ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ : ਤਤਕਾਲੀਨ ਸਥਿਤੀ ਅਤੇ ਪ੍ਰਭਾਵ

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ : ਤਤਕਾਲੀਨ ਸਥਿਤੀ ਅਤੇ ਪ੍ਰਭਾਵ

ਸਦੀਆਂ ਤੋਂ ਪਸਰੇ ਹਨ੍ਹੇਰੇ ਵਿਚ ਗੁਆਚੀ ਹੋਈ ਲੁਕਾਈ ਨੂੰ ਕੋਈ ਆਸ ਦੀ ਕਿਰਨ ਦਿਖਾਈ ਨਹੀਂ ਸੀ ਦੇ ਰਹੀ। ਗੁਲਾਮੀ ਨੂੰ ਹੰਢਾਉਂਦਿਆਂ ਅਤੇ ਤਸ਼ਦਦ ਭਰਪੂਰ ਜ਼ਿੰਦਗੀ ਗੁਜ਼ਾਰਦਿਆਂ ਜਿਵੇਂ ਉਹ ਜ਼ਿੰਦਗੀ ਦੇ ਅਰਥਾਂ ਨੂੰ ਹੀ ਭੁਲਾ ਚੁਕੇ ਸਨ। ਬਿਪਰ ਦੁਆਰਾ ਜ਼ੰਜ਼ੀਰਾਂ ਵਿਚ ਬੰਨ੍ਹੀ ਹੋਈ ਅਵਾਮ ਸੰਤਾਪ ਹੰਢਾ ਰਹੀ ਸੀ। ਸਮਾਜ, ਧਰਮ, ਆਰਥਿਕਤਾ ‘ਤੇ ਬਿਪਰ ਪੂਰੀ ਤਰ੍ਹਾਂ ਸਥਾਪਿਤ ਹੋ ਕੇ ਆਪਣਾ ਲੋਟੂ ਵਿਧਾਨ ਚਲਾ ਰਿਹਾ ਸੀ। ਅਜਿਹੇ ਵਿਚ ਗੁਰੂ ਨਾਨਕ ਦੇਵ ਜੀ ਦਾ ਪ੍ਰਗਟ ਹੋਣਾ ਹਨ੍ਹੇਰਿਆਂ ਵਿਚ ਸੂਰਜ ਦਾ ਪ੍ਰਕਾਸ਼ ਹੋਣਾ ਹੈ। ਅਗਿਆਨਤਾ, ਝੂਠ, ਦੰਭ, ਪਾਖੰਡ, ਜਾਤ-ਪਾਤ ਆਦਿ ਦੀ ਧੁੰਧ ਗੁਰੂ ਸਾਹਿਬ ਦੇ ਰੂਹਾਨੀ ਤੇਜ਼ ਅਗੇ ਨਾ ਟਿਕ ਸਕੀ। ਗੁਰੂ ਪਾਤਸ਼ਾਹ ਦੁਆਰਾ ਦਿਤੇ ਬਾਣੀ ਦੇ ਆਵਾਜ਼ੇ ਨੇ…ਮੁਰਝਾਈਆਂ ਹੋਈਆਂ ਰੂਹਾਂ ਨੂੰ ਫਿਰ ਤੋਂ ਮੌਲਣ ਲਗਾ ਦਿਤਾ। ਜੀਣ ਥੀ ਭੁਲਿਆਂ ਨੂੰ ਜੀਵਨ ਦਾ ਚਾਅ ਚੜ੍ਹ ਗਿਆ ਜਿਵੇਂ ਨਵੀਂ ਸਭਿਅਤਾ ਦੀ ਸ਼ੁਰੂਆਤ ਹੋਣ ਜਾ ਰਹੀ ਹੋਵੇ। ਨਵਾਂ ਪ੍ਰਬੰਧ ਅਤੇ ਪੰਧ ਗੁਰੂ ਨਾਨਕ ਸਾਹਿਬ ਨੇ ਸਿਰਜ ਦਿਤਾ। ਉਨ੍ਹਾਂ ਸਿੱਖੀ ਦੀ ਨੀਂਹ ਰੱਖੀ।

ਮਨੁਖਤਾ ਵਿਚ ਪਈਆਂ ਵੰਡੀਆਂ ਨੇ ਮਨੁਖ ਨੂੰ ਮਨੁਖ ਤੋਂ ਦੂਰ ਕੀਤਾ ਹੋਇਆ ਸੀ। ਬਿਪਰ ਨੇ ਗਿਆਨ ‘ਤੇ ਆਪਣਾ ਅਧਿਕਾਰ ਜਮ੍ਹਾ ਰਖਿਆ ਸੀ। ਬਾਕੀ ਅਵਾਮ ਨੂੰ ਗਲਤ ਰਸਤੇ ‘ਤੇ ਪਾ ਕੇ ਬਿਪਰ ਰਾਜ ਅਤੇ ਸੁਖ ਸਹੂਲਤਾਂ ਨੂੰ ਮਾਣਦਾ ਆ ਰਿਹਾ ਸੀ। ਭਾਰਤੀ ਗਿਆਨ ਪਰੰਪਰਾ ਵਿਚ ਪ੍ਰਾਪਤ ਵੇਦ, ਉਪਨਿਸ਼ਦ, ਸ਼ਾਸਤਰ, ਪੁਰਾਣ ਆਦਿ ਦਾ ਵਿਸ਼ਾ ਭਾਵਾਂ ਕੋਈ ਵੀ ਹੋਵੇ, ਸਧਾਰਣ ਲੋਕਾਂ ਦੀ ਉਹ ਪਹੁੰਚ ਵਿਚ ਨਹੀਂ ਸੀ। ਸੰਸਕ੍ਰਿਤ ਨੂੰ ਦੇਵ ਭਾਸ਼ਾ ਸਥਾਪਿਤ ਕਰ ਕੇ ਸਧਾਰਣ ਲੋਕਾਂ ਨੂੰ ਗਿਆਨ-ਵਿਗਿਆਨ ਤੋਂ ਦੂਰ ਕੀਤਾ ਹੋਇਆ ਸੀ। ਅਜਿਹੇ ਵਿਚ ਪੰਜਾਬ ਦੀ ਧਰਤੀ ‘ਤੇ ਪ੍ਰਗਟਿਆ ਸੂਰਜ ਅਜਿਹੀਆਂ ਧਾਰਨਾਵਾਂ ਨੂੰ ਚੂਰ ਚੂਰ ਕਰਦਾ ਹੈ। ਗੁਰਬਾਣੀ ਲੋਕਾਂ ਲਈ ਹੈ ਅਤੇ ਲੋਕਾਂ ਦੀ ਭਾਸ਼ਾ ਵਿਚ ਆਈ, ਜਿਸ ਨੂੰ ਗੁਰਾਂ ਦੇ ਮੁਖੋਂ ਉਚਾਰੀ ‘ਗੁਰਮੁਖੀ’ ਵਜੋਂ ਜਾਣਿਆ ਜਾਂਦਾ ਹੈ।

ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੀ ਤੀਜੀ ਰਾਸ ਵਿਚ ਭਾਈ ਸੰਤੋਖ ਸਿੰਘ ਸਪਸ਼ਟ ਕਰਦੇ ਹਨ ਕਿ ਗੁਰੂ ਅਰਜਨ ਦੇਵ ਜੀ ਨੇ ਗੁਰਮੁਖੀ ਅੱਖਰਾਂ ਵਿਚ ਬਾਣੀ ਲਿਖ ਕੇ ਸੰਸਕ੍ਰਿਤ ਅਤੇ ਫਾਰਸੀ ਦੇ ਗਲਬੇ ਸਦਾ ਲਈ ਦੂਰ ਕਰ ਦਿਤਾ। ਜਿਹੜੇ ਲੋਕਾਂ ਨੂੰ ਵਿਦਿਆ ਤੋਂ ਦੂਰ ਰਖਿਆ ਗਿਆ ਸੀ ਅਤੇ ਬੁਧਹੀਣ ਸਮਝਿਆਂ ਜਾਂਦਾ ਸੀ, ਉਹੀ ਲੋਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਗ ਕੇ ਬ੍ਰਹਮ ਗਿਆਨ ਦੀ ਚਰਚਾ ਕਰਨਯੋਗ ਹੋ ਗਏ। ਜੀਵਨ ਦਾ ਮਰਮ ਉਨ੍ਹਾਂ ਸਮਝ ਲਿਆ ਅਤੇ ਬਿਪਰ ਦਾ ਮੱਕੜ ਜਾਲ ਲੀਰ ਲੀਰ ਕਰ ਦਿਤਾ।

“ਰਚਹੁ ਗ੍ਰਿੰਥ ਕੀ ਬੀੜ ਉਦਾਰੀ। ਲਿਖਿ ਅੱਖਰ ਗੁਰਮੁਖੀ ਮਝਾਰੀ।
ਸ਼੍ਰੀ ਨਾਨਕ ਪੱਟੀ ਜੁ ਬਨਾਈ। ਪੈਂਤੀ ਅੱਖਰ ਕਰੇ ਸੁਹਾਈ॥੪॥
ਤਿਨ ਮਹਿਂ ਲਿਖਹੁ ਸਰਬ ਗੁਰਬਾਨੀ। ਪਠਿਬੇ ਬਿਖੈ ਸੁਖੈਨ ਮਹਾਨੀ।
ਜਿਨਕੀ ਬੁੱਧਿ ਮਹਿਦ ਅਧਿਕਾਈ। ਬਹੁ ਅੱਭ੍ਯਾਸਹਿਂ ਬਿੱਦ੍ਯਾ ਪਾਈ॥੫॥
ਬਹੁਤ ਬਰਖ ਲਹਿ ਪਠਹਿਂ ਬਿਚਾਰਹਿਂ। ਸੋ ਤਬ ਜਾਨਹਿਂ ਸਾਰ ਅਸਾਰਹਿ।
ਤਿਸ ਤਤ ਕੋ ਗੁਰਮੁਖੀ ਮਝਾਰੀ। ਲਿਖਹਿਂ ਸੁਗਮ ਸ਼ਰਧਾ ਉਰਧਾਰੀ॥੬॥
ਸਹਸਕ੍ਰਿਤ ਅਰ ਤੁਰਕਨਿ ਭਾਸ਼ਾ। ਇਸ ਮਹਿਂ ਲਿਖਿ ਲੈ ਹੈਂ ਬੁਧਿਰਾਸਾ।
ਸਭਿ ਊਪਰ ਪਸਰਹਿ ਇਹ ਧਾਈ। ਜਿਮ ਜਲ ਪਰ ਸੁ ਚਿਕਨਤਾ ਪਾਈ॥੭॥

ਦਸ ਗੁਰੂ ਸਾਹਿਬਾਨ ਨੇ ਇਸ ਮਹਾਨ ਇਨਕਲਾਬ ਨੂੰ ਲਿਆਂਦਾ। ਗੁਰੂ ਸਾਹਿਬ ਜਿਥੇ ਵੀ ਗਏ, ਉਥੋਂ ਦੀ ਕਾਇਆ ਹੀ ਪਲਟ ਗਈ। ਸੰਗਤਾਂ ਅਤੇ ਧਰਮਸ਼ਾਲਾਵਾਂ ਸਥਾਪਿਤ ਹੋਈਆਂ। ਗੁਰਾਂ ਦੀ ਬਾਣੀ ਹਰ ਹਿਰਦੇ ਨੂੰ ਰੋਸ਼ਨ ਕਰਦੀ ਅਤੇ ਜੀਵਨ ਦਾ ਮਨੋਰਥ ਦਿੰਦੀ ਹੈ। ਬੇਅਰਥਿਆਂ ਨੂੰ ਅਰਥ ਮਿਲ ਗਿਆ। ਗੁਰੂ ਨਾਨਕ ਦੇਵ ਜੀ ਤੋਂ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਤਕ ਬਾਣੀ ਪੋਥੀਆਂ ਦੇ ਰੂਪ ਵਿਚ ਪਹੁੰਚੀ। ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੰਪਾਦਨਾ ਦਾ ਮਹਾਨ ਕਾਰਜ ਕੀਤਾ। ਪਹਿਲਾ ਧਰਮ ਗ੍ਰੰਥ ਜੋ ਉਸ ਧਰਮ ਦੇ ਰਹਿਬਰਾਂ ਦੁਆਰਾ ਖੁਦ ਤਿਆਰ ਕੀਤਾ ਗਿਆ।

ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਇਕ ਬਹੁਤ ਅਹਿਮ ਕਾਰਜ ਸੀ। ਕਿਸੇ ਧਰਮ ਲਈ ਉਸ ਦਾ ਧਰਮ ਗ੍ਰੰਥ ਹੋਣਾ ਮਹਤਵਪੂਰਨ ਲੋੜ ਹੁੰਦਾ ਹੈ। ਧਰਮ ਗ੍ਰੰਥ ਤੋਂ ਹੀ ਸੰਬੰਧਿਤ ਧਰਮ ਦਾ ਸਰੂਪ, ਫਲਸਫਾ ਅਤੇ ਸਮੁਚਾ ਪ੍ਰਬੰਧ ਸੇਧਤ ਹੁੰਦਾ ਹੈ। ਸਿਧਾਂਤ, ਵਿਆਖਿਆ, ਵਿਚਾਰਧਾਰਾ ਆਦਿ ਧਰਮ ਗ੍ਰੰਥ ‘ਤੇ ਹੀ ਅਧਾਰਿਤ ਹੁੰਦੇ ਹਨ। ਸਿੱਖੀ ਦੇ ਨਿਰਮਲ ਵਿਚਾਰ ਨੂੰ ਗੁਰੂ ਅਰਜਨ ਦੇਵ ਜੀ ਨੇ ਸੰਕਲਨ ਅਤੇ ਸੰਪਾਦਨਾ ਦੇ ਨਾਲ ਸੁਰਖਿਅਤ ਕਰ ਦਿਤਾ। ਬਾਅਦ ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਗੁਰਿਆਈ ਪ੍ਰਦਾਨ ਕਰਕੇ ਸਿੱਖਾਂ ਨੂੰ ਇਸੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਲੜ ਲਾਇਆ। ਸੰਸਾਰ ਦੇ ਧਰਮ ਗ੍ਰੰਥ ਜਿਥੇ ਸਤਿਕਾਰਤ ਸਥਾਨ ਰਖਦੇ ਹਨ, ਉਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਆਪਣੀ ਵਿਸ਼ੇਸ਼ ਅਹਿਮੀਅਤ ਰਖਦਾ ਹੈ। ਸਿਖ ਦਾ ਸਮੁਚਾ ਜੀਵਨ ਗੁਰੂ ਗ੍ਰੰਥ ਸਾਹਿਬ ਜੀ ਤੋਂ ਸੇਧਤ ਅਤੇ ਜੁੜਿਆ ਹੋਇਆ ਹੈ। ਸਿਖ ਖੁਸ਼ੀ ਹੋਵੇ ਜਾਂ ਗਮੀ ਹਰ ਵੇਲੇ ਗੁਰੂ ਸਨਮੁਖ ਪਹੁੰਚ ਜਾਂਦਾ ਹੈ। ਸਿਖਾਂ ਦਾ ਪੂਰਾ ਜੀਵਨ ਗੁਰੂ ਗ੍ਰੰਥ ਸਾਹਿਬ ਜੀ ਕੇਂਦਰਿਤ ਸੀ। ਹਰ ਸੰਸਕਾਰ, ਰਸਮ ਅਤੇ ਸਭਿਆਚਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਸੇਧਤ ਹੁੰਦਾ ਹੈ।

ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਇਕ ਯੁਗ ਪਲਟਾਊ ਕਾਰਜ ਸੀ, ਜਿਸ ਨੇ ਬਿਪਰ ਦੀਆਂ ਜੜ੍ਹਾਂ ਨੂੰ ਹਿਲਾ ਕੇ ਰਖ ਦਿਤਾ। ਗੁਰੂ ਘਰ ਦੇ ਵਿਰੋਧੀ ਜੋ ਕਚੀ ਬਾਣੀ ਰਾਹੀਂ ਰਲੇ ਪਾਉਣ ਦੀਆਂ ਕੋਝੀਆਂ ਚਾਲਾਂ ਚਲ ਰਹੇ ਸਨ ਨੂੰ ਸਦਾ ਲਈ ਨਥ ਪਾ ਦਿਤੀ ਗਈ। ਮਹਿਮਾ ਪ੍ਰਕਾਸ਼ ਅਨੁਸਾਰ,

“ਏਕ ਦਿਵਸ ਪ੍ਰਭ ਪ੍ਰਾਤਹਕਾਲ। ਦਇਆ ਭਰੇ ਪ੍ਰਭ ਦੀਨ ਦਇਆਲ।
ਯਹ ਮਨ ਉਪਜੀ ਪ੍ਰਗਟਿਓ ਜਗ ਪੰਥ। ਤਿਹ ਕਾਰਨ ਕੀਜੇ ਅਬ ਗ੍ਰਿੰਥ।੨।
ਭਾਈ ਗੁਰਦਾਸ ਕੋ ਆਗਿਆ ਕਰੀ। ਸਭ ਕਰੋ ਇਕਤ੍ਰ ਬਾਨੀ ਇਹ ਘਰੀ।
ਅਰੁ ਬਾਨੀ ਭਗਤਨ ਕੀ ਸਭ ਮੇਲੋ। ਸਾਚੀ ਰਾਖੋ ਝੂਠੀ ਪੇਲੋ।੩।”

ਸ੍ਰੀ ਗੁਰੂ ਅਰਜਨ ਦੇਵ ਜੀ ਨੇ 1602 ਈ. ਵਿਚ ਰਾਮਸਰ ਸਰੋਵਰ ਦੇ ਕੰਡੇ ਇਹ ਮਹਾਨ ਕਾਰਜ ਆਰੰਭਿਆ। ਭਾਈ ਗੁਰਦਾਸ ਜੀ ਲਿਖਾਰੀ ਵਜੋਂ ਸੇਵਾ ਨਿਭਾਉਂਦੇ ਹਨ। ਤਵਾਰੀਖ ਗੁਰੂ ਖਾਲਸਾ ਵਿਚ ਗਿਆਨੀ ਗਿਆਨ ਸਿੰਘ ਲਿਖਦੇ ਹਨ, “…ਤਾਂ ਅੰਮ੍ਰਿਤਸਰ ਤੀਰਥ ਤੋਂ ਪੂਰਬ ਵੱਲ ਮੀਲ ਭਰ ਰਮਣੀਕ ਜੰਗਲ ਸੁੰਦਰ ਬਨ ਬੇਰੀਆ ਦਾ ਵੇਖ ਕੇ (ਜਿਥੇ ਬੈਠਕੇ ਸੁਖਮਨੀ ਰਚੀ ਸੀ) ਇਕ ਛੱਪੜ ਦੇ ਕੰਢੇ ਜਿਸ ਦਾ ਨਾਮ ਹੁਣ ਰਾਮਸਰ ਹੈ, ਤੰਬੂ ਕਨਾਤ ਲਗਵਾਕੇ ਆ ਤਾਂ ਗੁਰੂ ਜੀ ਕਨਾਤ ਅੰਦਰ ਬੈਠ ਕੇ ਸ਼ਬਦ ਉਚਾਰਦੇ ਰਹੇ ਤੇ ਬਾਹਰ ਭਾਈ ਗੁਰਦਾਸ ਜੀ ਬੈਠੇ ਲਿਖਦੇ ਰਹੇ।…” 1604 ਈ. ਵਿਚ ਆਦਿ ਗ੍ਰੰਥ ਸਾਹਿਬ ਜੀ ਦੀ ਬੀੜ ਤਿਆਰ ਹੋਈ ਤਾਂ ਸਤਿਕਾਰ ਸਹਿਤ ਸ੍ਰੀ ਹਰਿਮੰਦਰ ਸਾਹਿਬ ਵਿਚ ਸੁਸ਼ੋਭਿਤ ਕੀਤਾ ਗਿਆ। ਗੁਰੂ ਸਾਹਿਬ ਨੇ ਬਾਬਾ ਬੁਢਾ ਜੀ ਗ੍ਰੰਥੀ ਵਜੋਂ ਸਥਾਪਿਤ ਕਰਦਿਆਂ ਮੁਖਵਾਕ ਲੈਣ ਦਾ ਉਪਦੇਸ਼ ਕੀਤਾ। ਇਸ ਤਰ੍ਹਾਂ ਬਾਬਾ ਜੀ ਨੇ ਪਹਿਲਾ ਪ੍ਰਕਾਸ਼ ਕੀਤਾ ਅਤੇ ਮੁਖਵਾਕ ਲਿਆ।

ਬੁਢਾ ਸਾਹਿਬ ਖੋਲਹੁ ਗ੍ਰਿੰਥ।
ਲੇਹੁ ਆਵਾਜ਼ ਸੁਨਹਿ ਸਭਿ ਪੰਥ॥32॥

ਬਾਬਾ ਬੁਢਾ ਜੀ ਦੁਆਰਾ ਲਏ ਮੁਖਵਾਕ ਦੇ ਆਵਾਜ਼ੇ ਨੇ ਆਉਣ ਵਾਲੀਆਂ ਪੀੜ੍ਹੀਆਂ ਅਤੇ ਯੁੱਗਾਂ ਦੀ ਤਕਦੀਰ ਨੂੰ ਬਦਲ ਦਿਤਾ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲੇ ਪ੍ਰਕਾਸ਼ ਨਾਲ ਸਾਰੀ ਲੁਕਾਈ ਨੂੰ ਇਕ ਗ੍ਰੰਥ ਪ੍ਰਾਪਤ ਹੋਇਆ ਜੋ ਉਨ੍ਹਾਂ ਦਾ ਆਪਣਾ ਸੀ। ਜਾਗਦੀ ਜੋਤਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਜਿੰਨ੍ਹਾਂ ਸਨਮੁਖ ਹਰ ਜਗਿਆਸੂ ਅਰਜ਼ੋਈ ਕਰ ਸਕਦਾ ਅਤੇ ਪੜ੍ਹ-ਵਿਚਾਰ ਸਕਦਾ ਸੀ। ਬਿਪਰ ਦੀਆਂ ਰੀਤੀਆਂ ਅਤੇ ਪਾਖੰਡਾਂ ਨੂੰ ਦੂਰ ਕਰਨ ਦਾ ਉਪਦੇਸ਼; ਸਾਂਝੀਵਾਲਤਾ, ਮੁਹਬਤ ਅਤੇ ਏਕਤਾ ਦਾ ਸੰਦੇਸ਼ ਦੇਣ ਵਾਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਸਮੁਚੀ ਮਨੁਖਤਾ ਨੂੰ ਮੁਖਾਤਿਬ ਹਨ। ਕਿਸੇ ਤਰ੍ਹਾਂ ਦੀਆਂ ਹੱਦਬੰਦੀਆਂ ਅਤੇ ਵੰਡੀਆਂ ਲਈ ਕੋਈ ਥਾਂ ਨਹੀਂ। ਵਖ ਵਖ ਖਿੱਤਿਆਂ, ਸਭਿਆਚਾਰਾਂ, ਲੋਕ ਸਮੂਹਾਂ, ਕੌਮਾਂ ਆਦਿ ਨੂੰ ਕਲਾਵੇ ਵਿਚ ਲੈਣ ਵਾਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਵਖ ਵਖ ਗੁਰੂ ਸਾਹਿਬਾਨ, ਭਗਤਾਂ, ਭੱਟਾਂ ਅਤੇ ਗੁਰਸਿਖਾਂ ਦੀ ਬਾਣੀ ਦਰਜ ਹੈ। ਧਰਤੀ ਦੇ ਵਖ ਵਖ ਖਿੱਤਿਆ ‘ਤੇ ਵਖ ਵਖ ਸਮਿਆਂ ਵਿਚ ਹੋਏ ਬਾਣੀਕਾਰ ਇਕੋ ਪ੍ਰਮਾਤਮਾ ਨਾਲ ਜੋੜਦੇ ਅਤੇ ਇਕ ਸਾਂਝੇ ਉਪਦੇਸ਼ ਨੂੰ ਹੀ ਮੁਖਾਤਿਬ ਹੁੰਦੇ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਪਹਿਲਾ ਪ੍ਰਕਾਸ਼ ਫਾਸਲੇ ਮੇਟਦਾ ਹੈ। ਸਮੂਹ ਬਾਣੀਕਾਰਾਂ ਦੀ ਬਾਣੀ ਆਪਣੀ ਆਪਣੀ ਕਾਵਿਕ, ਭਾਸ਼ਾਈ, ਸਭਿਆਚਾਰਕ ਆਦਿ ਵਿਲਖਣਤਾ ਅਤੇ ਵਿਸ਼ੇਸ਼ਤਾ ਰਖਦੀ ਹੈ।

ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਸਮੂਹ ਮਹਾਂਪੁਰਸ਼ ਆਪਣੀ ਵਿਲਖਣ ਪਹਿਚਾਣ ਨਾਲ ਸੁਸ਼ੋਭਿਤ ਹਨ ਅਤੇ ਉਨ੍ਹਾਂ ਦਾ ਉਪਦੇਸ਼ ਸਮੁਚੀ ਮਾਨਵਤਾ ਨੂੰ ਸੰਬੋਧਿਤ ਹੈ। ਸੋ ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਨਾਲ ਇਕ ਨਵੇਂ ਯੁਗ ਦੀ ਸ਼ੁਰੂਆਤ ਹੋਈ। ਇਸ ਯੁਗ ਦਾ ਆਦਰਸ਼ਕ ਮਨੁਖ ਗੁਰਮੁਖ ਹੈ ਜੋ ਗੁਰੂ ਦੀ ਸਿਖਿਆ ਅਨੁਸਾਰ ਜੂਝਦਾ ਅਤੇ ਜੀਵਨ ਬਤੀਤ ਕਰਦਾ ਹੈ। ਇਤਿਹਾਸ ਸਿਰਜਣ ਅਤੇ ਇਸ ਦਾ ਵਿਹਾਅ ਬਦਲਣ ਵਾਲਾ ਖਾਲਸਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਗਵਾਈ ਵਿਚ ਹੀ ਚਲਦਾ ਹੈ।

ਵਿਕਰਮਜੀਤ ਸਿੰਘ ਤਿਹਾੜਾ
ਖੋਜਾਰਥੀ, ਪੰਜਾਬੀ ਯੂਨੀਵਰਸਿਟੀ, ਪਟਿਆਲਾ

0 0 votes
Article Rating
Subscribe
Notify of
1 ਟਿੱਪਣੀ
Oldest
Newest Most Voted
Inline Feedbacks
View all comments
1
0
Would love your thoughts, please comment.x
()
x