ਬ੍ਰਹਿਮੰਡ ਦੇ ਅਨੰਤ ਪਸਾਰੇ ਵਿੱਚ ਮਾਨਵ ਜਾਤੀ ਦਾ ਮਹੱਤਵਪੂਰਨ ਸਥਾਨ ਹੈ। ਆਪਣੀ ਚੇਤਨਤਾ ਦੇ ਸਦਕਾ ਵਿਸ਼ੇਸ਼ ਮਹੱਤਤਾ ਰੱਖਦਾ ਹੋਇਆ ਮਨੁੱਖ ‘ਸਰਦਾਰ’ ਜੂਨ ਦੀ ਉਪਾਧੀ ਨੂੰ ਵੀ ਹਾਸਿਲ ਕਰਦਾ ਹੈ। ਪਰ ਕੀ ਇਸ ਸਰਦਾਰ ਮਨੁੱਖ ਨੇ ਆਪਣੀ ਸਰਦਾਰੀ ਦੀ ਮਹੱਤਤਾ, ਜ਼ਿੰਮੇਵਾਰੀ, ਭੂਮਿਕਾ ਨੂੰ ਸਮਝਿਆ ਹੈ? ਅੱਜ ਦੇ ਅਤਿ-ਆਧੁਨਿਕ ਯੁੱਗ ਵਿੱਚ ਪਹੁੰਚ ਕੇ ਵੀ ਮਨੁੱਖ ਦੀ ਲਾਲਸਾ ਭਰੀ ਪ੍ਰਵਿਰਤੀ ਦਾ ਅੰਤ ਨਹੀਂ ਹੋ ਰਿਹਾ। ਉੇਹ ਅਨੇਕਾਂ ਸਮੱਸਿਆਵਾਂ ਨਾਲ ਘਿਰਿਆ ਪਿਆ ਹੈ, ਜਿੰਨ੍ਹਾਂ ਦੇ ਸਿੱਟੇ ਵਜੋਂ ਉਸ ਨੂੰ ਆਪਣਾ ਅੰਤ ਸਾਫ਼ ਦਿਖਾਈ ਦੇ ਰਿਹਾ ਹੈ। ਬੌਧਿਕ ਵਿਕਾਸ ਦੇ ਨਾਲ ਮਨੁੱਖ ਨੇ ਕਈ ਸਿਧਾਂਤਾਂ ਅਤੇ ਜੀਵਨ ਮਾਡਲਾਂ ਨੂੰ ਘੜਿਆ ਅਤੇ ਉਹਨਾਂ ਨੂੰ ਲਾਗੂ ਕਰਨ ਦੀ ਕੋਸ਼ਿਸ਼ ਵੀ ਕੀਤੀ ਹੈ। ਪਰ ਵਿਚਾਰਨਯੋਗ ਮਸਲਾ ਇਹ ਹੈ ਕੀ ਮਨੁੱਖ ਦੁਆਰਾ ਘੜੇ ਗਏ ਮਾਡਲ ਅਤੇ ਸਿਧਾਂਤ ਮਨੁੱਖੀ ਸਮੱਸਿਆਵਾਂ ਦਾ ਹੱਲ ਕਰਨ ਵਿੱਚ ਕਾਮਯਾਬ ਹੋਏ ਹਨ? ਕੀ ਉਹਨਾਂ ਨੇ ਆਦਰਸ਼ਿਕ ਮਨੁੱਖ ਅਤੇ ਸਮਾਜ ਦੀ ਸਿਰਜਣਾ ਕੀਤੀ, ਜਿਸ ਵਿੱਚ ਮਾਨਵੀ ਹਿੱਤਾਂ ਦੀ ਪੂਰਤੀ ਦੇ ਨਾਲ ਮਨੁੱਖ ਬ੍ਰਹਿਮੰਡ ਅਤੇ ਕੁਦਰਤ ਦੇ ਨਾਲ ਵੀ ਸੰਤੁਲਨ ਨੂੰ ਕਾਇਮ ਰੱਖ ਸਕੇ। ਪਰ ਅਸੀਂ ਦੇਖਦੇ ਹਾਂ ਕਿ ਅਜਿਹਾ ਕੁਝ ਵੀ ਨਹੀਂ ਹੋਇਆ।
ਮਨੁੱਖੀ ਲਾਲਸਾ ਵੱਧਦੀ ਗਈ।ਮਨੁੱਖ ਨੇ ਆਪਣੇ ਸੁਆਰਥ ਅਤੇ ਨਿੱਜੀ ਹਿੱਤਾਂ ਦੀ ਪੂਰਤੀ ਲਈ ਕਿਸੇ ਵੀ ਕੁਦਰਤੀ ਪ੍ਰਬੰਧ ਦੀ ਪ੍ਰਵਾਹ ਨਾ ਕੀਤੀ। ਉਸਨੇ ਕੁਦਰਤੀ ਸਾਧਨਾਂ ਦੀ ਦੁਰਵਰਤੋਂ ਦੇ ਨਾਲ ਨਾਲ ਕੁਦਰਤੀ ਪ੍ਰਬੰਧ ਵਿੱਚ ਦਖ਼ਲ ਦੇਣਾ ਆਰੰਭ ਕਰ ਦਿੱਤਾ।ਆਪਣੇ ਜੀਵਨ ਦੇ ਵਿਗਾਸ ਨੂੰ ਅੱਖੋਂ-ਪਰੋਖੇ ਕਰਕੇ ਅਤੇ ਤਾਕਤ ਦੇ ਨਸ਼ੇ ਵਿੱਚ ਡੀਂਗਾਂ ਮਾਰਦਾ ਮਨੁੱਖ, ਆਪਣੀ ਜਾਤ ਨੂੰ ਹੀ ਪੈਰਾਂ ਹੇਠ ਲਿਤਾੜਣ ਲੱਗਾ। ਵਿਸ਼ਵ ਨੂੰ ਦੋ ਭਿਆਨਕ ਯੁੱਧਾਂ ਦਾ ਸਾਹਮਣਾ ਕਰਨਾ ਪਿਆ। ਕੁਦਰਤ ਦੇ ਅਨੰਦਾਂ ਅਤੇ ਖੇੜਿਆਂ ਨੂੰ ਭੂਗੋਲਿਕ ਹੱਦਾਬੰਦੀ ਦੇ ਦੁਆਰਾ ਸੀਮਿਤ ਕਰ ਦਿੱਤਾ ਗਿਆ।ਮਨੁੱਖ ਆਪਣੀ ਹੀ ਬਣਾਈ ਕੈਦ ਵਿੱਚ ਕੈਦੀ ਬਣ ਗਿਆ।ਇਸ ਤਰ੍ਹਾਂ ਇਹ ‘ਸਰਦਾਰ (ਸ਼੍ਰੇਸ਼ਟ)’ ਮਨੁੱਖ ਅੱਜ ਆਪਣੇ ਆਪ ਦਾ ਹੀ ਗ਼ੁਲਾਮ ਹੋ ਗਿਆ।ਮਨੁੱਖ ਨੂੰ ਹੋਰ ਕਿਸੇ ਜੀਵ ਜਾਂ ਜਾਨਵਰ ਤੋਂ ਇੰਨ੍ਹਾਂ ਖਤਰਾ ਨਹੀਂ, ਜਿੰਨ੍ਹਾਂ ਮਨੁੱਖ ਨੂੰ ਮਨੁੱਖ ਤੋਂ ਖਤਰਾ ਹੈ।ਇੰਨ੍ਹੇ ਵੱਡੇ ਪੱਧਰ ’ਤੇ ਤਿਆਰ ਕੀਤੇ ਗਏ ਪ੍ਰਮਾਣੂ ਵਿਸਫੋਟਕ ਹਥਿਆਰ ਕਿਸੇ ਪੰਛੀ ਜਾਂ ਜਾਨਵਰ ਦਾ ਸ਼ਿਕਾਰ ਕਰਨ ਲਈ ਨਹੀਂ ਬਣਾਏ ਗਏ।ਇਹ ਤਾਂ ਮਨੁੱਖ ਨੇ ਆਪਣੇ ਲਈ ਹੀ ਬਣਾਏ ਹਨ। ਇਕ-ਦੂਜੇ ਪ੍ਰਤੀ ਪੈਦਾ ਹੋਈ ਅਜਿਹੀ ਅਸੁਰੱਖਿਆ ਅਤੇ ਡਰ ਦੀ ਭਾਵਨਾ ਨੂੰ ਕਿਸੇ ਵੀ ਯੋਗ ਪ੍ਰਬੰਧ ਦੁਆਰਾ ਦੂਰ ਨਹੀਂ ਕੀਤਾ ਗਿਆ। ਮਨੁੱਖੀ ਜੀਵਨ ਮਾਡਲ ਇਸ ਡਰ ਨੂੰ ਦੂਰ ਕਰਨ ਵਿੱਚ ਨਾ-ਕਾਮਯਾਬ ਰਹੇ।ਜਿਸ ਦੇ ਸਿੱਟੇ ਵਜੋਂ ਵਿਸ਼ਵ ਵਿੱਚ ਅਜਿਹੀਆਂ ਅਨੇਕਾਂ ਸਮੱਸਿਆਵਾਂ ਦਾ ਜਨਮ ਹੋਇਆ ਅਤੇ ਇਹਨਾਂ ਸਮੱਸਿਆਵਾਂ ਦਾ ਹੱਲ ਕਿਸੇ ਵੀ ਮਨੁੱਖੀ ਮਾਡਲ ਦੁਆਰਾ ਹੁੰਦਾ ਦਿਖਾਈ ਨਹੀਂ ਦੇ ਰਿਹਾ। ਇਸ ਲਈ ਅੱਜ ਜਿਸ ਮਹੱਤਵਪੂਰਨ ਚੁਣੌਤੀ ਦਾ ਸਾਹਮਣਾ ਅਸੀਂ ਕਰ ਰਹੇ ਹਾਂ, ਉਸਦੇ ਹੱਲ ਲਈ ਸਾਨੂੰ ਫਿਰ ਤੋਂ ਕੁਦਰਤ ਵੱਲ ਨੂੰ ਪਰਤਣਾ ਪਵੇਗਾ। ਕੁਦਰਤ, ਕੁਦਰਤ ਤੋਂ ਅੱਗੇ ਬ੍ਰਹਿਮੰਡ ਅਤੇ ਬ੍ਰਹਿਮੰਡ ਸਿਰਜਕ ਪ੍ਰਮਾਤਮਾ ਦੀ ਸ਼ਰਣ ਵਿੱਚ ਜਾਣਾ ਹੀ ਅੱਜ ਸਾਡੇ ਕੋਲ ਯੋਗ ਅਤੇ ਢੁਕਵਾਂ ਹੱਲ ਬਚਿਆ ਹੈ।ਪਰਮ ਸੱਤਾ ਪ੍ਰਮਾਤਮਾ ਦੀ ਰੱਬੀ ਹਕੂਮਤ ਹੀ ਅਜਿਹਾ ਪ੍ਰਬੰਧ ਹੈ ਜੋ ਸਾਡੀਆਂ ਸਾਰੀਆਂ ਸਮੱਸਿਆਵਾਂ ਦਾ ਹੱਲ ਹੈ।ਇਸ ਲਈ ਅੱਜ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਇਸ ਦਿਸ਼ਾ ਵੱਲ ਕਦਮ ਉਠਾਈਏ ਅਤੇ ਆਪਣੇ ਮੂਲ ਸੱਚ ਪ੍ਰਤੀ ਜਾਗਰੂਕ ਹੋਈਏ।ਵਿਸਮਾਦੀ ਸ਼ਾਸ਼ਕੀ ਵਿਵਸਥਾ ਨੂੰ ਕਾਇਮ ਕੀਤਾ ਜਾਵੇ, ਜਿਸ ਦੁਆਰਾ ਖੇੜਿਆਂ ਭਰਪੂਰ ਵਿਸਮਾਦੀ ਆਦਰਸ਼ਿਕ ਮਨੁੱਖ ਅਤੇ ਸਮਾਜ ਦੀ ਸਿਰਜਣਾ ਹੋਵੇਗੀ।
ਵਿਸਮਾਦੀ ਸ਼ਾਸ਼ਕੀ ਵਿਵਸਥਾ ‘ਵਿਕਾਸ’ ਤੋਂ ਅੱਗੇ ਵਿਗਾਸ ’ਤੇ ਅਧਾਰਿਤ ਹੈ।ਇਸ ਸ਼ਾਸ਼ਕੀ ਵਿਵਸਥਾ ਵਿੱਚ ਵਿਸਮਾਦ ਨੂੰ ਪ੍ਰਮੁੱਖਤਾ ਦਿੱਤੀ ਜਾਂਦੀ ਹੈ। ਜਿੱਥੇ ਸਮਾਜਵਾਦ ਅਤੇ ਸਾਮਵਾਦ ਪੂੰਜੀ ਕੇਂਦਰਿਤ ਹਨ। ਪੂੰਜੀਵਾਦ ਵਿੱਚ ‘ਪੂੰਜੀ’ ਨੂੰ ਸਾਹਮਣੇ ਰੱਖ ਕੇ ਹਰ ਪ੍ਰਬੰਧ ਉਲੀਕਿਆ ਜਾਂਦਾ ਹੈ।ਜਿੱਥੇ ਪੂੰਜੀ ਦੇ ਨਫ਼ੇ ਅਤੇ ਨੁਕਸਾਨ ਦਾ ਮੁੱਦਾ ਪ੍ਰਮੁੱਖ ਹੁੰਦਾ ਹੈ। ਇਸ ਪ੍ਰਕਾਰ ਸਾਰੇ ਸਮਾਜਿਕ ਰਿਸ਼ਤੇ ਅਤੇ ਰਾਜਨੀਤਿਕ ਪ੍ਰਬੰਧਾਂ ਨੂੰ ਪੂੰਜੀ ਪ੍ਰਭਾਵਿਤ ਕਰਦੀ ਹੈ।ਮਨੋਵਿਗਿਆਨਿਕ ਪੱਖ ਤੋਂ ਮਨੁੱਖੀ ਮਾਨਸਿਕ ਵਿਵਸਥਾ ਵੀ ਪੂੰਜੀ ਦੁਆਰਾ ਪ੍ਰਭਾਵਿਤ ਹੁੰਦੀ ਹੈ, ਜਿਸ ਵਿੱਚ ਮਨੁੱਖ ਲਾਲਚੀ ਅਤੇ ਸੁਆਰਥੀ ਬਣ ਜਾਂਦਾ ਹੈ।ਜਿਸ ਕਾਰਨ ਸਾਰੇ ਸਮਾਜੀ ਪ੍ਰਬੰਧਾਂ ਵਿੱਚ ਵਿਗਾੜ ਆ ਜਾਂਦਾ ਹੈ।
ਵਿਸਮਾਦੀ ਸ਼ਾਸ਼ਕੀ ਵਿਵਸਥਾ ਮਾਨਵ ਜਾਤੀ ਲਈ ਤੀਸਰਾ ਬਦਲ ਹੈ, ਜੋ ਮਨੁੱਖ ਲਈ ਖੇੜ੍ਹਿਆਂ ਭਰਪੂਰ ਅਨੰਦਮਈ ਅਤੇ ਵਿਗਾਸਮਈ ਪ੍ਰਬੰਧ ਦੀ ਸਿਰਜਣਾ ਕਰਦਾ ਹੈ। ਭਾਈ ਹਰਿਸਿਮਰਨ ਸਿੰਘ ਨੇ ਆਪਣੀਆਂ ਰਚਨਾਵਾਂ ਵਿਚ ਇਸ ਸੰਬੰਧੀ ਖੋਜ ਅਤੇ ਪੂਰਾ ਮਾਡਲ ਵਿਆਖਿਆ ਸਹਿਤ ਪੇਸ਼ ਕੀਤਾ ਹੈ। ਪ੍ਰਮਾਤਮਾ ਤੋਂ ਸਿਰਜਿਆ ਗਿਆ ਬ੍ਰਹਿਮੰਡ ਅਤੇ ਕੁਦਰਤ ਵਿਸਮਾਦ ਦਾ ਸਰੋਤ ਹੈ।ਜਿਸ ਵਿੱਚ ਬ੍ਰਹਿਮੰਡ ਦੇ ਅਨੰਤ ਪਸਾਰੇ ਅਤੇ ਰਹੱਸਮਈ ਭੇਦਾਂ ਨੂੰ ਦੇਖਦੇ ਹੋਏ ਮਨੁੱਖ ਹੈਰਾਨ ਹੋ ਜਾਂਦਾ ਹੈ ਅਤੇ ਉੱਥੇ ਹੀ ਕੁਦਰਤ ਦੀ ਵੰਨ-ਸਵੰਨਤਾ ਅਤੇ ਵਰਤਾਰੇ ਵਿਸਮਾਦ ਹੀ ਹਨ। ਗੁਰੂ ਨਾਨਕ ਦੇਵ ਜੀ ‘ਆਸਾ ਕੀ ਵਾਰ’ ਵਿੱਚ ਫੁਰਮਾਉਂਦੇ ਹਨ:-
ਵਿਸਮਾਦੁ ਨਾਦ ਵਿਸਮਾਦੁ ਵੇਦ॥ ਵਿਸਮਾਦੁ ਜੀਅ ਵਿਸਮਾਦੁ ਭੇਦ॥
ਵਿਸਮਾਦੁ ਰੂਪ ਵਿਸਮਾਦੁ ਰੰਗ॥ ਵਿਸਮਾਦੁ ਨਾਗੇ ਫਿਰਹਿ ਜੰਤ॥
ਵਿਸਮਾਦੁ ਪਉਣੁ ਵਿਸਮਾਦੁ ਪਾਣੀ॥ ਵਿਸਮਾਦੁ ਅਗਨੀ ਖੇਡਹਿ ਵਿਡਾਣੀ॥
ਵਿਸਮਾਦੁ ਧਰਤੀ ਵਿਸਮਾਦੁ ਖਾਣੀ॥ ਵਿਸਮਾਦੁ ਸਾਦਿ ਲਗਹਿ ਪਰਾਣੀ॥
ਵਿਸਮਾਦੁ ਸੰਯੋਗੁ ਵਿਸਮਾਦੁ ਵਿਯੋਗੁ॥ ਵਿਸਮਾਦੁ ਭੁਖ ਵਿਸਮਾਦੁ ਭੋਗੁ॥
ਵਿਸਮਾਦੁ ਸਿਫਤਿ ਵਿਸਮਾਦੁ ਸਾਲਾਹ॥ ਵਿਸਮਾਦੁ ਉਝੜ ਵਿਸਮਾਦੁ ਰਾਹ॥
ਵਿਸਮਾਦੁ ਨੇੜੈ ਵਿਸਮਾਦੁ ਦੂਰਿ॥ ਵਿਸਮਾਦੁ ਦੇਖੈ ਹਾਜਰਾ ਹਜੂਰਿ॥
ਵੇਖਿ ਵਿਡਾਣੁ ਰਹਿਆ ਵਿਸਮਾਦੁ॥ ਨਾਨਕੁ ਬੁਝਣੁ ਪੂਰੇ ਭਾਗਿ॥ (ਅੰਗ: 464)
ਇਸ ਪ੍ਰਕਾਰ ਵਿਸਮਾਦੀ ਵਿਵਸਥਾ ਸਾਨੂੰ ਕੁਦਰਤ ਦੇ ਨੇੜੇ ਲੈ ਕੇ ਜਾਣ ਵਾਲੀ ਹੈ। ਅਸੀਂ ਕੁਦਰਤ ਦਾ ਹਿੱਸਾ ਹਾਂ। ਕੁਦਰਤੀ ਪ੍ਰਬੰਧ ਵਿੱਚ ਸਾਡਾ ਅਹਿਮ ਯੋਗਦਾਨ ਅਤੇ ਜ਼ਿੰਮੇਵਾਰੀ ਹੈ ਕਿ ਅਸੀਂ ਆਪਣੀ ਚੇਤਨਤਾ ਸਦਕਾ ਕੁਦਰਤੀ ਪ੍ਰਬੰਧ ਦਾ ਸੰਤੁਲਨ ਕਾਇਮ ਰੱਖੀਏ।ਪਰ ਅੱਜ ਦਾ ਮਨੁੱਖ ਇਸ ਦੇ ਬਿਲਕੁਲ ਹੀ ਉਲਟ ਹੋ ਗਿਆ ਹੈ। ਕੁਦਰਤ ਪਾਸ ਸਾਡੇ ਲਈ ਬਹੁਤ ਕੁਝ ਹੈ ਪਰ ਮਨੁੱਖੀ ਲਾਲਸਾ ਦੀ ਪੂਰਤੀ ਵਾਸਤੇ ਨਹੀਂ ਹੈ। ਮਨੁੱਖ ਕੁਦਰਤੀ ਪ੍ਰਬੰਧ ਵਿੱਚ ਵਿਗਾੜ ਪਾ ਰਿਹਾ ਹੈ ਜੋ ਕਿ ਸਰਾਸਰ ਗਲਤ ਹੈ।ਅੱਜ ਸਾਡੇ ਸਾਹਮਣੇ ਜੋ ਵੀ ਸਮੱਸਿਆਵਾਂ ਹਨ, ਉਹਨਾਂ ਦੇ ਹੱਲ ਲਈ ਕੁਦਰਤਮੁਖੀ ਪ੍ਰਬੰਧ ਸਿਰਜਣਾ ਪਵੇਗਾ।ਇਸ ਨਾਲ ਅਸੀਂ ਕੁਦਰਤ ਦੇ ਨਾਲ ਨਾਲ ਕਾਦਰ ਦੇ ਵੀ ਨੇੜੇ ਹੋ ਜਾਵਾਂਗੇ।
ਸਾਡਾ ਸ਼ਾਸ਼ਨ ਪ੍ਰਬੰਧ ਹਮੇਸ਼ਾਂ ਹੀ ਪੂੰਜੀਪਤੀ ਵਿਅਕਤੀਆਂ ਦੇ ਹੱਥ ਵਿੱਚ ਰਿਹਾ ਹੈ। ਜੋ ਆਪਣੇ ਨਿੱਜ-ਸੁਆਰਥ ਹਿਤ ਸ਼ਾਸ਼ਨ ਪ੍ਰਬੰਧ ਨੂੰ ਪ੍ਰਭਾਵਿਤ ਕਰਦੇ ਆਏ ਹਨ।ਇਤਿਹਾਸ ਵਿੱਚ ਅਸੀਂ ਅਜਿਹੀਆਂ ਅਨੇਕਾਂ ਘਟਨਾਵਾਂ ਦੇਖ ਸਕਦੇ ਹਾਂ, ਜਿੰਨ੍ਹਾਂ ਵਿੱਚ ਨਿੱਜੀ ਲਾਭਾਂ ਲਈ, ਬਸਤੀਆਂ ਕਾਇਮ ਕਰਨ ਲਈ ਹਮੇਸ਼ਾ ਆਪਸੀ ਜੱਦੋ-ਜਹਿਦ ਜ਼ਾਰੀ ਰਹੀ। ਇਸ ਸ਼ਾਸ਼ਨ ਪ੍ਰਬੰਧ ਨੇ ਲੋਕਾਂ ਤੋਂ ਆਜ਼ਾਦੀ ਖੋ ਲਈ। ਆਜ਼ਾਦੀ ਦੇ ਅਰਥ ਬਦਲ ਦਿੱਤੇ ਗਏ। ਪਰਜਾ ਰਾਜਨੀਤਿਕ ਲੋਕਾਂ ਲਈ ਕੇਵਲ ਵਸਤੂ ਮਾਤਰਬਣ ਕੇ ਹੀ ਰਹਿ ਗਈ। ਲੋਕਾਂ ਨੂੰ ਵਰਤਿਆ ਗਿਆ। ਉਹਨਾਂ ਨੂੰ ਮਾਮੂਲੀ ਸੁਖ ਸਹੂਲਤਾਂ ਉਪਲੱਬਧ ਕਰਵਾ ਕੇ ਜੀਵਨ ਦੇ ਖੇੜੇ ਅਤੇ ਆਜ਼ਾਦ ਸੋਚ ਤੋਂ ਦੂਰ ਰੱਖਿਆ ਗਿਆ। ਅਜੋਕੇ ਸਮੇਂ ਵਿੱਚ ਵੀ ਅਜਿਹਾ ਹੀ ਹਾਲ ਹੈ। ਪੂਰੇ ਵਿਸ਼ਵ ਵਿੱਚ ਸਰਦਾਰੀ ਕਾਇਮ ਕਰਨ ਦੀ ਦੌੜ ਜਾਰੀ ਹੈ। ਜਿਸ ਵਿੱਚ ਆਮ ਲੋਕਾਂ ਨੂੰ ਸ਼ਰੇਆਮ ਲਿਤਾੜਿਆ ਜਾ ਰਿਹਾ ਹੈ। ਇਸ ਸ਼ਾਸਨ ਪ੍ਰਬੰਧ ਨੇ ਸਾਡੇ ਸਾਹਮਣੇ ਅਨੇਕਾਂ ਸਮੱਸਿਆਵਾਂ ਖੜ੍ਹੀਆਂ ਕਰ ਦਿੱਤੀਆਂ ਹਨ। ਜਿਸ ਵਿੱਚ ਪ੍ਰਮੁੱਖ ਡਰ ਅਤੇ ਅਸੁਰੱਖਿਆ ਦੀ ਭਾਵਨਾ ਨੂੰ ਲੋਕਾਂ ਦੀ ਮਾਨਸਿਕਤਾ ’ਤੇ ਥੋਪ ਦਿੱਤਾ ਗਿਆ ਹੈ। ਇਸ ਲਈ ਅਜਿਹੇ ਸ਼ਾਸ਼ਨੀ ਪ੍ਰਬੰਧ ਦਾ ਬਦਲ ਬਹੁਤ ਜ਼ਰੂਰੀ ਹੈ।
ਇਸ ਪ੍ਰਬੰਧ ਦੇ ਬਦਲ ਵਜੋਂ ਸਾਡੇ ਪਾਸ ਵਿਸਮਾਦੀ ਸ਼ਾਸ਼ਕੀ ਪ੍ਰਬੰਧ ਹੈ।ਜਿਸ ਦਾ ਮਾਡਲ ਸਿੱਖ ਗੁਰੂ ਸਾਹਿਬਾਨ ਦੁਆਰਾ ਸਿਰਜਿਆ ਗਿਆ ਹੈ।ਗੁਰੂ ਗ੍ਰੰਥ ਸਾਹਿਬ ਜੀ ਇਸ ਦਾ ਨਕਸ਼ਾ ਤਿਆਰ ਕਰਦੇ ਹਨ ਅਤੇ ਸਾਨੂੰ ਅਜਿਹੇ ਪ੍ਰਬੰਧ ਨੂੰ ਸਿਰਜਣ ਲਈ ਪ੍ਰੇਰਨਾ ਵੀ ਦਿੰਦੇ ਹਨ। ਵਿਸਮਾਦੀ ਸ਼ਾਸ਼ਕੀ ਪ੍ਰਬੰਧ ਵਿੱਚ ਆਦਰਸ਼ਿਕ ਮਨੁੱਖ ਅਤੇ ਸਮਾਜ ਦੀ ਉਸਾਰੀ ਕੀਤੀ ਜਾਵੇਗੀ।ਸਭ ਤੋਂ ਪਹਿਲਾਂ ਮਨੁੱਖ ਦੀ ਘਾੜਤ ਘੜੀ ਜਾਵੇਗੀ ਤਾਂ ਜੋ ਸਾਰੇ ਪ੍ਰਬੰਧਾਂ ਅਤੇ ਜੀਵਨ ਮਾਡਲਾਂ ਦੀ ਮੂਲ ਇਕਾਈ ਮਨੁੱਖ ਨੂੰ ਇਸ ਲਈ ਤਿਆਰ ਕੀਤਾ ਜਾ ਸਕੇ।ਵਿਸਮਾਦੀ ਮਨੁੱਖ ਹੀ ਵਿਗਾਸਮੁਖੀ ਅਤੇ ਆਪਣੇ ਆਪ ਤੋਂ ਉਪਰ ਉੱਠ ਕੇ ਜੀਣ ਵਾਲਾ ਹੋਵੇਗਾ।ਇਸ ਲਈ ਸਾਨੂੰ ਧਰਮ ਵੱਲ ਪਰਤਣਾ ਪਵੇਗਾ। ਧਰਮ ਸਚਿਆਰ ਮਨੁੱਖ ਦੀ ਸਿਰਜਣਾ ਕਰੇਗਾ ਅਤੇ ਇਸ ਵਿੱਚ ਧਾਰਮਿਕ ਆਗੂਆਂ ਦੀ ਪ੍ਰਮੁੱਖ ਭੂਮਿਕਾ ਹੋਵੇਗੀ ਕਿ ਉਹ ਧਾਰਮਿਕ ਸਥਾਨ ਸਫ਼ਲ ਪ੍ਰਯੋਗਸ਼ਾਲਾ ਦੇ ਰੂਪ ਵਿੱਚ ਤਿਆਰ ਕਰਨ ਅਤੇ ਇਸ ਕਾਰਜ ਨੂੰ ਅਮਲੀ ਰੂਪ ਦੇਣ।ਗੁਰਦੁਆਰਾ ਸੰਸਥਾ ਸਿੱਖਾਂ ਦੇ ਸਮਾਜਿਕ, ਧਾਰਮਿਕ ਅਤੇ ਰਾਜਨੀਤਿਕ ਪ੍ਰਬੰਧ ਲਈ ਕੇਂਦਰੀ ਸਥਾਨ ਹੈ। ਜੋ ਹਰ ਪ੍ਰਕਾਰ ਦੇ ਸਿੱਖ ਮਸਲਿਆਂ ਨੂੰ ਨਜਿੱਠਦਾ ਹੈ।ਇਸ ਤਰ੍ਹਾਂ ਇਸ ਸੰਸਥਾ ਦੁਆਰਾ ਵਿਸਮਾਦੀ ਮਨੁੱਖ ਸਿਰਜਣ ਵਿੱਚ ਸਫਲਤਾ ਪ੍ਰਾਪਤ ਕੀਤੀ ਜਾ ਸਕਦੀ ਹੈ।
ਵਿਸਮਾਦੀ ਮਨੁੱਖ ਹੀ ਵਿਸਮਾਦੀ ਸ਼ਾਸ਼ਨੀ ਪ੍ਰਬੰਧ ਦੀ ਸਿਰਜਣਾ ਕਰਨਗੇ। ਇਹ ਸ਼ਾਸ਼ਨ ਪ੍ਰਬੰਧ ਹਰ ਮਾਨਵ ਅਤੇ ਇਸ ਸ਼੍ਰਿਸਟੀ ਦੇ ਹਰ ਜੀਵ ਦੀ ਆਜ਼ਾਦੀ ਦੀ ਬਹਾਲੀ ਨੂੰ ਯਕੀਨੀ ਬਣਾਏਗਾ।ਇਸ ਵਿਵਸਥਾ ਵਿੱਚ ਅਸੀਂ ਇਕ ‘ਵਿਸ਼ਵ ਸਰਕਾਰ’ ਦੀ ਸਿਰਜਣਾ ਕਰ ਸਕਦੇ ਹਾਂ ਜੋ ‘ਰੱਬੀ ਹਕੂਮਤ’ ਦੇ ਰੂਪ ਵਿੱਚ ਹੋਵੇਗੀ। ਸਾਰਾ ਸ਼ਾਸ਼ਨ ਪ੍ਰਬੰਧ ਕੁਦਰਤ ਨੂੰ ਕੇਂਦਰ ਵਿੱਚ ਰੱਖਦੇ ਹੋਏ, ਕੁਦਰਤ ਦੇ ਹਰ ਸਰੋਤ, ਜੀਵ-ਜੰਤੂ ਅਤੇ ਕੁਦਰਤੀ ਸਾਧਨਾਂ ਦੇ ਹਿਤ ਵਿੱਚ ਹੋਵੇਗਾ। ਮਨੁੱਖ ਲਈ ਇੱਥੇ ਇਹ ਚੁਣੌਤੀ ਹੋਵੇਗੀ ਕਿ ਉਸ ਨੂੰ ਸਹਿਜਮਈ ਬਣਨਾ ਪਵੇਗਾ।ਆਪਣੇ ਨਿੱਜ-ਸੁਆਰਥ ਤੋਂ ਉਪਰ ਉੱਠ ਕੇ ਸਹਿਜ ਹਾਸਿਲ ਕਰਨਾ ਇਕ ਅਧਿਆਤਮਿਕ ਅਵਸਥਾ ਦੇ ਨਾਲ ਇਕ ਆਦਰਸ਼ਿਕ ਮਨੁੱਖ ਦੀ ਸਿਰਜਣਾ ਅਤੇ ਮਨੁੱਖਤਾ ਦੀ ਸਿਖ਼ਰਤਾ ਵੀ ਹੈ। ਇਹ ਪ੍ਰਬੰਧ ਇਕਹਿਰੇਵਾਦ ਤੋਂ ਉੱਪਰ ਬਹੁ-ਪੱਖੀ ਹੋਵੇਗਾ।ਇਸ ਸ਼ਾਸ਼ਕੀ ਵਿਵਸਥਾਂ ਵਿੱਚ ਹਰ ਧਰਮ, ਸੱਭਿਆਚਾਰ ਅਤੇ ਸਮਾਜ ਦਾ ਵਿਕਾਸ ਯਕੀਨੀ ਬਣਾਇਆ ਜਾਵੇਗਾ। ਜਿਸ ਨਾਲ ਵਿਸ਼ਵ ਦੀ ਵੰਨ-ਸਵੰਨਤਾ ਇਕ ਗੁਲਦਸਤੇ ਦੀ ਤਰ੍ਹਾਂ ਸੁੰਦਰ ਦਿਖਾਈ ਦੇਵੇਗੀ। ਇਕ ਵਿਸ਼ਵ ਨਾਗਰਿਕ ਦੀ ਸਿਰਜਣਾ ਇਸ ਪ੍ਰਕਾਰ ਹੀ ਸੰਭਵ ਹੈ। ਅੱਜ ਹਰ ਵਿਅਕਤੀ ਆਪਣੇ ਆਪ ਨੂੰ ਕਿਸੇ ਨਾ ਕਿਸੇ ਦੇਸ਼ ਦਾ ਨਾਗਰਿਕ ਮੰਨਦਾ ਹੈ। ਉਹ ਆਪਣੇ ਦੇਸ਼ ਪ੍ਰਤੀ ਤਾਂ ਸ਼ਾਇਦ ਆਪਣੇ ਫਰਜ਼ਾਂ ਨੂੰ ਪਛਾਣ ਲਵੇ, ਪਰ ਵਿਸ਼ਵ ਪ੍ਰਤੀ ਆਪਣੇ ਕਿਸੇ ਵੀ ਫ਼ਰਜ਼ ਦੀ ਨਿਸ਼ਾਨਦੇਹੀ ਨਹੀਂ ਕਰਦਾ।ਇਸ ਲਈ ਜ਼ਰੂਰੀ ਹੈ ਕਿ ਵਿਸ਼ਵ ਨਾਗਰਿਕ ਦੀ ਸਿਰਜਣਾ ਹੋਵੇ, ਜੋ ਕਿ ਪੂਰੇ ਵਿਸ਼ਵ ਪ੍ਰਤੀ ਜਾਗਰੂਕ ਅਤੇ ਵਿਸ਼ਵ ਵਿਕਾਸ ਲਈ ਆਪਣੇ ਯੋਗਦਾਨ ਨੂੰ ਯਕੀਨੀ ਬਣਾਏ।
ਇਸ ਤਰ੍ਹਾਂ ਵਿਸਮਾਦੀ ਯੁੱਗ ਦੀ ਸ਼ੁਰੂਆਤ ਹੋਵੇਗੀ। ਇਹ ਵਿਸਮਾਦੀ ਯੁੱਗ ਸਾਨੂੰ ਕਾਦਰ ਅਤੇ ਕੁਦਰਤ ਦੀ ਗੋਦ ਵਿੱਚ ਲੈ ਜਾਵੇਗਾ।ਜਿੱਥੇ ਅਸੀਂ ਮਹਿਕਦੀ ਹੋਈ ਕੁਦਰਤ ਨਾਲ ਇਕਸੁਰ ਹੋ ਕੇ ਵਿਗਾਸਮੁਖੀ ਜੀਵਨ ਬਤੀਤ ਕਰਾਂਗੇ। ਸੋ ਅੰਤ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਵਿਸਮਾਦੀ ਸ਼ਾਸ਼ਕੀ ਵਿਵਸਥਾ ਹੀ ਸਾਡੇ ਕੋਲ ਇਕੋ ਇਕ ਹੱਲ ਹੈ ਜਿਸ ਨਾਲ ਮਾਨਵੀ ਹੋਂਦ ਅਤੇ ਇਸ ਧਰਤੀ ਨੂੰ ਬਚਾਇਆ ਜਾ ਸਕਦਾ ਹੈ। ਮਨੁੱਖਤਾ ਵਿੱਚ ਪਿਆਰ, ਏਕਤਾ ਅਤੇ ਖੇੜਿਆਂ ਨੂੰ ਕਾਇਮ ਰੱਖਣ ਲਈ ਇਸ ਪ੍ਰਬੰਧ ਦੀ ਮੱਹਤਵਪੂਰਨ ਲੋੜ ਹੈ। ਸਾਨੂੰ ਇਸ ਪ੍ਰਤੀ ਜਾਗਰੂਕ ਹੋਣ ਅਤੇ ਗਹਿਰੇ ਚਿੰਤਨ ਦੀ ਲੋੜ ਹੈ, ਜਿਸ ਦੁਆਰਾ ਅਜਿਹੇ ਪ੍ਰਬੰਧ ਨੂੰ ਅਮਲੀ ਰੂਪ ਵਿੱਚ ਲਾਗੂ ਕੀਤਾ ਜਾ ਸਕੇ।