱਸਦੀ ਹੈ ਕਿਵੇਂ ਅੱਧੀ ਰਾਤ ਨੂੰ ਭੀੜ ਦੇ ਹਮਲੇ ਸਮੇਂ ਇਕ ਸਿੰਘ ਗੁਰੂ ਮਹਾਰਾਜ ਦਾ ਸਰੂਪ ਸਿਰ ਤੇ ਸਜਾਕੇ ਹੱਥ ਕ੍ਰਿਪਾਨ ਲੈਕੇ ਜੂਝਦਾ ਹੋਇਆ ਬਚ ਨਿਕਲਦਾ ਹੈ ਤੇ ਅੱਜ ਓਹਨੂੰ ਅਫਸੋਸ ਆਰਥਿਕ ਪਰਿਵਾਰਕ ਸਮਾਜਿਕ ਨੁਕਸਾਨ ਦਾ ਨਹੀਂ ਸਗੋਂ ਇਸ ਗੱਲ ਦਾ ਹੈ ਕਿ ‘ਓਸ ਸਮੇਂ ਪੰਜ ਸਿੰਘਾਂ ਦੀ ਮਰਯਾਦਾ ਦਾ ਪਾਲਣ ਨਹੀਂ ਹੋ ਸਕਿਆ’

ਸਾਖੀ ਅਰਜਨ ਦਾਸ ਦੇ ਸੋਧੇ ਸਮੇਂ ਹੋਏ ਵਾਕੇ ਸਮੇਤ ਆਮ ਨਿਰਦੋਸ਼ ਲੋਕਾਂ ਦੇ ਗਲਤੀ ਨਾਲ ਕਤਲ ਹੋ ਜਾਣ ਦੀ ਬਾਤ ਵੀ ਪਾਉਂਦੀ ਹੈ, ਤੇ ਇਹ ਤੱਥ ਵੀ ਪੇਸ਼ ਕਰਦੀ ਹੈ ਕਿ ਬਹੁਤੀ ਵਾਰ ਪੁਲੀਸ ਨਿਰਦੋਸ਼ ਲੋਕਾਂ ਨੂੰ ਜਬਰਦਸਤੀ ਅੱਗੇ ਲਾਕੇ ਖਾੜਕੂ ਠਾਹਰਾਂ ਤੇ ਧਾਵਾ ਬੋਲਦੀ ਸੀ, ਜਿਵੇਂ ਪਿੱਛੇ ਜਿਹੇ ਕਸ਼ਮੀਰ ਵਿੱਚ ਫਰੂਕ ਅਹਿਮਦ ਡਾਰ ਨਾਮ ਦੇ ਕਸ਼ਮੀਰੀ ਨੂੰ ਭਾਰਤੀ ਫੌਜ ਦੇ ਮੇਜਰ ਨੇ ‘ਪੱਥਰਬਾਜ ਭੀੜ ਨਾਲ ਨਜਿੱਠਣ ਦੇ ਨਾਮ ਹੇਠ’ ਜੀਪ ਅੱਗੇ ਬੰਨ੍ਹ ਲਿਆ ਸੀ, ਜਿਸ ਬਾਰੇ ਲਿਬਰਲਾਂ ਨੇ ਬੜਾ ਰੌਲਾ ਪਾਇਆ ਸੀ, ਇਹ ਕੁਝ ਪੰਜਾਬ ਵਿੱਚ ਵੀ ਹੋ ਚੁਕਿਆ ਹੈ, ਅਜਿਹੇ ਵਾਕਿਆਂ ਵਿੱਚ ਗੁਜਰਾਂ, ਭਈਆਂ, ਮੰਗਤਿਆਂ, ਬੱਕਰੀਆਂ ਵਾਲਿਆਂ, ਇਥੋਂ ਤੱਕ ਕਿ ਇਕ ਵਾਰ ਖਾੜਕੂ ਜਥੇਦਾਰ ਬਲਵਿੰਦਰ ਸਿੰਘ ਗੱਗੋਬੂਹਾ ਨੂੰ ਘੇਰਨ ਲਈ ਓਹਨਾਂ ਦੀ ਮਾਤਾ ਨੂੰ ਅੱਗੇ ਲਾਇਆ ਗਿਆ ਤੇ ਓਹ ਗੋਲੀਬਾਰੀ ਦਾ ਪਹਿਲਾ ਸ਼ਿਕਾਰ ਹੋ ਗਈ ਦੂਜੇ ਦਿਨ ਖਬਰ ਸੀ ਖਾੜਕੂਆਂ ਨੇ ਗੋਲੀਬਾਰੀ ਵਿੱਚ ਆਪਣੀ ਮਾਂ ਨੂੰ ਵੀ ਮਾਰ ਦਿਤਾ

ਸਾਖੀ ਬਰਨਾਲੇ ਦੇ ਇਕ ਮਸ਼ਹੂਰ ਖਾੜਕੂ ਦੇ ਪਰਿਵਾਰ ਓਤੇ ਪਈ ਅੰਨ੍ਹੀ ਸਰਕਾਰੀ ਦਹਿਸ਼ਤ ਦੀ ਬਾਤ ਪਾਉਂਦੀ ਹੈ, ਬਦਨਸੀਬ ਪੂਰਬੀਏ ਜੋ ਪੁਲੀਸ ਨੇ ਬੁਕਲ ‘ਚ ਲੈਕੇ ਜ਼ਿਬ੍ਹਾ ਕਰ ਦਿੱਤੇ ਗਏ ਬਾਰੇ ਦੱਸਦੀ ਹੈ
ਸਾਖੀ ਆਪਣੇ ਪੁਤਰ ਦੀ ਉਡੀਕ ਕਰ ਰਹੀ ਇਕ ਬਦਨਸੀਬ ਮਾਂ ਦੀ ਦੱਸ ਪਾਉਂਦੀ ਹੈ ਜੋ ਸੁਚੀ ਕਿਰਤ ‘ਚੋਂ ਬਿਸਕੁਟ ਦੀ ਡੱਬੀ ਲੈਕੇ ਭਾਈ ਸਾਹਿਬ ਨੂੰ ਪੇਸ਼ੀਆਂ ਤੇ ਮਿਲਦੀ ਰਹੀ,

ਮੇਰਾ ਖਿਆਲ ਰੀਵਿਊ ਬਹੁਤ ਲੰਬਾ ਹੋ ਰਿਹਾ ਹੈ,, ਇਹ ਮੇਰੀ ਕਮਜ਼ੋਰੀ ਹੈ ਕਈ ਵਾਰ ਮੇਰੇ ਕੋਲੋਂ ਓਵੇਂ ਸਮਾਂਬੱਧ ਨਹੀਂ ਰਿਹਾ ਜਾਂਦਾ,,, ਮੇਰੀਆਂ ਦਸਤਾਵੇਜੀਆਂ ਵੀ ਨਾ ਚਾਹੁੰਦੇ ਹੋਏ ਲੰਬੀਆਂ ਬਣ ਗਈਆਂ,, ਪਤਾ ਨਹੀਂ ਲਗਦਾ ਹੁੰਦਾ ਕੀ ਛੱਡਾਂ ਤੇ ਕੀ ਲਿਖਾਂ,,, ਖੈਰ ਮੈਂ ਗੱਲ ਨੂੰ ਸਮੇਟਣ ਦੀ ਕੋਸ਼ਿਸ਼ ਕਰਦਾ ਹਾਂ

ਸਾਖੀ ਪੁਲੀਸ ਵੱਲੋਂ ਤਸ਼ੱਦਦ ਦੇ ਨਾਲ-ਨਾਲ, ਵਿਖਾਵੇ ਦੀ ਹਮਦਰਦੀ ਦੇ ਖਤਰਨਾਕ ਹਥਿਆਰ ਦੇ ਭੇਤ ਖੋਲ੍ਹਦੀ ਹੈ ਜਿਸਨੇ ਦੋ ਖਾੜਕੂ ਦੋਸਤ ਮਲੀਆਮੇਟ ਕਰ ਦਿੱਤੇ, ਲੇਖਕ ਆਪਣੇ ਨਾਨੇ ਦੇ ਹਵਾਲੇ ਨਾਲ 1947 ਦੀ ਵੰਡ ਤੋਂ ਪਹਿਲਾਂ ਬਾਰ ਵਿਚਲੀ ਸਿੱਖ ਮੁਸਲਿਮ ਸਾਂਝ ਛੂਹਕੇ ਅਜੋਕੇ ਸੰਘਰਸ਼ ਵਿੱਚ ਇਸ ਸਾਂਝ ਬਾਰੇ ਕੁਝ ਵਾਕੇ ਸਾਂਝੇ ਕਰਦਾ ਹੈ, ਸਰਹੱਦੀ ਜ਼ਿੰਦਗੀ, ਹਥਿਆਰ ਤੇ ਬੰਦੇ ਲੰਘਾਉਣ ਵਾਲੇ ਪਾਂਡੀ ਵੀ ਸਾਖੀ ਦਾ ਹਿੱਸਾ ਬਣੇ ਹਨ

ਸਾਖੀ ਫੈਡਰੇਸ਼ਨ ਆਗੂ ਭਾਈ ਗੁਰਜੀਤ ਸਿੰਘ ਬਾਰੇ ਗੱਲ ਕਰਦੀ ਹੈ, ਓਹਦੀ ਗ੍ਰਿਫਤਾਰੀ, ਫਰਾਰੀ ਤੇ ਨਾਲ ਫਰਾਰ ਹੋਏ ਡੋਗਰੇ ਸਿਪਾਹੀ ਦੀ ਦਰਦਨਾਕ ਹੋਣੀ, ਡੋਗਰੇ ਨੂੰ ਦਿਤੇ ਵਚਨ ਪੂਰੇ ਨਾ ਕਰਨ ਸਕਣ ਦਾ ਦਰਦ, ਆਪਸੀ ਬੇਵਿਸ਼ਵਾਸ਼ੀ, ਇੰਡੀਅਨ ਲਾਇਨਜ ਦੀਆਂ ਕਾਰਵਾਈਆਂ, ਮੇਜਰ ਜਨਰਲ ਬਲਦੇਵ ਸਿੰਘ ਘੁੰਮਣ ਦੀ ਸ਼ਹਾਦਤ ਬਾਰੇ ਗੱਲ ਕਰਦੀ ਹੈ

ਅਖੀਰ ਵਿੱਚ ਸਾਖੀ ਕਾਨੂੰਨ ਦੀ ਪਹੁੰਚ ਤੋਂ ਪਰ੍ਹੇ ਲਾਲ ਕਿਲੇ ਦੇ ਤਹਿਖਾਨੇ ਦਾ ਦਰਦਨਾਕ ਮੰਜ਼ਰ ਬਿਆਨਦੀ ਹੈ, ਲੇਖਕ ਕੁਝ ਲੜੀਆਂ ਜੋੜਕੇ ਭਾਈ ਮਨਬੀਰ ਸਿੰਘ ਚਹੇੜੂ ਸਮੇਤ ਕਈ ਨਾਮੀਂ ਖਾੜਕੂ ਜਰਨੈਲਾਂ ਦੇ ਇਸ ਤਹਿਖਾਨੇ ਵਿੱਚ ਕੈਦ ਹੋਣ ਦੇ ਖਦਸ਼ੇ ਜ਼ਾਹਿਰ ਕਰਦਾ ਹੈ,

ਸਾਖੀ ਤਨ, ਮਨ, ਧਨ ਲਹਿਰ ਦੇ ਲੇਖੇ ਲਾਉਣ ਵਾਲੇ ਕਿਰਤੀ ਸਿੱਖਾਂ ਦੇ ਦਸਵੰਧ ਅਤੇ ਸੁਚੇ ਸਿਦਕ ਦਾ ਜਿਕਰ ਕਰਦਿਆਂ ਸੰਪੂਰਨ ਹੁੰਦੀ ਹੈ,

ਮੈਂ ਇਕ ਨਿਮਾਣੇ ਸਿੱਖ ਵਜੋਂ ਲੇਖਕ ਨੂੰ ਇਸ ਅਜ਼ੀਮ ਕਾਰਜ ਲਈ ਵਧਾਈ ਪੇਸ਼ ਕਰਦਾ ਹਾਂ ਤੇ ਸ਼ੁਕਰਾਨਾ ਵੀ ਭੇਜਦਾ ਹੈ, ਇਸ ਲੜੀ ਦੀਆਂ ਅਗਲੇਰੀਆਂ ਕਿਤਾਬਾਂ ਦੀ ਬੇਸਬਰੀ ਨਾਲ ਉਡੀਕ ਵਿੱਚ,
ਕੌਮੀਂ ਯੋਧਿਆਂ ਸਦਕਾ ਸਿਰ ਉੱਚਾ ਕਰ ਸਕਣ ਵਾਲਾ, ਤੁਹਾਡੇ ਸਿਰੜ ਤੇ ਸਿਦਕ ਦਾ ਕਰਜ਼ਦਾਰ

0 0 votes
Article Rating
Subscribe
Notify of
0 ਟਿੱਪਣੀਆਂ
Oldest
Newest Most Voted
Inline Feedbacks
View all comments
0
Would love your thoughts, please comment.x
()
x