ਸੱਚੀ ਵਰਿਆਮਗੀ (ਲੇਖਕ:ਪ੍ਰੋ. ਪੂਰਨ ਸਿੰਘ)

ਸੱਚੀ ਵਰਿਆਮਗੀ (ਲੇਖਕ:ਪ੍ਰੋ. ਪੂਰਨ ਸਿੰਘ)

ਸੱਚੇ ਵਰਿਆਮ-ਮਨੁੱਖ ਧੀਰ; ਗੰਭੀਰ ਤੇ ਆਜ਼ਾਦ ਹੁੰਦੇ ਹਨ। ਉਨ੍ਹਾਂ ਦੇ ਮਨ ਦੀ ਗੰਭੀਰਤਾ ਸਮੁੰਦਰ ਵਾਂਗ ਵਿਸ਼ਾਲ ਤੇ ਡੂੰਘੀ ਜਾਂ ਆਕਾਸ਼ ਵਾਂਗ ਅਡੋਲ ਤੇ ਅਚਲ ਹੁੰਦੀ ਹੈ। ਉਹ ਕਦੀ ਚੰਚਲ ਨਹੀਂ ਹੁੰਦੇ। ਰਾਮਾਇਣ ਵਿਚ ਬਾਲਮੀਕ ਜੀ ਨੇ ਕੁੰਭਕਰਣ ਦੀ ਗੂੜ੍ਹੀ ਨੀਂਦ ਵਿਚ ਸੂਰਮਗਤੀ ਦਾ ਇਕ ਨਮੂਨਾ ਦਿਖਾਇਆ ਹੈ। ਸੱਚ ਹੈ, ਬਹਾਦਰਾਂ ਦੀ ਨੀਂਦ ਸੌਖਿਆਂ ਨਹੀਂ ਖੁੱਲ੍ਹਦੀ, ਉਹ ਸਤੋਗੁਣ ਦੇ ਸ਼ੀਰ-ਸਾਗਰ ਵਿਚ ਅਜੇਹੇ ਪਏ ਰਹਿੰਦੇ ਹਨ ਕਿ ਉਨ੍ਹਾਂ ਨੂੰ ਦੁਨੀਆਂ ਦੀ ਖਬਰ ਨਹੀਂ ਹੁੰਦੀ। ਉਹ ਸੰਸਾਰ ਦੇ ਸੱਚੇ ਪਰਉਪਕਾਰੀ ਹੁੰਦੇ ਹਨ। ਅਜੇਹੇ ਲੋਕ ਸੰਸਾਰ ਦਾ ਭਵਿੱਖ ਆਪਣੀ ਪਲਕ ਦੀ ਝਮਕਣੀ ਨਾਲ ਬਦਲ ਸਕਦੇ ਹਨ। ਜਦ ਇਹ ਸ਼ੇਰ ਜਾਗ ਕੇ ਗਰਜਦੇ ਹਨ ਤਾਂ ਸਦੀਆਂ ਬੱਧੀ, ਇਨ੍ਹਾਂ ਦੀ ਆਵਾਜ਼ ਦੀ ਗੂੰਜ ਸੁਣਾਈ ਦੇਂਦੀ ਰਹਿੰਦੀ ਹੈ। ਹੋਰ ਸਭ ਆਵਾਜ਼ਾਂ ਬੰਦ ਹੋ ਜਾਂਦੀਆਂ ਹਨ। ਵੀਰ ਦੇ ਪੈਰਾਂ ਦੀ ਬਿੜਕ ਕੰਨਾਂ ਵਿਚ ਆਉਂਦੀ ਰਹਿੰਦੀ ਹੈ ਤੇ ਕਦੀ ਮੈਨੂੰ ਕਦੀ ਤੁਹਾਨੂੰ ਮਸਤ ਕਰਦੀ ਰਹਿੰਦੀ ਹੈ। ਕਦੇ ਕਿਸੇ ਦੀ ਜੀਵਨ-ਸਾਰੰਗੀ ਯੋਧੇ ਦੇ ਹੱਥੀਂ ਵੱਜਣ ਲਗਦੀ ਹੈ।

ਪ੍ਰੋ. ਪੂਰਨ ਸਿੰਘ

ਦੇਖੋ ਹਰਾ ਦੀਆਂ ਕੰਦਰਾਂ ਵਿਚ ਇਕ ਅਨਾਥ, ਸੰਸਾਰ ਤੋਂ ਲੁਕ ਕੇ, ਇਕ ਨਿਰਾਲੀ ਨੀਂਦ ਸੌਂਦਾ ਹੈ। ਜਿਵੇਂ ਗਲੀ ਵਿਚ ਪਏ ਪੱਥਰ ਵਲ ਕਿਸੇ ਦਾ ਧਿਆਨ ਨਹੀਂ ਜਾਂਦਾ ਉਵੇਂ ਹੀ ਆਮ ਆਦਮੀਆਂ ਵਾਂਗ ਇਸ ਅਨਾਥ ਨੂੰ ਕੋਈ ਨਹੀਂ ਸੀ ਜਾਣਦਾ। ਇਕ ਦਿਲ ਵਾਲੀ ਧਨਾਢ ਇਸਤ੍ਰੀ ਦੀ ਉਹ ਨੌਕਰੀ ਕਰਦਾ ਹੈ। ਉਸ ਦੀ ਸੰਸਾਰੀ ਹੈਸੀਅਤ ਕੇਵਲ ਇਕ ਮਾਮੂਲੀ ਗੋਲੇ ਜੇਹੀ ਹੈ ਪਰ ਕੋਈ ਅਜੇਹਾ ਇਲਾਹੀ ਕਾਰਣ ਹੋਇਆ ਜਿਸ ਤੋਂ ਸੰਸਾਰ ਵਿਚ ਇਸ ਅਣਜਾਣੇ ਗੁਲਾਮ ਦੀ ਵੀ ਵਾਰੀ ਆਈ। ਉਸ ਦੀ ਨੀਂਦ ਖੁੱਲ੍ਹੀ। ਸੰਸਾਰ ਉੱਤੇ ਜਿਵੇਂ ਹਜ਼ਾਰ ਬਿਜਲੀਆਂ ਡਿਗੀਆਂ। ਅਰਬ ਦੇ ਮਾਰੂਥਲ ਵਿਚ ਬਾਰੂਦ ਦੀ ਝੱਲ ਉਠੀ। ਉਸੇ ਸੂਰਮੇ ਦੇ ਨੈਣਾਂ ਦੀ ਜਵਾਲਾ ਇੰਦਰ-ਪ੍ਰਸਥ ਤੋਂ ਲੈ ਕੇ ਸਪੇਨ ਤਕ ਭੜਕੀ। ਉਸ ਅਣਜਾਣੇ ਤੇ ਗੁਪਤ, ਹਰਾ ਦੀਆਂ ਖੁੰਦਰਾਂ ਵਿਚ ਸੌਣ ਵਾਲੇ ਨੇ ਇਕ ਆਵਾਜ਼ ਕੀਤੀ। ਸਾਰੀ ਧਰਤੀ ਡਰ ਨਾਲ ਕੰਬਣ ਲੱਗੀ। ਹਾਂ ਜਦੋਂ ਪੈਗੰਬਰ ਮੁਹੰਮਦ ਨੇ ‘ਅੱਲ੍ਹਾ ਹੂ ਅਕਬਰ’ ਦੀ ਆਵਾਜ਼ ਦਿੱਤੀ ਤਾਂ ਸਾਰਾ ਸੰਸਾਰ ਚੁੱਪ ਹੋ ਗਿਆ ਤੇ ਕੁਝ ਸਮੇਂ ਪਿਛੋਂ ਸ੍ਰਿਸ਼ਟੀ ਉਸ ਦੀ ਆਵਾਜ਼ ਦੀ ਗੂੰਜ ਨੂੰ ਸਾਰੀਆਂ ਨੁੱਕਰਾਂ ਵਿਚ ਲੈ ਉੱਡੀ। ਪੰਛੀ ‘ਅੱਲ੍ਹਾ ਹੂ ਅਕਬਰ’ ਗਾਉਣ ਲੱਗੇ ਤਾਂ ਮੁਹੰਮਦ ਦਾ ਸੁਨੇਹਾ ਏਧਰ ਓਧਰ ਲੈ ਉਡੇ। ਪਰਬਤ ਉਸ ਦੇ ਬੋਲਾਂ ਨਾਲ ਪਿਘਲ ਗਏ ਤੇ ਨਦੀਆਂ ‘ਅੱਲ੍ਹਾ ਅੱਲ੍ਹਾ’ ਦਾ ਅਲਾਪ ਕਰਦੀਆਂ ਵਹਿ ਟੁਰੀਆਂ। ਜੋ ਲੋਕ ਉਸ ਦੇ ਸਾਮ੍ਹਣੇ ਆਏ ਦਾਸ ਬਣ ਗਏ। ਚੰਦ ਸੂਰਜ ਨੇ ਵਾਰੀ ਵਾਰੀ ਉਠ ਕੇ ਸਲਾਮ ਕੀਤਾ। ਉਸ ਵਰਿਆਮ ਦਾ ਬਲ ਦੇਖੋ ਕਿ ਸਦੀਆਂ ਪਿਛੋਂ ਵੀ ਸੰਸਾਰ ਦੇ ਲੋਕਾਂ ਦਾ ਬਹੁਤ ਸਾਰਾ ਹਿੱਸਾ ਉਸ ਦੇ ਪਵਿੱਤਰ ਨਾਉਂ ਤੇ ਜਿਉਂਦਾ ਹੈ ਤੇ ਆਪਣੇ ਛੋਟੇ ਜੇਹੇ ਜੀਵਨ ਨੂੰ ਅਤੀ ਤੁੱਛ ਜਾਣ ਕੇ ਉਸ ਅਣਦੇਖੇ ਤੇ ਅਣਜਾਣੇ ਪੁਰਖ ਦੇ ਕੇਵਲ ਸੁਣੇ ਸੁਣਾਏ ਨਾਉਂ ਤੋਂ ਕੁਰਬਾਨ ਹੋ ਜਾਣਾ ਆਪਣੇ ਜੀਵਨ ਦਾ ਸਭ ਤੋਂ ਉੱਤਮ ਫਲ ਸਮਝਦਾ ਹੈ।

ਸਤੋਗੁਣ ਦੇ ਸਾਗਰ ਵਿਚ ਜਿਨ੍ਹਾਂ ਦਾ ਅੰਦਰਲਾ ਭਿੱਜ ਗਿਆ ਉਹੀ ਮਹਾਤਮਾ, ਸਾਧੂ ਤੇ ਸੂਰਮੇ ਹਨ। ਉਹ ਲੋਕ ਆਪਣੇ ਤੁੱਛ ਜੀਵਨ ਨੂੰ ਤਿਆਗ ਅਜੇਹਾ ਈਸ਼ਵਰੀ ਜੀਵਨ ਪ੍ਰਾਪਤ ਕਰਦੇ ਹਨ ਕਿ ਸੰਸਾਰ ਦੀਆਂ ਸਾਰੀਆਂ ਅਗਾਹ ਰਾਹਾਂ ਉਨ੍ਹਾਂ ਲਈ ਖੁੱਲ੍ਹ ਜਾਂਦੀਆਂ ਹਨ। ਅਕਾਸ਼ ਉਨ੍ਹਾਂ ਤੇ ਬੱਦਲਾਂ ਦੇ ਛੱਤਰ ਤਾਣਦਾ ਹੈ। ਕੁਦਰਤ ਉਨ੍ਹਾਂ ਦੇ ਸੁੰਦਰ ਮੱਥੇ ’ਤੇ ਰਾਜ ਤਿਲਕ ਦੇਂਦੀ ਹੈ, ਅਸਲੀ ਤੇ ਸੱਚੇ ਰਾਜੇ ਸਾਡੇ ਇਹੋ ਸਾਧ ਪੁਰਖ ਹਨ। ਹੀਰਿਆਂ ਲਾਲਾਂ ਜੜੇ, ਸੋਨੇ ਚਾਂਦੀ ਦੇ ਲਿਸ਼ ਲਿਸ਼ ਕਰਦੇ ਤਖ਼ਤਾਂ ’ਤੇ ਬੈਠਣ ਵਾਲੇ ਦੁਨੀਆਂ ਦੇ ਰਾਜਿਆਂ ਨੂੰ ਤਾਂ, ਜੋ ਗਰੀਬ ਕਿਸਾਨਾਂ ਦੀ ਕਮਾਈ ਹੋਈ ਪੂੰਜੀ ’ਤੇ ਪਲਦੇ ਹਨ-ਲੋਕਾਂ ਨੇ ਆਪਣੀ ਮਨੁੱਖਤਾ ਨਾਲ, ਬਹਾਦਰ ਬਣਾ ਰੱਖਿਆ ਹੈ। ਇਹ ਜ਼ਰੀ, ਮਖਮਲ ਤੇ ਗਹਿਿਣਆਂ ਨਾਲ ਲੱਦੇ ਮਾਸ ਦੇ ਪੁਤਲੇ ਤਾਂ ਹਰ ਵੇਲੇ ਕੰਬਦੇ ਰਹਿੰਦੇ ਹਨ। ਇੰਦਰ ਜੇਹੇ ਪ੍ਰਤਾਪੀ ਤੇ ਬਲਵਾਨ ਹੋ ਕੇ ਵੀ ਦੁਨੀਆਂ ਦੇ ਇਹ ਛੋਟੇ ‘ਜਾਰਜ’ ਬੜੇ ਕਾਇਰ ਹੁੰਦੇ ਹਨ। ਹੋਣ ਕਿਵੇਂ ਨਾ, ਇਨ੍ਹਾਂ ਦੀ ਹਕੂਮਤ ਲੋਕਾਂ ਦੇ ਦਿਲਾਂ ’ਤੇ ਨਹੀਂ ਹੁੰਦੀ। ਦੁਨੀਆਂ ਦੇ ਰਾਜਿਆਂ ਦੀ ਤਾਕਤ ਦੀ ਦੌੜ ਲੋਕਾਂ ਦੇ ਸਰੀਰ ਤਕ ਹੈ। ਹਾਂ, ਜਦ ਕਦੀ ਕਿਸੇ ਅਕਬਰ ਦਾ ਰਾਜ ਲੋਕਾਂ ਦੇ ਦਿਲਾਂ ’ਤੇ ਹੁੰਦਾ ਹੈ ਤਾਂ ਇਨ੍ਹਾਂ ਕਾਇਰਾਂ ਦੀ ਬਸਤੀ ਵਿਚ ਸਮਝੋ ਇਕ ਸੱਚਾ ਵਰਿਆਮ ਪੈਦਾ ਹੁੰਦਾ ਹੈ।

ਇਕ ਬਾਗ਼ੀ ਗ਼ੁਲਾਮ ਤੇ ਇਕ ਬਾਦਸ਼ਾਹ ਦੀ ਗੱਲਬਾਤ ਹੋਈ। ਇਹ ਗ਼ੁਲਾਮ ਕੈਦੀ ਦਿਲ ਦਾ ਅਜ਼ਾਦ ਸੀ। ਬਾਦਸ਼ਾਹ ਨੇ ਕਿਹਾ, “ਮੈਂ ਤੈਨੂੰ ਹੁਣੇ ਜਾਨੋਂ ਮਾਰ ਦਿਆਂਗਾ। ਤੂੰ ਕੀ ਕਰ ਸਕਦਾ ਹੈਂ।” “ਮੈਂ ਫਾਸੀ ਲਟਕ ਜਾਵਾਂਗਾ ਪਰ ਤੇਰੀ ਨਿਰਾਦਰੀ ਤਦ ਹੀ ਕਰਾਂਗਾ।” ਬੱਸ ਇਸ ਗ਼ੁਲਾਮ ਨੇ ਦੁਨੀਆਂ ਦੇ ਬਾਦਸ਼ਾਹਾਂ ਦੀ ਤਾਕਤ ਦੀ ਹੱਦ ਦੱਸ ਦਿੱਤੀ, ਬਸ ਇੰਨੇ ਕੁ ਜ਼ੋਰ ਤੇ ਇੰਨੀ ਕੁ ਸ਼ੇਖੀ ਨਾਲ ਇਹ ਝੂਠੇ ਰਾਜੇ ਸਰੀਰ ਨੂੰ ਤਸੀਹੇ ਦੇ ਕੇ ਅਤੇ ਮਾਰ ਕੁੱਟ ਕਰ ਕੇ ਭੋਲੇ ਭਾਲੇ ਲੋਕਾਂ ਨੂੰ ਡਰਾਉਂਦੇ ਹਨ। ਭੋਲੇ ਲੋਕੀਂ ਡਰਦੇ ਰਹਿੰਦੇ ਹਨ ਕਿਉਂਕਿ ਇਹ ਸਾਰੇ ਲੋਕ ਸਰੀਰ ਨੂੰ ਆਪਣੇ ਜੀਵਨ ਦਾ ਧੁਰਾ ਮੰਨਦੇ ਹਨ ? ਇਸੇ ਲਈ ਕਿ ਜਦੋਂ ਕਿਸੇ ਨੇ ਉਨ੍ਹਾਂ ਦੇ ਸਰੀਰ ਨੂੰ ਜ਼ਰਾ ਕਰੜਾ ਹੱਥ ਲਾਇਆ ਨਹੀਂ ਕਿ ਉਹ ਡਰ ਨਾਲ ਹੀ ਅਧਮੋਏ ਹੋ ਗਏ। ਕੇਵਲ ਸਰੀਰਕ ਰੱਖਿਆ ਲਈ ਹੀ ਭੋਲੇ ਲੋਕੀਂ ਰਾਜਿਆਂ ਦੀ ਤਨੋ ਮਨੋ ਪੂਜਾ ਕਰਦੇ ਹਨ। ਜੇਹੋ ਜਹੇ ਰਾਜੇ ਉਹੋ ਜਿਹਾ ਉਨ੍ਹਾਂ ਦਾ ਸਤਿਕਾਰ। ਜਿਨ੍ਹਾਂ ਦਾ ਜ਼ੋਰ ਕੇਵਲ ਦੇਹ ਨੂੰ ਜਰਾ ਜਿੰਨੀ ਰੱਸੀ ਨਾਲ ਲਟਕਾ ਕੇ ਮਾਰ ਦੇਣ ਤਕ ਦਾ ਹੈ, ਭਲਾ ਉਨ੍ਹਾਂ ਦਾ, ਉਨ੍ਹਾਂ ਸੱਚੇ ਬਲਵਾਨ ਰਾਜਿਆਂ ਨਾਲ ਕੀ ਮੁਕਾਬਲਾ, ਜਿਨ੍ਹਾਂ ਦਾ ਸਿੰਘਾਸਣ ਲੋਕਾਂ ਦੇ ਮਨ ਕੰਵਲ ਦੀਆਂ ਪੰਖੜੀਆਂ ਤੇ ਹੈ ? ਸੱਚੇ ਰਾਜੇ, ਆਪਣੇ ਪ੍ਰੇਮ ਦੇ ਜ਼ੋਰ ਨਾਲ, ਲੋਕਾਂ ਦਾ ਮਨ ਸਦਾ ਲਈ ਬੰਨ੍ਹ ਲੈਂਦੇ ਹਨ। ਦਿਲਾਂ ਤੇ ਰਾਜ ਕਰਨ ਵਾਲੇ ਤੋਪ ਬੰਦੂਕ, ਫੌਜ ਆਦਿ ਬਿਨਾਂ ਹੀ ਉਸ ਸੰਸਾਰ ਦੇ ਸ਼ਹਿਨਸ਼ਾਹ ਹੁੰਦੇ ਹਨ। ਮਨਸੂਰ ਨੇ ਆਪਣੀ ਮੌਜ ਵਿਚ ਪੁਕਾਰਿਆ, “ਮੈਂ ਰੱਬ ਹਾਂ।” ਦੁਨੀਆਂ ਦੇ ਬਾਦਸ਼ਾਹ ਨੇ ਕਿਹਾ, “ਇਹ ਕਾਫਿਰ ਹੈ।” ਪਰ ਮਨਸੂਰ ਨੇ ਆਪਣਾ ਬੋਲ ਨਾ ਬਦਲਿਆ ਪੱਥਰ ਮਾਰ ਮਾਰ ਕੇ ਦੁਨੀਆਂ ਵਾਲਿਆਂ ਨੇ ਉਸ ਦੇ ਸਰੀਰ ਦਾ ਬੁਰਾ ਹਾਲ ਕਰ ਦਿੱਤਾ; ਐਪਰ, ਉਸ ਦੇ ਮਰਦਾਨਗੀ ਭਰੇ ਬੋਲਾਂ ਵਿਚੋਂ ਇਹ ਸ਼ਬਦ ਨਿਕਲੇ ‘ਅਨਲਹੱਕ’ (ਅਹੰ ਬ੍ਰਹਮਾਸੀ) ਅਰਥਾਤ ਮੈਂ ਹੀ ਬ੍ਰਹਮ ਹਾਂ। ਸੂਲੀ ’ਤੇ ਚੜ੍ਹਨਾ ‘ਮਨਸੂਰ’ ਲਈ ਖੇਡ ਸੀ। ਸ਼ਹਿਨਸ਼ਾਹ ਨੇ ਸਮਝਿਆ ‘ਮਨਸੂਰ’ ਮਾਰਿਆ ਗਿਆ।

ਸ਼ਮਸ ਤਬਰੇਜ਼ ਨੂੰ ਵੀ ਇਵੇਂ ਹੀ ਕਾਫਿਰ ਸਮਝ ਕੇ ਬਾਦਸ਼ਾਹ ਨੇ ਹੁਕਮ ਦਿੱਤਾ, ਇਸ ਦੀ ਖੱਲ ਉਤਾਰ ਲਵੋ। ਸ਼ਮਸ ਨੇ ਖੱਲ ਉਤਾਰੀ ਤੇ ਬਾਦਸ਼ਾਹ ਨੂੰ ਦਰ ’ਤੇ ਆਏ ਕੁੱਤੇ ਵਾਂਗ, ਭਿਖਾਰੀ ਜਾਣ ਕੇ ਖਾਣ ਲਈ ਦੇ ਦਿੱਤੀ। ਖੱਲ ਦੇ ਕੇ ਉਹ ਆਪਣੀ ਇਹ ਗਜ਼ਲ ਮੁੜ ਮੁੜ ਗਾਂਦਾ ਰਿਹਾ, “ਭਿਖਾਰੀ ਤੇਰੇ ਦੁਆਰੇ ਆਇਆ ਹੈ, ਸ਼ਾਹ ਦਿਲ! ਕੁਝ ਇਸ ਨੂੰ ਖੈਰ ਪਾ।” ਖੱਲ ਲਾਹ ਕੇ ਸੁੱਟ ਦਿੱਤੀ, ਵਾਹ! ਸਤਪੁਰਖਾ, ਵਾਹ!!

ਭਗਵਾਨ ਸ਼ੰਕਰ ਜਦੋਂ ਗੁਜਰਾਤ ਵਲ ਯਾਤਰਾ ਕਰ ਰਹੇ ਸਨ ਤਾਂ ਇਕ ਕਪਾਲਿਕ ਹੱਥ ਜੋੜ ਸਾਹਮਣੇ ਆ ਖੜ੍ਹਾ ਹੋਇਆ ਭਗਵਾਨ ਨੇ ਕਿਹਾ, ‘ਮੰਗ ਕੀ ਮੰਗਦਾ ਹੈਂ?’ ਕਪਾਲਿਕ ਬੋਲਿਆ, ‘ਹੇ ਭਗਵਾਨ! ਅੱਜ ਕੱਲ੍ਹ ਦੇ ਰਾਜੇ ਬੜੇ ਕੰਗਾਲ ਹਨ, ਉਨ੍ਹਾਂ ਪਾਸੋਂ ਹੁਣ ਸਾਨੂੰ ਦਾਨ ਨਹੀਂ ਮਿਲਦਾ। ਇਸ ਲਈ ਆਪ ਦੀ ਸ਼ਰਨ ਆਇਆ ਹਾਂ। ਤੁਸੀਂ ਕਿਰਪਾ ਕਰਕੇ ਮੈਨੂੰ ਆਪਣਾ ਸਿਰ ਦਾਨ ਕਰੋ.. ਮੈਂ ਭੇਟ ਚੜ੍ਹਾ ਕੇ ਦੇਵੀ ਨੂੰ ਪ੍ਰਸੰਨ ਕਰਾਂਗਾ ਤੇ ਆਪਣਾ ਯੱਗ ਪੂਰਾ ਕਰ ਲਵਾਂਗਾ। ਭਗਵਾਨ ਨੇ ਮੌਜ ਵਿਚ ਆ ਕੇ ਕਿਹਾ, ‘ਅੱਛਾ, ਸਵੇਰੇ ਇਹ ਸਿਰ ਲਾਹ ਕੇ ਲੈ ਜਾਵੀਂ ਤੇ ਆਪਣਾ ਕਾਰਜ ਸਿੱਧ ਕਰ ਲਵੀਂ।’

ਇਕ ਵਾਰੀ ਦੋ ਯੋਧੇ ਅਕਬਰ ਦੇ ਦਰਬਾਰ ਵਿਚ ਆਏ। ਉਹ ਰੋਜ਼ਗਾਰ ਦੀ ਭਾਲ ਵਿਚ ਸਨ। ਅਕਬਰ ਕਹਿ ਬੈਠਾ ‘ਆਪਣੀ ਆਪਣੀ ਬਹਾਦਰੀ ਦਾ ਸਬੂਤ ਦਿਓ।’ ਬਾਦਸ਼ਾਹ ਨੇ ਕਿੰਨੀ ਮੂਰਖਤਾ ਕੀਤੀ। ਬਹਾਦਰੀ ਦਾ ਭਲਾ ਉਹ ਕੀ ਸਬੂਤ ਦੇਂਦੇ ? ਪਰ, ਦੋਹਾਂ ਨੇ ਤਲਵਾਰਾਂ ਸੂਤ ਲਈਆਂ ਤੇ ਇਕ ਦੂਜੇ ਦਾ ਸਾਹਮਣਾ ਕਰਕੇ ਪਲ ਭਰ ਵਿਚ ਉਸੇ ਥਾਂ ਬਾਦਸ਼ਾਹ ਦੇ ਸਾਹਮਣੇ ਹੀ ਢੇਰ ਹੋ ਗਏ।

ਅਜੇਹੇ ਕਰਤਾਰੀ ਵੀਰ ਰੁਪਿਆ, ਪੈਸਾ, ਮਾਲ, ਧਨ ਆਦਿ ਦਾਨ ਨਹੀਂ ਕੀਤਾ ਕਰਦੇ। ਜਦੋਂ ਇਹ ਦਾਨ ਦੇਣਾ ਲੋੜਦੇ ਹਨ ਤਾਂ ਆਪਣਾ ਆਪ ਹੀ ਅਰਪ ਦੇਂਦੇ ਹਨ। ਬੁੱਧ ਮਹਾਰਾਜ ਨੇ ਇਕ ਰਾਜੇ ਨੂੰ ਹਿਰਨ ਮਾਰਦੇ ਵੇਖ ਆਪਣਾ ਸਰੀਰ ਅੱਗੇ ਕਰ ਦਿੱਤਾ ਤਾਂ ਜੋ ਹਿਰਨ ਬਚ ਜਾਏ, ਬੁੱਧ ਦਾ ਸਰੀਰ ਭਾਵੇਂ ਚਲਿਆ ਜਾਏ। ਅਜੇਹੇ ਬੰਦੇ ਕਦੀ ਵੱਡੇ ਸਮਿਆਂ ਦੀ ਉਡੀਕ ਨਹੀਂ ਕਰਦੇ ਉਹ ਤਾਂ ਛੋਟੇ ਸਮਿਆਂ ਨੂੰ ਹੀ ਵੱਡਾ ਬਣਾ ਦੇਂਦੇ ਹਨ।

ਜਦ ਕਿਸੇ ਦਾ ਭਾਗ ਜਾਗਿਆ ਤੇ ਉਸ ਨੂੰ ਜੋਸ਼ ਆਇਆ ਤਾਂ ਜਾਣ ਲਵੋ ਦੁਨੀਆਂ ਵਿਚ ਤੂਫਾਨ ਆ ਗਿਆ। ਉਸ ਦੀ ਚਾਲ ਸਾਹਮਣੇ ਫੇਰ ਕੋਈ ਰੁਕਾਵਟ ਨਹੀਂ ਆ ਸਕਦੀ। ਪਹਾੜਾਂ ਦੀਆਂ ਪਸਲੀਆਂ ਤੋੜ ਕੇ ਇਹ ਲੋਕ ਵਾ ਵਰੋਲੇ ਵਾਂਗ ਨਿਕਲ ਜਾਂਦੇ ਹਨ। ਉਨ੍ਹਾਂ ਦੀ ਤਾਕਤ ਦਾ ਇਸ਼ਾਰਾ ਭੁਚਾਲ ਦੱਸਦਾ ਹੈ। ਕੁਦਰਤ ਦੀ ਹੋਰ ਕੋਈ ਤਾਕਤ ਉਨ੍ਹਾਂ ਦੇ ਸਾਹਮਣੇ ਫਟਕ ਨਹੀਂ ਸਕਦੀ। ਸਭ ਚੀਜ਼ਾਂ ਰੁਕ ਜਾਂਦੀਆਂ ਹਨ। ਪਰਮਾਤਮਾ ਵੀ ਸਾਹ ਰੋਕ ਕੇ ਉਨ੍ਹਾਂ ਦਾ ਰਾਹ ਵੇਖਦਾ ਹੈ। ਯੂਰਪ ਵਿਚ ਜਦੋਂ ਰੋਮ ਦੇ ਪੋਪ ਦਾ ਜ਼ੋਰ ਵਧ ਗਿਆ ਸੀ ਤੇ ਉਸ ਨਾਲ ਕੋਈ ਵੀ ਬਾਦਸ਼ਾਹ ਟੱਕਰ ਲੈਣ ਤੇ ਸਮਰਥ ਨਹੀਂ ਸੀ। ਪੋਪ ਦੇ ਅੱਖ ਦੇ ਇਸ਼ਾਰੇ ਤੇ ਬਾਦਸ਼ਾਹਾਂ ਦੇ ਸਿਰ ਲਾਹੇ ਜਾ ਸਕਦੇ ਸਨ। ਪੋਪ ਦਾ ਸਿੱਕਾ ਲੋਕਾਂ ’ਤੇ ਅਜਿਹਾ ਬੈਠ ਗਿਆ ਸੀ ਕਿ ਉਸ ਦੀ ਗਲ ਰੱਬੀ ਬਾਣੀ ਤੋਂ ਵੀ ਵਧੇਰੀ ਮੰਨੀ ਜਾਂਦੀ ਸੀ। ਪੋਪ ਨੂੰ ਲੋਕ ਈਸ਼ਵਰ ਦਾ ਨਾਇਕ ਮੰਨਦੇ ਸਨ। ਲੱਖਾਂ ਈਸਾਈ ਸਾਧੂ, ਸੰਨਿਆਸੀ ਤੇ ਯੂਰਪ ਦੇ ਗਿਰਜੇ, ਪੋਪ ਦੇ ਹੁਕਮ ਵਿਚ ਬੱਧੇ ਸਨ। ਜਿਵੇਂ ਚੂਹੇ ਦੀ ਜਾਨ ਬਿੱਲੀ ਦੇ ਹੱਥ ਹੁੰਦੀ ਹੈ, ਉਸੇ ਤਰ੍ਹਾਂ ਯੂਰਪ ਵਾਸੀਆਂ ਦੀ ਜਾਨ ਪੋਪ ਨੇ ਆਪਣੀ ਮੁੱਠੀ ਵਿਚ ਲੈ ਰੱਖੀ ਸੀ। ਇਸ ਪੋਪ ਦੀ ਤਾਕਤ ਤੇ ਦਬਦਬਾ ਬੜਾ ਭਿਆਨਕ ਸੀ, ਪਰ ਜਰਮਨੀ ਦੇ ਇਕ ਛੋਟੇ ਜਹੇ ਮੰਦਰ ਦੇ ਇਕ ਕੰਗਾਲ ਪਾਦਰੀ ਦੀ ਆਤਮਾ ਭੜਕ ਉਠੀ। ਪੋਪ ਨੇ ਅਜਿਹੀ ਲੀਲਾ ਪਸਾਰੀ ਸੀ ਕਿ ਯੂਰਪ ਵਿਚ ਸਵਰਗ-ਨਰਕ ਦੇ ਟਿਕਟ ਵੱਡੀ ਵੱਡੀ ਕੀਮਤ ’ਤੇ ਵਿਕਦੇ ਸਨ। ਟਿਕਟ ਵੇਚ ਵੇਚ ਇਹ ਪੋਪ ਬੜਾ ਅੱਯਾਸ਼ ਹੋ ਗਿਆ ਸੀ। ਲੂਥਰ ਕੋਲ ਜਦੋਂ ਇਹ ਟਿਕਟ ਵਿਕਰੀ ਲਈ ਪਹੁੰਚੇ ਤਾਂ ਪਹਿਲਾਂ ਉਸ ਨੇ ਇਕ ਚਿੱਠੀ ਲਿਖੀ ਕਿ ਅਜੇਹੇ ਕੰਮ ਝੂਠੇ ਤੇ ਪਾਪ ਰੂਪ ਹਨ, ਇਨ੍ਹਾਂ ਨੂੰ ਬੰਦ ਕਰਨਾ ਚਾਹੀਦਾ ਹੈ। ਪੋਪ ਨੇ ਜਵਾਬ ਭੇਜਿਆ, “ਲੂਥਰ! ਇਸ ਗੁਸਤਾਖੀ ਬਦਲੇ ਤੈਨੂੰ ਜਿਉਂਦਿਆਂ ਅੱਗ ਵਿਚ ਸਾੜਿਆਂ ਜਾਵੇਗਾ।” ਇਸ ਜਵਾਬ ਨੂੰ ਪੜ੍ਹ ਕੇ ਲੂਥਰ ਦੀ ਆਤਮਾ ਦੀ ਜਵਾਲਾ ਹੋਰ ਵੀ ਭੜਕੀ। ਉਸ ਨੂੰ ਲਿਿਖਆ, “ਹੁਣ ਮੈਂ ਆਪਣੇ ਮਨ ਨਾਲ ਨਿਸ਼ਚਾ ਕਰ ਲਿਆ ਹੈ ਕਿ ਤੂੰ ਰੱਬ ਦਾ ਨਹੀਂ, ਸ਼ੈਤਾਨ ਦਾ ਪ੍ਰਤੀਨਿਧ ਹੈਂ। ਆਪਣੇ ਆਪ ਨੂੰ ਰੱਬ ਦਾ ਪ੍ਰਤਿਿਨਧ ਕਹਿਣ ਵਾਲੇ ਪਖੰਡੀ! ਜਦ ਮੈਂ ਤੇਰੇ ਪਾਸ ਸੱਚ ਦਾ ਸੰਦੇਸ਼ਾਂ ਭੇਜਿਆ ਤਾਂ ਅੱਗੋਂ ਤੂੰ ਅੱਗ ਤੇ ਜੱਲਾਦ ਦੇ ਨਾਉਂ ਨਾਲ ਉੱਤਰ ਦਿੱਤਾ, ਇਸ ਤੋਂ ਸਾਫ ਪ੍ਰਤੀਤ ਹੋ ਗਿਆ ਕਿ ਤੂੰ ਸੱਚ ਦੀ ਚੱਟਾਨ ’ਤੇ ਨਹੀਂ ਖੜ੍ਹਾ, ਸਗੋਂ ਸ਼ੈਤਾਨ ਦੀ ਜਿੱਲ੍ਹਣ ਵਿਚ ਖੁਭਿਆ ਪਿਆ ਹੈਂ। ਆਹ ਲੈ ਮੈਂ ਤੇਰੀਆਂ ਟਿਕਟਾਂ ਦੇ ਪੁੜੇ ਅੱਗ ਵਿਚ ਪਾ ਦਿੱਤੇ ਹਨ। ਮੈਂ ਜੋ ਮੇਰਾ ਕਰਤੱਵ ਸੀ ਪੂਰਾ ਕਰ ਦਿੱਤਾ ਹੈ, ਹੁਣ ਜੋ ਤੇਰੇ ਜੀਅ ਆਵੇ ਸੋ ਕਰ। ਮੈਂ ਸੱਚ ਦੀ ਚੱਟਾਨ ’ਤੇ ਖੜ੍ਹਾ ਹਾਂ।” ਇਸ ਛੋਟੇ ਜੇਹੇ ਸੰਨਿਆਸੀ ਨੇ ਯੂਰਪ ਵਿਚ ਉਹ ਝੱਖੜ ਝੁਲਾ ਦਿੱਤਾ, ਜਿਸ ਦੀ ਇਕੋ ਲਹਿਰ ਨਾਲ ਪੋਪ ਦਾ ਸਾਰਾ ਜੰਗੀ ਬੇੜਾ ਚਕਨਾਚੂਰ ਹੋ ਗਿਆ। ਝੱਖੜ ਵਿਚ ਤਿਣਕੇ ਵਾਂਗ ਪਤਾ ਨਹੀਂ ਉਹ ਕਿਧਰ ਉੱਡ ਗਿਆ।

ਮਹਾਰਾਜਾ ਰਣਜੀਤ ਸਿੰਘ ਨੇ ਫੌਜ ਨੂੰ ਕਿਹਾ, “ਅਟਕ ਪਾਰ ਕਰੋ।” ਅਟਕ ਦੀ ਕਾਂਗ ਚੜ੍ਹੀ ਹੋਈ ਸੀ ਤੇ ਭਿਆਨਕ ਲਹਿਰਾਂ ਉਠੀਆਂ ਹੋਈਆਂ ਸਨ। ਜਦ ਫੌਜ ਨੇ ਕੁਝ ਹੌਂਸਲਾ ਨਾ ਵਿਖਾਇਆ ਤਾਂ ਉਸ ਸੂਰਬੀਰ ਨੂੰ ਜ਼ਰਾ ਜੋਸ਼ ਆਇਆ। ਮਹਾਰਾਜਾ ਨੇ ਆਪਣਾ ਘੋੜਾ ਦਰਿਆ ਵਿਚ ਠੇਲ੍ਹ ਦਿੱਤਾ, ਕਹਿੰਦੇ ਨੇ ਅਟਕ ਦੀ ਕਾਂਗ ਸੁਕ ਗਈ ਤੇ ਸਾਰੇ ਪਾਰ ਨਿਕਲ ਗਏ।

ਦੁਨੀਆਂ ਵਿਚ ਜੰਗ ਦੇ ਸਾਰੇ ਸਾਮਾਨ ਜੁੜੇ ਹਨ। ਲੱਖਾਂ ਆਦਮੀ ਮਰਨ ਮਾਰਨ ਨੂੰ ਤਿਆਰ ਹੋ ਰਹੇ ਹਨ। ਗੋਲੀਆਂ ਮੀਂਹ ਵਾਂਗ ਮੂਹਲੇਧਾਰ ਵਰ੍ਹ ਰਹੀਆਂ ਹਨ। ਔਹ ਵੇਖੋ! ਬਹਾਦਰ ਨੂੰ ਜੋਸ਼ ਆਇਆ। ਉਸ ਨੇ ਪੁਕਾਰਿਆ, “ਹਾਲਟ!” ਸਾਰੀ ਫੌਜ ਸਕਤੇ ਵਿਚ ਆ ਗਈ। ਚੁੱਪ ਚਾਪ ਖਲੋ ਗਈ।

ਐਲਪਸ ਦੇ ਪਹਾੜਾਂ ’ਤੇ ਚੜ੍ਹਨਾ ਜਿਉਂ ਹੀ ਫੌਜ ਨੇ ਮੁਸ਼ਕਲ ਸਮਝਿਆ ਤਿਉਂ ਹੀ ਸੂਰਬੀਰ ਨੇ ਕਿਹਾ, “ਐਲਪਸ ਹੈ ਹੀ ਨਹੀਂ”, ਫੌਜ ਨੂੰ ਨਿਸ਼ਚਾ ਹੋ ਗਿਆ ਕਿ ਐਲਪਸ ਨਹੀਂ ਹੈ ਤੇ ਸਾਰੇ ਪਾਰ ਲੰਘ ਗਏ।

ਇਕ ਭੇਡਾਂ ਚਾਰਨ ਵਾਲੀ, ਸਤੋਗੁਣ ਵਿਚ ਡੁੱਬੀ ਅੱਲੜ੍ਹ ਕੁੜੀ ਨੂੰ ਜੋਸ਼ ਆਉਂਦਿਆਂ ਹੀ ਫਰਾਂਸ ਇਕ ਭਾਰੀ ਹਾਰ ਤੋਂ ਬਚ ਗਿਆ।

ਆਪਣੇ ਆਪ ਨੂੰ ਹਰ ਘੜੀ ਤੇ ਹਰ ਪਲ ਮਹਾਨ ਤੋਂ ਵੀ ਮਹਾਨ ਬਣਾਉਣ ਦਾ ਨਾਉਂ ਵੀਰਤਾ ਹੈ। ਸੂਰਮਗਤੀ ਦੇ ਕਾਰਨਾਮੇ ਤਾ ਗੌਣ ਗੱਲਾਂ ਹਨ। ਅਸਲੀ ਵਰਿਆਮ ਤਾਂ ਇਹ ਕਾਰਨਾਮੇ ਆਪਣੀਆਂ ਡਾਇਰੀਆਂ ਵਿਚ ਲਿਖਦੇ ਵੀ ਨਹੀਂ। ਦਰਖਤ ਤਾਂ ਧਰਤੀ ਤੋਂ ਰਸ ਚੂਸਣ ਵਿਚ ਲਗਾ ਰਹਿੰਦਾ ਹੈ। ਉਸ ਨੂੰ ਇਹ ਖਿਆਲ ਹੀ ਨਹੀਂ ਹੁੰਦਾ ਕਿ ਮੇਰੇ ਕਿੰਨੇ ਫੁੱਲ, ਕਿੰਨੇ ਫਲ ਲੱਗਣਗੇ ਤੇ ਕਦੋਂ ਲੱਗਣਗੇ। ਉਸ ਦਾ ਕੰਮ ਆਪਣੇ ਆਪ ਨੂੰ ਸੱਚ ਵਿਚ ਸਮੋਈ ਰੱਖਣਾ ਹੈ … ਸੱਚ ਨੂੰ ਆਪਣੇ ਅੰਦਰ ਠੋਕ ਠੋਕ ਕੇ ਭਰਨਾ ਹੈ, ਅੰਦਰ ਹੀ ਅੰਦਰ ਵਧਣਾ ਹੈ। ਉਸ ਨੂੰ ਇਸ ਦੀ ਕੀ ਫਿਕਰ ਪਈ ਹੈ ਕਿ ਕੌਣ ਮੇਰੇ ਫਲ ਖਾਵੇਗਾ ਤੇ ਮੈਂ ਕਿੰਨੇ ਫਲ ਲੋਕਾਂ ਨੂੰ ਦਿੱਤੇ ਹਨ ?

ਬਹਾਦਰੀ ਦਾ ਵਿਕਾਸ ਕਈ ਤਰ੍ਹਾਂ ਨਾਲ ਹੁੰਦਾ ਹੈ। ਕਦੀ ਤਾਂ ਉਸ ਦਾ ਵਿਕਾਸ ਲੜਨ ਮਰਨ ਵਿਚ ਲਹੂ ਵਹਾਣ, ਤਲਵਾਰ-ਤੋਪ ਅੱਗੇ ਜਾਨ ਦੇਣ ਵਿਚ ਹੁੰਦਾ ਹੈ, ਕਦੇ ਪ੍ਰੇਮ ਦੇ ਪਿੜ ਵਿਚ ਉਸ ਦੇ ਨਿਸ਼ਾਨ ਝੁੱਲਦੇ ਹਨ। ਕਦੀ ਜੀਵਨ ਦੇ ਗੂੜ੍ਹੇ ਤੱਤ ਤੇ ਸੱਚ ਦੀ ਭਾਲ ਵਿਚ ਬੁੱਧ ਜੇਹੇ ਰਾਜੇ ਤਿਆਗੀ ਹੋ ਕੇ ਬੀਰ ਹੋ ਜਾਂਦੇ ਹਨ। ਕਦੀ ਕਿਸੇ ਆਦਰਸ਼ ਉੱਤੇ ਕਦੀ ਕਿਸੇ ਉੱਤੇ ਬਹਾਦਰੀ ਆਪਣੇ ਝੰਡੇ ਝੁਲਾਉਂਦੀ ਹੈ। ਪਰ ਬਹਾਦਰੀ ਇਕ ਪ੍ਰਕਾਰ ਦਾ ਇਲਹਾਮ ਜਾਂ ਰੱਬੀ ਪ੍ਰੇਰਣਾ ਹੈ। ਜਦ ਕਦੀ ਇਸ ਦਾ ਵਿਕਾਸ ਹੋਇਆ ਤਦੇ ਇਕ ਨਵਾਂ ਕਮਾਲ ਨਜ਼ਰੀਂ ਪਿਆ, ਇਕ ਨਵਾਂ ਜਲਾਲ ਜੰਮਿਆ, ਇਕ ਨਵੀਂ ਰੌਣਕ, ਨਵਾਂ ਰੰਗ, ਨਵੀਂ ਬਹਾਰ ਤੇ ਨਵੀਂ ਪ੍ਰਭੁਤਾ ਸੰਸਾਰ ਵਿਚ ਛਾ ਗਈ। ਬਹਾਦਰੀ ਸਦਾ ਨਿਰਾਲੀ ਤੇ ਨਵੀਂ ਹੁੰਦੀ ਹੈ, ਨਵਾਂਪਣ ਸੂਰਬੀਰਤਾ ਦਾ ਇਕ ਖਾਸ ਰੰਗ ਹੈ। ਹਿੰਦੂਆਂ ਦੇ ਪੁਰਾਣਾਂ ਦੀ ਉਹ ਅਲੰਕਾਰਮਈ ਸੋਚ ਜਿਸ ਰਾਹੀਂ ਪੁਰਾਣਕਾਰਾਂ ਨੇ ਈਸ਼ਵਰ ਦੇ ਅਵਤਾਰਾਂ ਨੂੰ ਅਨੋਖੇ ਤੇ ਵੱਖ-ਵੱਖ ਰੂਪ ਦਿੱਤੇ ਹਨ, ਸੱਚੀ ਜਾਣ ਪੈਂਦੀ ਹੈ, ਕਿਉਂਕਿ ਬੀਰਤਾ ਦਾ ਇਕ ਵਿਕਾਸ ਦੂਜੇ ਵਿਕਾਸ ਨਾਲ ਕਦੀ ਕਿਵੇਂ ਵੀ ਨਹੀਂ ਮਿਲਦਾ। ਬਹਾਦਰੀ ਦੀ ਕਦੇ ਨਕਲ ਨਹੀਂ ਹੋ ਸਕਦੀ, ਜਿਵੇਂ ਮਨ ਦੀ ਖੁਸ਼ੀ ਕਦੇ ਕੋਈ ਉਧਾਰੀ ਨਹੀਂ ਲੈ ਸਕਦਾ। ਵੀਰਤਾ ਦੇਸ਼-ਕਾਲ ਅਨੁਸਾਰ ਜਦੋਂ ਕਦੀ ਸੰਸਾਰ ਵਿਚ ਪ੍ਰਗਟ ਹੋਈ ਤਦੇ ਇਕ ਨਵਾਂ ਰੂਪ ਲੈ ਕੇ ਆਈ, ਜਿਸ ਦੇ ਦਰਸ਼ਨ ਕਰਦਿਆਂ ਹੀ ਲੋਕ ਚਕਰਾ ਗਏ। ਕੁਝ ਬਣ ਨਾ ਆਇਆ ਤੇ ਵੀਰਤਾ ਅੱਗੇ ਸਿਰ ਝੁਕਾ ਦਿੱਤਾ।

ਜਾਪਾਨੀ ਵੀਰਤਾ ਦੀ ਮੂਰਤੀ ਪੂਜਦੇ ਹਨ। ਇਸ ਪੂਰਤੀ ਦਾ ਦਰਸ਼ਨ ਚੇਰੀ ਦੇ ਫੁੱਲਾਂ ਦੇ ਸ਼ਾਂਤ ਖੇੜੇ ਵਿਚ ਕਰਦੇ ਹਨ। ਕੇਹੀ ਸੱਚੀ ਤੇ ਕਲਾ ਭਰਪੂਰ ਪੂਜਾ ਹੈ। ਵੀਰਤਾ ਹਮੇਸ਼ਾ ਜ਼ੋਰ ਨਾਲ ਭਰਿਆ ਸੁਨੇਹਾ ਹੀ ਨਹੀਂ ਦੇਂਦੀ, ਮਨ ਦੀ ਕੋਮਲਤਾ ਦੇ ਵੀ ਦਰਸ਼ਨ ਕਰਾਂਦੀ ਹੈ। ਅਜੇਹੀ ਕੋਮਲਤਾ ਵੇਖ ਕੇ ਸਾਰੀ ਕੁਦਰਤ ਦੀ ਰਚਨਾ ਕੋਮਲ ਹੋ ਜਾਂਦੀ ਹੈ, ਅਜੇਹੀ ਸੁੰਦਰਤਾ ਵੇਖ ਕੇ ਲੋਕੀਂ ਮੋਹੇ ਜਾਂਦੇ ਹਨ। ਜਦੋਂ ਕੋਮਲਤਾ ਅਤੇ ਸੁੰਦਰਤਾ ਦੇ ਰੂਪ ਵਿਚ ਵੀਰਤਾ ਦਰਸ਼ਨ ਦੇਂਦੀ ਹੈ ਤਾਂ ਚੇਰੀ ਦੇ ਫੁੱਲ ਤੋਂ ਵੀ ਵਧੇਰੇ ਕੋਮਲ ਤੇ ਮਨਮੋਹਣੀ ਹੁੰਦੀ ਹੈ। ਜਿਸ ਬੰਦੇ ਨੇ ਯੂਰਪ ਨੂੰ ‘ਕਰੂਸੇਡਜ਼’ ਲਈ ਹਿਲਾ ਦਿੱਤਾ ਸੀ, ਉਹ ਲੜਾਈ ਵਿਚ ਲੜ ਮਰਨ ਵਾਲਿਆਂ ਤੋਂ ਵਧੇਰੇ ਯੋਧਾ ਸੀ। ਦੇਖੋ ਇਕ ਨਿੱਕਾ ਜੇਹਾ ਸਾਧਾਰਨ ਆਦਮੀ ਯੂਰਪ ਵਿਚ ਜਾ ਕੇ ਪੁਕਾਰਦਾ ਹੈ ਕਿ ਹਾਏ ਸਾਡੇ ਤੀਰਥ ਸਾਡੇ ਵਾਸਤੇ ਖੁੱਲ੍ਹੇ ਨਹੀਂ ਤੇ ਯਹੂਦ ਦੇ ਰਾਜੇ ਯਾਤਰੀਆਂ ਨੂੰ ਤੰਗ ਕਰਦੇ ਹਨ। ਇਹ ਹੰਝੂ ਭਰੀ ਅਪੀਲ ਸੁਣ ਕੇ ਯੂਰਪ ਉਸ ਦੇ ਨਾਲ ਰੋ ਉਠਿਆ। ਇਹ ਉੱਚੇ ਦਰਜੇ ਦੀ ਵੀਰਤਾ ਹੈ।

ਬੁਲਬੁਲ ਦੀ ਛਾਂ ਨੂੰ ਬੀਮਾਰ ਲੋਕ ਸਾਰੀਆਂ ਦਵਾਈਆਂ ਨਾਲੋਂ ਵਧ ਕੇ ਮੰਨਦੇ ਸਨ। ਉਸ ਦੇ ਦਰਸ਼ਨਾਂ ਨਾਲ ਹੀ ਕਿੰਨੇ ਰੋਗੀ ਚੰਗੇ ਹੋ ਜਾਂਦੇ ਸਨ। ਉਹ ਇਕ ਨੰਬਰ ਦਾ ਸੁੱਚਾ ਪੰਛੀ ਹੈ। ਜਿਹੜਾ ਰੋਗੀਆਂ ਦੇ ਸਿਰ੍ਹਾਣੇ ਖਲੋ ਕੇ ਦਿਨ ਰਾਤ ਗਰੀਬਾਂ ਦੀ ਨਿਸ਼ਕਾਮ ਸੇਵਾ ਕਰਦਾ ਹੈ ਤੇ ਗੰਦੇ ਜ਼ਖਮਾਂ ਨੂੰ ਲੋੜ ਪੈਣ ਤੇ ਆਪਣੇ ਮੂੰਹ ਨਾਲ ਚੂਸ ਕੇ ਸਾਫ ਕਰਦਾ ਹੈ, ਲੋਕਾਂ ਦੇ ਦਿਲਾਂ ’ਤੇ ਅਜੇਹੇ ਪ੍ਰੇਮ ਦਾ ਰਾਜ ਅਟੱਲ ਹੈ। ਇਹ ਬਹਾਦਰੀ ਭਾਵੇਂ ਪਰਦੇ ਵਾਲੀਆਂ ਹਿੰਦੁਸਤਾਨੀ ਇਸਤਰੀਆਂ ਵਾਂਗ ਦੂਜਿਆਂ ਦੇ ਸਾਹਮਣੇ ਨਾ ਆਵੇ, ਇਤਿਹਾਸ ਦੇ ਪੰਨਿਆਂ ਤੇ ਕਾਲੇ ਅੱਖਰ ਬਣ ਨਾ ਚਮਕੇ, ਤਾਂ ਵੀ ਦੁਨੀਆਂ ਅਜੇਹੇ ਹੀ ਬਲ ਆਸਰੇ ਜੀ ਰਹੀ ਹੈ।

ਦੂਲੇ ਦਾ ਦਿਲ ਸਭ ਦਾ ਦਿਲ ਹੋ ਜਾਂਦਾ ਹੈ। ਉਸ ਦਾ ਮਨ ਸਭ ਦਾ ਮਨ ਹੋ ਜਾਂਦਾ ਹੈ। ਉਸ ਦੇ ਵਿਚਾਰ ਸਭ ਦੇ ਵਿਚਾਰ ਹੋ ਜਾਂਦੇ ਹਨ। ਸਭ ਦੀਆਂ ਇਛਾਵਾਂ ਉਸ ਦੀਆਂ ਇਛਾਵਾਂ, ਸਭ ਦਾ ਬਲ ਉਸ ਦਾ ਬਲ ਹੋ ਜਾਂਦਾ ਹੈ। ਉਹ ਸਭ ਦਾ ਸਭ ਉਸ ਦੇ ਹੋ ਜਾਂਦੇ ਹਨ।

ਸੂਰਬੀਰ ਘੜਨ ਦੇ ਕਾਰਖਾਨੇ ਨਹੀਂ ਬਣ ਸਕਦੇ। ਉਹ ਤਾਂ ਦੇਵਦਾਰ ਦੇ ਬਿਰਖਾਂ ਵਾਂਗ ਜੀਵਨ ਦੇ ਬਣਾਂ ਵਿਚ ਆਪ ਮੁਹਾਰੇ ਉੱਗਦੇ, ਬਿਨਾਂ ਕਿਸੇ ਦੇ ਪਾਣੀ ਦਿੱਤੇ, ਬਿਨਾਂ ਕਿਸੇ ਦੇ ਪਾਲੇ ਪਲੋਸੇ, ਤਿਆਰ ਹੁੰਦੇ ਸੰਸਾਰ ਦੇ ਪਿੜ ਵਿਚ ਚਾਣਚਕ ਹੀ ਉਹ ਸਾਹਮਣੇ ਆ ਕੇ ਖੜੇ ਜਾਂਦੇ ਹਨ, ਉਨ੍ਹਾਂ ਦਾ ਸਾਰਾ ਜੀਵਨ ਅੰਦਰ ਹੀ ਅੰਦਰ ਹੁੰਦਾ ਹੈ। ਬਾਹਰ ਤਾਂ ਰਤਨਾਂ ਦੀਆਂ ਕਾਨਾਂ ਦੀ ਉਪਰਲੀ ਧਰਤੀ ਵਾਂਗ ਕੁਝ ਵੀ ਨਜ਼ਰ ਨਹੀਂ ਆਉਂਦਾ। ਬਲੀ ਦਾ ਜੀਵਨ ਮੁਸ਼ਕਲ ਨਾਲ ਕਦੀ ਕਦੀ ਹੀ ਪ੍ਰਗਟ ਨਜ਼ਰ ਆਉਂਦਾ ਹੈ। ਉਸ ਦਾ ਸੁਭਾਉ ਤਾਂ ਲੁਕੇ ਰਹਿਣ ਦਾ ਹੈ।

ਉਹ ਲਾਲ ਗੋਦੜੀਆਂ ਵਿਚ ਗੁਆਚਾ ਰਹਿੰਦਾ ਹੈ, ਕੰਦਰਾਂ, ਗਾਰਾਂ ਤੇ ਨਿੱਕੀਆਂ ਨਿੱਕੀਆਂ ਝੌਂਪੜੀਆਂ ਵਿਚ ਬੜੇ ਬੜੇ ਬਹਾਦਰ ਮਹਾਤਮਾ ਲੁਕੇ ਰਹਿੰਦੇ ਹਨ। ਕਿਤਾਬਾਂ ਤੇ ਅਖ਼ਬਾਰਾਂ ਦੇ ਪੜ੍ਹਨ ਜਾਂ ਵਿਦਵਾਨਾਂ ਦੇ ਲੈਕਚਰ ਸੁਣਨ ਨਾਲ ਤਾਂ ਬਸ ਡਰਾਇੰਗ ਰੂਮ ਦੇ ‘ਸੂਰਬੀਰ’ ਹੀ ਪੈਦਾ ਹੁੰਦੇ ਹਨ। ਉਨ੍ਹਾਂ ਦੀ ਵੀ ਵੀਰਤਾ ਅਣਜਾਣ ਲੋਕਾਂ ਪਾਸੋਂ ਆਂਪਣੀ ਵਾਹ ਵਾਹ ਸੁਣਨ ਤਕ ਹੀ ਹੁੰਦੀ ਹੈ। ਅਸਲੀ ਵਰਿਆਮ ਤਾਂ ਦੁਨੀਆਂ ਦੀ ਬਣਾਵਟ ਤੇ ਲਿਖਾਵਟ ਦੇ ਮਖੌਲਾਂ ਲਈ ਨਹੀਂ ਜਿਉਂਦੇ।

ਹਰ ਵਾਰ ਦਿਖਾਵੇ ਦੀ ਖਾਤਰ ਛਾਤੀ ਠੋਕ ਕੇ ਅੱਗੇ ਵਧਣਾ ਤੇ ਫੇਰ ਪਿੱਛੇ ਹਟਣਾ ਪਹਲੇ ਦਰਜੇ ਦੀ ਥੋੜ ਦਿਲੀ ਹੈ। ਸੂਰਮਾ ਤਾਂ ਇਹ ਸਮਝਦਾ ਹੈ ਕਿ ਜ਼ਿੰਦਗੀ ਮਾਮੂਲੀ ਚੀਜ਼ ਹੈ ਤੇ ਕੇਵਲ ਇਕ ਵੇਰ ਲਈ ਹੀ ਕਾਫੀ ਹੈ। ਜਿਵੇਂ ਇਸ ਬੰਦੂਕ ਵਿਚ ਇਕੋ ਗੋਲੀ ਹੋਵੇ। ਹਾਂ ਕਾਇਰ ਇਸ ਨੂੰ ਵੱਡਮੁਲਾ ਤੇ ਕਦੇ ਨਾ ਟੁੱਟਣ ਵਾਲਾ ਹਥਿਆਰ ਸਮਝਦੇ ਹਨ। ਹਰ ਘੜੀ ਅੱਗੇ ਵਧ ਕੇ ਤੇ ਇਹ ਦਿਖਾ ਕੇ ਕਿ ਅਸੀਂ ਵੱਡੇ ਹਾਂ ਉਹ ਫਿਰ ਇਸ ਵਿਚਾਰ ਨਾਲ ਪਿੱਛੇ ਹਟ ਜਾਂਦੇ ਹਨ ਕਿ ਉਨ੍ਹਾਂ ਦਾ ਅਣਮੋਲ ਜੀਵਨ ਕਿਸੇ ਹੋਰ ਵੱਡੇ ਕੰਮ ਲਈ ਬਚ ਸਕੇ। ਸੱਖਣੇ ਬੱਦਲ ਗੱਜ ਕੇ ਐਵੇਂ ਹੀ ਲੰਘ ਜਾਂਦੇ ਹਨ ਤੇ ਵਸਣ ਵਾਲੀਆਂ ਬਦਲੀਆਂ ਜ਼ਰਾ ਜਿੰਨੀ ਦੇਰ ਵਿਚ ਬਾਰਾਂ ਬਾਰਾਂ ਇੰਚ ਮੀਂਹ ਵਰ੍ਹਾ ਜਾਂਦੀਆਂ ਹਨ।

ਕਾਇਰ ਆਖਦੇ ਹਨ ‘ਅੱਗੇ ਵਧੋ’ ਸੂਰਮੇ ਪੁਕਾਰਦੇ ਹਨ ‘ਪਿੱਛੇ ਹਟ ਚਲੋ।’ ਕਾਇਰ ਕਹਿੰਦਾ ਹੈ ‘ਉਠਾਓ ਤਲਵਾਰ’ ਸੂਰਮਾ ਆਖਦਾ ਹੈ ‘ਸਿਰ ਅੱਗੇ ਕਰੋ’ ਸੂਰਮੇ ਦਾ ਜੀਵਨ ਕੁਦਰਤ ਨੇ ਆਪਣੀ ਤਾਕਤ ਫਜ਼ੂਲ ਗੁਆਣ ਲਈ ਨਹੀਂ ਸਿਰਜਿਆ। ਸੂਰਮੇ ਦਾ ਸ਼ਰੀਰ ਕੁਦਰਤ ਦੀਆਂ ਕੁਲ ਤਾਕਤਾਂ ਦਾ ਭੰਡਾਰ ਹੈ। ਕੁਦਰਤ ਦਾ ਇਹ ਕੇਂਦਰ ਡੋਲ ਨਹੀਂ ਸਕਦਾ। ਸੂਰਜ ਦਾ ਚੱਕਰ ਡੋਲ ਜਾਵੇ ਤਾਂ ਡੋਲ ਜਾਵੇ ਐਪਰ ਸੂਰਮੇ ਦੇ ਦਿਲ ਵਿਚ ਜੋ ਰੱਬੀ ਟੇਕ ਟਿਕੀ ਹੈ, ਜੋ ਨ੍ਵਰੀ ਪੁਰੀ ਗੱਡੀ ਹੈ ਉਹ ਅਚਲ ਹੈ। ਕੁਦਰਤ ਦੇ ਹੋਰਨਾਂ ਪਦਾਰਥਾਂ ਦੀ ਰਾਤ, ਭਾਵੇਂ ਅੱਗੇ ਵਧਣ ਦੀ ਆਪਣੀ ਤਾਕਤ ਨੂੰ ਖਿਲਾਰ ਕੇ ਨਸ਼ਟ ਕਰਨ ਦੀ ਹੋਵੇ, ਪਰ ਸੂਰਬੀਰਾਂ ਦੀ ਨੀਤੀ ਬਲ ਨੂੰ ਹਰ ਤਰ੍ਹਾਂ ਜੁਟਾਉਣ ਤੇ ਵਧਾਉਣ ਦੀ ਹੀ ਹੁੰਦੀ ਹੈ, ਸੂਰਮੇ ਤਾਂ ਆਪਣੇ ਅੰਦਰ ਹੀ ‘ਮਾਰਚ’ ਕਰਦੇ ਹਨ, ਕਿਉਂਕਿ ਆਤਮ-ਆਕਾਸ਼ ਦੇ ਕੇਂਦਰ ਵਿਚ ਖਲੋ ਕੇ ਉਹ ਸਾਰੇ ਸੰਸਾਰ ਨੂੰ ਹਿਲਾ ਸਕਦੇ ਹਨ।

ਵਿਚਾਰੀ ਮਰੀਅਮ ਦਾ ਲਡਿਕਾ ਸੁਹਣਾ ਗੱਭਰੂ ਆਪਣੀ ਮਸਤੀ ਵਿਚ ਮਤਵਾਲਾ ਆਪਣੇ ਆਪ ਨੂੰ ‘ਸੱਚਾ ਪਾਤਸ਼ਾਹ’ ਕਹਿਣ ਵਾਲਾ ਈਸਾ ਮਸੀਹ ਕੀ ਉਸ ਸਮੇਂ ਕਮਜ਼ੋਰ ਮਾਲੂਮ ਹੁੰਦਾ ਹੈ। ਜਦੋਂ ਭਾਰੀ ਸਲੀਬ ਉੱਤੇ ਤੜਫ ਕੇ ਕਦੀ ਡਿਗਦਾ, ਕਦੀ ਜ਼ਖਮੀ ਹੁੰਦਾ ਤੇ ਕਦੀ ਬੇਸੁਰਤਾ ਹੋ ਜਾਂਦਾ ਹੈ ? ਕੋਈ ਪੱਥਰ ਮਾਰਦਾ ਹੈ, ਕੋਈ ਵੱਟੇ ਮਾਰਦਾ ਹੈ, ਕੋਈ ਥੁੱਕਦਾ ਹੈ, ਪਰ ਉਸ ਸੱਚੇ ਮਰਦ ਦਾ ਦਿਲ ਨਹੀਂ ਡੋਲਦਾ। ਕੋਈ ਥੋੜ ਦਿਲਾ, ਬੁਜ਼ਦਿਲ ਹੁੰਦਾ ਤਾਂ ਆਪਣੀ ਬਾਦਸ਼ਾਹਤ ਦੇ ਜ਼ੋਰ ਦੀਆਂ ਗੁੱਥੀਆਂ ਖੋਲ੍ਹ ਦੇਂਦਾ, ਆਪਣੀ ਤਾਕਤ ਨਸ਼ਰ ਕਰ ਦੇਂਦਾ, ਅਤੇ ਹੋ ਸਕਦਾ ਹੈ, ਆਪਣੀ ਇਕੋ ਨਜ਼ਰ ਨਾਲ ਉਸ ਸਲਤਨਤ ਦਾ ਤਖ਼ਤਾ ਉਲਟ ਦੇਂਦਾ ਤੇ ਮੁਸੀਬਤ ਟਾਲ ਦੇਂਦਾ। ਐਪਰ ਜਿਸਨੂੰ ਅਸੀਂ ਮੁਸੀਬਤ ਜਾਣਦੇ ਹਾਂ ਉਹ ਤਾਂ ਉਸ ਨੂੰ ਮਖੌਲ ਸਮਝਦਾ ਸੀ, ‘ਸੂਲੀ ਮੇਰੇ ਲਈ ਅੱਜ, ਸੇਜ ਹੋਈ ਸੱਜਣਾਂ ਦੀ, ਸੌਣ ਦਿਓ, ਮਿੱਠੀ ਮਿੱਠੀ ਨੀਂਦ ਮੈਨੂੰ, ਆ ਰਹੀ।’ ਅਮਰ ਈਸਾ ਨੂੰ ਦੁਨਿਆਵੀ ਵਿਸ਼ੇ ਵਿਕਾਰਾਂ ਵਿਚ ਖੁੱਭੇ ਲੋਕ ਭਲਾ ਕੀ ਜਾਣ ਸਕਦੇ ਸਨ ? ਚਾਰ ਚਿੜੀਆਂ ਰਲ ਕੇ ਮੈਨੂੰ ਫਾਂਸੀ ਦਾ ਹੁਕਮ ਸੁਣਾ ਦੇਣ ਤੇ ਮੈਂ ਸੁਣ ਕੇ ਰੋਵਾਂ ਜਾਂ ਡਰ ਜਾਵਾਂ, ਤਾਂ ਮੇਰੀ ਹੈਸੀਅਤ ਚਿੜੀਆਂ ਤੋਂ ਵੀ ਘਟ ਜਾਵੇਗੀ। ਜਿਵੇਂ ਚਿੜੀਆਂ ਮੈਨੂੰ ਫਾਂਸੀ ਦੇ ਕੇ ਉੱਡ ਗਈਆਂ ਉਵੇਂ ਬਾਦਸ਼ਾਹ ਤੇ ਸਲਤਨਤਾਂ ਅੱਜ ਮਿੱਟੀ ਵਿਚ ਰਲ ਗਈਆਂ। ਸੱਚਮੁੱਚ ਉਹ ਛੋਟਾ ਜਿਹਾ ਬਾਬਾ ਲੋਕਾਂ ਦਾ ‘ਸੱਚਾ ਪਾਤਸ਼ਾਹ।’ ਚਿੜੀਆਂ ਜਾਨਵਰਾਂ ਦੀਆਂ ਕਚਹਿਰੀਆਂ ਦੇ ਨਿਰਣਿਆਂ ਤੋਂ ਜੋ ਡਰਦੇ ਜਾਂ ਮਰਦੇ ਹਨ ਉਹ ਮਨੁੱਖ ਨਹੀਂ ਹੋ ਸਕਦੇ। ਰਾਣਾ ਜੀ ਨੇ ਜ਼ਹਿਰ ਦੇ ਪਿਆਲੇ ਨਾਲ ਮੀਰਾ ਨੂੰ ਡਰਾਉਣਾ ਚਾਹਿਆ। ਪਰ ਧੰਨ ਸਚਾਈ! ਮੀਰਾ ਨੇ ਉਹ ਜ਼ਹਿਰ ਵੀ ਅੰਮ੍ਰਿਤ ਜਾਣ ਕੇ ਪੀ ਲਿਆ। ਉਹ ਸ਼ੇਰ ਤੇ ਹਾਥੀ ਅੱਗੇ ਸੁੱਟੀ ਗਈ, ਪਰ ਧੰਨ ਪ੍ਰੇਮ! ਮਸਤ ਹਾਥੀ ਤੇ ਸ਼ੇਰ ਨੇ ਦੇਵੀ ਦੇ ਚਰਨਾਂ ਦੀ ਧੂੜ ਆਪਣੇ ਮੱਥੇ ’ਤੇ ਲਾਈ ਤੇ ਆਪਣਾ ਰਾਹ ਫੜਿਆ। ਇਸ ਲਈ ਦੂਲੇ ‘ਅੱਗੇ’ ਨਹੀਂ ‘ਪਿੱਛੇ’ ਜਾਂਦੇ ਹਨ। ਅੰਤਰ ਧਿਆਨ ਧਾਰਦੇ ਹਨ। ਮਾਰਦੇ ਨਹੀਂ, ਮਰਦੇ ਹਨ।

ਉਹ ਸੂਰਮਾ ਕੀ ਜੋ ਟੀਨ ਦੇ ਭਾਂਡੇ ਵਾਂਗ ਪਲ ਵਿਚ ਗਰਮ ਤੇ ਪਲ ਵਿਚ ਠੰਡਾ ਹੋ ਜਾਵੇ। ਸਦੀਆਂ ਅੱਗ ਉਸ ਦੇ ਹੇਠ ਬਲਦੀ ਰਹੇ ਤਾਂ ਸ਼ਾਇਦ ਕਿਤੇ ਵੀਰ ਪੁਰਖ ਤੱਤਾ ਹੋ ਸਕੇ ਤੇ ਹਜ਼ਾਰਾਂ ਵਰ੍ਹੇ ਬਰਫ ਉਸ ’ਤੇ ਜੰਮਦੀ ਰਹੇ ਤਾਂ ਵੀ ਕੀ ਮਜਾਲ ਉਸ ਦੀ ਬਾਣੀ ਤਕ ਠੰਡੀ ਹੋ ਸਕੇ। ਉਸ ਨੂੰ ਆਪ ਠੰਡੇ ਤੱਤੇ ਹੋਣ ਨਾਲ ਕੀ ਮਤਲਬ ? ਕਾਰਲਾਇਲ ਨੂੰ ਜੇ ਅੱਜਕੱਲ੍ਹ ਦੀ ਸਭਿਅਤਾ ’ਤੇ ਗੁੱਸਾ ਆਇਆ ਤਾਂ ਸੰਸਾਰ ਵਿਚ ਇਕ ਨਵੀਂ ਬੋਲੀ ਦਾ ਜਨਮ ਹੋ ਗਿਆ। ਅੰਗਰੇਜ਼ ਜ਼ਰੂਰ ਹੈ, ਪਰ ਉਸਦੀ ਬੋਲੀ ਸਾਰਿਆਂ ਤੋਂ ਨਿਆਰੀ ਹੈ, ਉਸ ਦੇ ਸ਼ਬਦ ਜਾਣੋ ਅੱਗ ਦੀਆਂ ਚਿੰਗਾੜੀਆਂ ਹਨ ਜੋ ਮਨੁੱਖੀ ਮਨਾਂ ਵਿਚ ਭਾਂਬੜ ਬਾਲ ਦੇਂਦੀਆਂ ਹਨ। ਸਭ ਕੁਝ ਬਦਲ ਜਾਵੇ, ਕਾਰਲਾਇਲ ਦੀ ਤਪਸ਼ ਕਦੀ ਨਹੀਂ ਘਟੇਗੀ। ਜੇ ਹਜ਼ਾਰ ਸਾਲ ਸੰਸਾਰ ਦੇ ਦੁਖ ਦਰਦ ਢੋਏ ਜਾਣ ਤਾਂ ਵੀ ਥਰਮਾਮੀਟਰ ਜਿਉਂ ਦਾ ਤਿਉਂ ਰਹੇਗਾ। ਬਾਬਰ ਦੇ ਸਿਪਾਹੀਆਂ ਨੇ ਗੁਰੂ ਨਾਨਕ ਨੂੰ ਵੀ ਹੋਰਨਾਂ ਨਾਲ ‘ਵਗਾਰ’ ਵਿਚ ਫੜ ਲਿਆ। ਉਨ੍ਹਾਂ ਦੇ ਸਿਰ ’ਤੇ ਭਾਰ ਰੱਖਿਆ ਤੇ ਕਿਹਾ, ‘ਚਲੋ!’ ਆਪ ਤੁਰ ਪਏ। ਨੱਸ ਭਜ, ਧੁੱਪ, ਬੋਝ, ਮੁਸੀਬਤ, ਵਗਾਰ ਵਿਚ ਫੜੀਆਂ ਜ਼ਨਾਨੀਆਂ ਦਾ ਰੁਦਨ, ਭਲੇ ਪੁਰਸ਼ਾਂ ਦਾ ਦੁਖ, ਨਗਰਾਂ ਦੇ ਨਗਰਾਂ ਦਾ ਸੜਨਾ, ਹਰ ਤਰ੍ਹਾਂ ਦੀਆਂ ਦੁਖਦਾਈ ਗੱਲਾਂ ਹੋ ਰਹੀਆਂ ਹਨ। ਪਰ ਕਿਸੇ ਸ਼ੈ ਦਾ ਕੁਝ ਅਸਰ ਨਹੀਂ ਹੋਇਆ। ਗੁਰੂ ਨਾਨਕ ਨੇ ਆਪਣੇ ਸਾਥੀ ਮਰਦਾਨੇ ਨੂੰ ਕਿਹਾ, ‘ਮਰਦਾਨਿਆਂ ਰਬਾਬ ਵਜਾ, ਕਰਤਾਰ ਦਾ ਜੱਸ ਗਾਵੀਏ,।’ ਉਸ ਭੀੜ ਵਿਚ ਰਬਾਬ ਵੱਜ ਰਿਹਾ ਹੈ, ਆਪ ਗਾ ਰਹੇ ਹਨ। ਧੰਨ ਸ਼ਾਂਤੀ।

ਜੇ ਕੋਈ ਅੰਞਾਣਾ ਬਾਲ ਨੈਪੋਲੀਅਨ ਦੇ ਮੋਢੇ ਚੜ੍ਹ ਕੇ ਉਸ ਦੇ ਵਾਲ ਖਿੱਚੇ ਤਾਂ ਕੀ ਨੈਪੋਲੀਅਨ ਇਸ ਨੂੰ ਆਪਣੀ ਬੇਅਦਬੀ ਸਮਝ ਕੇ ਉਸ ਬੱਚੇ ਨੂੰ ਭੁੰਜੇ ਵਗਾਹ ਮਾਰੇਗਾ, ਜਿਸ ਨਾਲ ਲੋਕ ਉਸ ਨੂੰ ਵੱਡਾ ਬਹਾਦਰ ਕਹਿਣ ? ਇਵੇਂ ਹੀ ਸੱਚੇ ਸੂਰਬੀਰ ਜਦੋਂ ਉਨ੍ਹਾਂ ਦੇ ਵਾਲ ਸੰਸਾਰ ਦੀਆਂ ਚਿੜੀਆਂ ਖਿੱਚਦੀਆਂ ਹਨ ਕੁਝ ਪਰਵਾਹ ਨਹੀਂ ਕਰਦੇ ਕਿਉਂਕਿ ਉਨ੍ਹਾਂ ਦਾ ਜੀਵਨ ਆਲੇ ਦੁਆਲੇ ਵਾਲਿਆਂ ਦੇ ਜੀਵਨ ਤੋਂ ਕਿਤੇ ਉੱਚਾ ਤੇ ਬਲਵਾਨ ਹੁੰਦਾ ਹੈ। ਭਲਾ ਅਜੇਹੀਆਂ ਗੱਲਾਂ ਨਾਲ ਸੂਰਬੀਰ ਕਦੋਂ ਡੋਲਦੇ ਹਨ। ਜਦੋਂ ਉਨ੍ਹਾਂ ਦੀ ਮੌਜ ਆਵੇ, ਮੈਦਾਨ ਉਨ੍ਹਾਂ ਦੇ ਹੱਥ ਹੁੰਦਾ ਹੈ।

ਜਾਪਾਨ ਦੇ ਇਕ ਛੋਟੇ ਜੇਹੇ ਪਿੰਡ ਦੀ ਇਕ ਕੁੱਲੀ ਵਿਚ ਇਕ ਨਾਟੇ ਜੇਹੇ ਕੱਦ ਦਾ ਜਾਪਾਨੀ ਰਹਿੰਦਾ ਸੀ। ਓਸ਼ੀਓ ਉਸ ਦਾ ਨਾਂ ਸੀ। ਇਹ ਬੜਾ ਅਨੁਭਵ ਵਾਲਾ ਗਿਆਨੀ ਪੁਰਸ਼ ਸੀ। ਬੜੇ ਹਠੀ ਸੁਭਾ ਦਾ ਅਡੋਲ, ਧੀਰਜਵਾਨ ਆਪਣੇ ਖਿਆਲਾਂ ਦੇ ਸਾਗਰ ਵਿਚ ਡੁੱਬਿਆ ਰਹਿਣ ਵਾਲਾ ਮਨੁੱਖ ਸੀ। ਆਂਢ-ਗੁਆਂਢ ਦੇ ਬੱਚੇ ਇਸ ਕੋਲ ਆਇਆ ਕਰਦੇ ਸਨ ਤੇ ਉਨ੍ਹਾਂ ਨੂੰ ਇਹ ਮੁਫਤ ਪੜ੍ਹਾਇਆ ਕਰਦਾ ਸੀ। ਜੋ ਮਿਲ ਜਾਂਦਾ ਸੰਤੋਖ ਨਾਲ ਛਕ ਲੈਂਦਾ। ਦੁਨੀਆਂ ਦੀ ਵਿਵਹਾਰਿਕ ਦ੍ਰਿਸ਼ਟੀ ਵਿਚ ਇਹ ਇਕ ਪ੍ਰਕਾਰ ਦਾ ਮਖੱਟੂ ਸੀ, ਕਿਉਂਕਿ ਇਸ ਨੇ ਸੰਸਾਰ ਦਾ ਕੋਈ ਵੱਡਾ ਕੰਮ ਨਹੀਂ ਸੀ ਕੀਤਾ। ਉਸ ਦੀ ਸਾਰੀ ਉਮਰ ਸ਼ਾਂਤੀ ਤੇ ਸਤੋਗੁਣ ਵਿਚ ਹੀ ਗੁਜ਼ਰੀ ਸੀ। ਲੋਕ ਉਸ ਨੂੰ ਸਾਧਾਰਣ ਆਦਮੀ ਹੀ ਸਮਝਦੇ ਸਨ, ਇਕ ਵਾਰ ਰੱਬੋਂ ਤਿੰਨ ਚਾਰ ਫਸਲਾਂ ਨਾ ਹੋਣ ਕਾਰਣ ਇਸ ਫਕੀਰ ਦੇ ਆਸੇ ਪਾਸੇ ਕਾਲ ਪੈ ਗਿਆ, ਕਾਲ ਬੜਾ ਭਿਆਨਕ ਸੀ। ਲੋਕ ਬਹੁਤ ਦੁਖੀ ਹੋਏ। ਬੇਬਸ ਹੋ ਕੇ ਇਸ ਨੰਗੇ ਕੰਗਾਲ ਫਕੀਰ ਕੋਲ ਸਹਾਇਤਾ ਮੰਗਣ ਆਏ। ਉਸ ਦੇ ਮਨ ਵਿਚ ਕੋਈ ਖਿਆਲ ਆਇਆ ਤੇ ਉਹ ਸਹਾਇਤਾ ਕਰਨ ਲਈ ਤਿਆਰ ਹੋ ਗਿਆ। ਪਹਿਲਾਂ ਉਹ ਉਸਾਕੋ ਸ਼ਹਿਰ ਦੇ ਅਮੀਰਾਂ ਪਾਸੋਂ ਸਹਾਇਤਾ ਮੰਗਣ ਗਿਆ। ਉਨ੍ਹਾਂ ਵਾਅਦੇ ਬਹੁਤ ਕੀਤੇ ਪਰ ਦਿੱਤਾ ਕੁਝ ਵੀ ਨਾ। ਓਸ਼ੀਓ ਮੁੜ ਉਨ੍ਹਾਂ ਕੋਲ ਨਹੀਂ ਗਿਆ। ਉਸ ਨੇ ਬਾਦਸ਼ਾਹ ਤੇ ਵਜ਼ੀਰਾਂ ਨੂੰ ਖਤ ਲਿਖੇ ਕਿ ਇਨ੍ਹਾਂ ਗਰੀਬ ਕਿਸਾਨਾਂ ਨੂੰ ਮਦਦ ਦਿੱਤੀ ਜਾਵੇ, ਪਰ ਬਹੁਤ ਦਿਨ ਲੰਘ ਜਾਣ ’ਤੇ ਵੀ ਜਵਾਬ ਕੁਝ ਨਾ ਆਇਆ। ਓਸ਼ੀਓ ਨੇ ਆਪਣੇ ਕੱਪੜੇ ਤੇ ਕਿਤਾਬਾਂ ਨਿਲਾਮ ਕਰ ਦਿੱਤੀਆਂ। ਜੋ ਕੁਝ ਮਿਿਲਆ ਮੁੱਠੀ ਭਰ ਕੇ ਲੋਕਾਂ ਵਿਚ ਸੁੱਟ ਦਿੱਤਾ। ਪਰ ਇਸ ਨਾਲ ਕੀ ਬਣ ਸਕਦਾ ਸੀ ? ਓਸ਼ੀਓ ਦਾ ਦਿਲ ਪੂਰਣ ‘ਸ਼ਿਵ’ ਰੂਪ ਹੋ ਗਿਆ। ਏਥੇ ਇਹ ਦੱਸਣਾ ਮੁਨਾਸਬ ਹੋਵੇਗਾ ਕਿ ਜਾਪਾਨ ਦੇ ਲੋਕ ਆਪਣੇ ਬਾਦਸ਼ਾਹ ਨੂੰ ਪਿਓ ਵਾਂਗ ਪੂਜਦੇ ਹਨ। ਇਹ ਉਨ੍ਹਾਂ ਦੇ ਮਨ ਦੀ ਇਕੋ ਵਾਸ਼ਨਾ ਹੈ, ਅਜੇਹੀ ਕੌਮ ਦੇ ਹਜ਼ਾਰਾਂ ਬੰਦੇ ਇਸ ਵੀਰ ਫਕੀਰ ਪਾਸ ਜੁੜੇ ਹਨ। ਓਸ਼ੀਓ ਨੇ ਲਲਕਾਰਿਆ ਕਿ ਸਾਰੇ ਹੱਥਾਂ ਵਿਚ ਬਾਂਸ ਲੈ ਕੇ ਤਿਆਰ ਹੋ ਜਾਓ ਤੇ ਬਗ਼ਾਵਤ ਕਰੋ। ਕੋਈ ਕੁਸਕ ਤਕ ਨ ਸਕਿਆ। ਬਗ਼ਾਵਤ ਦਾ ਝੰਡਾ ਖੜਾ ਹੋ ਗਿਆ। ਓਸ਼ੀਓ ਆਪ ਇਕ ਬਾਂਸ ਲੈ ਕੇ ਸਭ ਦੇ ਅੱਗੇ ਕਿਊਟੋ ਵਲ, ਬਾਦਸ਼ਾਹ ਦੇ ਮਹਲਾਂ ’ਤੇ ਧਾਵਾ ਕਰਨ ਲਈ ਤੁਰ ਪਿਆ। ਇਸ ਫਕੀਰ ਜਨਰੈਲ ਦੀ ਫੌਜ ਦੀ ਚੜ੍ਹਤ ਨੂੰ ਕੌਣ ਰੋਕ ਸਕਦਾ ਸੀ ? ਜਦੋਂ ਸ਼ਾਹੀ ਕਿਲ੍ਹੇ ਦੇ ਸਰਦਾਰ ਨੇ ਵੇਖਿਆ ਤਾਂ ਜਾ ਰਿਪੋਰਟ ਕੀਤੀ ਤੇ ਆਗਿਆ ਮੰਗੀ ਕਿ ਓਸ਼ੀਓ ਤੇ ਉਸ ਦੀ ਫੌਜ ਉੱਤੇ ਗੋਲੀਆਂ ਦੀ ਵਰਖਾ ਕੀਤੀ ਜਾਵੇ ? ਹੁਕਮ ਹੋਇਆ “ਨਹੀਂ, ਓਸ਼ੀਓ ਕੁਦਰਤ ਦੇ ਹਰੇ ਵਰਕਿਆਂ ਨੂੰ ਪੜ੍ਹਨ ਵਾਲਾ ਹੈ। ਕਿਸੇ ਖਾਸ ਗੱਲ ਲਈ ਚੜ੍ਹਾਈ ਕਰ ਕੇ ਆਇਆ ਹੋਵੇਗਾ। ਉਸ ਨੂੰ ਗੱਲ ਕਰਨ ’ਤੇ ਆਉਣ ਦੇਵੋ।” ਓਸ਼ੀਓ ਕਿਲ੍ਹੇ ਵਿਚ ਆ ਗਿਆ ਤਾਂ ਉਹ ਸਰਦਾਰ ਇਸ ਮਸਤ ਜਰਨੈਲ ਨੂੰ ਫੜ ਕੇ ਬਾਦਸ਼ਾਹ ਦੇ ਸਾਹਮਣੇ ਲੈ ਗਿਆ। ਓਸ਼ੀਓ ਨੇ ਬਾਦਸ਼ਾਹ ਸਾਹਮਣੇ ਕਿਹਾ, ਇਹ ਰਾਜ-ਭੰਡਾਰੇ ਜੋ ਅੰਨ ਨਾਲ ਭਰੇ ਪਏ ਹਨ, ਗਰੀਬਾਂ ਦੀ ਸਹਾਇਤਾ ਲਈ ਕਿਉਂ ਨਾ ਖੋਲ੍ਹ ਦਿੱਤੇ ਜਾਣ ?

ਜਾਪਾਨ ਦੇ ਬਾਦਸ਼ਾਹ ਨੂੰ ਡਰ ਆਇਆ। ਇਕ ਸੂਰਮਾ ਉਸ ਦੇ ਸਾਹਮਣੇ ਖੜ੍ਹਾ ਸੀ, ਜਿਸ ਦੀ ਆਵਾਜ਼ ਵਿਚ ਗ਼ੈਬੀ ਸ਼ਕਤੀ ਸੀ। ਹੁਕਮ ਹੋ ਗਿਆ ਕਿ ਸ਼ਾਹੀ ਭੰਡਾਰੇ ਖੋਲ੍ਹ ਦਿੱਤੇ ਜਾਣ ਤੇ ਸਾਰਾ ਅੰਨ ਕੰਗਲੇ ਕਿਸਾਨਾਂ ਵਿਚ ਵੰਡ ਦਿੱਤਾ ਜਾਵੇ। ਸਾਰੀ ਫੌਜ ਤੇ ਪੁਲਿਸ ਧਰੀ ਰਹਿ ਗਈ। ਮੰਤਰੀਆਂ ਦੇ ਦਫਤਰ ਲੱਗੇ ਦੇ ਲੱਗੇ ਰਹਿ ਗਏ। ਓਸ਼ੀਓ ਨੇ ਜਿਸ ਕੰਮ ਲਈ ਲੱਕ ਬੰਨ੍ਹਿਆ ਸੀ ਉਹ ਪੂਰਾ ਕਰ ਵਿਖਾਇਆ। ਲੋਕਾਂ ਦੀ ਬਿਪਤਾ ਕੁਝ ਦਿਨਾਂ ਲਈ ਟਲ ਗਈ। ਓਸ਼ੀਓ ਦੇ ਦਿਲ ਦੀ ਸਫਾਈ, ਸਚਾਈ ਤੇ ਦ੍ਰਿੜ੍ਹਤਾ ਸਾਹਮਣੇ ਕੌਣ ਟਿਕ ਸਕਦਾ ਸੀ ? ਸੱਚ ਦੀ ਸਦਾ ਜਿੱਤ ਹੁੰਦੀ ਹੈ। ਇਹ ਵੀ ਸੂਰਮਤਾਈ ਦਾ ਇਕ ਚਿੰਨ੍ਹ ਹੈ।

ਰੂਸ ਦੇ ਜ਼ਾਰ ਨੇ ਸਭ ਲੋਕਾਂ ਨੂੰ ਫਾਂਸੀ ਲਾ ਦਿੱਤਾ ਪਰ ਟਾਲਸਟਾਇ ਨੂੰ ਉਹ ਦਿਲੋਂ ਸਤਿਕਾਰਦਾ ਸੀ, ਉਸ ਦੀਆਂ ਗੱਲਾਂ ਦਾ ਆਦਰ ਕਰਦਾ ਸੀ। ਜਿੱਤ ਉਥੇ ਹੁੰਦੀ ਹੈ ਜਿਥੇ ਪਵਿੱਤਰਤਾ ਤੇ ਪ੍ਰੇਮ ਹੈ। ਦੁਨੀਆਂ ਕਿਸੇ ਕੂੜੇ ਦੇ ਢੇਰ ’ਤੇ ਨਹੀਂ ਟਿਕੀ ਕਿ ਜਿਸ ਮੁਰਗੇ ਨੇ ਬਾਂਗ ਦਿੱਤੀ ਸਿੱਧ ਹੋ ਗਿਆ। ਦੁਨੀਆਂ ਧਰਮ ਦੇ ਅਟੱਲ ਅਧਿਆਤਮਿਕ ਨਿਯਮਾਂ ਤੇ ਖਲੋਤੀ ਹੈ ਜੋ ਉਨ੍ਹਾਂ ਨਿਯਮਾਂ ਨਾਲ ਇਕਮਿਕ ਹੋ ਗਿਆ, ਜਿੱਤ ਗਿਆ। ਇਹ ਗੱਲਾਂ ਸ਼ਾਇਦ ਅੱਜਕੱਲ੍ਹ ਬੇਅਰਥ ਜਾਪਦੀਆਂ ਹਨ। ਪਹਿਲਾਂ ਕੰਮ ਕਰਨ ਦਾ ਬਲ ਪੈਦਾ ਕਰੋ। ਅੰਦਰੋਂ ਅੰਦਰ ਬ੍ਰਿਛ ਵਾਂਗ ਵਧੋ। ਅੱਜਕੱਲ੍ਹ ਭਾਰਤਵਰਸ਼ ਵਿਚ ਪਰਉਪਕਾਰ ਕਰਨ ਦਾ ਬੁਖਾਰ ਫੈਲ ਗਿਆ ਹੈ। ਜਿਸ ਨੂੰ 105 ਡਿਗਰੀ ਦਾ ਇਹ ਬੁਖਾਰ ਚੜ੍ਹਿਆ, ਉਹ ਅੱਜਕੱਲ੍ਹ ਦੇ ਭਾਰਤਵਰਸ਼ ਦਾ ਰਿਸ਼ੀ ਹੋ ਗਿਆ। ਅਖ਼ਬਾਰਾਂ ਦੀ ਟਕਸਾਲ ਵਿਚ ਘੜੇ ਦਰਜਨਾਂ ਬਹਾਦਰ ਮਿਲਦੇ ਹਨ। ਜਿਥੇ ਕਿਸੇ ਨੇ ਇਕ ਦੋ ਕੰਮ ਕੀਤੇ ਤੇ ਅੱਗੇ ਹੋ ਕੇ ਛਾਤੀ ਕੱਢੀ ਤੇ ਹਿੰਦੁਸਤਾਨ ਦੇ ਸਾਰੇ ਅਖ਼ਬਾਰਾਂ ਨੇ ‘ਹੀਰੋ’ ਤੇ ‘ਮਹਾਤਮਾ’ ਦੀ ਪੁਕਾਰ ਮਚਾਈ, ਬੱਸ ਇਕ ਨਵਾਂ ‘ਸੂਰਮਾ’ ਪੈਦਾ ਹੋ ਗਿਆ। ਇਹ ਤਾਂ ਪਾਗਲਪਨ ਦੀਆਂ ਲਹਿਰਾਂ ਹਨ। ਅਖ਼ਬਾਰ ਲਿਖਣ ਵਾਲੇ ਸਾਧਾਰਣ ਸਿੱਕੇ ਦੇ ਬੰਦੇ ਹੁੰਦੇ ਹਨ। ਉਨ੍ਹਾਂ ਦੀ ਉਸਤਤ ਨਿੰਦਿਆ ਤੇ ਕਿਉਂ ਮਰਦੇ ਹੋ? ਆਪਣੇ ਜੀਵਨ ਨੂੰ ਅਖ਼ਬਾਰਾਂ ਦੇ ਛੋਟੇ ਛੋਟੇ ਪੈਰਿਆਂ ਤੇ ਕਿਉਂ ਲਟਕਾ ਰਹੇ ਹੋ? ਕੀ ਇਹ ਸੱਚ ਨਹੀਂ ਕਿ ਸਾਡੇ ਅੱਜ ਦੇ ਬਹਾਦਰਾਂ ਦੀ ਜਾਨ ਅਖ਼ਬਾਰਾਂ ਦੇ ਲੇਖਾਂ ਵਿਚ ਹੈ। ਜ਼ਰਾ ਇਨ੍ਹਾਂ ਰੰਗ ਬਦਲਿਆ ਨਹੀਂ ਕਿ ਸਾਡੇ ਬਹਾਦਰਾਂ ਨੇ ਵੀ ਰੰਗ ਬਦਲੇ, ਬੁੱਲ੍ਹ ਸੁੱਕਣ ਲੱਗੇ ਤੇ ਬਹਾਦਰੀ ਦੀਆਂ ਸਾਰੀਆਂ ਆਸਾਂ ਟੁੱਟ ਗਈਆਂ।

ਸੱਜਨੋਂ! ਅੰਦਰ ਦੇ ਧੁਰੇ ਵਲ ਆਪਣੀ ਚਾਲ ਮੋੜੋ ਤੇ ਇਸ ਦਿਖਾਵਟੀ ਤੇ ਬਨਾਵਟੀ ਜੀਵਨ ਦੀ ਚੰਚਲਤਾ ਵਿਚ ਆਪਣੇ ਆਪ ਨੂੰ ਗੰਵਾਓ ਨਹੀਂ।
ਸੂਰਮੇ ਨਹੀਂ ਤਾਂ ਸੂਰਮਿਆਂ ਦੇ ਪਿਛਲੱਗ ਬਣੋ। ਬਹਾਦਰੀ ਦੇ ਕਾਰਨਾਮੇ ਨਹੀਂ ਤਾਂ ਆਪਣੇ ਅੰਦਰ ਸਹਿਜੇ ਸਹਿਜੇ ਬਹਾਦਰੀ ਦੇ ਪਰਮਾਣੂ ਜਮ੍ਹਾ ਕਰੋ।

ਜਦੋਂ ਕਦੇ ਅਸੀਂ ਬਹਾਦਰਾਂ ਦਾ ਹਾਲ ਸੁਣਦੇ ਹਾਂ, ਤਾਂ ਸਾਡੇ ਆਪਣੇ ਅੰਦਰ ਵੀ ਬਹਾਦਰੀ ਦੀਆਂ ਲਹਿਰਾਂ ਉਠਦੀਆਂ ਹਨ, ਰੰਗ ਚੜ੍ਹ ਜਾਂਦਾ ਹੈ। ਪਰ ਉਹ ਰੰਗ ਟਿਕਾਊ ਨਹੀਂ ਹੁੰਦਾ। ਕਾਰਣ ਇਹ ਹੈ ਕਿ ਸਾਡੇ ਅੰਦਰ ਬਹਾਦਰੀ ਦਾ ਮਸਾਲਾ ਤਾਂ ਹੁੰਦਾ ਨਹੀਂ ਖਾਲੀ ਮਹਿਲ ਉਸ ਦੇ ਦਿਖਾਵੇ ਲਈ ਉਸਾਰਨਾ ਲੋਚਦੇ ਹਾਂ। ਟੀਨ ਦੇ ਭਾਂਡੇ ਦਾ ਸੁਭਾਉ ਛੱਡ ਕੇ ਆਪਣੇ ਜੀਵਨ ਦੇ ਅੰਤਰ-ਆਤਮੇ ਵਿਚ ਨਿਵਾਸ ਕਰੋ ਤੇ ਸੱਚਾਈ ਦੀ ਚੱਟਾਨ ਤੇ ਪੱਕੇ ਪੈਰੀਂ ਖਲੋ ਜਾਓ। ਆਪਣੀ ਜ਼ਿੰਦਗੀ ਕਿਸੇ ਹੋਰ ਨੂੰ ਸੌਂਪ ਦਿਓ ਤਾਂ ਜੋ ਜ਼ਿੰਦਗੀ ਬਚਾਉਣ ਦਿਆਂ ਜਤਨਾਂ ਵਿਚ ਸਮਾਂ ਵਾਧੂ ਨਸ਼ਟ ਨਾ ਹੋਵੇ। ਬਾਹਰਲੀ ਸਤਹ ਛੱਡ ਕੇ ਅੰਦਰਲੀਆਂ ਤੈਹਾਂ ਵਿਚ ਧੱਸ ਜਾਵੋ ਤਾਂ ਨਵੇਂ ਰੰਗ ਖੁੱਲ੍ਹਣਗੇ। ਦੂਈ ਤੇ ਜਕੋ-ਤਕੇ ਛੱਡੋ, ਰੋਣਾ ਛੁੱਟ ਜਾਏਗਾ। ਪ੍ਰੇਮ ਤੇ ਆਨੰਦ ਤੋਂ ਕੰਮ ਲਵੋ, ਸ਼ਾਂਤੀ ਦੀ ਵਰਖਾ ਹੋਣ ਲੱਗੇਗੀ ਤੇ ਦੁਖੜੇ ਦੂਰ ਹੋ ਜਾਣਗੇ। ਜੀਵਨ ਦੇ ਤੱਤ ਦਾ ਅਨੁਭਵ ਕਰ ਕੇ ਚੁੱਪ ਵੱਟ ਲਵੋ, ਧੀਰੇ ਤੇ ਗੰਭੀਰ ਹੋ ਜਾਵੋਗੇ। ਵੀਰਾਂ ਦੀ, ਫਕੀਰਾਂ ਦੀ ਤੇ ਪੀਰਾਂ ਦੀ ਇਹ ਇਕ ਕੂਕ ਹੈ-ਹਟੋ ਪਿੱਛੇ, ਆਪਣੇ ਅੰਦਰ ਜਾਓ, ਆਪਣਾ ਆਪਾ ਦੇਖੋ, ਦੁਨੀਆਂ ਹੋਰ ਦੀ ਹੋਰ ਹੋ ਜਾਵੇਗੀ। ਆਪਣੀ ਆਤਮਿਕ ਉੱਨਤੀ ਕਰੋ।
*****

0 0 votes
Article Rating
Subscribe
Notify of
0 ਟਿੱਪਣੀਆਂ
Inline Feedbacks
View all comments
0
Would love your thoughts, please comment.x
()
x