ਬੁੰਗਾ ਰਾਮਗੜ੍ਹੀਆ : ਸੁਰੱਖਿਆ ਅਤੇ ਸਵੈਮਾਨ ਦਾ ਪ੍ਰਤੀਕ

ਬੁੰਗਾ ਰਾਮਗੜ੍ਹੀਆ : ਸੁਰੱਖਿਆ ਅਤੇ ਸਵੈਮਾਨ ਦਾ ਪ੍ਰਤੀਕ

ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਦੀ ਪਰਿਕਰਮਾ ਵਿਚ ਇਕ ਵਿਸ਼ਾਲ ਪੁਰਤਾਨ ਬੁੰਗੇ ਦੇ ਦਰਸ਼ਨ ਹੁੰਦੇ ਹਨ ਜਿਹੜਾ ਕਿ ਅਤੀਤ ਦੀਆਂ ਘਟਨਾਵਾਂ ਅਤੇ ਯਾਦਾਂ ਨੂੰ ਤਾਜ਼ਾ ਕਰਨ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਜਦੋਂ ਕੋਈ ਸ਼ਰਧਾਲੂ ਜਲ੍ਹਿਆਂਵਾਲਾ ਬਾਗ਼ ਦੇ ਰਸਤਿਉਂ ਹੁੰਦਾ ਹੋਇਆ ਸ੍ਰੀ ਦਰਬਾਰ ਸਾਹਿਬ ਪੁੱਜਦਾ ਹੈ ਤਾਂ ਪਹਿਲਾਂ ਇਸ ਪਵਿੱਤਰ ਅਸਥਾਨ ’ਤੇ ਮੱਥਾ ਟੇਕਦਾ ਹੈ ਅਤੇ ਫਿਰ ਖੱਬੇ ਪਾਸਿਉਂ ਪਰਿਕਰਮਾ ਅਰੰਭ ਕਰਦੇ ਸਮੇਂ ਉਸ ਦੀ ਨਜ਼ਰ ਸੁੰਦਰ ਦਿੱਖ ਵਾਲੀ ਇਕ ਸ਼ਾਨਦਾਰ ਇਮਾਰਤ ’ਤੇ ਪੈਂਦੀ ਹੈ ਜਿਸ ਦੇ ਉੱਚੇ ਬੁਰਜ ਉਸ ਨੂੰ ਆਪਣੇ ਵੱਲ ਖਿੱਚਦੇ ਹਨ।

ਇਹ ਵਿਸ਼ਾਲ ਇਮਾਰਤ ਸ੍ਰੀ ਦਰਬਾਰ ਸਾਹਿਬ ਦੇ ਚਾਰ ਚੁਫੇਰੇ ਉਸਾਰੇ ਗਏ 70 ਤੋਂ ਵਧੇਰੇ ਬੁੰਗਿਆਂ ਵਿਚੋਂ ਸ਼੍ਰੋਮਣੀ ਸੀ। ਭੰਗੀ, ਨਕੱਈ, ਆਹਲੂਵਾਲੀਆ, ਮਲਵਈ, ਸ਼ਹੀਦ, ਅਨੰਦਪੁਰੀਆਂ, ਝਬਾਲੀਆਂ, ਅਟਾਰੀਵਾਲਾ ਆਦਿ ਨਾਵਾਂ ’ਤੇ ਬਣੇ ਹੋਏ ਬੁੰਗਿਆਂ ਵਿਚੋਂ ਕੇਵਲ ਬੁੰਗਾ ਰਾਮਗੜ੍ਹੀਆ ਹੀ ਸੁੰਦਰ ਦਿੱਖ ਵਾਲੀ ਵਿਸ਼ਾਲ ਇਮਾਰਤ ਬਚੀ ਹੈ ਜਿਸਦੀ ਭਵਨ ਨਿਰਮਾਣ ਕਲਾ ਦੇ ਦਰਸ਼ਨ ਕਰਕੇ ਹਰ ਇਕ ਜਿਗਆਸੂ ਦਾ ਮਨ ਪ੍ਰਭਾਵਿਤ ਹੁੰਦਾ ਹੈ। ਇਸ ਬੁੰਗੇ ਦਾ ਮਹੱਤਵ ਇਸ ਕਰਕੇ ਵੀ ਵਧੇਰੇ ਮੰਨਿਆ ਜਾਂਦਾ ਹੈ ਕਿਉਂਕਿ ਇਸ ਨੂੰ ਸ੍ਰੀ ਦਰਬਾਰ ਸਾਹਿਬ ਦੀ ਸੁਰੱਖਿਆ ਦੀ ਦ੍ਰਿਸ਼ਟੀ ਤੋਂ ਉੁਸਾਰਿਆ ਗਿਆ ਸੀ।

ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ-ਦੀਦਾਰੇ ਕਰਨ ਅਤੇ ਇਸ ਦੀ ਸੁਰੱਖਿਆ ਲਈ ਸ਼ਹੀਦ ਹੋ ਜਾਣ ਵਿਚ ਸਿੱਖ ਆਪਣਾ ਗੌਰਵ ਸਮਝਦੇ ਹਨ। ਇਸ ਲਈ ਜਦੋਂ ਵੀ ਲੋੜ ਪਈ ਤਾਂ ਸਿੱਖਾਂ ਨੇ ਸ਼ਹੀਦੀਆਂ ਦੇ ਕੇ ਇਸ ਪਵਿੱਤਰ ਅਸਥਾਨ ਦੀ ਸੁਰੱਖਿਆ ਕਰਨ ਦਾ ਯਤਨ ਕੀਤਾ ਹੈ। ਭਾਈ ਮਨੀ ਸਿੰਘ ਜੀ, ਬਾਬਾ ਦੀਪ ਸਿੰਘ ਜੀ ਅਤੇ ਬਾਬਾ ਗੁਰਬਖ਼ਸ਼ ਸਿੰਘ ਜੀ ਤੋਂ ਲੈ ਕੇ ਜੂਨ 1984 ਤੱਕ ਸਿੱਖਾਂ ਦੀਆਂ ਬੇਮਿਸਾਲ ਕੁਰਬਾਨੀਆਂ ਇਤਿਹਾਸ ਦਾ ਹਿੱਸਾ ਹਨ ਜਿਹੜੀਆਂ ਇਹ ਦੱਸਦੀਆਂ ਹਨ ਕਿ ਸਿੱਖਾਂ ਨੂੰ ਆਤਮਿਕ ਬਲ ਪ੍ਰਦਾਨ ਕਰਨ ਵਾਲਾ ਸ੍ਰੀ ਦਰਬਾਰ ਸਾਹਿਬ ਹਮਲਾਵਰਾਂ ਦੇ ਨਿਸ਼ਾਨੇ ’ਤੇ ਰਿਹਾ ਹੈ। ਹਮਲਾਵਰ ਇਸ ਪਵਿੱਤਰ ਅਸਥਾਨ ’ਤੇ ਵਾਰ-ਵਾਰ ਹਮਲਾ ਕਰਕੇ ਇਸਨੂੰ ਨੁਕਸਾਨ ਪਹੁੰਚਾਉਣ ਦਾ ਯਤਨ ਕਰਦੇ ਰਹੇ ਹਨ। ਅਫ਼ਗ਼ਾਨ ਹਮਲਾਵਰਾਂ ਨੇ ਤਿੰਨ ਵਾਰੀ ਸ੍ਰੀ ਦਰਬਾਰ ਸਾਹਿਬ ਦੀ ਇਮਾਰਤ ਨੂੰ ਭਾਰੀ ਨੁਕਸਾਨ ਪਹੁੰਚਾਇਆ ਅਤੇ ਇਸਦੇ ਸਰੋਵਰ ਨੂੰ ਪੂਰ ਦਿੱਤਾ ਸੀ।

ਦਸੰਬਰ 1764 ਵਿਚ ਅਹਿਮਦ ਸ਼ਾਹ ਅਬਦਾਲੀ ਦਾ ਸ੍ਰੀ ਦਰਬਾਰ ਸਾਹਿਬ ’ਤੇ ਆਖ਼ਰੀ ਹਮਲਾ ਸੀ ਜਦੋਂ ਉਸ ਦੀ ਭਾਰੀ ਫ਼ੌਜ ਦਾ ਮੁਕਾਬਲਾ ਕਰਦੇ ਹੋਏ ਭਾਈ ਗੁਰਬਖ਼ਸ਼ ਸਿੰਘ ਜੀ ਆਪਣੇ 30 ਸਿੰਘਾਂ ਨਾਲ ਸ਼ਹੀਦੀਆਂ ਪ੍ਰਾਪਤ ਕਰ ਗਏ ਸਨ। ਇਸ ਹਮਲੇ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਸ੍ਰੀ ਦਰਬਾਰ ਸਾਹਿਬ ਦੀਆਂ ਇਮਾਰਤਾਂ ਨੂੰ ਭਾਰੀ ਨੁਕਸਾਨ ਪੁੱਜਾ ਸੀ ਜਿਸ ਕਰਕੇ 1765 ਦੀ ਵਿਸਾਖੀ ਦਾ ਸਰਬੱਤ ਖ਼ਾਲਸਾ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਢਹਿਢੇਰੀ ਹੋ ਚੁੱਕੀ ਇਮਾਰਤ ਦੇ ਸਾਹਮਣੇ ਕਰਦੇ ਹੋਏ ਇਹਨਾਂ ਇਮਾਰਤਾਂ ਦੀ ਪੁਨਰ-ਉਸਾਰੀ ਦਾ ਮਤਾ ਪਾਸ ਕੀਤਾ ਗਿਆ ਸੀ। ਇਸ ਇਕੱਠ ਦੌਰਾਨ ਸਿੱਖਾਂ ਨੇ ਜੰਗਲਾਂ, ਪਹਾੜਾਂ ਅਤੇ ਰੇਗਿਸਤਾਨਾਂ ਨੂੰ ਛੱਡ ਕੇ ਮੈਦਾਨੀ ਇਲਾਕਿਆਂ ਵਿਚ ਆ ਜਾਣ ਦਾ ਫ਼ੈਸਲਾ ਕਰਨ ਦੇ ਨਾਲ-ਨਾਲ ਸ੍ਰੀ ਦਰਬਾਰ ਸਾਹਿਬ ਦੀ ਸੁਰੱਖਿਆ ਦਾ ਪੁਖਤਾ ਪ੍ਰਬੰਧ ਕਰਨ ਲਈ ਰਾਮਰੌਣੀ ਦਾ ਕਿਲ੍ਹਾ ਮਜ਼ਬੂਤ ਕਰਨ ਦਾ ਮਨ ਬਣਾ ਲਿਆ ਸੀ। ਇਸਦੇ ਨਾਲ-ਨਾਲ ਸ੍ਰੀ ਦਰਬਾਰ ਸਾਹਿਬ ਦੇ ਆਲੇ-ਦੁਆਲੇ ਨਿਵਾਸ ਲਈ ਬੁੰਗਿਆਂ ਦੀ ਉਸਾਰੀ ਅਰੰਭ ਹੋ ਗਈ ਸੀ। ਬਹੁਤ ਸਾਰੇ ਮਿਸਲ ਸਰਦਾਰਾਂ ਦੇ ਬੁੰਗੇ ਇਸੇ ਸਮੇਂ ਹੋਂਦ ਵਿਚ ਆਏ ਸਨ।

ਸ੍ਰੀ ਦਰਬਾਰ ਸਾਹਿਬ ਨੂੰ ਸੁਰੱਖਿਆ ਪ੍ਰਦਾਨ ਕਰਨ ਲਈ 1747 ਦੀ ਵੈਸਾਖ਼ੀ ਮੌਕੇ ਕੀਤੇ ਗਏ ਗੁਰਮਤੇ ਦੇ ਸਿੱਟੇ ਵੱਜੋਂ ਇਕ ਕੱਚੀ ਗੜ੍ਹੀ ਹੋਂਦ ਵਿਚ ਆਈ ਜਿਸ ਨੂੰ ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਨੇ ਇਕ ਕਿਲ੍ਹੇ ਦਾ ਰੂਪ ਪ੍ਰਦਾਨ ਕਰ ਦਿੱਤਾ ਸੀ। ਮੁਗ਼ਲਾਂ ਦੇ ਹਮਲੇ ਸਮੇਂ ਜਦੋਂ ਵੀ ਇਸ ਕਿਲ੍ਹੇ ਨੂੰ ਢਾਹ ਦਿੱਤਾ ਜਾਂਦਾ ਸੀ ਤਾਂ ਰਾਮਗੜ੍ਹੀਆ ਮਿਸਲ ਉਸ ਨੂੰ ਫਿਰ ਦੁਬਾਰਾ ਖੜ੍ਹਾ ਕਰ ਲੈਂਦੀ ਸੀ। ਸਰਦਾਰ ਜੱਸਾ ਸਿੰਘ ਵੱਲੋਂ ਇਸ ਕਿਲ੍ਹੇ ਨੂੰ ਫ਼ੌਜੀ ਛਾਉਣੀ ਵਾਂਗ ਵਰਤਿਆ ਜਾ ਰਿਹਾ ਸੀ ਅਤੇ ਜਦੋਂ ਇਕ ਵੱਖਰੀ ਰਿਹਾਇਸ਼ ਦੀ ਉਸਾਰੀ ਕਰਨ ਦਾ ਵਿਚਾਰ ਉਸ ਦੇ ਮਨ ਵਿਚ ਆਇਆ ਤਾਂ ਬੁੰਗਾ ਰਾਮਗੜ੍ਹੀਆ ਦੀ ਇਮਾਰਤ ਦੀ ਉਸਾਰੀ ਦਾ ਕਾਰਜ ਅਰੰਭ ਹੋ ਗਿਆ ਸੀ ਪਰ ਇਸਦਾ ਵਧੇਰੇ ਕੰਮ ਉਸ ਦੇ ਪੁੱਤਰ ਅਤੇ ਉੱਤਰਾਧਿਕਾਰੀ ਸਰਦਾਰ ਜੋਧ ਸਿੰਘ ਰਾਮਗੜ੍ਹੀਆ ਦੇ ਸਮੇਂ ਨੇਪਰੇ ਚੜ੍ਹਿਆ ਸੀ। ਬੁੰਗੇ ਦਾ ਕੰਮ ਚੱਲ ਰਿਹਾ ਸੀ ਕਿ ਸਰਦਾਰ ਸਾਹਿਬ ਅਕਾਲ ਚਲਾਣਾ ਕਰ ਗਏ ਅਤੇ ਮਹਾਰਾਜਾ ਰਣਜੀਤ ਸਿੰਘ ਨੇ ਇਸ ’ਤੇ ਕਬਜ਼ਾ ਕਰ ਲਿਆ ਸੀ ਜਿਹੜਾ ਕਿ ਸਰਦਾਰ ਮੰਗਲ ਸਿੰਘ ਦੇ ਸਮੇਂ ਇਸ ਪਰਿਵਾਰ ਨੂੰ ਵਾਪਸ ਕਰ ਦਿੱਤਾ ਗਿਆ ਸੀ।

ਸਰਦਾਰ ਸੁੰਦਰ ਸਿੰਘ ਰਾਮਗੜ੍ਹੀਆ ਦੱਸਦੇ ਹਨ ਕਿ ਦਿੱਲੀ ’ਤੇ ਜਿੱਤ ਪ੍ਰਾਪਤ ਕਰਨ ਉਪਰੰਤ ਬਹੁਤ ਸਾਰਾ ਪੱਥਰ ਇੱਥੇ ਲਿਆਂਦਾ ਗਿਆ ਸੀ ਜਿਹੜਾ ਕਿ ਸੰਪੂਰਨ ਰੂਪ ਵਿਚ ਇਸਦੀ ਉਸਾਰੀ ਲਈ ਵਰਤਿਆ ਨਹੀਂ ਜਾ ਸਕਿਆ। ਮਹਾਰਾਜਾ ਰਣਜੀਤ ਸਿੰਘ ਅਧੀਨ ਰਾਜ-ਪ੍ਰਬੰਧ ਸਮੇਂ ਇਹ ਕਾਰਜ ਰੋਕ ਕੇ ਇਹ ਪੱਥਰ ਅੰਮ੍ਰਿਤਸਰ ਦੇ ਰਾਮ ਬਾਗ਼ ਵਿਖੇ ਲਵਾ ਦਿੱਤਾ ਗਿਆ ਸੀ। ਪਰ ਫਿਰ ਵੀ ਇਹ ਪੱਥਰ ਬੱਚ ਗਿਆ ਸੀ ਜਿਹੜਾ ਕਿ 1839 ਵਿਚ ਮਹਾਰਾਜਾ ਰਣਜੀਤ ਸਿੰਘ ਦੇ ਅਕਾਲ ਚਲਾਣੇ ਉਪਰੰਤ ਉਸਦੀ ਸਮਾਧ ’ਤੇ ਲਗਾ ਦਿੱਤਾ ਗਿਆ ਸੀ।

ਮਹਾਰਾਜਾ ਰਣਜੀਤ ਸਿੰਘ ਦੀ ਸੇਵਾ ਬਦਲੇ ਇਹ ਬੁੰਗਾ ਉਹਨਾਂ ਦੇ ਪੂਰਵਜ ਸਰਦਾਰ ਮੰਗਲ ਸਿੰਘ ਨੂੰ ਪ੍ਰਾਪਤ ਹੋਇਆ ਸੀ ਜਿਸ ਤੋਂ ਬਾਅਦ ਇਹ ਸ਼ਾਨਦਾਰ ਇਮਾਰਤ ਕੇਵਲ ਉਹਨਾਂ ਦੇ ਪਰਿਵਾਰ ਨਾਲ ਹੀ ਸੰਬੰਧਿਤ ਹੋ ਗਈ ਸੀ। ਮੌਜੂਦਾ ਸਮੇਂ ਵਿਚ ਇਸ ਬੁੰਗੇ ਦੇ ਇਕ ਉੱਤਰਾਧਿਕਾਰੀ ਰਹਿ ਚੁੱਕੇ ਕਰਨਲ ਇਕਬਾਲ ਸਿੰਘ ਦੱਸਦੇ ਹਨ ਕਿ 1972 ਵਿਚ ਉਹਨਾਂ ਦੇ ਪਿਤਾ ਸਰਦਾਰ ਤ੍ਰਿਲੋਚਨ ਸਿੰਘ ਨੇ ਇਹ ਬੁੰਗਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸੌਂਪ ਦਿੱਤਾ ਸੀ।

ਬੁੰਗਾ ਰਾਮਗੜ੍ਹੀਆ ਭਵਨ ਕਲਾ ਦੀ ਸ਼ਾਨਦਾਰ ਸ਼ੈਲੀ ਵੱਲ ਧਿਆਨ ਦਿਵਾਉਂਦਾ ਹੈ। ਪੱਥਰ ਦੇ 44 ਥਮਲਿਆਂ ’ਤੇ ਉਸਾਰੇ ਹੋਏ ਇਸ ਬੁੰਗੇ ਦੇ ਹੇਠਾਂ ਮੀਟਿੰਗਾਂ ਕਰਨ ਲਈ ਇਕ ਵੱਡਾ ਹਾਲ ਅਤੇ ਤਹਿਖ਼ਾਨੇ ਬਣੇ ਹੋਏ ਹਨ ਜਿਹੜੇ ਕਿ ਮਾਲ ਖ਼ਾਨੇ ਲਈ ਵਰਤੇ ਜਾਂਦੇ ਸਨ। ਇਸਦੀ ਪਹਿਲੀ ਮੰਜ਼ਲ ’ਤੇ ਪੱਥਰ ਦੀ ਇਕ ਸਿਲ ਸੰਭਾਲ ਕੇ ਰੱਖੀ ਹੋਈ ਹੈ ਜਿਹੜੀ ਕਿ ਦਿੱਲੀ ਦੇ ਬਾਦਸ਼ਾਹ ਦੀ ਤਾਜਪੋਸ਼ੀ ਸਮੇਂ ਵਰਤੀ ਜਾਂਦੀ ਸੀ। ਇਸ ਦੀ ਲੰਬਾਈ 6 ਫੁੱਟ 3 ਇੰਚ, ਚੌੜਾਈ 4 ਫੁੱਟ 6 ਇੰਚ ਅਤੇ ਮੋਟਾਈ 9 ਇੰਚ ਹੈ। ਜਦੋਂ ਸਿੱਖ ਸਰਦਾਰਾਂ ਦੀਆਂ ਸਾਂਝੀਆਂ ਫ਼ੌਜਾਂ ਨੇ ਦਿੱਲੀ ’ਤੇ ਹਮਲਾ ਕਰਕੇ ਜਿੱਤ ਪ੍ਰਾਪਤ ਕੀਤੀ ਤਾਂ ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਇਹ ਸਿਲ ਅੰਮ੍ਰਿਤਸਰ ਲੈ ਆਏ ਸਨ ਅਤੇ ਇਸਨੂੰ ਆਪਣੇ ਬੁੰਗੇ ਵਿਖੇ ਸੰਭਾਲ ਲਿਆ ਸੀ। ਮੌਜੂਦਾ ਸਮੇਂ ਵਿਚ ਵੀ ਇਹ ਸਿਲ ਯਾਤਰੂਆਂ ਲਈ ਖਿੱਚ ਦਾ ਕੇਂਦਰ ਹੈ।

ਇਸ ਬੁੰਗੇ ਦੀ ਉੱਚਾਈ, ਨੱਕਾਸ਼ੀ ਅਤੇ ਸੁੰਦਰਤਾ ਹਰ ਇਕ ਯਾਤਰੂ ਅਤੇ ਸ਼ਰਧਾਲੂ ਨੂੰ ਪ੍ਰਭਾਵਿਤ ਕਰਦੀ ਹੈ ਪਰ 4 ਅਪ੍ਰੈਲ 1905 ਨੂੰ ਸਵੇਰੇ ਸਾਢੇ ਪੰਜ ਵਜੇ ਆਏ ਭੁਚਾਲ ਨੇ ਜਿੱਥੇ ਸ੍ਰੀ ਅਕਾਲ ਤਖ਼ਤ ਸਾਹਿਬ, ਖ਼ਾਲਸਾ ਕਾਲਜ ਅਤੇ ਅੰਮ੍ਰਿਤਸਰ ਦੀਆਂ ਹੋਰਨਾਂ ਇਮਾਰਤਾਂ ਨੂੰ ਪ੍ਰਭਾਵਿਤ ਕੀਤਾ ਉੱਥੇ ਇਸ ਬੁੰਗੇ ਦੇ ਬੁਰਜਾਂ ਦੀਆਂ ਦੋ ਸਿਖਰਲੀਆਂ ਮੰਜ਼ਲਾਂ ਨੂੰ ਵੀ ਨੁਕਸਾਨ ਪੁੱਜਾ ਸੀ। ਇਹਨਾਂ ਦੀ ਮੁਰੰਮਤ ਨਹੀਂ ਹੋ ਸਕਦੀ ਸੀ ਇਸ ਲਈ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਦੇ ਹੁਕਮਾਂ ਨਾਲ ਉਹਨਾਂ ਨੂੰ ਗਿਰਾ ਦਿੱਤਾ ਗਿਆ ਸੀ। ਬਾਕੀ ਦੀਆਂ ਮੰਜ਼ਿਲਾਂ ਬਚ ਗਈਆਂ ਸਨ ਜਿਨ੍ਹਾਂ ਨੂੰ ਸੰਭਾਲ ਲਿਆ ਗਿਆ ਸੀ।

1984 ਦੇ ਸਾਕਾ ਨੀਲਾ ਤਾਰਾ (ਤੀਜਾ ਘੱਲੂਘਾਰਾ) ਸਮੇਂ ਇਸ ਬੁੰਗੇ ਨੂੰ ਫਿਰ ਭਾਰੀ ਨੁਕਸਾਨ ਪੁੱਜਾ ਸੀ ਪਰ ਬਾਅਦ ਵਿਚ ਇਸਦੀ ਮੁਰੰਮਤ ਕਰਕੇ ਇਸਨੂੰ ਸੁੰਦਰ ਦਿੱਖ ਪ੍ਰਦਾਨ ਕੀਤੀ ਗਈ। ਸ੍ਰੀ ਦਰਬਾਰ ਸਾਹਿਬ ਦੇ ਲੰਗਰ ਹਾਲ ਦੀ ਇਮਾਰਤ ਵੱਲੋਂ ਇਸ ਬੁੰਗੇ ਵਿਚ ਪੁੱਜਿਆ ਜਾ ਸਕਦਾ ਹੈ ਜਿਸ ਨੂੰ ਨਵਾਂ ਰੂਪ ਅਤੇ ਦਿੱਖ ਪ੍ਰਦਾਨ ਕੀਤੀ ਜਾ ਰਹੀ ਹੈ। ਸਿੱਖਾਂ ਦੇ ਗੌਰਵ ਦੀ ਪਛਾਣ ਕਰਾਉਣ ਵਾਲੀ ਇਸ ਵਿਸ਼ਾਲ ਇਮਾਰਤ ਨੂੰ ਅਜਾਇਬ ਘਰ ਨਾਲ ਜੋੜ ਕੇ ਇਸਦੀ ਸੁਚੱਜੀ ਵਰਤੋਂ ਕੀਤੀ ਜਾ ਸਕਦੀ ਹੈ।

5 1 vote
Article Rating
Subscribe
Notify of
1 ਟਿੱਪਣੀ
Oldest
Newest Most Voted
Inline Feedbacks
View all comments
1
0
Would love your thoughts, please comment.x
()
x