ਸਿੱਖ ਸੰਘਰਸ਼ ਦਾ ਵਰਤਾਰਾ

ਸਿੱਖ ਸੰਘਰਸ਼ ਦਾ ਵਰਤਾਰਾ

ਜਦੋਂ ਵੱਡੇ ਸੰਘਰਸ਼ ਲੜੇ ਜਾਂਦੇ ਹਨ ਤਾਂ ਉਹ ਆਪਣੇ ਪੂਰਨ ਜਲੌਅ ਦੇ ਸਮੇਂ ਕਈ ਛੋਟੀਆਂ ਸ਼ਖ਼ਸੀਅਤਾਂ, ਆਮ ਵਰਤਾਰਿਆਂ ਅਤੇ ਮਾਮੂਲੀ ਘਟਨਾਵਾਂ ਨੂੰ ਵੀ ਆਪਣੀ ਬੁੱਕਲ ‘ਚ ਲੈਕੇ ਉਨ੍ਹਾਂ ਦੀ ਹਸਤੀ ਨੂੰ ਵੱਡਾ ਕਰ ਦਿੰਦੇ ਹਨ। ਇਹ ਉਨ੍ਹਾਂ ਸੰਘਰਸ਼ਾਂ ਦੇ ਉੱਚੇ ਆਦਰਸ਼, ਉਨ੍ਹਾਂ ਵਿੱਚ ਚੱਲ ਰਹੀ ਸੁੱਚੀ ਅਰਦਾਸ ਅਤੇ ਅਕਾਲ ਪੁਰਖ ਦੀ ਕਿਰਪਾ ਨਾਲ ਚਲ ਰਹੇ ਸ਼ਰੀਰਾਂ ਅਤੇ ਵਿਚਾਰਾਂ ਦੀ ਬਦੌਲਤ ਹੁੰਦਾ ਹੈ। ਇਨ੍ਹਾਂ ਖਾਸ ਤਰ੍ਹਾਂ ਦੇ ਇਤਿਹਾਸਿਕ ਵਰਤਾਰਿਆਂ ‘ਚ ਆਮ ਇਨਸਾਨ ਵੀ ਆਪਣੀ ਤੁੱਛ ਸੋਚ, ਵਿਕਾਰੀ ਮਨੋਬਿਰਤੀਆਂ ਅਤੇ ਆਲਸੀ ਕਰਮਾਂ ਤੋਂ ਉੱਚਾ ਉਠ ਕੇ ਆਪਣਾ ਯੋਗਦਾਨ ਪਾਉਂਦਾ ਹੈ। ਇਹ ਉਹ ਆਪਣੇ ਹਿੱਕ ਦੇ ਜ਼ੋਰ ਤੇ ਨਹੀਂ ਕਰਦਾ ਬਲਕਿ ਉਹਨਾਂ ਮਹਾਨ ਵਰਤਾਰਿਆਂ ਅਤੇ ਪਵਿੱਤਰ ਲਹਿਰਾਂ ਦਾ ਜ਼ੋਰ ਹੁੰਦਾ ਜਿਹੜਾ ਛੋਟਿਆਂ ਨੂੰ ਵੀ ਆਪਣੇ ਨਾਲ ਖਿੱਚ ਕੇ ਵੱਡੀਆਂ ਸੇਵਾਵਾਂ ਲੈ ਲੈਂਦਾ।

ਸਿੱਖ-ਸੰਘਰਸ਼ ਦਾ ਦੁਨਿਆਵੀ ਧਰਾਤਲ ਉੱਤੇ ਵਰਤਾਰਾ:
ਜਿੰਨਾ ਜਿੰਨਾ ਗੁਰੂ ਮਹਾਰਾਜ ਕਿਰਪਾ ਕਰਦੇ ਜਾਂਦੇ, ਉਨ੍ਹਾਂ ਹੀ ਪੰਥ ਦੇ ਨਿਮਾਣੇ ਸੇਵਕ ਸਿਦਕ ਅਤੇ ਸਿਰੜ ਦੇ ਵਿੱਚ ਭਿੱਜਦੇ ਜਾਂਦੇ ਹਨ ਅਤੇ ਉਨਾਂ ਹੀ ਉਹ ਗੁਰੂ ਖਾਲਸਾ ਪੰਥ ਦੇ ਨੇੜੇ ਹੁੰਦੇ ਜਾਂਦੇ ਹਨ। ਉਨ੍ਹਾਂ ਵਿਚੋਂ ਕਈ, ਜਿਨ੍ਹਾਂ ਦੀ ਸ਼ਹਾਦਤਾਂ ਦੀ ਅਰਦਾਸ ਦਰਗਾਹ ਵਿਚ ਕਬੂਲ ਹੁੰਦੀ, ਉਹ ਉੱਚੇ ਮਰਤਬੇ ਨੂੰ ਅਪੜ ਜਾਂਦੇ ਅਤੇ ਸੁਰਖਰੂ ਹੋ ਕੇ ਇਸ ਦੁਨੀਆ ਤੋਂ ਚੜ੍ਹਾਈ ਕਰ ਜਾਂਦੇ।
ਜੋ ਸ਼ਹਾਦਤ ਦੇ ਮਰਤਬੇ ਤੋਂ ਵਾਂਝਾ ਰਹਿ ਜਾਂਦੇ ਹਨ, ਸਮੇਂ ਨਾਲ ਉਹ ਵੱਖ ਵੱਖ ਰਾਹ ਆਪਣਾ ਲੈਂਦੇ। ਜਿਸਨੂੰ ਜਿਸ ਤਰ੍ਹਾਂ ਦੀ ਸੰਗਤ ਗੁਰੂ ਬਖਸ਼ਦਾ, ਉਹ ਉਸ ਤਰ੍ਹਾਂ ਦੇ ਰਸਤੇ ਚਲਾ ਜਾਂਦਾ। ਕਈ ਸੰਘਰਸ਼ ਵਿੱਚ ਹੀ ਰਹਿੰਦੇ ਬਸ ਸਮੇਂ ਅਨੁਸਾਰ ਉਸਦਾ ਤਰੀਕਾ ਬਦਲ ਦਿੰਦੇ, ਕੁੱਝ ਨਵੇਂ ਰਾਹ ਅਖਤਿਆਰ ਕਰ ਲੈਂਦੇ।ਕੁੱਝ ਬੇਮੁਖ ਹੋ ਜਾਂਦੇ, ਕੁੱਝ ਖੁਆਰ ਹੋ ਜਾਂਦੇ। ਕੁਝ ਮੁੜ ਇੰਤਜ਼ਾਰ ਚ ਚਲੇ ਜਾਂਦੇ ਜਦੋਂ ਤਕ ਕਿ ਮੁੜ ਓਹੋ ਜਿਹਾ ਵੱਡਾ ਵਰਤਾਰਾ ਉਨ੍ਹਾਂ ਨੂੰ ਫੇਰ ਖਿੱਚ ਨਹੀਂ ਲੈਂਦਾ।

ਸਿੱਖ-ਸੰਘਰਸ਼ ਦਾ ਮਨੋਰਥ ਅਤੇ ਲਹਿਰਾਂ ਦੀ ਚਾਲ
ਸਿੱਖਾਂ ਦਾ ਆਪਣਾ ਕੋਈ ਨਿੱਜੀ ਨਿਸ਼ਾਨਾ ਨਹੀਂ ਹੁੰਦਾ। ਸਿੱਖਾਂ ਦਾ ਨਿਸ਼ਾਨਾ ਅਤੇ ਜੀਵਨ ਜਿਊਣ ਦਾ ਤਰੀਕਾ ਗੁਰੂ ਮਹਾਰਾਜ ਨੇ ਹੀ ਨਿਸ਼ਚਤ ਕੀਤਾ ਹੈ।ਗੁਰੂ ਮਹਾਰਾਜ ਨੇ ਹੀ ਆਮ ਜੀਵਨ ਚ ਨਾਮ, ਦਾਨ, ਇਸ਼ਨਾਨ ਦੀ ਜੀਵਨ-ਜਾਚ ਸਿੱਖਾਂ ਵਾਸਤੇ ਨਿਸ਼ਚਤ ਕੀਤੀ ਹੈ। ਸਿੱਖਾਂ ਦੀ ਸਮੂਹਿਕ ਜੀਵਨ ਜਾਚ ਵਿੱਚ ਗਰੀਬ ਦੀ ਰੱਖਿਆ ਅਤੇ ਜਰਵਾਣੇ ਦੀ ਭਖਿਆ ਦਾ ਪਵਿੱਤਰ ਫਰਜ਼ ਖਾਲਸੇ ਉਤੇ ਆਇਦ ਕੀਤਾ ਹੈ। ਖਾਲਸਾ ਇਸ ਮਹਾਨ ਫਰਜ਼ ਦੀ ਪਾਲਣਾ, ਸਮੇਂ ਸਮੇਂ ਉੱਤੇ ਵੱਖੋ ਵੱਖ ਕਿਸਮ ਦੇ ਸੰਘਰਸ਼ ਲੜ ਕੇ ਅਤੇ ਸਮੇਂ-ਕਾਲ ਦੇ ਅਨੁਸਾਰ ਵੱਖੋ ਵੱਖ ਪ੍ਰੋਗਰਾਮ ਮਿੱਥ ਕੇ ਕਰਦਾ ਹੈ।
ਜਿਸ ਤਰ੍ਹਾਂ ਦੇ ਖਾਲਸੇ ਦੇ ਬੋਲ ਬਾਲੇ ਦੀ ਮਕਬੂਲੀਅਤ ਸਿੱਖ ਸਮਾਜ ਵਿੱਚ ਹੁੰਦੀ ਹੈ; ਸਿੱਖਾਂ ਦੀ ਸਮੂਹਿਕ ਦਿਸ਼ਾ ਅਤੇ ਦਸ਼ਾ ਹੁੰਦੀ ਹੈ ਅਤੇ ਕੁੱਝ ਹੱਦ ਤਕ ਸਮੇਂ ਕਾਲ ਅਤੇ ਸਥਾਨ ਦੇ ਹਾਲਾਤ ਹੁੰਦੇ ਹਨ, ਉਸ ਤਰ੍ਹਾਂ ਦੀਆਂ ਲਹਿਰਾਂ ਗੁਰੂ ਦੀ ਕਿਰਪਾ ਨਾਲ ਖਾਲਸੇ ਵਲੋਂ ਸਿਰਜੀਆਂ ਜਾਂਦੀਆਂ ਹਨ।

ਗਰੀਬ ਦੀ ਰੱਖਿਆ ਅਤੇ ਜਰਵਾਣੇ ਦੀ ਭਖਿਆ ਦੇ ਸਦੀਵੀ ਫਰਜ਼ ਦੀ ਪਾਲਣਾ ਕਰਦਿਆਂ, ਕਈ ਵਾਰ ਲਹਿਰਾਂ ਸੈਨਿਕ ਹੁੰਦੀਆਂ ਹਨ , ਕਈ ਵਾਰ ਬੌਧਿਕ ਅਤੇ ਕਈ ਵਾਰ ਰੂਹਾਨੀ ਸਤਿਹ ਤੇ ਵੀ ਲੜੀਆਂ ਜਾਂਦੀਆਂ ਹਨ। ਕਿਸੇ ਖਾਸ ਇਤਿਹਾਸਿਕ ਮੌਕਿਆਂ ਉੱਤੇ ਇਨ੍ਹਾਂ ਸਾਰੀਆਂ ਤਰ੍ਹਾਂ ਦੇ ਹੱਲੇ ਇਕੱਠੇ ਵੀ ਬੋਲੇ ਜਾ ਸਕਦੇ ਹਨ।

ਸੰਘਰਸ਼ੀ ਲਹਿਰਾਂ : ਸਿੱਖ-ਯਾਦ ਦੀ ਰੌਸ਼ਨੀ ‘ਚ
ਇਸੇ ਤਰ੍ਹਾਂ ਇਤਿਹਾਸ ਵਿੱਚ ਇਹ ਵੀ ਵੇਖਿਆ ਗਿਆ ਹੈ ਕਿ ਲਹਿਰਾਂ ਦੇ ਦੁਨਿਆਵੀ ਧਰਾਤਲ ਉੱਤੇ ਹਥਕੰਡੇ, ਪ੍ਰੋਗਰਾਮ ਅਤੇ ਮਿੱਥੇ ਨਿਸ਼ਾਨੇ ਵੀ ਬਦਲਦੇ ਰਹਿੰਦੇ ਹਨ।ਅਗਰ ਕੋਈ ਚੀਜ਼ ਨਹੀਂ ਬਦਲਦੀ ਤਾਂ ਉਹ ਹੁੰਦਾ ਹੈ ਸਿੱਖਾਂ ਦਾ ਸਮੂਹਿਕ ਮਨੋਰਥ( ਜੋ ਫਰਜ਼ ਗੁਰੂ ਨੇ ਸਾਡੇ ਉੱਤੇ ਆਇਦ ਕੀਤਾ ਹੈ!) ਅਤੇ ਖਾਲਸੇ ਦਾ ‘ਪਾਤਸ਼ਾਹੀ ਦਾਅਵਾ’ ਜੋ ਖਾਲਸੇ ਨੂੰ ਅਕਾਲ ਪੁਰਖ ਦੀ ਬਖਸ਼ਿਸ਼ ਹੈ। ਬਾਕੀ ਸਾਰੇ ਪ੍ਰੋਗਰਾਮ; ਪ੍ਰੋਜੈਕਟ; ਵੱਖ ਵੱਖ ਮਰਹਲਿਆਂ ਤੇ ਲਏ ਗਏ ਫੈਸਲੇ; ਸਦੀਵੀ ਮਨੋਰਥ ਅਤੇ ਪਵਿੱਤਰ ਫਰਜ਼ ਦੀ ਪੂਰਤੀ ਲਈ ਮਿਥੇ ਗਏ ਵਕਤੀ ਨਿਸ਼ਾਨੇ – ਇਹ ਸਭ ਸਥਾਨ ਅਤੇ ਕਾਲ ਦੇ ਵੱਸ ਹਨ।

ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ ਜੋਤ ਸਮਾਉਣ ਦੇ ਬਾਅਦ ਖਾਲਸੇ ਨੇ ਜਿਹੜੀ ਪਹਿਲੀ ਜੱਦੋ-ਜਹਿਦ ਕੀਤੀ, ਉਸਦਾ ਨਿਸ਼ਾਨਾ ਸਰਹਿੰਦ ਫਤਹਿ ਕਰਨੀ ਸੀ। ਉਨ੍ਹਾਂ ਜ਼ੁਲਮੀ ਰਾਜ ਦੀਆਂ ਨੀਹਾਂ ਹਿੱਲਾ ਸੁੱਟੀਆਂ ਅਤੇ ਖਾਲਸਾ ਰਾਜ ਸਥਾਪਿਤ ਕਰ ਦਿੱਤਾ। ਇਹ ਇਕ ਸੈਨਿਕ ਲਹਿਰ ਸੀ, ਜਿਸਦਾ ਨਿਸ਼ਾਨਾ ਪੰਜਾਬ ਦੇ ਜ਼ਾਲਮ ਰਾਜ ਨੂੰ ਉਖਾੜ ਸੁੱਟਣਾ ਸੀ।

ਜਦੋਂ ਬਾਬਾ ਬੰਦਾ ਸਿੰਘ ਬਹਾਦਰ ਸ਼ਹੀਦ ਹੋ ਗਏ ਤਾਂ ਕਾਫੀ ਸਮਾਂ ਸਿੱਖਾਂ ਨੇ ਮੁੜ ਸਰਹਿੰਦ ਫ਼ਤਹਿ ਕਰਨ ਦੀ ਮੁਹਿੰਮ ਨਹੀਂ ਚਲਾਈ। ਕਿਉਂਕਿ ਸਥਾਨ ਅਤੇ ਕਾਲ ਦੇ ਬਦਲਣ ਨਾਲ ਵੱਖਰੀ ਕਿਸਮ ਦੀਆਂ ਚੁਣੌਤੀਆਂ ਪੈਦਾ ਹੋਈਆਂ ਅਤੇ ਉਨ੍ਹਾਂ ਨੂੰ ਨਜਿੱਠਣ ਲਈ ਵੱਖਰੀ ਕਿਸਮ ਦੀ ਲਹਿਰਾਂ ਚੱਲੀਆਂ।

ਕੁਝ ਸਮਾਂ ਖਾਲਸੇ ਨੇ ਆਪਣੀ ਅੰਦਰੂਨੀ ਸ਼ਕਤੀ ਨੂੰ ਮਜ਼ਬੂਤ ਕੀਤਾ। ਬਾਬਾ ਦੀਪ ਸਿੰਘ ਜੀ ਵਰਗੇ ਪੰਥ ਦੇ ਮਹਾਨ ਸੇਵਕਾਂ ਨੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਲਿਖਣ ਦੀ ਸੇਵਾ ਆਰੰਭੀ ਅਤੇ ਨਾਲ ਹੋਰ ਭਾਸ਼ਾਵਾਂ ਵਿਚ ਗੁਰਬਾਣੀ ਦੇ ਉਲਥੇ ਕੀਤੇ ਤਾਂ ਜੋ ਦੂਰ ਦਰਾਜ ਦੇ ਸਿੱਖ ਅਤੇ ਹੋਰ ਮੱਤ ਮਤਾਂਤਰਾਂ ਦੇ ਪੈਰੋਕਾਰ ਗੁਰਬਾਣੀ ਨਾਲ ਜੁੜ ਸਕਣ। ਇਸਦੇ ਨਾਲ ਹੀ ਉਨ੍ਹਾਂ ਸਿੱਖਾਂ ਦੀ ਸਮੂਹਿਕ ਚੇਤਨਾ ਵਿੱਚ ਖਾਲਸੇ ਦੇ ਉਚੇ ਨਿਸ਼ਾਨੇ ਉਤਾਰਨ ਲਈ ਯਤਨ ਕੀਤੇ । ਉਸ ਵੇਲੇ ਕੋਈ ਉਨ੍ਹਾਂ ਨੂੰ ਉੱਠ ਕੇ ਇਹ ਕਹਿੰਦਾ ਕਿ ਤੁਸੀਂ ਆਹ ਕੀ ਕੰਮ ਫੜਿਆ , ਤੁਹਾਨੂੰ ਤਾਂ ਸਰਹਿੰਦ ਜਿੱਤਣੀ ਚਾਹੀਦੀ! ਤਾਂ ਇਹ ਕਿਸੇ ਛੋਟੀ ਮਾਨਸਿਕਤਾ ਚੋਂ ਨਿਕਲੀ ਗੱਲ ਹੀ ਹੋ ਸਕਦੀ ਸੀ। ਕੁਝ ਸਮੇਂ ਬਾਅਦ ਫੇਰ ਗੁਰੂ ਦੇ ਹੁਕਮ ਨਾਲ ਪੰਥ ਨੇ ਮੁੜ ਜਰਵਾਣੇ ਨਾਲ ਟੱਕਰ ਲਈ।

ਭਾਈ ਮਨੀ ਸਿੰਘ ਜੀ ਨੇ ਜਦੋਂ ਅਮ੍ਰਤਿਸਰ ਸਾਹਿਬ ਵਿਖੇ ਪੰਥ ਦਾ ਇਕੱਠ ਕਰਨ ਦੀ ਇਜਾਜ਼ਤ ਉਸ ਵੇਲੇ ਦੀ ਸਰਕਾਰ ਤੋਂ ਮੰਗੀ ਸੀ ਤਾਂ ਕੀ ਉਸਨੂੰ ਸਰਕਾਰ ਅੱਗੇ ਝੋਲੀ ਫੈਲਾਉਣ ਵਾਲਾ ਕੰਮ ਕਿਹਾ ਜਾ ਸਕਦਾ ਹੈ? ਮਿਸਲਾਂ ਵੇਲੇ ਸਿੱਖ ਸਰਕਾਰ ਨਾਲ ਲੜਦੇ ਵੀ ਰਹੇ , ਸਰਕਾਰ ਦੀ ਈਨ ਨਾ ਮੰਨੀ ਪਰ ਇਕ ਸਮੇਂ ਉੱਤੇ ਨਵਾਬੀ ਵੀ ਕਬੂਲ ਕੀਤੀ ( ਭਾਵੇਂ ਉਹ ਕੀਤੀ ਆਪਣੀਆਂ ਸ਼ਰਤਾਂ ਉੱਤੇ)।

ਇਹ ਸਭ ਨੀਤੀ-ਪੈਂਤੜੇ ਚਲਦੇ ਵੀ ਰਹੇ ਅਤੇ ਬਦਲਦੇ ਵੀ ਰਹੇ ਪਰ ਇੱਕ ਗੱਲ ਪੱਕੀ ਰਹੀ ਕਿ ਖਾਲਸੇ ਦਾ ਸਮਾਜਿਕ ਕਾਰ-ਵਿਹਾਰ, ਸੰਘਰਸ਼ ਦੇ ਪੈਂਤੜੇ ਦੀ ਅੰਦਰੂਨੀ ਚਾਲ ਅਤੇ ਦੁਸ਼ਮਣਾਂ ਨਾਲ ਨਜਿੱਠਣ ਦੇ ਵੱਖੋ-ਵੱਖ ਤਰੀਕਕਾਰਾਂ ਵਿੱਚ ਗੁਰੂ ਦੇ ਅਦਬ ਅਤੇ ਗੁਰੂ ਖਾਲਸਾ ਪੰਥ ਦੇ ਪਾਤਸ਼ਾਹੀ ਦਾਅਵੇ ਨਾਲ ਤੋੜ-ਵਿਛੋੜਾ ਨਹੀਂ ਕੀਤਾ ਗਿਆ।ਸੈਨਿਕ ਸੰਘਰਸ਼ਾਂ, ਦੁਨਿਆਵੀ ਸਮਝੌਤਿਆਂ ਜਾਂ ਪੰਥ ਦੇ ਬਹਿਰੂਨੀ ਮਸਲਿਆਂ ਕਰਕੇ ਵਕਤੀ ਹਾਕਮਾਂ ਨਾਲ ਨਜਿੱਠਣ ਵੇਲੇ ਕਿਸੇ ਵੀ ਕਿਸਮ ਦੇ ਦੁਨਿਆਵੀ ਪ੍ਰਭਾਵਾਂ ਨੂੰ ਆਪਣੀਆਂ ਰੂਹਾਨੀ ਕਦਰਾਂ ਕੀਮਤਾਂ ਉੱਤੇ ਹਾਵੀ ਨਹੀਂ ਹੋਣ ਦਿੱਤਾ ਅਤੇ ਖਾਲਸੇ ਦੇ ਸਮੂਹਿਕ ਦੈਵੀ ਜਲੌਅ ਨੂੰ ਬਰਕਰਾਰ ਰੱਖਿਆ।

ਖਾਲਸਾ ਸਦਾ ਕ੍ਰਿਆਸ਼ੀਲ ਹੈ ਅਤੇ ਉਸਦਾ ਸੰਘਰਸ਼ ਵੀ ਸਦਾ ਰਹਿਣਾ ਹੈ
ਸਥਾਨ – ਕਾਲ ਦੇ ਪ੍ਰਭਾਵ ਨਾਲ ਅੰਦਰੂਨੀ ਅਤੇ ਬਾਹਰੀ ਪਰਿਸਥਿਤੀਆਂ ਬਦਲਦੀਆਂ ਰਹੀਆਂ ਅਤੇ ਉਸ ਦੇ ਅਨੁਸਾਰ ਸਿੱਖਾਂ ਦੀਆਂ ਲਹਿਰਾਂ ਦਾ ਸਰੂਪ, ਜ਼ੋਰ , ਤਰਜ਼ ਅਤੇ ਨਿਸ਼ਾਨੇ ਬਦਲਦੇ ਰਹੇ। ਬਸ ਸਾਡਾ ਸਮੂਹਿਕ ਮਨੋਰਥ ਨਹੀਂ ਬਦਲਿਆ ਅਤੇ ਨਾ ਹੀ ਬਦਲ ਸਕਦਾ ਹੈ ਕਿਉਂਕਿ ਇਹ ਮਨੋਰਥ ਸਾਡਾ ਫੈਸਲਾ ਨਹੀਂ ਸਗੋਂ ਗੁਰੂ ਵਲੋਂ ਆਇਦ ਕੀਤਾ ਪਵਿੱਤਰ ਫਰਜ਼ ਹੈ।

ਸਮੇਂ ਸਮੇਂ ਉੱਤੇ ਸਿੱਖ ਸੰਗਤ ਇਕੱਠੀ ਹੋ ਕੇ ਗੁਰੂ ਖਾਲਸਾ ਪੰਥ ਦੀ ਸੇਵਾ ਚ ਗੁਰੂ ਪੰਥ ਵਲੋਂ ਮਿਥੇ ਗਏ ਨਿਸ਼ਾਨਿਆਂ ਦੀ ਪੂਰਤੀ ਲਈ ਆਪਣਾ ਯੋਗਦਾਨ ਪਾਉਂਦੀ ਰਹੀ ਹੈ।ਜਿਹੜੇ ਗੁਰੂ ਦੀ ਕਿਰਪਾ ਨਾਲ ਸੰਗਤ ਚੋਂ ਉੱਠ ਕੇ ਗੁਰੂ ਦੇ ਪਿਆਰੇ ਬਣਦੇ ਹਨ, ਉਸ ਗੁਰੂ ਲਿਵ ਵਿੱਚ ਵਿਚਰਦੇ ਪਿਆਰਿਆਂ ਅਤੇ ਸਿੱਖ ਸੰਗਤ ਨੂੰ ਖਾਸ ਮੌਕਿਆਂ ਉੱਤੇ ਗੁਰੂ ਖਾਲਸਾ-ਪੰਥ ਦੇ ਹਾਣ ਦਾ ਕਰਕੇ ਮਾਣ ਨਾਲ ਨਿਵਾਜਦਾ ਹੈ। ਉਸ ਗੁਰੂ ਲਿਵ ਵਿੱਚ ਲਏ ਗਏ ਫੈਸਲਿਆਂ ਅਤੇ ਉਨ੍ਹਾਂ ਦੀ ਪੂਰਤੀ ਲਈ ਸੰਘਰਸ਼ ਕਰਦੇ ਪੰਥ ਸੇਵਕ ਹੀ ਚਲਦੀ ਵਹੀਰ ਹਨ।

ਪੰਥ ਜੜ ਹਸਤੀ ਨਹੀਂ। ਇਸ ਲਈ ਉਸਦੇ ਵਿੱਚ ਸ਼ਾਮਿਲ ਸ਼ਖ਼ਸੀਅਤਾਂ, ਉਸਦੇ ਵਲੋਂ ਦਿੱਤੇ ਪ੍ਰੋਗਰਾਮ, ਉਸਦਾ ਤਰੀਕਾਕਰ ਅਤੇ ਉਸਦੇ ਵਕਤੀ ਨਿਸ਼ਾਨੇ ਸਦਾ ਵਿਗਸ ਰਹੇ ਹਨ; ਕ੍ਰਿਆਸ਼ੀਲ ਹਨ।ਸਥਾਨ – ਕਾਲ ਦੇ ਅਨੁਸਾਰ ਅਤੇ ਗੁਰੂ ਦੀ ਪਵਿੱਤਰ ਪ੍ਰੇਰਨਾ ਸਦਕਾ ਖਾਲਸਾ ਕੋਈ ਵੀ ਪੁਰਾਣੇ ਪ੍ਰੋਗਰਾਮ ਬਦਲਣ ਲਈ, ਉਨ੍ਹਾਂ ਨੂੰ ਖ਼ਤਮ ਕਰਨ ਲਈ ਅਤੇ ਨਵੇਂ ਪ੍ਰੋਗਰਾਮ ਦੇਣ ਲਈ ਆਜ਼ਾਦ ਹੈ । ਇਹ ਖਾਲਸੇ ਦਾ ਫਰਜ਼ ਵੀ ਹੈ ਅਤੇ ਉਸਦਾ ਦੈਵੀ ਹੱਕ ਵੀ ਹੈ।

ਵੀਹਵੀਂ ਸਦੀ ਦੇ ਅਖੀਰ ਚ ਚੱਲਿਆ ਸੰਘਰਸ਼
ਖਾਲਸਾ ਆਪਣੀ ਰਵਾਇਤ ਤੋਂ ਮੂੰਹ ਨਹੀਂ ਮੋੜ ਸਕਦਾ ਪਰ ਇਹ ਵੀ ਧਿਆਨਯੋਗ ਹੈ ਕਿ ਰਵਾਇਤ ਦਾ ਮਤਲਬ ਅਮਲਾਂ ਨਾਲ ਉਸ ਪਵਿੱਤਰ ਸਦੀਵੀ ਸੱਚ ਨੂੰ ਜਿਊਣਾ ਹੁੰਦਾ ਹੈ ਜੋ ਗੁਰੂ ਵਲੋ ਆਇਦ ਕੀਤਾ ਗਿਆ ਹੈ। ਰਵਾਇਤ ਦਾ ਮਤਲਬ ਰੀਤੀ-ਰਿਵਾਜਾਂ ਅਤੇ ਦੁਨਿਆਵੀ ਪ੍ਰੋਗਰਾਮਾਂ ਦਾ ਭਾਵਨਾ-ਰਹਿਤ ਹੋਛਾ ਪ੍ਰਗਟਾਵਾ ਨਹੀਂ ਹੁੰਦਾ।

ਸਿੱਖ ਯਾਦ ਦੱਸਦੀ ਹੈ ਕਿ ਗੁਰੂ ਸਾਹਿਬ ਨੇ ਆਪਣੇ ਵਲੋਂ ਬਣਾਏ ਮਸੰਦ ਮੁੜ ਆਪ ਹੀ ਖਤਮ ਕੀਤੇ।ਇਕ ਵਕਤ ਰਿਹਾ ਹੋਵੇਗਾ ਕਿ ਜਦੋਂ ਸਿੱਖ ਸਮਾਜ ਵਿੱਚ ਮਸੰਦ ਇਕ ਇੱਜਤਦਾਰ ਅਤੇ ਮੋਹਤਬਰ ਹਸਤੀ ਹੁੰਦੇ ਹੋਣਗੇ। ਪਰ ਅੱਜ ਮਸੰਦ ਇੱਕ ਨਾਂਹ-ਪੱਖੀ ਸ਼ਬਦ ਦੇ ਤੌਰ ਉੱਤੇ ਸਿੱਖਾਂ ਦੀ ਸਮੂਹਿਕ ਚੇਤਨਾ ਚ ਉਕਰਿਆ ਪਿਆ ਹੈ। ਇਸ ਇਤਿਹਾਸਿਕ ਮਿਸਾਲ ਦੇ ਹਵਾਲੇ ਨਾਲ ਵੀਹਵੀਂ ਸਦੀ ਉੱਤੇ ਝਾਤ ਮਾਰੀਏ ਤਾਂ ਵੇਖ ਸਕਦੇ ਹਾਂ ਕਿ ਅਕਾਲੀ ਦਲ ਦੇ ਸ਼ੁਰੁਆਤੀ ਸਮੇਂ ਚ , ਅਕਾਲੀ ਦਲ ਨਾਲ ਸੰਬੰਧਿਤ ਹੋਣਾ ਇਕ ਇੱਜਤ ਵਾਲੀ ਗੱਲ ਸਮਝੀ ਜਾਂਦੀ ਸੀ ਪਰ ਅੱਜ ਅਕਾਲੀ ਦਲ ਦੇ ਨਾਮ ਉੱਤੇ ਚਲਦੀਆਂ ਰਾਜਨੀਤਕ ਧੜਿਆਂ ਨਾਲ ਰਿਸ਼ਤਾ ਰਖਣਾ ਬੇਇਜ਼ਤੀ ਅਤੇ ਚੋਰੀ ਠੱਗੀ ਦਾ ਸਬਬ ਬਣਿਆ ਹੋਇਆ ਹੈ। ਅਜਿਹਾ ਕਿਉਂ ਵਾਪਰਿਆ ਹੈ ਕਿ ਸਿੱਖ ਆਪਣੇ ਲਹੂ ਨਾਲ ਸਿੰਜ ਕੇ ਪਾਲੇ ਬੂਟੇ (ਅਕਾਲੀ ਦਲ) ਦੀ ਛਾਂਵੇੰ ਬਹਿਣ ਦੀ ਥਾਂ ਉਸਤੋਂ ਉਪਰਾਮ ਹੋ ਗਏ? ਜਵਾਬ ਹੈ ਕਿ ਜਦੋਂ ਕੋਈ ਸੰਸਥਾ ਜਾਂ ਸ਼ਖਸੀਅਤ ਗੁਰੂ ਵਲੋਂ ਨਿਸਚਿਤ ਕੀਤੇ ਅਜ਼ੀਮ ਮਕਸਦ ਤੋਂ ਭਟਕ ਜਾਂਦੀ ਹੈ ਤਾਂ ਖਾਲਸਾ ਉਸ ਪ੍ਰਤੀ ਉਦਾਸੀਨ ਰਵੱਈਆ ਧਾਰਨ ਕਰ ਲੈੰਦਾ ਹੈ ਅਤੇ ਉਸਦੀ ਥਾਂ ਨਵੀਆਂ ਸੰਸਥਾਵਾਂ ਅਤੇ ਸ਼ਖਸੀਅਤਾਂ ਕੇੰਦਰ ਵਿਚ ਆ ਜਾਂਦੀਆਂ ਹਨ।

ਇਸ ਨਜ਼ਰੀਏ ਚੋਂ ਵੀਹਵੀਂ ਸਦੀ ਦੇ ਅਖੀਰ ਵਿੱਚ ਸੰਤ ਜਰਨੈਲ ਸਿੰਘ ਜੀ ਵੱਲੋਂ ਅਤੇ ਉਹਨਾਂ ਤੋਂ ਬਾਅਦ ਖਾਲਸਾ ਪੰਥ ਦੇ ਜੰਗਜੂਆਂ ਵੱਲੋਂ ਲੜਿਆ ਸੰਘਰਸ਼ ਵੇਖੀਏ ਤਾਂ ਉਸਦੀ ਵਾਜਬੀਅਤ, ਉਸਦੀ ਪਵਿੱਤਰਤਾ ਅਤੇ ਉਸਦੀ ਮਹਾਨਤਾ ਸਾਡੀ ਸਮਝ ਪਏਗੀ। ਇਸਦੇ ਨਾਲ ਹੀ ਸਾਡੀ ਸਮਝ ‘ਚ ਪਵੇਗਾ ਕਿ ਜਦੋਂ ਇਹ ਜੰਗਜੂ ਸਪਿਰਿਟ ਅਕਾਲੀ ਦਲ ਦੇ ਬਦਲ ਵਜੋਂ ਸਾਡੀ ਅਗਵਾਈ ਕਰਨ ਅਤੇ ਇਸਦੀ ਰਾਜਨੀਤਕ ਹੋੰਦ ਹਸਤੀ ਅੰਤਰਰਾਸ਼ਟਰੀ ਪੱਧਰ ਤੇ ਤਸਲੀਮ ਕਰਵਾਉਣ ਦੇ ਸਮਰੱਥ ਹੋ ਗਈ ਤਾਂ ਭਾਰਤੀ ਹਕੂਮਤ ਦੀ ਪੂਰੀ ਤਾਕਤ ਝੋਕ ਕੇ, ਪ੍ਰਾਪੇਗੰਡੇ ਦੀ ਹਨੇਰੀ ਝੁਲਾ ਕੇ, ਜੁਲਮੋ ਸਿਤਮ, ਤਸ਼ੱਦੁਦ ਦੀਆਂ ਸਾਰੀਆਂ ਹੱਦਾਂ ਪਾਰ ਕਰਕੇ ਇਸਨੂੰ ਕਿਉਂ ਕੁਚਲਿਆ ਗਿਆ। ਇਸਦੇ ਨਾਲ ਹੀ ਸਾਡੀ ਸਮਝ ਵਿਚ ਪਵੇਗਾ ਕਿ ਕਿਵੇਂ ਸਿੱਖਾਂ ਵੱਲੋਂ ਲਗਭਗ ਰੱਦ ਕੀਤੇ ਜਾ ਚੁਕੇ ਵੋਟ ਤੰਤਰਿਕ ਵਿਧੀ ਵਿਧਾਨ ਰਾਹੀਂ ਉਸੇ ਹੀ ਅਕਾਲੀ ਦਲ ਉਪਰ ਹਕੂਮਤ ਨੇ ਆਪਣੇ ਇਤਾਤਗੁਜ਼ਾਰ ਲੋਕਾਂ ਨੂੰ ਕਾਬਜ ਕਰਵਾਇਆ ਤੇ ਲਗਭਗ ਚਾਲੀ ਸਾਲ ਕਾਬਜ ਰੱਖ ਕੇ ਸਾਡੇ ਸੰਘਰਸ਼ ਦੀਆਂ ਉਚੀਆਂ ਪ੍ਰਾਪਤੀਆਂ ਨੂੰ ਘੱਟੇ ਰੋਲਿਆ ਗਿਆ ।

ਇਸ ਵਿਚੋਂ ਹੀ ਇਹ ਵੀ ਸਮਝ ਪਏਗੀ ਕਿ ਹੁਣ ਸਥਾਨ- ਕਾਲ ਦੇ ਪ੍ਰਭਾਵ ਕਾਰਨ ਤੇਜ਼ੀ ਨਾਲ ਬਦਲ ਰਹੀਆਂ ਪਰਿਸਥਿਤੀਆਂ ਚ ਖਾਲਸੇ ਦੇ ਸਦੀਵੀ ਮਨੋਰਥ ਨੂੰ ਮੁੱਖ ਰੱਖਦੇ ਹੋਏ ਕਿਹੜੇ ਬਦਲਾਵ, ਕਿਹੜੇ ਪ੍ਰੋਗਰਾਮ ਅਤੇ ਕਿਸ ਤਰ੍ਹਾਂ ਦੀਆਂ ਲਹਿਰਾਂ ਦੀ ਲੋੜ ਹੈ।

ਖਾਲਿਸਤਾਨ
ਇਨ੍ਹਾਂ ਵਰਤਾਰਿਆਂ ਤੋਂ ਹੀ ਸੇਧ ਲੈਕੇ ਖਾਲਿਸਤਾਨ ਦੇ ਨਾਮ ਉੱਤੇ ਪ੍ਰਚਾਰ, ਪਸਾਰ ਕਰਨ ਵਾਲਿਆਂ ਨੂੰ ਵੀ ਸਵੈ-ਪੜਚੋਲ ਦੀ ਲੋੜ ਹੈ।

ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲੇ ਜਿਹੜੀ ਲਹਿਰ ਚ ਸਰਗਰਮ ਸਨ, ਉਸ ਲਹਿਰ ਦਾ ਦੁਨੀਆ ਵਿੱਚ ਐਲਾਨੀਆ ਨਿਸ਼ਾਨਾ ਅਨੰਦਪੁਰ ਦਾ ਮੱਤਾ ਲਾਗੂ ਕਰਵਾਉਣ ਦਾ ਸੀ। ਪਰ ਦਰਬਾਰ ਸਾਹਿਬ ਉਤੇ ਭਾਰਤੀ ਫੌਜ ਨਾਲ ਹੋਈ ਜੰਗ ਤੋਂ ਬਾਅਦ ਸਿੱਖਾਂ ਨੇ ਲਹਿਰ ਦਾ ਸਰੂਪ, ਤਰਜ਼ ਅਤੇ ਨਿਸ਼ਾਨੇ ਬਦਲ ਲਏ। ਲਹਿਰ ਗੁਰੂ ਦੀ ਅਜ਼ਮਤ ਲਈ ਸ਼ਹੀਦ ਹੋਣ ਦੀ ਚੱਲੀ । ਇਸ ਵਜਦ ਵਿੱਚ ਲੜਨ ਵਾਲਿਆਂ ਨੇ ਇਸਨੂੰ ਇਕ ਵੱਖਰਾ ਅਤੇ ਸ਼ਾਹਕਾਰ ਰੰਗ ਦਿੱਤਾ।

ਫੇਰ ਪੰਥ ਦੀ ਆਗਿਆ ਨਾਲ ਇਹ ਆਪਣੇ ਆਪ ਹੀ ਖਾਲਿਸਤਾਨ ਦੇ ਨਿਸ਼ਾਨੇ ਉੱਤੇ ਹਥਿਆਰਬੰਦ ਸੰਘਰਸ਼ ਦੇ ਰੂਪ ਚ ਤੇਜ਼ ਹੋ ਗਈ।ਇਹ ਕੋਈ ਨਿਵੇਕਲੀ ਗੱਲ ਨਹੀਂ ਸੀ ਸਗੋਂ ਗੁਰੂ ਖਾਲਸਾ ਪੰਥ ਉੱਤੇ ਆਇਦ ਪਵਿੱਤਰ ਫਰਜ਼ ਨੂੰ ਰੂਪਮਾਨ ਕਰਦਾ ਪਾਤਸ਼ਾਹੀ ਦਾਅਵੇ ਦਾ ਸਮਕਾਲੀਨ ਰੂਪਾਂਤਰ ਸੀ।ਖਾਲਸਾ ਆਪਣੇ ਪਾਤਸ਼ਾਹੀ ਦਾਅਵੇ ਨੂੰ ਸਮੇਂ, ਕਾਲ ਨੂੰ ਧਿਆਨ ਚ ਰੱਖਦਿਆਂ ਪੰਥ ਦੀ ਸਮੂਹਿਕ ਰਮਜ਼ ਦੇ ਅਨੁਸਾਰ ਵੱਖੋ-ਵੱਖ ਰਣਨੀਤੀਆਂ ਅਤੇ ਵਕਤੀ ਪੈਂਤੜਿਆਂ ਦੇ ਰੂਪ ਚ ਦਰਸਾਉਂਦਾ ਰਿਹਾ ਹੈ।

ਪਰ ਜਿਵੇਂ ਕਿ ਮਹਾਨ ਸੰਕਲਪਾਂ ਅਤੇ ਉੱਚੀਆਂ ਲਹਿਰਾਂ ਨਾਲ ਅਕਸਰ ਹੁੰਦਾ ਹੈ, ਇਨ੍ਹਾਂ ਨੂੰ ਪ੍ਰਣਾਉਣ ਵਾਲੇ ਆਪੋ ਆਪਣੀ ਸਮਰੱਥਾ ,ਮਤ-ਬੁਧ ਅਨੁਸਾਰ ਉਨ੍ਹਾਂ ਮਹਾਨ ਸੰਕਲਪਾਂ ਦੀ ਵਿਆਖਿਆ ਕਰਕੇ ਦੁਨਿਆਵੀ ਧਰਾਤਲ ਉੱਤੇ ਸੰਘਰਸ਼ ਅਤੇ ਨਿਸ਼ਾਨੇ ਮਿਥ ਲੈਂਦੇ ਹਨ।

ਕੁਝ ਇਸ ਤਰ੍ਹਾਂ ਦਾ ਹੀ 20ਵੀ ਸਦੀ ਵਿੱਚ ਖਾਲਸਾ-ਪੰਥ ਵਲੋਂ ਪਾਤਸ਼ਾਹੀ ਦਾਅਵੇ ਦੀ ਜਲੌ ਦਰਸਾਉਂਦੀ ਇਸ ਲਹਿਰ ਨਾਲ ਵੀ ਹੋਇਆ। ਕਈਆਂ ਨੇ ਇਸ ਦੇ ਮਾਅਨੇ ਚਲਦੇ ਨਿਜ਼ਾਮ ਵਿੱਚ ਵੱਧ ਸਿਆਸੀ ਅਧਿਕਾਰ ਲੈਣਾ ਮਿਥ ਲਿਆ; ਕਈਆਂ ਨੇ ਇਸਦੇ ਮਾਅਨੇ ਸੂਬੇਦਾਰੀ ਹਾਸਿਲ ਕਰਨਾ ਮਿਥਿਆ; ਕਈਆਂ ਨੇ ਇਸ ਦੇ ਮਾਅਨੇ ਜ਼ਮੀਨ ਦੀ ਮਲਕੀਅਤ ਮਿੱਥ ਲਈ! ਹੁਣ ਤਾਂ ਹਾਲਾਤ ਇਹ ਹਨ ਕਿ ਕਈਆਂ ਨੂੰ ਖਾਲਿਸਤਾਨ ਦੇ ਨਾਅਰੇ ਲਗਾਉਣਾ ਹੀ ਵੱਡੀਆਂ ਮੱਲਾਂ ਮਾਰਨ ਵਾਲੀ ਗੱਲ ਪ੍ਰਤੀਤ ਹੋ ਰਹੀ ਹੈ।

ਗੁਰੂ ਖਾਲਸਾ ਪੰਥ ਦੇ ਕਈ ਨਿਮਾਣੇ ਸੇਵਕ ਪਾਤਸ਼ਾਹੀ ਦਾਅਵੇ ਦੇ ਪਵਿਤੱਰ ਸੰਕਲਪ ਨੂੰ ਸਿੱਖਾਂ ਦੀ ਸਮੂਹਿਕ ਚੇਤਨਾ ਵਿੱਚ ਜਰਜਰਾ ਹੁੰਦੇ ਵੇਖ ਕੇ ਵਿਆਕੁਲ ਹੁੰਦੇ ਹੋਣਗੇ ਪਰ ਸ਼ਾਇਦ ਗੁਰੂ ਨੇ ਅਜੇ ਸਮਰਥਾ ਨਹੀਂ ਬਖਸ਼ੀ, ਸ਼ਾਇਦ ਅਜੇ ਅਰਦਾਸ ਦੇ ਸੋਮੇ ਮੁੜ ਹਰੇ ਨਹੀਂ ਹੋਏ, ਸ਼ਾਇਦ ਅਜੇ ਸਾਡੀ ਕੁਰਲਾਹਟ ਵਿੱਚ ਉਹ ਸੰਜੀਦਗੀ ਅਤੇ ਸਚਾਈ ਨਹੀਂ ਪੈਦਾ ਹੋਈ ਕਿ ਜਿਸ ਦੇ ਸਦਕਾ ਸਾਡੀ ਸੁਣਵਾਈ ਗੁਰੂ ਦੇ ਦਰਬਾਰ ਵਿਚ ਹੋ ਸਕੇ। ਪਾਤਸ਼ਾਹ ਦੀ ਮਿਹਰ ਦੀ ਇਕ ਨਜ਼ਰ ਨਾਲ ਹੀ ਪੰਥ ਦੇ ਸੇਵਕ ਪਾਤਸ਼ਾਹੀ ਦਾਅਵੇ ਦੇ ਪਵਿੱਤਰ ਨਕਸ਼ ਨੂੰ ਮੁੜ ਆਪਣੇ ਅਸਲ ਜਲੌਅ ਅਤੇ ਅਸਲ ਮਾਅਨਿਆਂ ਨਾਲ ਦੁਨੀਆ ਦੇ ਧਰਾਤਲ ਉੱਤੇ ਉਕਰਨ ਲਈ ਸਰਗਰਮ ਹੋ ਸਕਣਗੇ।

ਗੁਰੂ ਖਾਲਸਾ ਪੰਥ ਦਾ ਰੁਤਬਾ ਇੰਨਾ ਉੱਚਾ ਅਤੇ ਸੁੱਚਾ ਹੈ ਕਿ ਖਾਲਸੇ ਦੇ ਸਰਬੱਤ ਦੇ ਭਲੇ ਦੇ ਸੰਘਰਸ਼ ਵਿਚ ‘ਨਿਮਾਣਾ ਸੇਵਕ’ ਬਣ ਪਾਉਣ ਵਿੱਚ ਹੀ ਜ਼ਿੰਦਗੀਆਂ ਲੱਗ ਜਾਂਦੀਆਂ ਹਨ। ਪਰ ਖਾਲਸਾ ਜੀ ਦੇ ਬੋਲ-ਬਾਲੇ ਅਤੇ ਪਾਤਸ਼ਾਹੀ ਦਾਅਵੇ ਦੀ ਗੂੰਜ ਇਨ੍ਹਾਂ ਨਿਮਾਣੇ ਸੇਵਕਾਂ ਦੀਆਂ ਪੈੜਾਂ ਵਿੱਚ ਹੀ ਉਜਾਗਰ ਹੁੰਦੀ ਹੈ। ਇਸ ਕਰਕੇ ਸਿੱਖਾਂ ਦੇ ਲੀਡਰ ਜਾਂ ਰਾਜਾਂ ਦੇ ਸੂਬੇਦਾਰ ਜਾਂ ਦੇਸ਼ਾਂ ਦੇ ਰਾਜੇ ਬਣਨ ਦਾ ਸੁਪਨਾ ਲੈਣ ਕੋਲੋਂ ਬਿਹਤਰ ਹੋਵੇਗਾ ਕਿ ਪੰਥ ਦੇ ਸੇਵਕ ਬਣ ਸਕਣ ਦੀ ਅਰਦਾਸ ਗੁਰੂ ਪਾਤਸ਼ਾਹ ਅੱਗੇ ਕਰੀਏ! ਵਜ਼ੀਰੀਆਂ, ਸੂਬੇਦਾਰੀਆਂ ਅਤੇ ਦੁਨਿਆਵੀ ਤੱਖਤਾਂ ਦੀਆਂ ਬਾਦਸ਼ਾਹੀਆਂ ਕਿਸੇ ਦੁਨਿਆਵੀ ਪ੍ਰਤਿਭਾ ਦੇ ਅੱਗੇ ਨਹੀਂ ਸਗੋਂ ਇਨ੍ਹਾਂ ਨਿਮਾਣੇ ਪੰਥ-ਸੇਵਕਾਂ ਦੇ ਕਦਮਾਂ ਚ ਹੀ ਰੁਲਣੀਆਂ ਹਨ !

0 0 votes
Article Rating
Subscribe
Notify of
0 ਟਿੱਪਣੀਆਂ
Inline Feedbacks
View all comments
0
Would love your thoughts, please comment.x
()
x