ਗੁਰੂ ਅੰਗਦ ਦੇਵ ਜੀ

ਗੁਰੂ ਅੰਗਦ ਦੇਵ ਜੀ

ਗੁਰੂ ਅੰਗਦ ਦਰਸ਼ਨ

ਗੁਰੂ ਨਾਨਕ ਦੀ ਯਾਤਰਾ ਦਾ ਨਵਾਂ ਰੂਪ – ਗੁਰੂ ਨਾਨਕ ਦੇਵ ਜੀ ਦੇ ਜੀਵਨ ਕਾਲ ਦੇ ਕਰਤਾਰ ਪੁਰ ਵਿਚ ਗੁਜ਼ਾਰੇ ਆਖਰੀ ਦਿਨ ਉਨ੍ਹਾਂ ਦੇ ਪੁੱਤਰਾਂ ਵਲੋਂ, ਉਨ੍ਹਾਂ ਦੇ ਪਿਆਰੇ ਭਗਤ ਅੰਗਦ ਜੀ ਨਾਲ ਧਾਰੇ ਰਵੱਈਏ ਕਾਰਣ ਕਸੈਲੇ ਬਣ ਗਏ ਸਨ। ਗੁਰੂ ਨਾਨਕ ਦੇਵ ਜੀ ਨੇ ਅਧਿਆਤਮਕ ਗੁਰੂ ਦੇ ਨਾਤੇ ਆਪਣਾ ਪ੍ਰੇਮ ਆਪਣੇ ਸਭ ਤੋਂ ਵਧੀਕ ਪਿਆਰੇ ਸਿਖ ਨੂੰ ਬਖਸ਼ ਦਿੱਤਾ। ਜਿਸ ਕਾਰਣ ਪ੍ਰਵਾਰ ਵਿਚ ਪੈਦਾ ਹੋਈ ਈਰਖਾ ਦੀ ਭਾਵਨਾ ਨੇ ਉਸੇ ਤਰ੍ਹਾਂ ਦੀ ਗ਼ਲਤ ਭਾਵਨਾ ਪੈਦਾ ਕਰ ਦਿਤੀ ਜਿਸ ਦਾ ਜ਼ਿਕਰ ਗੈਲਟੀ ਦੇ ਜਾਗਰਣ ਨਾਂ ਦੀ ਕਥਾ ਵਿਚ ਮਿਲਦਾ ਹੈ। ਗੁਰੂ ਨਾਨਕ ਨੇ ਪਹਿਲਾਂ ਹੀ ਸ੍ਰੀ ਅੰਗਦ ਜੀ ਨੂੰ ਕਰਤਾਰ ਪੁਰ ਰਹਿਣ ਤੋਂ ਵਰਜ ਦਿਤਾ ਸੀ ਅਤੇ ਆਪਣੇ ਉਸ ਪਿਆਰੇ ਸੇਵਕ ਨੂੰ ਜਿਸ ਦਾ ਮਨ ਹਜ਼ੂਰੀ ਦਰਸ਼ਨ ਨਾਲ ਸਦਾ ਨਿਹਾਲ ਹੁੰਦਾ ਸੀ, ਆਪਣੇ ਪਿੰਡ ਖਡੂਰ ਜਾ ਕੇ ਰਹਿਣ ਲਈ ਹੁਕਮ ਕੀਤਾ। ਇਸ ਤੋਂ ਪਿਛੋਂ ਕਦੀ ਕਦਾਈਂ ਗੁਰੂ ਨਾਨਕ ਆਪ ਹੀ ਆਪਣੇ ਪਿਆਰੇ ਸੇਵਕ ਨੂੰ ਮਿਲਣ ਖਡੂਰ ਜਾਂਦੇ ਰਹੇ। ਇਹ ਗੁਰੂ ਨਾਨਕ ਦੀ ਨਵੇਂ ਸਰੂਪ ਵਿਚ ਯਾਤਰਾ ਸੀ।

ਪ੍ਰੇਮ ਦਾ ਮਹਾਂ ਅਨੰਦ – ਇਕ ਦਿਨ ਜਦੋਂ ਅੰਗਦ ਗੁਰੂ ਨਾਨਕ ਜੀ ਨੂੰ ਖਡੂਰ ਤੋਂ ਕਰਤਾਰ ਪੁਰ ਲਈ ਵਿਦਾ ਕਰਨ ਆਏ, ਤਾਂ ਉਨ੍ਹਾਂ ਦੇ ਪਿਛੇ ਪਿਛੇ ਚੋਖਾ ਪੈਂਡਾ ਦੂਰ ਤਕ ਆ ਗਏ, ਤਾਂ ਗੁਰੂ ਨਾਨਕ ਜੀ ਨੇ ਬਚਨ ਕੀਤਾ ਕਿ ਉਹ ਅਗੇ ਨਾ ਆਉਣ ਤੇ ਉਨ੍ਹਾਂ ਦੇ ਦੁਬਾਰਾ ਆਉਣ ਤਕ ਉਡੀਕ ਕਰਨ। ਅੰਗਦ ਜੀ ਖੜੇ ਹੋਕੇ ਗੁਰੂ ਨਾਨਕ ਦੇਵ ਦੀ ਪਿਠ ਵੱਲ ਵੇਖ ਰਹੇ ਸਨ ਜੋ ਹੁਣ ਸਹਿਜੇ ਸਹਿਜੇ ਕਰਤਾਰ ਪੁਰ ਨੂੰ ਤੁਰੇ ਜਾਂਦੇ ਸਨ ਅਤੇ ਕਦੀ ਕਦੀ ਮੜਕੇ ਅੰਗਦ ਦੇਵ ਵਲ ਭੀ ਵੇਖ ਲੈਂਦੇ ਸਨ। ਜਦੋਂ ਉਨ੍ਹਾਂ ਦਾ ਪ੍ਰਕਾਸ਼-ਮਈ ਅਕਾਰ ਅਲੋਪ ਹੋ ਗਿਆ ਤਾਂ ਅੰਗਦ ਜੀ ਨੇ ਉਸ ਨੂੰ ਆਪਣੇ ਅੰਤਰ ਆਤਮੇ ਪ੍ਰਵੇਸ਼ ਕਰਦਾ ਪ੍ਰਤੀਤ ਕੀਤਾ। ਉਹ ਖੁਸ਼ੀ ਤੇ ਵਿਸਮਾਦ ਨੂੰ ਅਨੁਭਵ ਕਰਕੇ ਬੇਖੁਦ ਹੋ ਗਏ। ਉਥੇ ਹੀ ਧਿਆਨ ਮਗਨ, ਸੜਕ ਕੰਢੇ ਆਸਣ ਜਮਾ ਬੈਠੇ। ਆਪਣੇ ਹਿਰਦੇ ਵਿਚ ਬਿਰਾਜਮਾਨ ਗੁਰੂ ਨਾਨਕ ਦੇ ਰਹੱਸਮਈ ਸਰੂਪ ਨੂੰ ਉਹ ਆਪਣੇ ਅਰਧ-ਮੁੰਦੇ ਨਣਾਂ ਨਾਲ ਨਿਹਾਰ ਰਹੇ ਸਨ। ਉਨ੍ਹਾਂ ਦੀ ਆਤਮਾ ਗੁਰੂ ਆਤਮਾ ਵਿਚ ਅਭੇਦ ਸੁਤੀ ਪਈ ਸੀ। ਮਹਾਂ ਅਨੰਦ ਦੀ ਇਸ ਸਮਾਧੀ ਵਿਚ ਕਈ ਦਿਨ ਬੀਤ ਗਏ। ਉਨ੍ਹਾਂ ਦੇ ਕੇਸਾਂ ਤੇ ਧੂੜ ਜੰਮ ਗਈ, ਹਰੇ ਘਾਹ ਦੀਆਂ ਤਿੜਾਂ ਨੇ ਉਨਾਂ ਦੇ ਪਬਾਂ ਨੂੰ ਜਕੜ ਲਿਆ ਅੰਗਦ ਸਮਾਧੀ ਦੀ ਅਵੱਸਥਾ ਵਿਚ ਧਿਆਨ ਮੂਰਤੀ ਬਣੇ ਬੈਠੇ ਸਨ, ਮੁੱਦੇ ਨੈਣਾਂ ਵਿਚੋਂ ਅੰਮ੍ਰਿਤ ਮੋਤੀ ਛਮਾ ਛਮ ਵਹਿ ਰਹੇ ਸਨ। ਗੁਰੂ ਨਾਨਕ ਦੇਵ ਜੀ ਨੂੰ ਕਰਤਾਰ ਪੁਰ ਤੋਂ ਕਾਹਲੀ ਕਾਹਲੀ ਹੀ ਵਾਪਸ ਪਰਤਣਾ ਪਿਆ ਤਾਂ ਜੋ ਉਹ ਸੜਕ ਕੰਢੇ ਬੈਠੇ ਆਪਣੇ ਮਹਾਨ ਪ੍ਰੇਮੀ ਤੇ ਰੱਬੀ ਪਿਆਰੇ ਨੂੰ ਵੇਖ ਸਕਣ। ਗੁਰੂ ਜੀ ਨੇ ਉਨ੍ਹਾਂ ਨੂੰ ਛਾਤੀ ਨਾਲ ਲਾ ਲਿਆ। ਇਹ ਰੱਬ ਦੀ ਮਨੁੱਖ ਨਾਲ ਪਾਈ ਗਲਵੱਕੜੀ ਸੀ। ਦੋਹਾਂ ਪ੍ਰੇਮੀਆਂ ਦੀ ਅਜਿਹੀ ਪਵਿਤਰ ਤੇ ਰਹੱਸ ਪੂਰਣ ਮਿਲਣੀ ਰਾਹੀਂ ਆਤਮਕ ਜੀਵਨ, ਹਜ਼ਾਰਾਂ ਚਮਕਦੀਆਂ ਨਦੀਆਂ ਵਿਚ ਵਹਿੰਦਾ ਹੋਇਆ ਲੋਕਾਂ ਦੀਆਂ ਰੂਹਾਂ ਤਕ ਪੁੱਜ ਗਿਆ।

ਅੰਗਦ ਜੀ ਸੜਕ-ਕੰਢੇ – ਜਦੋਂ ਗੁਰੂ ਨਾਨਕ ਮਾਤ ਲੋਕ ਨੂੰ ਛੱਡ ਕੇ ਆਪਣੇ ਅਸਲ ਕਰਤਾਰਪੁਰ ਨੂੰ ਸਿਧਾਰੇ ਤਾਂ ਅੰਗਦ ਜੀ ਇਕ ਵਾਰ ਮੁੜ ਉਸੇ ਤਰ੍ਹਾਂ ਸੜਕ ਦੇ ਕੰਢੇ ਇਕੱਲੇ ਰਹਿ ਗਏ, ਜਿਵੇਂ ਪਹਿਲਾਂ ਉਸ ਸਮੇਂ ਜਦੋਂ ਸ੍ਰੀ ਗੁਰੂ ਜੀ ਨੇ ਆਪ ਉਨ੍ਹਾਂ ਨੂੰ ਬੋਧ ਕਰ ਵਾਇਆ ਸੀ ਕਿ ਧਿਆਨ ਵਿਚ ਜੁੜ ਕੇ ਕਿਸ ਪ੍ਰਕਾਰ ਸਰੀਰਕ ਵਿਛੋੜੇ ਨੂੰ ਝਲਿਆ ਜਾ ਸਕਦਾ ਹੈ। ਪਰ, ਅੰਗਦ ਜੀ ਉਤੇ ਬਹੁਤ ਡੂੰਘਾ ਅਸਰ ਹੋਇਆ ਸੀ। ਉਨ੍ਹਾਂ ਨੇ ਆਪਣੇ ਇਕ ਗਰੀਬੜੇ ਜਿਹੇ ਸੇਵਕ ਦੇ, ਨਿਕੇ ਜਿਹੇ ਕੋਠੇ ਨੂੰ ਚੁੰਡ ਲਿਆ। ਅੰਦਰ ਜਾਕੇ ਉਸਦੇ ਦਰਵਾਜ਼ੇ ਬੰਦ ਕਰ ਦਿਤੇ। ਅੱਖਾਂ ਮੁੰਦ ਲਈਆਂ, ਤਾਂ ਜੋ ਉਹ ਹੋਰ ਕੁਝ ਵੀ ਨਾ ਵੇਖ ਸਕਣ। ਉਨ੍ਹਾਂ ਦੀ ਆਤਮਾ ਕੁੰਜ ਵਾਂਗ ਅਧ ਅਕਾਸ਼ੀ ਉਡ ਕੇ ਆਪਣੇ ਵਿਛੜ ਚੁਕੇ, ਉਸ ਪ੍ਰੀਤਮ ਲਈ ਕੁਰਲਾ ਰਹੀ ਸੀ ਜੋ ਗਗਨ ਮੰਡਲ ਦੀਆਂ ਹੱਦਾਂ ਨੂੰ ਪਾਰ ਕਰ ਚੁੱਕਾ ਸੀ। ਮਹੀਨੇ ਬੀਤ ਗਏ, ਕਿਸੇ ਨੂੰ ਪਤਾ ਨਾ ਲਗੇ ਕਿ ਲੋਕਾਂ ਦਾ ਗੁਰੂ ਅੰਗਦ ਕਿਥੇ ਹੈ। ਗੁਰੂ ਦੇ ਦਰਸ਼ਨਾਂ ਦੇ ਭੁੱਖੇ , ਤੇ ਵਿਆਕੁਲ ਦਰਸ ਪਿਆਸੇ ਲੋਕਾਂ ਦੀਆਂ ਵਹੀਰਾਂ, ਪਿੰਡਾਂ ਵਿਚ ਇਧਰ ਉਧਰ ਭਾਲ ਕਰ ਰਹੀਆਂ ਸਨ। ਆਖਰ ਭਾਈ ਬੁੱਢਾ ਜੀ ਨੇ ਗੁਰੂ ਜੀ ਦੀ ਪ੍ਰੇਮ ਸਮਾਧੀ ਨੂੰ ਭੰਗ ਕੀਤਾ ਤੇ ਬੇਨਤੀ ਕੀਤੀ ਕਿ ਉਹ ਸੰਗਤਾਂ ਨੂੰ ਦਰਸ਼ਨ ਦੇ ਕੇ ਨਿਹਾਲ ਕਰਨ । ਗੁਰੂ ਅੰਗਦ ਦਾ ਪਹਿਲਾ ਵਾਕ ਇਹ ਸੀ

ਸਲੋਕ
ਜਿਸ ਪਿਆਰੇ ਸਿਉ ਨਿਹੁੰ ਤਿਸੁ ਆਗੇ ਮਰ ਚਲੀਏ
ਧ੍ਰਿਗ ਜੀਵਣ ਸੰਸਾਰ ਤਾ ਕੇ ਪਾਛੈ ਜੀਵਣਾ ।

ਉਨ੍ਹਾਂ ਨੇ ਫਿਰ ਕਿਹਾ:

ਜੋ ਸਿਰੁ ਸਾਈਂ ਨਾ ਨਿਵੈਂ, ਸੋ ਸਿਰ ਦੀਜੈ ਡਾਰਿ,
ਨਾਨਕ ਜਿਸ ਪਿੰਜਰ ਮਹਿ ਬਿਰਹਾ ਨਹੀਂ ਸੋ ਪਿੰਜਰ ਲੈ ਜਾਰਿ ।

ਦੂਜੇ ਗੁਰ ਨਾਨਕ, ਸ੍ਰੀ ਅੰਗਦ ਜੀ ਦੀ ਬਹੁਤ ਥੋੜੀ ਬਾਣੀ ਪ੍ਰਾਪਤ ਹੈ, ਪਰ ਜਿਹੜੇ ਸਲੋਕ ਮਿਲਦੇ ਹਨ ਉਹ ਸੰਜਮ, ਤੇ ਪ੍ਰੇਮ ਦੀ ਤੀਬਰਤਾ ਦੇ ਗੂੜ੍ਹੇ ਰੰਗ ਵਿਚ ਉਸੇ ਤਰਾਂ ਰੰਗੇ ਹੋਏ ਹਨ ਜਿਵੇਂ ਉਨ੍ਹਾਂ ਦੇ ਇਕਾਂਤ ਵਾਸ ਵਿਚੋਂ ਬਾਹਰ ਆਉਣ ਸਮੇਂ ਦੇ ਉਚਾਰੇ ਹੋਏ ‘ਸ਼ਬਦ’ ।

1
ਨਾਨਕ ਦੁਨੀਆਂ ਦੀਆਂ ਵਡਿਆਈਆਂ ਅਗੀ ਸੇਤੀ ਜਾਲਿ ।
ਏਨੀ ਜਲੀਈ ਨਾਮੁ ਵਿਸਾਰਿਆ ਇਕ ਨਾ ਚਲੀਆ ਨਾਲਿ ।

2
ਨਾਨਕ ਤਿਨਾ ਬਸੰਤ ਹੈ ਜਿਹੀ ਘਰ ਮਿਲਿਆ ਕੰਤ,
ਜਿਨ ਕੇ ਕੰਤ ਦਿਸਾਪੁਰੀ ਸੇ ਅਹਿਨਿਸਿ ਫਿਰਹਿ ਜਲੰਤ

3
ਪਹਿਲ ਬਸੰਤੇ ਆਗਮਨਿ ਤਿਸ ਕਾ ਕਰਹੁ ਬੀਚਾਰ
ਨਾਨਕ ਸੋ ਸਲਾਹਈਐ ਜਿ ਸਭਸੈ ਦੇ ਆਧਾਰ ।

4
ਗੁਰੁ ਕੁੰਜੀ ਪਾਹੁ ਨਿਵਲੁ ਮਨ ਕੋਠਾ ਤਨੁ ਛਤਿ।
ਨਾਨਕ ਗੁਰ ਬਿਨੁ ਮਨ ਕਾ ਤਾਕੁ ਨ ਉਘੜੇ, ਅਵਰ ਨ ਕੁੰਜੀ ਹਥ ।

5
ਅੰਧੇ ਏਹਿ ਨਾ ਆਖੀਅਨਿ ਜਿਨ ਮੁਖਿ ਲੋਇਣ ਨਾਹਿ
ਅੰਧੇ ਸੇਈ ਨਾਨਕਾ ਖਸਮਹੁ ਘੁਥੇ ਜਾਹਿ ।

6
ਜਿਨਿ ਵਡਿਆਈ ਤੇਰੇ ਨਾਮ ਕੀ ਤੇ ਰਤੇ ਮਨ ਮਾਹਿ
ਨਾਨਕ ਅੰਮ੍ਰਿਤੁ ਏਕੁ ਹੈ ਦੂਜਾ ਅੰਮ੍ਰਿਤ ਨਾਹਿ।
ਨਾਨਕ ਅੰਮ੍ਰਿਤ ਮਨੈ ਮਾਹਿ ਪਾਈਐ ਗੁਰ ਪ੍ਰਸਾਦਿ ।
ਤਿਨਹੀ ਪੀਤਾ ਰੰਗੁ ਸਿਉਂ ਜਿਨਿ ਕਉ ਲਿਖਿਆ ਆਦਿ।

7
ਏਵ ਭਿ ਆਖਿ ਨਾ ਜਾਪਈ ਜੇ ਕਿਸੇ ਆਣੈ ਰਾਸਿ।
ਨਾਨਕ ਗੁਰਮੁਖ ਜਾਣੀਐ ਜਾ ਕਉ ਆਪਿ ਕਰੈ ਪਰਗਾਸੁ ।

8
ਸਾਵਣ ਆਇਆ ਹੇ ਸਖੀ ਕੰਤੈ ਚਿਤਿ ਕਰੇਹੁ।
ਨਾਨਕ ਝੂਰਿ ਮਰਹਿ ਦੋਹਾਗਣੀ ਜਿਨ ਅਵਰੀ ਲਗਾ ਨੇਹੁ।
ਸਾਵਣ ਆਇਆ ਹੇ ਸਖੀ ਜਲਹਰੁ ਬਰਸਨਹਾਰੁ
ਨਾਨਕ ਸੁਖਿ ਸਵਨੁ ਸੋਹਾਗਣੀ ਜਿਨ ਸਹ ਨਾਲ ਪਿਆਰ।

9
ਜਿਸੁ ਸਿਉ ਕੈਸਾ ਬੋਲਣ ਜਿ ਆਪੇ ਜਾਣੈ ਜਾਣੁ,
ਚੀਰੀ ਜਾਦੀ ਨ ਫਿਰੈ ਸਾਹਿਬੁ ਸੋ ਪਰਮਾਣ,
ਚੀਰੀ ਜਿਸ ਕੀ ਚਲਣਾ ਸੋਈ ਮਲਕ ਮਲਾਰ,
ਜੋ ਤਿਸੁ ਭਾਵੈ ਨਾਨਕਾ ਸਾਈ ਭਲੀ ਕਾਰ।
ਜਿਨ੍ਹਾਂ ਚੀਰੀ ਚਲਨਾ ਹਥਿ ਤਿਨਾ ਕਿਛੁ ਨਾਹਿ।
ਸਾਹਿਬ ਕਾ ਫੁਰਮਾਣੁ ਹੋਈ ਉਠੀ ਕਰ ਲੈ ਪਾਹਿ।
ਜੇਹਾ ਚੀਰੀ ਲਿਖਿਆ ਤੇਹਾ ਹੁਕਮ ਕਮਾਹਿ।
ਘਲੈ ਆਵਹਿ ਨਾਨਕਾ ਸਦੇ ਉਠੀ ਜਾਹਿ।

10
ਸਿਫਤਿ ਜਿਨ੍ਹਾਂ ਕਉ ਬਖਸ਼ੀਐ ਸੋਈ ਪੋਤਦਾਰ,
ਕੁੰਜੀ ਜਿਨ ਕਉ ਦਿਤੀਆ ਤਿਨ੍ਹ ਮਿਲੇ ਭੰਡਾਰ
ਜਾ ਭੰਡਾਰੀ ਤੂ ਗੁਣ ਨਿਕਲਹਿ ਤੇ ਕੀ ਇਹ ਪਖਾਣ
ਨਦਰੀ ਤਿਨ੍ਹਾ ਕਉ ਨਾਨਕ ਨਾਮ ਜਿਹਾ ਨਿਸਾਣੁ।

ਜਦੋਂ ਗੁਰੂ ਅੰਗਦ ਇਕਾਂਤ ਵਾਸ ਛਡ ਕੇ ਸੰਗਤਾਂ ਵਿਚ ਆਏ ਤਾਂ (ਇਹ ਲਿਖਿਆ ਹੋਇਆ ਮਿਲਦਾ ਹੈ) ਸੇਵਕਾਂ ਨੂੰ ਉਨ੍ਹਾਂ ਕੋਲੋਂ ਉਹੀ ਸੁਗੰਧੀ, ਉਹੀ ਨੂਰੀ ਝਲਕ ਤੇ ਪ੍ਰੇਮ ਬਾਣੀ ਦੇ ਮਿਠੇ ਬਚਨ ਮਿਲੇ, ਜਿਹੜੇ ਉਨ੍ਹਾਂ ਨੂੰ ਗੁਰੂ ਨਾਨਕ ਜੀ ਕੋਲੋਂ ਪ੍ਰਾਪਤ ਹੁੰਦੇ ਸਨ। ਗੁਰੂ ਨਾਨਕ ਦੇ ਅੰਗਾਂ ਚੋਂ ਜਨਮ ਧਾਰਕੇ, ਸੰਪੂਰਨ ਮਨੁੱਖ ਹੋਂਦ ਵਿਚ ਆਇਆ। ਉਸ ਦੀਆਂ ਮੁਸਕਣੀਆਂ ਥੱਲੇ, ਲਖਾਂ ਦਿਲ ਭਰੋਸੇ ਤੇ ਅਰਦਾਸ ਵਿਚ ਧੜਕਦੇ ਹਨ ਉਸਦੀ ਮੁਸਕਾਨ ਦੂਜੇ ਜਹਾਨਾਂ ਦੇ ਰਹਸਾਂ ਨੂੰ ਖੋਲਦੀ ਹੈ ਅਤੇ ਉਸ ਦੇ ਭਾਵਾਂ ਦੀਆਂ ਰਿਸ਼ਮਾਂ ਤੋਂ ਸੂਰਜਾਂ ਨੂੰ ਰੋਸ਼ਨੀ ਮਿਲਦੀ ਹੈ। ਉਸ ਗਿਰੇ ਸਮੱਸਤ ਸ਼੍ਰਿਸ਼ਟੀ ਆਪਣੀ ਅਸਲੀ ਖੁਲ੍ਹ, ਅਨੰਦ ਤੇ ਸ਼ਾਂਤੀ ਵਿਚ ਖੇਡਾਂ ਰਚਾਉਂਦੀ ਹੈ। ਗੁਰੂ ਅੰਗਦ ਜੀ ਆਪਣੇ ਗੁਰੂ ਦੀ ਬਾਣੀ ਦਾ ਕੀਰਤਨ ਕਰਦੇ ਹਨ ਜਿਹੜੀ ਕਿ ਹਰ ਨਰ ਨਾਰੀ ਤੇ ਬਚੇ ਨੂੰ ਰੂਹਾਨੀ ਜੀਵਨ ਬਖਸ਼ਦੀ ਹੈ। ਆਪਣੀ ਨਿਤ ਦੀ ਉਪਜੀਵਕਾ ਲਈ ਉਹ ਪੰਜਾਬ ਦਾ ਮੋਟਾ ਵਾਣ ਵਟਕੇ, ਮੁੜਕਾ ਵਹਾਉਂਦੇ ਹਨ ਤੇ ਗਾਉਂਦੇ ਹਨ।

ਗੁਰੂ ਅੰਗਦ ਜੀ ਦੇ ਬਾਲ ਸਖਾਈ –  ਛੋਟੇ ਬੱਚੇ ਅੰਗਦ ਜੀ ਦੇ ਬਾਲ ਸਖਾਈ ਤੇ ਹਮਜੋਲੀ ਸਨ। ਉਹ ਲੋਕਾਂ ਨੂੰ ਅਟੱਲ ਸਚਾਈਆਂ ਦ੍ਰਿੜਾਉਣ ਲਈ ਬਚਿਆਂ ਦੇ ਜੀਵਨ ਤੋਂ ਪਰਸੰਗ ਲੈ ਲੈਂਦੇ ਸਨ। ਉਹ ਕੁਸ਼ਤੀਆਂ ਵਿਚ ਦਿਲਚਸਪੀ ਰਖਦੇ ਸਨ ਅਤੇ ਕਈ ਖੇਡਾਂ ਦੇ ਸ਼ੌਕੀਨ ਸਨ। ਉਨ੍ਹਾਂ ਦੀ ਇਕ ਹੋਰ ਦਿਲਚਸਪੀ ਬਾਲ-ਵਿਦਿਆ ਸੀ । ਉਨ੍ਹਾਂ ਨੇ ਆਪਣੇ ਦੁਆਲੇ ਬਚਿਆਂ ਨੂੰ ਸਿਖਿਆ ਦੇਣ ਲਈ ਸਕੂਲ ਜੋੜ ਲਿਆ ਅਤੇ ਪੁਰਾਤਨ ਅਖਰਾਂ ਨੂੰ ਸੁਖੈਨ ਕਰਕੇ ਨਵੀਂ ਵਰਣ-ਮਾਲਾ ਬਣਾਈ ਜਿਸਨੂੰ ਗੁਰਮੁਖੀ “ਗੁਰੂ ਦੇ ਮੁੱਖ ਤੋਂ ਉਚਾਰੀ ਹੋਈ” ਕਿਹਾ ਜਾਂਦਾ ਹੈ।

ਅੰਗਦ ਜੀ ਤੇ ਲੋਕ – ਅੰਗਦ ਜੀ ਲੋਕਾਂ ਦਾ ਬੜਾ ਸਤਿਕਾਰ ਕਰਦੇ ਸਨ। ਲੋਕਾਂ ਨੂੰ ਉਹ ਪਵਿਤਰ ਸਮਝਦੇ ਸਨ। ਇਕ ਦਿਨ ਉਨ੍ਹਾਂ ਦੇ ਰਬਾਬੀਆਂ ਨੇ ਉਨ੍ਹਾਂ ਦੇ ਸੇਵਕਾਂ ਨੂੰ ਕੀਰਤਨ ਸੁਣਾਉਣ ਤੋਂ ਇਹ ਕਹਿਕੇ ਇਨਕਾਰ ਕਰ ਦਿਤਾ ਕਿ ਉਹ ਤਾਂ ਕੇਵਲ ਗੁਰੂ ਘਰ ਦੀ ਸੇਵਾ ਲਈ ਹੀ ਹਨ। ਅੰਗਦ ਜੀ ਨੇ ਉਨ੍ਹਾਂ ਨੂੰ ਸੇਵਾ ਤੋਂ ਤੁਰੰਤ ਹਟਾ ਦਿਤਾ ਅਤੇ ਕਿਹਾ ਕਿ ਜੇ ਉਹ ਏਨੇ ਅਭਿਮਾਨੀ ਹੋ ਗਏ ਹਨ ਤਾਂ ਮੇਰੇ ਮਥੇ ਨਾ ਲਗਣ। ਜਦੋਂ ਇਨ੍ਹਾਂ ਰਬਾਬੀਆਂ ਨੇ ਲੋਕਾਂ ਤੋਂ ਮਾਫ਼ੀ ਮੰਗ ਲਈ ਤਦੋਂ ਲੋਕਾਂ ਦੀ ਬੇਨਤੀ ਕਰਨ ਉਤੇ ਹੀ ਗੁਰੂ ਘਰ ਵਿਚ ਉਨ੍ਹਾਂ ਨੂੰ ਮੁੜ ਢੋਈ ਮਿਲ ਸਕੀ।

ਦੀਪਕ ਗਿਰਦੇ ਪਤੰਗੇ – ਗੁਰੂ ਨਾਨਕ ਦੇਵ ਜੀ ਦਾ ਸਥਾਪਤ ਕੀਤਾ ਲੰਗਰ, ਗੁਰੂ ਅੰਗਦ ਜੀ ਨੇ ਭੀ ਜਾਰੀ ਰੱਖਿਆ। ਸਾਰੀ ਸੰਗਤ ਨਵੇਂ ਗੁਰੂ ਜੀ ਦੀ ਹਜ਼ੂਰੀ ਵਿਚ ਪੁਜਦੀ। ਕਈਆਂ ਨੂੰ ਅਰੋਗਤਾ, ਕਈਆਂ ਨੂੰ ਵਰਦਾਨ ਅਤੇ ਕਈ ਹੋਰਾਂ ਨੂੰ ਸਿਖੀ ਦਾਨ ਪ੍ਰਾਪਤ ਹੁੰਦਾ। ਜੇ ਕੋਈ ਗੁਰੂ ਘਰ ਵਿਚ ਇਕ ਵਾਰ ਆ ਜਾਂਦਾ ਉਹ ਗੁਰੂ ਜੀ ਦੀ ਮੋਹ ਲੈਣ ਵਾਲੀ ਸ਼ਖਸ਼ੀਅਤ ਨਾਲ ਸਦਾ ਲਈ ਬੱਝ ਜਾਂਦਾ। ਜਿਵੇਂ ਹਨੇਰੇ ਵਿਚ ਜਗ ਰਹੇ ਦੀਪਕ ਉਪਰ ਪਰਵਾਨੇ ਆ ਇਕਠੇ ਹੁੰਦੇ ਹਨ ਤਿਵੇਂ ਸੰਗਤ ਗੁਰੂ ਅੰਗਦ ਜੀ ਕੋਲ ਆ ਜੁੜਦੀ।

ਗੁਰੂ ਅੰਗਦ ਜੀ ਦੀ ਸ਼ਕਤੀ – ਗੁਰੂ ਅੰਗਦ ਦੇਵ ਜੀ ਤੋਂ ਤੇ ਪ੍ਰਕਾਸ਼ੀ ਜੀਵਨ ਚੰਗਿਆੜੀਆਂ ਉਠਦੀਆਂ ਤੇ ਲੋਕਾਂ ਦੀ ਸਮੁੱਚੀ ਆਤਮਾ ਉਨ੍ਹਾਂ ਤੋਂ ਲਟ ਲਟ ਬਲ ਉਠਦੀ। ਉਨ੍ਹਾਂ ਦੀ ਸਿਰਜਨ ਸ਼ਕਤੀ ਦਾ ਇਹ ਕਮਾਲ ਸੀ ਕਿ ਉਨ੍ਹਾਂ ਦੀ ਹਜ਼ੂਰੀ ਵਿਚ ਮੁਰਦੇ ਵੀ ਜੀ ਉਠਦੇ ਸਨ। ਉਹ ਆਦ੍ਰਿਸ਼ਟ ਰੂਪ ਵਿਚ ਕੰਮ ਕਰਦੇ ਸਨ ਅਤੇ ਲੋਕਾਂ ਦੇ ਦਿਲਾਂ ਵਿਚ ਪੂਰੀ ਤਰ੍ਹਾਂ ਵੱਸੇ ਹੋਏ ਸਨ।

ਅੰਗਦ ਜੀ ਤੇ ਸ਼ਹਿਨਸ਼ਾਹ ਹਮਾਯੂ – ਬਾਬਰ ਦੇ ਸਮੇਂ ਤੋਂ ਹੀ ਸ਼ਾਹੀ ਖਾਨਦਾਨ ਦਾ ਲਗਾਓ, ਗੁਰੂ ਨਾਨਕ ਜੀ ਦੀ ਗੱਦੀ ਨਾਲ ਜੁੜਿਆ ਰਿਹਾ ਅਤੇ ਪਹਿਲੀ ਪਾਤਸ਼ਾਹੀ ਤੋਂ ਪਿਛੋਂ ਵੀ ਜਿਨਾ ਚਿਰ ਤਕ ਇਸ ਬੰਸ ਨੇ ਭਾਰਤ ਵਿਚ ਰਾਜ ਕੀਤਾ, ਇਹ ਸੰਪਰਕ ਸਥਾਪਤ ਰਿਹਾ। ਇਹ ਲਗਾਓ ਮੁਸਲਮਾਨ ਲੋਕਾਂ ਵਿਚ ਆਮ-ਪ੍ਰਚਲਤ ਦਰਵੇਸ਼-ਪੂਜਾ ਕਰਕੇ ਸੀ ਕਿਉਂਕਿ ਉਨਾਂ ਦਾ ਵਿਸ਼ਵਾਸ਼ ਸੀ ਕਿ ਫਕੀਰ ਲੋਕ ਆਪਣੀ ਦੁਆ ਨਾਲ ਵੱਡੇ ਵੱਡੇ ਸੰਕਟ ਟਾਲ ਦਿੰਦੇ ਹਨ। ਹਮਾਯੂੰ ਸ਼ੇਰ ਸ਼ਾਹ ਤੋਂ ਹਾਰ ਗਿਆ ਸੀ। ਉਹ ਗੁਰੂ ਅੰਗਦ ਦੇ ਦਰਬਾਰ ਤੋਂ ਤਖਤ ਵਾਪਸੀ ਲਈ ਵਰ ਮੰਗਣ ਆਇਆ। ਗੁਰੂ ਜੀ ਬਚਿਆਂ ਨਾਲ ਖੇਡ ਵਿਚ ਮਸਤ ਸਨ। ਉਨ੍ਹਾਂ ਨੇ ਹਮਾਯੂੰ ਦੀ ਕੋਈ ਪ੍ਰਵਾਹ ਨਾ ਕੀਤੀ। ਕੰਗਲਿਆਂ ਵਾਂਗ ਹੋਏ ਨਿਰਾਦਰ ਕਾਰਣ ਹਮਾਯੂੰ ਕ੍ਰੋਧ ਵਿਚ ਆ ਗਿਆ, ਉਸਨੇ ਆਪਣੀ ਤਲਵਾਰ ਦੇ ਕਬਜ਼ੇ ਨੂੰ ਹਥ ਪਾਇਆ, ਪਰ ਤਲਵਾਰ ਨਾ ਨਿਕਲੀ ਅਤੇ ਉਸਦੀ ਸ਼ਕਤੀ ਜੁਆਬ ਦੇ ਗਈ। ਇਸ ਉਤੇ ਗੁਰੂ ਅੰਗਦ ਜੀ ਨੇ ਮੁਸਕਰਾਉਂਦਿਆਂ ਉਸ ਵਲ ਵੇਖਿਆ ਤੇ ਬਚਨ ਕੀਤਾ, ‘ਸ਼ੇਰ ਸ਼ਾਹ ਤੋਂ ਮਾਰ ਖਾਕੇ, ਹੁਣ ਫਕੀਰਾਂ ਉਤੇ ਤਲਵਾਰ ਚੁਕਣੀ, ਸ਼ੋਭਾ ਨਹੀਂ ਦਿੰਦੀ। ਆਪਣੇ ਤਖਤ ਨੂੰ ਪ੍ਰਾਪਤ ਕਰਨ ਤੋਂ ਪਹਿਲਾਂ, ਚੰਗਾ ਹੈ ਕਿ ਆਪਣੇ ਵਤਨ ਵਾਪਸ ਪਰਤ ਜਾਓ।

ਗੁਰੂ ਅੰਗਦ ਦੇ ਤਿੰਨ ਮੰਦਰ- ਗੁਰੂ ਅੰਗਦ ਜੀ ਨੇ ਗੁਰੂ ਨਾਨਕ ਦੇਵ ਜੀ ਦੀਆਂ ਉਦਾਸੀਆਂ (ਯਾਤਰਾਵਾਂ) ਦੇ ਹਾਲ ਅਤੇ ਸ਼ਬਦ ਲਿਖਵਾਉਣੇ, ਅਰੰਭ ਕਰ ਦਿਤੇ । ਉਹ ਇਹ ਉਨ੍ਹਾਂ ਸਿਖਾਂ ਪਾਸੋਂ ਸੁਣ ਸਕਦੇ ਸਨ ਜਿਨ੍ਹਾਂ ਨੇ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਕੀਤੇ ਸਨ।ਅਤੇ ਦੂਰੋਂ ਨੇੜਿਓਂ ਆਉਂਦੇ ਰਹਿੰਦੇ ਸਨ। ਇਸ ਤਰ੍ਹਾਂ ਉਨ੍ਹਾਂ ਨੇ ਲੋਕਾਂ ਨੂੰ ਸਾਹਿਤਕ ਦਾਤ ਦੇਣ ਦੀ ਪਰੰਪਰਾ ਦਾ ਆਰੰਭ ਕੀਤਾ । ਵਰਣਮਾਲਾ ਉਹ ਪਹਿਲਾਂ ਦੇ ਚੁਕੇ ਸਨ। ਲੰਗਰ ਤੇ ਕੀਰਤਨ ਤੋਂ ਇਲਾਵਾ ਗੁਰੂ ਅੰਗਦ ਜੀ ਨੇ ਸਿਖਿਆ ਦਾ ਤੀਜਾ ਮੰਦਰ ਸਥਾਪਤ ਕੀਤਾ।

ਸ੍ਰੀ ਗੁਰੂ ਅੰਗਦ ਜੀ ਤੇ ਉਨ੍ਹਾਂ ਦੇ ਸੇਵਕ ਅਮਰਦਾਸ ਜੀ- ਸੀ ਗੁਰੂ ਅੰਗਦ ਦੇਵ ਜੀ ਦੇ ਸਮੇਂ ਅਮਰਦਾਸ ਜੀ ਅਧਿਆਤਮਕ ਪ੍ਰਤਿਭਾ ਦਾ ਸਾਖਿਆਤ ਸਰੂਪ ਸਨ। ਉਹ ਵੈਸ਼ਨੂੰ ਮਤ ਦੇ ਉਪਾਸ਼ਕ ਸਨ ਤੇ ਉਨ੍ਹਾਂ ਦਾ ਬਹੁਤਾ ਜੀਵਨ ਤੀਰਥ-ਯਾਤਰਾ ਵਿਚ ਬਤੀਤ ਹੋਇਆ ਸੀ। ਚਾਲੀ ਵਾਰ ਉਹ ਨੰਗੇ ਪੈਰੀ ਗੰਗਾ ਇਸ਼ਨਾਨ ਲਈ ਹਰਿਦੁਆਰ ਗਏ, ਰਾਹ ਵਿਚ ਰੱਬੀ ਭਜਨ ਗਾਉਂਦੇ ਜਾਂਦੇ ਤੇ ਦਇਆ ਭਾਵ ਨਾਲ ਭਰਪੂਰ ਰਹਿੰਦੇ। ਸਾਰਾ ਜੀਵਨ ਨੇਕੀ, ਪਵਿਤਰਤਾ ਤੇ ਗਰੀਬੀ ਵਿਚ ਗੁਜ਼ਾਰਿਆ। ਸੱਤਰ ਸਾਲ ਦੀ ਉਮਰ ਵਿਚ ਇਕ ਨਿੱਕੀ ਜਿਹੀ ਘਟਨਾ ਨੇ ਉਨ੍ਹਾਂ ਅੰਦਰ ਇਕ ਇਨਕਲਾਬ ਲੈ ਆਂਦਾ। ਉਨ੍ਹਾਂ ਕੇਵਲ ਗੁਰੂ ਅੰਗਦ ਜੀ ਦੀ ਸਪੁਤਰੀ, ਬੀਬੀ ਅਮਰੋ ਜੋ ਅਮਰਦਾਸ ਜੀ ਦੇ ਭਤੀਜੇ ਦੀ ਪਤਨੀ ਸੀ, ਕੋਲੋਂ ਗੁਰੂ ਨਾਨਕ ਦੀ ਬਾਣੀ ਦਾ ਮਧੁਰ ਗਾਇਨ ਹੀ ਸੁਣਿਆ ਸੀ। ਇਕ ਦਿਨ ਅੰਮ੍ਰਿਤ ਵੇਲੇ ਜਦੋਂ ਬੀਬੀ ਜੀ ਦੁਧ ਰਿੜਕ ਰਹੇ ਸਨ ਤਾਂ ਉਹ ਗੁਰੂ ਨਾਨਕ ਦੇਵ ਜੀ ਦੀ ਬਾਣੀ ਜਪੁਜੀ ਸਾਹਿਬ ਦੇ ਰੱਬੀ ਸੰਗੀਤ ਨੂੰ ਇਸ ਤਰ੍ਹਾਂ ਉਚਾਰੀ ਜਾ ਰਹੇ ਸਨ, ਜਿਵੇਂ ਪੰਛੀ ਚਹਿਚਹਾਉਂਦੇ ਤੇ ਗਾਉਂਦੇ, ਉਚੇ ਮੰਡਲਾਂ ਵਿਚ ਉਡ ਰਹੇ ਹੋਣ । ਬ੍ਰਿਧ ਚਾਚੇ ਅਮਰਦਾਸ ਜੀ ਨੇ ਫਰਿਸ਼ਤਿਆਂ ਵਰਗੀ ਆਵਾਜ਼ ਨੂੰ ਸੁਖਦਾਈ ਜਾਤਾ ਅਤੇ ਇਸ ਰੱਬੀ ਗੀਤ ਵਿਚ ਧੜਕਦੀ ਜੀਵਨ ਕਣੀ ਨੂੰ ਪਹਿਲੀ ਵਾਰ ਪਛਾਤਾ ਤੇ ਉਹ ਇਸ ਨੂੰ ਸਰਵਣ ਕਰਨ ਲਈ ਹੋਰ ਵੀ ਨੇੜੇ ਖਲੋ ਗਏ । ਉਨ੍ਹਾਂ ਪੁਛਿਆ ਇਹ ਕਿਸ ਦੀ ਬਾਣੀ ਹੈ ?’ ‘ਸਾਡੇ ਪਿਤਾ ਜੀ ਦੀ ਉਸ ਉਤਰ ਦਿੱਤਾ। ਇਹ ਗੁਰੂ ਨਾਨਕ ਦੇਵ ਜੀ ਦੀ ਜਪੁਜੀ ਦਾ ਸੰਗੀਤ ਹੈ।

ਉਹ ਇਸ ਬਿਰਧ ਪੁਰਸ਼ ਨੂੰ ਆਪਣੇ ਪਿਤਾ ਜੀ ਕੋਲ ਲੈ ਗਈ। ਗੁਰੂ ਅੰਗਦ ਦੇਵ ਜੀ ਨੇ ਉਨ੍ਹਾਂ ਦਾ ਯੋਗ ਸਤਿਕਾਰ ਕੀਤਾ ਜੋ ਆਯੂ ਤੇ ਸਮਾਜਕ ਹੈਸੀਅਤ ਕਾਰਣ ਉਨ੍ਹਾਂ ਦਾ ਹੱਕ ਸੀ। ਚਾਚਾ ਅਮਰ ਦਾਸ ਜੀ, ਗੁਰੂ ਅੰਗਦ ਦੇਵ ਜੀ ਦੇ ਇਕ ਵਾਰ ਦਰਸ਼ਨ ਕਰਕੇ, ਮੁੜ ਸਾਰੀ ਜ਼ਿੰਦਗੀ ਉਨ੍ਹਾਂ ਦੀ ਹਜ਼ੂਰੀ ਤੋਂ ਦੂਰ ਨਾ ਗਏ । ਇਸ ਹਜ਼ੂਰੀ ਦਰਸ਼ਨ ਵਿਚ ਅਮਰਦਾਸ ਜੀ ਏਨੇ ਅਨੰਦ ਮਗਨ ਰਹਿੰਦੇ ਸਨ। ਕਿ ਜੇ ਉਹ ਇਸ ਤੋਂ ਵੰਚਤ ਕੀਤੇ ਜਾਂਦੇ ਤਾਂ ਇਕ ਘੜੀ ਨਾ ਜੀ ਸਕਦੇ। ਉਨ੍ਹਾਂ ਦਾ ਪ੍ਰੇਮ ਏਨਾ ਡੂੰਘਾ ਤੇ ਤੀਖਣ ਸੀ ਕਿ ਉਹ ਆਪਣੇ ਗੁਰੂ ਜੀ ਦੀ ਹਰ ਸੇਵਾ ਆਪ ਕਰਨ ਤੋਂ ਬਿਨਾਂ ਚੈਨ ਨਹੀਂ ਸੀ ਪਾ ਸਕਦੇ। ਅੰਮ੍ਰਿਤ ਵੇਲੇ ਉਹ ਹਰ ਰੋਜ਼ ਇਸ਼ਨਾਨ ਲਈ ਬਿਆਸ ਦਰਿਆ ਤੋਂ ਪਾਣੀ ਦੀ ਗਾਗਰ ਭਰ ਕੇ ਲਿਆਓਦੇਂ ਸਨ। ਉਨ੍ਹਾਂ ਦੇ ਬਸਤਰ ਧੋਂਦੇ, ਲੰਗਰ ਵਿਚ ਪ੍ਰਸ਼ਾਦਿ ਛਕਾਉਂਦੇ। ਉਨਾਂ ਨੂੰ ਇਸ ਪ੍ਰੇਮ ਵਿਚੋਂ ਅਕਹਿ ਖੁਸ਼ੀ ਮਿਲਦੀ ਤੇ ਇਸੇ ਰਾਹੀਂ ਹੀ ਉਹ ਆਪਾ ਭਾਵ ਮਿਟਾਉਂਦੇ ਜਾ ਰਹੇ ਸਨ। ਉਨ੍ਹਾਂ ਨੇ ਆਪਣਾ ਲਘੂ ਆਪਾ ਪੂਰੀ ਤਰ੍ਹਾਂ ਮੇਟ ਦਿਤਾ। ਲੋਕ ਉਨਾਂ ਨੂੰ ਝੱਲਾ ਸਮਝਣ ਲੱਗ ਪਏ। ਬਿਰਧ ਵਿਅਕਤੀ ਜਿਸਨੂੰ ਜੀਵਨ ਵਿਚ ਕੋਈ ਦਿਲਚਸਪੀ ਨਹੀਂ ਸੀ, ਲੋਕ ਉਨ੍ਹਾਂ ਨੂੰ ਅਮਰੂ ਕਹਿਣ ਲਗ ਪਏ ਅਤੇ ਗੌਲਦੇ ਵੀ ਨਹੀਂ ਸਨ।

ਇਥੋਂ ਤਕ ਕਿ ਜ਼ਾਹਰਾ ਤੌਰ ਤੇ ਗੁਰੂ ਅੰਗਦ ਜੀ ਜੋ ਹੋਰ ਸਭ ਨਾਲ ਮਿੱਠੇ ਬਚਨ ਬੋਲਦੇ ਸਨ ਉਨ੍ਹਾਂ ਨਾਲ ਨਰਮ ਨਹੀਂ ਸਨ। ਉਨ੍ਹਾਂ ਲਈ ਅਨੁਸ਼ਾਸ਼ਨ ਦੀ ਕਰੜਾਈ ਸੀ। ਗੁਰੂ ਜੀ ਉਨ੍ਹਾਂ ਨੂੰ ਕਿਰਤ ਤੇ ਪ੍ਰੇਮ ਦੇ ਮਹਾਂ ਅਨੰਦ ਦੀ ਸਮਾਧੀ ਵਿਚ ਇਕਲਿਆਂ ਹੀ ਛੱਡ ਦਿੰਦੇ ਸਨ ਤੇ ਯੋਗ ਭਾਂਤ ਉਹ ਪ੍ਰੀਤ ਦਾ ਮੋੜਵਾਂ ਉਤਰ ਵੀ ਦਿੰਦੇ ਸਨ। ਪਰ ਇਹ ਕਲਾ ਏਨੀ ਆਦਿਸ਼ਟ ਵਾਪਰਦੀ ਸੀ ਅਤੇ ਇਸ ਉਤੇ ਮੋਟਾ ਕਾਲਾ ਪੜਦਾ ਇਸ ਲਈ ਪਾਇਆ ਜਾਂਦਾ ਸੀ, ਤਾਂ ਜੋ ਸਧਾਰਨ ਲੋਕਾਂ ਦੀਆਂ ਨਜ਼ਰਾਂ ਤੋਂ ਇਹ ਰੱਬੀ ਪਿਆਰ ਦਾ ਕੌਤਕ ਗੁਪਤ ਰਖਿਆ ਜਾ ਸਕੇ। ਅਮਰਦਾਸ ਜੀ ਨੇ ਅਜਿਹੇ ਸਲੂਕ ਦਾ ਕਦੀ ਵੀ ਕੋਈ ਗਿਲਾ ਨਾ ਕੀਤਾ। ਸਾਲ ਵਿਚ ਇਕ ਵਾਰ ਗੁਰੂ ਅੰਗਦ ਜੀ ਵਲੋਂ ਉਨ੍ਹਾਂ ਨੂੰ ਇਕ ਗਜ਼ ਖਦਰ ਦਾ ਪਰਨਾ ਦਿਤਾ ਜਾਂਦਾ। ਅਮਰਦਾਸ ਜੀ ਨੂੰ ਪਤਾ ਨਾ ਲਗਦਾ ਕਿ ਉਹ ਇਸ ਸੁਗਾਤ ਨੂੰ ਕਿਥੇ ਰਖਣ। ਉਸ ਨੂੰ ਸਿਰ ਮਸਤਕ ਤੇ ਰਖ ਲੈਂਦੇ। ਹੋਰ ਇਹਦੀ ਕਿਹੜੀ ਥਾਂ ਸੀ। ਕੋਈ ਹੋਰ ਥਾਂ ਇਸ ਦੇ ਰਖਣ ਲਈ ਏਨੀ ਪਵਿਤਰ ਨਹੀਂ ਸੀ । ਹਰ ਸਾਲ ਇਸ ਦੇ ਉਤੇ ਉਹ ਦੂਜਾ ਪਰਨਾ ਬੰਨ ਲੈਂਦੇ ਅਤੇ ਇਉਂ ਬਾਰਾਂ ਸਾਲ ਕਰਦੇ ਰਹੇ । ਬਚਿਆਂ ਵਾਂਗ ਆਪਣੇ ਪ੍ਰੀਤਮ ਲਈ ਤੜਫਦੇ ਅਤੇ ਵਿਸਮਾਦ ਅਨੰਦ ਤੇ ਪ੍ਰੇਮ ਰੱਤੀ ਸਮਾਧੀ ਵਿਚ ਉਨ੍ਹਾਂ ਦਾ ਦੀਦਾਰ ਕਰਦੇ ਰਹਿੰਦੇ । ਉਹ ਹੋਰ ਕਰ ਵੀ ਕੀ ਸਕਦੇ ਸਨ।

ਨਵੇਂ ਸ਼ਹਿਰਾਂ ਦਾ ਵਸੇਬਾ – ਨਵੇਂ ਗੁਰੂ ਦੇ ਨਾਂ ਤੇ ਨਵੇਂ ਸ਼ਹਿਰ ਵਸਣ ਲਗੇ ਦਰਿਆ ਬਿਆਸ ਦੇ ਕੰਢੇ ਤੇ ਸਿਖਾਂ ਵਲੋਂ ਇਕ ਨਵਾਂ ਕਸਬਾ ਵਸਾਇਆ ਗਿਆ ਜਿਸਦਾ ਨਾਂ ਗੋਇੰਦਵਾਲ ਰਖਿਆ ਗਿਆ। ਲੋਕਾਂ ਦੀ ਇੱਛਾ ਸੀ ਕਿ ਗੁਰੂ ਜੀ ਉਥੇ ਜਾਕੇ ਨਿਵਾਸ ਰਖਣ। ਗੁਰੂ ਜੀ ਆਪ ਤਾਂ ਜਾ ਨਹੀਂ ਸਕਦੇ ਸਨ, ਇਸ ਲਈ ਉਨ੍ਹਾਂ ਨੇ ਆਪਣੇ ਪਿਆਰੇ ਸੇਵਕ ਅਮਰਦਾਸ ਜੀ ਨੂੰ ਆਗਿਆ ਕੀਤੀ ਕਿ ਉਹ ਗੋਇੰਦਵਾਲ ਜਾਕੇ ਆਪਣਾ ਨਿਵਾਸ ਕਰ ਲੈਣ ।

ਅਮਰਦਾਸ ਜੀ ਗੋਇੰਦਵਾਲ ਵਿਚ ਨਿਵਾਸ ਕਰਨ ਲਗੇ, ਪਰ ਉਹ ਹਰ ਰੋਜ਼ ਦਰਿਆ ਤੋਂ ਜਲ ਦੀ ਗਾਗਰ ਭਰ ਕੇ, ਸਿਰ ਤੇ ਚੁੱਕ ਕੇ ਗੁਰੂ ਜੀ ਦੇ ਇਸ਼ਨਾਨ ਲਈ ਲਿਆਉਂਦੇ ਰਹੇ। ਇਸ ਬਿਰਧ ਅਵਸਥਾ ਵਿਚ ਗੰਗਾ ਦੇ ਜਲ ਦੀਆਂ ਧਾਰਾਂ ਉਹਨਾਂ ਦੇ ਨੇਤਰਾਂ ਵਿਚੋਂ ਭੀ ਵਹਿ ਰਹੀਆਂ ਹੁੰਦੀਆਂ ਸਨ ਸਾਰਾ ਰਾਹ ਉਹ ਜਪੁਜੀ ਦਾ ਪਾਠ ਕਰਦੇ ਅਤੇ ਕੇਵਲ ਅਧੇ ਰਸਤੇ ਵਿਚ ਇਕ ਥਾਂ ਤੇ ਕੁਝ ਚਿਰ ਲਈ ਅਟਕਦੇ, ਜਿਥੇ ਅਜੇ ਕਲ ਗੁਰੂ ਦੁਆਰਾ ਦਮਦਮਾ ਸਾਹਿਬ ਸਥਿਤ ਹੈ। ਇਥੇ ਯਾਤਰੀ ਆਪਣੇ ਮਹਾਨ ਬਜ਼ੁਰਗਾਂ ਦੀ ਪਵਿਤਰ ਯਾਦ ਵਿਚ ਸਵਰਗ ਮਈ ਅਨੰਦ ਲੈਣ ਲਈ ਦਰਸ਼ਨ ਕਰਨ ਜਾਂਦੇ ਹਨ।

ਪਿਆਰ ਦੀ ਸਮਾਧੀ – ਇਕਲਿਆਂ ਢੇਰ ਰਾਤ ਗਿਆਂ, ਖਡੂਰ ਤੋਂ ਗੋਇੰਦਵਾਲ ਨੂੰ ਪਰਤਣ ਸਮੇਂ ਅਮਰਦਾਸ ਜੀ ਖਡੂਰ ਵਲ ਪਿਠ ਨਹੀਂ ਸਨ ਕਰਦੇ। ਜੇ ਰਾਹ ਵਿਚ ਤੁਰੇ ਜਾਂਦਿਆਂ ਭੀ ਉਨ੍ਹਾਂ ਦੀ ਪਿਠ ਆਪਣੇ ਗੁਰੂਦੇਵ ਵਲ ਹੋ ਜਾਂਦੀ ਤਾਂ ਉਹ ਜ਼ਿੰਦਾ ਕਿਵੇਂ ਰਹਿ ਸਕਦੇ। ਆਪਣੇ ਨੇਤਰਾਂ ਰਾਹੀਂ ਖਡੂਰ ਸਾਹਿਬ ਦੇ ਦਰਸ਼ਨ ਪੇਖਦੇ, ਪੁਠੇ ਪੈਰੀਂ ਹੀ ਚਲਦੇ ਸਨ। ਇਥੇ ਅਸੀਂ ਮਹਾਨ ਬਿਰਧ ਯਾਤਰੀ ਨੂੰ ਜਿਹੜਾ ਸਾਰਾ ਜੀਵਨ ਆਪਣੇ ਪ੍ਰੀਤਮ ਪ੍ਰਭੂ ਵਲ ਮੁੱਖ ਕਰਕੇ ਤੁਰਦਾ ਰਿਹਾ ਫਿਰ ਉਸ ਤ ਸਮਾਧੀ ਦੇ ਥੋੜੇ ਬਦਲੇ ਰੂਪ ਵਿਚ ਵੇਖਿਆ ਜਾ ਸਕਦਾ ਹੈ ਜੋ ਗੁਰੂ ਅੰਗਦ ਦੇਵ ਜੀ ਨੇ ਆਪਣੇ ਗੁਰੂ ਲਈ ਕਰਤਾਰਪੁਰ ਨੂੰ ਜਾਣ ਵਾਲੀ ਸੜਕ ਉਤੇ ਧਾਰਨ ਕੀਤੀ ਸੀ। ਇਸ ਲਈ ਧਿਆਨ ਮਗਨ ਰੂਪ ਵਿਚ, ਉਹ ਆਪਣੇ ਪ੍ਰਤੀਮ ਦੇ ਸਥਾਨ ਵਲ ਪਿਠ ਕਰ ਹੀ ਨਹੀਂ ਸਨ ਸਕਦੇ। ਜਿਥੇ ਉਹਨਾ ਦਾ ਪ੍ਰੀਤਮ ਚਿਟੇ ਚਮਕਦੇ ਬਾਣੇ ਵਿਚ ਬੈਠਾ ਹੁੰਦਾ ਸੀ।

ਸੇਵਕ ਨੂੰ ਗੁਰਿਆਈ – ਇਕ ਵਾਰ ਸ੍ਰੀ ਅਮਰ ਦਾਸ ਜੀ ਜਦੋਂ ਬਿਆਸ ਦੇ ਜਲ ਦੀ ਗਾਗਰ ਭਰੀ ਸਿਰ ਉਤੇ ਚੁਕੀ ਖਡੂਰ ਦੇ ਨੇੜੇ ਪੁਜੇ ਤਾਂ ਜੁਲਾਹੇ ਦੇ ਘਰ ਦੇ ਬਾਹਰ ਵਾਰ, ਖੱਡੀ ਦੇ ਨੇੜੇ ਗੱਡੇ ਇਕ ਕਿਲੇ ਨਾਲ ਠੇਡਾ ਖਾਕੇ ਧਰਤੀ ਤੇ ਡਿਗ ਪਏ। ਸਿਆਲ ਦੀ ਠੰਡੀ ਠੰਡੀ, ਮੀਂਹ ਭਿਜੀ ਤੇ ਕਾਲੀ ਰਾਤ ਸੀ। ਡਿਗਣ ਤੇ ਖੜਾਕ ਨਾਲ ਨਰਮ ਵਿਛੋਣੇ ਉਤੇ ਪਈ ਜੁਲਾਹੇ ਦੀ ਪਤਨੀ ਦੀ ਮਿਠੀ ਨੀਂਦ ਭੰਗ ਹੋ ਗਈ ਤੇ ਉਸ ਨੇ ਖਿਝ ਕੇ ਆਪਣੇ ਕੋਲ ਪਏ ਪਤੀ ਤੋਂ ਪਛਿਆ ਹਾਏ ! ਹਾਏ ! ਐਸ ਵੇਲੇ ਕਿਹੜਾ ਸਾਡੇ ਬੂਹੇ ਅਗੇ ਇੰਜ ਡਿਗ ਸਕਦਾ ਹੈ। ਪਤੀ ਬੋਲਿਆ ਨਿਥਾਵੇਂ ਅਮਰੂ ਝੱਲੇ ਹੋ ਬਿਨਾ ਹੋਰ ਕਿਹੜਾ ਹੋ ਸਕਦਾ ਹੈ, ਜੋ ਨਾ ਕਦੇ ਸੌਂਦਾ ਹੈ, ਨਾਂ ਅਰਾਮ ਕਰਦਾ ਹੈ। ਤੇ ਨਾਹੀਂ ਕਦੇ ਥਕਦਾ ਹੈ ? ਇਹ ਖਬਰ ਗੁਰੂ ਅੰਗਦ ਜੀ ਤਕ ਪੁਜ ਗਈ । ਇਹ ਜੁਲਾਹੇ ਵਲੋਂ ਬੋਲਿਆ ਹੋਇਆ ਸ਼ਬਦ ‘ਨਿਥਾਵਾਂ ਗੁਰੂ ਜੀ ਦੇ ਦਿਲ ਵਿਚ ਖੁਭ ਗਿਆ। ਉਨ੍ਹਾਂ ਨੇ ਬਿਰਧ ਅਮਰਦਾਸ ਜੀ ਨੂੰ ਆਪਣੇ ਸੀਨੇ ਨਾਲ ਘੁਟ ਲਿਆ। ਇਸ ਮਿਲਣੀ ਵਿਚੋਂ, ਸਾਡੇ ਅਕਾਸ਼ ਉਤੇ ਨਵਾਂ ਸੂਰਜ ਉਦੇ ਹੋਇਆ, ਜੋ ਸਾਡੇ ਗੁਰੂ ਦੇਵ ਗੁਰੂ ਅਮਰਦਾਸ ਸਨ ਜੀ। ‘ਮੇਰਾ ਅਮਰਦਾਸ ।’ ਗੁਰੂ ਜੀ ਨੇ ਬਚਨ ਕੀਤਾ, “ਮੇਰਾ ਅਮਰਦਾਸ ਨਿਥਾਵਿਆਂ ਦੀ ਥਾਂ, ਨਿਓਟਿਆਂ ਦੀ ਓਟ ਨਿਮਾਣਿਆਂ ਦਾ ਮਾਣ, ਨਿਤਣਿਆਂ ਦਾ ਤਾਣ, ਮੇਰਾ ਅਮਰਦਾਸ ! ਆਪ ਗੁਰੂ ਨਾਨਕ ਦਾ ਸਰੂਪ ਹੈ।

0 0 votes
Article Rating
Subscribe
Notify of
0 ਟਿੱਪਣੀਆਂ
Oldest
Newest Most Voted
Inline Feedbacks
View all comments
0
Would love your thoughts, please comment.x
()
x