“ਬਾਬਾਣੇ ਗੁਰ ਅੰਗਦ ਆਯਾ।” (ਭਾਈ ਗੁਰਦਾਸ) ਤਬ ਗੋਰਖ ਨਾਥ ਆਖਿਆ: “ਜੀਓ ਐਸਾ ਕਉਣ ਹੈ? ਜੋ ਤੁਮਰੈ ਮੱਥੇ ਹੱਥੁ ਰਖੈ: ਪਰ ਉਹੋ ਈ ਤੂਮਾਰਾ ਗੁਰੂ, ਜੋ ਤੁਮਾਰੈ ਅੰਗ ਤੈ ਪੈਦਾ ਹੋਵੈ।”
(ਪੁਰਾਤਨ ਜਨਮ ਸਾਖੀ)
ਗੁਰੂ ਗ੍ਰੰਥ ਸਾਹਿਬ ਵਿਚ ਵੀ ਆਉਂਦਾ ਹੈ, ਕਿ ਗੁਰੂ ਨਾਨਕ ਪਾਤਸ਼ਾਹ ਦੀ ਅਨੋਖੀ ਖੇਡ ਨੂੰ ਤੱਕ ਕੇ ਦੁਨੀਆਂ ਹੈਰਾਨ ਪਈ ਹੁੰਦੀ ਹੈ, ਕਿ ਉਹਨਾਂ ਗੰਗਾ ਦੇ ਵਹਿਣ ਹੋਰ ਪਾਸਿਉਂ ਹੀ ਵਗਾ ਦਿੱਤੇ ਹਨ। ਉਹਨਾਂ ਨੇ ਇਕ ਐਸਾ ਬੋਲ ਬੋਲਿਆ ਹੈ, ਜਿਹੜਾ ਉੱਚੀਆਂ ਉਚਾਣਾਂ ਤੋਂ ਵੀ ਉੱਚਾ ਹੈ। ਇਹਨਾਂ ਅਪਾਰ ਉੱਚਾਣਾਂ ਅਤੇ ਅਸਗਾਹ ਡੂੰਘਾਣਾਂ ਤਕ ਫੈਲੇ ਬੋਲ ਨੂੰ ਗੁਰੂ ਅੰਗਦ ਦੇਵ ਸਾਹਿਬ ਨੇ ਸੁਣਿਆ, ਜਿਹਨਾਂ ਨੇ ਸੱਚੇ ਸੁਖਨ ਦੀ ਅੱਗ ਨਾਲ ‘ਹੱਕ‘ ਤੋਂ ਬਿਨਾਂ ਹਰ ਚੀਜ਼ ਨੂੰ ਸਾੜ ਦਿੱਤਾ। ਗੁਰੂ ਨਾਨਕ ਬਣ ਕੇ ਹੀ ਉਹਨਾਂ ਆਖਿਆ, ਕਿ ਗੁਰੂ ਨਾਨਕ ਸਾਹਿਬ ਦੀ ਬਖਸ਼ਿਸ਼ ਸਰਬ ਸਮਰੱਥ ਹੈ ਅਤੇ ਇਸਦਾ ਇਨਸਾਨੀ ਰੂਪ ਗਿਆਨ ਦੇ ਹਰ ਇਕ ਪੜਾ ਤੋਂ ਅੱਗੇ ਹੈ। ਜਦ ਮਿਹਰ-ਮੁਹੱਬਤ ਦੀ ਕੋਈ ਹੋਰ ਇਨਸਾਨੀ ਸ਼ਕਲ ਨਹੀਂ ਬਣ ਸਕਦੀ, ਜਦ ਸੱਚ ਨਾਲ ਜੁੜਣ ਦਾ ਸਰਬੋਤਮ ਯਕੀਨ ਪੈਦਾ ਹੋ ਜਾਂਦਾ ਹੈ, ਜਦ ਦੀਖਿਆ-ਉਪਦੇਸ਼ ਦੇ ਪੈਂਡੇ ਮੁੱਕ ਜਾਂਦੇ ਹਨ, ਤਾਂ ਗੁਰੂ ਨਾਨਕ ਸਾਹਿਬ ਦੇ ਸੱਚੇ ਸੁਖਨ ਵਿਚ ਹਰ ਉੱਚੀ ਵੰਨਗੀ ਦਾ ਗਿਆਨ ਸਿਫ਼ਤ ਦੀ ਮਿਠਾਸ ਬਣ ਕੇ ਰੁਮਕ ਪੈਂਦਾ ਹੈ:
ਦੀਖਿਆ ਆਖਿ ਬੁਝਾਇਆ ਸਿਫਤੀ ਸਚਿ ਸਮੇਉ॥
ਤਿਨ ਕਉ ਕਿਆ ਉਪਦੇਸੀਐ ਜਿਨ ਗੁਰੁ ਨਾਨਕ ਦੇਉ॥
(ਵਾਰ ਮਾਝ, ਮਹਲਾ ੨)
ਬਾਣੀ ਦੀਆਂ ਇਹ ਤੁਕਾਂ ਜਿਥੇ ਗੁਰੂ ਨਾਨਕ ਸਾਹਿਬ ਦੇ ਤੀਸਰੇ ਰਾਹ ਦੀ ਅਸਲੋਂ ਹੀ ਨਿਰੋਲ ਮੌਲਿਕਤਾ ਦਾ ਪੁਮਾਣਿਕ ਸੰਦੇਸ਼ ਦਿੰਦੀਆਂ ਹਨ, ਉਥੇ ਇਸ ਦੇ ਸਰਬ ਸ੍ਰੇਸ਼ਟ ਹੋਣ ਦੀ ਵੀ ਗਵਾਹੀ ਦਿੰਦੀਆਂ ਹਨ। ਸਰਬ ਕਾਲ ਨੇ ਧਰਮਾਂ ਦੇ ਜਿੰਨੇ ਵੀ ਸੂਖਮ ਇਸ਼ਾਰੇ ਆਪਣੇ ਵਿਚ ਸਮੋ ਰੱਖੇ ਹਨ, ਗੁਰੂ ਨਾਨਕ-ਸੱਚ ਉਹਨਾਂ ਦੇ ਜ਼ਾਹਰਾ ਅਤੇ ਹਕੀਕੀ ਰੂਪ ਵਿਚਕਾਰ ਕਿਸੇ ਸਮਰੱਥ ਕਾਇਆ ਵਾਂਗ ਦਿਸ ਰਿਹਾ ਹੈ। ਗੁਰੂ ਨਾਨਕ ਸਾਹਿਬ ਦਾ ਉਪਦੇਸ਼ ਕਿਸੇ ਸਿਧਾਂਤ ਦੀ ਤਰਤੀਬ ਵਿਚ ਕੀਤੀ ਚਰਚਾ ਨਹੀਂ; ਇਹ ਉਪਦੇਸ਼ ਸੰਪੂਰਣ ਵਿਗਾਸ ਹੈ; ਇਕ ਛੋਹ ਹੈ, ਜਿਸ ਵਿਚ ਇਲਾਹੀ ਰਮਜ਼ ਦਾ ਜ਼ੋਰ ਹੈ। ਇਹ ਸੱਚ ਦੀ ਸੂਰਜ ਵਾਂਗ ਚੜ੍ਹਣ ਵਾਲੀ ਨਵੀਨਤਾ ਹੈ, ਅਤੇ ਇਹ ਉਪਦੇਸ਼ ਇਕ ਐਸੀ ਬਖਸ਼ਿਸ਼ ਹੈ, ਜਿਹੜੀ ਇਨਸਾਨ ਦੇ ਦਿਮਾਗ਼ ਅਤੇ ਸੂਖਮ ਬਿਰਤੀਆਂ ਨੂੰ ਸੁਹਜ ਦੀਆਂ ਅੰਤਮ ਹੱਦਾਂ ਨਾਲ ਛੁਹਾ ਦਿੰਦੀ ਹੈ। ਮਨੁੱਖਾਂ ਦੇ ਧੁਰ ਅੰਤ੍ਰੀਵ ਵਿਚ ਕੋਈ ਇਤਿਹਾਸ ਦਰਿਆ ਵਾਂਗ ਆਪਣੀਆਂ ਅਸੰਖਾਂ ਰਮਜ਼ਾਂ ਨੂੰ ਲੈ ਕੇ ਚੜ੍ਹਦਾ ਜਾਂਦਾ ਹੈ, ਜੋ ਨਿਰੰਤਰ-ਸਦੀਵੀ ਹੋਣ ਦੇ ਬਾਵਜੂਦ ਵੀ ਤ੍ਰੈ-ਕਾਲਾਂ ਦੀ ਨਿਸਚਿਤ ਨਿਗਾਹ ਵਿਚ ਨਹੀਂ ਆਉਂਦਾ; ਪਰ ਇਹ ਵਿਸ਼ਾਲ ਅੰਤ੍ਰੀਵ ਇਤਿਹਾਸ ਆਪਣੇ ਅੰਤਮ ਨਿਆਂ ਨੂੰ ਕਿਸੇ ਮਨੁੱਖ ਦੀ ਛੋਹ ਵਿਚ ਪਲਟਦਾ ਹੈ, ਬਹੁਤ ਸਾਰਾ ਨਮੂਦਾਰ ਹੁੰਦਾ ਹੈ, ਪਰ ਇਸ ਦਾ ਬਹੁਤ ਸਾਰਾ ਹਿੱਸਾ ਆਦ੍ਰਿਸ਼ਟ ਵਿਗਾਸ ਵਿਚ ਚਲਦਾ ਹੈ। ਸੋ ਇਸ ਵਿਸ਼ਾਲ ਅੰਤ੍ਰੀਵ ਇਤਿਹਾਸ ਦੀਆਂ ਅਨੇਕਾਂ ਸ਼ਾਖਾਂ, ਆਪਣਾ ਆਖਰੀ ਰੂਪ ਵੇਖਣ ਦੇ ਚਾਅ ਨਾਲ, ਆਪਣੇ ਆਪ ਨੂੰ ਆਖਰੀ ਰਣ ਵੱਲ ਲਿਜਾਣ ਦੀ ਤੀਬਰ ਭਾਵਨਾ ਨਾਲ, ਆਵੇਸ਼ਾਂ ਦਾ ਪੰਧ ਮੁਕਾ ਲੈਣ ਦੀ ਤੇਜ਼ੀ ਨਾਲ ਅਪਣੇ ਸੰਪੂਰਣ ਤੌਰ ‘ਤੇ ਨਮੂਦਾਰ ਹੋਣ ਦੀ ਹੁੱਬ ਨਾਲ ਗੁਰੂ ਨਾਨਕ ਸਾਹਿਬ ਦੀ ਹਸਤੀ ਵਿਚ ਇੰਜ ਇਕੱਠੀਆਂ ਹੁੱਲ ਪਈਆਂ, ਜਿਵੇਂ ਲੱਖਾਂ ਦਰਿਆ ਅਗਾਧ ਡੂੰਘਣਾਂ ਤਕ ਖੁੱਭੇ ਹੋਏ ਕਿਸੇ ਇਕ ਕੇਂਦਰ ਵਿਚ ਡੁੱਬ ਜਾਣ, ਜਾਂ ਜਿਵੇਂ ਬ੍ਰਹਿਮੰਡ ਦੀਆਂ ਅਗੰਮ-ਅਸੰਖ ਰਿਸ਼ਮਾਂ ਲਹਿੰਦੀਆਂ-ਲਹਿੰਦੀਆਂ ਕਿਸੇ ਇਕ ਬਲੀ ਸੂਰਜ ਉੱਤੇ ਲਹਿ ਜਾਣ।
ਸੋ ਐਸੇ ਗੁਰੂ ਨਾਨਕ ਨੂੰ ਲਹਿਣਾ ਜੀ ਮਿਲੇ, ਉਹਨਾਂ ਦੇ ਤੀਸਰੇ ਰਾਹ ਨੂੰ ਪਛਾਣਿਆਂ, ਪਛਾਣਦੇ- ਪਛਾਣਦੇ ਆਪ ਹੀ ਤੀਸਰਾ ਰਾਹ ਬਣ ਗਏ; ਇਸ ਭਾਈ ਦਰਿਆ ਨੂੰ ਪਾਰ ਕੀਤਾ ਅਤੇ ਗੁਰੂ ਨਾਨਕ ਸਾਹਿਬ ਦੀ ਸੱਚੀ ਦਰਗਾਹ ਦਾ ਸੱਚਾ ਨਿਸ਼ਾਨ ਵੇਖਿਆ। ਗੁਰੂ ਗੰਥ ਸਾਹਿਬ ਵਿਚ ਵੀ ਆਉਂਦਾ ਹੈ ਕਿ ਸ੍ਰਿਸ਼ਟੀ ਦੇ ਅਚੱਲ-ਅਟੱਲ ਆਸਨ ਵੱਲ ਲੱਗੀ ਗੁਰੂ ਨਾਨਕ ਸਾਹਿਬ ਦੀ ਨਿਗਾਹ ਵਿਚ ਸੱਜਦੇ ਦਾ ਰੂਪ ਧਾਰ ਕੇ ਲਹਿਣਾ ਜੀ ਸਮਾ ਗਏ, ਅਤੇ ਉਹਨਾਂ ਨੂੰ ਦਰਗਾਹੀ ਹਜ਼ੂਰੀ ਤੋਂ ਉਹ ਮਾਣ ਮਿਲਿਆ, ਜਿਸ ਦੀ ਸ਼ਕਤੀ ਨਾਲ ਸੰਸਾਰੀ ਅਜਗਰਾਂ ਦੇ ਲਸ਼ਕਰਾਂ ਨੂੰ ਚੀਰਦਾ ਹੋਇਆ ਮਨ ਨਿਰਲੇਪ ਉੱਚਤਾ ਦੀ ਆਖਰੀ ਚਮਕ ਬਣ ਕੇ ਦਿਸਿਆ। ਹਜ਼ੂਰ ਪਾਤਸ਼ਾਹ ਦੇ ‘ਅਚਲ ਠਾਣ` ਤੋਂ ਆਪ ਨੂੰ ਅਜਿੱਤ ਸਨਾਹ ਮਿਲੀ, ਅਤੇ ਅੰਗਦ ਨਾਮ ਪਾਇਆ। ਉਹ ਆਪ ਹੀ ਸੱਚ ਦੀ ਸਿਫਤ ਹੋ ਗਏ। ਉਹ ਗੁਰੂ ਨਾਨਕ ਸਾਹਿਬ ਦੇ ਇਲਾਹੀ ਆਵੇਸ਼ ਨੂੰ ਉਦੋਂ ਤਕ ਮਿਲਦੇ ਰਹੇ, ਜਦੋਂ ਤਕ ਉਹ ਆਪ ਹੀ ਇਹ ਇਲਾਹੀ ਆਵੇਸ਼ ਨਾਂਹ ਹੋ ਗਏ। ਉਹਨਾਂ ਗੁਰੂ ਨਾਨਕ-ਸੱਚ ਦੀਆਂ ਚਹੁੰ-ਕੁੰਟਾਂ ਵੇਖੀਆਂ, ਫੇਰ ਚਹੁੰ ਕੁੰਟਾਂ ਦੇ ਵਿਸਮਾਦ-ਨਕਸ਼ ਵਿਚ ਅਭੇਦ ਹੋ ਗਏ, ਅਤੇ ਗੁਰੂ ਨਾਨਕ ਸਾਹਿਬ ਇਸ ਵਿਸਮਾਦ-ਨਕਸ਼ ਵਿਚ ਉਦਾਸੀਆਂ ਕਰਦੇ ਰਹੇ। (ਗੁਰਗੱਦੀ ਵਿਚ ਇਹੋ ਰੂਹਾਨੀ ਸਿਧਾਂਤ ਕੰਮ ਕਰਦਾ ਹੈ।)
ਇੰਜ ਭਾਈ ਗੁਰਦਾਸ ਹੋਰਾਂ ਦੀ ਜ਼ਬਾਨੀ ਗੁਰੂ ਅੰਗਦ ਸਾਹਿਬ ਨੂੰ ਗੁਰੂ ਨਾਨਕ ਸਾਹਿਬ ਦੀ ਦਰਗਾਹ ਤੋਂ ‘ਦੀਨ ਦੁਨੀ ਦੀ ਸਾਹਿਬੀ’ ਨਸੀਬ ਹੋਈ, ਪਰ ਆਪ ਨੇ ਗੋਸ਼ਾ ਨਸ਼ੀਨੀ ਅਖਤਿਆਰ ਕਰ ਲਈ। ਗੁਰੂ ਅੰਗਦ ਸਾਹਿਬ, ਜੋ ਕਿ ਗੁਰੂ ਨਾਨਕ ਸਾਹਿਬ ਦਾ ਦੂਸਰਾ ਸਰੂਪ ਅਤੇ ਖਾਲਸਾ ਪੰਥ ਦੇ ਦੂਸਰੇ ਪਾਤਸ਼ਾਹ ਗੁਰੂ ਹਨ ‘ਅਛਲ’ ਸਨ, ਪਰ ਗੁਰੂ ਬਣਦਿਆਂ ਹੀ ਛਲ-ਭਰੇ ਸੰਸਾਰ ਦੀ ਗੁਪਤ ਇਕਾਂਤ ਵਿਚ ਛਿਪ ਗਏ। ਮਹਿਮਾ ਪ੍ਰਕਾਸ਼ (ਵਾਰਤਕ) ਦੱਸਦਾ ਹੈ, ਕਿ ਇਸ ਗੁਪਤ ਇਕਾਂਤ ਨੂੰ ਧਾਰਨ ਕਰਨ ਦਾ ਹੁਕਮ ਗੁਰੂ ਨਾਨਕ ਸਾਹਿਬ ਨੇ ਹੀ ਦਿੱਤਾ ਸੀ : “ਪੁਰਖਾ ਜੀ ਤੁਸੀਂ ਖਡੂਰ ਜਾਇ ਕੇ ਰਹੋ। ਮਾਈ ਸਭਰਾਈ ਦੇ ਘਰ ਸਾਡੇ ਬੈਠਣ ਦੀ ਮੰਜੀ ਹੈ, ਉਸ ਪਰ ਜਾਇ ਕਰ ਤੁਮ ਬੈਠੋ।” ਮੇਰਾ ਸਿੰਘਾਸਨ ਵਹੀ ਹੈ,ਤੁਮ ਉਥੇ ਜਾਇ ਕਰ ਬੈਠੋ।” ਸਿੱਖ ਗ੍ਰੰਥਾਂ ਵਿਚ ਆਉਂਦਾ ਤੁਮ ਉਥੇ ਜਾਇ ਕਰ ਬੈਠੋ।” ਸਿੱਖ ਗੂੰਥਾਂ ਵਿਚ ਆਉਂਦਾ ਹੈ, ਕਿ ਗੁਰੂ ਅੰਗਦ ਸਾਹਿਬ ਮਾਈ ਸਭਰਾਈ ਦੇ ਘਰ ਪੰਜ ਮਹੀਨੇ ਇਕ ਮਕਾਨ ਵਿਚ ਅਲੋਪ ਰਹੇ। ਇਸੇ ਸਮੇਂ ਗੁਰੂ ਨਾਨਕ ਸਾਹਿਬ ਵੀ ਉਹਨਾਂ ਨੂੰ ਮਿਲਣ ਗਏ, ਜਦੋਂ ਕਿ ਸੰਗਤਾਂ ਆਪ ਦੇ ਦੀਦਾਰ ਲਈ ਵਿਆਕੁਲ ਹੁੰਦੀਆਂ ਰਹੀਆਂ। ਅਖੀਰ ਬਾਬਾ ਬੁੱਢਾ ਜੀ ਨੇ ਅਰਦਾਸ ਦੀ ਟੇਕ ਨਾਲ ਅਪ ਨੂੰ ਭਾਲ ਲਿਆ।
ਖ਼ਾਲਸਾ ਜੀ ਦੇ ਦੂਸਰੇ ਗੁਰੂ ਜੀ ਦੀ ਗੋਸ਼ਾ ਨਸ਼ੀਨੀ ਦਾ ਕੀ ਰਾਜ਼ ਹੈ? ਭਾਈ ਗੁਰਦਾਸ ਜੀ ਦਾ ਖਿਆਲ ਹੈ, ਕਿ ਗੁਰੂ ਅੰਗਦ ਸਾਹਿਬ ਖਡੂਰ ਦੀ ਉਸ ਹਨੇਰੀ ਇਕਾਂਤ ਵਿਚ “ਸੱਤ, ਸੰਤੋਖ, ਦਯਾ, ਧਰਮ ਅਤੇ ਵੀਚਾਰ” ਦੇ ‘ਸਹਿਜ ਘਰ’ ਦਾ ਆਤਮਕ ਆਨੰਦ ਮਾਣ ਰਹੇ ਸਨ। ਸਾਨੂੰ ਇਹ ‘ਸਹਿਜ ਘਰ’ ਪੂਰੇ ਗੁਰੂ ਦੀਆਂ ਭਿੰਨ-ਭਿੰਨ ਰੂਹਾਨੀ ਮੰਜ਼ਿਲਾਂ ਦਾ ਕੋਈ ਬਹੁਤ ਹੀ ਗਹਿਰਾ ਦ੍ਰਿਸ਼ ਪ੍ਰਤੀਤ ਹੁੰਦਾ ਹੈ। ਇਸ ਦ੍ਰਿਸ਼ ਦਾ ਪਹਿਲਾ ਅੰਗ ਉਹ ਅਗੰਮ ਜਲਵਾ ਹੈ, ਜਿਹੜਾ ਗੁਰੂ ਨਾਨਕ ਸਾਹਿਬ ਦੇ ਇਨਸਾਨੀ ਰੂਪ ਦੀ ਅਸਲੀਅਤ ਹੈ ਅਤੇ ਜਿਸਦਾ ਸਫਰ ਗੁਰੂ ਅੰਗਦ ਸਾਹਿਬ ਨੇ ਉਦੋਂ ਕੀਤਾ ਸੀ, ਜਦੋਂ ਉਹ ਲਹਿਣਾ-ਰੂਪ ਵਿਚ ਗੁਰਮੁਖ ਦੀ ਕਠਨ ਵਾਟ ਨੂੰ ਝਾਗ ਰਹੇ ਸਨ। ਜਿਸ ਅਨੁਪਾਤ ਵਿਚ ਸੰਸਾਰੀ ਸ਼ਕਲਾਂ ਖਲੋਤੀਆਂ ਹਨ, ਗੁਰੂ ਨਾਨਕ-ਸੱਚ ਉਸ ਅਨੁਪਾਤ-ਨਜ਼ਰ ਤੋਂ ਬਹੁਤ ਅੱਗੇ ਹੈ। ਜੇ ਨਜ਼ਰ ਸੂਰਜਾਂ ਅਤੇ ਚੰਨਾਂ ਦੀਆਂ ਸੈਂਕੜੇ- ਹਜ਼ਾਰਾਂ ਪੌੜੀਆਂ ਲਾ ਕੇ ਗੁਰੂ ਨਾਨਕ-ਸੌਂਚ ਦੀ ਨੁਹਾਰ ਵੇਖਣੀ ਚਾਹੇ, ਤਾਂ ਇਹ ਕੋਸ਼ਿਸ਼ ਨਾ-ਕਾਮਯਾਬ ਰਹੇਗੀ, ਕਿਉਂਕਿ ਗੁਰੂ ਦੀ ਉੱਚਤਾ ਨਾਲ ਹੀ ਗੁਰੂ ਨੂੰ ਵੇਖਿਆ ਜਾ ਸਕਦਾ ਹੈ:
ਜੇ ਸਉ ਚੰਦਾ ਉਗਵਹਿ ਸੂਰਜ ਚੜਹਿ ਹਜਾਰ॥
ਏਤੇ ਚਾਨਣ ਹੋਦਿਆਂ ਗੁਰ ਬਿਨੁ ਘੋਰ ਅੰਧਾਰ॥
(ਆਸਾ ਦੀ ਵਾਰ, ਮਹਲਾ ੨, ਪੰਨਾ ੪੬੩)
ਬੇਸ਼ੱਕ ਗੁਰੂ ਨਾਨਕ-ਸੱਚ ਵਿਚ ਧਰਤੀ ਦੀਆਂ ਅਨੇਕ ਰੁੱਤਾਂ ਦੀ ਬਹੁ-ਭਾਂਤੀ ਖੁਸ਼ਬੋ ਹੈ, ਹਰ ਕਿਸਮ ਦੀਆਂ ਦੂਰੀਆਂ ਹਨ, ਮੁਕੰਮਲ ਫ਼ਲਸਫੇ ਦੀਆਂ ਖੂਬੀਆਂ ਹਨ, ਰਣ ਦੀਆਂ ਸਖਤੀਆਂ ਅਤੇ ਖੂਬਸੂਰਤੀ ਦੀਆਂ ਨਜ਼ਾਕਤਾਂ ਹਨ। ਵੱਡੇ ਰਸਾਂ ਦੇ ਅਧੀਨ ਚਲਦਾ ਹੋਇਆ ਮਿਥਿਹਾਸ ਦਾ ਰਸ ਵੀ ਹੈ, ਅਤੇ ਵੱਡੇ ਸੱਚ ਦੇ ਅਧੀਨ ਚਲ ਰਹੇ ਹੋਰਨਾਂ ਧਰਮਾਂ ਦੇ ਲਘੂ ਦ੍ਰਿਸ਼ਟਾਂਤਾਂ ਦੀ ਵਰਤੋਂ ਵੀ ਹੈ, ਪਰ ਇਹ ਸਭ ਕੁਝ ਅਧੂਰਾ ਹੁੰਦਾ, ਜੇ ਇਹਨਾਂ ਅਥਾਹ ਤੱਥਾਂ ਨੂੰ ਜੋੜਣ ਵਾਲੀ ਇਹਨਾਂ ਵਿਚ ਅਭੇਦ ਹੋਈ ਗੁਰੂ-ਪਰਤੀਤੀ ਨਾ ਹੁੰਦੀ। (ਗੁਰੂ ਨਾਨਕ-ਸੱਚ ਦੇ ਇਸ ਰੂਪ ਨੂੰ ਦਸ ਗੁਰੂ ਸਾਹਿਬਾਨ ਦੀਆਂ ਜ਼ਿੰਦਗੀਆਂ ਦੇ ਜਮਾਲ ਦੀ ਬਹੁ-ਰੰਗੀ ਏਕਤਾ ਅਤੇ ਅਨੇਕਾਂ ਗੁਰਸਿੱਖਾਂ ਦੀ ਗੁਰੂ-ਪ੍ਰਤੀਤੀ ਵਿਚੋਂ ਤੱਕਿਆ ਜਾ ਸਕਦਾ ਹੈ।) ਇਹ ਗੁਰੂ-ਪ੍ਰਤੀਤੀ ਅਸੀਮ ਹੈ, ਇਸ ਦੇ ਕਾਨੂੰਨ ਅਛੋਹ ਅਤੇ ਅਦ੍ਰਿਸ਼ਟ ਹਨ, ਪਰ ਫੇਰ ਵੀ ਇਹ ਕਿਸੇ ਮੁਕੰਮਲ ਜ਼ਬਤ ਵਿਚ ਨਮੂਦਾਰ ਹੋ ਰਹੀ ਹੈ। ਗੁਰੂ ਸਾਹਿਬ “ਜ਼ਾਹਰ ਪੀਰ ਜਗਤ ਗੁਰ ਬਾਬਾ” (ਭਾਈ ਗੁਰਦਾਸ) ਦੇ ਅਸਲੀ ਦੀਦਾਰ ਨੂੰ ਪ੍ਰਾਪਤ ਕਰ ਚੁੱਕੇ ਹਨ, ਪਰ ਫਿਰ ਵੀ ਇਸ ਅਸਲੀ ਦੀਦਾਰ ਦੀ ਮੰਜ਼ਿਲ ਮੁੱਕੀ ਨਹੀਂ। ਉਹਨਾਂ ਦਾ ਦੈਵੀ ਧਿਆਨ ਇਸ ਦੇ ਅਸੀਮ ਦੀ ਨਿਰਲੇਪਤਾ ਤੱਕਣ ਦੀ ਤਲਬ ਰੱਖਦਾ ਹੈ, ਜਿਵੇਂ ਗੁਰੂ ਨਾਨਕ ਸਾਹਿਬ ਬਗ਼ਦਾਦ ਵਿਚ ਪੀਰ ਦਸਤਗੀਰ ਦੇ ਬੇਟੇ ਨਾਲ ਆਕਾਸ਼ ਵਿਚ ਉੱਡੇ ਸਨ। ਬੇਸ਼ਕ ਬਾਹਰ ਇਕ ਸੰਗਤ ਦੀਦਾਰ ਲਈ ਵਿਆਕੁਲ ਹੈ, ਪਰ ਗੁਰੂ ਅੰਗਦ ਸਾਹਿਬ ਦੇ ਅੰਤ੍ਰੀਵ ਕਾਲ ਵਿਚ ਵੀ ਡਾਢੀ ਵਿਆਕੁਲਤਾ ਦੇ ਰਾਹ ਹਨ। ਧਿਆਨ ਨੂੰ ਇਕ ਹੋਰ ਧਿਆਨ ਤਕ ਜਾਣ ਲਈ ਵੀ ਇਕ ਸਹਿਜ ਤਪਸਿਆ ਦੀ ਜ਼ਰੂਰਤ ਹੈ। ਗੁਰੂ ਨੇ ਸੰਗਤ ਬਣ ਕੇ ਵੀ ਗੁਰੂ ਵੱਲ ਸਫਰ ਕਰਨਾ ਹੈ। ਗੁਰੂ ਅੰਗਦ ਸਹਿਬ ਨੇ ਅੱਖਾਂ ਤੋਂ ਬਿਨਾਂ ਵੈਖ ਕੇ, ਪੈਰਾਂ ਤੋਂ ਬਿਨਾਂ ਚਲ ਕੇ, ਹੱਥਾਂ ਤੋਂ ਬਿਨਾਂ ਕਿਰਤ ਕਰਕੇ ਬੋਲ ਕੇ, ਅਤੇ ਇੰਜ ਜ਼ਹਿਨ ਅਤੇ ਅੰਗ ਵਿਚ ਖਾਲਸਾ ਕੁਦਰਤ ਦਾ ਪ੍ਰਕਾਸ਼ ਕਰਕੇ, ਗੁਰੂ ਨਾਨਕ ਸਾਹਿਬ ਦਾ ਅਸਲੀ ਦੀਦਾਰ ਕੀਤਾ।
ਭਾਵੇਂ ਗੁਰੂ ਅੰਗਦ ਸਾਹਿਬ ਪੂਰੇ ਗੁਰੂ ਤਕ ਪਹੁੰਚ ਚੁੱਕੇ ਹਨ, ਪਰ ਉਹ ਮਾਈ ਸਭਰਾਈ ਦੀ ਹਨੇਰੀ ਇਕੱਲ ਵਿਚ ਪੂਰੇ ਗੁਰੂ ਵੱਲ ਜਾਂਦੇ ਲੰਮੇ ਪੈਂਡੇ ਉੱਤੇ ਤੁਰਦੇ ਹਨ । ਗੁਰੂ ਸੰਗਤ ਦੀ ਸਾਰੀ ਬ੍ਰਿਹੁੰ-ਪੂੰਜੀ ਉਠਾ ਕੇ ਉਸ ਦੇ ਨਾਲ ਹੀ ਚਲ ਰਿਹਾ ਹੈ। ਯਅਨੀ ਪੂਰਨ ਮਿਲਣੀ ਮਿਲਣ ਤੋਂ ਪਹਿਲਾਂ ਦੀ ਤੀਬਰਤਾ ਵਿਚ ਵੀ ਅਭੇਦ ਹੈ। ਪੂਰੇ ਗੁਰੂ ਦਾ ਸਿਦਕ ਕਿਸੇ ਇਲਾਹੀ ਆਵੇਸ਼ ਦੀ ਵੇਗ ਸ਼ਕਤੀ ਨਾਲ ਆਪਣੀ ਹੀ ਗਤਿ ਮਿਤਿ ਲੈ ਰਿਹਾ ਹੈ। ਇੰਜ ਵੀ ਕਿਹਾ ਜਾ ਸਕਦਾ ਹੈ, ਕਿ ਪੂਰੇ ਗੁਰੂ ਦੀ ਛੋਹ ਵਾਲੀ ਦੈਵੀ ਪ੍ਰਤਿਭਾ ਆਪਣੀਆਂ ਅਨੇਕ ਬਿਬੇਕੀ ਤਰਬਾਂ ਸਮੇਤ ਆਪਣੇ ਪ੍ਰਗਟ ਹੋਣ ਤੋਂ ਬਿਨਾਂ ਦੀ ਅਵਸਥਾ ਵਿਚ ਆਪਣੀ ਸੰਪੂਰਣ ਹੋਂਦ ਲੱਭ ਰਹੀ ਹੈ। ਸੰਗਤ ਦੇ ਲੰਮੇ ਸਫਰਾਂ ਦੇ ਅਣਦਿਸਵੇਂ ਧਰਾਤਲਾਂ ਉੱਤੇ ਵਿਕਰਾਲ ਸ਼ੂਨਯ ਦੇ ਕੰਡੇ ਬਿਖਰੇ ਹੋਏ ਹਨ, ਅਤੇ ਗੁਰੂ ਦੂਰ ਹੈ। ਸੋ ਜਦੋਂ ਗੁਰੂ ਨਾਨਕ ਨਾਲ ਹੈ, ਤਾਂ ਗੁਰੂ ਨੇ ਗੁਰੂ ਤੋਂ ਬਿਨਾਂ ਯਅਨੀ ਆਪਣੇ ਆਪ ਤੋਂ ਬਿਨਾਂ ਹੋਣ ਦੀ ਵਿਆਕੁਲਤਾ ਵਿਚ ਜੀਣਾ ਹੈ, ਉਹਨਾਂ ਹੀ ਡੂਗਰ ਵਾਟਾਂ ਦੇ ਕੰਡਿਆਂ ਨਾਲ ਬੇਹਾਲ ਹੋਣਾ ਹੈ, ਜਿਹਨਾਂ ਨਾਲ ਸੰਗਤ ਬੇਹਾਲ ਹੋ ਰਹੀ ਹੈ। ਕੁਝ ਐਸੀ ਅਵਸਥਾ ਵਿਚ ਹੀ ਆਪ ਫੁਰਮਉਂਦੇ ਹਨ :
ਜਿਸੁ ਪਿਆਰੇ ਸਿਉ ਨੇਹੁ ਤਿਸੁ ਆਗੈ ਮਰਿ ਚਲੀਐ ॥
ਧ੍ਰਿਗੁ ਜੀਵਣੁ ਸੰਸਾਰਿ ਤਾ ਕੈ ਪਾਛੈ ਜੀਵਣਾ ॥
(ਵਾਰ ਸਿਰੀ ਰਾਗ, ਮਹਲਾ ੨, ਪੰਨਾ ੮੩)
ਗੁਰੂ ਤੋਂ ਪਿੱਛੇ ਇਕੱਲੇ ਰਹਿ ਜਾਣ ਦਾ ਅਹਿਸਾਸ ਬੜਾ ਤੇਜ਼ ਹੈ। ਇਹ ਇਕੱਲ ਸੈਂਕੜੇ-ਹਜ਼ਾਰਾਂ ਚੰਨਾਂ ਸੂਰਜਾਂ ਦੇ ਨਾਂਹ ਮੁਕੱਣ ਵਾਲੇ ਚਾਨਣ ਵਿਚ ਵੀ ਉਨੀ ਹੀ ਗਹਿਰੀ ਹੈ। ਚੰਨਾਂ-ਸੂਰਜਾਂ ਦੇ ਚਾਨਣ ਦੀ ਹੱਦ ਵਿਚ ਤਾਰੀਖ ਦੀ ਸਾਰੀ ਵਚਿੱਤਰਤਾ ਆ ਜਾਂਦੀ ਹੈ। ਇਸ ਵਿਚ ਸਭ ਗਿਆਨ-ਜ਼ਾਵੀਏ, ਧਰਮਾਂ ਦੇ ਕਰਮ-ਕਾਂਡ, ਵਿਗਿਆਨ ਦੇ ਕੁਲ ਅਚੰਭੇ, ਮਨੋਵਿਗਿਆਨ ਦੀਆਂ ਸਭ ਦਲੀਲਾਂ ਅਤੇ ਕਲਾਂ ਦੇ ਕੁਲ ਸੁਬਕ ਪਰਛਾਵੇਂ ਆ ਜਾਂਦੇ ਹਨ। ਪਰ ਇਹਨਾਂ ਸਭ ਰਾਸਤਿਆਂ ਉੱਤੇ ਇਕੱਲ ਹੈ, ਕਿਉਂਕਿ ਇਹਨਾਂ ਦਾ ਸਿਦਕ ਕੁਝ ਇੰਜ ਨਹੀਂ ਜੁੜਿਆ, ਜਿਸ ਨਾਲ ਗੁਰੂ ਦਿੱਸ ਸਕੇ। ਅਸੀਂ ਆਖ ਸਕਦੇ ਹਾਂ, ਕਿ ਗੁਰੂ ਆਪਣੀ ਪਿਆਸ ਆਪ ਬਣ ਗਿਆ ਹੈ, ਅਤੇ ਉਸ ਪਿਆਸ ਦੀ ਸ਼ਿੱਦਤ ਨਾਲ ਆਪਣੇ ਰਹੱਸ ਬੁੱਝ ਰਿਹਾ ਹੈ। ਉਹ ਮੰਜ਼ਿਲ ਉੱਤੇ ਪਹੁੰਚ ਕੇ ਆਪਣੀ ਦੂਰੀ ਵੇਖ ਰਿਹਾ ਹੈ। ਪੈਂਡੇ ਦੀਆਂ ਮਜਬੂਰੀਆਂ ਵਿਚ ਖਲੋ ਕੇ ਆਪਣੇ ਵਸਲ ਦਾ ਧਰਵਾਸ ਜਾਣ ਰਿਹਾ ਹੈ। ਸੱਚ ਖੰਡ ਜਾਣ ਤੋਂ ਪਹਿਲਾਂ ਗੁਰੂ ਨਾਨਕ ਸਾਹਿਬ ਮਾਤਾ ਸਭਰਾਈ ਦੇ ਘਰ ਹਨੇਰੀ ਕੋਠੜੀ ਵਿਚ ਗੁਰੂ ਅੰਗਦ ਸਾਹਿਬ ਦੇ ਆਖਰੀ ਅਤੇ ਪਹਿਲੇ ਦੀਦਾਰ ਲਈ ਆਏ ਸਨ ਅਤੇ ਪਰਤੱਖ ਕਰ ਗਏ ਸਨ, ਕਿ ਹੁਣ ਤੁਸੀਂ ਪੂਰੇ ਹੋ, ਪਰ ਤੁਸੀਂ ਮੇਰੇ ਬਿਨਾਂ ਹੋ ਕੇ ਵੀ ਮੈਨੂੰ ਜਾਣਨਾ ਹੈ; ਮੈਥੋਂ ਦੂਰੀ ਦੀ ਸੰਗਤ ਨਾਲ ਤੁਰਨਾ ਹੈ; ਮੇਰੇ ਤਕ ਪਹੁੰਚ ਕੇ ਮੇਰੇ ਤਕ ਨਾਂਹ ਪਹੁੰਚਿਆਂ ਦੀ ਪੀੜ ਬਣਨਾ ਹੈ; ਤੁਸੀਂ ਸੰਗਤ- ਰੂਪ ਹੋ ਕੇ ਆਪਣੇ ਆਪ ਲਈ ਵਿਆਕੁਲ ਹੋਣਾ ਹੈ: ਤੁਸੀਂ ਮੇਰੇ ਵਿਚ ਨੂਰੀ ਹੋ, ਪਰ ਜੋ ਚੰਨ ਸੂਰਜ ਮੇਰੇ ਬਿਨਾਂ ਬੇਨੂਰ ਹਨ, ਤੁਸੀਂ ਉਹਨਾਂ ਦੀ ਇਕੱਲ ਵਿਚ ਮੇਰਾ ਰੂਪ ਹੋ ਕੇ ਦਿੱਸਣਾ ਹੈ।
ਜਦ ਪੂਰਾ ਗੁਰੂ ਪੂਰਾ ਹੋਣ ਕਰਕੇ ਹੀ ਵੈਰਾਗਵਾਨ ਹੋ ਰਿਹਾ ਸੀ, ਤਾਂ ਉਹ ਜਾਣਦਾ ਸੀ ਕਿ ਗੁਰੂ ਨਾਨਕ ਸੱਚ ਦੇ ਸਾਹਮਣੇ “ਕੀਤਾ ਪਸਾਉ ਏਕੋ ਕਵਾਉ” ਵਾਂਗ ਹਰ ਮੁਸਾਫਰ ਨੇ ਆਪਣੀ ਅੰਤਮ-ਸ਼ਕਲ ਵਿਚ ਹੀ ਪੇਸ਼ ਹੋਣਾ ਹੈ; ਨਿੱਕੀ ਤੋਂ ਨਿੱਕੀ ਹਿਲਜੁਲ ਵੀ ਵੱਡੀ ਗਹਿਰਾਈ ਦੇ ਸਾਹਮਣੇ ਨਗਨ ਹੈ, ਅੰਤਮ ਤੌਰ ਉੱਤੇ ਇਕੱਲੀ ਅਤੇ ਆਪਣੇ ਆਪ ਵਿਚ ਇਕ ਜ਼ਿੰਮੇਵਾਰ ਇਕਾਈ ਹੈ। ਆਪ ਫੁਰਮਾਉਂਦੇ ਹਨ:
ਅੰਤਰਿ ਬਹਿ ਕੈ ਕਰਮ ਕਮਾਵੈ ਸੋ ਚਹੁ ਕੁੰਡੀ ਜਾਣੀਐ॥
ਜੋ ਧਰਮੁ ਕਮਾਵੈ ਤਿਸੁ ਧਰਮ ਨਾਉ ਹੋਵੈ ਪਾਪਿ ਕਮਾਣੈ ਪਾਪੀ ਜਾਣੀਐ॥
(ਮਾਝ ਕੀ ਵਾਰ, ਮਹਲਾ ੨, ਪੰਨਾ ੧੩੮)
ਕੋਈ ਗ਼ਲਤ ਜਾਂ ਠੀਕ ਕਰਮ-ਕਾਂਡ ਜਾਂ ਅਮਲ ਕਿੰਨਾ ਵੀ ਗੁੰਝਲਦਾਰ ਅਤੇ ਬਾਰੀਕ ਕਿਉਂ ਨ ਹੋ ਜਾਵੇ, ਪਰ ਅੰਤ ਨੂੰ ਨਗਨ ਅਸਲੀਅਤ ਦੀ ਅਤਿ ਸਾਦਗੀ ਵਿਚ ਦਿਸੇਗਾ। ਹਰ ਇਕ ਸਫ਼ਰ ਹੁਕਮ ਦੀ ਬਾਰੀਕ ਧਾਰ ਉੱਤੇ ਹੋਣਾ ਹੈ। ਭਾਵੇਂ ਹਰ ਮੁਸਾਫਰ ਨੇ ਅੰਤਮ ਨਿਆਂ ਦੀ ਦਰਗਾਹ ਵਿਚ ਪੇਸ਼ ਹੋਣਾ ਹੈ, ਪਰ ਉਸ ਦੀ ਥਾਂ ਕਿਸੇ ਸਹਿਜ ਸਾਦਗੀ ਦੀ ਨੇੜਤਾ ਵਿਚ ਹੈ, ਯਅਨੀ ਧਰਮ ਕਮਾਉਣ ਵਾਲਾ ਧਰਮੀ ਹੈ ਅਤੇ ਪਾਪ ਕਰਨ ਵਾਲਾ ਪਾਪੀ ਹੈ; ਇਹੋ ਹੀ ਡੂੰਘੇ ਰਾਜ਼ ਅਤੇ ਬੇਪਨਾਹ ਜ਼ੋਰ ਵਾਲਾ ਅੰਤਮ ਨਿਆਂ ਹੈ। ਹਰ ਹੋਂਦ ਨੇ ਕਿਸੇ ਅੰਤਮ ਫ਼ੈਸਲੇ ਦੀ ਇਕਾਈ ਬਣਨਾ ਹੈ; ਪਰ ਖਿਆਲ ਉੱਤੇ ਹੁਕਮ ਦਾ ਪਹਿਰਾ ਹੈ। ਹਨੇਰੇ ਦੀ ਖਾਮੋਸ਼ੀ ਵਿਚ ਜੋ ਭੇਦ ਸੌਂ ਰਹੇ ਹਨ, ਉਹਨਾਂ ਵਿਚੋਂ ਬਹੁਤਿਆਂ ਨੇ ਕਿਸੇ ਹੌਲ ਦੇ ਕੜਾਕੇ ਨਾਲ ਭਸਮ ਹੋ ਜਾਣਾ ਹੈ, ਪਰ ਕੋਈ ਇਕ ਅਸਲੀਅਤ ਸ਼ਹੀਦੀ ਦਾ ਸਿਰਲੱਥ ਗਾਨਾ ਬੰਨ੍ਹ ਕੇ ਬਾਹਰ ਵੀ ਆਵੇਗੀ। ਆਦਮੀ ਵਕਤੀ ਭੈਅ ਵਾਲੇ ਪੈਂਡੇ ਉੱਤੇ ਤੁਰ ਰਿਹਾ ਹੈ, ਉਸ ਨੇ ਇਸ ਵਕਤੀ ਭੈਅ ਨੂੰ ਮੁੱਢੋਂ ਹੀ ਸਦੀਵੀ ਤੌਰ ਉੱਤੇ ਤਿਆਗਨਾ ਹੈ, ਅਤੇ ਆਪਣੇ ਆਪ ਨੂੰ ਅੰਤਮ ਫੈਸਲੇ ਦੀ ਇਕਾਈ ਸਵੀਕਾਰ ਕਰਕੇ ਇਸ ਤੋਂ ਮੁਕਤੀ ਲੈਣੀ ਹੈ। ਪੂਰੇ ਗੁਰੂ ਵੱਲ ਵਧਣ ਦਾ ਮਤਲਬ ਸ਼ਹੀਦ ਵਾਲੀ ਸਿਰਲੱਥਤਾ ਧਾਰਨ ਕਰਨਾ ਹੈ, ਵਕਤੀ ਭੈਅ ਨੂੰ ਤੋੜਨਾ ਹੈ; ਆਵੇਸ਼ਕ ਜ਼ੋਰ ਬਣ ਕੇ ਇਕੋ ਵਾਰ, ਇਕੋ ਸੋਮੇ ਅਤੇ ਇਕੋ ਇਰਾਦੇ ਨਾਲ ਅੰਤਮ ਨਿਆਂ ਨੂੰ ਲਿਪਟਣਾ ਹੈ; ਇਕ ਮੌਤ ਵਿਹਾਜ ਕੇ ਦੂਸਰਾ ਸਫ਼ਰ ਸ਼ੁਰੂ ਕਰਨਾ ਹੈ ।
ਨਾਨਕ ਅੰਮ੍ਰਿਤ ਏਕੁ ਦੂਜਾ ਅੰਮ੍ਰਿਤ ਨਾਹਿ ॥
(ਸਾਰੰਗ ਕੀ ਵਾਰ, ਮਹਲਾ ੨, ਪੰਨਾ ੧੨੩੩੮)
ਗੁਰੂ ਅੰਗਦ ਜੀ ਨੇ ਗੁਰੂ ਨਾਨਕ ਸਹਿਬ ਦੀ ਪੂਰੀ ਪਰਖ ਵਿਚ ਅਪਣੇ ਆਪ ਨੂੰ ਵੇਖਣਾ ਹੈ, ਆਪਣੇ ਨਿਰਭੈਅ ਆਵੇਸ਼ ਨੂੰ ਏਥੇ ਹੀ ਡੋਬਣਾ ਹੈ, ਆਪਣੀ ਚੇਤਨਾ ਦੇ ਸਾਰੇ ਰੰਗ ਇਸ ਪੂਰੀ ਪਰਖ ਦੇ ਸਾਹਮਣੇ ਲਿਜਾਣੇ ਹਨ, ਅਤੇ ਜਿਸ ਆਤਮਕ ਤਰੰਗ ਨੇ ਇਸ ਪੂਰੀ ਪਰਖ ਦੀ ਦਰਗਾਹ ਵਿਚ ਜ਼ਾਹਿਰ ਹੋਣ ਦੀ ਤਾਕਤ ਹਾਸਿਲ ਕਰ ਲਈ, ਉਸ ਨੇ ਉਹਨਾਂ ਦੀ ਹਸਤੀ ਦਾ ਸੁੱਚਾ ਜੁਜ਼ ਬਣਨਾ ਹੈ। ਸੋ ਗੁਰੂ ਅੰਗਦ ਸਾਹਿਬ ਨੇ ਆਪਣੇ ਧਿਆਨ ਵਿਚ ਪੂਰਾ ਗੁਰੂ ਕਿਵੇ ਸਾਕਾਰ ਕੀਤਾ ਅਤੇ ਉਸ ਦੀ ਸਾਕਾਰਤਾ ਦੇ ਦ੍ਰਿਸ਼ ਅੰਗ ਕੈਸੇ ਹਨ? ਇਸ ਦਾ ਜੁਆਬ ਇਹੋ ਹੈ ਕਿ ਗੁਰੂ ਜੀ ਅਨੁਸਾਰ ਸੈਆਂ-ਹਜ਼ਾਰਾਂ ਚੰਨਾਂ ਸੂਰਜਾਂ ਦੇ ਪਰਦੇ ਤੋਂ ਬਾਹਰ ਗੁਰੂ ਦੀ ਇਕ ਮਹਾਂ ਪਰਵਾਜ਼ ਹੈ। ਉਥੇ ਇਕ ਐਸੀ ਆਸਰੇ ਭਰੀ ਗੁਰੂ-ਬਖਸ਼ਿਸ਼ ਹੈ, ਜਿਥੋਂ ਹਰ ਧਰਵਾਸ ਨੂੰ ਜਾਨਦਾਰ ਰੁਮਕ ਨਸੀਬ ਹੁੰਦੀ ਹੈ; ਜੋ ਬੇ-ਇਨਕਾਰ ਅਕਾਲ ਫ਼ਤਹ ਹੈ; ਜਿਥੇ ਅੰਤਮ-ਹੈ ਦਾ ਪੂਰਾ ਯਕੀਨ ਹੈ; ਜਿਥੇ “ਜੋ ਹੈ ਸੋ ਹੈ” ਦਾ ਗ਼ਜ਼ਬਨਾਕ ਨਾਦ ਹੈ; ਪਰ ਗੁਰੂ ਦੀ ਇਸ ਇਲਾਹੀ ਫ਼ਜ਼ੀਲਤ ਦੀ ਹੋਂਦ ਨਿਰਾਕਾਰ ਹੈ। ਮੁਸ਼ਕਿਲ ਇਹ ਹੈ, ਕਿ ਇਸ ਅਗੰਮ ਬਜ਼ੁਰਗੀ ਨੂੰ ਕਿਵੇਂ ਅਮਲ ਵਿਚ ਕਿਵੇਂ ਤੇਜ਼ ਕੀਤਾ ਜਾਵੇ? ਪਰ ਇਹ ਮੁਸ਼ਕਿਲ ਜਲਦੀ ਹੀ ਹੱਲ ਹੋ ਜਾਂਦੀ ਹੈ। ਬੇਸ਼ੌਕ ਗੁਰੂ- ਪਰਵਾਜ਼ ਅਸਮਾਨਾਂ ਹੇਠ ਚੱਲਦੇ ਚਾਨਣ ਹੇਠ ਬਣਦੀਆਂ, ਵਿਗਾਸ ਕਰਦੀਆਂ, ਤਿਲ੍ਹਕਦੀਆਂ ਅਤੇ ਬਿਨਸਦੀਆਂ ਲਕੀਰਾਂ ਅਤੇ ਸ਼ਕਲਾਂ ਤੋਂ ਬਿਲਕੁਲ ਨਿਰਲੇਪ ਅਤੇ ਅਸਲੋਂ ਹੀ ਅੱਗੇ ਹੈ, ਪਰ ਗੁਰੂ-ਪਰਵਾਜ਼ ਦੀ ਇਹ ਸਿੱਖ- ਨਿਰਾਕਾਰਤਾ ਇਨਸਾਨੀ ਰੂਪ ਵਿਚ ਗੁਰੂ-ਛੋਹ ਨੂੰ ਆਪਣੀ ਬਖਸ਼ਿਸ਼ ਦੇ ਜ਼ੋਰ ਨਾਲ ਪੈਦਾ ਕਰ ਲੈਂਦੀ ਹੈ। ਉਪਨਿਸ਼ਦ- ਅਚਿਹਨਤਾ ਨਾਲੋਂ ਇਹ ਇਸੇ ਨੁਕਤੇ ਵਿਚ ਭਿੰਨ ਹੈ, ਕਿਉਂਕਿ ਉਥੇ ਰਹਿਮ ਅਤੇ ਕਰਮ ਦਾ ਆਲਮ ਨਹੀਂ ਦਿੱਸਦਾ।
ਸੋ ਸਿੱਖ-ਨਿਰਾਕਾਰਤਾ ਗੁਰੂ-ਛੋਹ ਨੂੰ ਇਨਸਾਨੀ ਸਿਖਰ ਵਿਚ ਪੈਦਾ ਕਰਦੀ ਹੈ; ਜਾਂ ਇਨਸਾਨੀ ਸਿਖਰ ਉਸ ਗੁਰੂ-ਛੋਹ ਰਾਹੀਂ ਸਾਜਦੀ ਹੈ, ਜਿਹੜੀ ਗੁਰੂ-ਪਰਵਾਜ਼ ਦੀ ਸਿੱਖ-ਨਿਰਾਕਾਰਤਾ ਨੇ ਆਪਣੀ ਬਖ਼ਸ਼ਿਸ਼ ਵਿਚੋਂ ਆਪ ਪੈਦਾ ਕੀਤੀ। ਗੁਰੂ ਨਾਨਕ ਸਾਹਿਬ ਗੁਰੂ-ਛੋਹ ਦੀ ਇਨਸਾਨੀ ਸਿਖਰ ਸਨ, ਅਤੇ ਲਹਿਣਾ ਜੀ ਧਿਆਨ ਵਿਚ ਉਦੋਂ ਤੱਕ ਅਛੋਹ ਪਰਵਾਜ਼ ਲਾਉਂਦੇ ਰਹੇ, ਜਦੋਂ ਤਕ ਕਿ ਉਹਨਾਂ ਨੂੰ ਇਸ ਦੀ ਮੁਕੰਮਲ ਪਛਾਣ ਨਾਂਹ ਹੋਈ। ਗੁਰੂ ਅੰਗਦ ਸਾਹਿਬ ਦੇ ਰੂਪ ਵਿਚ ਗੁਰੂ-ਛੋਹ ਦੀ ਇਨਸਾਨੀ ਸਿਖਰ ਨੂੰ ਜਦ ਉਹ ਆਪਣੇ ਆਵੇਸ਼ ਦੀ ਸਿਖਰ ਉੱਤੇ ਪਹੁੰਚ ਕੇ ਵੇਖਦੇ ਹਨ, ਧਿਆਨ ਦੀ ਅਚਿਹਨਤਾ ਨਾਲ ਇਸ ਦਾ ਪਾਕ ਜਲਵਾ ਮਾਪਦੇ ਹਨ, ਹਾਸਿਲ ਨੂੰ ਇਬਾਦਤ ਦੀ ਤਲਾਸ਼ ਬਣਾਉਂਦੇ ਹਨ, ਅਤੇ ਗੁਰੂ ਨਾਨਕ-ਪਰਖ ਨੂੰ ਆਪਣੇ ਜਾਪ ਦਾ ਅੱਖਰ ਬਣਾਉਂਦੇ ਹਨ, ਤਾਂ ਗੁਰੂ-ਪਰਵਾਜ਼ ਸੂਰਜੀ ਚਾਨਣ ਦੀ ਪਕੜ ਤੋਂ ਬਾਹਰ ਚਲੀ ਜਾਂਦੀ ਹੈ ਅਤੇ ਇਕ ਅਚਿਹਨਤਾ ਦੂਸਰੀ ਅਚਿਹਨਤਾ ਦਾ ਜ਼ਾਹਰਾ ਰੂਪ ਹੋ ਜਾਂਦੀ ਹੈ (ਗੁਰਗੱਦੀ ਦਾ ਰਹੱਸ)। ਪਰ ਇਸ ਨਿਰੰਕੁਸ਼ ਪੜਾ ਉੱਤੇ ਪਹੁੰਚ ਕੇ ਵੀ ਸਿੱਖ-ਨਿਰਾਕਾਰਤਾ ਮੁੜ ਕੇ ਆਪਣੇ ਘਰ ਆ ਜਾਂਦੀ ਹੈ, ਜਿਥੇ ਕਿ ਸੰਗਤ ਉਸਦੀ ਉਡੀਕ ਕਰ ਰਹੀ ਹੁੰਦੀ ਹੈ। ਗੂਰੂ-ਖਿਆਲ ਸੰਗਤ ਦੇ ਅੰਤਹਕਰਣ ਨੂੰ ਸਪਰਸ਼ਦਾ ਹੈ; ਨੈਤਿਕ ਖਿਆਲਾਂ ਨੂੰ ਆਪਣੀ ਸੰਗੀਤਕ ਆਮਦ ਨਾਲ ਜਗਾਉਂਦਾ ਹੈ; ਅਤੇ ਦੁਨੀਆਂ ਨੂੰ ਮੁਸਾਫਰੀ ਦਾ ਵੈਰਾਗ ਦਿੰਦਾ ਹੈ, ਕਿਉਂਕਿ ਇਹ ਆਪ ਉਥੋਂ ਮੁਸਾਫਰ ਹੋ ਕੇ ਦੁਨੀਆਂ ਵਿਚ ਆਇਆ, ਜਿਥੇ ਕਿ ਇਸ ਦੇ ਲਰਜ਼ਦੇ ਵੁਜੂਦ ਨੂੰ ਕਿਸੇ ਵੀ ਚਾਨਣ ਦੀ ਨਜ਼ਰ ਨਹੀਂ ਸੀ ਛੋਹ ਸਕਦੀ। ਸੋ ਮਾਤਾ ਸਭਰਾਈ ਦੇ ਘਰ ਦੀ ਇਕਾਂਤ ਵਿਚ ਗੁਰੂ ਅੰਗਦ ਸਾਹਿਬ ਪੂਰੀ ਗੁਰੂ-ਚੁੱਪ ਦੇ ਅਮੋਘ ਇਸ਼ਾਰੇ ਆਪਣੀ ਪਿਆਰੀ ਸੰਗਤ ਦੀ ਵੈਰਾਗ-ਲਗਨ ਵਿਚ ਲਗਾਤਾਰ ਸੁੱਟ ਰਹੇ ਹਨ। ਸੰਗਤ ਦਾ ਵਜੂਦ ਉਹਨਾਂ ਦੀ ਗੁਰੂ-ਚੁੱਪ ਵਿਚੋਂ ਉਭਰ ਰਿਹਾ ਸੀ। ਗੁਰੂ- ਚੁੱਪ ਵਿਚ ਬਖਸ਼ਿਸ਼ ਦਾ ਕਿੰਨਾ ਕੁ ਜ਼ੋਰ ਹੈ? ਜੁਆਬ ਹੈ, ਓਨਾ ਜਿੰਨੀ ਕਿ ਸੰਗਤ ਹੈ; ਸੰਗਤ ਓਨੀ ਹੈ, ਜਿੰਨੀ ਕਿ ਉਹ ਗੁਰੂ ਨੂੰ ਵੇਖ ਸਕਦੀ ਹੈ; ਗੁਰੂ ਓਨਾ ਕੁ ਵੇਖਿਆ ਜਾ ਸਕੇਗਾ, ਜੇਡੀ ਕੁ ਉਸ ਦੀ ਬਖਸ਼ਿਸ਼ ਹੈ ਅਤੇ ਬਖਸ਼ਿਸ਼ ਫੇਰ ਹੀ ਅਥਾਹ ਹੈ, ਜੇ ਗੁਰੂ-ਚੁੱਪ ਅਥਾਹ ਹੈ।
ਸੇਈ ਪੂਰੇ ਸਾਹ ਜਿਨੀ ਪੂਰਾ ਪਾਇਆ॥
ਅਠੀ ਵੇਪਰਵਾਹ ਰਹਨਿ ਇਕਤੈ ਰੰਗਿ॥
ਦਰਸਨਿ ਰੂਪਿ ਅਥਾਹ ਵਿਰਲੇ ਪਾਈਅਹਿ॥
ਕਰਮਿ ਪੂਰੈ ਪੂਰਾ ਗੁਰੂ ਪੂਰਾ ਜਾ ਕਾ ਬੋਲੁ॥
ਨਾਨਕ ਪੂਰਾ ਜੇ ਕਰੇ ਘਟੈ ਨਾਹੀ ਤੋਲੁ॥
(ਵਾਰ ਮਾਝ, ਮਹਲਾ ੨, ਪੰਨਾ ੧੪੬)
ਏਥੇ ਗੁਰੂ ਦੀ ਪੂਰਨਤਾ ਬਿਲਕੁਲ ਪਰਤੱਖ ਹੈ; ਗੁਰੂ ਇਕ ਨਿਰੋਲ-ਨਿਸਚਿਤ ਅਮਲ ਵਿਚ ਦ੍ਰਿਸ਼ਟਮਾਨ ਹੋ ਰਿਹਾ ਹੈ; ਸਭ ਕੁਝ ਇਨਸਾਨੀ ਛੋਹ ਦੀ ਹੱਦ ਅੰਦਰ ਹੈ ਅਤੇ ਸਭ ਕੁਝ ਦਿੱਸ ਰਿਹਾ ਹੈ। ਦੂਜੇ ਪਾਸੇ ਗੁਰੂ ਦੇ ‘ਦਰਸਨਿ’ ਦੀ ਰਸਿਕਤਾ ਅਬਾਹ ਅਤੇ ਅਦ੍ਰਿਸ਼ਟ ਹੈ, ਜਿਹੜੀ ਕਿ ਇਕ ਐਸੀ ਪਾਤਸ਼ਾਹੀ ਦੀ ਬਖਸ਼ਣਹਾਰ ਹੈ, ਜਿਸ ਦੇ ਸਾਹਮਣੇ ਦੁਨੀਆਂ ਦੇ ਪਾਤਸ਼ਾਹਾਂ ਦੀਆਂ ਸ਼ਾਨਾਂ ਮਾਮੂਲੀ ਜੇਹੇ ਦ੍ਰਿਸ਼ ਬਣ ਕੇ ਰਹਿ ਜਾਂਦੀਆਂ ਹਨ। ਉਥੇ ‘ਪੂਰੇ ਸਾਹ’ ਦੇ ਸਾਹਮਣੇ ਕਾਲਾਂ ਦੇ ਕਾਲ ਚੋਗਾ ਚੁਗਦੇ ਹਨ; ਇਹ ਲੋਕ ਦੁਨੀਆਂ ਦੀਆਂ ਬਾਦਸ਼ਾਹੀਆਂ ਨੂੰ ਬੱਚਿਆਂ ਦੀ ਖੇਡ ਵਾਂਗ ਏਧਰ ਉਧਰ ਉਛਾਲਦੇ ਹਨ। ਗੁਰੂ ਨਾਨਕ ਸਾਹਿਬ ਦਾ ਅਥਾਹ ਦਰਸਨਿ-ਰੂਪ ਵਾਹਿਗੁਰੂ ਦੀ ਸੱਚੀ ਅਤੇ ਆਖਰੀ ਨਿਸ਼ਾਨੀ ਹੈ, ਬਖਸ਼ਿਸ਼ ਦੀ ਪੂਰਨ ਰਸਿਕਤਾ ਹੈ; ਗੁਰੂ ਅੰਗਦ ਸਾਹਿਬ ਉਸ ਨੂੰ ਪਛਾਣ ਕੇ ‘ਪੂਰੇ ਸਾਹ’ ਹੋਏ ਹਨ। ਜਦ ਇਹ ‘ਪੂਰੇ ਸਾਹ’ ਆਪਣੇ ਅੰਦਰਲੇ ਰੂਹਾਨੀ ਜਲਵੇ ਨੂੰ ਕਿਸੇ ਪੂਰੀ ਨਿਗਾਹ ਨਾਲ ਵੇਖਦੇ ਹਨ; ਤਾਂ ਉਹ ਇਸ ਖੂਬਸੂਰਤੀ ਨੂੰ “ਜੋ ਹੈ ਸੋ ਹੈ” ਦੇ ਸਿਦਕ ਵਿਚ ਵੇਖਦੇ ਹਨ ਅਤੇ ਹਰ ਪਲ, ਹਰ ਰੰਗ, ਹਰ ਅਦਾ, ਹਰ ਤਰਜ਼ ਅਤੇ ਹਰ ਇਲਮ ਖੂਬਸੂਰਤੀ ਅਤੇ ਪ੍ਰਮਾਣਿਕਤਾ ਦੇ ਨੁਕਤੇ ਤੋਂ “ਜੋ ਹੈ ਜੋ ਹੈਂ” ਲੱਗਦੇ ਹਨ। ਸੋ ਜਦ ‘ਪੂਰੇ ਸਾਹ’ ਨੂੰ ਪੂਰਾ ਹਾਸਿਲ ਹੋ ਜਾਂਦਾ ਹੈ, ਤਾਂ ਸਾਹਿਬ ਦੀ ਨਦਰ ਦੇ ਸਾਰੇ ਪੈਂਡੇ ਦਿੱਸ ਪੈਂਦੇ ਹਨ। ਗੁਰੂ-ਚੁੱਪ ਦੀ ਅੰਤਮ-ਹੈ ਇਕੱਲ ਵਿਚ ਨਹੀਂ ਖਲੋਤੀ, ਕਿਉਂਕਿ “ਜੋ ਹੈ ਸੋ ਹੈ” ਦੀ ਖੂਬਸੂਰਤੀ ਇਸ ਦੇ ਨਾਲ ਹੈ, ਜੋ ਕਿ ਸਾਹਿਬ ਦੀ ਨਦਰ ਤੋਂ ਬਾਹਰ ਨਹੀਂ। ਅਸੀਂ ਆਖ ਸਕਦੇ ਹਾਂ, ਕਿ ਗੁਰੂ-ਚੁੱਪ ਵਿਚ ਸਾਹਿਬ ਦੀ ਤਰੁੱਠ ਕੇ ਦਿੱਤੀ ਦਾਤ ਮਿਲਦੀ ਹੈ। ਉਸ ਦੀ ਪੂਰਨਤਾ ਕਿਸੇ ਅਲਹਿਦਗੀ ਵਿਚ ਨਹੀਂ, ਸਗੋਂ ਸਹਿਬ ਦੀ ਅਸੀਸ ਦੇ ਅੰਦਰ ਹੈ। ਗੁਰੂ-ਚੁੱਪ ਸਵੈ ਦੀ ਇਕਾਗਰਤਾ ਨਾਨ ਘਿਰੀ ਹੋਈ ਨਸ਼ੀਲੀ ਸੁਤੰਤਰਤਾ ਵੀ ਨਹੀਂ, ਕਿਉਂਕਿ ਇਹ ਸਹਿਬ ਦੇ ਇਕਰਾਰ ਦੇ ਆਸਰੇ ਉੱਤੇ ਜੀਂਦੀ ਹੈ। ਇਹ ਪਰਤੱਖ – ਅਡੋਲਤਾ ਅਤੇ ਇਨਸਾਨੀ ਤਜਰਬੇ ਤੋਂ ਬਾਹਰਲੀ ਕਰਾਮਾਤ ਹੈ। ਸ਼ਾਇਦ ਇਹ ਬੇਜ਼ਬਾਨ ਅਹਿਸਾਸ ਤੋਂ ਵੀ ਅੱਗੇ ਹੈ, ਪਰ ਅਗਲੇਰੇ ਬਿਬੇਕ ਦਾ ਇਕ ਮੁਕੰਮਲ ਅਤੇ ਸਰਬ ਜੇਤੂ ਹੁਲਾਰਾ ਵੀ ਸਾਹਿਬ ਦੀ ਮਿਹਰ ਬਿਨਾਂ ਨਾ ਮੁਕੰਮਲ ਹੈ। ਗੁਰੂ ਅੰਗਦ ਸਾਹਿਬ ਹੋਰਾਂ ਇਸੇ ਲਈ ਫੁਰਮਾਇਆ ਨੇ:
ਏਹ ਕਿਨੇਹੀ ਦਾਤਿ ਆਪਸ ਤੇ ਜੋ ਪਾਈਐ॥
ਨਾਨਕ ਸਾ ਕਰਮਾਤਿ ਸਾਹਿਬ ਤੁਠੈ ਜੋ ਮਿਲੈ॥
(ਆਸਾ ਦੀ ਵਾਰ, ਮਹਲਾ ੨)
ਗੁਰੂ ਲਈ ਗੁਰੂ ਦੀ ਮਿਹਰ ਦਾ ਦੀਦਾਰ ਜ਼ਰੂਰੀ ਹੈ, ਕਿਉਂਕਿ ਇਸ ਮਿਹਰ ਵਿਚ ਹੀ ਉਸ ਦੀ ਸੰਗਤ ਹੈ। ਜਦ ਗੁਰੂ ਸੰਗਤਾਂ ਦੇ ਨਾਲ ਤੁਰਦਾ ਹੈ, ਫੇਰ ਹੀ ਸੰਗਤਾਂ ਗੁਰੂ ਦੇ ਦਰਬਾਰ ਵਿਚ ਪਹੁੰਚਦੀਆਂ ਹਨ।
ਆਖ਼ਿਰ ਭਾਈ ਬੁੱਢਾ ਜੀ ਨੇ ਸੰਗਤਾਂ ਦੀ ਪੰਜ ਛੇ ਮਹੀਨੇ ਦੀ ਵਿਆਕੁਲਤਾ ਪਿੱਛੋਂ ਗੁਰੂ ਅੰਗਦ ਸਾਹਿਬ ਦੀ ਇਕਾਂਤ ਦੇ ਦਰਵਾਜ਼ੇ ਨੂੰ ਜਾ ਖਟਕਾਇਆ। ਗੁਰੂ ਸਾਹਿਬ ਨੇ ਸੰਗਤ ਦਾ ਦੀਦਾਰ ਕਰਕੇ ਉੱਤੇ ਦਿੱਤੇ ਕੁੱਝ ਸਲੋਕਾਂ ਨੂੰ ਵੰਨ-ਵੰਨ ਦੀਆਂ ਮਿੱਠੀਆਂ ਸੁਰਾਂ ਵਿੱਚ ਇੰਝ ਗਾਇਣ ਕੀਤਾ, ਕਿ ਉਹਨਾਂ ਦੀ ਉੱਚਤਾ ਅਤੇ ਦੈਵੀ ਸੰਗੀਤ ਦੀ ਬਹੁ-ਰਸਿਕਤਾ ਦਾ ਅਨੁਮਾਨ ਲਾਉਣਾ ਸਾਡੇ ਲਈ ਕਠਨ ਹੈ। ਹਾਂ, ਉਹਨਾਂ ਦੇ ਸਿਰ ਉੱਤੇ “ਛਤ ਨਿਰੰਜਨੀ” ਝੁਲਦਾ ਸਾਰੀ ਸੰਗਤ ਨੇ ਵੇਖਿਆ ਅਤੇ ਗੁਰੂ ਗ੍ਰੰਥ ਸਾਹਿਬ ਨੇ ਇਸ ਦੀ ਗਵਾਹੀ ਦਿੱਤੀ : ਗੁਰੂ ਅੰਗਦ ਨਾਨਕ ਵਾਲੀ ਹੀ ‘ਜੁਗਿਤ’ ਵੀ ਹੈ । ਉਹ ਅਰਸ਼ਾ ਤੋਂ ਵਰ੍ਹ ਰਹੇ ਮੋਲ੍ਹੇਧਾਰ ਨੂਰ ਵਿਚ ਰਸ-ਵਿਸਮਾਦ ਦੀ ਮੂਰਤ ਬਣੇ ਬੈਠੇ ਹਨ, ਆਪਣੇ ਦੀਦਾਰ ਦੀ ਪਾਵਨਤਾ ਨਾਲ ਜਨਮ ਜਨਮ ਦੀ ਮੈਲ ਕੱਟ ਰਹੇ ਹਨ ।
ਗੁਰੂ ਅੰਗਦ ਸਾਹਿਬ ਨੇ ਸੰਗਤਾਂ ਵਿਚ ਪ੍ਰਗਟ ਹੋ ਕੇ ਇਸ ਨੂੰ ਗੁਰੂ ਅਹਿਸਾਸ ਦੀ ਸ਼ਿੱਦਤ ਵਿਚ ਬਦਲ ਦਿੱਤਾ। ਗੁਰੂ-ਚੁੱਪ ਵਿਚੋਂ ਗੁਰੂ- ਅਹਿਸਾਸ ਵੜ੍ਹਿਆਂ ਹੋਇਆਂ ਦਰਿਆਵਾਂ ਵਾਂਗ ਨਿਕਲਿਆ ਸੀ। ਇਹ ਗੁਰੂ-ਅਹਿਸਾਸ ਡਿੱਠ ਵਿਚ ਅਣਡਿੱਠ ਦਾ ਸਿਮਰਨ ਸੀ, ਛਲ ਦੀਆਂ ਲਹਿਰਾਂ ਵਿਚ ‘ਅਛਲ’ ਦਾ ਸਬਰ-ਸਿਦਕ ਸੀ । ਇਹ ਰੂਹ ਦੇ ਹਰ ਪੜਾ ਦਾ ਹੁਕਮ ਸੀ ਅਤੇ ਫੇਰ ਨਦਰ ਸੀ। ਇਸ ਗੁਰੂ-ਅਹਿਸਾਸ ਵਿਚ ਗੁਰੂ ਨਾਨਕ ਸਾਹਿਬ ਦੀ ਤਲਾਸ਼ ਦੇ ਸਾਰੇ ਰਾਹ ਮੌਜੂਦ ਸਨ; ਏਥੇ ਗੁਰੂ ਨਾਨਕ-ਸੱਚ ਦੇ ਸਾਰੇ ਅੱਖਰਾਂ ਦੀ ਪਰਾ-ਗਿਆਨੀ ਲਿਸ਼ਕ ਸੀ । ਇਹ ਗੁਰੂ- ਅਹਿਸਾਸ ਗੁਰੂ ਨਾਨਕ ਸਾਹਿਬ ਨੂੰ ਮਿਲਣ ਦੀ ਸਭ ਤੋਂ ਨਿਆਰੀ ਤਾਂਘ ਨਾਲ ਛਲਕ ਰਿਹਾ ਸੀ, ਅਤੇ ਇਸ ਵਿਚ ਉਹਨਾਂ ਦੇ ਮੁਰਿਦਾਂ ਦੀ ਇਕ ਨੁਕਤੇ ਵੱਲ ਲੱਗੀ ਇਕੋ ਨਿਗਾਹ ਦਾ ਜ਼ੋਰ ਸੀ। ਇਹ ਇਕ ਐਸਾ ਅਸਗਾਹ ਸੀ, ਜੋ ਕਿ ਅਰੂਪ, ਅਸੀਮ ਅਤੇ ਅਕੱਥ ਹੁੰਦਾ ਹੋਇਆ ਵੀ ਸੰਗਤ ਦਾ ਕਥਨ ਬਣਨ ਲਈ ਲੋਚਵਾਨ ਸੀ।
ਸੋ ਸਿੱਖ-ਸੰਗਤ ਗੁਰੂ-ਚੁੱਪ ਦੇ ਅਸਗਾਹ ਦਾ ਹੀ ਇਕ ਦ੍ਰਿਸ਼ ਹੈ। ਗੁਰੂ ਸਾਹਿਬ ਫੂਰਮਉਂਦੇ ਹਨ, ਕਿ ਚੌਥੇ ਪਹਿਰ ਸੁਬਹਾਣੋਂ ਸੁਬਹ ਅੰਦਰ ਚਾਉ ਦੀਆਂ ਲਹਿਰਾਂ ਉੱਠਦੀਆਂ ਹਨ। ਸੁਰਤੀ ਵਿਗਾਸ ਦੀਆਂ ਸਰੀਆਂ ਹੱਦਾਂ ਲੰਘ ਜਾਂਦੀ ਹੈ। ਤਦੋਂ ਦਰਿਆ ਵਰਗੇ ਗੁਰਮੁੱਖਾਂ ਨਾਲ ਦੋਸਤੀ ਪੈਂਦੀ ਹੈ। ਸੋ ਸੰਗਤ ਗੁਰੂ- ਅਹਿਸਾਸ ਦੇ ਸੁੱਚਾ-ਨਵੇਲਾ ਚਾਉ ਹੈ, ਗੁਰੂ ਨਾਨਕ-ਸੱਚ ਦਾ ਜੇਤੂ ਛਿਣ ਹੈ, ਪਦਾਰਥ ਦੀਆਂ ਬੇ-ਵਕਤ ਬੇਸੁਰੀਆਂ ਵਿਚ ‘ਜੋ ਹੈ ਸੋ ਹੈ’ ਦਾ ਪਰਮ ਧਰਵਾਸ ਹੈ। ਸੰਗਤ ਗਿਣਤੀ-ਮਿਣਤੀ ਦੇ ਇਸ਼ਾਰਿਆਂ ਤੋਂ ਬਹੁਤ ਉੱਪਰ ਹੈ; ਇਹ ਤਾਂ ਉਸ ਗੁਰੂ-ਅਹਿਸਾਸ ਦਾ ਦ੍ਰਿਸ਼ਟੀਮਾਨ ਚਿੰਨ੍ਹ ਹੈ, ਜਿਸ ਵਿਚ ਕਿ ਤੀਜੇ ਰਾਹ ਦਾ ਸੱਚਾ ਇਕਰਾਰ ਹੈ। ਯਾਦ ਰਹੇ, ਗੁਰੂ ਨਾਨਕ ਸਾਹਿਬ ਦਾ ਚਲਾਇਆ ਤੀਜਾ ਰਾਹ ਪਰਤੱਖ ਅਸਲੀਅਤ ਦਾ ਹਿੱਸਾ ਹੋਣ ਦੇ ਬਾਵਜੂਦ ਵੀ ਗੁਰੂ-ਅਹਿਸਾਸ ਦੇ ਅਕੱਥ ਪ੍ਰਵਾਹ ਵਿਚ ਮੌਜੂਦ ਹੈ। ਸੰਗਤ ਗੁਰੂ-ਅਹਿਸਾਸ ਦੀ ਜਾਗਦੀ ਜੋਤ ਹੈ, ਜਿਸ ਵਿਚ ਕਿ ਤੀਜੇ ਰਾਹ ਦੀ ਸੰਪੂਰਣ ਛੋਹ ਹੈ ਅਤੇ ਇਸ ਛੋਹ ਨੂੰ ਪੂਰੀ ਤਰ੍ਹਾਂ ਬਿਆਨ ਨਹੀਂ ਕੀਤਾ ਜਾ ਸਕਦਾ, ਕਿਉਂਕਿ ਇਹ ਹਜ਼ਰਤ ਮੂਸਾ ਦਾ ਦਸ ਨੁਕਤੀਆ ਵਿਧਾਨ ਨਹੀਂ।
ਜਦੋਂ ਦੇਵੀ ਦਾ ਭਗਤ ਕਿਦਾਰੂ ਹਿੰਦੂ ਕਰਮ-ਕਾਂਡ ਦੀ ਬੇਜਾਨ ਇਕੱਲਤਾ ਵਿਚ ਕੁਰਲਾਉਂਦਾ ਹੈ, ਤਾਂ ਉਸ ਤ੍ਰਿਸ਼ਨਾ ਨਾਲ ਦਰਮਾਂਦੇ ਬਲਹੀਣ ਜੀਵ ਨੂੰ ਸੰਗਤ ਦੀ ਨਦੀ ਵੱਲ ਤੋਰ ਦਿੱਤਾ ਜਾਂਦਾ ਹੈ। ਲੰਮੇ ਉਪਦੇਸ਼ਾਂ ਦੀ ਲੋੜ ਨਹੀਂ, ਸੰਗਤ ਰਸਿਕ ਨਾਮ ਦੀ ਨੁਹਾਰ ਹੈ, ਰਸਿਕ ਨਾਮ ਗੁਰੂ-ਚੁੱਪ ਵਿਚੋਂ ਆਇਆ ਹੈ; ਗੁਰੂ- ਚੁੱਪ ਵਿੱਚ ਗੁਰੂ-ਨਾਨਕ ਸੱਚ ਦਾ ਰੋਸ਼ਨ ਕਪਾਟ ਹੈ। ਸੰਗਤ ਅਸ਼ਟ ਮਾਰਗ ਦੇ ਵਿਧਾਨ ਤੋਂ ਅੱਗੇ ਹੈ, ਕਿਉਂਕਿ ਇਸਦੇ ਵਿਧਾਨ ਵੀ ਗੁਰੂ-ਅਹਿਸਾਸ ਵਿਚੋਂ ਪੈਦਾ ਹੋਈ ਸੰਗਤ ਹਨ ਅਤੇ ਇਹ ਜਿਨ੍ਹਾਂ ਅੱਖਰਾਂ ਵੱਲ ਵੇਖਦੀ ਹੈ, ਉਹ ਵੀ ਗੁਰੂ ਹਨ। ਸੰਘ ਵਿਚ ਇਸਤਰੀ ਦੀ ਸ਼ਮੂਲੀਅਤ ਪਿੱਛੋਂ ਭਗਵਾਨ ਬੁੱਧ ਨੂੰ ਸੰਘ ਦੀ ਕੇਵਲ ਪੰਜ ਸੌ ਸਾਲ ਦੀ ਉਮਰ ਦਾ ਅਨੁਮਾਨ ਕਿਸੇ ਭੈਅ ਵਿਚ ਡੋਬਦਾ ਸੀ; ਪਰ ਗੁਰੂ ਅੰਗਦ ਸਾਹਿਬ ਦੀ ਸੰਗਤ ਤੇ ਇਸਤਰੀ-ਪੁਰਖ ਅਕੱਥ ਕਾਲ ਵਿਚ ਵਿਚਰਦੇ ਹਨ, ਕਿਉਂਕਿ ਉਹ ਗੁਰੂ-ਅਹਿਸਾਸ ਦਾ ਹੀ ਜਿਸਮ ਹਨ, ਅਤੇ ਗੁਰੂ-ਅਹਿਸਾਸ ਸੈਆਂ-ਹਜ਼ਾਰਾਂ ਸੂਰਜਾਂ-ਚੰਨਾਂ ਦੇ ਪ੍ਰਾਪਤ ਸੱਜਦੇ ਤੋਂ ਬਾਹਰ ਵਿਚਰਦਾ ਹੈ।
ਗੁਰੂ ਗ੍ਰੰਥ ਸਾਹਿਬ ਵਿਚ ਆਉਂਦਾ ਹੈ, ਕਿ ਇਕ ਪਾਸੇ ਤਾਂ ਗੁਰੂ ਅੰਗਦ ਸਾਹਿਬ ਨਾਮ ਦਾ ਅਤੁੱਟ ਲੰਗਰ ਵਰਤਾ ਰਹੇ ਸਨ, ਪਰ ਦੂਜੇ ਪਾਸੇ ਇਕ ਐਸਾ ਲੰਗਰ ਵੀ ਚਲ ਰਿਹਾ ਸੀ, ਜਿਸ ਵਿਚ ਘਿਉ ਵਾਲੀ ਖੀਰ ਵਰਤੀਂਦੀ ਸੀ। ਇਹ ਲੰਗਰ ਯਜੁਰ ਵੇਦ ਦੇ ਯੱਗ ਵਾਂਗ ਕੋਈ ਧਰਮ-ਯੋਜਨਾ ਜਾਂ ਕਿਸੇ ਕਰਮ-ਕਾਂਡੀ ਤਰਕ ਦੀ ਉਪਜ ਨਹੀਂ, ਇਸ ਪਿੱਛੇ ਸਾਧਾਰਣ ਪੁੰਨ ਦਾਨ ਦੀ ਉਪਯੋਗਵਾਦੀ ਬਿਰਤੀ ਵੀ ਕੰਮ ਨਹੀਂ ਕਰ ਰਹੀ; ਇਹ ਸੁਧਾਰਵਾਦੀ ਵਿਧੀ ਦਾ ਕੋਈ ਸਮਾਜਿਕ ਕ੍ਰਿਸ਼ਮਾ ਵੀ ਨਹੀਂ ਅਤੇ ਨਾਂਹ ਹੀ ਇਸ ਨੂੰ ਕਿਸੇ ਨਵੀਂ ਉੱਠੀ ਜਾਤੀ ਦਾ ਕ੍ਰਾਂਤੀਕਾਰੀ ਕਦਮ ਆਖਿਆ ਜਾ ਸਕਦਾ ਹੈ; ਸਗੋਂ ਲੰਗਰ ਡੂੰਘਾ ਗੁਰੂ-ਅਹਿਸਾਸ ਹੈ। ਇਹ ਕਿਸੇ ਅਕੱਥ ਪ੍ਰਤੀਤੀ ਦਾ ਅੰਗ ਹੈ, ਜਿਹੜੀ ਕਿ ਰਾਜਸੀ ਅਤੇ ਸਮਾਜਿਕ ਪਰੀਵਰਤਨਾਂ ਦੇ ਅਧੀਨ ਨਹੀਂ। ਜਿਵੇਂ ਸਿੱਖ ਲਈ ਗੁਰਮੁਖੀ ਅੱਖਰ ਹਨ, ਲੰਗਰ ਵੀ ਸਿੱਖ-ਯਾਦ ਦਾ ਉਸੇ ਤਰ੍ਹਾਂ ਦਾ ਅੰਗ ਹੈ।