ਘੁੱਪ ਹਨੇਰੇ ਵਿਚ ਚਾਨਣ ਦੀ ਬਾਤ ਪਾਉਣ ਵਾਲਾ “ਦੀਪਕ”: ਸ਼ਹੀਦ ਜਸਵੰਤ ਸਿੰਘ ਖਾਲੜਾ

ਘੁੱਪ ਹਨੇਰੇ ਵਿਚ ਚਾਨਣ ਦੀ ਬਾਤ ਪਾਉਣ ਵਾਲਾ “ਦੀਪਕ”: ਸ਼ਹੀਦ ਜਸਵੰਤ ਸਿੰਘ ਖਾਲੜਾ

ਸ਼ਹੀਦ ਜਸਵੰਤ ਸਿੰਘ ਖਾਲੜਾ ਆਪਣੀ ਇੱਕ ਤਕਰੀਰ ਦੀ ਸ਼ੁਰੂਆਤ ਕਰਦਿਆਂ ਇੱਕ ਦੰਤ-ਕਥਾ ਦਾ ਜਿਕਰ ਕਰਦੇ ਹਨ ਕਿ ਕਿੰਝ ਜਦ ਧਰਤੀ ਉੱਪਰ ਸੂਰਜ ਪਹਿਲੀ ਵਾਰ ਛੁਪਣ ਜਾ ਰਿਹਾ ਸੀ ਤਾਂ ਲੋਕਾਂ ਵਿੱਚ ਹਾਹਾਕਾਰ ਸੀ ਕਿ ਸੂਰਜ ਦੇ ਛਿਪਦਿਆਂ ਹੀ ਦੁਨੀਆਂ ਉੱਪਰ ਹਨੇਰੇ ਦੇ ਸਲਤਨਤ ਕਾਇਮ ਹੋ ਜਾਵੇਗੀ ਤੇ ਲੋਕਾਈ ਦਾ ਕੀ ਬਣੇਗਾ? ਪਰ ਕਥਾ ਅਨੁਸਾਰ ਜਦੋਂ ਸੂਰਜ ਛੁਪ ਗਿਆ ਤਾਂ ਕਿਸੇ ਕੁੱਲੀ ਵਿੱਚ ਬਲਦੇ ਦੀਵੇ ਨੇ ਸੱਚ ਦੀ ਜੋਤ ਨੂੰ ਕਾਇਮ ਰੱਖਿਆ ਤੇ ਉਸ ਜੋਤ ਤੋਂ ਅੱਗੇ ਅਨੇਕਾ ਦੀਵੇ ਜਗਦੇ ਗਏ ਜਿਨ੍ਹਾਂ ਨੇ ਕੂੜ-ਹਨੇਰ ਨੂੰ ਧਰਤੀ ’ਤੇ ਫੈਲਣੋਂ ਰੋਕਿਆ ਤੇ ਮੁੜ ਸੱਚ-ਚਾਨਣ ’ਤੇ ਪਸਾਰਾ ਕੀਤਾ। ਜਦੋਂ ਅਸੀਂ ਸ. ਜਸਵੰਤ ਸਿੰਘ ਖਾਲੜਾ ਦੇ ਜੀਵਨ ਨੂੰ ਦੇਖਦੇ ਹਾਂ ਤਾਂ ਸਾਨੂੰ ਉਹ ਵੀ ਉਸ ਦੰਤ-ਕਥਾ ਦੇ ਕਿਸੇ ਦੀਪ ਦੀ ਨਿਆਈਂ ਨਜਰ ਆਉਂਦੇ ਹਨ ਜਿਸ ਨੇ ਹਨੇਰੇ ਦੀ ਸਲਤਨਤ ਨੂੰ ਵੰਗਾਰਿਆ ਤੇ ਮੁੜ ਚਾਨਣ ਦੀ ਬਾਤ ਪਾਈ। ਇਸ ਚਾਨਣ ਦੀ ਲੋਅ ਦੀ ਪੈੜ ਨੱਪਦਿਆਂ ਸਾਨੂੰ ਪਤਾ ਲੱਗਦਾ ਹੈ ਕਿ ਖਾਲੜਾ ਉਹੀ ਪਿੰਡ ਹੈ ਜਿਸ ਨੂੰ ਗੁਰੂ ਨਾਨਕ ਪਾਤਸ਼ਾਹ ਨੇ ‘ਉੱਜੜ ਜਾਣ ਦਾ ਵਰ’ ਦਿੱਤਾ ਸੀ।

ਸ਼ਹੀਦ ਜਸਵੰਤ ਸਿੰਘ ਖਾਲੜਾ
ਸ਼ਹੀਦ ਜਸਵੰਤ ਸਿੰਘ ਖਾਲੜਾ

ਲਾਹੌਰ ਅਤੇ ਪੱਟੀ ਦਰਮਿਆਨ ਪੈਂਦੇ ਇਸ ਪਿੰਡ ਖਲਾੜਾ ਵਿਖੇ ਸੰਨ 1952 ਵਿੱਚ ਸਿਰਦਾਰ ਕਰਤਾਰ ਸਿੰਘ ਅਤੇ ਮਾਤਾ ਮੁਖਤਿਆਰ ਕੌਰ ਦੇ ਘਰ ਸ. ਜਸਵੰਤ ਸਿੰਘ ਖਾਲੜਾ ਦਾ ਜਨਮ ਹੋਇਆ ਜਿਨ੍ਹਾਂ ਦੇ ਪੰਜ ਵੱਡੇ ਅਤੇ ਤਿੰਨ ਛੋਟੇ ਭੈਣ ਭਰਾ ਹਨ। ਵੱਡਿਆਂ ਵਿੱਚ ਭੈਣ ਪ੍ਰੀਤਮ ਕੌਰ ਸਭ ਤੋਂ ਵੱਡੇ ਹਨ ਤੇ ਫਿਰ ਮਹਿੰਦਰ ਕੌਰ, ਹਰਜਿੰਦਰ ਕੌਰ, ਬਲਜੀਤ ਕੌਰ ਤੇ ਵੀਰ ਰਜਿੰਦਰ ਸਿੰਘ ਤੋਂ ਬਾਅਦ ਸ. ਜਸਵੰਤ ਸਿੰਘ ਤੇ ਉਨ੍ਹਾਂ ਤੋਂ ਛੋਟੇ ਵੀਰ ਗੁਰਦੇਵ ਸਿੰਘ ਤੇ ਭੈਣ ਬੇਅੰਤ ਕੌਰ ਹਨ ਤੇ ਸਭ ਤੋਂ ਛੋਟੇ ਵੀਰ ਦਾ ਨਾਂ ਅਮਰਜੀਤ ਸਿੰਘ ਹੈ। ਇਹ ਪਰਵਾਰ ਪੰਜਾਬ ਦਾ ਮੱਧ-ਵਰਗੀ ਪਰਵਾਰ ਹੈ ਜਿਸ ਕੋਲ ਆਪਣੀ ਜੱਦੀ ਜਾਇਦਾਦ ਥੋੜ੍ਹੀ ਹੀ ਹੈ, ਜਿਸ ਕਾਰਨ ਸ. ਜਸਵੰਤ ਸਿੰਘ ਖਾਲੜਾ ਦਾ ਬਚਪਨ ਇਕ ਆਪਣੀ ਹੀ ਕਿਸਮ ਦੇ ਸੰਘਰਸ਼ ਵਿੱਚ ਬੀਤਿਆ। ਹਰ ਤਰ੍ਹਾਂ ਦੀ ਤੰਗੀ ਦੇ ਬਾਵਜੂਦ ਇਸ ਪਰਵਾਰ ਵਾਲੇ ਸਹਿਜ ਵਿੱਚ ਵਿਚਰਨ ਵਾਲੇ ਅਤੇ ਗੁਰੂ ਪ੍ਰਤੀ ਅਥਾਹ ਸ਼ਰਧਾ ਤੇ ਪ੍ਰੇਮ ਰੱਖਣ ਵਾਲੇ ਹਨ। ਇਸ ਸਿਦਕ ਦੀ ਜਾਗ ਉਨ੍ਹਾਂ ਨੂੰ ਆਪਣੇ ਪੁਰਖਿਆਂ ਦੀਆਂ ਕੁਰਬਾਨੀਆਂ ਤੋਂ ਹੀ ਲੱਗੀ ਹੈ। ਅਸਲ ਵਿੱਚ ਇਸ ਪਰਵਾਰ ਦਾ ਪਿਛੋਕੜ ਉਨ੍ਹਾਂ ਸਿਦਕੀ ਸਿੰਘਾਂ ਨਾਲ ਜੁੜਦਾ ਹੈ ਜਿਨ੍ਹਾਂ ਨੂੰ ਬਾਬਾ ਬੰਦਾ ਸਿੰਘ ਬਹਾਦਰ ਨਾਲ ਦਿੱਲੀ ਵਿੱਖੇ ਸ਼ਹੀਦ ਕੀਤਾ ਗਿਆ ਸੀ। ਮਾਝੇ ਦੀ ਧਰਤੀ ਅਠਾਹਰਵੀਂ ਸਦੀ ਦੌਰਾਨ ਸੰਘਰਸ਼ ਦਾ ਮੈਦਾਨ ਰਹੀ ਜਦੋਂ ਸਿੰਘਾਂ ਨੇ ਸੂਰਮਗਤੀ ਤੇ ਚਰਿੱਤਰ ਦੀਆਂ ਬੁਲੰਦ ਚੋਟੀਆਂ ਗੁਰੂ ਦੀ ਮਿਹਰ ਸਦਕਾ ਸਰ ਕੀਤੀਆਂ ਤੇ ਵੱਡੇ-ਵੱਡੇ ਹਕੂਮਤੀ ਕਹਿਰ ਆਪਣੇ ਪਿੰਡੇ ’ਤੇ ਜਰੇ ਸਨ। ਲਾਹੌਰ ਦੇ ਕੋਲ ਹੋਣ ਕਰਕੇ (ਖਲਾੜਾ ਤੋਂ ਲਾਹੌਰ ਕੁਝ ਕੁ ਮੀਲ ਦੀ ਵਿੱਥ ਉੱਤੇ ਹੀ ਹੈ) ਇਸ ਇਲਾਕੇ ਵਿੱਚ ਵੱਸਦੇ ਸਿੱਖਾਂ ਨੂੰ ਕਈ ਵਾਰ ਹਕੂਮਤ ਨਾਲ ਜਾਂ ਤਾਂ ਟੱਕਰ ਲੈਣੀ ਪਈ ਜਾਂ ਘਰ ਘਾਟ ਛੱਡਣੇ ਪਏ ਤੇ ਜਾਂ ਫਿਰ ਵਹਿਸ਼ੀ ਜੁਲਮਾਂ ਦਾ ਸ਼ਿਕਾਰ ਹੋਣਾ ਪਿਆ। ਬਾਪੂ ਕਰਤਾਰ ਸਿੰਘ ਇਸ ਦੌਰ ਦੇ ਇਤਿਹਾਸ ਦੀ ਇੱਕ ਘਟਨਾ ਦਾ ਜਿਕਰ ਕਰਦੇ ਹਨ ਕਿ ਜਦੋਂ ਮੁਗਲ ਹਕੂਮਤ ਨਾਲ ਭਾਈ ਤਾਰਾ ਸਿੰਘ ਵਾਂ ਦੇ ਟਾਕਰੇ ਦੇ ਆਸਾਰ ਬਣਨ ਲੱਗੇ ਤਾਂ ਇਲਾਕੇ ਦੇ ਬਹੁਤੇ ਸਿੱਖ ਜਰਨੈਲ ਦਰਿਆ ਪਾਰ ਕਰ ਗਏ ਤੇ ਪਰਵਾਰਾਂ ਵਾਲੇ ਸਿੱਖ ਪਿੰਡ ਵਾਂ ਚਲੇ ਗਏ ਜਿਨ੍ਹਾਂ ਵਿੱਚ ਉਨ੍ਹਾਂ ਦੇ ਆਪਣੇ ਵਡੇਰੇ ਵੀ ਸਨ। ਇਨ੍ਹਾਂ ਸਿੱਖਾਂ ਦੇ ਟਾਕਰੇ ਲਈ ਪਹਿਲਾਂ ਪੱਟੀ ਤੋਂ ਫੌਜ ਦੀ ਇੱਕ ਟੁਕੜੀ ਆਈ ਪਰ ਜਦ ਉਹ ਸਿੱਖਾਂ ਦੀ ਤੇਗ ਦਾ ਤੇਜ ਨਾ ਸਹਾਰ ਸਕੀ ਤਾਂ ਫਿਰ ਪੂਰੀ ਤਿਆਰੀ ਨਾਲ ਲਾਹੌਰ ਤੋਂ ਭਾਰੀ ਗਿਣਤੀ ਵਿੱਚ ਫੌਜ ਹਾਥੀ-ਘੋੜਿਆਂ ਸਮੇਤ ਸਿੱਖਾਂ ਨਾਲ ਟੱਕਰ ਲੈਣ ਲਈ ਭੇਜੀ ਗਈ। ਇਸ ਤੋਂ ਬਾਅਦ ਸਿੱਖਾਂ ਦਾ ਇਸ ਫੌਜ ਨਾਲ ਜੋ ਟਾਕਰਾ ਹੁੰਦਾ ਹੈ ਉਸ ਨੂੰ ਪਿੰਡ ਵਾਂ ਦੀ ਲੜਾਈ ਦੇ ਨਾਂ ਨਾਲ ਜਾਣਿਆ ਜਾਂਦਾ ਹੈ।

ਸ. ਕਰਤਾਰ ਸਿੰਘ ਜੀ
ਸ. ਕਰਤਾਰ ਸਿੰਘ ਜੀ

ਇਸ ਜੰਗ ਵਿੱਚ ਉਨ੍ਹਾਂ (ਬਾਪੂ ਕਰਤਾਰ ਸਿੰਘ ਹੋਰਾਂ) ਦੇ ਵਡੇਰਿਆਂ ਵਿੱਚੋਂ ਬਾਬਾ ਸੂਰਾ ਸਿੰਘ ਨੇ ਵੀ ਸ਼ਹਾਦਤ ਪ੍ਰਾਪਤ ਕੀਤੀ ਸੀ। ਬਾਪੂ ਜੀ ਕਹਿੰਦੇ ਨੇ ਕਿ ਸਾਡੇ ਟੱਬਰ ਨੂੰ ਕੁਰਬਾਨੀ ਦੀ ਜਾਗ ਇਸ ਤਰ੍ਹਾਂ ਲੱਗੀ। ਬਾਪੂ ਕਰਤਾਰ ਸਿੰਘ ਨੇ ਆਪਣੇ ਜੀਵਨ ਦੌਰਾਨ ਕਈ ਤਰ੍ਹਾਂ ਦੇ ਦੌਰ ਹੰਢਾਏ ਹਨ। ਉਨ੍ਹਾਂ ਦੇ ਪਿਤਾ ਸ. ਹਰਨਾਮ ਸਿੰਘ ਕਾਮਾਗਾਟਾਮਾਰੂ ਜਹਾਜ ਵਾਲੇ ਇਨਕਲਾਬੀ ਪਰਵਾਨਿਆਂ ਵਿੱਚੋਂ ਇੱਕ ਸਨ। ਬਾਪੂ ਜੀ ਦੱਸਦੇ ਨੇ ਕਿ ਉਨ੍ਹਾਂ ਦੇ ਪਿਤਾ ਪਹਿਲਾਂ ਤਾਂ ਰਸਾਲੇ (ਭਾਵ ਫੌਜ) ਵਿੱਚ ਭਰਤੀ ਹੋ ਗਏ ਪਰ ਜਲਦ ਹੀ ਉਨ੍ਹਾਂ ਨੌਕਰੀ ਛੱਡ ਦਿੱਤੀ ਤੇ ਪਿੰਡ ਖੇਤੀ ਕਰਨੀ ਸ਼ੁਰੂ ਕਰ ਦਿੱਤੀ। ਪਰ ਜਮੀਨ ਥੋੜ੍ਹੀ ਹੋਣ ਕਾਰਨ ਘਰ ਦਾ ਗੁਜਾਰਾ ਮੁਸ਼ਕਲ ਸੀ ਜਿਸ ਕਾਰਨ ਉਨ੍ਹਾਂ ਬਾਹਰਲੇ ਮੁਲਕ ਜਾਣ ਦਾ ਇਰਾਦਾ ਕੀਤਾ। ਉਹ ਬਰਮਾ ਵਿੱਚ ਦੀ ਹੁੰਦੇ ਹੋਏ ਹਾਂਗਕਾਂਗ ਚਲੇ ਗਏ। ਓਥੇ ਇਹ ਬਾਬਾ ਗੁਰਦਿੱਤ ਸਿੰਘ ਸਰਹਾਲੀ (ਕਾਮਾਗਾਟਾਮਾਰੂ ਵਾਲੇ) ਨੂੰ ਮਿਲੇ। ਸ. ਹਰਨਾਮ ਸਿੰਘ ਨੇ ਸ਼ਿੰਗਈ (ਚੀਨ) ਵਿੱਚ ਸਿੱਖਾਂ ਨੂੰ ਜਥੇਬੰਦ ਕਰਨ ਦਾ ਜਿੰਮਾ ਲੈ ਲਿਆ। ਜਦੋਂ ਕਾਮਾਗਾਟਾਮਾਰੂ ਜਹਾਜ ਵਾਲਿਆਂ ਨੂੰ ਕੈਨੇਡਾ ਦੀ ਬੰਦਰਗਾਹ ਉੱਤੇ ਨਾ ਉਤਰਨ ਦਿੱਤਾ ਤਾਂ ਅਖੀਰ ਇਸ ਜਹਾਜ ਦੇ ਕਲਕੱਤੇ ਦੀ ਬਜਬਜਘਾਟ ਬੰਦਰਗਾਹ ਵਿਖੇ ਲੰਗਰ ਲਾਹੇ ਗਏ। ਇੱਥੋਂ ਇਸ ਜਹਾਜ ਵਿਚਲੇ ਬਹੁਤੇ ਸਿੱਖਾਂ ਨੂੰ ਤਾਂ ਫੜ ਕੇ ਖਾਸ ਰੇਲ ਰਾਹੀਂ ਪੰਜਾਬ ਭੇਜ ਦਿੱਤਾ ਗਿਆ, ਪਰ ਬਾਬਾ ਗੁਰਦਿੱਤ ਸਿੰਘ ਤੇ ਸ. ਹਰਨਾਮ ਸਿੰਘ ਸਮੇਤ 28 ਹੋਰ ਸਿੰਘ ਉੱਥੋਂ ਬਚ ਨਿਕਲਣ ਵਿੱਚ ਕਾਮਯਾਬ ਹੋ ਗਏ। 26 ਨਵੰਬਰ 1914 ਨੂੰ ਗਦਰੀਆਂ ਨੇ ਪਹਿਲੀ ਵਾਰ ਫੌਜ ਵਿੱਚ ਬਗਾਵਤ ਕਰਨ ਦਾ ਵੱਡਾ ਯਤਨ ਕੀਤਾ। 19 ਫਰਵਰੀ 1915 ਨੂੰ ਲਾਹੌਰ ਵਿਖੇ ਗਦਰੀਆਂ ਦੇ ਕਿਸੇ ਟਿਕਾਣੇ ਤੇ ਪੁਲਸ ਨੇ ਛਾਪਾ ਮਾਰਿਆਂ ਤੇ ਗਦਰ  ਲਹਿਰ ਦੇ 13 ਵੱਡੇ ਆਗੂ ਹਥਿਆਰਾਂ ਸਮੇਤ ਗ੍ਰਿਫਤਾਰ ਕਰ ਲਏ, ਸ. ਹਰਨਾਮ ਸਿੰਘ ਵੀ ਉਨ੍ਹਾਂ ਵਿੱਚੋਂ ਇੱਕ ਸਨ। ਗ੍ਰਿਫਤਾਰੀ ਤੋਂ ਬਾਅਦ ਉਨ੍ਹਾਂ ’ਤੇ ਬਾਬਾ ਗੁਰਦਿੱਤ ਸਿੰਘ, ਬਾਬਾ ਸੋਹਣ ਸਿੰਘ ਭਕਨਾ, ਭਾਗ ਸਿੰਘ ਭਿੱਖੀਵਿੰਡ ਤੇ ਹੋਰਾਂ ਸਮੇਤ ਲਾਹੌਰ ਸਾਜਿਸ਼ ਦਾ ਕੇਸ ਚਲਾਇਆ ਗਿਆ, ਜਿਸ ਵਿਚੋਂ ਸ. ਹਰਨਾਮ ਸਿੰਘ ਬਰੀ ਹੋ ਗਏ। ਪਰ ਉਨ੍ਹਾਂ ਨੂੰ ਪਿੰਡ ਖਾਲੜਾ ਵਿੱਚ ਨਜਰਬੰਦ ਕਰ ਦਿੱਤਾ ਗਿਆ। ਨਜਰਬੰਦੀ ਟੁੱਟਣ ਤੋਂ ਬਾਅਦ ਸ. ਹਰਨਾਮ ਸਿੰਘ ਫਿਰ ਸ਼ਿੰਗਈ ਚਲੇ ਗਏ ਤੇ ਫਿਰ ਮੁੜ ਕਦੇ ਵਾਪਸ ਨਾ ਆਏ। ਉਹ ਉੱਥੇ ਰਹਿੰਦਿਆਂ ਹੀ ਅੰਗਰੇਜ਼ਾਂ ਖਿਲਾਫ ਬਗਾਵਤ ਜਥੇਬੰਦ ਕਰਨ ਦੇ ਯਤਨਾਂ ਵਿੱਚ ਰੁੱਝੇ ਰਹੇ। ਉਦੋਂ ਅਜੇ ਬਾਪੂ ਕਰਤਾਰ ਸਿੰਘ ਦੀ ਉਮਰ ਕੁਝ ਕੁ ਸਾਲਾਂ ਦੀ ਹੀ ਸੀ।

ਬਾਪੂ ਕਰਤਾਰ ਸਿੰਘ ਦੱਸਦੇ ਹਨ ਕਿ ਜਸਵੰਤ ਸਿੰਘ ਆਪਣੇ ਵਡੇਰਿਆਂ ਬਾਰੇ ਪੜ੍ਹਦਾ-ਸੁਣਦਾ ਰਹਿੰਦਾ ਸੀ ਤੇ ਉਸ ਅੰਦਰ ਬਚਪਨ ਤੋਂ ਹੀ ਇਸ ਪਾਸੇ ਵੱਲ ਰੁਝਾਨ ਸੀ। ਉਹ ਯਾਦ ਕਰਦੇ ਨੇ ਕਿ ਕਿਵੇਂ ਜਸਵੰਤ ਸਿੰਘ ਸਕੂਲ ਵਿੱਚ ਵੀ ਵਿਦਿਆਰਥੀਆਂ ਦਾ ਆਪੇ ਹੀ ਆਗੂ ਬਣ ਜਾਂਦਾ ਸੀ। ਕਿਸੇ ਨਾਲ ਹੁੰਦੀ ਜ਼ਿਆਦਤੀ ਵੇਖ ਕੇ ਉਹ ਜਰ ਨਹੀਂ ਸੀ ਸਕਦਾ ਤੇ ਜ਼ਿਆਦਤੀ ਕਰਨ ਨਾਲੇ ਖਿਲਾਫ ਮੋਰਚਾ ਖੋਲ੍ਹ ਦਿੰਦਾ ਸੀ ਚਾਹੇ ਉਹ ਕਿੰਨਾ ਵੀ ਤਾਕਤਵਰ ਕਿਉਂ ਨਾ ਹੋਵੇ। ਮਜਲੂਮ ਦੀ ਮਦਦ ਕਰਨਾ ਤਾਂ ਉਸ ਦੇ ਸੁਭਾਅ ਵਿੱਚ ਹੀ ਸੀ। ਪਰਵਾਰ ਵਾਲੇ ਦੱਸਦੇ ਨੇ ਕਿ ਇੱਕ ਵਾਰ ਖਾਲੜਾ ਮੰਡੀ ਵਿੱਚ ਪੱਲੇਦਾਰਾਂ ਦਾ ਕੋਈ ਮਸਲਾ ਖੜ੍ਹਾ ਹੋ ਗਿਆ। ਜਦੋਂ ਜਸਵੰਤ ਸਿੰਘ ਨੂੰ ਪਤਾ ਲੱਗਾ ਕਿ ਪੱਲੇਦਾਰਾਂ ਦੀਆਂ ਕਈ ਮੁਸ਼ਕਲਾਂ ਹਨ ਤਾਂ ੳਨ੍ਹਾਂ ਪੱਲੇਦਾਰਾਂ ਨੂੰ ਜਥੇਬੰਦ ਕਰਕੇ ਮੋਰਚਾ ਖੋਲ੍ਹ ਦਿੱਤਾ ਤੇ ਉਨ੍ਹਾਂ ਦੀਆਂ ਮੁਸ਼ਕਲਾਂ ਹੱਲ ਕਰਵਾਈਆਂ। ਜਦੋਂ ਕਦੇ ਜਸਵੰਤ ਸਿੰਘ ਪਿੰਡ ਆਉਂਦਾ ਤਾਂ ਪਹਿਲਾਂ ਮੰਡੀ ਵਿੱਚ ਹੀ ਰੁਕ ਜਾਂਦਾ ਜਿੱਥੇ ਕੰਮ ਕਰਨ ਵਾਲੇ ਬੜੇ ਚਾਅ ਨਾਲ ਆ ਕੇ ਉਸ ਨੂੰ ਮਿਲਦੇ ਤੇ ਕਹਿੰਦੇ ਕਿ ਸਾਡਾ ‘ਲੀਡਰ’ ਆ ਗਿਆ ਹੈ।

ਮਾਤਾ ਮੁਖਤਿਆਰ ਕੌਰ ਜੀ
ਮਾਤਾ ਮੁਖਤਿਆਰ ਕੌਰ ਜੀ

ਜਸਵੰਤ ਸਿੰਘ ਨੇ 1969 ਵਿੱਚ ਦਸਵੀਂ ਪਾਸ ਕੀਤੀ ਤੇ ਬੀੜ ਬਾਬਾ ਬੁੱਢਾ ਕਾਲਜ, ਝਬਾਲ ਵਿੱਚ ਦਾਖਲਾ ਲਿਆ। ਇਸ ਸਮੇਂ ਦੌਰਾਨ ਪੰਜਾਬ ਅੰਦਰ ਖੱਬੇ-ਪੱਖੀਆਂ ਦੀ ਵਿਦਿਆਰਥੀ ਲਹਿਰ ਜਥੇਬੰਦ ਹੋ ਰਹੀ ਸੀ, ਜਿਸ ਵਿੱਚ ਸ. ਜਸਵੰਤ ਸਿੰਘ ਆਪਣੇ ਸੰਘਰਸ਼ੀਲ ਸੁਭਾਅ ਮੁਤਾਬਕ ਸ਼ਾਮਲ ਹੋ ਗਏ। 1981 ਦਾ ਬੱਸ ਕਿਰਾਇਆ ਘੋਲ, ਜੋ ਬੱਸਾਂ ਦੇ ਕਿਰਾਏ ਵਿੱਚ ਕੀਤੇ ਵਾਧੇ ਖਿਲਾਫ ਲੜਿਆ ਗਿਆ ਸੀ, ਅਜਿਹਾ ਪਹਿਲਾ ਵੱਡਾ ਸੰਘਰਸ਼ ਸੀ ਜਿਸ ਦੀ ਅਗਵਾਈ ਕਰਨ ਵਾਲਿਆਂ ਵਿੱਚ ਸ. ਖਾਲੜਾ ਵੀ ਸ਼ਾਮਲ ਸਨ। ਬਾਪੂ ਜੀ ਯਾਦ ਕਰਦੇ ਹਨ ਕਿ ਬੱਸ ਫਿਰ ਤਾਂ ਜਸਵੰਤ ਦਾ ਬਹੁਤਾ ਧਿਆਨ ਹੀ ਇਨ੍ਹਾਂ ਕੰਮਾਂ ਵੱਲ ਹੋ ਗਿਆ। ਉਨ੍ਹਾਂ ਨੇ ਕਾਲਾ-ਬਾਜ਼ਾਰੀ ਕਰਨ ਵਾਲਿਆਂ ਖਿਲਾਫ ਪੁਲਸ ਦੇ ਛਾਪੇ ਮਰਵਾਏ ਤੇ ਕਿਸਾਨਾਂ ਨੂੰ ਉਨ੍ਹਾਂ ਦਾ ਹੱਕ, ਖਾਦ-ਦਵਾਈ ਵਗੈਰਾ ਸਹੀ ਮੁੱਲ ਉੱਪਰ ਦਿਵਾਈਆਂ। ਸਿਨੇਮਿਆਂ ਦੀਆਂ ਟਿਕਟਾਂ ਦੀ ਕੀਮਤ ਵਿੱਚ ਵਾਧੇ ਖਿਲਾਫ ਜਿਹੜਾ ਘੋਲ ਚੱਲਿਆ ਸੀ, ਉਸ ਵਿੱਚ ਸ. ਜਸਵੰਤ ਸਿੰਘ ਦੀ ਪਹਿਲੀ ਵਾਰ ਗ੍ਰਿਫਤਾਰੀ ਹੋਈ ਸੀ। 1973 ਵਿੱਚ ਸ. ਜਸਵੰਤ ਸਿੰਘ ਨੇ ਕਾਲਜ ਦੀ ਪੜ੍ਹਾਈ ਪੂਰੀ ਕੀਤੀ ਤੇ ਪਿੰਡ ਵਾਪਸ ਆ ਗਏ। ਇਸ ਅਰਸੇ ਦੌਰਾਨ ਉਨ੍ਹਾਂ ਨੌਜਵਾਨ ਭਾਰਤ ਸਭਾ ਨੂੰ ਮਾਝੇ ਵਿੱਚ ਜਥੇਬੰਦ ਕੀਤਾ। 1974 ਵਿੱਚ ਸ. ਜਸਵੰਤ ਸਿੰਘ ਪੰਚਾਇਤ ਸੈਕਟਰੀ ਬਣ ਗਏ। ਇਹ ਇੱਕ ਸਰਕਾਰੀ ਅਹੁਦਾ ਸੀ ਜਿਸ ਤਹਿਤ ਨੌਕਰੀ ਕਰਨ ਵਾਲੇ ਦਾ ਕੰਮ ਪਿੰਡ ਦੀ ਤਰੱਕੀ ਦੇ ਕੰਮ-ਕਾਜ ਵਿੱਚ ਪੰਚਾਇਤ ਦੀ ਮਦਦ ਕਰਨਾ ਹੁੰਦਾ ਹੈ। ਆਪਣੇ ਸੁਭਾਅ ਅਨੁਸਾਰ ਉਨ੍ਹਾਂ ਨੇ ਇੱਥੇ ਵੀ ਪੰਚਾਇਤ ਸਕੱਤਰਾਂ ਦੀ ਸੂਬਾ ਪੱਧਰ ਦੀ ਜਥੇਬੰਦੀ ਖੜ੍ਹੀ ਕਰ ਲਈ ਜਿਸ ਦੇ ਉਹ ਪਹਿਲੇ ਸਕੱਤਰ ਬਣੇ। ਹਾਲਾਂਕਿ ਵੱਡੇ ਅਫਸਰਾਂ ਨੂੰ ਇਹ ਗੱਲਾਂ ਬਹੁਤੀਆਂ ਪਸੰਦ ਨਹੀਂ ਸਨ। ਜਿਕਰਯੋਗ ਹੈ ਕਿ ਜੁਲਾਈ 1987 ਵਿੱਚ ਉਨ੍ਹਾਂ ਨੇ ਪੰਜਾਬ ਵਿੱਚ ਹੋ ਰਹੀਆਂ ਸਰਕਾਰੀ ਵਧੀਕੀਆਂ ਦੇ ਵਿਰੋਧ ’ਚ ਇਸ ਨੌਕਰੀ ਤੋਂ ਅਸਤੀਫਾ ਦੇ ਦਿੱਤਾ। ਮਹਿਕਮੇਂ ਵਾਲੇ ਪਹਿਲਾਂ ਤਾਂ ਅਸਤੀਫਾ ਮਨਜੂਰ ਨਾ ਕਰਨ ਕਿ ਇਹ ਇੱਕ ਸਿਆਸੀ ਅਸਤੀਫਾ ਹੈ ਤੇ ਉਨ੍ਹਾਂ ਅਸਤੀਫਾ ਸੋਧ ਕੇ ਭੇਜਣ ਲਈ ਕਈ ਚਿੱਠੀਆਂ ਵੀ ਪਾਈਆਂ ਪਰ ਸ. ਜਸਵੰਤ ਸਿੰਘ ਨੇ ਕੋਈ ਜਵਾਬ ਨਾ ਦਿੱਤਾ। ਫਿਰ ਤਕਰੀਬਨ ਤਿੰਨ ਸਾਲ ਬਾਅਦ ਅਚਾਨਕ ਮਹਿਕਮੇਂ ਨੇ ਉਹੀ ਅਸਤੀਫਾ ਪ੍ਰਵਾਣ ਕਰ ਲਿਆ।

ਅਗਸਤ 1981 ਵਿੱਚ ਸ. ਜਸਵੰਤ ਸਿੰਘ ਖਾਲੜਾ ਦਾ ਵਿਆਹ ਬੀਬੀ ਪਰਮਜੀਤ ਕੌਰ ਨਾਲ ਹੋਇਆ ਜਿਨ੍ਹਾਂ ਦਾ ਜੱਦੀ ਪਿੰਡ ਤਾਂ ਮੋਗੇ ਜਿਲ੍ਹੇ ਵਿੱਚ ਚੜਿੱਕ ਹੈ ਪਰ ਉਨ੍ਹਾਂ ਦਾ ਪਰਵਾਰ ਕੋਟਕਪੂਰਾ ਤੇ ਬਾਘਾਪੁਰਾਣਾ ਦੇ ਦਰਮਿਆਨ ਪੈਂਦੇ ਪਿੰਡ ਪੰਜਗਰਾਈਂ ਖੁਰਦ ਰਹਿੰਦਾ ਸੀ। ਬੀਬੀ ਪਰਮਜੀਤ ਕੌਰ ਦੱਸਦੇ ਹਨ ਕਿ ਖਾਲੜਾ ਸਾਹਿਬ ਦਾ ਸੁਭਾਅ ਸਪਸ਼ਟ ਅਤੇ ਸਿੱਧਾ ਸੀ, ਉਹ ਗੋਲ-ਮੋਲ ਗੱਲ ਨਹੀਂ ਸਨ ਕਰਦੇ ਤੇ ਨਾ ਹੀ ਕਿਸੇ ਮਸਲੇ ਬਾਰੇ ਦੁਬਿਧਾ ਰੱਖਦੇ ਸਨ। ਕਿਸੇ ਵੀ ਮੁੱਦੇ ’ਤੇ ਸਪਸ਼ਟ ਪੱਖ ਲੈਂਦੇ ਤੇ ਉਸ ਉੱਪਰ ਪੂਰੀ ਦ੍ਰਿੜਤਾ ਨਾਲ ਖੜ੍ਹਦੇ। ਪਰਵਾਰ ਵਾਲੇ ਵੀ ਹੈਰਾਨੀ ਮੰਨਦੇ ਹਨ ਕਿ ਇੰਨਾ ਵਿਸ਼ਵਾਸ਼ ਉਨ੍ਹਾਂ ਵਿੱਚ ਪਤਾ ਨਹੀਂ ਕਿੱਥੋਂ ਆ ਜਾਂਦਾ ਸੀ। ਕਈ ਵਾਰ ਜੇਕਰ ਉਹ ਕਿਸੇ ਮਸਲੇ ’ਤੇ ਅੜ ਜਾਂਦੇ ਤਾਂ ਤੁਸੀਂ ਉਨ੍ਹਾਂ ਨੂੰ ਪਿੱਛੇ ਨਹੀਂ ਸੋ ਹਟਾ ਸਕਦੇ। ਇਕ ਵਾਰ ਖਾਲੜਾ ਪਿੰਡ ਦੇ ਸਰਪੰਚ ਨੇ ਪਿੰਡ ਵਿੱਚ ਪਵਾਈ ਭਰਤ ਦਾ ਹਿਸਾਬ ਕਰਨ ਲਈ ਚੁੱਲਾ ਟੈਕਸ ਦੇ ਰਜਿਸਟਰ ਤੋਂ ਨਾਂ ਲੈ ਕੇ ਭਰਤ ਪਾਉਣ ਵਾਲਿਆਂ ਦੀਆਂ ਦਿਹਾੜੀਆਂ ਲਿਖ ਦਿੱਤੀਆਂ। ਉਸ ਦੀ ਮਾੜੀ ਕਿਸਮਤ ਹੀ ਕਹੋ ਕਿ ਉਸ ਨੇ ਸ. ਖਾਲੜਾ ਦੇ ਪਿਤਾ ਬਾਪੂ ਕਰਤਾਰ ਸਿੰਘ ਦਾ ਨਾਂ ਵੀ ਦਿਹਾੜੀਦਾਰਾ ਵਿੱਚ ਲਿਖ ਦਿੱਤਾ। ਜਦੋਂ ਇਸ ਗੱਲ ਦਾ ਸ. ਜਸਵੰਤ ਸਿੰਘ ਨੂੰ ਪਤਾ ਲੱਗਾ ਤਾਂ ਇਹ ਉਸ ਸਰਪੰਚ ਦੇ ਪੇਸ਼ ਹੀ ਪੈ ਗਏ ਕਿ ਤੇਰੀ ਇੰਨੀ ਹਿੰਮਤ ਕਿਵੇਂ ਹੋਈ ਕਿ ਮੇਰੇ ਪੜ੍ਹੇ-ਲਿਖੇ ਬਾਪ ਨੂੰ ਬੇਈਮਾਨੀ ਨਾਲ ਦਿਹਾੜੀਦਾਰ ਦਿਖਾਵੇਂ? ਉਸ ਸਰਪੰਚ ਨੇ ਬਥੇਰੇ ਤਰਲੇ ਕੀਤੇ ਕਿ ਗਲਤੀ ਹੋ ਗਈ, ਅੱਗੇ ਤੋਂ ਨਹੀਂ ਕਰਦਾ ਪਰ ਇਹ ਨਾ ਮੰਨੇ ਤੇ ਉਸ ਨੂੰ ਸਰਪੰਚੀ ਤੋਂ ਲਹਾ ਕੇ ਹੀ ਦਮ ਲਿਆ।

ਬੀਬੀ ਪਰਮਜੀਤ ਕੌਰ ਦੱਸਦੇ ਨੇ ਕਿ ਇਹ ਆਪਣੇ ਹੀ ਕੰਮਾਂ-ਕਾਰਾਂ ਵਿੱਚ ਰੁੱਝੇ ਰਹਿੰਦੇ ਸਨ ਤੇ ਕਈ ਵਾਰ ਤਾਂ ਕਿੰਨੇ-ਕਿੰਨੇ ਦਿਨ ਘਰ ਹੀ ਨਾ ਪਰਤਦੇ। ਇਨ੍ਹਾਂ ਦੇ ਭਰਾਵਾਂ ਨੇ ਕਹਿੰਣਾ ਕਿ ਜਸਵੰਤ ਤਾਂ ਉਦੋਂ ਘਰ ਪਰਤਦਾ ਹੈ ਜਦੋਂ ਇਸ ਦੇ ਲੀੜੇ ਇਸ ਨੂੰ ਕਿਧਰੇ ਹੋਰ ਜਾਣ ਜੋਗਾ ਨਹੀਂ ਛੱਡਦੇ। ਪਰ ਅਜਿਹਾ ਨਹੀਂ ਸੀ ਕਿ ਇਹ ਪਰਵਾਰ ਦੀਆਂ ਜਿੰਮੇਵਾਰੀਆਂ ਤੋਂ ਕੋਈ ਮੁਨਕਰ ਸਨ। ਇਨ੍ਹਾਂ ਦੀ ਸਖਸ਼ੀਅਤ ਹੀ ਐਸੀ ਸੀ ਕਿ ਉਹ ਪਤਾ ਨਹੀਂ ਕਿਵੇਂ ਹਰ ਪਾਸੇ ਨਿਭ ਪੈਂਦੇ ਸਨ। ਕਿਸ ਨਾਲ ਕਿਵੇਂ ਵਰਤਣਾ ਹੈ ਇਸ ਦਾ ਤਾਂ ਉਨ੍ਹਾਂ ਨੂੰ ਪੂਰਾ ਗਿਆਨ ਸੀ। ਜਦੋਂ ਇਹ ਕਈ ਦਿਨਾਂ ਬਾਅਦ ਘਰ ਆਉਂਦੇ ਤਾਂ ਬੱਚੇ ਇਨ੍ਹਾਂ ਤੋਂ ਨਾਰਾਜ ਹੋ ਜਾਂਦੇ ਤੇ ਇਨ੍ਹਾਂ ਅੱਖਾਂ ਉੱਤੇ ਬਾਹਾਂ ਧਰ ਕੇ ਜ਼ਮੀਨ ’ਤੇ ਮੂਧੇ-ਮੂੰਹ ਲੇਟ ਜਾਣਾ ਤੇ ਬੱਚਿਆਂ ਨੇ ਇਨ੍ਹਾਂ ਨੂੰ ਕੁੱਟ-ਕੁੱਟ ਕੇ ਆਪਣਾ ਪੂਰਾ ਗੁੱਸਾ ਲਾਹੁਣਾ। ਇੰਝ ਇਹ ਬੱਚਿਆਂ ਨੂੰ ਫਿਰ ਮਨਾ ਲੈਂਦੇ।

ਪਰਵਾਰ ਦੇ ਮਾਹੌਲ ਬਾਰੇ ਬੀਬੀ ਪਰਮਜੀਤ ਕੌਰ ਦੱਸਦੇ ਹਨ ਕਿ ਪਰਵਾਰ ਵਿੱਚ ਸਿੱਖੀ ਵਾਲਾ ਮਾਹੌਲ ਤਾਂ ਪਹਿਲਾਂ ਹੀ ਮੌਜੂਦ ਸੀ। ਸ. ਜਸਵੰਤ ਸਿੰਘ ਖਾਲੜਾ ਤੇ ਬਾਪੂ ਜੀ ਹਰ ਸਾਲ ਦਿਵਾਲੀ ਉੱਤੇ ਸਹਿਜ ਪਾਠ ਕਰਕੇ ਭੋਗ ਪਾਉਂਦੇ ਸਨ। ਬੀਬੀ ਪਰਮਜੀਤ ਕੌਰ ਨੇ ਦੱਸਿਆ ਕਿ ਜਦੋਂ ਅਸੀਂ ਗੁਰੂ ਨਾਨਕ ਦੇਵ ਯੂਨੀਵਰਸਿਟੀ, ਸ੍ਰੀ ਅੰਮ੍ਰਿਤਸਰ ਦੇ ਸਾਹਮਣੇ ਪੈਂਦੇ ਕਬੀਰ ਪਾਰਕ ਵਿੱਚ ਘਰ ਬਣਾਇਆ ਤਾਂ ਘਰ ਦੇ ਕੋਲ ਹੀ ਗੁਰਦੁਆਰਾ ਸਾਹਿਬ ਹੈ ਤੇ ਸ. ਖਾਲੜਾ ਗੁਰਦੁਆਰਾ ਸਾਹਿਬ ਦੇ ਬਾਬਾ ਜੀ ਨੂੰ ਮਿਲੇ ਤੇ ਕਿਹਾ ਕਿ ਜੇਕਰ ਕਦੇ ਤੁਹਾਨੂੰ ਪਾਠ ਦੀ ਰਉਲ ਲਾਉਣ ਲਈ ਕਿਸੇ ਸਿੰਘ ਦੀ ਲੋੜ ਹੋਵੇ ਤਾਂ ਇਹ ਸੇਵਾ ਮੈਨੂੰ ਬਖ਼ਸ਼ ਦੇਣੀ। ਬਾਣੀ ਨਾਲ ਉਨ੍ਹਾਂ ਦਾ ਬਹੁਤ ਸਨੇਹ ਸੀ ਤੇ ਅਕਸਰ ਹੀ ਉਹ ਬਾਣੀ ਦੀ ਕੋਈ ਪੰਕਤੀ ਸਾਰਾ-ਸਾਰਾ ਦਿਨ ਦਹੁਰਾਉਂਦੇ ਰਹਿੰਦੇ ਸਨ। ਜਿਸ ਦਿਨ ਪੁਲਸ ਨੇ ਉਨ੍ਹਾਂ ਨੂੰ ਚੁੱਕਿਆ ਉਸ ਦਿਨ ਉਹ ਗੁਰਬਾਣੀ ਦੀ ਇਹ ਪੰਕਤੀ ਦਹੁਰਾਅ ਰਹੇ ਸਨ ‘ਦੁਬਿਧਾ ਦੂਰ ਕਰੋ’…।

1978 ਵਿੱਚ ਵਾਪਰੇ ਨਿਰਕਾਰੀ ਕਾਂਡ ਤੋਂ ਬਆਦ ਪੰਜਾਬ ਵਿੱਚ ਸਿੱਖਾਂ ਦਾ ਕੌਮੀ ਸੰਘਰਸ਼ ਇਤਿਹਾਸਕ ਲੀਹਾਂ ’ਤੇ ਚੱਲਦਾ ਵਧੇਰੇ ਜਥੇਬੰਦ ਹੋਣ ਲੱਗਾ। ਇਸ ਲਹਿਰ ਨੇ ਸਮੂਹ ਸਿੱਖਾਂ ਵਾਂਗ ਸ. ਜਸਵੰਤ ਸਿੰਘ ਖਾਲੜਾ ਨੂੰ ਵੀ ਕਲਾਵੇ ਵਿੱਚ ਲਿਆ ਤੇ ਉਹ ਵਿਚਾਰਧਾਰਕ ਤੌਰ ਉੱਤੇ ਆਪਣੇ-ਆਪ ਨੂੰ ਇਸ ਲਹਿਰ ਦਾ ਹਿੱਸਾ ਮਹਿਸੂਸ ਕਰਨ ਲੱਗੇ। ਜਦੋਂ ਦਰਬਾਰ ਸਾਹਿਬ ਉੱਪਰ ਹਮਲਾ ਹੋਇਆ ਉਸ ਸਮੇਂ ਸ. ਜਸਵੰਤ ਸਿੰਘ ਪਟਿਆਲੇ ਪੰਚਾਇਤ ਸਕੱਤਰਾਂ ਵਾਲੀ ਜਥੇਬੰਦੀ ਦੀ ਕਿਸੇ ਮੀਟਿੰਗ ਵਿੱਚ ਹਿੱਸਾ ਲੈਣ ਗਏ ਸਨ। ਸਾਰੇ ਪੰਜਾਬ ਵਿੱਚ ਕਰਫਿਊ ਲਗਾ ਦਿੱਤਾ ਗਿਆ। ਕਿਸੇ ਦੇ ਵੀ ਬਾਹਰ ਨਿਕਲਣ ਉੱਤੇ ਪਾਬੰਦੀ ਸੀ ਜਿਸ ਕਾਰਨ ਉਹ ਓਥੇ ਹੀ ਘਿਰ ਗਏ। ਫਿਰ ਕੋਈ ਜੁਗਤ ਲੜਾ ਕੇ ਕਿਸੇ ਤਰ੍ਹਾਂ ਕਰਫਿਊ ਲੱਗੇ ਦੌਰਾਨ ਹੀ ਮੋਗੇ ਨੇੜੇ ਆਪਣੇ ਸਹੁਰੇ ਪਿੰਡ ਪੰਜਗਰਾਈਂ ਪਹੁੰਚ ਗਏ ਤੇ ਫਿਰ ਸਖਤੀ ਵਧ ਜਾਣ ਕਾਰਨ ਇੱਥੇ ਹੀ ਟਿਕੇ ਰਹੇ। ਪਰਵਾਰ ਵਾਲੇ ਦੱਸਦੇ ਹਨ ਕਿ ਇਧਰ ਸਰਹੱਦੀ ਪਿੰਡ ਹੋਣ ਕਾਰਨ ਖਾਲੜਾ ਵਿਖੇ ਬਹੁਤ ਜ਼ਿਆਦਾ ਸਖ਼ਤੀ ਸੀ, ਫੌਜ ਬਹੁਤ ਭਾਰੀ ਗਿਣਤੀ ਵਿੱਚ ਸੀ। ਗਲੀ ਵਿੱਚ ਵੀ ਨਿਕਲਣ ਉੱਤੇ ਪਾਬੰਦੀ ਸੀ। ਹਰ ਪਾਸੇ ਦਹਿਸ਼ਤ ਦਾ ਮਾਹੌਲ ਸੀ। ਜਸਵੰਤ ਸਿੰਘ ਖਾਲੜਾ ਕਿਸੇ ਤਰ੍ਹਾਂ ਪੰਜਾਗਾਈਂ ਤੋਂ ਸਾਇਕਲ ਉੱਤੇ ਕੋਟ ਈਸੇ ਖਾਂ ਆਪਣੇ ਕਿਸੇ ਸਨੇਹੀ ਕੋਲ ਆ ਗਏ ਤੇ ਇੱਥੋਂ ਪਿੰਡਾਂ ਵਿੱਚ ਦੀ ਹੁੰਦੇ ਹੋਏ ਪਤਾ ਨਹੀਂ ਕਿਵੇਂ ਦਰਿਆ ਵਿੱਚੋਂ ਲੰਘ ਕੇ ਦੋ-ਤਿੰਨ ਦਿਨ ਬਾਅਦ ਪਿੰਡ ਖਾਲੜਾ ਪਹੁੰਚੇ।

ਦਰਬਾਰ ਸਾਹਿਬ ਉੱਤੇ ਹੋਇਆ ਹਮਲਾ ਜਿਸ ਵਿੱਚ ਕਈ ਸਿੰਘਾਂ, ਸਿੰਘਣੀਆਂ, ਭੁਜੰਗੀਆਂ ਦੀਆਂ ਸ਼ਹੀਦੀਆਂ ਹੋਈਆਂ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਤੋਪਾਂ ਦੇ ਗੋਲਿਆਂ ਦਾ ਨਿਸ਼ਾਨਾ ਬਣਾਇਆ ਗਿਆ, ਇੱਕ ਅਜਿਹਾ ਸਾਕਾ ਹੈ ਜਿਸ ਨੇ ਦੁਨੀਆ ਭਰ ਵਿੱਚ ਵੱਸਦੇ ਸਿੱਖਾਂ ਨੂੰ ਧੁਰ ਅੰਦਰ ਤੱਕ ਵਲੂੰਧਰ ਕੇ ਰੱਖ ਦਿੱਤਾ। ਇਸ ਦਾ ਅਸਰ ਇਸ ਪਰਵਾਰ ਉੱਪਰ ਹੋਣਾ ਵੀ ਸੁਭਾਵਕ ਹੀ ਸੀ। ਦਰਬਾਰ ਸਾਹਿਬ ਉੱਤੇ ਹੋਏ ਫੌਜੀ ਹਮਲੇ ਤੇ ਨਵੰਬਰ 1984 ਦੇ ਸਿੱਖ ਕਤਲੇਆਮ ਤੋਂ ਬਾਅਦ ਸਿੱਖ ਨੌਜਵਾਨਾਂ ਵੱਲੋਂ ਆਪਣੇ ਹੱਕਾਂ ਦੀ ਪ੍ਰਾਪਤੀ ਲਈ ਹਥਿਆਰਬੰਦ ਸੰਘਰਸ਼ ਵਿੱਢ ਦਿੱਤਾ ਜਿਸ ਦੌਰਾਨ ਕਈ ਉਤਰਾਅ-ਚੜਾਅ ਆਏ। ਇਸ ਸਮੇਂ ਦੌਰਾਨ ਜਿੱਥੇ ਸਿੱਖਾਂ ਨੇ ਆਪਣੇ ਸਿਦਕ ਤੇ ਸੂਰਮਗਤੀ ਦਾ ਜਲਵਾ ਮੁੜ ਉਜਾਗਰ ਕੀਤਾ ਓਥੇ ਹਕੂਮਤ ਵੱਲੋਂ ਅਤਿ ਦਾ ਕਹਿਰ ਆਮ ਸਿੱਖਾਂ ਉੱਪਰ ਢਾਹਿਆ ਗਿਆ। ਜਦੋਂ ਭਾਈ ਅਵਤਾਰ ਸਿੰਘ ਬ੍ਰਹਮਾ ਦੇ ਪਿੰਡ ਬ੍ਰਹਮਪੁਰ ਵਿਖੇ ਸੀ. ਆਰ. ਪੀ ਵੱਲੋਂ ਬੇਦੋਸ਼ੇ ਸਿੱਖਾਂ ਉੱਪਰ ਕਹਿਰ ਢਾਹਿਆ ਗਿਆ ਤਾਂ ਸ. ਜਸਵੰਤ ਸਿੰਘ ਖਾਲੜਾ ਨੇ ਇਸ ਦੇ ਵਿਰੋਧ ਵਿੱਚ ਠਾਣਾ ਸਿਟੀ ਤਰਨਤਾਰਨ ਵਿਖੇ ਅਣਮਿਥੇ ਸਮੇਂ ਲਈ ਭੁੱਖ ਹੜਤਾਲ ਰੱਖ ਦਿੱਤੀ, ਜਿਸ ਕਾਰਨ ਪੁਲਸ ਵੱਲੋਂ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਸੰਨ 1988 ਵਿੱਚ ਜਦੋਂ ਦਰਬਾਰ ਸਾਹਿਬ ਵਿੱਚ ਪੁਲਸ ਦਾਖਲ ਹੋਈ, ਜਿਸ ਨੂੰ ਸਰਕਾਰ ਵੱਲੋਂ ‘ਓਪਰੇਸ਼ਨ ਬਲੈਕ ਥੰਡਰ’ ਦਾ ਨਾਂ ਦਿੱਤਾ ਗਿਆ, ਤਾਂ ਸ. ਖਾਲੜਾ ਨੇ ਇਸ ਦਾ ਵਿਰੋਧ ਕੀਤਾ, ਜਿਸ ਦੇ ਨਤੀਜੇ ਵੱਲੋਂ ਉਨ੍ਹਾਂ ਨੂੰ ਗ੍ਰਿਫਤਾਰ ਕਰਕੇ ਲੁਧਿਆਣਾ ਜੇਲ੍ਹ ਵਿੱਚ ਨਜਰਬੰਦ ਕਰ ਦਿੱਤਾ ਗਿਆ। ਸ. ਖਾਲੜਾ ਦੇ ਸਾਥੀ ਦੱਸਦੇ ਹਨ ਕਿ ਇੱਕ ਵਾਰ ਜਦੋਂ ਅੰਮ੍ਰਿਤਸਰ ਵਿਖੇ ਫਿਰਕੂ ਹਿੰਦੂਆਂ ਵੱਲੋਂ ਦਾਹੜੀ ਵਾਲਾ ਦੁਸਹਿਰਾ ਸਾੜਿਆ ਗਿਆ ਜਿਸ ਦਾ ਮਨੋਰਥ ਸਿੱਖੀ ਸਰੂਪ ਦੀ ਬੇਅਦਬੀ ਕਰਨਾ ਸੀ ਤਾਂ ਸ. ਖਾਲੜਾ ਨੇ ਇਸ ਕੋਝੀ ਹਰਕਤ ਦਾ ਸਖ਼ਤ ਵਿਰੋਧ ਕੀਤਾ।

1990 ਵਿੱਚ ਸ. ਜਸਵੰਤ ਸਿੰਘ ਵਲੈਤ (ਇੰਗਲੈਂਡ) ਚਲੇ ਗਏ, ਓਥੇ ਜਾ ਕੇ ਰਾਜਸੀ ਸ਼ਰਨ ਵੀ ਲੈ ਲਈ ਤੇ ਕੰਮ ਕਰਨ ਦੀ ਮਨਜੂਰੀ ਵੀ ਲੈ ਲਈ। ਵਲੈਤ ਰਹਿੰਦਿਆਂ ਸ. ਜਸਵੰਤ ਸਿੰਘ ਨੇ ਉੱਥੋਂ ਦੇ ਰਹਿਣ-ਸਹਿਣ ਬਾਰੇ ਛੇਤੀ ਹੀ ਬਹੁਤ ਕੁਝ ਜਾਣ ਲਿਆ ਸੀ ਜੋ ਨਾ ਤਾਂ ਕਈ ਚਿਰਾਂ ਤੋਂ ਉੱਥੇ ਜਾ ਵੱਸੇ ਸਾਡੇ ਲੋਕ ਸਮਝ ਹੀ ਸਕੇ ਹਨ ਤੇ ਅੱਜ ਨਾ ਹੀ ਜਿਸਦੀ ਸਮਝ ਉਨ੍ਹਾਂ ਨੂੰ ਹੈ ਜਿਨ੍ਹਾਂ ਅੰਦਰ ਅੱਜ ਵਿਦੇਸ਼ੀਂ ਜਾ ਵਸਣ ਦੀ ਅੰਨ੍ਹੀ ਦੌੜ ਲੱਗੀ ਹੋਈ ਹੈ। ਸ. ਖਾਲੜਾ ਨੇ ਆਪਣੇ ਪਰਵਾਰ ਨੂੰ ਲਿਖੀਆਂ ਚਿੱਠੀਆਂ ਵਿੱਚ ਬਿਆਨਿਆ ਹੈ ਕਿ ਉਹ ਨਹੀਂ ਚਾਹੁੰਦੇ ਕਿ ਉਨ੍ਹਾਂ ਦਾ ਪਰਵਾਰ ਸਦਾ ਲਈ ਵਲੈਤ ਆ ਜਾਵੇ ਕਿਉਂਕਿ ਇੱਥੇ ਪੈਸਾ ਤਾਂ ਮਿਲ ਜਾਂਦਾ ਹੈ ਪਰ ਤੁਸੀਂ ਇੱਕ ਪਰਵਾਰ ਨਹੀਂ ਰਹਿ ਜਾਂਦੇ। ਇੱਥੋਂ ਦੀ ਆਬੋ-ਹਵਾ ਹੀ ਐਸੀ ਹੈ ਕਿ ਬੱਚੇ ਮਾਂ-ਬਾਪ ਦਾ ਸਤਿਕਾਰ ਹੀ ਭੁੱਲ ਜਾਂਦੇ ਹਨ ਤੇ ਬਹੁਤੀ ਵਾਰ ਰਿਸ਼ਤੇ ਬੇਮਾਇਨੇ ਹੋ ਜਾਂਦੇ ਹਨ। ਉਨ੍ਹਾਂ ਲਿਖਿਆ ਕਿ ਮੈਂ ਨਹੀਂ ਚਾਹੁੰਦਾ ਕਿ ਮੇਰੇ ਬੱਚੇ ਇਸ ਮਾਹੌਲ ਵਿੱਚ ਵੱਡੇ ਹੋਣ।

ਸੰਨ 1993 ਵਿੱਚ ਸ. ਜਸਵੰਤ ਸਿੰਘ ਖਾਲੜਾ ਅਚਾਨਕ ਬਿਨਾ ਕਿਸੇ ਨੂੰ ਦੱਸੇ ਆਪਣੇ ਵਤਨ ਪੰਜਾਬ ਪਰਤ ਆਏ। ਘਰ ਸਭ ਹੈਰਾਨ ਸਨ ਕਿ ਇਹ ਕਿਵੇਂ ਬਿਨਾ ਦੱਸੇ ਹੀ ਆ ਗਏ, ਕਈਆਂ ਦੇ ਮਨ ਵਿੱਚ ਗੁੱਸਾ ਵੀ ਸੀ ਪਰ ਉਨ੍ਹਾਂ ਨੂੰ ਕੋਈ ਕੁਝ ਕਹਿ ਨਹੀਂ ਸੀ ਸਕਦਾ ਤੇ ਜਸਵੰਤ ਸਿੰਘ ਖਾਲੜਾ ਤਾਂ ਪੂਰੀ ਤਰ੍ਹਾਂ ਖੁਸ਼ ਸੀ। ਉਨ੍ਹਾਂ ਬੱਚਿਆਂ ਦੇ ਸਕੂਲੀ ਬਸਤੇ ਦਾ ਵਾਜਾ (ਹਰਮੋਨੀਅਮ) ਬਣਾ ਕੇ ਆਪਣੇ ਸਾਹਮਣੇ ਆਪਣੇ ਦੋਵਾਂ ਬੱਚਿਆਂ ਨੂੰ ਚੌਕੜੀ ਲਵਾ ਕੇ ਬਿਠਾ ਲਿਆ ਤੇ ਉੱਚੀ-ਉੱਚੀ ਇਹ ਧਾਰਨਾ ਪੜ੍ਹਨ ਲੱਗੇ ‘ਧੰਨ-ਧੰਨ ਬਾਬਾ ਨਾਨਕ ਜਿਹੜਾ ਵਿੱਛੜਿਆਂ ਨੂੰ ਮੇਲਦਾ…’। ਇਸ ਸਮੇਂ ਤੱਕ ਕਿਸੇ ਨੂੰ ਇਸ ਗੱਲ ਦਾ ਅੰਦਾਜਾ ਨਹੀਂ ਸੀ ਕਿ ਵਲੈਤੋਂ ਅਚਾਨਕ ਵਾਪਸ ਆ ਜਾਣ ਦੀ ਬਿਧ ਗੁਰੂ ਦੇ ਕਿਸ ਕੌਤਕ ਦਾ ਹਿੱਸਾ ਹੈ। ਹਾਂ! ਇੰਨੀ ਗੱਲ ਜਰੂਰ ਹੈ ਕਿ ਜਸਵੰਤ ਸਿੰਘ ਖਾਲੜਾ ਮਨ ਵਿੱਚ ਕੁਝ ਧਾਰ ਕੇ ਹੀ ਵਤਨ ਪਰਤਿਆ ਸੀ ਜੋ ਕਿਸੇ ਵੱਡੇ ਆਦਰਸ਼ ਤੋਂ ਪ੍ਰੇਰਿਤ ਸੀ ਤੇ ਜਿਸ ਦੀ ਲੋਅ ਨੂੰ ਲੋਕਾਈ ਉਡੀਕ ਰਹੀ ਸੀ।

ਪੰਜਾਬ ਵਿੱਚ ਇਸ ਦੌਰ ਦੌਰਾਨ ਸਿੱਖ ਸੰਘਰਸ਼ ਨੂੰ ਦਬਾਉਣ ਲਈ ਹਿੰਦ ਹਕੂਮਤ ਵੱਲੋਂ ਹਰ ਹਰਬਾ ਵਰਤਿਆ ਜਾ ਰਿਹਾ ਸੀ। 1992 ਵਿੱਚ ਪੰਜਾਬ ਅੰਦਰ ਜਮਹੂਰੀਅਤ ਦਾ ਤਮਾਸ਼ਾ ਰਚ ਕੇ ਬੇਅੰਤ ਸਿੰਘ ਦੀ ਸਰਕਾਰ ਪੰਜਾਬ ਸਿਰ ਮੜ੍ਹ ਦਿੱਤੀ ਗਈ। ਇਸ ਦੇ ਨਾਲ ਹੀ ਸਿੱਖਾਂ ਉੱਪਰ ਹਕੂਮਤੀ ਕਹਿਰ ਦਾ ਇੱਕ ਨਵਾਂ ਹੀ ਦੌਰ ਸ਼ੁਰੂ ਹੁੰਦਾ ਹੈ ਜਿਸ ਤਹਿਤ ਪੁਲਸ ਵੱਲੋਂ ਵੱਡੀ ਪੱਧਰ ਉੱਪਰ ਸਿੱਖਾਂ ਨੂੰ ਘਰਾਂ ਤੋਂ ਚੁੱਕ ਕੇ ਲਾਪਤਾ ਕਰ ਦਿੱਤਾ ਗਿਆ। ਇਨ੍ਹਾਂ ਲਾਪਤਾ ਕੀਤੇ ਗਏ ਸਿੱਖਾਂ ਨੂੰ ਫਰਜੀ ਪੁਲਸ ਮੁਕਾਬਲਿਆਂ ਵਿੱਚ ਮਾਰ ਦਿੱਤਾ ਜਾਂਦਾ ਤੇ ਉਨ੍ਹਾਂ ਦੀਆਂ ਲਾਸ਼ਾਂ ਨੂੰ ਲਾਵਾਰਸ ਕਹਿ ਕੇ ਸਾੜ ਦਿੱਤਾ ਜਾਂਦਾ। ਇਨ੍ਹਾਂ ਵਿੱਚੋਂ ਬਹੁਤੇ ਤਾਂ ਅਜਿਹੇ ਸਨ ਜਿਨ੍ਹਾਂ ਦਾ ਹਥਿਆਰਬੰਦ ਸੰਘਰਸ਼ ਨਾਲ ਕੋਈ ਵਾਹ-ਵਾਸਤਾ ਵੀ ਨਹੀਂ ਸੀ ਤੇ ਉਹਨਾਂ ਨੂੰ ਤਾਂ ਪੰਜਾਬ ਪੁਲਸ ਦੇ ਬੁੱਚੜਾਂ ਨੇ ਫੀਤੀਆਂ ਦੀ ਭੁੱਖ ਪੂਰੀ ਕਰਨ ਲਈ ਹੀ ਮਾਰ ਮੁਕਾਇਆ ਸੀ। ਇਹ ਉਹ ਦੌਰ ਸੀ ਜਦੋਂ ਬੀਬੀਆਂ, ਬੱਚਿਆਂ ਅਤੇ ਬਜ਼ੁਰਗਾਂ ’ਤੇ ਵੀ ਕਹਿਰ ਢਾਹਿਆ ਗਿਆ। ਸ. ਜਸਵੰਤ ਸਿੰਘ ਖਾਲੜਾ ਇਸ ਸਾਰੇ ਵਰਤਾਰੇ ਤੋਂ ਕਾਫੀ ਪਰੇਸ਼ਾਨ ਸਨ ਪਰ ਇਹ ਉਲਝੀ ਤਾਣੀ ਕਿਸੇ ਪਾਸਿਓਂ ਹੱਲ ਹੁੰਦੀ ਨਜਰ ਨਹੀਂ ਸੀ ਆ ਰਹੀ। ਉਨ੍ਹਾਂ ਦਿਨਾਂ ਵਿੱਚ ਹੀ ਪੁਲਸ ਨੇ ਭਾਈ ਹਰਮਿੰਦਰ ਸਿੰਘ ਸੁਲਤਾਨਵਿੰਡ ਦੇ ਚਾਚਾ ਬਾਬਾ ਪਿਆਰਾ ਸਿੰਘ ਅਤੇ ਭਾਈ ਸੀਤਲ ਸਿੰਘ ਮੱਤੇਵਾਲ ਦੇ ਭਰਾ ਸ. ਅਮਰੀਕ ਸਿੰਘ ਨੂੰ ਚੁੱਕ ਕੇ ਲਾਪਤਾ ਕਰ ਦਿੱਤਾ। ਸ. ਜਸਵੰਤ ਸਿੰਘ ਨੇ ਇਨ੍ਹਾਂ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ ਪਰ ਉਨ੍ਹਾਂ ਨੂੰ ਕੋਈ ਸੂਹ ਨਾਲ ਲੱਗੇ ਕਿ ਆਖਰ ਇਨ੍ਹਾਂ ਨਾਲ ਕੀ ਹੋਣੀ ਵਾਪਰੀ ਹੈ? ਇਸੇ ਸਮੇਂ ਹੀ ਸਿੱਖ ਸੰਘਰਸ਼ ਦੇ ਆਗੂ ਅਤੇ ਭਿੰਡਰਾਂਵਾਲਾ ਟਾਈਗਰ ਫੋਰਸ ਦੇ ਮੁਖੀ ਬਾਬਾ ਗੁਰਬਚਨ ਸਿੰਘ ਮਾਣੋਚਾਹਲ ਪੁਲਸ ਮੁਕਾਬਲੇ ਵਿੱਚ ਸ਼ਹੀਦ ਹੋ ਗਏ। ਉਦੋਂ ਸ. ਜਸਵੰਤ ਸਿੰਘ ਖਾਲੜਾ ਨੇ ਪੁਲਸ ਵਧੀਕੀਆਂ ਖਿਲਾਫ ਜਬਰ ਵਿਰੋਧੀ ਫਰੰਟ ਕਾਇਮ ਕੀਤਾ ਹੋਇਆ ਸੀ। ਦਮਦਮੀ ਟਕਸਾਲ ਤੇ ਜਬਰ ਵਿਰੋਧੀ ਫਰੰਟ ਨੇ ਬਾਬਾ ਮਾਣੋਚਾਹਲ ਦੀ ਮਿਰਤਕ ਦੇਹ ਸਰਕਾਰ ਕੋਲੋਂ ਮੰਗ ਕੇ ਇਸ ਨੂੰ ਕਸੂਤੀ ਸਥਿਤੀ ਵਿੱਚ ਫਸਾ ਦਿੱਤਾ। ਸਰਕਾਰ ਨੇ ਦੇਹ ਤਾਂ ਇਨ੍ਹਾਂ ਦੇ ਹਵਾਲੇ ਕਿੱਥੋਂ ਕਰਨੀ ਸੀ ਤੇ ਪੁਲਸ ਵਾਲਿਆਂ ਨੇ ਬਾਬਾ ਗੁਰਬਚਨ ਸਿੰਘ ਦਾ ਤਰਨਤਾਰਨ ਦੇ ਸ਼ਮਸ਼ਾਨਘਾਟ ਵਿੱਚ ਸੰਸਕਾਰ ਕਰ ਦਿੱਤਾ। ਜਦੋਂ ਜਸਵੰਤ ਸਿੰਘ ਖਾਲੜਾ ਨੇ ਇਸ ਦੀ ਘੋਖ-ਪੜਤਾਲ ਕੀਤੀ ਤਾਂ ਇਨ੍ਹਾਂ ਨੂੰ ਪਤਾ ਲੱਗਾ ਕਿ ਸਰਕਾਰ ਨੇ ਬਾਬਾ ਗੁਰਬਚਨ ਸਿੰਘ ਦੀ ਲਾਸ਼ ਲਾਵਾਰਸ ਕਰਾਰ ਦੇ ਕੇ ਇਸ ਦਾ ਸੰਸਕਾਰ ਕੀਤਾ ਸੀ। ਇੱਥੋਂ ਸ. ਜਸਵੰਤ ਸਿੰਘ ਖਾਲੜਾ ਦੇ ਹੱਥ ਅਜਿਹੀ ਤੰਦ ਲੱਗ ਗਈ ਕਿ ਉਲਝੀ ਤਾਣੀ ਸੁਲਝਾਉਣੀ ਸ਼ੁਰੂ ਹੋ ਗਈ। ਬਾਬਾ ਪਿਆਰਾ ਸਿੰਘ ਤੇ ਸ. ਅਮਰੀਕ ਸਿੰਘ ਨੂੰ ਖਤਮ ਕਰ ਦੇਣ ਤੋਂ ਬਆਦ ਉਨ੍ਹਾਂ ਦਾ ਸੰਸਕਾਰ ਦੁਰਗਿਆਨਾ ਮੰਦਰ ਦੇ ਸ਼ਮਸ਼ਾਨ ਘਾਟ ਵਿੱਚ ਕਰ ਦਿੱਤਾ ਗਿਆ ਸੀ, ਜਿਸ ਬਾਰੇ ਸ. ਖਾਲੜਾ ਨੇ ਪਤਾ ਲਗਾ ਲਿਆ। ਅਸਲ ਵਿੱਚ ਪੁਲਸ ਵਾਲੇ ਕਿਸੇ ਨੂੰ ਵੀ ਚੁੱਕ ਕੇ ਖਪਾ ਦਿੰਦੇ ਸਨ ਤੇ ਫਿਰ ਉਸ ਦੀ ਲਾਸ਼ ਲਾਵਾਰਸ ਕਰਾਰ ਦੇ ਕੇ ਕਿਸੇ ਸ਼ਮਸ਼ਾਨਘਾਟ ਵਿੱਚ ਸਾੜ ਦਿੰਦੇ ਸਨ। ਹੁਣ ਸ਼ਮਸ਼ਾਨਘਾਟ ਵਾਲੇ ਪੁਲਸ ਵੱਲੋਂ ਲਿਆਂਦੀਆਂ ਲਾਸ਼ਾਂ ਨੂੰ ਸਾੜਨ ਲਈ ਜਾਰੀ ਕੀਤੇ ਗਏ ਬਾਲਣ ਦਾ ਹਿਸਾਬ ਇੱਕ ਰਜਿਸਟਰ ਵਿੱਚ ਦਰਜ ਕਰ ਦਿੰਦੇ ਤੇ ਮਰਨ ਵਾਲੇ ਦੀ ਜਿੰਨੀ ਕੁ ਜਾਣਕਾਰੀ ਮਿਲਦੀ ਅਤੇ ਲਾਸ਼ ਲੈ ਕੇ ਆਉਣ ਵਾਲੇ ਪੁਲਸ ਅਫਸਰ ਦਾ ਨਾਂ ਵੀ ਲਿਖ ਲਿਆ ਜਾਂਦਾ। ਸ. ਜਸਵੰਤ ਸਿੰਘ ਖਾਲੜਾ ਆਪਣੀ ਇੱਕ ਤਕਰੀਰ ਵਿੱਚ ਆਪ ਦੱਸਦੇ ਸਨ ਕਿ ਇਹ ਅਜਿਹਾ ਰਾਹ ਸੀ ਜਿਸ ਉੱਤੇ ਚੱਲਦਿਆਂ ਉਨ੍ਹਾਂ ਵੇਖਿਆ ਕਿ ਪੰਜਾਬ ਦੇ ਲਾਪਤਾ ਸਿੱਖਾਂ ਦਾ ਪੂਰਾ ਹਿਸਾਬ ਲਿਖਿਆ ਪਿਆ ਸੀ। ਇਹ ਸਭ ਮੌਤ ਦੇ ਨੰਗੇ ਨਾਚ ਦੀ ਕਹਾਣੀ ਸੀ, ਜਿਸ ਤਹਿਤ ਸਿੱਖਾਂ ਨੂੰ ਖਤਮ ਕਰਨ ਲਈ ਕਿਸੇ ਕਾਨੂੰਨ ਦੀ ਲੋੜ ਨਹੀਂ ਸੀ ਸਗੋਂ ਕਾਨੂੰਨ ਦੀਆਂ ਤਾਂ ਪੈਰ-ਪੈਰ ਉੱਤੇ ਧੱਜੀਆਂ ਉਡਾਈਆ ਜਾ ਰਹੀਆਂ ਸਨ। ਉਨ੍ਹਾਂ ਨੇ ਤਰਨਤਾਰਨ, ਪੱਟੀ ਤੇ ਦੁਰਗਿਆਨਾ ਮੰਦਰ ਦੇ ਸ਼ਮਸ਼ਾਨ ਘਾਟਾਂ ਵਿੱਚੋਂ ਇਸ ਅਰਸੇ ਦੌਰਾਨ ਲਾਵਾਰਸ ਕਹਿ ਕੇ ਮਾਰੇ-ਸਾੜੇ ਗਏ ਸਿੱਖਾਂ ਦਾ ਵੇਰਵਾ ਇਕੱਠਾ ਕਰ ਲਿਆ ਤੇ ਫਿਰ ਅੰਮ੍ਰਿਤਸਰ ਵਿੱਚ ਪ੍ਰੈਸ ਕਾਨਫਰੰਸ ਕਰ ਕੇ ਸਰਕਾਰ ਤੋਂ ਆਪਣੇ ਲਾਪਤਾ ਭਰਾਵਾਂ ਦਾ ਹਿਸਾਬ ਮੰਗ ਲਿਆ। ਹੁਣ ਸਰਕਾਰ ਦੇ ਹਿਸਾਬ ਨਾਲ ਤਾਂ ਇਹ ਅਣਹੋਣੀ ਹੀ ਸੀ ਕਿ ਕੋਈ ਉਸ ਕੋਲੋਂ ਕਿਸੇ ਤਰ੍ਹਾਂ ਦੀ ਜਵਾਬ-ਤਲਬੀ ਕਰਨ ਦੀ ਹਿਮਾਕਤ ਕਰੇ ਤੇ ਉਹ ਵੀ ਉਸ ਸਮੇਂ ਜਦੋਂ ਕਿ ਪੰਜਾਬ ਅੰਦਰ ਉੱਚੀ ਸਾਹ ਲੈਣ ਵਾਲੇ ਦਾ ਦਮ ਸਦਾ ਲਈ ਦਬਾ ਦਿੱਤਾ ਜਾਂਦਾ ਸੀ। ਸਰਦਾਰ ਜਸਵੰਤ ਸਿੰਘ ਨੇ ਉਨ੍ਹਾਂ ਪਰਵਾਰਾਂ ਨਾਲ ਆਪ ਰਾਬਤਾ ਕੀਤਾ ਜਿਨ੍ਹਾਂ ਦੇ ਘਰਾਂ ਦੇ ਜੀਅ ਪੁਲਸ ਨੇ ਲਾਪਤਾ ਕਰ ਦਿੱਤੇ ਸਨ। ਇਸ ਸਮੇਂ ਉਨ੍ਹਾਂ ਨੂੰ ਕਈ ਤਰ੍ਹਾਂ ਦੀਆਂ ਦਿੱਕਤਾਂ ਆਈਆਂ। ਹਕੂਮਤੀ ਜਬਰ ਦੇ ਲਿਤਾੜੇ ਲੋਕਾਂ ਨੂੰ ਇਨਸਾਫ ਦੀ ਕੋਈ ਆਸ ਹੀ ਨਹੀਂ ਸੀ ਤੇ ਪੁਲਸ ਦੀ ਦਹਿਸ਼ਤ ਕਾਰਨ ਉਹ ਬਹੁਤੀ ਵਾਰ ਸ. ਖਾਲੜਾ ਵੱਲੋਂ ਛੇੜੀ ਕਾਨੂੰਨੀ ਲੜਾਈ ਦਾ ਹਿੱਸਾ ਬਣਨ ਲਈ ਤਿਆਰ ਨਾ ਹੁੰਦੇ। ਕਈ ਪਰਵਾਰ ਅਜਿਹੇ ਸਨ ਜੋ ਇਹ ਮੰਨਣ ਲਈ ਤਿਆਰ ਹੀ ਨਹੀਂ ਸਨ ਕਿ ਪੁਲਸ ਵੱਲੋਂ ਚੁੱਕ ਕੇ ਲਾਪਤਾ ਕੀਤੇ ਜੀਅ ਹੁਣ ਇਸ ਦੁਨੀਆ ਵਿੱਚ ਨਹੀਂ ਰਹੇ। ਉਹ ਸ਼ਾਇਦ ਇਸੇ ਆਸ ਸਹਾਰੇ ਹੀ ਜਿੰਦਾ ਸਨ ਕਿ ਖਵਰੇ ਉਨ੍ਹਾਂ ਦੇ ਜੀਆਂ ਨੂੰ ਪੁਲਸ ਨੇ ਅਜੇ ਨਾ ਹੀ ਮਾਰਿਆ ਹੋਵੇ। ਇਹ ਪਰਵਾਰ ਸ. ਖਾਲੜਾ ਨੂੰ ਆਪਣੇ ਲਾਪਤਾ ਹੋਏ ਸਕੇ ਸਬੰਧੀਆਂ ਬਾਰੇ ਕੋਈ ਜਾਣਾਕਾਰੀ ਨਾ ਦਿੰਦੇ ਕਿ ਕਿਤੇ ਪੁਲਿਸ ਉਨ੍ਹਾਂ ਨੂੰ ਖਤਮ ਹੀ ਨਾ ਕਰ ਦੇਵੇ। ਪਰ ਸੱਚਾਈ ਇਹ ਹੈ ਕਿ ਇਹ ਸਿਰਫ ਇਨ੍ਹਾਂ ਪਰਵਾਰਾਂ ਦੇ ਮਨ ਨੂੰ ਢਾਰਸ ਦੇਣ ਵਾਲੀ ਗੱਲ ਹੀ ਸੀ ਕਿਉਂਕਿ ਪੁਲਸ ਨੇ ਚੁੱਕ ਕੇ ਲਾਪਤਾ ਕੀਤੇ ਸਿੱਖਾਂ ਨੂੰ ਪਹਿਲਾਂ ਹੀ ਮਾਰ ਕੇ ਤੇ ਲਾਵਾਰਸ ਲਾਸ਼ਾਂ ਕਹਿ ਕੇ ਸਾੜ ਦਿੱਤਾ ਸੀ। ਫਿਰ ਵੀ ਸ. ਖਾਲੜਾ ਨੇ ਕੁਝ ਪਰਿਵਾਰਾਂ ਨੂੰ ਪੁਲਸ ਖਿਲਾਫ ਅਦਾਲਤੀ ਕਾਰਵਾਈ ਕਰਨ ਲਈ ਰਜ਼ਾਮੰਦ ਕਰ ਲਿਆ ਪਰ ਇਸ ਸਮੇਂ ਤਾਂ ਅਦਾਲਤਾਂ ਵੀ ਅੱਖਾਂ ਉੱਤੇ ਪਰਦੇ ਪਾਈ, ਕੰਨਾ ਵਿੱਚ ਉਗਲਾਂ ਲਈ ਤੇ ਜੁਬਾਨ ਉੱਤੇ ਤਾਲਾ ਲਾਈ ਬੈਠੀਆਂ ਸਨ। ਮਨੁੱਖੀ ਹੱਕਾਂ ਦੇ ਇੰਨੀ ਵੱਡੀ ਪੱਧਰ ’ਤੇ ਹੋਏ ਘਾਣ ਬਾਰੇ ਉਹ ਬਿਲਕੁਲ ਨਹੀਂ ਸਨ ਬੋਲਦੀਆਂ। ਇਸ ਸਮੇਂ ਸ. ਜਸਵੰਤ ਸਿੰਘ ਖਾਲੜਾ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਰਿੱਟ ਪਾਈ ਕਿ ਪੁਲਸ ਵੱਲੋਂ ਲਾਪਤਾ ਕੀਤੇ ਲੋਕਾਂ ਬਾਰੇ ਸਾਨੂੰ ਜਾਣਕਾਰੀ ਦਿੱਤੀ ਜਾਵੇ। ਪਰ ਸੂਬੇ ਦੀ ਇਸ ਵੱਡੀ ਅਦਾਲਤ ਨੇ ਅੱਗੋਂ ਇਹ ਜਵਾਬ ਦਿੱਤਾ ਕਿ ਤੈਨੂੰ ਇਹ ਕੇਸ ਪਾਉਣ ਦਾ ਕੀ ਅਖ਼ਤਿਆਰ ਹੈ? ਜਿਨ੍ਹਾਂ ਪਰਵਾਰਾਂ ਦੇ ਜੀਅ ਲਾਪਤਾ ਹਨ ਉਹ ਆਪ ਸਾਡੇ ਕੋਲ ਆਉਣ ਅਸੀਂ ਜਾਣਕਾਰੀ ਦਿਆਂਗੇ। ਇਹ ਉਹੀ ਅਦਾਲਤਾਂ ਨੇ ਜੋ ਚਟਾਨਾਂ ਉੱਤੇ ਕਲੀ ਕਰ ਦੇਣ ਵਾਲੀਆਂ ਕੰਪਨੀਆਂ ਖਿਲਾਫ ਤਾਂ ਕਿਸੇ ਦੇ ਵੀ ਕਹਿਣ ਤੇ ਕਾਰਵਾਈ ਕਰ ਦਿੰਦੀਆਂ ਹਨ ਕਿ ਇਸ ਤਰ੍ਹਾਂ ਕਲੀ ਕਰਨ ਨਾਲ ਸੂਖਮ ਜੀਵ (ਅਜਿਹੇ ਕੀੜੇ-ਮਕੌੜੇ ਜੋ ਨੰਗੀ ਅੱਖ ਨਾਲ ਨਹੀਂ ਦਿਸਦੇ) ਮਰ ਜਾਂਦੇ ਹਨ, ਪਰ ਹਜਾਰਾਂ ਜਿਉਂਦੇ ਸਿੱਖਾਂ ਨੂੰ ਮਾਰ ਮੁਕਾਉਣ ਵਿੁਰੱਧ ਕਿਸੇ ਹੋਰ ਸਿੱਖ ਨੂੰ ਕੇਸ ਪਾਉਣ ਦਾ ਹੱਕ ਵੀ ਨਹੀਂ ਦੇਂਦੀਆਂ। ਖੈਰ! ਜਸਵੰਤ ਸਿੰਘ ਖਾਲੜਾ ਨੇ ਕੁਝ ਪਰਵਾਰਾਂ ਨੂੰ ਨਿੱਜੀ ਤੌਰ ’ਤੇ ਅਦਾਲਤ ਵਿੱਚ ਰਿੱਟਾਂ ਪਾਉਣ ਲਈ ਤਿਆਰ ਕਰ ਲਿਆ। ਇਸ ਸਭ ਕਾਸੇ ਨਾਲ ਉਹ ਬਘਿਆੜ ਮੱਚ ਉੱਠੇ ਜਿਨ੍ਹਾਂ ਨੇ ਸਿੱਖਾਂ ਦਾ ਖੂਨ ਪੀਤਾ ਸੀ ਕਿ ਇੰਝ ਤਾਂ ਉਨ੍ਹਾਂ ਦੀ ਸਾਰੀ ਕਰਤੂਤ ਦੁਨੀਆ ਸਾਹਮਣੇ ਨੰਗੀ ਹੋ ਜਾਵੇਗੀ।

ਮਾਰਚ 1995 ਵਿੱਚ ਸ. ਜਸਵੰਤ ਸਿੰਘ ਖਾਲੜਾ ਲਾਵਾਰਸ ਲਾਸ਼ਾਂ ਦੇ ਮਸਲੇ ਬਾਰੇ ਦੁਨੀਆਂ ਦੇ ਲੋਕਾਂ ਨੂੰ ਦੱਸਣ ਲਈ ਚੁੱਪ-ਚਪੀਤੇ ਕੈਨੇਡਾ, ਅਮਰੀਕਾ ਅਤੇ ਇੰਗਲੈਂਡ ਦੇ ਦੌਰੇ ਉੱਤੇ ਚਲੇ ਗਏ ਜਿੱਥੇ ਉਨ੍ਹਾਂ ਲਾਵਾਰਸ ਲਾਸ਼ਾਂ ਸਬੰਧੀ ਇਕੱਠੇ ਕੀਤੇ ਸਾਰੇ ਵੇਰਵੇ ਤੇ ਸਬੂਤ ਦੁਨੀਆ ਦੇ ਲੋਕਾਂ ਤੇ ਕੈਨੇਡਾ ਦੀ ਸਰਕਾਰ ਤੇ ਪਾਰਲੀਮੈਂਟ ਸਾਹਮਣੇ ਰੱਖ ਦਿੱਤੇ। ਜਦੋਂ ਜਸਵੰਤ ਸਿੰਘ ਨੇ ਦੁਨੀਆ ਪੱਧਰ ’ਤੇ ਕਿਹਾ ਕਿ ਸਾਨੂੰ ਤਾਂ ਪੱਚੀ ਹਜ਼ਾਰ ਦਾ ਹਿਸਾਬ ਚਾਹੀਦਾ ਹੈ ਤਾਂ ਅੱਗੋਂ ਹੰਕਾਰ ਵਿੱਚ ਅੰਨ੍ਹੀ ਹਿੰਦ ਹਕੂਮਤ ਤੇ ਇਸ ਦੇ ਕਰਿੰਦਿਆਂ ਨੇ ਇਹ ਜਵਾਬ ਦਿੱਤਾ ਕਿ ਜੇ ਅਸੀਂ ਪੱਚੀ ਹਜ਼ਾਰ ਦਾ ਹਿਸਾਬ ਦੇ ਸਕਦੇ ਹਾਂ ਤਾਂ ਪੱਚੀ ਹਜ਼ਾਰ ਇੱਕ ਦਾ ਹਿਸਾਬ ਵੀ ਦੇ ਸਕਦੇ ਹਾਂ।

26 ਜੁਲਾਈ 1995 ਨੂੰ ਵਿਦੇਸ਼ੋਂ ਪਰਤ ਆਉਣ ਤੋਂ ਬਾਅਦ ਸ. ਜਸਵੰਤ ਸਿੰਘ ਨੇ ਆਪਣੇ ਕਾਰਜ ਨੂੰ ਹੋਰ ਵੀ ਸ਼ਿੱਦਤ ਨਾਲ ਜਾਰੀ ਰੱਖਿਆ ਤੇ ਉਨ੍ਹਾਂ ਨੂੰ ਧਮਕੀਆਂ ਆਉਣੀਆਂ ਸ਼ੁਰੂ ਹੋ ਗਈਆਂ। ਜਿਆਦਾਤਰ ਉਨ੍ਹਾਂ ਦੇ ਘਰ ਗੁਮਨਾਮ ਫੋਨ ਆਉਂਦੇ ਜਿਸਨੂੰ ਕਰਨ ਵਾਲੇ ਜਸਵੰਤ ਸਿੰਘ ਨੂੰ ਇਸ ਲਾਸ਼ਾ ਵਾਲੇ ਮਸਲੇ ਤੋਂ ਪਿੱਛੇ ਹਟ ਜਾਣ ਲਈ ਕਹਿੰਦੇ। ਬੀਬੀ ਪਰਮਜੀਤ ਕੌਰ ਦੱਸਦੇ ਹਨ ਕਿ ਇੱਕ-ਦੋ ਵਾਰ ਤਾਂ ਖਾਲੜਾ ਸਾਹਿਬ ਨੇ ਸੋਚਿਆ ਕਿ ਘਰ ਦਾ ਫੋਨ ਹੀ ਕਟਵਾ ਦਈਏ ਪਰ ਫੋਨ ਦੀ ਉਨ੍ਹਾਂ ਦਿਨਾਂ ਵਿੱਚ ਬਹੁਤ ਸਖ਼ਤ ਲੋੜ ਸੀ। ਪੁਲਸ ਵਾਲਿਆਂ ਵਿਰੁੱਧ ਕੇਸ ਦਰਜ ਕਰਵਾਉਣ ਵਾਲੇ ਪਰਵਾਰਾਂ ਖਿਲਾਫ ਸਖਤੀ ਹੋਰ ਵਧਣ ਲੱਗੀ ਤਾਂ ਉਨ੍ਹਾਂ (ਸ. ਖਾਲੜਾ ਨੇ) ਆਪਣੇ ਛੋਟੇ ਕਾਰਡ ਛਪਵਾ ਲਏ ਤੇ ਉਹ ਜਿਸ ਪਰਵਾਰ ਦਾ ਕੇਸ ਤਿਆਰ ਕਰਕੇ ਅਦਾਲਤ ਵਿੱਚ ਭੇਜਦੇ ਉਨ੍ਹਾਂ ਨੂੰ ਆਪਣੇ ਕਾਰਡ ਦੇ ਦਿੰਦੇ ਕਿ ਜੇਕਰ ਕਦੇ ਕੋਈ ਤੁਹਾਨੂੰ ਪਰੇਸ਼ਾਨ ਕਰੇ ਤਾਂ ਤੁਸੀਂ ਮੇਰਾ ਕਾਰਡ ਉਸ ਨੂੰ ਦੇ ਕੇ ਮੇਰੇ ਬਾਰੇ ਦੱਸ ਦਿਓ। ਇਸ ਨਾਲ ਪੁਲਸ ਵਾਲੇ ਬੁੱਚੜ ਹੋਰ ਵੀ ਖਿਝਣ ਲੱਗੇ। ਤਰਨਤਾਰਨ ਦੇ ਇਲਾਕੇ ਵਿੱਚ ਅਨੇਕਾਂ ਸਿੱਖਾਂ ਨੂੰ ਕਤਲ ਕਰਨ ਵਾਲੇ ਕਸਾਈ ਐਸ. ਐਸ. ਪੀ ਅਜੀਤ ਸੰਧੂ ਨੂੰ ਰੋਪੜ ਤੋਂ ਮੁੜ ਤਰਨਤਾਰਨ ਲੈ ਆਂਦਾ ਗਿਆ ਤੇ ਉਸ ਨਾਲ ਉਸ ਦਾ ਕਾਤਲਾਂ ਦਾ ਗੈਂਗ ਵੀ ਆ ਗਿਆ। ਅਜੀਤ ਸੰਧੂ ਖਿਲਾਫ ਇਸ ਸਮੇਂ ਦੌਰਾਨ 40 ਦੇ ਕਰੀਬ ਪਰਵਾਰਾਂ ਵੱਲੋਂ ਮੁਕਦਮੇਂ ਦਰਜ ਕਰਵਾ ਦਿੱਤੇ ਗਏ ਸਨ।

ਇਸੇ ਦੌਰਾਨ ਭਾਈ ਦਿਲਾਵਰ ਸਿੰਘ ਨੇ 31 ਅਗਸਤ 1995 ਨੂੰ ਆਪਾ ਵਾਰ ਕੇ ਪੰਜਾਬ ਦੀ ਧਰਤੀ ਨੂੰ ਮੁੱਖ ਮੰਤਰੀ ਬੇਅੰਤ ਸਿੰਘ ਦੀ ਬੋਝ ਭਰੀ ਹੋਂਦ ਤੋਂ ਖਲਾਸੀ ਦਿਵਾ ਦਿੱਤੀ। ਮੁੱਖ-ਮੰਤਰੀ ਦਾ ਮਾਰਿਆ ਜਾਣਾ ਵੱਡੀ ਘਟਨਾ ਸੀ ਜਿਸ ਦਾ ਸਹਾਰਾ ਲੈ ਕੇ ਇਸੇ ਰੌਲੇ-ਗੌਲੇ ਵਿੱਚ ਪੁਲਸ ਵਾਲਿਆਂ ਨੇ ਸ. ਜਸਵੰਤ ਸਿੰਘ ਖਾਲੜਾ ਨੂੰ ਖਤਮ ਕਰਨ ਦਾ ਮਨਸੂਬਾ ਘੜ੍ਹ ਲਿਆ ਤੇ ਸਰਕਾਰ ਵੱਲੋਂ ਪਤਾਂ ਪਹਿਲਾਂ ਹੀ ਪੁਲਸ ਨੂੰ ਕਿਸੇ ਵੀ ਸਿੱਖ ਨੂੰ ਮਾਰ ਮੁਕਾਉਣ ਦੀ ਪੂਰੀ ਖੁੱਲ੍ਹ ਸੀ। 5 ਸਤੰਬਰ ਨੂੰ ਪੁਲਸ ਨੇ ਸਵੇਰੇ ਪਿੰਡ ਖਾਲੜਾ ਦੇ ਗੁਰਦੁਆਰਾ ਸਾਹਿਬ ਨੂੰ ਵੀ ਘੇਰਾ ਪਾਇਆ ਪਰ ਬਾਅਦ ਵਿੱਚ ਘੇਰਾ ਹਟਾ ਲਿਆ। ਸ. ਜਸਵੰਤ ਸਿੰਘ ਉਸ ਦਿਨ ਸ਼ਾਮ ਨੂੰ ਪੱਟੀ ਵੱਲ ਦੀ ਹੋ ਕੇ ਆਪਣੇ ਕਬੀਰ ਪਾਰਕ ਵਾਲੇ ਘਰ ਆ ਗਏ। ਇੱਧਰ ਕਬੀਰ ਪਾਰਕ ਵਾਲੇ ਪਾਸੇ ਪੁਲਸ ਵੱਲੋਂ ਹਿਲਜੁਲ ਕਾਫੀ ਵਧਾ ਦਿੱਤੀ ਗਈ ਸੀ। ਸਫੈਦ ਕਪੜਿਆ ਵਿੱਚ ਪੁਲਸ ਤੇ ਸੂਹੀਆ ਏਜੰਸੀਆ ਵਾਲੇ ਕਬੀਰ ਪਾਰਕ ਦੇ ਚੱਪੇ-ਚੱਪੇ ਉਤੇ ਤਾਇਨਾਤ ਸਨ। ਸ. ਖਾਲੜਾ ਤੇ ਉਨ੍ਹਾਂ ਦੇ ਘਰ ਦੇ ਜੀਆਂ ਦੇ ਆਉਣ-ਜਾਣ ’ਤੇ ਨਜਰ ਰੱਖੀ ਜਾ ਰਹੀ ਸੀ। ਸ. ਖਾਲੜਾ ਨੂੰ ਕਈਆਂ ਨੇ ਸਲਾਹ ਦਿੱਤੀ ਕਿ ਤੁਸੀਂ ਕੁਝ ਦਿਨ ਲੁਕ-ਛਿਪ ਦੇ ਦਿਨ ਕੱਟੀ ਕਰ ਲਵੋ ਤੇ ਮਾਹੌਲ ਕੁਝ ‘ਠੀਕ’ ਹੋ ਲੈਣ ਦਿਓ ਪਰ ਉਹ ਨੇਕ-ਦਿਲ ਆਪਣੇ ਇਰਾਦੇ ’ਤੇ ਦ੍ਰਿੜ ਸੀ। ਇੰਝ ਲੱਗਦਾ ਹੈ ਕਿ ਇਸ ਸਮੇਂ ਤੱਕ ਸ. ਜਸਵੰਤ ਸਿੰਘ ਖਾਲੜਾ ਨੂੰ ਇਹ ਅਹਿਸਾਸ ਹੋ ਚੁੱਕਾ ਸੀ ਕਿ ਹੁਣ ਸ਼ਹਾਦਤ ਦੀ ਦਾਤ ਹਾਸਲ ਕਰਨ ਦਾ ਸਮਾਂ ਨੇੜੇ ਹੈ। 6 ਸਤੰਬਰ 1995 ਦਾ ਦਿਨ ਸ. ਜਸਵੰਤ ਸਿੰਘ ਖਾਲੜਾ ਤੇ ਪਰਵਾਰ ਲਈ ਆਮ ਵਾਂਗ ਹੀ ਚੜ੍ਹਿਆ।  ਮਾਹੌਲ ਬੇਸ਼ੱਕ ਤਣਾਅ ਵਾਲਾ ਸੀ ਪਰ ਉਹ ਆਪਣੇ ਸੁਭਾਅ ਮੁਤਾਬਿਕ ਸਹਿਜ ਵਿੱਚ ਹੀ ਵਿਚਰ ਰਹੇ ਸਨ। ਉਸ ਦਿਨ ਉਹ ਨਿੱਤ ਵਾਂਗ ਸੈਰ ਕਰਨ ਲਈ ਵੀ ਗਏ ਤੇ ਫਿਰ ਅੱਠ ਵਜੇ ਦੇ ਕਰੀਬ ਆਪਣੇ ਕਿਸੇ ਰਿਸ਼ਤੇਦਾਰ ਨੂੰ ਬੱਸੇ ਚੜ੍ਹਾ ਕੇ ਆਏ। ਉਨ੍ਹਾਂ ਘਰ ਦੇ ਬਾਹਰ ਲੱਗੇ ਬੂਟਿਆਂ ਨੂੰ ਬੜੀ ਸਹਿਜਤਾ ਨਾਲ ਪਾਣੀ ਦਿੱਤਾ। ਬੀਬੀ ਪਰਮਜੀਤ ਕੌਰ ਯਾਦ ਕਰਦੇ ਹਨ ਕਿ ਉਂਝ ਉਹ ਬਾਹਰ ਬੂਟਿਆਂ ਨੂੰ ਪਾਣੀ ਦੇਣਾ ਛੱਡ ਕੇ ਇੱਕ ਦਮ ਮੇਰੇ ਕੋਲ ਆਏ ਤੇ ਕਹਿਣ ਲੱਗੇ ਕਿ ‘ਤੂੰ ਬੱਚੇ ਤਾਂ ਪੜ੍ਹਾ ਲਵੇਂਗੀ ਨਾ?’ ਬੀਬੀ ਨੇ ਸੋਚਿਆ ਕਿ ਜਿਵੇਂ ਆਪਾਂ ਆਮ ਹੀ ਪੁੱਛ ਲਈਦਾ ਹੈ ਇਸੇ ਤਰ੍ਹਾਂ ਪੁੱਛ ਰਹੇ ਹਨ ਤੇ ਜਵਾਬ ਦਿੱਤਾ ਕਿ ‘ਹਾਂ! ਅੱਗੇ ਵੀ ਤਾਂ ਮੈਂ ਪੜ੍ਹਾ ਹੀ ਦੇਂਨੀ ਆ’ ਤੇ ਇਸ ਬਾਰੇ ਹੋਰ ਕੋਈ ਗੱਲ ਨਾ ਹੋਈ। ਦਸ ਕੁ ਵਜੇ ਦੇ ਕਰੀਬ ਬੀਬੀ ਪਰਮਜੀਤ ਕੌਰ ਯੂਨੀਵਰਸਿਟੀ ਆਪਣੀ ਨੌਕਰੀ ਨੂੰ ਚਲੇ ਗਏ, ਉਸ ਸਮੇਂ ਸ. ਖਾਲੜਾ ਘਰ ਦੇ ਬਾਹਰ ਆਪਣੀ ਕਾਰ ਧੋ ਰਹੇ ਸਨ। ਬੱਸ ਕੁਝ ਪਲਾਂ ਬਾਅਦ ਹੀ ਸ. ਖਲਾੜਾ ਨੂੰ ਚਿੱਟੇ ਦਿਨ ਪੁਲਸ ਵਾਲੇ ਉਨ੍ਹਾਂ ਦੇ ਘਰੋਂ ਚੁੱਕ ਕੇ ਲੈ ਗਏ ਜਿਸ ਤੋਂ ਬਾਅਦ ਉਨ੍ਹਾਂ ਦਾ ਕੁਝ ਪਤਾ ਨਾ ਲੱਗਾ। ਉਨ੍ਹਾਂ ਦੇ ਕਿਸੇ ਗਵਾਂਡੀ ਨੇ ਉਸ ਗੱਡੀ ਦਾ ਨੰਬਰ ਵੀ ਦੇਖ ਲਿਆ ਸੀ ਜਿਸ ਵਿੱਚ ਸ. ਖਾਲੜਾ ਨੂੰ ਪੁਲਸ ਵੱਲੋਂ ਚੁੱਕਿਆ ਗਿਆ ਸੀ, ਪਰ ਉਹ ਨੰਬਰ ਗਲਤ ਨਿਕਲਿਆ। ਬੀਬੀ ਪਰਮਜੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਆਪਣੇ ਦਫਤਰ ਜਾ ਕੇ ਅਜੇ ਸਮਾਨ ਹੀ ਰੱਖਿਆ ਸੀ ਕਿ ਉਨ੍ਹਾਂ ਨੂੰ ਮਗਰੇ ਫੋਨ ਚਲਾ ਗਿਆ ਕਿ ਇਹ ਭਾਣਾ ਵਾਪਰ ਗਿਆ ਹੈ। ਜਦੋਂ ਉਹ ਵਾਪਸ ਆਏ ਤਾਂ ਕਾਰ ਕੋਲ ਪਈ ਪਾਈਪ ਵਿੱਚੋਂ ਪਾਣੀ ਲਗਾਤਾਰ ਵਗੀ ਜਾ ਰਿਹਾ ਸੀ ਜਿਸ ਨਾਲ ਖਾਲੜਾ ਸਹਿਬ ਆਪਣੀ ਕਾਰ ਸਾਫ ਕਰ ਰਹੇ ਸਨ।

ਬੀਬੀ ਪਰਮਜੀਤ ਕੌਰ ਨੇ ਦੱਸਿਆ ਕਿ ਉਸ ਦਿਨ ਦੁਪਹਿਰੇ ਤਕਰੀਬਨ ਇੱਕ ਕੁ ਵਜੇ ਉਨ੍ਹਾਂ ਦੇ ਘਰ ਇੱਕ ਫੋਨ ਆਇਆ ਸੀ ਤੇ ਫੋਨ ਵਾਲੇ ਨੇ ਪੁੱਛਿਆ ਕਿ ਖਾਲੜਾ ਸਾਹਿਬ ਕਿੱਥੇ ਹਨ? ਜਦੋਂ ਬੀਬੀ ਨੇ ਦੱਸਿਆ ਕਿ ਖਾਲੜਾ ਸਾਹਿਬ ਨੂੰ ਪੁਲਸ ਚੁੱਕ ਕੇ ਲੈ ਗਈ ਹੈ ਤਾਂ ਉਹ (ਫੋਨ ਕਰਨ ਵਾਲਾ) ਬਹੁਤ ਜੋਰ ਨਾਲ ਹੱਸਿਆ ਤੇ ਫਿਰ ਫੋਨ ਕੱਟ ਦਿੱਤਾ।

ਪਰਵਾਰ ਨੇ ਬਥੇਰੀ ਕੋਸ਼ਿਸ਼ ਕੀਤੀ ਕਿ ਜਸਵੰਤ ਸਿੰਘ ਖਾਲੜਾ ਦਾ ਕੋਈ ਥਹੁ-ਪਤਾ ਲੱਗ ਜਾਵੇ ਪਰ ਜਿਨ੍ਹਾਂ ਕੋਲ ਤੁਸੀਂ ਸ਼ਿਕਾਇਤ ਕਰ ਸਕਦੇ ਹੋ ਉਨ੍ਹਾਂ ਆਪ ਹੀ ਤਾਂ ਇਹ ਸਭ ਕੁਝ ਕੀਤਾ ਸੀ ਤਾਂ ਇਸ ਸਮੇਂ ਇਨ੍ਹਾਂ ਦੀ ਬਾਂਹ ਕੌਣ ਫੜਦਾ? ਉਂਝ ਪਰਵਾਰ ਨੇ ਇਸ ਮੁਲਕ ਦੀ ਸਭ ਤੋਂ ਵੱਡੀ ਅਦਾਲਤ ਵਿੱਚ ਜਸਵੰਤ ਸਿੰਘ ਦੇ ਪੁਲਸ ਵੱਲੋਂ ਚੁੱਕੇ ਜਾਣ ਦੀ ਖਬਰ ਕਰ ਦਿੱਤੀ। ਸਵੱਬ ਹੀ ਕਹਿ ਲਵੋ ਕਿ ਇਹ ਕੇਸ ਇੱਕ ਸਿੱਖ ਜੱਜ ਜਸਟਿਸ ਕੁਲਦੀਪ ਸਿੰਘ ਕੋਲ ਚਲਾ ਗਿਆ ਜਿਨ੍ਹਾਂ ਨੂੰ ਕੁਝ ਸਮਾਂ ਪਹਿਲਾਂ ਹੀ ਸ. ਖਾਲੜਾ ਸ੍ਰੀ ਅੰਮ੍ਰਿਤਸਰ ਵਿਖੇ ਮਿਲੇ ਸਨ ਤੇ ਲਾਵਾਰਸ ਲਾਸ਼ਾਂ ਦੇ ਮਸਲੇ ਬਾਰੇ ਜਾਣਕਾਰੀ ਦਿੱਤੀ ਸੀ। ਜਸਟਿਸ ਕੁਲਦੀਪ ਸਿੰਘ ਨੇ ਇਸ ਕੇਸ ਵਿੱਚ ਜੋ ਸੰਭਵ ਸੀ ਕੀਤਾ ਤੇ ਇਹ ਕੇਸ ਸੀ.ਬੀ. ਆਈ (ਭਾਰਤ ਦੀ ਕੇਂਦਰੀ ਜਾਂਚ ਏਜੰਸੀ) ਕੋਲ ਚਲਾ ਗਿਆ। ਪੁਲਸ ਵਾਲਿਆਂ ਨੇ ਇਸ ਕੇਸ ਨੂੰ ਲਮਕਾਉਣ ਦਾ ਹਰ ਹਰਬਾ ਵਰਤਿਆ। ਪਹਿਲਾਂ ਤਾਂ ਪੁਲਸ ਵਾਲਿਆਂ ਨੇ ਹਲਫਨਾਮੇ ਦੇ ਦਿੱਤੇ ਕਿ ਜਸਵੰਤ ਸਿੰਘ ਪੰਜਾਬ ਪੁਲਸ ਨੂੰ ਕਿਸੇ ਕੇਸ ਵਿੱਚ ਲੋੜੀਂਦਾ ਨਹੀਂ ਹੈ। ਫਿਰ ਜਦੋਂ ਪੁਲਸ ਵੱਲੋਂ ਸ. ਖਾਲੜਾ ਨੂੰ ਚੁੱਕੇ ਜਾਣ ਦੇ ਸਬੂਤ ਸਾਹਮਣੇ ਆ ਗਏ ਤੇ ਅਦਾਲਤ ਨੇ ਇਸ ਕੇਸ ਦੀ ਐਫ. ਆਈ. ਆਰ ਦਰਜ ਕਰਨ ਲਈ ਕਹਿ ਦਿੱਤਾ ਤਾਂ ਐਫ. ਆਈ ਆਰ ਵਿੱਚ ‘ਪੁਲਸ’ ਦਾ ਜਿਕਰ ਹੀ ਨਾ ਕੀਤਾ ਗਿਆ। ਬੀਬੀ ਪਰਮਜੀਤ ਕੌਰ ਖਾਲੜਾ ਤੇ ਸ. ਜਸਵੰਤ ਸਿੰਘ ਖਾਲੜਾ ਦੇ ਸਾਥੀਆਂ ਨੇ ਜਿਸ ਦ੍ਰਿੜਤਾ ਤੇ ਦਲੇਰੀ ਨਾਲ ਉਨ੍ਹਾਂ ਨੂੰ ਲਾਪਤਾ ਕਰਕੇ ਸ਼ਹੀਦ ਕੀਤੇ ਜਾਣ ਦਾ ਕੇਸ ਅਦਾਲਤ ਵਿੱਚ ਲੜਿਆ ਉਹ ਇੱਕ ਵੱਖਰੇ ਹੀ ਸੰਘਰਸ਼ ਦੀ ਕਹਾਣੀ ਹੈ। ਖੈਰ! ਇਸ ਕੇਸ ਵਿੱਚ ਮੁੱਖ ਦੋਸ਼ੀ ਮੰਨੇ ਜਾਂਦੇ ਪੰਜਾਬ ਦੇ ਜਾਲਮ ਪੁਲਸ ਮੁਖੀ ਕੇ. ਪੀ. ਐਸ ਗਿੱਲ ਖਿਲਾਫ ਤਾਂ ਸੀ. ਬੀ. ਆਈ ਨੇ ਮੁਕਦਮਾ ਹੀ ਨਾ ਚਲਾਇਆ (ਇਹ ਕੇਸ ਸੀ. ਬੀ. ਆਈ ਬਨਾਮ ਸਰਕਾਰ ਹੀ ਲੜਿਆ ਗਿਆ ਹੈ) ਤੇ ਦੋ ਦੋਸ਼ੀਆਂ ਅਜੀਤ ਸੰਧੂ (ਜਿਲ੍ਹਾ ਪੁਲਸ ਮੁਖੀ) ਤੇ ਅਸ਼ੋਕ ਕੁਮਾਰ (ਡੀ. ਐਸ. ਪੀ) ਦੀ ਮੁਕਦਮੇਂ ਦੌਰਾਨ ਮੌਤ ਹੋ ਗਈ, ਜਿਨ੍ਹਾਂ ਵਿੱਚੋਂ ਅਜੀਤ ਸੰਧੂ ਬਾਰੇ ਇਹ ਕਿਹਾ ਜਾਂਦਾ ਹੈ ਕਿ ਉਸ ਨੇ ਰੇਲ ਗੱਡੀ ਹੇਠਾਂ ਆ ਕੇ ਆਤਮ ਹੱਤਿਆ ਕਰ ਲਈ ਪਰ ਇਹ ਵੀ ਕਿਹਾ ਜਾਂਦਾ ਹੈ ਕਿ ਉਸ ਨੂੰ ਸਰਕਾਰ ਨੇ ਆਪ ਹੀ ਖਤਮ ਕਰਵਾ ਦਿੱਤਾ ਸੀ, ਕਿਉਂਕਿ ਉਹ ਪੰਜਾਬ ਅੰਦਰ ਸਰਕਾਰੀ ਸ਼ਹਿ ਨਾਲ ਕੀਤੇ ਸਿੱਖਾਂ ਦੇ ਕਤਲੇਆਮ ਬਾਰੇ ਬਹੁਤ ਕੁਝ ਜਾਣਦਾ ਸੀ ਤੇ ਇਸ ਬਾਰੇ ਵੱਡੇ ਭੇਦ ਖੋਲ੍ਹ ਸਕਦਾ ਸੀ। ਇਸ ਬਾਰੇ ਬਹੁਤ ਘੱਟ ਆਸਾਰ ਹਨ ਕਿ ਸੱਚਾਈ ਕਦੇ ਸਾਹਮਣੇ ਆ ਸਕੇਗੀ। ਬਾਕੀ ਮੁਲਜਮਾਂ ਵਿੱਚੋਂ ਰਸ਼ਪਾਲ ਸਿੰਘ (ਐਸ. ਐਚ. ਓ, ਕੰਗ ਚੌਂਕੀ) ਨੂੰ ਹੇਠਲੀ ਅਦਾਲਤ ਨੇ ਬਰੀ ਕਰ ਦਿੱਤਾ ਸੀ ਤੇ ਅਮਰਜੀਤ ਸਿੰਘ (ਏ. ਐਸ. ਆਈ, ਕੰਗ ਚੌਂਕੀ) ਨੂੰ ਹੇਠਲੀ ਅਦਾਲਤ ਨੇ ਉਮਰ ਕੈਦ ਦੀ ਸਜਾ ਸੁਣਾਈ ਸੀ ਪਰ ਵੱਡੀ ਅਦਾਲਤ ਨੇ ਬਰੀ ਕਰ ਦਿੱਤਾ ਹੈ। ਇਨ੍ਹਾਂ ਦੋਹਾਂ ਨੂੰ ਦੋਸ਼ੀ ਕਰਾਰ ਦੇਣ ਤੇ ਕੇ. ਪੀ. ਐਸ ਗਿੱਲ ਵਿਰੁੱਧ ਮੁਕਦਮਾ ਚਲਾਉਣ ਲਈ ਹਾਈ ਕੋਰਟ ਵਿੱਚ ਪਾਈ ਗਈ ਅਪੀਲ ਦਾ ਅਜੇ ਫੈਸਲਾ ਨਹੀਂ ਹੋਇਆ। ਬਾਕੀਆਂ ਵਿੱਚੋਂ ਜਸਪਾਲ ਸਿੰਘ (ਤਤਕਾਲੀ ਡੀ. ਐਸ. ਪੀ ਤਰਨਤਾਰਨ) ਨੂੰ ਉਮਰ ਕੈਦ ਦੀ ਸਜਾ ਹੋਈ ਹੈ ਤੇ ਸਰਿੰਦਰਪਾਲ ਸਿੰਘ (ਐਸ. ਐਚ. ਓ, ਸਰਹਾਲੀ) ਸਤਨਾਮ ਸਿੰਘ (ਐਸ. ਐਚ ਓ, ਝਬਾਲ) ਜਸਬੀਰ ਸਿੰਘ (ਐਸ. ਐਚ. ਓ, ਮਾਣੋਚਾਹਲ) ਤੇ ਪਿਰਥੀਪਾਲ ਸਿੰਘ (ਸਿਪਾਹੀ, ਮਾਣੋਚਾਹਲ) ਨੂੰ ਹੇਠਲੀ ਅਦਾਲਤ ਨੇ ਸੱਤ-ਸੱਤ ਸਾਲ ਦੀ ਕੈਦ ਦੀ ਸਜਾ ਸੁਣਾਈ ਸੀ ਜਿਸ ਨੂੰ ਹਾਈ ਕੋਰਟ ਨੇ ਵਧਾ ਕੇ ਉਮਰ ਕੈਦ ਵਿੱਚ ਤਬਦੀਲ ਕਰ ਦਿੱਤਾ ਹੈ।

ਬੀਬੀ ਪਰਮਜੀਤ ਕੌਰ ਯਾਦ ਕਰਦੇ ਹਨ ਕਿ ਉਹ ਦਿਨ ਸਾਡੇ ਲਈ ਬਹੁਤ ਭਾਰੇ ਸਨ ਜਦੋਂ ਖਾਲੜਾ ਸਾਹਿਬ ਨੂੰ ਪੁਲਸ ਨੇ ਲਾਪਤਾ ਕਰ ਦਿੱਤਾ ਸੀ ਅਤੇ ਅਸੀਂ ਉਨ੍ਹਾਂ ਦੀ ਭਾਲ ਕਰ ਰਹੇ ਸਾਂ ਪਰ ਸਾਡੇ ਹੱਥ ਪੱਲੇ ਕੁਝ ਵੀ ਨਹੀਂ ਸੀ ਲੱਗ ਰਿਹਾ। ਉਹ ਕਹਿੰਦੇ ਹਨ ਕਿ ਸ਼ੁਰੂ ਵਿੱਚ ਸਾਨੂੰ ਇਹ ਲੱਗਦਾ ਸੀ ਕਿ ਪੁਲਸ ਖਾਲੜਾ ਸਾਹਿਬ ’ਤੇ ਕੋਈ ਕੇਸ ਪਾ ਕੇ ਉਨ੍ਹਾਂ ਨੂੰ ਪੇਸ਼ ਕਰ ਦੇਵੇਗੀ ਪਰ ਅੱਜ ਅਸੀਂ ਸੋਚਦੇ ਹਾਂ ਕਿ ਉਨ੍ਹਾਂ ਇੰਝ ਕਦੀ ਵੀ ਨਹੀਂ ਸੀ ਕਰਨਾ। ਅੱਜ ਵੀ ਜਦੋਂ ਪਰਵਾਰ ਵਾਲੇ ਇਸ ਸਮੇਂ ਦਾ ਜਿਕਰ ਕਰਦੇ ਤਾਂ ਸੁਣਨ ਵਾਲੇ ਦੇ ਮਨ ਅੰਦਰ ਰੁੱਗ ਭਰਦਾ ਹੈ। ਪਰਵਾਰ ਵਾਲੇ ਤਕਰੀਬਨ ਤਿੰਨ ਸਾਲ ਤੱਕ ਸ. ਖਾਲੜਾ ਨੂੰ ਲੱਭਣ ਲਈ ਹਰ ਹੀਲਾ ਵਰਤਦੇ ਰਹੇ। ਇਸ ਸਮੇਂ ਦੌਰਾਨ ਉਨ੍ਹਾਂ ਤੱਕ ਕਈ ਤਰ੍ਹਾਂ ਦੀਆਂ ਗੱਲਾਂ ਆਉਂਦੀਆਂ। ਖਾਸ ਕਰਕੇ ਪੁਲਸ ਵਾਲਿਆਂ ਦੀ ਇਹ ਕੋਸ਼ਿਸ਼ ਸੀ ਕਿ ਪਰਵਾਰ ਵਾਲੇ ਕਿਸੇ ਤਰ੍ਹਾਂ ਇਹ ਬਿਆਨ ਦੇ ਦੇਣ ਕਿ ਸ. ਜਸਵੰਤ ਸਿੰਘ ਨੂੰ ਪੁਲਸ ਨੇ ਨਹੀਂ ਚੁੱਕਿਆ ਪਰ ਪਰਵਾਰ ਨੇ ਆਪਣੀ ਲੜਾਈ ਤੇ ਸ. ਖਾਲੜਾ ਦੀ ਭਾਲ ਪੂਰੀ ਸ਼ਿੱਦਤ ਨਾਲ ਜਾਰੀ ਰੱਖੀ। ਫਿਰ ਪਰਵਾਰ ਵਾਲਿਆਂ ਨੂੰ ਮਹਿਸੂਸ ਹੋਣ ਲੱਗ ਗਿਆ ਕਿ ਸ. ਖਾਲੜਾ ਉਸੇ ਸ਼ਹਾਦਤ ਦੀ ਦਾਤ ਨੂੰ ਹਾਸਿਲ ਕਰ ਗਏ ਹਨ ਜਿਸ ਨੂੰ ਉਹ ਗੁਰੂ ਵੱਲੋਂ ਬਖਸ਼ੀਆਂ ਜਾਂਦੀਆਂ ਦਾਤਾਂ ਵਿੱਚੋਂ ਸਭ ਤੋਂ ਵੱਡੀ ਦਾਤ ਮੰਨਦੇ ਸਨ ਤੇ ਇਸ ਪ੍ਰਾਪਤ ਕਰਨ ਦੀ ਤਾਂਘ ਰੱਖਣ ਦਾ ਜਿਕਰ ਉਨ੍ਹਾਂ ਆਪਣੀ ਇੱਕ ਤਕਰੀਰ ਵਿੱਚ ਵੀ ਕੀਤਾ ਸੀ।

ਬੀਬੀ ਪਰਮਜੀਤ ਕੌਰ ਦਾ ਕਹਿਣਾ ਹੈ ਕਿ ਕਈ ਵਾਰ ਸਾਨੂੰ ਗੱਲਾਂ ਦੇ ਮਤਲਬ ਸਮਾਂ ਬੀਤ ਜਾਣ ਤੋਂ ਬਾਅਦ ਸਮਝ ਆਉਂਦੇ ਹਨ ਤੇ ਪਹਿਲਾਂ ਅਸੀਂ ਇਸ ਵੱਲ ਧਿਆਨ ਨਹੀਂ ਦੇਂਦੇ। ਉਹ ਯਾਦ ਕਰਦੇ ਹਨ ਕਿ ਜਦੋਂ ਉਨ੍ਹਾਂ ਕਬੀਰ ਪਾਰਕ ਵਿੱਚ ਘਰ ਬਣਾਇਆ ਸੀ ਤੇ ਅਸੀਂ ਤਾਂ ਬਹੁਤ ਖੁਸ਼ ਸੀ ਕਿ ਨਵੇਂ ਘਰ ਵਿੱਚ ਆ ਗਏ ਹਾਂ। ਉਸ ਦਿਨ ਸ੍ਰੀ ਅਖੰਡ ਪਾਠ ਦੇ ਭੋਗ ਉਪਰੰਤ ਆਏ ਮੁੱਖ ਵਾਕ ਦੀ ਵਿਆਖਿਆ ਕਰਦਿਆਂ ਬਾਬਾ ਜੀ ਨੇ ਕਿਹਾ ਸੀ ਕਿ ਜਸਵੰਤ ਸਿੰਘ ਇਹ ਨਾ ਸਮਝੇ ਕਿ ਇਹ ਉਸ ਦਾ ਘਰ ਬਣ ਗਿਆ ਹੈ, ਇਹ ਸਾਧ ਸੰਗਤ ਦਾ ਘਰ ਹੈ। ਹੁਣ ਜਦੋਂ ਲਾਵਾਰਸ ਲਾਸ਼ਾ ਵਾਲਾ ਮਸਲਾ ਸ਼ੁਰੂ ਹੋਇਆ ਤੇ ਫਿਰ ਸ. ਖਾਲੜਾ ਤੋਂ ਬਾਅਦ ਵੀ ਜਦੋਂ ਇਨ੍ਹਾਂ ਕੇਸਾਂ ਦੀ ਕਾਰਵਾਈ ਚੱਲੀ ਤਾਂ ਲਾਪਤਾ ਸਿੱਖਾਂ ਦੇ ਪਰਵਾਰਾਂ ਵਾਲੇ ਇਸੇ ਘਰ ਆ ਕੇ ਆਪਣੇ ਜੀਆਂ ਬਾਰੇ ਜਾਣਕਾਰੀ ਦਿੰਦੇ ਰਹੇ ਤਾਂ ਸਾਨੂੰ ਇਹ ਪਤਾ ਲੱਗਾ ਕਿ ਉਸ ਦਿਨ ਬਾਬਾ ਜੀ ਨੇ ਜੋ ਵਿਆਖਿਆ ਕੀਤੀ ਸੀ ਉਸ ਦਾ ਮਤਲਬ ਕੀ ਸੀ?

ਸ਼ਹੀਦ ਜਸਵੰਤ ਸਿੰਘ ਖਾਲੜਾ ਦੇ ਪਰਵਾਰ ਨੂੰ ਇਸ ਗੱਲ ਦਾ ਪੂਰਾ ਅਹਿਸਾਸ ਹੈ ਕਿ ਉਨ੍ਹਾਂ ਕਿੱਡੇ ਵੱਡੇ ਕਾਰਜ ਨੂੰ ਹੱਥ ਪਾਇਆ ਸੀ ਤੇ ਕਿੰਨੀ ਵੱਡੀ ਕੁਰਬਾਨੀ ਦਿੱਤੀ ਹੈ। ਮਾਤਾ ਮੁਖਤਿਆਰ ਕੌਰ ਦਾ ਕਹਿਣਾ ਹੈ ਕਿ ਉਸ ਦੇ ਪੁੱਤ ਦੇ ਚਲੇ ਜਾਣ ਨਾਲ ਖਾਲੀ ਹੋਈ ਥਾਂ ਕੋਈ ਨਹੀਂ ਭਰ ਸਕਦਾ ਤੇ ਇਹ ਜਸਵੰਤ ਦੀ ਹੀ ਕੋਈ ਕਰਨੀ ਹੈ ਕਿ ਉਹੀ ਕਰਮਾ ਵਾਲਾ ਸੀ ਤਾਂ ਹੀ ਅੱਜ ਕਿਸੇ ਦਾ ਦਿਲ ਕਰਦਾ ਹੈ ਤੇ ਉਹ ਉਸਦੇ ਕੀਤੇ ਕੰਮਾਂ ਨੂੰ ਯਾਦ ਕਰਦੇ ਹਨ ਤੇ ਉਸਦੀ ਮਾਂ ਨੂੰ ਵੀ ਇੱਥੇ ਆ ਕੇ ਦਰਸ਼ਨ ਦਿੰਦੇ ਹਨ। ਅਗਲੇ ਹੀ ਪਲ ਹਉਕਾ ਭਰਕੇ ਮਾਂ ਕਹਿੰਦੀ ਹੈ ਕਿ ਉਹਦੇ ਬਿਨਾ ਸਾਡੀ ਜਿੰਦਗੀ ਕੁਝ ਵੀ ਨਹੀਂ ਰਹਿ ਗਈ, ਜਿੰਦਗੀ ਦੇ ਸਭ ਰੰਗ ਮੇਰਾ ਪੁੱਤ ਆਪਣੇ ਨਾਲ ਹੀ ਲੈ ਗਿਆ। ਮਾਤਾ ਦੇ ਮਨ ਵਿੱਚ ਇਸ ਗੱਲ ਦਾ ਰੰਜ ਹੈ ਕਿ ਉਸਦਾ ਪੁੱਤ ਇਹ ਕਹਿ ਕਿ ਗਿਆ ਸੀ ਕਿ ਉਹ ਕੱਲ ਫਿਰ ਆਵੇਗਾ ਪਰ ਉਹ ਮੁੜ ਕਦੇ ਨਾ ਆਇਆ। ਮਾਂ ਅੱਜ ਵੀ ਉਸਨੂੰ ਯਾਦ ਕਰਦੀ ਕਹਿੰਦੀ ਹੈ ਕਿ ‘ਪੁੱਤ ਇੱਕ ਵਾਰ ਤਾਂ ਮਿਲ ਜਾਂਦਾ, ਤੂੰ ਤਾਂ ਲੁਕ ਕੇ ਹੀ ਬੈਠ ਗਿਓਂ” ਪਰ ਅਗਲੇ ਹੀ ਪਲ ਆਪਣੀ ਤੇ ਅਪਾਣੇ ਸਦਾ ਲਈ ਚਲੇ ਗਏ ਪੁੱਤ ਦੀ ਮਜਬੂਰੀ ਨੂੰ ਲਫਜਾਂ ਵਿੱਚ ਸਮੇਟਦੀ ਮਾਂ ਕਹਿੰਦੀ ਹੈ ਕਿ ‘ਪਰ ਉਹਦੇ ਵੀ ਕੀ ਅਖਤਿਆਰ ਸੀ? ਜਦੋਂ ਕਸਾਈਆਂ ਦੇ ਹੱਥਾਂ ਵਿੱਚ ਆ ਗਿਆ।” ਮਾਤਾ ਦਾ ਮਨ ਉਦੋਂ ਹੋਰ ਵੀ ਤੜਫ ਉੱਠਦਾ ਹੈ ਜਦੋਂ ਉਹ ਇਸ ਬਾਰੇ ਸੋਚਦੀ ਹੈ ਕਿ ਉਸ ਦੇ ਪੁੱਤ ਨੂੰ ਕਦੋਂ ਤੇ ਕਿਵੇਂ ਸ਼ਹੀਦ ਕੀਤਾ ਗਿਆ ਹੋਵੇਗਾ? ਮਾਤਾ ਕਹਿੰਦੀ ਹੈ ਕਿ ‘ਪੁੱਤ! ਕਰਬਾਨੀ ਦੇਣੀ ਕੋਈ ਸੌਖੀ ਗੱਲ ਨਹੀਂ, ਪਰ ਖਵਰੇ ਉਸ ਕੁਰਬਾਨੀ ਕਿੰਝ ਦਿੱਤੀ, ਕਿਹੜੇ ਸਮੇਂ ਦਿੱਤੀ। ਕੰਡਾ ਚੁਭੇ ਤਾਂ ਸੀ ਜਰੀ ਨਹੀਂ ਜਾਂਦੀ ਤੇ ਖਵਰੇ ਉਨ੍ਹਾਂ (ਜਰਵਾਣਿਆਂ) ਕੀ ਕੁਝ ਕੀਤਾ ਹੋਊ।’ ਮਾਂ ਦੇ ਇਹ ਬੋਲ ਕਿਸੇ ਪੱਥਰ ਦਿਲ ਨੂੰ ਵੀ ਪਿਘਲਾ ਦੇਣ ਵਾਲੇ ਹਨ। ਅੱਜ ਮਾਤਾ ਦੀ ਇਹੋ ਇੱਛਾ ਹੈ ਕਿ ਉਸ ਦੇ ਜਸਵੰਤ ਦੇ ਜੋ ਵੀਰ-ਭਰਾ ਹਨ (ਜੋ ਉਸ ਦੇ ਕਾਰਜ ਨੂੰ ਅੱਗੇ ਤੋਰਨ ਦੀ ਤਾਂਘ ਮਨ ਵਿੱਚ ਰੱਖਦੇ ਹਨ ਤੇ ਉਸ ਦੀ ਕੁਰਬਾਨੀ ਦਾ ਸਤਿਕਾਰ ਕਰਦੇ ਹਨ) ਮਾਤਾ ਉਨ੍ਹਾਂ ਦੇ ਦਰਸ਼ਨ ਕਰਨਾ ਚਾਹੁੰਦੀ ਹੈ। ਸ਼ਹੀਦ ਜਸਵੰਤ ਸਿੰਘ ਖਾਲੜਾ ਦੇ ਮਾਤਾ ਪਿਤਾ ਅੱਜ ਪਿੰਡ ਖਾਲੜਾ ਵਿੱਚ ਹੀ ਰਹਿੰਦੇ ਹਨ ਤੇ ਉਨ੍ਹਾਂ ਦੇ ਪਰਵਾਰ ਦੇ ਬਾਕੀ ਜੀਅ ਆਪੋ-ਆਪਣੇ ਥਾਈਂ, ਆਪੋ-ਆਪਣੇ ਕਾਰਜਾਂ ਉੱਤੇ ਲੱਗੇ ਹਨ। ਮਾਤਾ ਪਿੰਡ ਛੱਡ ਕੇ ਕਿਤੇ ਹੋਰ ਨਹੀਂ ਜਾਣਾ ਚਾਹੁੰਦੀ ਉਹ ਕਹਿੰਦੀ ਹੈ ਕਿ ਮੇਰੇ ਪੁੱਤ ਨੇ ਕਿਹਾ ਸੀ ਕਿ ‘ਚੱਲ ਚਾਚੀ ਤੈਨੂੰ ਪਿੰਡ ਛੱਡ ਆਵਾਂ … ਤੇ ਮੈ ਹੁਣ ਇੱਥੇ ਹੀ ਰਹਿਣਾ ਹੈ।’ ਬੀਬੀ ਪਰਮਜੀਤ ਕੌਰ ਨੂੰ ਸੰਤੁਸ਼ਟੀ ਹੈ ਕਿ ਉਨ੍ਹਾਂ ਸ. ਖਾਲੜਾ ਦੀ ਕੁਰਬਾਨੀ ਨੂੰ ਜਰਿਆ, ਹੰਡਾਇਆ ਤੇ ਮਾਣਿਆਂ ਹੈ ਤੇ ਉਨ੍ਹਾਂ ਦੇ ਬੱਚੇ ਅੱਜ ਚੰਗੀ ਵਿਦਿਆ ਹਾਸਿਲ ਕਰ ਰਹੇ ਹਨ ਪਰ ਉਹ ਇਹ ਜਰੂਰ ਮਹਿਸੂਸ ਕਰਦੇ ਹਨ ਕਿ ਖਾਲੜਾ ਸਾਹਿਬ ਵੱਲੋਂ ਵਿੱਢਿਆ ਕਾਰਜ ਅਜੇ ਤੀਕ ਅਧੂਰਾ ਹੈ। ਬਾਪੂ ਕਰਤਾਰ ਸਿੰਘ ਨੂੰ ਮਾਣ ਹੈ ਕਿ ਉਨ੍ਹਾਂ ਦੇ ਪੁੱਤ ਨੇ ਆਪਣੇ ਵੱਡਿਆਂ ਦੇ ਰਾਹ ’ਤੇ ਚੱਲਦਿਆਂ ਕੁਰਬਾਨੀ ਦਿੱਤੀ ਹੈ। ਆਪਣੇ ਜੀਵਨ ਦੇ ਸਭ ਤੋਂ ਕੀਮਤੀ ਸਿਰਮਾਏ ਬਾਰੇ ਬਿਆਨ ਦਿਆਂ ਉਹ ਕਹਿੰਦੇ ਹਨ ਕਿ (ਪੁੱਤ ਦੀ) ‘ਸ਼ਹੀਦੀ ਹੋ ਜਾਵੇ ਤੇ ਸਿੱਖ ਉਸ ਨੂੰ ਪਰਵਾਣ ਕਰ ਲੈਣ ਤਾਂ ਇਸ ਵਿੱਚ ਸਭ ਕੁਝ ਹੀ ਆ ਜਾਂਦਾ ਹੈ’। ਸ਼ਹੀਦ ਜਸਵੰਤ ਸਿੰਘ ਖਾਲੜਾ ਵੱਲੋਂ ਜੋ ਲਾਵਾਰਿਸ ਲਾਸ਼ਾਂ ਤੇ ਮਨੁੱਖੀ ਹੱਕਾਂ ਦੇ ਘਾਣ ਦਾ ਮਸਲਾ ਸੰਸਾਰ ਸਾਹਮਣੇ ਲਿਆਂਦਾ ਗਿਆ ਸੀ ਉਸ ਬਾਰੇ ਅਜੇ ਅਧੂਰੀ ਕਾਮਯਾਬੀ ਹੀ ਹਾਸਿਲ ਹੋਈ ਹੈ। ਲੰਬੀ ਕਾਨੂੰਨੀ ਲੜਾਈ ਤੋਂ ਬਾਅਦ ਖਾਲੜਾ ਮਿਸ਼ਨ ਆਰਗੇਨਾਈਜ਼ੇਸ਼ਨ ਨੇ ਲਾਵਾਰਸ ਲਾਸ਼ਾਂ ਦੇ ਕੇਸ ਵਿੱਚ ਤਰਨਤਾਰਨ, ਪੱਟੀ ਤੇ ਦੁਰਗਿਆਨਾ ਮੰਦਰ ਦੇ ਸ਼ਮਸ਼ਾਨਘਾਟਾਂ ਵਿੱਚ ਸਾੜੇ ਗਏ 2097 ਸਿੱਖਾਂ ਦੇ ਕੇਸ ਨੂੰ ਤਾਂ ਕੁਝ ਹੱਦ ਤੱਕ ਮਾਨਤਾ ਦਿਵਾ ਲਈ ਹੈ ਪਰ ‘ਪੱਚੀ ਹਜਾਰ ਦਾ ਹਿਸਾਬ’ ਅਜੇ ਤੀਕ ਬਾਕੀ ਹੈ।

ਸ਼ਹੀਦ ਜਸਵੰਤ ਸਿੰਘ ਖਾਲੜਾ ਨੇ ਕੌਮ ਦੇ ਉਨ੍ਹਾਂ ਰਾਹਾਂ ਨੂੰ ਰੁਸ਼ਨਾਇਆ ਹੈ ਜਿਹੜੇ ਰਾਹ ਕਿਸੇ ਕੌਮ ਦੇ ਮਰਜੀਵੜਿਆਂ ਦੇ ਲੰਘ ਜਾਣ ਤੋਂ ਬਾਅਦ ਵਕਤ ਦੀਆਂ ਹਕੂਮਤਾਂ ਅਕਸਰ ਹੀ ਧੁੰਦਲੇ ਕਰਨ ਦਾ ਯਤਨ ਕਰਦੀਆਂ ਹਨ। ਜਿਸ ਸੂਰਮਗਤੀ ਤੇ ਦਲੇਰੀ ਨਾਲ ਉਹ ਤਲੀ ਉੱਤੇ ਦੀਵਾ ਬਾਲ ਕੇ ਹਨੇਰੀਆਂ ਰਾਤਾਂ ਨੂੰ ਪੰਜਾਬ ਦੇ ਸਿਵਿਆਂ ਵਿੱਚ ਹਕੂਮਤ ਵੱਲੋਂ ਅਣਪਛਾਤੀਆਂ ਕਹਿ ਕੇ ਸਾੜੀਆਂ ਬੇਦੋਸ਼ੇ ਸਿੱਖਾਂ ਦੀਆਂ ਲਾਸ਼ਾਂ ਦੇ ਕੇਸ ਤਿਆਰ ਕਰਕੇ ਇਸ ਨੂੰ ਅਦਾਲਤ ਦੇ ਨਾਲ-ਨਾਲ ਲੋਕਾਂ ਦੀ ਕਚਿਹਰੀ ਵਿੱਚ ਪੇਸ਼ ਕਰਨ ਲਈ ਬਿਖੜੇ ਰਾਹਾਂ ਉਪਰ ਤੁਰੇ ਸੀ, ਉਸ ਦੀ ਆਖਿਰੀ ਮੰਜਿਲ ਸ਼ਹਾਦਤ ਹੀ ਸੀ। ਉਸ ਅੰਦਰ ਕਿਸੇ ਅਗੰਮੀ ਪ੍ਰਕਾਸ਼ ਦੀ ਕੋਈ ਕਿਰਨ ਸੀ ਜਿਸ ਦੀ ਲੋਅ ਨੇ ਹਨੇਰੇ ਦੀ ਹਕੂਮਤ ਨੂੰ ਪੂਰੀ ਦ੍ਰਿੜਤਾ, ਅਣਖ ਤੇ ਦਲੇਰੀ ਵੰਗਾਰਿਆ ਤੇ ਧਰਤੀ ਉੱਤੇ ਮੁੜ ਚਾਨਣ ਦੀ ਬਾਤ ਪਾਈ। ਸਤਿਗੁਰੂ ਪਾਸ ਅਰਦਾਸ ਹੈ ਕਿ ਉਹ ਇਸ ਹੱਕ-ਸੱਚ ਦੀ ਜੋਤ ਨੂੰ ਜਗਦੀ ਰੱਖੇ ਤਾਂ ਜੋ ਇਸ ਦੀ ਲੋਅ ਪੂਰੀ ਦੁਨੀਆਂ ਲਈ ਚਾਨਣ ਮੁਨਾਰਾ ਬਣ ਸਕੇ।

0 0 votes
Article Rating
Subscribe
Notify of
0 ਟਿੱਪਣੀਆਂ
Oldest
Newest Most Voted
Inline Feedbacks
View all comments
0
Would love your thoughts, please comment.x
()
x