ਗੁਰਮੁਖੀ ਸਕੂਲ

ਗੁਰਮੁਖੀ ਸਕੂਲ

ਗੁਰਮੁਖੀ ਸਕੂਲ
(ਪੁਸਤਕ History of  Indigenous Education in Punjab ਦੇ ਹਵਾਲੇ ਨਾਲ)

ਗੁਰਮੁਖੀ ਸਕੂਲਾਂ ਦਾ ਸਿੱਖ ਵਿੱਦਿਆ ਦੇ ਪ੍ਰਚਾਰ ਤੇ ਪ੍ਰਸਾਰ ਵਿਚ ਅਹਿਮ ਯੋਗਦਾਨ ਰਿਹਾ ਹੈ। ਇਨ੍ਹਾਂ ਸਕੂਲਾਂ ਨੇ ਬੱਚਿਆਂ ਨੂੰ ਗੁਰਬਾਣੀ, ਸਿੱਖ ਸਾਹਿਤ ਅਤੇ ਸਿੱਖ ਜੀਵਨ ਜਾਚ ਸਿਖਾਉਣ ਦੇ ਪੱਖ ਤੋਂ ਅਹਿਮ ਭੂਮਿਕਾ ਨਿਭਾਈ ਹੈ। ਗੁਰੂ-ਕਾਲ ਤੋਂ ਹੀ ਇਨ੍ਹਾਂ ਸਕੂਲਾਂ ਨੇ ਪੰਜਾਬ ਦੀ ਪਰੰਪਰਾ ਤੇ ਵਿਰਾਸਤ ਨੂੰ ਪੀੜੀ ਦਰ ਪੀੜੀ ਅੱਗੇ ਤੋਰੀ ਰੱਖਿਆ। ਪੰਜਾਬ ਉੱਪਰ ਅੰਗਰੇਜ਼ੀ ਰਾਜ ਨੇ ਗੁਰਮੁਖੀ ਸਕੂਲਾਂ ਦੀ ਪਰੰਪਰਿਕ ਵਿੱਦਿਆ ਪ੍ਰਣਾਲੀ ਨੂੰ ਤੋੜਿਆ ਤੇ ਇਸਦੀ ਥਾਂ ਪੱਛਮੀ ਤਰਜ਼ ਦੇ ਅੰਗਰੇਜ਼ੀ ਸਕੂਲ ਸਥਾਪਿਤ ਕੀਤੇ। ਪੰਜਾਬ ਦੀ ਧਰਤੀ ਉੱਪਰ ਪਰੰਪਰਾ ਦੀ ਵਿੱਦਿਆ ਨੂੰ ਖ਼ਤਮ ਕਰਨ ਦੇ ਜਤਨ ਵਿਰੁੱਧ ਅਵਾਜ਼ ਉੱਠਦੀ ਰਹੀ ਅਤੇ ਸਿੱਖ ਪਰੰਪਰਿਕ ਵਿੱਦਿਆ ਦੀ ਅਹਿਮੀਅਤ ਨੂੰ ਡਾ. ਲਾਈਟਨਰ ਜਿਹੇ ਅੰਗਰੇਜ਼ ਵਿਦਵਾਨਾਂ ਨੇ ਕਲਮਬੱਧ ਕਰਨ ਦਾ ਜਤਨ ਕੀਤਾ। ਇਸੇ ਜਤਨ ਵਿਚੋਂ ਹੀ ਡਾ. ਲਾਈਟਨਰ ਨੇ History of Indigenous Education in the Punjab Since Annexation and in 1882 ਪੁਸਤਕ ਲਿਖੀ।

ਉਹ ਇਕ ਬ੍ਰਿਟਿਸ਼ ਪੂਰਬਵਾਦੀ ਅਤੇ ਭਾਸ਼ਾ ਵਿਗਿਆਨੀ ਸੀ। ਉਸਨੇ ਸਿੱਖਿਆ ਅਤੇ ਭਾਸ਼ਾ ਦੇ ਖੇਤਰ ਵਿਚ ਆਪਣਾ ਵਡਮੁੱਲਾ ਯੋਗਦਾਨ ਪਾਇਆ। ਇੱਕ ਭਾਸ਼ਾ ਵਿਗਿਆਨੀ ਵਜੋਂ ਉਹ ਲਗਪਗ 50 ਭਾਸ਼ਾਵਾਂ ਦਾ ਗਿਆਨ ਰੱਖਦਾ ਸੀ। ਪੰਜਾਬ ਉੱਪਰ ਅੰਗਰੇਜ਼ਾਂ ਦੇ ਕਬਜ਼ੇ ਉਪਰੰਤ ਉਨ੍ਹਾਂ ਨੇ ਏਥੇ ਪੱਛਮੀ ਸਿੱਖਿਆ ਦੇ ਪ੍ਰਸਾਰ ਹਿੱਤ ਦੇਸੀ ਵਿਦਿਆ ਦੀ ਥਾਂ ’ਤੇ ਅੰਗਰੇਜ਼ੀ ਵਿਦਿਆ ਨੂੰ ਸਿੱਖਿਆ ਦਾ ਮਾਧਿਅਮ ਬਣਾਇਆ ਜਿਸ ਕਾਰਨ ਹੌਲੀ-ਹੌਲੀ ਦੇਸੀ ਸਿਖਿਆ ਦਾ ਨਿਘਾਰ ਹੋਣ ਲੱਗਾ। ਸਿੱਖ ਵਿਦਿਆ ਦੇ ਕੇਂਦਰ ਗੁਰਮੁਖੀ ਸਕੂਲਾਂ ਦੀ ਗਿਣਤੀ ਵੀ ਘੱਟਣ ਲੱਗੀ। 1864 ਈ. ਵਿਚ ਲਾਹੌਰ ਪੁੱਜੇ ਲਾਈਟਨਰ ਨੇ ਪੂਰਬੀ ਭਾਸ਼ਾਵਾਂ ਸਮੇਤ ਗੁਰਮੁਖੀ ਸਕੂਲਾਂ ਅਤੇ ਪੰਜਾਬੀ ਭਾਸ਼ਾ ਵੱਲ ਵਿਸ਼ੇਸ਼ ਧਿਆਨ ਦਿੱਤਾ। ਹਥਲੇ ਪਰਚੇ ਦਾ ਮਨੋਰਥ ਲਾਈਟਨਰ ਦੇ ਜੀਵਨ ਅਤੇ ਉਸਦੀ ਕਿਤਾਬ  History of Indigenous Education in the Punjab Since Annexation and in 1882 ਵਿਚ ਦਰਸਾਈ ਗੁਰਮੁਖੀ ਲਿਪੀ ਅਤੇ ਗੁਰਮੁਖੀ ਸਕੂਲਾਂ ਦੀ ਮਹੱਤਤਾ ਨੂੰ ਬਿਆਨ ਕਰਨਾ ਹੈ।

ਲਾਈਟਨਰ ਦਾ ਜੀਵਨ

ਲਾਈਟਨਰ ਦਾ ਜਨਮ 14 ਅਕਤੂਬਰ 1840 ਈ. ਨੂੰ ਹੰਗਰੀ ਦੀ ਰਾਜਧਾਨੀ ਬੁਦਾਪੈਸਟ (Budapest) ਵਿਚ ਹੋਇਆ। ਉਸ ਦੇ ਪਿਤਾ ਦਾ ਨਾਂ ਲਿਉਪੋਲਡ ਸਫੀਰ (Leopold Saphir) ਅਤੇ ਮਾਤਾ ਦਾ ਨਾਂ ਮੈਰੀ ਹੈਨਰੀਟ ਹਰਜ਼ਬਰਗ (Marie Henriette Harzberg) ਸੀ। ਉਸਦੇ ਪਿਤਾ ਦੇ ਦੇਹਾਂਤ ਤੋਂ ਬਾਅਦ ਉਸਦੀ ਮਾਤਾ ਦਾ ਦੂਜਾ ਵਿਆਹ ਜੋਹਨ ਮੋਰੀਟਜ਼ ਲਾਈਟਨਰ ਨਾਲ ਹੋਇਆ। 1848 ਈ. ਦੇ ਵਿਦਰੋਹ ਕਾਰਨ ਉਸਦੇ ਮਾਤਾ ਪਿਤਾ ਨੂੰ ਆਪਣਾ ਦੇਸ਼ ਜਬਰੀ ਛੱਡਣਾ ਪਿਆ। ਬਚਪਨ ਤੋਂ ਹੀ ਲਾਈਟਨਰ ਦੀ ਰੁਚੀ ਭਾਸ਼ਾਵਾਂ ਦਾ ਗਿਆਨ ਇਕੱਤਰ ਕਰਨ ਵਿਚ ਸੀ। ਅੱਠ ਸਾਲ ਦੀ ਉਮਰ ਵਿਚ ਲਾਈਟਨਰ ਕਾਂਸਟੈਂਟੀਨੋਪਲ (Constantinople) ਵਿਚ ਅਰਬੀ ਅਤੇ ਤੁਰਕੀ ਭਾਸ਼ਾ ਸਿੱਖਣ ਲਈ ਗਿਆ। ਦਸ ਸਾਲ ਦੀ ਉਮਰ ਵਿਚ ਉਹ ਤੁਰਕੀ, ਅਰਬੀ ਅਤੇ ਹੋਰ ਯੂਰਪੀ ਭਾਸ਼ਾਵਾਂ ਜਾਨਣ ਲੱਗ ਪਿਆ। ਉਸਨੇ ਮਾਲਟਾ ਪ੍ਰੋਟੈਸਟੈਂਟ ਕਾਲਜ ਵਿਚ ਆਪਣੀ ਪੜਾਈ ਕੀਤੀ।

ਪੰਦਰਾਂ ਸਾਲ ਦੀ ਉਮਰ ਵਿਚ ਉਸਨੂੰ ਐੱਚ. ਐੱਮ. (H.M.’s) ਦੇ ਕਮਿਸ਼ਨ ਨਾਲ 1854 ਵਿਚ ਸ਼ੁਰੂ ਹੋਏ ਕਰੀਮਿਆ ਦੇ ਯੁੱਧ ਵਿਚ ਕਰਨਲ ਦੇ ਰੈਂਕ ਨਾਲ ਮੁੱਖ ਦੁਭਾਸ਼ੀਆ ਨਿਯੁਕਤ ਕੀਤਾ ਗਿਆ। ਜਦੋਂ ਕਰੀਮਿਆ ਵਿਚ ਲੜਾਈ ਖਤਮ ਹੋਈ ਤਾਂ ਲਾਈਟਨਰ ਨੇ ਪ੍ਰੀਸਟ ਬਣਨ ਦੀ ਇੱਛਾ ਪ੍ਰਗਟਾਈ। ਉਸਨੇ ਕਾਂਸਟੈਂਟੀਨੋਪਲ (Constantinople) ਵਿਖੇ Muhammadan Theological ਸਕੂਲ ਵਿਚ ਪ੍ਰਵੇਸ਼ ਕੀਤਾ ਅਤੇ 1858 ਈ. ਵਿਚ ਕਿੰਗਜ਼ ਕਾਲਜ (King’s College) ਲੰਡਨ ਤੋਂ ਸਿੱਖਿਆ ਪ੍ਰਾਪਤ ਕੀਤੀ। ਯੁੱਧ ਦੇ ਖਤਮ ਹੋਣ ਸਮੇਂ 1861 ਈ. ਵਿਚ ਇਸੇ ਹੀ ਕਾਲਜ ਵਿਚ ਉਸਨੂੰ ਤੁਰਕੀ, ਅਰਬੀ, ਗ੍ਰੀਕ ਅਤੇ ਮੁਸਲਮਾਨੀ ਕਾਨੂੰਨ (Muhammadan Law) ਦੇ ਪ੍ਰੋਫੈਸਰ ਨਿਯੁਕਤ ਕੀਤਾ ਗਿਆ। ਉਸਦਾ ਵਿਆਹ ਉਲੰਪੀਆ ਕੈਰੋਲਿਨ ਸਚਵਾਬ (Olympia Caroline Schwaab) ਨਾਲ ਹੋਇਆ। ਉਸਦੇ ਲੜਕੇ ਦਾ ਨਾਂ ਹੈਨਰੀ ਮੋਰੀਟਜ਼ ਲਾਈਟਨਰ ਸੀ।

ਕਰੀਮਿਆ ਦੇ ਯੁੱਧ ਅਤੇ ਭਾਰਤ ਵਿਚ 1857 ਈ. ਦੇ ਵਿਦਰੋਹ ਨੇ ਲੰਡਨ ਵਿਚ ਸਾਮਰਾਜੀ ਨੀਤੀ ਬਣਾਉਣ ਵਾਲਿਆਂ ਨੂੰ ਪੂਰਬੀਆਂ ਦੇ ਭਾਸ਼ਾ ਵਿਗਿਆਨ ਅਤੇ ਸੱਭਿਆਚਾਰ ਬਾਰੇ ਹੋਰ ਜਾਨਣ ਲਈ ਪ੍ਰੇਰਿਤ ਕੀਤਾ। ਮੈਕਸਮੂਲਰ ਨੇ ਲੰਡਨ ਵਿਚ ਭਾਰਤੀ ਭਾਸ਼ਾਵਾਂ ਦੇ ਅਧਿਐਨ ਲਈ ਇਕ ਓਰੀਐਂਟਲ ਕਾਲਜ ਸਥਾਪਿਤ ਕਰਨ ਦਾ ਸੁਝਾਅ ਦਿੱਤਾ। ਜਿਸ ਤੋਂ ਬਾਅਦ ਕਿੰਗਜ਼ ਕਾਲਜ ਲੰਡਨ ਵਿਚ ਹੀ ਓਰੀਐਂਟਲ ਸੈਕਸ਼ਨ ਖੋਲਿਆ ਗਿਆ ਅਤੇ ਲਾਈਟਨਰ ਨੂੰ ਇਸ ਸੈਕਸ਼ਨ ਦੇ ਡੀਨ ਨਿਯੁਕਤ ਕੀਤਾ ਗਿਆ।

ਬ੍ਰਿਟਿਸ਼ ਦੁਆਰਾ ਭਾਰਤੀਆਂ ਦੇ ਆਧੁਨਿਕੀਕਰਣ ਦੀ ਜਾਗਰੂਕਤਾ ਕਾਰਨ ਲਾਈਟਨਰ 1864 ਈ. ਨੂੰ ਲਾਹੌਰ ਪੁੱਜਾ। ਜਨਵਰੀ 1864 ਈ. ਵਿਚ ਸਥਾਪਿਤ ਹੋਏ ਗੌਰਮਿੰਟ ਕਾਲਜ ਲਾਹੌਰ ਵਿਚ ਉਸਨੇ 15 ਨਵੰਬਰ 1864 ਈ. ਵਿਚ ਪ੍ਰਿੰਸੀਪਲ ਵਜੋਂ ਆਪਣੀਆਂ ਸੇਵਾਵਾਂ ਦੇਣੀਆਂ ਸ਼ੁਰੂ ਕੀਤੀਆਂ।

ਆਪਣੇ ਪਹਿਲੇ ਕਦਮ ਵਿਚ ਉਸਨੇ ਦੇਸੀ ਸਾਹਿਤ ਦੇ ਵਿਕਾਸ ਅਤੇ ਗਿਆਨ ਦੇ ਪ੍ਰਸਾਰ ਲਈ ਅੰਜੁਮਾਨ-ਏ-ਪੰਜਾਬ ਦੀ ਜਨਵਰੀ 1865 ਈ. ਵਿਚ ਸਥਾਪਨਾ ਕੀਤੀ। ਦੂਜੇ ਕਦਮ ਵਿਚ ਲਾਈਟਨਰ ਨੇ ਭਾਰਤ ਵਿਚ ਮੁਫਤ ਜਨਤਕ ਲਾਇਬ੍ਰੇਰੀ ਖੋਲੀ ਜਿਸ ਵਿਚ ਸੰਸਕ੍ਰਿਤ, ਅਰਬੀ ਅਤੇ ਫਾਰਸੀ ਦੀਆਂ ਕਿਤਾਬਾਂ ਰਖਵਾਈਆਂ ਅਤੇ ਰੀਡਿੰਗ ਰੂਮ ਸਥਾਪਿਤ ਕੀਤਾ ਜਿਸ ਵਿਚ ਲੋਕ ਆਪਣੇ ਸਮਾਜਿਕ ਅਤੇ ਰਾਜਨੀਤਿਕ ਮੁੱਦਿਆਂ ਉਪਰ ਵਿਚਾਰ ਵੀ ਕਰ ਸਕਦੇ ਸਨ। ਤੀਜੇ ਕਦਮ ਵਿਚ ਪੰਜਾਬ ਵਿਚ ਓਰੀਐਂਟਲ ਯੂਨੀਵਰਸਿਟੀ ਖੋਲਣ ਲਈ ਲਹਿਰ ਸ਼ੁਰੂ ਕੀਤੀ। ਉਸਨੇ ਆਪਣੇ ਕਾਲਜ ਵਿਚ ਵਿਦਿਆਰਥੀਆਂ ਲਈ ‘ਲਿਟਰੇਰੀ ਅਤੇ ਡਿਬੇਟਿੰਗ ਸੁਸਾਇਟੀ’ (literary and debating society) ਸਥਾਪਿਤ ਕੀਤੀ। ਉਸਨੇ 1865-66 ਅਤੇ 1867-68 ਵਿਚ ਗੌਰਮਿੰਟ ਕਾਲਜ ਲਾਹੌਰ ਦੀਆਂ ਰਿਪੋਰਟਾਂ ਵਿਚ ਕਲਕੱਤੇ ਦੀ ਸਿੱਖਿਆ ਪ੍ਰਣਾਲੀ ਨਾਲ ਅਸਹਿਮਤੀ ਪ੍ਰਗਟਾਈ। ਲਾਈਟਨਰ ਦੀਆਂ ਰਿਪੋਰਟਾਂ ਅਤੇ ਅੰਜੁਮਾਨ ਦੀਆ ਗਤੀਵਿਧੀਆਂ ਸਿੱਖਿਆ ਵਿਭਾਗ ਦੇ ਅਨੁਕੂਲ ਨਹੀਂ ਸਨ। ਲੈਫਟੀਨੈਂਟ ਗਵਰਨਰ ਲਾਹੌਰ ਕਾਲਜ ਦੀ ਕਾਰਗੁਜ਼ਾਰੀ ਤੋਂ ਨਾ ਖੁਸ਼ ਸੀ ਅਤੇ ਉਸਨੇ ਲਾਈਟਨਰ ਨੂੰ ਸਿੱਖਿਆ ਸੰਬੰਧੀ ਆਪਣੇ ਨਿੱਜੀ ਵਿਚਾਰ ਨਾ ਰੱਖਣ ਦੀ ਸਲਾਹ ਦਿੱਤੀ। ਸਰਕਾਰ ਨੇ ਲਾਈਟਨਰ ਦੀਆਂ ਕਾਰਵਾਈਆਂ ਨੂੰ ਗੰਭੀਰਤਾ ਨਾਲ ਲਿਆ।

1866-67 ਈ. ਦੇ ਸੈਸ਼ਨ ਦੌਰਾਨ ਲਾਈਟਨਰ ਨੂੰ ਪੰਜਾਬ ਸਰਕਾਰ ਦੁਆਰਾ ਏਸ਼ੀਆਂਟਿਕ ਸੁਸਾਇਟੀ ਬੰਗਾਲ, ਕਲਕੱਤਾ ਦੇ ਭਾਸ਼ਾ ਵਿਗਿਆਨਿਕ ਮਿਸ਼ਨ ੳੱਪਰ ਕਸ਼ਮੀਰ ਭੇਜਿਆ ਗਿਆ। ਇਥੇ ਉਸਨੇ ਗਿਲਗਿਤ ਇਲਾਕੇ ਦੀਆਂ ਉਪ ਭਾਸ਼ਾਵਾਂ ਦਾ ਅਧਿਐਨ ਕੀਤਾ ਅਤੇ ਸ਼ੇਖ ਸਿਬਲੀ ਦੀ ਜੀਵਨੀ ਦਾ ਅਨੁਵਾਦ ਵੀ ਕੀਤਾ। ਗਿਲਗਿਤ ਦਾ ਜੀਵਨ ਅਤੇ ਭਾਸ਼ਾਵਾਂ ਸੰਬੰਧੀ ਕਿਤਾਬ 1869 ਈ. ਵਿਚ Results of a Tour in Dardistan, Kashmir, Little Tibet, Ladak etc. ਇਸ ਪੁਸਤਕ ਦਾ ਪ੍ਰਮੁਖ ਨਾਂ  Dardistan ਹੈ।

ਪੰਜਾਬ ਸਰਕਾਰ ਨੇ ਸਿੱਖਿਆ ਵਿਭਾਗ ਨੂੰ ਦੇਸੀ ਭਾਸ਼ਾਵਾਂ ਨੂੰ ਪ੍ਰਫੁਲਿਤ ਕਰਨ, ਨਵਾਂ ਸਾਹਿਤ ਪੈਦਾ ਕਰਨ ਆਦਿ ਲਈ ਸੁਝਾਅ ਪੇਸ਼ ਕਰਨ ਲਈ ਕਿਹਾ। ਲਾਈਟਨਰ ਨੇ ਸਫੈਦਪੋਸ਼ਾਂ ਨੂੰ ਇਕੱਠਾ ਕਰਕੇ ਓਰੀਐਂਟਲ ਯੂਨੀਵਰਸਿਟੀ ਦਾ ਪ੍ਰਸਤਾਵ ਰਖਵਾਇਆ। ਪਰ ਲੈਂਫਟੀਨੈੇਂਟ ਗਵਰਨਰ ਨੇ ਯੂਨੀਵਰਸਿਟੀ ਦੀ ਸਥਾਪਨਾ ਦੀ ਥਾਂ ’ਤੇ ਕੇਵਲ ਪੰਜਾਬ ਯੂੁਨੀਵਰਸਿਟੀ ਕਾਲਜ ਦੀ ਹੀ ਪ੍ਰਵਾਨਗੀ ਦਿੱਤੀ। ਇਸ ਕਾਲਜ ਨਾਲ ਓਰੀਐਂਟਲ ਸਕੂਲ ਖੋਲਿਆ ਗਿਆ ਜਿਸ ਵਿਚ ਦੇਸੀ ਭਾਸ਼ਾਵਾਂ ਨੂੰ ਆਧੁਨਿਕ ਵਿਧੀ ਨਾਲ ਪੜਾਇਆ ਜਾਣ ਲੱਗਾ। ਦੋ ਸਾਲ ਪਿਛੋਂ ਸਕੂਲ ਨੂੰ ਓਰੀਐਂਟਲ ਕਾਲਜ ਬਣਾ ਦਿੱਤਾ ਗਿਆ।

ਲਾਈਟਨਰ ਨੇ ਸਿੱਖਿਆ ਅਤੇ ਮੁਸਲਿਮ ਸੱਭਿਆਚਾਰ ਸੰਬੰਧੀ ਕਿਤਾਬਾਂ ਲਿਖੀਆਂ:

  • An Essay on the theory and Practice of Education with Special Reference to Education in India
  • Races of Turkey with special reference to Muhammadan Education.
  • Sinin-ul-Islam
  • The language and people of hanza

1873 ਈ. ਵਿਚ ਲਾਈਟਨਰ ਨੇ ਵਿਆਨਾ ਯੂਨੀਵਰਸਲ ਪ੍ਰਦਰਸ਼ਨੀ ਵਿਚ ਪੰਜਾਬ ਦੀ ਪ੍ਰਤੀਨਿਧਤਾ ਕੀਤੀ। ਸਰਕਾਰ ਦੀਆਂ ਨੀਤੀਆਂ ਵਿਰੁੱਧ ਬੋਲਣ ਕਰਕੇ ਲਾਈਟਨਰ ਨੂੰ ਇਸਦਾ ਖਮਿਆਜ਼ਾ ਭੁਗਤਣਾ ਪਿਆ। ਉਸ ਦੁਆਰਾ ਸਥਾਪਿਤ ਮੈਗਜ਼ੀਨ Indian Public Opinion ਦੀ ਸੰਪਾਦਕੀ ਤੋਂ ਜ਼ਬਰਦਸਤੀ ਅਸਤੀਫਾ ਦਿਵਾਇਆ ਗਿਆ ਅਤੇ Lahore Chronicle ਦੀ ਸੰਪਾਦਕੀ ਕਰਨ ਤੋਂ ਰੋਕਿਆ ਗਿਆ। ਉਸਦੀ ਬਣਦੀ ਤਰੱਕੀ ਵੀ ਨਹੀਂ ਦਿੱਤੀ ਗਈ।

1879 ਈ. ਦੀ ਇਕ ਰਿਪੋਰਟ ਅਨੁਸਾਰ ਓਰੀਐਂਟਲ ਕਾਲਜ ਡਾ. ਲਾਈਟਨਰ ਦੀ ਅਗਵਾਈ ਹੇਠ ਬਹੁਤ ਵਧੀਆ ਚਲ ਰਿਹਾ ਸੀ। ਉਸਨੂੰ ਗੌਰਮਿੰਟ ਕਾਲਜ ਦੇ ਪ੍ਰਿੰਸੀਪਲ, ਅਰਬੀ ਅਤੇ ਮੁਸਲਮਾਨੀ ਕਾਨੂੰਨ ਦੇ ਪ੍ਰੋਫੈਸਰ ਅਤੇ ਪੰਜਾਬ ਯੂਨੀਵਰਸਿਟੀ ਕਾਲਜ ਦੇ ਰਜਿਸਟਰਾਰ ਦੇ ਨਾਲ-ਨਾਲ ਓਰੀਐਂਟਲ ਕਾਲਜ ਦੇ ਆਨਰੇਰੀ ਸੁਪਰਿੰਟੈਂਡੰਟ ਲਗਾਇਆ ਗਿਆ। ਲਾਈਟਨਰ ਦੁਆਰਾ ਇਸ ਕਾਲਜ ਵਿਚ ਕੀਤੀਆਂ ਗਈਆਂ ਤਬਦੀਲੀਆਂ ਕਾਰਣ 1877 ਈ. ਵਿਚ ਗੁਰਮੁਖੀ ਦੀ ਪੜਾਈ ਸਮੇਤ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਸਿੱਖਿਆਵਾਂ ਵੀ ਪੜਾਈਆਂ ਜਾਣ ਲੱਗੀਆਂ। ਪੰਜਾਬੀ ਕਲਾਸ ਨੂੰ ‘ਭਾਈ ਕਲਾਸ’ ਕਿਹਾ ਜਾਣ ਲੱਗਾ। ਸਿੱਖਿਆ ਵਿਭਾਗ ਦੇ ਕੁਝ ਅਧਿਕਾਰੀਆਂ ਦੁਆਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ ਜਾਣ-ਪਛਾਣ ਨੂੰ ਸਰਕਾਰੀ ਨੀਤੀ ਦੇ ਪ੍ਰਤੀਕੂਲ ਦੇਖਿਆ ਗਿਆ। ਪਰ ਲੈਪਲ.ਗ੍ਰਿਫਨ ਨੇ ਨੋਟਿਸ ਕੀਤਾ ਕਿ ਪੰਜਾਬੀ ਭਾਸ਼ਾ ਨਾਲ ਜਾਣ-ਪਛਾਣ ਕਰਕੇ ਸਿੱਖਾਂ ਨਾਲ ਕਾਲਜ ਨੂੰ ਪ੍ਰਸਿੱਧੀ ਮਿਲੀ ਹੈ।

ਪੰਜਾਬ ਵਿਚ ਵੱਖ-ਵੱਖ ਪਾਰਟੀਆਂ ਦੇ ਆਪਸੀ ਮਤਭੇਦਾਂ ਨੂੰ ਮਿਟਾਉਣ ਲਈ ਲਾਈਟਨਰ ਨੂੰ ਕੁਝ ਸਮੇਂ ਲਈ ਜੁਲਾਈ 1879 ਵਿਚ ਡੀ.ਪੀ.ਆਈ ਵੀ ਲਗਾਇਆ ਗਿਆ। ਉਸਨੇ ਇਹ ਅਹੁਦਾ ਸਤੰਬਰ 1879 ਈ. ਤੱਕ ਸੰਭਾਲਿਆ।

ਅਪ੍ਰੈਲ 1879 ਈ. ਵਿਚ ਲਾਰਡ ਲਿਟਨ ਨੇ ਲਾਹੌਰ ਦੇ ਲੋਕਾਂ ਨੂੰ ਸੂਚਿਤ ਕੀਤਾ ਕਿ ਜਲਦੀ ਪੰਜਾਬ ਯੂਨੀਵਰਸਿਟੀ ਬਿਲ ਸੰਬੰਧੀ ਜਾਣ ਪਛਾਣ ਕਰਾਈ ਜਾਵੇਗੀ ਅਤੇ ਇਹ ਨਵੀਂ ਯੂਨੀਵਰਸਿਟੀ ਬਾਕੀ ਭਾਰਤੀ ਯੂਨੀਵਰਸਿਟੀਆਂ ਤੋਂ ਵੱਖਰੀ ਹੋਵੇਗੀ। ਇਸ ਵਿਚ ਭਾਰਤੀ ਭਾਸ਼ਾਵਾਂ ਅਤੇ ਧਰਮਾਂ ਸੰਬੰਧੀ ਵਿਭਾਗ ਹੋਣਗੇ। ਲਾਈਟਨਰ ਨੇ ਮੰਗ ਕੀਤੀ ਕਿ ਯੂਨੀਵਰਸਿਟੀ ਕੋਲ ਥਿਉਲਾਜੀ ਦੀ ਫੈਕਲਟੀ ਹੋਣ ਦੇ ਨਾਲ-ਨਾਲ ਪੰਜਾਬੀ ਭਾਸ਼ਾ ਦਾ ਵਿਕਾਸ ਵੀ ਹੋਣਾ ਚਾਹੀਦਾ ਹੈ। ਲਾਹੌਰ ਸਿੰਘ ਸਭਾ ਨੇ ਬ੍ਰਹਮੋ ਸਮਾਜ ਅਤੇ ਆਰੀਆ ਸਮਾਜ ਵਾਲਿਆਂ ਵਿਰੁੱਧ ਲਾਈਟਨਰ ਦੇ ਸੰਘਰਸ਼ ਵਿਚ ਉਸਦਾ ਸਾਥ ਦਿੱਤਾ।

ਪੰਜਾਬ ਦੀ ਸਿੱਖਿਆ ਨੀਤੀ ਦਾ ਵਿਰੋਧ 1880-81 ਵਿਚ ਲਾਈਟਨਰ ਦੇ ਵਿਰੋਧ ਵਿਚ ਬਦਲ ਗਿਆ। ਲਾਹੌਰ, ਅੰਮ੍ਰਿਤਸਰ, ਗੁਜਰਾਂਵਾਲਾ ਅਤੇ ਰਾਵਲਪਿੰਡੀ ਵਿਚ ਉਸਦੇ ਵਿਰੋਧ ਵਿਚ ਮੀਟਿੰਗਾਂ ਹੋਣ ਲੱਗੀਆਂ ਅਤੇ ਅੰਗਰੇਜ਼ੀ ਵਿਦਿਆ ਦੀ ਮੰਗ ਜ਼ਿਆਦਾ ਹੋਣ ਲੱਗੀ। ਲਾਈਟਨਰ ਦਾ ਆਪਣਾ ਕਾਲਜ ਬ੍ਰਹਮੋ ਆਰੀਆ ਸਮਾਜੀ ਗਤੀਵਿਧੀਆਂ ਦਾ ਕੇਂਦਰ ਬਣ ਗਿਆ। ਪੰਜਾਬ ਬ੍ਰਹਮੋ ਅਤੇ ਆਰੀਆ ਸਮਾਜ ਨੇ ਬੰਗਾਲ ਤੋਂ ਮਦਦ ਮੰਗੀ।

ਪ੍ਰਾਇਮਰੀ ਸਿੱਖਿਆ ਉੱਪਰ ਹੰਟਰ ਕਮਿਸ਼ਨ ਨੇ ਉਸਨੁੂੰ ਇਕ ਮੌਕਾ ਦਿੱਤਾ। ਲਾਈਟਨਰ ਨੇ ਪੰਜ ਦਰਿਆਵਾਂ ਦੀ ਧਰਤੀ ’ਤੇ ਦੇਸੀ ਵਿਦਿਆ ਦੇ ਵਿਨਾਸ਼ ਸੰਬੰਧੀ ਬੇਅੰਤ ਸਬੂਤ ਇਕੱਠੇ ਕੀਤੇ। ਇਸ ਕਾਰਜ ਵਿਚ ਓਰੀਐਂਟਲ ਕਾਲਜ, ਅੰਜੁਮਾਨ-ਏ-ਪੰਜਾਬ ਅਤੇ ਪੁਲਿਸ ਵਿਭਾਗ ਨੇ ਉਸਦੀ ਮਦਦ ਕੀਤੀ। ਪੁਲਿਸ ਵਿਭਾਗ ਨੇ ਉਸਨੂੰ ਵਿਦਿਅਕ ਸੰਸਥਾਵਾਂ, ਸੰਸਕ੍ਰਿਤ, ਅਰਬੀ, ਫਾਰਸੀ ਤੇ ਗੁਰਮੁਖੀ ਦੇ ਅਧਿਆਪਕ ਅਤੇ ਵਿਦਵਾਨਾਂ ਦਾ ਥਾਣਾ ਕ੍ਰਮ ਅਨੁਸਾਰ ਰਿਕਾਰਡ ਦਿੱਤਾ। ਲਾਈਟਨਰ ਨੇ ਇਸ ਸਮੱਗਰੀ ਨੂੰ ਸਿੱਖਿਆ ਵਿਭਾਗ ਸੰਬੰਧੀ ਆਪਣੇ ਤਜ਼ਰਬਿਆਂ ਦੀ ਰੋਸ਼ਨੀ ਵਿਚ ਤਿਆਰ ਕੀਤਾ। ਉਸਨੇ ਇਸ ਸਮੱਗਰੀ ਨੂੰ ਕਮਿਸ਼ਨ ਸਾਹਮਣੇ ਪੇਸ਼ ਕੀਤਾ ਜੋ ਕਿ History of Indigenous Education in the Punjab Since Annexation and in 1882 ਦੇ ਨਾਂ ਹੇਠ ਪ੍ਰਕਾਸ਼ਿਤ ਹੋਇਆ।

ਸਰਕਾਰ ਦੇ ਰਵੱਈਏ ਵਿਚ ਤਬਦੀਲੀ ਨਾ ਦੇਖਦਿਆਂ ਲਾਈਟਨਰ 1883 ਈ. ਵਿਚ ਇੰਗਲੈਂਡ ਚਲਾ ਗਿਆ ਪਰ ਉਥੇ ਵੀ ਉਸਨੂੰ ਕੋਈ ਖਾਸ ਸਫਲਤਾ ਪ੍ਰਾਪਤ ਨਹੀਂ ਹੋਈ। ਲਾਹੌਰ ਪਰਤ ਕੇ ਲਾਈਟਨਰ ਨੇ ਪੰਜਾਬ ਯੂਨੀਵਰਸਿਟੀ ਦੀ ਫੈਕਲਟੀ ਤੋਂ ਭਾਸ਼ਾ ਵਿਗਿਆਨ ਅਤੇ ਪੰਜਾਬੀ ਨੂੰ ਦੂਰ ਰੱਖਣ ਦੀ ਨੀਤੀ ਦਾ ਵਿਰੋਧ ਕੀਤਾ। ਜੂਨ 1885 ਵਿਚ ਅੰਜੁਮਾਨ-ਏ-ਪੰਜਾਬ ਨੇ ਪੰਜਾਬ ਯੂਨੀਵਰਸਿਟੀ ਸੈਨੇਟ ਨੂੰ ਦੁਬਾਰਾ ਸੰਗਠਿਤ ਕਰਨ ਦੀ ਮੰਗ ਕੀਤੀ।

ਪੰਜਾਬ ਪ੍ਰਸ਼ਾਸ਼ਨ ਨੇ ਇਸਨੂੰ ਯੂਨੀਵਰਸਿਟੀ ਦੀ ਤਰੱਕੀ ਵਿਚ ਰੁਕਾਵਟ ਸਮਝਦਿਆਂ ਲਾਈਟਨਰ ਤੋਂ ਛੁਟਕਾਰਾ ਪਾਉਣ ਦਾ ਫੈਸਲਾ ਕੀਤਾ। ਉਸਨੂੰ ਮੈਡੀਕਲ ਅਧਾਰ ’ਤੇ ਪੈਨਸ਼ਨ ਲਈ ਅਰਜ਼ੀ ਦੇਣ ਲਈ ਕਿਹਾ ਗਿਆ। ਜਦੋਂ ਉਸਨੇ ਅਜਿਹਾ ਕੀਤਾ ਤਾਂ ਉਸਨੂੰ ਵਿਦੇਸ਼ ਵਿਭਾਗ ਵਿਚ ਭਾਰਤ ਸਰਕਾਰ ਨਾਲ ਡੈਪੂਟੇਸ਼ਨ ਉੱਪਰ ਭੇਜ ਦਿੱਤਾ ਗਿਆ। ਵਿਦੇਸ਼ ਵਿਭਾਗ ਨੇ ਭਾਸ਼ਾ ਵਿਗਿਆਨ ਸੰਬੰਧੀ ਮਿਸ਼ਨ ੳੁੱਪਰ ਕਸ਼ਮੀਰ ਭੇਜ ਦਿੱਤਾ ਜਿਥੇ ਉਹ ਅਗਸਤ 1885 ਤੋਂ ਸਤੰਬਰ 1886 ਤੱਕ ਰਿਹਾ। ਉਸਦੀ ਗੈਰਹਾਜ਼ਰੀ ਵਿਚ ਸਰਕਾਰ ਨੇ ਅੰਜੁਮਾਨ ਨੂੰ ਯੂਨੀਵਰਸਿਟੀ ਤੋਂ ਆਪਣਾ ਦਫਤਰ ਖਾਲੀ ਕਰਨ ਦਾ ਆਦੇਸ਼ ਦਿੱਤਾ। ਇਸ ਦੌਰਾਨ ਲੰਡਨ ਅਧਿਕਾਰੀਆਂ ਨੇ ਪੰਜਾਬ ਅਧਿਕਾਰੀਆਂ ਦੁਆਰਾ ਪ੍ਰਵਾਨਿਤ ਲਾਇਟਨਰ ਦੀ ਪੈਨਸ਼ਨ ਦੀ ਅਰਜ਼ੀ ਨੂੰ ਅਪ੍ਰਵਾਨ ਕਰ ਦਿੱਤਾ। ਇਸਨੇ ਲਾਹੌਰ ਨੂੰ ਸ਼ਰਮਿੰਦਗੀ ਵਾਲੀ ਸਥਿਤੀ ਵਿਚ ਪਾ ਦਿੱਤਾ ਕਿਉਂਕਿ ਅਸਲ ਵਿਚ ਪੰਜਾਬ ਐਡਮਿਨਸਟ੍ਰੇਸ਼ਨ ਨੇ ਹੀ ਲਾਇਟਨਰ ਨੂੰ ਪੈਨਸ਼ਨ ਦੀ ਅਰਜ਼ੀ ਦੇਣ ਲਈ ਪ੍ਰੇਰਿਆ ਸੀ। ਇਸ ਤੋਂ ਬਚਣ ਲਈ ਪ੍ਰਸ਼ਾਸ਼ਨ ਨੇ ਅਖੀਰ ਉਸਨੂੰ ਪੁਲਿਸ ਵਿਭਾਗ ਵੱਲੋਂ ਬਣਾਏ ਝੂਠੇ ਕੇਸ ਵਿਚ ਫਸਾ ਦਿੱਤਾ। ਉਸਨੂੰ ਬ੍ਰਿਟਿਸ਼ ਸ਼ਾਸ਼ਨ ਖਿਲਾਫ ਲਾਹੌਰ ਦੇ ਲੋਕਾਂ ਨੂੰ ਭੜਕਾਉਣ ਦਾ ਦੋਸ਼ ਲਗਾ ਕੇ ਬਰਖਾਸਤ ਕਰ ਦਿੱਤਾ ਗਿਆ। ਉਸਦੀ ਮੌਤ 22 ਮਾਰਚ 1899 ਈ. ਨੂੰ ਬੋਨ (Bonn) ਜਰਮਨੀ ਵਿਚ ਹੋਈ।

History of Indigenous Education in the Punjab Since Annexation and in 1882 ਪੁਸਤਕ ਪਹਿਲੀ ਵਾਰ 1883 ਈ. ਵਿਚ ਪ੍ਰਕਾਸ਼ਿਤ ਹੋਈ ਸੀ। 1971 ਈ. ਵਿਚ ਇਸ ਪੁਸਤਕ ਨੂੰ ਭਾਸ਼ਾ ਵਿਭਾਗ ਪੰਜਾਬ ਦੁਆਰਾ ਦੁਬਾਰਾ ਪ੍ਰਿੰਟ ਕੀਤਾ ਗਿਆ। 2022 ਈ. ਵਿਚ ਪੁਸਤਕ ਨੂੰ ਗਿਆਨ ਪਬਲਿਸ਼ਿੰਗ ਹਾਊਸ, ਨਵੀਂ ਦਿੱਲੀ ਦੁਆਰਾ ਪ੍ਰਕਾਸ਼ਿਤ ਕੀਤਾ ਗਿਆ ਹੈ। ਲੇਖਕ ਨੇ ਪੁਸਤਕ ਨੂੰ ਪੰਜ ਭਾਗਾਂ ਵਿਚ ਵੰਡਿਆ ਹੈ ਅਤੇ ਅੰਤ ਵਿਚ ਅਪੈਂਡਿਕਸ ਦਿੱਤੀਆਂ ਹੋਈਆਂ ਹਨ। ਇਹ ਪੁਸਤਕ ਪੰਜਾਬ ਵਿਚ ਅੰਗਰੇਜ਼ਾਂ ਦੇ ਕਬਜ਼ੇ ਤੋਂ ਲੈ ਕੇ 1882 ਤੱਕ ਪੰਜਾਬ ਵਿਚ ਦੇਸੀ ਵਿਦਿਆ ਦੇ ਇਤਿਹਾਸ ਦਾ ਵਰਨਣ ਕਰਦੀ ਹੈ ਅਤੇ ਇਕ ਅਹਿਮ ਦਸਤਾਵੇਜ਼ ਹੈ। ਪੁਸਤਕ ਵਿਚ ਪੰਜਾਬ ਦੀ ਸਥਾਨਕ ਦੇਸੀ ਵਿਦਿਆ. ਅਰਧ ਸਥਾਨਕ ਦੇਸੀ ਵਿਦਿਆ, ਕਲਾਸੀਕਲ ਦੇਸੀ ਵਿਦਿਆ, ਅਰਧ ਕਲਾਸੀਕਲ ਦੇਸੀ ਵਿਦਿਆ, ਔਰਤਾਂ ਦੀ ਦੇਸੀ ਵਿਦਿਆ, ਗੁਰਮੁਖੀ ਸਕੂਲ, ਫ਼ਾਰਸੀ ਸਕੂਲ, ਅਰਬੀ ਸਕੂਲ, ਮਹਾਜਨੀ ਸਕੂਲ ਆਦਿ ਦਾ ਵਿਵਰਣ, ਕਬਜ਼ੇ ਤੋਂ ਪਹਿਲਾਂ ਅਤੇ ਬਾਅਦ ਵਿਚ ਵਿਦਿਆ ਦੇ ਹਾਲਾਤ, ਪੰਜਾਬ ਦੇ ਹਰੇਕ ਜ਼ਿਲ੍ਹੇ ਵਿਚ ਸਥਾਪਿਤ ਦੇਸੀ ਸਕੂਲਾਂ ਸੰਬੰਧੀ ਵਿਸਤ੍ਰਿਤ ਰਿਪੋਰਟ, ਵੱਖ-ਵੱਖ ਸਮੇਂ ਵਿਦਿਆ ਸੰਬੰਧੀ ਪੇਸ਼ ਕੀਤੀਆਂ ਗਈਆਂ ਰਿਪੋਰਟਾਂ ਆਦਿ ਦਾ ਵਿਸਥਾਰ ਸਹਿਤ ਵਰਨਣ ਕੀਤਾ ਗਿਆ ਹੈ।

ਲ਼ਾਇਟਨਰ ਨੇ ਆਪਣੀ ਕਿਤਾਬ ਦੀ ਭੂਮਿਕਾ ਵਿਚ ਪੰਜਾਬ ਵਿਚ ਅੰਗਰੇਜ਼ਾਂ ਦੇ ਕਬਜ਼ੇ ਤੋਂ ਪਹਿਲਾਂ ਦੇਸੀ ਵਿਦਿਆ ਦੀ ਸਥਿਤੀ, ਅਧਿਆਪਕ ਦੇ ਸਤਿਕਾਰ ਸੰਬੰਧੀ ਬਿਆਨ ਕੀਤਾ ਹੈ ਕਿ ਪੰਜਾਬ ਦੀ ਧਰਤੀ ’ਤੇ ਕੋਈ ਵੀ ਮੰਦਰ, ਮਸਜਿਦ ਅਤੇ ਧਰਮਸਾਲਾ ਅਜਿਹੀ ਨਹੀਂ ਸੀ ਜਿਸ ਨਾਲ ਸਕੂਲ ਨਾ ਜੁੜਿਆ ਹੋਵੇ ਅਤੇ ਜਿਨ੍ਹਾਂ ਵੱਲ ਨੌਜੁਆਨ ਧਾਰਮਿਕ ਸਿੱਖਿਆ ਲਈ ਝੁਕਦੇ ਸਨ। ਹਜ਼ਾਰਾਂ ਧਰਮ ਨਿਰਪੱਖ ਸਕੂਲ ਸਨ ਜੋ ਮੁਸਲਮਾਨਾਂ, ਹਿੰਦੂਆਂ ਅਤੇ ਸਿੱਖਾਂ ਦੇ ਹੁੰਦੇ ਸਨ ਅਤੇ ਜਿਨ੍ਹਾਂ ਵਿਚ ਲੰਡੇ ਅਤੇ ਫ਼ਾਰਸੀ ਭਾਸ਼ਾ ਪੜ੍ਹਾਈ ਜਾਂਦੀ ਸੀ। ਵਿਦਵਾਨਾਂ ਨੂੰ ਵੀ ਇਨਾਮ ਦਿੱਤੇ ਜਾਂਦੇ ਸਨ। ਅਜਿਹਾ ਕੋਈ ਵੀ ਪਿੰਡ ਦਾ ਬੰਦਾ ਨਹੀਂ ਸੀ ਜਿਸਨੇ ਆਪਣੀ ਉਪਜ ਦਾ ਕੁਝ ਹਿੱਸਾ ਕਿਸੇ ਸਤਿਕਾਰਤ ਅਧਿਆਪਕ ਨੂੰ ਦੇਣ ਵਿਚ ਮਾਣ ਮਹਿਸੂਸ ਨਾ ਕੀਤਾ ਹੋਵੇ। ਸਕੂਲਾਂ ਰਾਹੀਂ ਵਿਦਿਆ ਪ੍ਰਤੀ ਸ਼ਰਧਾ ਦੀ ਭਾਵਨਾ ਪੈਦਾ ਹੁੰਦੀ ਸੀ। ਪਰ 1849 ਈ. ਵਿਚ ਪੰਜਾਬ ੳੁੱਪਰ ਅੰਗਰੇਜ਼ਾਂ ਦੇ ਕਬਜ਼ੇ ਨੇ ਸਾਰਾ ਕੁਝ ਬਦਲ ਦਿੱਤਾ:

There was not a mosque, a temple, a dharmsala that had not a school attached to it, to which the youth flocked chiefly for religious education… There were also secular schools, frequented alike by Muhammadans, Hindus and Sikhs, in which Persian or Lunde was taught… There was not a single villager who did not take a pride in devoting a portion of his produce to a respected teacher. … Through all schools there breathed a spirit of devotion to education…We have changed all this…

ਲੇਖਕ ਦੱਸਦਾ ਹੈ ਕਿ ਪਹਿਲਾਂ ਵਿਦਿਆ ਨੂੰ ਡੀਗਰੇਡ ਕਰਨ ਦੇ ਨਾਲ-ਨਾਲ ਇਸਦੇ ਧਾਰਮਿਕ ਆਧਾਰ ਨੂੰ ਵੀ ਕਮਜ਼ੋਰ ਕੀਤਾ ਗਿਆ। ਮੌਲਵੀ, ਪੰਡਿਤਾਂ, ਗੁਰੂਆਂ ਅਤੇ ਉਨ੍ਹਾਂ ਦੀ ਸਿੱਖਿਆ ਨੂੰ ਵੀ ਸ਼ੱਕ ਨਾਲ ਵੇਖਿਆ ਗਿਆ। ਇਸ ਤਰ੍ਹਾਂ ਲੇਖਕ ਨੇ ਪੁਸਤਕ ਵਿਚ ਅੰਗਰੇਜ਼ਾਂ ਸਮੇਂ ਪੰਜਾਬ ਵਿਚ ਦੇਸੀ ਸਿੱਖਿਆ ਦੀ ਸਥਿਤੀ ਅਤੇ ਅੰਗਰੇਜ਼ਾਂ ਦੁਆਰਾ ਇਸਨੂੰ ਆਪਣੇ ਹਿੱਤਾਂ ਲਈ ਖਤਮ ਕਰਨ ਸੰਬੰਧੀ ਦੱਸਿਆ ਹੈ।

ਉਪਰੋਕਤ ਪੁਸਤਕ ਵਿਚ ਗੁਰਮੁਖੀ ਲਿਪੀ ਅਤੇ ਗੁਰਮੁਖੀ ਸਕੂਲਾਂ ਦੀ ਮਹੱਤਤਾ:
ਗੁਰਮੁਖੀ ਦਾ ਭਾਵ

ਲਾਇਟਨਰ ਅਨੁਸਾਰ ਗੁਰਮੁਖੀ ਤੋਂ ਭਾਵ ਕੇਵਲ ਅੱਖਰ ਤੋਂ ਨਹੀਂ ਹੈ ਜਿਵੇਂ ਕਿ ਮੂਲਨਿਵਾਸੀਆਂ, ਸਿੱਖਾਂ ਅਤੇ ਯੂਰਪੀਅਨਾਂ ਦੁਆਰਾ ਸਮਝਿਆ ਜਾਂਦਾ ਹੈ। ਵਿਉਂਤਪਤੀ ਅਤੇ ਵਿਵਹਾਰਕ ਤੌਰ ’ਤੇ ਇਹ ਉਸ ਭਾਸ਼ਾ ਦਾ ਨਾਂ ਹੈ ਜੋ ਗੁਰੂ ‘ਨਾਨਕ’ ਦੇ ਮੁਖ ਵਿਚੋਂ ਨਿਕਲੀ ਹੈ:

“Gurmukhi”, however, is not a name for a mere character, as is supposed both by Natives, including now even the Sikhs themselves, and by Europeans. Etymologically and historically, it is the name of the language which flowed from the “mouth of the Guru” Nanak,.

ਇਸ ਤਰ੍ਹਾਂ ਲਾਇਟਨਰ ਨੇ ਗੁਰਮੁਖੀ ਤੋਂ ਭਾਵ ਉਸ ਭਾਸ਼ਾ ਤੋਂ ਲਿਆ ਹੈ ਜੋ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਮੁਖ ਵਿਚੋਂ ਨਿਕਲੀ ਹੈ।

ਗੁਰਮੁਖੀ ਵਿਦਿਆ ਦੀ ਮਹੱਤਤਾ

ਲਾਈਟਨਰ ਨੇ ਗੁਰਮੁਖੀ ਦੀ ਮਹੱਤਤਾ ਦਾ ਜ਼ਿਕਰ ਕਰਦਿਆਂ ਲਿਖਿਆ ਹੈ ਕਿ ਗੁਰਮੁਖੀ ਹੁਣ ਵੀ ਸ਼ਾਨਦਾਰ ਪਰੰਪਰਾ ਨਾਲ ਜੀਅ ਰਹੀ ਹੈ ਅਤੇ ਇਸ ਭਾਸ਼ਾ ਦਾ ਹੋਰ ਵੀ ਸ਼ਾਨਦਾਰ ਭਵਿੱਖ ਹੋ ਸਕਦਾ ਹੈ ਜੇਕਰ ਇਸਨੂੰ ਪੰਜਾਬ ਦੀ ਰਾਸ਼ਟਰੀ ਭਾਸ਼ਾ ਦੇ ਤੌਰ ’ਤੇ ਉਤਸ਼ਾਹਿਤ ਕੀਤਾ ਜਾਵੇ:

but that it is still living with a glorious tradition, and with the possibility of development to a still more glorious future, if it be cultivated and encouraged as the national language of the Punjab…

ਲੇਖਕ ਪਿੰਡਾਂ ਦੇ ਸਕੂਲਾਂ ਵਿਚ ਬੱਚਿਆਂ ਨੂੰ ਪਹਿਲਾਂ ਗੁਰਮੁਖੀ ਪੜਾਉਣ ਦੀ ਪ੍ਰੋੜ੍ਹਤਾ ਕਰਦਾ ਹੈ ਜਿਸ ਨਾਲ ਬੱਚੇ ਜ਼ਿਆਦਾ ਹੁਸ਼ਿਆਰ ਹੋਣਗੇ ਅਤੇ ਜਲਦੀ ਤਰੱਕੀ ਕਰਨਗੇ:

I strongly advocate, therefore, that in all village schools at least Gurmukhi should be taught first, in order to open the minds of children…I feel sure that pupils so taught will be more intelligent and make far more rapid progress than those instructed on any other plan.

ਲਾਈਟਨਰ ਨੇ ਕਿਸੇ ਗ੍ਰੰਥ ਅਨੁਸਾਰ ਅੰਮ੍ਰਿਤ ਛਕਾਉਣ ਸਮੇਂ ਦੱਸੀ ਜਾਂਦੀ ਰਹਿਤ ਵਿਚ ਵੀ ਗੁਰਮੁਖੀ ਵਿਦਿਆ ਸਿੱਖਣ ਦਾ ਜ਼ਿਕਰ ਕੀਤਾ ਹੈ। ਉਸ ਅਨੁਸਾਰ ਸਿੱਖਾਂ ਨੂੰ ਨਿਤਨੇਮ ਕਰਨ, ਸਾਧਸੰਗਤ ਵਿਚ ਸ਼ਾਮਿਲ ਹੋਣ, ਸ਼ਸਤਰ ਵਿਦਿਆ ਸਿੱਖਣ ਤੋਂ ਇਲਾਵਾ ਗੁਰਮੁਖੀ ਵਿਦਿਆ ਸਿੱਖਣ ਦੀ ਤਾਕੀਦ ਵੀ ਕੀਤੀ ਗਈ ਹੈ।

ਲਾਈਟਨਰ ਅਨੁਸਾਰ ਸਿੱਖ ਵਿਦਿਆ ਵਿਚ ਬਾਕੀ ਵਿਦਿਆ ਸਿੱਖਣ ਤੋਂ ਇਲਾਵਾ ਗੁਰਮੁਖੀ ਸਾਹਿਤ ਪੜ੍ਹਨਾ ਵੀ ਸ਼ਾਮਿਲ ਹੈ। ਪੁਰਾਤਨ ਸਮੇਂ ਵਿਚ ਕੋਈ ਔਰਤ ਤੇ ਮਰਦ ਪੜਨਾ ਤੇ ਲਿਖਣਾ ਜਾਨਣ ਤੋਂ ਬਿਨਾਂ ਚੰਗਾ ਸਿੱਖ ਨਹੀਂ ਬਣ ਸਕਦਾ ਸੀ। ਜੇਕਰ ਇਕ ਸ਼ਿਸ਼ ਵਿਦਿਆਰਥੀ ਤੋਂ ਭਾਈ ਬਣਨਾ ਚਾਹੁੰਦਾ ਸੀ ਤਾਂ ਉਸਨੂੰ ਗੁਰਮੁਖੀ ਵਿਆਕਰਣ, ਪਿੰਗਲ, ਇਤਿਹਾਸ, ਗਣਿਤ ਅਤੇ ਸੰਸਕ੍ਰਿਤ ਦੇ ਤੱਤ ਪੜਨੇ ਪੈਂਦੇ ਸੀ । ਇਹ ਸਾਰੇ ਵਿਸ਼ੇ ਪੜ੍ਹਨੇ ਜ਼ਰੂਰੀ ਸਨ। ਜੇਕਰ ਕੋਈ ਇਸ ਤੋਂ ਵੀ ਉਚ ਪਦਵੀ ’ਤੇ ਜਾਣਾ ਚਾਹੁੰਦਾ ਸੀ ਤਾਂ ਉਸਨੂੰ ਨਿਆਂਇ ਸ਼ਾਸਤਰ, ਵੇਦਾਂਤ ਆਦਿਕ ਪੜਨੇ ਪੈਂਦੇ ਸਨ ਜੋ ਕਿ ਗੁਰਮੁਖੀ ਵਿਚ ਅਨੁਵਾਦ ਹੋਏ ਮਿਲ ਜਾਂਦੇ ਸਨ। ਸਭ ਤੋਂ ੳੁੱਚ ਪਦਵੀ ‘ਗਿਆਨੀ’ ਦੀ ਹੁੰਦੀ ਸੀ। ਪੰਜਾਬ ਯੂਨੀਵਰਸਿਟੀ ਨੇ ਵੀ ਗੁਰਮੁਖੀ ਸਾਹਿਤ ਵਿਚ ਪੂਰੀ ਤਰ੍ਹਾਂ ਨਿਪੁੰਨ ਹੋਣ ਵਾਲੇ ਨੂੰ ਗਿਆਨੀ ਦੀ ਉਪਾਧੀ ਦਿੱਤੀ ਸੀ ਅਤੇ ਇਸ ਲਈ ਪ੍ਰੀਖਿਆ ਲਈ ਜਾਂਦੀ ਸੀ। ਇਸ ਤੋਂ ਪਹਿਲਾਂ ‘ਵਿਦਵਾਨ’ਤੇ ‘ਬੁੱਧੀਮਾਨ’ ਦੀ ਪ੍ਰੀਖਿਆ ਹੁੰਦੀ ਸੀ।

ਗੁਰਮੁਖੀ ਸਕੂਲਾਂ ਵਿਚ ਵਿਦਿਆ

ਲਾਈਟਨਰ ਅਨੁਸਾਰ ਗੁਰਮੁਖੀ ਸਕੂਲ ਤੋਂ ਭਾਵ ਉਹ ਸਕੂਲ ਜੋ ਮੁਖ ਤੌਰ ’ਤੇ ਸਿੱਖਾਂ ਲਈ ਸਨ ਅਤੇ ਜਿਥੇ ਗੁਰਮੁਖੀ ਪੜ੍ਹਾਈ ਜਾਂਦੀ ਸੀ:

By “Gurmukhi Schools” are meant schools, chiefly for the Sikh population, in which Gurmukhi is taught.”

ਲੜਕੇ ਅਤੇ ਲੜਕੀਆਂ ਦੋਵੇਂ ਹੀ ਇਕੋ ਪ੍ਰਾਇਮਰੀ ਸਕੂਲ ਵਿਚ ਜਾਂਦੇ ਸਨ। ਬੱਚਾ ਅੰਕਾਂ ਦੀਆਂ ਕਿਸਮਾਂ, ਗਿਣਤੀ ਅਤੇ ਗਿਣਤੀ ਦੇ ਚਿੰਨ੍ਹ ਸਿੱਖਦਾ ਸੀ। ਸਾਧਾਰਨ ਸਿੱਖ ਲਈ ਪਹਾੜੇ ਸਿੱਖਣੇ ਲਾਜ਼ਮੀ ਨਹੀਂ ਸਨ। ਜੇਕਰ ਉਹ ਸਿੱਖਣਾ ਚਾਹੁੰਦਾ ਸੀ ਤਾਂ ਉਹ ਪਾਂਧੇ ਦੇ ਸਕੂਲ ਤੋਂ ਇਸਦੀ ਸਿਖਲਾਈ ਲੈ ਸਕਦਾ ਸੀ। ਬੱਚੇ ਬਾਅਦ ਵਿਚ ਪਰਮਾਤਮਾ ਦਾ ਨਾਂ ਲਿਖਦੇ ਸਨ। ਇਸ ਤੋਂ ਇਲਾਵਾ ਬੱਚਾ ਆਪਣੇ ਪਰਿਵਾਰਕ ਮੈਂਬਰਾਂ ਅਤੇ ਆਪਣੇ ਆਲੇ-ਦੁਆਲੇ ਦੀਆਂ ਵਸਤਾਂ ਦੇ ਨਾਂ ਵੀ ਲਿਖਦਾ ਸੀ।

ਲਾਈਟਨਰ ਨੇ ਸ੍ਰੀ ਗੁਰੂ ਅੰਗਦ ਦੇਵ ਜੀ ਦੁਆਰਾ ਬੱਚਿਆਂ ਲਈ ਕਾਇਦੇ ਬਣਾਉਣ ਅਤੇ ਅੱਖਰਾਂ ਦੇ ਆਧਾਰ ’ਤੇ ਮੋਟੋ ਅਤੇ ਨੈਤਿਕ ਸਲੋਗਨ ਤਿਆਰ ਕਰਨ ਦਾ ਜ਼ਿਕਰ ਵੀ ਕੀਤਾ ਹੈ:

“Guru Angat like Professor Huxley, did not consider it to be beneath his dignity to write primers for children, and he accordingly wrote a number of mottos and moral maxims which accompany the letters of the alphabet.”

“J” Jaja= “Juth mat bolna”, tell no lies; or, “jo jo jape, so tiski gat howe”(whoever prays, has salvation)

ਬਾਅਦ ਵਿਚ ਬੱਚਾ ਜਪੁਜੀ ਸਾਹਿਬ, ਰਹਿਰਾਸ, ਸੋਹਿਲਾ, ਸਿਧ ਗੋਸਟਿ, ਓਅੰਕਾਰ (ਦੱਖਣੀ ਓਅੰਕਾਰ) ਦਾ ਪਾਠ ਕਰਦਾ ਸੀ ਅਤੇ ਉਹ ਸੰਪੂਰਨ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਦਸਮ ਗ੍ਰੰਥ ਦਾ ਪਾਠ ਵੀ ਕਰ ਸਕਦਾ ਸੀ। ਬੱਚਾ ਆਪਣੇ ਪਾਠ ਦਾ ਅਭਿਆਸ ਘਰ ਵਿਚ ਕਰਦਾ ਸੀ। ਜੋ ਮਾਤਾ-ਪਿਤਾ ਗੁਰਮੁਖੀ ਪੜਨਾ ਜਾਣਦੇ ਸਨ ਉਹ ਆਪਣੇ ਬੱਚੇ ਦੀ ਮਦਦ ਵੀ ਕਰਦੇ ਸਨ।

ਗੁਰਮੁਖੀ ਸਕੂਲਾਂ ਵਿਚ ਬਾਲਉਪਦੇਸ਼, ਪੰਜ ਗ੍ਰੰਥੀ, ਜਨਮਸਾਖੀ, ਹੰਨੂਮਾਨ ਨਾਟਕ, ਭਾਈ ਗੁਰਦਾਸ ਜੀ ਦੀਆਂ ਵਾਰਾਂ ਅਤੇ ਮਹਾਦਰਸ਼ ਅੰਮ੍ਰਿਤ ਗ੍ਰੰਥ ਪੜ੍ਹਾਏ ਜਾਂਦੇ ਸਨ। ਵੇਦਾਂਤ ਦੇ ਗ੍ਰੰਥ ਬਕਾਦਸ਼ ਭਾਗਵਤ, ਤੁਲਸੀ ਰਾਮਾਇਣ, ਵਿਸ਼ਨੂੰ ਪੁਰਾਣ, ਪਿੰਗਲ (ਦਸ ਭਾਗ); ਅਸ਼ਵਾ ਮੇਧਾ, ਅਧਿਆਤਮ ਰਾਮਾਯਣ, ਵਿਚਾਰ ਸਾਗਰ, ਮੋਕਸ਼ ਪੰਥ, ‘ਸੂਰਯਾ ਪ੍ਰਕਾਸ਼’ (ਗੁਰਪ੍ਰਤਾਪ ਸੂਰਜ ਗ੍ਰੰਥ), ਛੇਵੇਂ ਗੁਰੂ ਸੰਬੰਧੀ ‘ਗੁਰ ਵਿਲਾਸ’,(ਗੁਰਬਿਲਾਸ ਪਾ:6) ਵਸ਼ਿਸ਼ਟ ਪੁਰਾਣ, ਦਸਵਾਂ ਅਸਕੰਧ ਦੀ ਪੜ੍ਹਾਈ ਕਰਾਈ ਜਾਂਦੀ ਸੀ। ਇਨ੍ਹਾਂ ਵਿਚੋਂ ਪਹਿਲੀ ਕਿਸਮ ਦਾ ਸਾਹਿਤ ਐਲੀਮੈਂਟਰੀ ਵਿਦਿਆਰਥੀਆਂ ਨੂੰ ਪੜ੍ਹਾਇਆ ਜਾਂਦਾ ਸੀ ਅਤੇ ਦੂਸਰੀ ਕਿਸਮ ਦਾ ਸਾਹਿਤ ਵੱਡੇ ਵਿਦਿਆਰਥੀਆਂ ਨੂੰ ਪੜ੍ਹਾਇਆ ਜਾਂਦਾ ਸੀ।

ਗੁਰਮੁਖੀ ਸਕੂਲ ਦਾ ਅਨੁਸ਼ਾਸਨ ਲੰਡੇ ਸਕੂਲ ਦੀ ਤਰ੍ਹਾਂ ਹੁੰਦਾ ਸੀ। ਅਧਿਆਪਕ ਦੀ ਆਮਦਨ ਦਾ ਪ੍ਰਬੰਧ ਭੂਮੀ ਤੋਂ, ਇਲਾਕੇ ਦੇ ਦਾਨੀਆਂ ਤੋਂ, ਧਰਮਸਾਲਾ ਦੇ ਫੰਡ ਤੋਂ, ਬੱਚਿਆਂ ਅਤੇ ਉਨ੍ਹਾਂ ਦੇ ਮਾਤਾ-ਪਿਤਾ ਦੀਆਂ ਭੇਟਾਵਾਂ ਤੋਂ ਹੁੰਦਾ ਸੀ।

ਗੁਰਮੁਖੀ ਸਕੂਲਾਂ ਦਾ ਅਨੁਸ਼ਾਸਨ

ਗੁਰਮੁਖੀ ਸਕੂਲਾਂ ਦਾ ਅਨੁਸ਼ਾਸਨ ਬਹੁਤ ਵਧੀਆ ਕਿਸਮ ਦਾ ਹੁੰਦਾ ਸੀ। ਸਕੂਲ ਦਾ ਸਮਾਂ ਸਵੇਰੇ 6 ਵਜੇ ਤੋਂ 10 ਵਜੇ ਤੱਕ ਅਤੇ ਦੁਪਹਿਰ 12 ਵਜੇ ਤੋਂ ਸ਼ਾਮ 6 ਵਜੇ ਤੱਕ ਹੁੰਦਾ ਸੀ। ਵਿਚਕਾਰਲਾ ਸਮਾਂ ਬੱਚੇ ਨੂੰ ਖਾਣ-ਪੀਣ ਲਈ ਦਿੱਤਾ ਜਾਂਦਾ ਸੀ। ਜੇਕਰ ਲੜਕਾ ਸਕੂਲ ਵਿਚੋਂ ਗੈਰਹਾਜ਼ਰ ਹੁੰਦਾ ਸੀ ਤਾਂ ਉਸਦੇ ਜਮਾਤੀ ਉਸਨੂੰ ਸੱਦਣ ਲਈ ਜਾਂਦੇ ਸਨ। ਜੇਕਰ ਗੈਰਹਾਜ਼ਰ ਹੋਣ ਦਾ ਕਾਰਨ ਕਾਫੀ ਨਾ ਹੁੰਦਾ ਤਾਂ ਲੜਕੇ ਨੂੰ ਕੋਈ ਕੰਮ ਦਿੱਤਾ ਜਾਂਦਾ ਸੀ ਅਤੇ ਸਜ਼ਾ ਵੀ ਦਿੱਤੀ ਜਾਂਦੀ ਸੀ।

ਅਧਿਆਪਕ ਦਾ ਭੱਤਾ

ਅਧਿਆਪਕ ਹਫ਼ਤੇ ਵਿਚ ਇਕ ਵਾਰ ਹਰੇਕ ਲੜਕੇ ਕੋਲੋਂ ਭੋਜਨ ਪ੍ਰਾਪਤ ਕਰਦਾ ਸੀ। ਜਦੋਂ ਲੜਕਾ ਨਾਮ ਲਿਖਣਾ ਸ਼ੁਰੂ ਕਰਦਾ ਜਾਂ ਨਵੀਂ ਕਿਤਾਬ ਸ਼ੁਰੂ ਕਰਦਾ ਤਾਂ ਉਸਨੂੰ ਆਪਣੇ ਅਧਿਆਪਕ ਨੂੰ ਇਕ ਰੁਪਇਆ ਜਾਂ ਆਪਣੇ ਵਸੀਲਿਆਂ ਅਨੁਸਾਰ ਭੇਟਾ ਦੇਣੀ ਪੈਂਦੀ ਸੀ। ਅਧਿਆਪਕ ਛੇ ਮਹੀਨੇ ਬਾਅਦ ਬੱਚੇ ਦੇ ਮਾਤਾ-ਪਿਤਾ ਕੋਲੋਂ ਉਨ੍ਹਾਂ ਦੇ ਵਸੀਲਿਆਂ ਅਨੁਸਾਰ ਇਕ ਜਾਂ ਦੋ ਰੁਪਏ ਅਤੇ ਕੱਪੜੇ ਵੀ ਲੈਂਦਾ ਸੀ।

ਲੇਖਕ ਨੇ ਦੇਸੀ ਸਕੂਲਾਂ ਵਿਚ ਪ੍ਰਯੋਗ ਕੀਤੀ ਜਾਂਦੀ ਸ਼ਬਦਾਵਲੀ ਦਾ ਵਰਨਣ ਵੀ ਕੀਤਾ ਹੈ। ਜਿਸ ਅਨੁਸਾਰ ਸਕੂਲਾਂ ਨੂੰ ਚਾਟਸ਼ਾਲ, ਪਾਠਸ਼ਾਲ, ਧਰਮਸਾਲਾ, ਮਦਰੱਸਾ ਅਤੇ ਮਕਤਬ ਨਾਵਾਂ ਨਾਲ ਜਾਣਿਆ ਜਾਂਦਾ ਸੀ। ਧਰਮਸਾਲਾ ਦੇ ਅਧਿਆਪਕ ਨੂੰ ਭਾਈ ਅਤੇ ਧਰਮਸਾਲਾ ਦੇ ਵਿਦਿਆਰਥੀ ਨੂੰ ਸਿੱਖ ਕਿਹਾ ਜਾਂਦਾ ਸੀ।

ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਅੰਮ੍ਰਿਤਸਰ ਦੇ ਗੁਰਮੁਖੀ ਸਕੂਲ ਅਤੇ ਅਧਿਆਪਕ

ਲਾਈਟਨਰ ਅਨੁਸਾਰ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਅੰਮ੍ਰਿਤਸਰ ਵਿਚ ਕਈ ਗੁਰਮੁਖੀ ਸਕੂਲ ਸਨ ਜੋ ਮਹਾਰਾਜੇ ਕੋਲੋਂ ਕਈ ਤਰ੍ਹਾਂ ਦੇ ਫੰਡ ਅਤੇ ਜਗੀਰਾਂ ਪ੍ਰਾਪਤ ਕਰਦੇ ਸਨ। ਉਨ੍ਹਾਂ ਵਿਚੋਂ ਕੁਝ ਸਕੂਲਾਂ ਅਤੇ ਅਧਿਆਪਕਾਂ ਦਾ ਵੇਰਵਾ ਇਸ ਪ੍ਰਕਾਰ ਹੈ:

1. ਭਾਈ ਜੂਨਾ ਸਿੰਘ ਗ੍ਰੰਥੀ ਦੇ ਘਰ ਵਿਚ ਇਕ ਵੱਡਾ ਸਕੂਲ ਸੀ ਜਿਸ ਵਿਚ ਗੁਰਬਿਲਾਸ, ਗਣਿਤ, ਵਿਆਕਰਣ, ਪੁਰਾਣ ਅਤੇ ਹੋਰ ਧਾਰਮਿਕ ਪੁਸਤਕਾਂ ਪੜਾਈਆਂ ਜਾਂਦੀਆਂ ਸਨ। ਬੱਚਿਆਂ ਕੋਲੋਂ ਕੋਈ ਫੀਸ ਨਹੀਂ ਲਈ ਜਾਂਦੀ ਸੀ ਅਤੇ ਬੱਚਿਆਂ ਨੂੰ ਰੋਟੀ ਦਿੱਤੀ ਜਾਂਦੀ ਸੀ।

2. ਭਾਈ ਲਖਣ ਸਿੰਘ ਦੇ ਘਰ ਵਿਚ ਵੀ ਗੁਰਮੁਖੀ ਸਕੂਲ ਸੀ ਜਿਸ ਵਿਚ ਧਾਰਮਿਕ ਸਾਹਿਤ ਪੜਾਇਆ ਜਾਂਦਾ ਸੀ।

3. ਭਾਈ ਰਾਮ ਸਿੰਘ ਜੋ ਕਿ ਬਹੁਤ ਹੀ ਗਿਆਨੀ ਸਨ, ਦੇ ਘਰ ਵਿਚ ਵੀ ਵਧੀਆ ਸਕੂਲ ਸੀ। ਇਸ ਸਕੂਲ ਵਿਚੋਂ ਵਿਦਿਆਰਥੀ ਦੂਰ-ਦੁਰਾਡੇ ਤੋਂ ਵਿਆਕਰਣ, ਗ੍ਰੰਥ, ਕਾਵਿ, ਅਲੰਕਾਰ, ਪਿੰਗਲ, ਸਾਹਿਤ, ਇਤਿਹਾਸ, ਨੀਤੀ, ਗਣਿਤ, ਲਿਲਾਵਤੀ ਆਦਿ ਦੀ ਵਿਦਿਆ ਪ੍ਰਾਪਤ ਕਰਦੇ ਸਨ।

4. ਭਾਈ ਖੜਕ ਸਿੰਘ ਧੂਪੀਆ ਵੀ ਚੰਗੇ ਵਿਦਵਾਨ ਸਨ ਅਤੇ ਸਿੱਖਿਆ ਪ੍ਰਦਾਨ ਕਰਦੇ ਸਨ।

5. ਬਾਵਾ ਅਮੀਰ ਦਾਸ ਉਦਾਸੀ ਵੀ ਆਪਣੇ ਸਮੇਂ ਦੇ ਵਿਦਵਾਨ ਅਤੇ ਵਧੀਆ ਅਧਿਆਪਕ ਸਨ। ਉਨ੍ਹਾਂ ਨੇ ਆਪਣੇ ਸਮੇਂ ਬਹੁਤ ਸਾਰੀਆਂ ਕਿਤਾਬਾਂ ਲਿਖੀਆਂ।

6. ਬੁੱਧ ਸਿੰਘ ਵੀ ਆਪਣੇ ਸਮੇਂ ਦੇ ਪ੍ਰਬੁੱਧ ਵਿਦਵਾਨ ਸਨ।

ਸਿੱਟੇ ਵਜੋਂ ਕਿਹਾ ਜਾ ਸਕਦਾ ਹੈ ਕਿ ਲਾਇਟਨਰ ਦੁਆਰਾ ਲਿਖੀ ਉਕਤ ਪੁਸਤਕ ਸਿੱਖਾਂ ਦੀ ਪਰੰਪਰਿਕ ਵਿਦਿਆ ਸੰਬੰਧੀ ਚਾਨਣਾ ਪਾਉਂਦੀ ਹੈ। ਲਾਇਟਨਰ ਨੇ ਪੰਜਾਬ ਵਿਚ ਆਪਣੀਆਂ ਸੇਵਾਵਾਂ ਦੌਰਾਨ ਦੇਸੀ ਵਿਦਿਆ ਦੇ ਹੱਕ ਵਿਚ ਪ੍ਰਚਾਰ ਕੀਤਾ। ਉਸਨੇ ਗੁਰਮੁਖੀ ਨੂੰ ਆਪਣਾ ਸਥਾਨ ਦਿਵਾਉਣ ਲਈ ਵਿਸ਼ੇਸ਼ ਉਪਰਾਲੇ ਕੀਤੇ ਜਿਸ ਕਾਰਨ ਉਸਨੂੰ ਬ੍ਰਿਟਿਸ਼ ਸਰਕਾਰ ਦੀ ਨਰਾਜ਼ਗੀ ਦਾ ਸਾਹਮਣਾ ਕਰਨਾ ਪਿਆ। ਗੁਰਮੁਖੀ ਦੀ ਮਹਾਨਤਾ ਨੂੰ ਸਮਝਦਿਆਂ ਉਸਨੇ ਇਸ ਭਾਸ਼ਾ ਨੂੰ ਸਭ ਤੋਂ ਪਹਿਲਾਂ ਬੱਚਿਆਂ ਨੂੁੰ ਪੜਾਉਣ ਦਾ ਸੁਝਾਅ ਦਿੱਤਾ। ਗੁਰਮੁਖੀ ਸਕੂਲਾਂ ਦਾ ਸਾਡੀ ਸਿੱਖ ਵਿਰਾਸਤ ਵਿਚ ਅਹਿਮ ਸਥਾਨ ਹੈ। ਪਰ ਪੱਛਮੀ ਸਿੱਖਿਆ ਪ੍ਰਣਾਲੀ ਲਾਗੂ ਹੋਣ ਨਾਲ ਅਸੀਂ ਆਪਣੀ ਗੁਰਮੁਖੀ ਸਕੂਲਾਂ ਦੀ ਪਰੰਪਰਾ ਤੋਂ ਵਾਂਝੇ ਹੋ ਗਏ। ਵਰਤਮਾਨ ਸਮੇਂ ਅਸੀਂ ਆਪਣੀ ਮਾਂ ਬੋਲੀ ਨੂੰ ਛੱਡ ਹੋਰ ਭਾਸ਼ਾਵਾਂ ਸਿੱਖਣ ਨੂੰ ਤਰਜੀਹ ਦੇ ਰਹੇ ਹਾਂ। ਪਰ ਪਹਿਲਾਂ ਸਾਨੂੰ ਆਪਣੀ ਮਾਤ ਭਾਸ਼ਾ ਦਾ ਗਿਆਨ ਹੋਣਾ ਅਤੀ ਜ਼ਰੂਰੀ ਹੈ। ਆਉ! ਅਸੀਂ ਆਪਣੇ ਬੱਚਿਆਂ ਨੂੰ ਸਿੱਖ ਪਰੰਪਰਿਕ ਵਿਦਿਆ ਤੋਂ ਜਾਣੂ ਕਰਵਾਈਏ ਤਾਂ ਜੋ ਸਾਡੇ ਬੱਚੇ ਗੁਰਮੁਖੀ ਸਿੱਖ ਕੇ ਗੁਰਬਾਣੀ ਪੜ੍ਹ ਸਕਣ ਅਤੇ ਆਪਣੀ ਵਿਲੱਖਣ ਵਿਰਾਸਤ ਦਾ ਗਿਆਨ ਪ੍ਰਾਪਤ ਕਰ ਸਕਣ।

ਡਾ. ਹਰਪ੍ਰੀਤ ਕੌਰ
ਰੀਸਰਚ ਸਕਾਲਰ
ਸਿੱਖ ਇਤਿਹਾਸ ਰੀਸਰਚ ਬੋਰਡ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ।
ਮੋ. 96467-85998

5 1 vote
Article Rating
Subscribe
Notify of
1 ਟਿੱਪਣੀ
Oldest
Newest Most Voted
Inline Feedbacks
View all comments
1
0
Would love your thoughts, please comment.x
()
x