ਵੈਸਾਖ ਦਾ ਮਹੀਨਾ ਉਸ ਬੰਜਰ, ਬੇ-ਆਬਾਦ, ਤੇ ਨੀਰ-ਤਰਸਦੀ ਧਰਤੀ ਉੱਤੇ ਕਹਿਰ ਦੀ ਅੱਗ ਬਰਸਾ ਰਿਹਾ ਸੀ। ਗੁਰੂ ਜੀ ਨੇ ਖਦਰਾਣੇ ਦੀ ਢਾਬ ਦਾ ਰੁਖ਼ ਕੀਤਾ। ਉਹਨਾਂ ਨਾਲ ਪੰਜ ਸੌ ਸ਼ਰਧਾਵਨ ਸਨ। ਤੇਗ਼ਾਂ, ਤੀਰ-ਕਮਾਨਾਂ ਅਤੇ ਬੰਦੂਕਾਂ ਸਮੇਤ ਸਭ ਘੋੜਿਆਂ ‘ਤੇ ਅਸਵਾਰ ਸਨ। ਖਦਰਾਣੇ ਦੀ ਢਾਬ ਉੱਤੇ ਪਹੁੰਚ ਕੇ ਉਹਨਾਂ ਨੇ ਛੋਟੀਆਂ ਛੋਟੀਆਂ ਟਿੱਬੀਆਂ ਅਤੇ ਮਿੱਟੀ ਦੀਆਂ ਢੇਰੀਆਂ ਉੱਤੇ ਖੜੇ ਝਾੜਾਂ ਪਿੱਛੇ ਓਟਾਂ ਬਣਾ ਲਈਆਂ, ਅਤੇ ਦੁਸ਼ਮਣ ਦੀ ਉਡੀਕ ਕਰਨ ਲੱਗੇ। ਵਜ਼ੀਰ ਖ਼ਾਂ ਦੀ ਫ਼ੌਜ ਜੰਗਲ ਦੇ ਇਲਾਕੇ ਦੀ ਬਹੁਤ ਘੱਟ ਭੇਤੀ ਸੀ। ਉਸ ਨੇ ਰਾਹ ਦੱਸਣ ਲਈ ਚੌਧਰੀ ਕਪੂਰੇ ਨੂੰ ਆਪਣੇ ਨਾਲ ਲੈ ਲਿਆ।
ਏਧਰ ਗੁਰੂ ਜੀ ਖਦਰਾਣੇ ਦੀ ਢਾਬ ਉੱਤੇ ਪਹੁੰਚੇ ਸਨ, ਉਧਰ ਆਨੰਦਪੁਰ ਤੋਂ ਬੇਦਾਵਾ ਲਿਖ ਕੇ ਗਏ ਚਾਲੀ ਸਿੰਘ(ਸਿਦਕੀ ਸਿੰਘਾਂ ਵਿਚੋਂ ਚਾਲੀ ਅਜਿਹੇ ਸਨ, ਜਿਹੜੇ ਦਿਲ ਛੱਡ ਗਏ, ਪਰ ਉਹਨਾਂ ਦੀ ਆਤਮਾ ਨੇ ਗੁਰੂ ਦੇ ਨਾਮ ਨੂੰ ਪੁਰਾਣੇ ਦਿਨਾਂ ਵਾਂਗ ਹੀ ਸੰਭਾਲਿਆ ਹੋਇਆ ਸੀ। ਉਹਨਾਂ ਦੇ ਦਿਲ ਬਹੁਤ ਕੋਮਲ ਸਨ, ਜੋ ਕਿ ਉਦਾਸੀ ਅਤੇ ਉਦਰੇਵੇਂ ਦੇ ਹੜ੍ਹ ਵਿਚ ਡੁੱਬ ਗਏ। ਭੁੱਖ ਦੀ ਬੇਵਸੀ ਉਹਨਾਂ ਉੱਤੇ ਹਾਵੀ ਹੋਣ ਲੱਗੀ। ਉਹ ਬੇ-ਸਿਦਕ਼ੇ ਅਤੇ ਕਠੋਰ ਨਹੀਂ ਸਨ, ਕੇਵਲ ਕਮਜ਼ੋਰ ਸਨ। ਗੁਰੂ ਨੇ ਉਹਨਾਂ ਨੂੰ ਅੰਮ੍ਰਿਤ ਦੀ ਬਖ਼ਸ਼ਿਸ਼ ਕੀਤੀ ਸੀ, ਪਰ ਉਹਨਾਂ ਨੇ ਆਪਣੇ ਆਪ ਨੂੰ ਥਕਾ ਲਿਆ ਸੀ, ਸੋ ਗੁਰੂ ਨੇ ਉਹਨਾਂ ਵਿਚ ਕਮਜ਼ੋਰੀ ਨੂੰ ਆਉਣ ਦਿੱਤਾ । ਇਹਨਾਂ ਡੋਲੇ ਹੋਏ ਚਾਲੀ ਸਿੰਘਾਂ ਨੇ ਕੁੱਝ ਦਿਨ ਆਪਣੀ ਆਤਮਾ ਨਾਲ ਸੰਘਰਸ਼ ਕੀਤਾ। ਰੂਹ ਨੇ ਰੋਂਦਿਆਂ-ਕੁਰਲਾਉਂਦਿਆਂ ਉਸ ਲੋਹ-ਸਿਦਕ਼ ਨੂੰ ਢੂੰਡਿਆ, ਜੋ ਕਿ ਸਾਂ ਸਾਂ ਕਰਦੀਆਂ ਲੂੰਆਂ ਦੇ ਮਾਰੂਥਲਾਂ ਵਿਚ ਗੁਆਚ ਗਿਆ ਸੀ—ਮਾਰੂਥਲ!, ਜੋ ਕਿ ਰੂਹ ਨੇ ਆਪ ਹੀ ਪੈਦਾ ਕੀਤੇ ਸਨ। ਜਦ ਕੋਈ ਪੇਸ਼ ਨਾਂਹ ਚੱਲੀ, ਤਾਂ ਉਹ ਗੁਰੂ ਜੀ ਕੋਲ ਆਏ। ਉਹਨਾਂ ਵਿਚੋਂ ਇਕ ਸਿੰਘ ਨੇ ਸ਼ਰਮਾਉਂਦਿਆਂ ਹੋਇਆਂ ਕਿਹਾ, “ਸੱਚੇ ਪਾਤਸ਼ਾਹ ਅਸਾਂ ਜਾਣਾ ਹੈ।” ਕਲਗ਼ੀਆਂ ਵਾਲੇ ਨੇ ਆਪਣੇ ਭੁੱਲੇ ਹੋਏ ਸਿੰਘਾਂ ਨੂੰ ਵੱਡੇ ਰਹਿਮ ਨਾਲ ਵੇਖਿਆ, ਫੇਰ ਕਿਸੇ ਦੈਵੀ ਉਦਾਸੀ ਵਿਚ ਬਚਨ ਕੀਤਾ: “ਬੇਸ਼ਕ ਚਲੇ ਜਾਉ, ਪਰ ਸਾਨੂੰ ਇਕ ਨਿਸ਼ਾਨੀ ਦੇ ਜਾਵੋ। ਜਾਂਦੇ ਜਾਂਦੇ ਇਕ ਬੇ-ਦਾਵਾ ਲਿਖ ਜਾਵੋ।” ਮਹਾਂ ਸਿੰਘ ਦਾ ਸਾਰਾ ਸਰੀਰ ਪਿਆਰ ਨਾਲ ਕੰਬ ਗਿਆ, ਰੂਹ ਨੇ ਅੰਤਾਂ ਦਾ ਵੈਰਾਗ ਕੀਤਾ, ਫੇਰ ਹਿੱਚਕਚਾ ਕੇ ਰੋਂਦੀ ਆਵਾਜ਼ ਵਿਚ ਪੁਛਿਓਸੁ “ਬੇ-ਦਾਵਾ! ਸੱਚੇ ਪਾਤਸ਼ਾਹ ਕੀ ਆਖਦੇ ਹੋ।” ਹਜ਼ੂਰ ਨੇ ਮਹਾਂ ਸਿੰਘ ਦੀ ਪਿੱਠ ਉੱਤੇ ਹੱਥ ਫੇਰਿਆ, ਅਤੇ ਪੂਰਨ ਅਪਣੱਤ ਵਿਚ ਬਚਨ ਕੀਤਾ: “ਪਿਆਰੇ ਖ਼ਾਲਸਾ ਜੀ! ਸਾਡਾ ਕਹਿਣਾ ਹੈ, ਕਿ ਬੇਸ਼ਕ ਚਲੇ ਜਾਉ, ਪਰ ਜਾਂਦੇ ਜਾਂਦੇ ਇਕ ਕਾਗਜ਼ ਉੱਤੇ ਇਹ ਸ਼ਬਦ ਲਿਖ ਜਾਵੋ: ਤੂੰ ਸਾਡਾ ਗੁਰੂ ਨਹੀਂ, ਅਸੀਂ ਤੇਰੇ ਸਿੱਖ ਨਹੀਂ।” ਕੁੱਝ ਸੋਚ ਕੇ, ਪਤਾ ਨਹੀਂ ਅਕਾਲ ਪੁਰਖ ਦੇ ਕਿਹੜੇ ਹੁਕਮ ਵਿਚ, ਸਿੰਘਾਂ ਨੇ ਇਕ ਕਾਗਜ਼ ਉੱਤੇ ਇਹ ਲਫ਼ਜ਼ ਲਿਖੇ, ਅਤੇ ਹਜ਼ੂਰ ਨੂੰ ਦੇ ਕੇ ਆਨੰਦਪੁਰ ਤੋਂ ਵਿਦਾ ਹੋਏ। ਕੋਈ ਆਵਾਜ਼ ਉਹਨਾਂ ਨੂੰ ਪਿੱਛੇ ਵੱਲ ਮੋੜਦੀ ਰਹੀ, ਪਰ ਉਹਨਾਂ ਦੇ ਕਦਮ ਅੱਗੇ ਅੱਗੇ ਉਠਦੇ ਗਏ। ਦੁਸ਼ਮਣ ਨੇ ਬੇ-ਦਾਵਾ ਲਿਖਣ ਵਾਲਿਆਂ ਨੂੰ ਰਾਹ ਦੇ ਦਿੱਤਾ ਸੀ।) ਢਾਬ ਤੋਂ ਨੇੜੇ ਹੀ ਸੂਬੇਦਾਰ ਸਰਹਿੰਦ ਦੇ ਵਹੀਰ ਨੂੰ ਠੱਲ੍ਹ ਪਾਉਣ ਗੁਰੂ ਜੀ ਦੇ ਲਈ ਜੰਗ ਦੀ ਤਿਆਰੀ ਕਰ ਰਹੇ ਸਨ। ਇਹ ਚਾਲੀ ਸਿੰਘ ਕਈ ਦਿਨਾਂ ਤੋਂ ਪਿੱਛੇ ਪਿੱਛੇ ਆ ਰਹੇ ਸਨ। (ਕਈ ਰਵਾਇਤਾਂ ਇਸ ਨਾਲੋਂ ਬਹੁਤਿਆਂ ਦਾ ਜ਼ਿਕਰ ਕਰਦੀਆਂ ਹਨ, ਪਰ ਉਹਨਾਂ ਵਿਚ ਸੱਚ ਨਹੀਂ।)। ਅਸਲ ਵਿਚ ਇਹ ਚਾਲੀ ਸਿੰਘ ਉਦੋਂ ਤੋਂ ਹੀ ਤੁਰ ਰਹੇ ਸਨ, ਜਦੋਂ ਤੋਂ ਉਹਨਾਂ ਨੇ ਆਨੰਦਪੁਰ ਛੱਡਿਆ ਸੀ। ਗੁਰੂ ਜੀ ਤੋਂ ਵਿਛੜ ਕੇ ਬਹੁਤ ਉਦਾਸ ਹੋਏ; ਜਦ ਪਰਿਵਾਰਾਂ ਨੇ ਆਖਿਆ ਕਿ ਚੰਗਾ ਨਹੀਂ ਕੀਤਾ, ਤਾਂ ਭੁੱਬਾਂ ਮਾਰ ਮਾਰ ਕੇ ਰੋਏ; ਜਦ ਆਨੰਦਪੁਰ ਦੇ ਉਜਾੜੇ ਦਾ ਹਾਲ ਸੁਣਿਆ, ਤਾਂ ਦਿਨ-ਰਾਤ ਬਖ਼ਸ਼ਣਹਾਰ ਅੱਗੇ ਤਰਲੇ ਪਾਉਣ ਲੱਗੇ; ਅੰਤ ਗੁਰੂ ਜੀ ਦਾ ਦੀਨੇ ਪਹੁੰਚਣਾ ਸੁਣ ਕੇ ਉਧਰ ਨੂੰ ਤੁਰ ਪਏ। ਗੁਰੂ ਜੀ ਦੀਨੇ ਤੋਂ ਚਲੇ ਗਏ ਸਨ। ਸਿੰਘ ਉਹਨਾਂ ਦੇ ਰਾਹਾਂ ਦੀ ਧੂੜ ਉੱਤੇ ਤੁਰਦੇ ਗਏ ਪਰ ਉਹਨਾਂ ਦੇ ਸਾਹਮਣੇ ਨਾਂਹ ਹੋਏ। ਉਹ ਦੂਰੋਂ ਹੀ ਗੁਰੂ ਜੀ ਦਾ ਦੀਦਾਰ ਕਰਦੇ, ਅਤੇ ਰੋ ਪੈਂਦੇ। ਅੱਜ ਉਹ ਖਦਰਾਣੇ ਦੀ ਢਾਬ ਨੇੜੇ ਪਹੁੰਚ ਗਏ ਸਨ। ਇਕ ਸੁੱਕੇ ਛੰਭ ਵਿਚ ਅਨੇਕਾਂ ਝਾੜੀਆਂ ਉੱਗੀਆਂ ਹੋਈਆਂ ਸਨ। ਸਿੰਘਾਂ ਨੇ ਛੰਭ ਦੀ ਲੰਬੀ ਬਾਹੀ ਉੱਤੇ ਕਿੰਨੇ ਹੀ ਝਾੜਾਂ ਉੱਤੇ ਆਪਣੀਆਂ ਚਾਦਰਾਂ ਪਾ ਦਿੱਤੀਆਂ, ਜੋ ਕਿ ਦੁਸ਼ਮਣ ਨੂੰ ਦੂਰੋਂ ਤੰਬੂਆਂ ਵਾਂਗ ਪ੍ਰਤੀਤ ਹੁੰਦੀਆਂ ਸਨ। ਉਹ ਓਟ ਵਿਚ ਖਿਲਰ ਕੇ ਬੈਠ ਗਏ। ਦੁਸ਼ਮਣ ਖੁੱਲ੍ਹਾ ਈ ਵਗਿਆ ਆ ਰਿਹਾ ਸੀ। ਸਿੰਘਾਂ ਨੇ ਨਿਸ਼ਾਨੇ ਬੰਨ੍ਹ ਕੇ ਗੋਲੀਆਂ ਦੀ ਵਾਛੜ ਕੀਤੀ। ਇਕ ਪਹਿਰ ਤੱਕ ਗੋਲੀਆਂ ਚਲਦੀਆਂ ਰਹੀਆਂ। ਢਾਬ ਵਾਲੇ ਪਾਸਿਉਂ ਗੁਰੂ ਗੋਬਿੰਦ ਸਿੰਘ ਦੇ ਤੀਰ ਵੀ ਬਿਜਲੀਆਂ ਦੀ ਹਨੇਰੀ ਬਣਕੇ ਦੁਸ਼ਮਣ ਦੇ ਸੀਨੇ ਉੱਤੇ ਕਟਕਦੇ ਰਹੇ। ਵਜ਼ੀਰ ਖ਼ਾਂ ਬਹੁਤ ਘਬਰਾਇਆ। ਉਸ ਨੂੰ ਚਿੱਤ-ਚੇਤਾ ਵੀ ਨਹੀਂ ਸੀ, ਕਿ ਮੁਕਾਬਲਾ ਐਨਾ ਕਹਿਰ ਭਰਿਆ ਹੋ ਸਕਦਾ ਹੈ। ਉੱਤੋਂ ਦੁਪਹਿਰ ਆ ਰਹੀ ਸੀ। ਉਧਰੋਂ ਚਾਲੀ ਸਿੰਘ ਅਚਾਨਕ ਤੇਗਾਂ ਸੂਤ ਕੇ ਲੁਕਵੀਆਂ ਥਾਵਾਂ ਦੇ ਓਹਲਿਓਂ ਜ਼ਾਹਿਰ ਹੋਏ, ਅਤੇ ਦੁਸ਼ਮਣਾਂ ਦੇ ਦਿਲ ਕੰਬਾ ਕੇ ਸ਼ਹੀਦ ਹੋ ਗਏ। ਜਦ ਮੁਗ਼ਲ ਲਸ਼ਕਰ ਨੇ ਚਾਲੀ ਸਿੰਘਾਂ ਦੀ ਸ਼ਹੀਦੀ ਪਿੱਛੋਂ ਅੱਗੇ ਵਧਣ ਦਾ ਯਤਨ ਕੀਤਾ, ਤਾਂ ਢਾਬ ਵੱਲੋਂ ਗੋਲੀਆਂ ਹੋਰ ਗ਼ਜ਼ਬ ਵਿਚ ਕੜਕੀਆਂ। ਸੂਬੇਦਾਰ ਸਰਹਿੰਦ ਨੇ ਆਪਣੀਆਂ ਫ਼ੌਜਾਂ ਨੂੰ ਪਿੱਛੇ ਹਟਾ ਲਿਆ ਅਤੇ ਚੌਧਰੀ ਕਪੂਰੇ ਨਾਲ ਸਲਾਹ ਕਰਨ ਲੱਗਾ ਕਿ ਕੀ ਕੀਤਾ ਜਾਵੇ। ਚੌਧਰੀ ਨੇ ਪਤਾ ਨਹੀਂ, ਜ਼ਮੀਰ ਦੇ ਕਿਸੇ ਦੁਬਾਉ ਕਾਰਨ, ਜਾਂ ਗੁਰੂ ਜੀ ਨਾਲ ਪੁਰਾਣਾ ਮੋਹ ਹੋਣ ਕਰਕੇ, ਜਾਂ ਲੋਕਾਂ ਵਿਚ ਸੱਚਾ ਹੋਣ ਲਈ, ਜਾਂ ਹੋਰ ਜੰਗ ਵਧਣ ਦੇ ਡਰ ਕਾਰਨ ਵਜ਼ੀਰ ਖ਼ਾਂ ਦੇ ਮਨ ਵਿਚ ਇਹ ਗੱਲ ਬਿਠਾ ਦਿੱਤੀ, ਕਿ ਇਸ ਜੰਗਲ ਵਿਚ ਪਾਣੀ ਕਿਤੇ ਨਹੀਂ, ਅਤੇ ਜੇ ਉਸਨੇ ਹੋਰ ਜੰਗ ਕੀਤੀ, ਤਾਂ ਉਸਦਾ ਸਾਰਾ ਲਸ਼ਕਰ ਪਿਆਸ ਨਾਲ ਤੜਫ਼ ਤੜਫ਼ ਕੇ ਮਰ ਜਾਵੇਗਾ। (ਉਂਞ ਕਪੂਰੇ ਦੀ ਇਹ ਨਸੀਹਤ ਅਸਲੀਅਤ ਦੇ ਪੱਖੋਂ ਵੀ ਸੱਚੀ ਸੀ।)। ਵਜ਼ੀਰ ਖ਼ਾਂ ਪਹਿਲਾਂ ਹੀ ਦਹਿਲਿਆ ਹੋਇਆ ਸੀ, ਹੁਣ ਹੋਰ ਦਹਿਲ ਗਿਆ। ਉਂਞ ਵੀ ਪਾਣੀ ਬਿਨਾਂ ਮਰ ਜਾਣਾ ਮੁਸਲਮਾਨ ਇਤਿਹਾਸ ਦੀ ਸਭ ਤੋਂ ਵੱਡੀ ਉਦਾਸੀ ਹੈ: ਕਰਬਲਾ ਦੀ ਯਾਦ ਨੂੰ ਜਗਾਉਣ ਵਾਲੀ! ਵਜ਼ੀਰ ਖ਼ਾਂ ਪਿੱਛੇ ਨੂੰ ਮੁੜ ਗਿਆ, ਅਤੇ ਲਾਸ਼ਾਂ ਦੱਬਣ ਦੀ ਜ਼ਿੰਮੇਵਾਰੀ ਕਪੂਰੇ ਨੂੰ ਸੌਂਪ ਗਿਆ।
ਕੁੱਝ ਚਿਰ ਪਿੱਛੋਂ ਗੁਰੂ ਜੀ ਕੁੱਝ ਸਿੰਘਾਂ ਸਮੇਤ ਉਸ ਥਾਂ ਉੱਤੇ ਪਹੁੰਚੇ, ਜਿਥੇ ਕਿ ਚਾਲੀ ਸਿੰਘਾਂ ਨੇ ਸ਼ਹੀਦੀਆਂ ਪਾਈਆਂ ਸਨ। ਹਾਂ! ਸ਼ਹੀਦ ਹੋਣ ਵਾਲੇ ਸਿਰਫ਼ ਉਹੋ ਸਨ, ਜਿਨ੍ਹਾਂ ਨੇ ਕਿ ਹਜ਼ੂਰ ਨੂੰ ਬੇਦਾਵਾ ਲਿਖ ਕੇ ਦਿੱਤਾ ਸੀ। ਬੇ-ਦਾਵੇ ਦਾ ਕਾਗ਼ਜ਼ ਹੁਣ ਤੱਕ ਗੁਰੂ ਜੀ ਦੇ ਨਾਲ ਸੀ, ਅਤੇ ਉਹ ਬੜੇ ਚਿਰ ਤੋਂ ਇਸ ਦਿਨ ਦੀ ਇੰਤਜ਼ਾਰ ਵਿਚ ਸਨ। ਗੁਰੂ ਜੀ ਨੇ ਵਾਰ ਵਾਰ ਉਹਨਾਂ ਦੇ ਹੱਥਾਂ ਨੂੰ ਮੱਥੇ ਨਾਲ ਛੁਹਾਇਆ, ਕਈਆਂ ਨੂੰ ਗੋਦ ਵਿਚ ਲਿਆ ਅਤੇ ਕਈਆਂ ਦੇ ਮੱਥੇ ਨੂੰ ਚੁੰਮਿਆ, ਜਿਵੇਂ ਜੁਝਾਰ ਸਿੰਘ ਵਾਂਗ ਉਹਨਾਂ ਦੀ ਵੀ ਪਿਆਸ ਬੁਝਾ ਰਹੇ ਹੋਣ। ਧਰਤੀ ਨੇ ਪਹਿਲੀ ਵਾਰ ਹਜ਼ੂਰ ਦੀਆਂ ਅੱਖਾਂ ਵਿਚ ਐਨੇ ਅੱਥਰੂ ਵੇਖੋ। ਗੁਰੂ ਜੀ ਖੁਦ ਸ਼ਹਾਦਤ ਸਨ। ਇਹਨਾਂ ਸ਼ਹੀਦਾਂ ਦੇ ਲਹੂ ਵਿਚ ਸੁੱਤੀ ਸ਼ਹਾਦਤ। ਸਭ ਸ਼ਹੀਦ ਹਜ਼ੂਰ ਦੇ ਰਹਿਮ ਦੀ ਛੋਹ ਵਿਚ ਸਨ, ਅਤੇ ਉਦੋਂ ਤੋਂ ਸਨ, ਜਦੋਂ ਤੋਂ ਇਹ ਤੇਗਾ ਉਠਾ ਕੇ ਦੁਸ਼ਮਣ ਦੀਆਂ ਸਫ਼ਾਂ ਨੂੰ ਚੀਰਣ ਲਈ ਵਧੇ ਸਨ। ਸ਼ਹੀਦ ਹੋਣ ਤੋਂ ਪਹਿਲਾਂ ਸਿੰਘਾਂ ਦੀ ਉੱਚੀ ਸੁਰਤਿ ਉਥੇ ਪਹੁੰਚ ਗਈ ਸੀ, ਜਿਥੋਂ ਉਹਨਾਂ ਵੇਖਿਆ ਸੀ, ਕਿ ਹਜ਼ੂਰ ਦੇ ਰਹਿਮ ਦੇ ਪਾਣੀਆਂ ਵਿਚ ਕਿਤੇ ਵੀ ਕਿਨਾਰਾ ਨਹੀਂ ਆਉਂਦਾ। ਇਹਨਾਂ ਚਾਲੀਆਂ ਵਿਚੋਂ ਇਕ ਹੁਣ ਤੱਕ ਜਿਉਂਦਾ ਸੀ। ਗੁਰੂ ਜੀ ਉਸ ਕੋਲ ਗਏ। ਮਹਾਂ ਸਿੰਘ ਨਾਂ ਦੇ ਉਸ ਸਿੰਘ ਨੇ ਅੱਖਾਂ ਖੋਲ੍ਹੀਆਂ। ਉਸ ਨੇ ਵੇਖ ਲਿਆ, ਕਿ ਕੌਣ ਹਨ। ਉਸਨੂੰ ਪਤਾ ਸੀ, ਕਿ ਹਜ਼ੂਰ ਆਉਣਗੇ। ਉਹ ਜਿਉਂ ਰਿਹਾ ਸੀ, ਚਾਲੀ ਸ਼ਹੀਦ ਹੀ ਜਿਉਂ ਰਹੇ ਸਨ। ਗੁਰੂ ਜੀ ਨੇ ਮਹਾਂ ਸਿੰਘ ਨੂੰ ਗੋਦ ਵਿਚ ਲਿਆ, ਤਾਂ ਸਿੰਘ ਬੱਚਿਆਂ ਵਾਂਗ ਰੋ ਪਿਆ। ਗੁਰੂ ਜੀ ਦੇ ਕਰਮ ਦਾ ਸੁਮਾਰ ਨਾਂਹ ਰਿਹਾ, ਅਤੇ ਦੈਵੀ ਬਿਹਬਲਤਾ ਵਿਚ ਬਚਨ ਕੀਤਾ : “ਮਹਾਂ ਸਿੰਘ ਕੁੱਝ ਮੰਗ ਲਵੋ। ਅੱਜ ਜੋ ਕੁਛ ਮੰਗੋਗੇ, ਮਿਲੇਗਾ।” ਮਹਾਂ ਸਿੰਘ ਨੇ ਮਾਸੂਮ ਸ਼ੁਕਰ ਵਿਚ ਕਿਹਾ : “ਹਜ਼ੂਰ! ਬੇ-ਦਾਵਾ ਪਾੜ ਦਿਉ।” ਮਿਹਰਬਾਨ ਸਤਿਗੁਰ ਨੇ ਮੁੜ ਕਿਹਾ : “ਕੁੱਝ ਹੋਰ ਮੰਗ ਲਵੋ।” “ਬੱਸ ਬੇ-ਦਾਵਾ ਪਾੜ ਦਿਉ” ਸਿੰਘ ਨੇ ਸਿਦਕ ਦੀ ਆਵਾਜ਼ ਵਿਚ ਕਿਹਾ। ਗੁਰੂ ਜੀ ਨੇ ਬੇ-ਦਾਵਾ ਆਪਣੀ ਜੇਬ ਵਿਚੋਂ ਕੱਢਿਆ, ਮਹਾਂ ਸਿੰਘ ਨੂੰ ਵਿਖਾਇਆ ਅਤੇ ਫੇਰ ਉਸ ਨੂੰ ਪਾੜ ਕੇ ਹਵਾ ਵਿਚ ਉਡਾ ਦਿੱਤਾ। ਮਹਾਂ ਸਿੰਘ ਨੇ ਦੋਵੇਂ ਹੱਥ ਉਠਾ ਕੇ ਰੱਬ ਦਾ ਸ਼ੁਕਰ ਕੀਤਾ, ਅਤੇ ਇਸ ਪਿੱਛੋਂ ਆਪਣੇ ਮਿਹਰਬਾਨ ਗੁਰੂ ਦੀ ਗੋਦ ਵਿਚ ਸਦਾ ਲਈ ਸੌਂ ਗਿਆ।
ਐਨੇ ਨੂੰ ਅੱਧਖੜ ਉਮਰ ਦੀ ਇਕ ਜ਼ਖਮੀ ਜ਼ਨਾਨੀ ਨੇ ਗੁਰੂ ਜੀ ਦੇ ਚਰਨਾਂ ਉੱਤੇ ਆ ਸਿਰ ਝੁਕਾਇਆ। ਉਹ ਭਾਗੋ ਸੀ: ਮਾਝੇ ਦੀ ਸਿੰਘਣੀ, ਜੋ ਇਹਨਾਂ ਚਾਲੀ ਸ਼ਹੀਦਾਂ ਨਾਲ ਇਸ ਤਰ੍ਹਾਂ ਆਈ ਸੀ, ਜਿਵੇਂ ਮਾਂ ਬੱਚਿਆਂ ਨੂੰ ਲੈ ਕੇ ਆਵੇ। ਉਸ ਨੇ ਇਹਨਾਂ ਸ਼ਹੀਦਾਂ ਦੀ ਉਦਾਸ ਕਹਾਣੀ ਗੁਰੂ ਜੀ ਨੂੰ ਮੁੱਢ ਤੋਂ ਹੁਣ ਤੱਕ ਸੁਣਾਈ। ਗੁਰੂ ਜੀ ਨੇ ਇਹਨਾਂ ਸ਼ਹੀਦਾਂ ਦਾ ਸਸਕਾਰ ਉਸ ਸੁੱਕੇ ਛੰਭ ਵਿਚ ਹੀ ਕੀਤਾ, ਅਤੇ ਉਸ ਦਾ ਨਾਂ ਮੁਕਤਸਰ ਰੱਖਿਆ।
ਸਰੋਤ~ਸਹਿਜੇ ਰਚਿਓ ਖਾਲਸਾ