ਕਰਾਮਾਤ ਅਤੇ ਮੁਲਾਕਾਤ

ਕਰਾਮਾਤ ਅਤੇ ਮੁਲਾਕਾਤ

ਸੰਤ ਬਾਬਾ ਉਤੱਮ ਸਿੰਘ ਜੀ ਮਹਾਂਪੁਰਸ਼ ਕਾਰ ਸੇਵਾ ਖਡੂਰ ਸਾਹਿਬ ਵਾਲੇ ਇਹ ਗੱਲ ਅਕਸਰ ਕਿਹਾ ਕਰਦੇ ਸਨ ਕਿ

ਸਿੱਖੀ ਵਿੱਚ ਦੋ ਚੀਜ਼ਾਂ ਬਹੁਤ ਅਹਿਮ ਹਨ “ਕਰਾਮਾਤ ਅਤੇ ਮੁਲਾਕਾਤ” ਪ੍ਰਤੱਖ ਕਰਾਮਾਤ ਤਾਂ ਗੁਰੂ ਸਾਹਿਬ ਆਪ ਅਤੇ ਗੁਰੂ ਖਾਲਸਾ ਪੰਥ ਵਰਤਾ ਸਕਦਾ ਹੈ ਸਾਡੇ ਕੋਲ ਤਾਂ ਮੁਲਾਕਾਤ ਹੀ ਹੈ ਸੋ ਭਾਈ ਸਿੱਖੋ ਸਾਨੂੰ ਆਪਸੀ ਮੁਲਾਕਾਤ ਕਰਨੀ ਕਦੇ ਵੀ ਨਹੀਂ ਛਡਣੀ ਚਾਹੀਦੀ ਕਿਉਂਕਿ ਉਸ ਮੁਲਾਕਾਤ ਵਿਚ ਵੀ ਕਰਾਮਾਤ ਹੋ ਸਕਦੀ ਹੈ

ਸੰਤ ਬਾਬਾ ਉਤੱਮ ਸਿੰਘ ਜੀ

ਇਹ ਗੱਲ ਪਿਛਲੇ ਦਿਨੀਂ ਪ੍ਰਤੱਖ ਦੇਖਣ ਨੂੰ ਵੀ ਮਿਲੀ ਜਦ ਭਾਈ ਦਲਜੀਤ ਸਿੰਘ, ਭਾਈ ਸਤਨਾਮ ਸਿੰਘ ਖੰਡੇ ਵਾਲਾ, ਭਾਈ ਲਾਲ ਸਿੰਘ ਅਕਾਲਗੜ੍ਹ ਭਾਈ ਨਰੈਣ ਸਿੰਘ ਚੌੜਾ, ਭਾਈ ਰਜਿੰਦਰ ਸਿੰਘ ਮੁਗਲਵਾਲ,ਭਾਈ ਸਤਨਾਮ ਸਿੰਘ ਝੰਜੀਆਂ ਤੇ ਬਾਕੀ ਸਿੰਘਾਂ ਦੇ ਪੰਥ ਸੇਵਕ ਜੁਝਾਰੂ ਜਥੇ ਵਲੋਂ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਇਲਾਕੇ ਵਿਚ ਵੱਖ ਵੱਖ ਉਨ੍ਹਾਂ ਜਥਿਆਂ ਨਾਲ ਮੁਲਾਕਾਤਾਂ ਕੀਤੀਆਂ ਜਿਹੜੇ ਜਥੇ ਪਿਛਲੇ ਸਮੇਂ ਤੋਂ ਲਗਾਤਾਰ ਪੰਥ ਸੇਵਾ ਵਿਚ ਕਿਸੇ ਨਾ ਕਿਸੇ ਰੂਪ ਵਿਚ ਲਗਾਤਾਰ ਕਾਰਜਸ਼ੀਲ ਹਨ।

ਪੰਥ ਸੇਵਕ ਜੁਝਾਰੂ ਜਥੇ ਵਲੋਂ ਕੀਤੀਆਂ ਜਾ ਰਹੀਆਂ ਮੁਲਾਕਾਤਾਂ ਦੀਆਂ ਤਸਵੀਰਾਂ

ਇਹ ਪ੍ਰਤੱਖ ਵੇਖਣ ਨੂੰ ਮਿਲਿਆ ਕਿ ਆਹਮੋ-ਸਾਹਮਣੇ ਬੈਠ ਕੇ ਆਪਸੀ ਵਿਚਾਰ-ਵਟਾਂਦਰਾ ਕਰਨ ਨਾਲ ਬਹੁਤ ਸਾਰੀਆਂ ਗੱਲਾਂ ਸਪੱਸ਼ਟ ਹੁੰਦੀਆਂ ਹਨ ਜੋ ਸ਼ੋਸਲ ਮੀਡੀਆ ਦੇ ਪਲੇਟਫਾਰਮ ਉਪਰ ਨਹੀਂ ਹੋ ਸਕਦੀਆਂ। ਇਹਨਾਂ ਇਕਤਰਤਾਵਾਂ ਵਿਚ ਕਈ ਨੌਜਵਾਨ ਇਸ ਤਰ੍ਹਾਂ ਦੇ ਮਿਲੇ ਜਿਨ੍ਹਾਂ ਨੇ ਕਿਹਾ ਕਿ ਅਸੀਂ ਇਨ੍ਹਾਂ ਜੁਝਾਰੂ ਸਿੰਘਾਂ ਨੂੰ ਸ਼ੋਸਲ ਮੀਡੀਆ ਉਪਰ ਲਗਾਤਾਰ ਸੁਣ ਰਹੇ ਹਾਂ ਪਰ ਅੱਜ ਪਹਿਲੀ ਵਾਰ ਸਾਹਮਣੇ ਬੈਠ ਕੇ ਗੱਲਬਾਤ ਕਰਨ ਦਾ ਤਜਰਬਾ ਬਹੁਤ ਵਧੀਆ ਰਿਹਾ ਹੈ। ਜੁਝਾਰੂ ਜਥੇ ਦੇ ਸਿੰਘਾਂ ਵਲੋਂ ਮੀਰੀ-ਪੀਰੀ ਦਿਵਸ ਮੌਕੇ ੧੪ ਹਾੜ(28-ਜੂਨ) ਨੂੰ “ਵਿਸ਼ਵ ਸਿੱਖ ਇਕੱਤਰਤਾ” ਸ੍ਰੀ ਅਨੰਦਪੁਰ ਸਾਹਿਬ ਵਿਖੇ ਰੱਖੀ ਗਈ ਹੈ ਉਸ ਬਾਰੇ ਵੀ ਬਹੁਤ ਵਧੀਆ ਹੁੰਗਾਰਾ ਮਿਲਿਆ। ਸਭ ਤੋਂ ਵੱਡੀ ਗੱਲ ਕਿ ਇਸ ਗੱਲ ਉਪਰ ਸਭ ਨੌਜਵਾਨ ਸਹਿਮਤ ਸਨ ਕਿ ਜੋ “ਖਾਲਸਾ ਪੰਥ ਦੀਆਂ ਰਵਾਇਤਾਂ” ਗੁਰੂ ਸਾਹਿਬ ਜੀ ਸਾਨੂੰ ਦ੍ਰਿੜ ਕਰਵਾ ਕੇ ਗਏ ਸਨ ਕਿ “ਸੰਗਤ ਵਿਚੋਂ ਪੰਜ ਸਿੰਘ ਆਗੂ ਚੁਣ ਕੇ ਗੁਰਮਤਾ ਕਰਕੇ ਹੀ ਖਾਲਸਾ ਪੰਥ ਨੇ ਆਪਣੇ ਫੈਸਲੇ ਕਰਨੇ ਹਨ” ਅੱਜ ਉਸਦੀ ਬਹੁਤ ਲੋੜ ਹੈ ਅਤੇ ਇਹਨਾਂ “ਪੰਥਕ ਰਵਾਇਤਾਂ” ਦੀ ਪੁਨਰ-ਸੁਰਜੀਤੀ ਲਈ ਵੱਡੇ ਯਤਨ ਕਰਨੇ ਬਹੁਤ ਜਰੂਰੀ ਹਨ ਜੋ ਕਿ ਇਹ ਜੁਝਾਰੂ ਜਥੇ ਦੇ ਸਿੰਘ ਕਰ ਰਹੇ ਹਨ। ਪੰਜ ਸਿੰਘ ਕਿਵੇਂ ਚੁਣੇ ਜਾਣੇ ਹਨ? ਉਨ੍ਹਾਂ ਨੂੰ ਚੁਣਨ ਦਾ ਅਧਿਕਾਰ ਕੌਣ ਰੱਖ ਸਕਦਾ ਹੈ? ਗੁਰਮਤਾ ਕਿਵੇਂ ਹੁੰਦਾ ਹੈ? ਅਕਾਲੀ ਕਿਸ ਨੂੰ ਕਿਹਾ ਜਾ ਸਕਦਾ ਹੈ? ਸਰਬੱਤ ਖਾਲਸਾ ਕੌਣ ਸੱਦ ਸਕਦਾ ਹੈ? ਸਰਬੱਤ ਖਾਲਸਾ ਵਿਚ ਕੌਣ ਕੌਣ ਸ਼ਾਮਲ ਹੋ ਸਕਦੇ ਹਨ? ਆਦਿ ਅਨੇਕਾਂ ਸਵਾਲ ਜਿਨ੍ਹਾਂ ਉਪਰ ਨੌਜਵਾਨਾਂ ਨੇ ਖੁੱਲ੍ਹ ਕੇ ਚਰਚਾ ਕੀਤੀ ਅਤੇ ਖੂਬਸੂਰਤ ਗੱਲ ਕਿ ਨੌਜਵਾਨਾਂ ਨੇ ਖੁਦ ਇਹਨਾਂ ਸਵਾਲਾਂ ਦੇ ਉਤੱਰ ਵਜੋਂ ਇਤਿਹਾਸਕ ਗ੍ਰੰਥਾਂ ਦੇ ਹਵਾਲੇ ਦਿੱਤੇ, ਸੰਤ ਅਤਰ ਸਿੰਘ ਜੀ,ਭਾਈ ਵੀਰ ਸਿੰਘ ਜੀ, ਪ੍ਰੋ. ਪੂਰਨ ਸਿੰਘ ਜੀ ਦੇ ਹਵਾਲੇ ਦੇ ਕੇ ਦੱਸਿਆ ਕਿ ਇਹਨਾਂ “ਪੰਥਕ ਰਵਾਇਤਾਂ” ਦੀ ਸਾਡੇ ਲਈ ਅਹਿਮੀਅਤ ਕੀ ਹੈ ਅਤੇ ਖਾਸ ਕਰ ਅੱਜ ਦੇ ਸਮੇਂ ਇਨ੍ਹਾਂ ਰਵਾਇਤਾਂ ਦਾ ਮੁੜ ਸੁਰਜੀਤ ਹੋਣ ਜਰੂਰੀ ਕਿਉਂ ਹੈ?

ਸੋ ਅੱਜ ਏਨੇ ਖਿੰਡਾਓ ਦੇ ਸਮੇਂ ਵਿੱਚ ਜਦ ਇੰਡੀਅਨ ਸਟੇਟ ਸਿੱਖਾਂ ਉਪਰ ਮਨੋਵਿਗਿਆਨਕ ਹਮਲੇ ਲਗਾਤਾਰ ਕਰ ਰਹੀ ਹੈ ਤਾਂ ਸੰਤ ਬਾਬਾ ਉੱਤਮ ਸਿੰਘ ਜੀ ਮਹਾਂਪੁਰਖਾਂ ਦੇ ਇਸ ਕਥਨ ਉਪਰ ਅਮਲ ਕਰਨਾ ਹੋਰ ਵੀ ਜਰੂਰੀ ਹੋ ਜਾਂਦਾ ਹੈ ਕਿ ਆਪਸੀ ਮੁਲਾਕਾਤਾਂ ਬਹੁਤ ਜਰੂਰੀ ਹਨ।

 

0 0 votes
Article Rating
Subscribe
Notify of
0 ਟਿੱਪਣੀਆਂ
Inline Feedbacks
View all comments
0
Would love your thoughts, please comment.x
()
x