੧ਓ ਸਤਿਗੁਰ ਪ੍ਰਸਾਦਿ॥
ਖਾਲਸਾ ਰਾਜ ਦੇ ਉਸਰਈਏ
ਸ਼ੇਰਿ ਪੰਜਾਬ
ਸ਼ੇਰਿ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਜਨਮ ੨ ਨਵੰਬਰ ਸੰਨ ੧੭੮੦ ਈ: ਨੂੰ ਸਰਦਾਰ ਮਹਾਂ ਸਿੰਘ ਸੁਕ੍ਰਚਕੀਏ ਦੇ ਘਰ ਗੁਜਰਾਂ ਵਾਲੇ ਵਿਖੇ ਹੋਇਆ। ਅਜੇ ਆਪ ਬਾਰਾਂ ਵਰਿਆਂ ਤੋਂ ਵੀ ਘੱਟ ਉਮਰ ਦੇ ਸਨ ਕਿ ਪਿਤਾ ਦਾ ਛਤਰ ਸਦਾ ਲਈ ਸਿਰ ਤੋਂ ਉਠ ਗਿਆ। ਆਪ ਦਾ ਵਿਆਹ ਬਹਾਦਰ ਸਰਦਾਰਨੀ ਸਦਾ ਕੌਰ ਦੀ ਸਪੁੱਤ੍ਰੀ ਬੀਬੀ ਮਹਤਾਬ ਕੌਰ ਨਾਲ ਬਟਾਲੇ ਵਿਚ ਹੋਇਆ। ਆਪ ਦੀ ਸੁਘੜ ਸੱਸ ਨੇ ਆਪ ਦੇ ਜੀਵਨ ਨੂੰ ਐਸੇ ਸੱਚੇ ਵਿਚ ਢਾਲ ਦਿੱਤਾ, ਜਿਸ ਦੇ ਗੁਣ ਜਦ ਅੱਗੇ ਜਾ ਕੇ ਪ੍ਰਗਟ ਹੋਏ ਤਾਂ ਸਭ ‘ਵਾਹ ਵਾਹ’ ਕਰ ਉੱਠੇ।
ਸ਼ੇਰਿ ਪੰਜਾਬ ਅਜੇ ਨਵਾਂ ਨਵਾਂ ਜਵਾਨੀ ਚੜਿਆ ਹੀ ਸੀ ਕਿ ਸੰਨ ੧੭੯੯ ਵਿਚ ਸ਼ਾਹ ਜ਼ਮਾਨ ਵਾਲੀਏ ਕਾਬਲ ਨੇ ਪੰਜਾਬ ਪਰ ਹੱਲਾ ਕੀਤਾ ਤੇ ਜੋ ਭੀ ਸਾਹਮਣੇ ਆਇਆ, ਬਿਨਾਂ ਕੰਮ ਅਤੇ ਮਜ਼ਬੀ ਵਿਤਕਰੇ ਦੇ ਸਭ ਨੂੰ ਲੁੱਟ ਪੁੱਟ ਕੇ ਤਬਾਹ ਕਰ ਦਿੱਤਾ। ਇਸ ਸਮੇਂ ਦੁਖੀਆਂ ਦੀ ਪੁਕਾਰ, ਵਿਧਵਾਵਾਂ ਤੇ ਯਤੀਮਾਂ ਦੀ ਹਾਹਾਕਾਰ ਸੁਣ ਕੇ ਆਪ ਦੇ ਨਿਰਛਲ ਮਨ ਨੂੰ ਐਸੀ ਸੱਟ ਲੱਗੀ ਕਿ ਆਪ ਨੇ ਉਸੇ ਦਿਨ ਤੋਂ ਪ੍ਰਤੱਗਿਆ ਕਰ ਲਈ ਕਿ ਜਦ ਤਕ ਉਹ ਆਪਣੇ ਪਿਆਰੇ ਦੇਸ਼ ਨੂੰ ਗੈਰਾਂ ਦੀ ਗੁਲਾਮੀ ਤੋਂ ਆਜ਼ਾਦ ਨ ਕਰ ਲਏਗਾ ਤਦ ਤਕ ਉਹ ਸੁਖ ਦੀ ਨੀਂਦ ਨਹੀਂ ਸੌਂਵੇਗਾ।
ਪਹਿਲਾ ਕਦਮ
ਇਸ ਮਹਾਨ ਕਾਰਜ ਨੂੰ ਅਰੰਭਦੇ ਹੋਏ ਆਪ ਨੇ ਸਭ ਤੋਂ ਪਹਿਲਾ ਕਦਮ ਇਹ ਚੁੱਕਿਆ ਕਿ ਆਪ ਆਪਣੇ ਨਾਲ ਕਈ ਮਨਚਲੇ ਸਵਾਰ ਲੈ ਕੇ ਸਿੱਧੇ ਲਾਹੌਰ ਦੇ ਕਿਲ੍ਹੇ ਹੇਠ ਪਹੁੰਚੇ ਅਤੇ ਸੰਮਨ ਬੁਰਜ ਪਰ – ਜਿਸ ਜਗਾ ਸ਼ਾਹ ਜ਼ਮਾਨ ਰਹਿੰਦਾ ਸੀ – ਗੋਲੀਆਂ ਚਲਾ ਕੇ ਸ਼ਾਹ ਨੂੰ ਉੱਚੀ ਆਵਾਜ਼ ਨਾਲ ਲਲਕਾਰ ਕੇ ਆਖਿਆ ਕਿ “ਅਹਿਮਦ ਸ਼ਾਹ ਅਬਦਾਲੀ ਦੇ ਪੋਤਰੇ! ਹੇਠ ਉਤਰ, ਸਰਦਾਰ ਚੜ੍ਹਤ ਸਿੰਘ ਦਾ ਪੋਤਰਾ ਰਣਜੀਤ ਸਿੰਘ ਆਇਆ ਹੈ, ਇਸ ਨਾਲ ਜ਼ਰਾ ਦੋ ਹੱਥ ਕਰ ਕੇ ਵੇਖ”। ਕੁਝ ਦੇਰ ਦੇ ਉਪ੍ਰੰਤ ਜਦ ਕਿਲ੍ਹੇ ਤੋਂ ਕੋਈ ਬਾਹਰ ਨਾ ਆਇਆ ਤਾਂ ਆਪ ਮੁੜ ਆਪਣੇ ਡੇਰੇ ਵਲ ਪਰਤ ਆਏ। ਇਹ ਸਾਧਨ ਤਾਂ ਕੇਵਲ ਆਪਣੇ ਮਨ ਦੇ ਉਬਾਲ ਨੂੰ ਹਲਕਾ ਕਰਨ ਲਈ ਸਨ, ਨਿੱਗਰ ਕੰਮ ਲਈ ਤਾਂ ਕੋਈ ਵੱਡਾ ਕਦਮ ਉਠਾਉਣਾ ਅਜੇ ਵਿਚਾਰਿਆ ਜਾ ਰਿਹਾ ਸੀ।
ਇਸ ਸਮੇਂ ਖਾਲਸੇ ਦੀ ਹਾਲਤ ਸਤਿਕਾਰ ਯੋਗ ਮਿਸਲਾਂ ਸਮੁਚੇ ਤੌਰ ਪਰ ਖਾਲਸੇ ਵਿੱਚ ਜਾਗਰਤ ਲਿਆਉਣ ਦਾ ਮਹਾਨ ਕੰਮ ਪੂਰਾ ਕਰ ਚੁੱਕੀਆਂ ਸਨ। ਧਰਮੀ ਤੇ ਬਹਾਦਰ ਜੱਥੇਦਾਰ – ਜਿਹਾ ਕਿ ਨਵਾਬ ਕਪੂਰ ਸਿੰਘ, ਦੋਵੇਂ ਸਰਦਾਰ ਜਸਾ ਸਿੰਘ, ਸਰਦਾਰ ਬਘੇਲ ਸਿੰਘ ਆਦਿ – ਸੰਸਾਰ ਤੋਂ ਚੜਾਈ ਕਰ ਗਏ ਸਨ। ਹੁਣ ਮਿਸਲਾਂ ਦੀ ਜਥੇਬੰਦੀ ਟੁੱਟ ਕੇ ਹਾਲ ਇੱਥੋਂ ਤਕ ਡਰਾਵਣੀ ਹੋ ਗਈ ਸੀ ਕਿ ਖਾਲਸੇ ਦੀਆਂ ਉਹ ਤਿੱਖੀਆਂ ਤਲਵਾਰਾਂ, ਜਿਹੜੀਆਂ ਜ਼ਾਲਮ ਵੈਰੀਆਂ ਦੇ ਲਹੂ ਵਿਚ ਟੁੱਬੇ ਲਾ ਕੇ ਆਪਣੀ ਪਿਆਸ ਬੁਝਾਉਂਦੀਆਂ ਸਨ, ਹੁਣ ਉਹੀ ਦੁਸ਼ਟ-ਦਮਣੀਆਂ ਆਪਣੇ ਅੰਮ੍ਰਿਤ ਬਾਟੇ ਦੇ ਸਾਂਝੀਵਾਲ ਵੀਰਾਂ ਦੇ ਖੂਨ ਵਿਚ ਨਹਾਉਣ ਲੱਗ ਪਈਆਂ। ਖਾਲਸੇ ਦੀ ਉਹ ਸ਼ਕਤੀ, ਜਿਹੜੀ ਪੂਰੇ ਇਕ ਸੌ ਸਾਲ ਲਗਾਤਾਰ ਕੁਰਬਾਨੀਆਂ ਦੇ ਕੇ ਅਤੇ ਹਜ਼ਾਰਾਂ ਸੀਸ ਵਾਰ ਕੇ ਪੈਦਾ ਕੀਤੀ ਸੀ, ਹੁਣ ਆਪਸ ਵਿਚ ਕੱਟ ਕੱਟ ਕੇ ਵਿਅਰਥ ਜਾ ਰਹੀ ਸੀ। ਉਹ ਇਲਾਕੇ, ਜਿਹੜੇ ਲਹੂ ਦੀਆਂ ਨਦੀਆਂ ਵਗਾ ਕੇ ਫਤਹ ਕੀਤੇ ਸਨ, ਘਰੋਗੀ ਪਾਟੋਧਾੜ ਦੇ ਕਾਰਨ ਹੁਣ ਮੁੜ ਇਕ ਇਕ ਕਰਕੇ ਖਾਲਸੇ ਦੇ ਕਬਜ਼ੇ ਵਿੱਚੋਂ ਨਿਕਲ ਰਹੇ ਸਨ। ਚੰਗੇ ਭਾਗਾਂ ਨੂੰ ਇਸ ਨਾਜ਼ਕ ਸਮੇਂ ਇਕ ਦੂਰਦਰਸ਼ੀ ਅੱਖ ਕੌਮ ਦੀ ਇਸ ਅਤਿ ਡਰਾਵਣੀ ਹਾਲਤ ਪਰ ਪਈ ਤੇ ਇਸ ਨੇ ਝੱਟ ਸਮਝ ਲਿਆ ਕਿ ਜਦ ਤਕ ਇਸ ਖਿੰਡੀ ਹੋਈ ਕੌਮ ਨੂੰ ਇਕ ਅਕਾਲੀ ਝੰਡੇ ਹੇਠ ਇਕੱਠਾ ਨਾ ਕੀਤਾ ਜਾਏ, ਨਾ ਕੌਮ ਬਚ ਸਕੇਗੀ ਅਤੇ ਨਾ ਹੀ ਦੇਸ਼। ਸੋ ਆਪ ਇਸ ਮਹਾਨ ਕਾਰਜ ਦਾ ਬੀੜਾ ਚੁੱਕ ਕੇ ਮੈਦਾਨ ਵਿੱਚ ਆਏ ਅਤੇ ਥੋੜੇ ਸਮੇਂ ਵਿੱਚ ਹੀ ਪੰਥ ਦੇ ਸਾਰੇ ਜਾਤੀ ਵੈਰ ਵਿਰੋਧ ਮਿਟਾ ਕੇ ਆਪਣੇ ਆਤਮਬਲ ਨਾਲ ਸਰਬੱਤ ਖਾਲਸੇ ਨੂੰ ਇਕ ਜਾਨ ਕਰ ਦਿੱਤਾ, ਜਿਸ ਤੋਂ ਇਕ ਦਾ ਦੁਖ ਸਭ ਦਾ ਦੁਖ ਅਤੇ ਇਕ ਦਾ ਲਾਭ ਸਭ ਦਾ ਸਾਂਝਾ ਲਾਭ ਬਣ ਗਿਆ। ਸ਼ੇਰਿ ਪੰਜਾਬ ਦਾ ਇਹ ਅਦੁਤੀ ਕਰਤੱਵ ਇਤਿਹਾਸਕਾਰਾਂ ਦੀ ਨਿਗਾਹ ਵਿਚ ਕਰਾਮਾਤ ਤੋਂ ਕਿਸੇ ਤਰ੍ਹਾਂ ਵੀ ਘੱਟ ਨਹੀਂ ਸਮਝਿਆ ਜਾਂਦਾ।
ਇਸ ਜਥੇਬੰਦੀ ਦੀ ਸ਼ਕਤੀ ਨੂੰ ਅਜੇ ਬਹੁਤਾ ਸਮਾਂ ਨਾ ਸੀ ਬੀਤਿਆ ਕਿ ਆਪ ਨੇ ਇਸ ਨਾਲ ਸਾਰੇ ਪੰਜਾਬ ਨੂੰ ਗੈਰਾਂ ਦੇ ਹੱਥੋਂ ਛੁਡਾ ਕੇ ਪੂਰਨ ਸੁਤੰਤਰ ਕਰ ਲਿਆ, ਇਸ ਤਰ੍ਹਾਂ ੭੦੦ ਸਾਲ ਦੇ ਸੰਗਲ ਹਿੰਦ ਵਾਸੀਆਂ ਦੇ ਪੈਰਾਂ ਵਿੱਚੋਂ ਕੱਟ ਕੇ ਗੁਲਾਮੀ ਤੋਂ ਛੁਡਾ ਦਿੱਤਾ। ਇਸ ਬਲਵਾਨ ਫੌਜ ਤੋਂ ਹੁਣ ਸੰਸਾਰ ਭਰ ਦੀਆਂ ਹਕੂਮਤਾਂ ਭੈ ਖਾਂਦੀਆਂ ਸਨ ਅਤੇ ਇਸ ਨਾਲ ਮਿੱਤ੍ਰਤਾ ਰੱਖਣ ਵਿਚ ਫ਼ਖ਼ਰ ਅਤੇ ਆਪਣੀ ਸਲਾਮਤੀ ਸਮਝਦੀਆਂ ਸਨ। ਸ਼ੇਰਿ ਪੰਜਾਬ ਨੇ ਜਿੱਥੇ ਇਸ ਖਾਲਸੇ ਦੇ ਇਕੱਠ ਨਾਲ ਸਾਰੇ ਪੰਜਾਬ ਨੂੰ ਸਦਾ ਲਈ ਬਾਹਰ ਦੇ ਧਾਵਿਆਂ ਦੇ ਤੁਫਾਨਾਂ ਤੋਂ ਸੁਰੱਖਯਤ ਕਰ ਲਿਆ, ਉੱਥੇ ਨਾਲ ਹੀ ਇਕ ਲੰਮੀ ਚੌੜੀ ਸਵੈਰਾਜੀ ਸਲਤਨਤ ਵੀ ਕਾਇਮ ਕਰ ਦਿੱਤੀ, ਜਿਸ ਦਾ ਇਕ ਬੰਨਾ ਲੱਦਾਖ ਤੇ ਤਿੱਬਤ ਸੀ ਅਤੇ ਦੂਜਾ ਸਿੰਧ ਤੀਜੇ ਪਾਸੇ ਦਰਿਆ ਸਤਲੁਜ ਤੇ ਚੌਥਾ ਬੰਨਾ ਦਰਾ ਖੈਬਰ, ਅਫ਼ਗਾਨਿਸਤਾਨ ਸੀ।
ਲਾਹੌਰ ਪਰ ਕਬਜ਼ਾ
ਇਸ ਮਹਾਨ ਕਾਰਜ ਦੀ ਸਫ਼ਲਤਾ ਵਿਚ ਸ਼ੇਰਿ ਪੰਜਾਬ ਦੇ ਮੁੱਢਲੇ ਸਹਾਇਕਾਂ ਵਿੱਚੋਂ ਜਿਸਨੇ ਸਭ ਤੋਂ ਵਧ ਸਹਾਇਤਾ ਦਿੱਤੀ ਤੇ ਘਾਲਾਂ ਘਾਲੀਆਂ ਉਸ ਦਾ ਮਾਨਯੋਗ ਨਾਮ ਸਰਦਾਰਨੀ ਸਦਾ ਕੌਰ ਜੀ ਸੀ, ਜਿਸਨੇ ਆਪਣੀ ਬੀਰਤਾ ਤੇ ਸਿਆਣਪ ਦੇ ਕਾਰਨਾਮਿਆਂ ਨਾਲ ਇਸਤ੍ਰੀ ਜਾਤੀ ਦੇ ਨਾਮ ਨੂੰ ਉੱਚਾ ਕਰਕੇ ਧੁਰ ਆਕਾਸ਼ ਪੁਰ ਪਹੁੰਚਾ ਦਿੱਤਾ ਹੈ। ਇਸ ਸਰਦਾਰਨੀ ਨੇ ਮਹਾਰਾਜਾ ਸਾਹਿਬ ਨੂੰ ਉੱਨਤੀ ਦੀ ਚੋਟੀ ਪਰ ਪਹੁੰਚਾਣ ਵਿਚ ਠੀਕ ਪੌੜੀ ਤੁਲ ਕੰਮ ਦਿੱਤਾ ਸੀ। ਇਸ ਨੇ ਆਪਣੀ ਫੌਜ ਆਪਣਾ ਖਜ਼ਾਨਾ, ਆਪਣੀ ਸਿਆਣਪ ਤੇ ਬਾਹੁਬਲ, ਗੱਲ ਕੀ ਸਭ ਕੁਝ ਆਪ ਦੇ ਸਮਰਪਨ ਕਰ ਦਿੱਤਾ ਸੀ। ਇਸੇ ਸਰਦਾਰਨੀ ਦੀ ਸਹਾਇਤਾ ਨਾਲ ਸ਼ੇਰਿ ਪੰਜਾਬ ਨੇ ਲਾਹੌਰ ਪੁਰ ੧੫ ਹਾੜ ਸੰਮਤ ੧੮੫੬ ਬਿ: ੨੭ ਜੂਨ, ੧੭੯੯ ਨੂੰ ਕਬਜ਼ਾ ਕਰ ਲਿਆ। ਸੰਨ ੧੮੦੧ ਈ: ਮੁਤਾਬਕ ੧੮੫੮ ਬਿ: ਨੂੰ ਵਿਸਾਖੀ ਦੇ ਦਿਨ ਆਪ ਨੂੰ ਕੌਮ ਵੱਲੋਂ ਮਹਾਰਾਜਾ ਦਾ ਪਦ ਮਿਿਲਆ। ਆਪ ਨੇ ਸਿੱਕੇ ਪਰ ਆਪਣੇ ਨਾਮ ਦੀ ਥਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਮ ਪਰ ‘ਨਾਨਕ ਸ਼ਾਹੀ’ ਜ਼ਰਬ ਚਲਾਈ। ਇਸ ਤਰ੍ਹਾਂ ਸੰਨ ੧੮੦੭ ਈ: ਵਿਚ ਕਸੂਰ, ਸੰਨ ੧੮੧੩ ਵਿਚ ਕਿਲ੍ਹਾ ਅਟਲ ਸਣੇ ਇਲਾਕੇ ਦੇ, ਸੰਨ ੧੮੧੮ ਵਿਚ ਮੁਲਤਾਨ, ਸੰਨ ੧੮੧੯ ਵਿਚ ਕਸ਼ਮੀਰ, ਸੰਨ ੧੮੨੦-੨੧ ਵਿਚ ਡੇਰਾਜਾਤ, ਸੰਨ ੧੮੨੩ ਵਿਚ ਨੌਸ਼ਹਿਰਾ, ਸਣੇ ਇਲਾਕੇ ਯੂਸਫਜ਼ਈ; ਤੇ ੧੮੩੪ ਨੂੰ ਪਿਸ਼ਾਵਰ ਸਣੇ ਸਰਹੱਦੀ ਸੂਬੇ ਦੇ, ਦਰਾ ਖੈਬਰ ਤਕ ਫਤਹ ਕਰਕੇ ਖਾਲਸਾ ਰਾਜ ਵਿਚ ਮਿਲਾ ਲਿਆ ਅਤੇ ਹੁਣ ਇਕ ਵੱਡੀ ਬਲਵਾਨ ਖਾਲਸਾ ਸਲਤਨਤ ਕਾਇਮ ਕਰ ਦਿੱਤੀ।
ਵਜ਼ੀਰਾਂ ਦੀ ਚੋਣ
ਸ਼ੇਰਿ ਪੰਜਾਬ ਨੂੰ ਇਸ ਬਾਦਸ਼ਾਹ ਦੇ ਅੰਦਰਲੇ ਅਤੇ ਬਾਹਰਲੇ ਪ੍ਰਬੰਧ ਨੂੰ ਚੰਗੀ ਤਰ੍ਹਾਂ ਚਲਾਉਣ ਲਈ ਯੋਗ ਸਾਥੀਆਂ ਦੀ ਲੋੜ ਪ੍ਰਤੀਤ ਹੋਈ; ਪਰ ਜਿਹੋ ਜਿਹੇ ਇਸ ਸਮੇਂ ਜਿਸ ਯੋਗਤਾ ਦੇ ਸਲਾਹਕਾਰ ਯਾ ਵਜ਼ੀਰ ਆਦਿ ਕਿਸੇ ਨੂੰ ਲੋੜ ਹੋਣ ਤਾਂ ਸੌਖੇ ਹੀ ਅਨੇਕਾਂ ਸਿੱਖੇ ਸਿਖਾਏ ਮਿਲ ਜਾਂਦੇ ਹਨ, ਉਸ ਸਮੇਂ ਅਜਿਹਾ ਨਹੀਂ ਸੀ। ਆਪ ਨੂੰ ਰਾਜ ਦੇ ਹਰ ਇਕ ਸੀਗੇ ਲਈ ਸਲਾਹਕਾਰ ਤੇ ਵਜ਼ੀਰ ਖੁਦ ਤਿਆਰ ਕਰਨੇ ਪਏ ।ਇਹ ਆਪ ਨੇ, ਬਿਨਾਂ ਕਿਸੇ ਵਿਤਕਰੇ ਦੇ, ਹਰ ਮਤ ਤੇ ਹਰ ਕੌਮੀਅਤ ਦੇ ਸਾਧਾਰਨ ਆਦਮੀ ਚੁਣ ਕੇ ਉਨ੍ਹਾਂ ਨੂੰ ਆਪਣੀ ਨਿਗਰਾਨੀ ਹੇਠ ਐਸੇ ਲਾਇਕ ਬਣਾ ਦਿੱਤਾ, ਜਿਨ੍ਹਾਂ ਦੀ ਯੋਗਤਾ ਦੀ ਪ੍ਰਸੰਸਾ ਉਸ ਸਮੇਂ ਦੇ ਵੱਡੇ ਵੱਡੇ ਸਿਆਣੇ ਕਰ ਚੁੱਕੇ ਸਨ, ਇਨ੍ਹਾਂ ਵਿੱਚੋਂ ਦੀਵਾਨ ਮੋਹਕਮ ਚੰਦ ਨੂੰ ਦੁਕਾਨ ਤੋਂ ਉਠਾ ਕੇ, ਫਕੀਰ ਅਜ਼ੀਜ਼ੁਦੀਨ ਨੂੰ ਫਟਬੰਨ੍ਹ ਦਾ ਕੰਮ ਛੁਡਾ ਕੇ ਸਲਤਨਤ ਦੀ ਉੱਚੀ ਜ਼ਿਮੇਵਾਰੀ ਦੇ ਅਹੁਦਿਆਂ ਦੇ ਯੋਗ ਬਣਾ ਦਿੱਤਾ। ਮਹਾਰਾਜਾ ਸਾਹਿਬ ਦੀ ਇਸ ਸਫ਼ਲਤਾ ਨੂੰ ਦੇਖ ਕੇ ਆਪ ਦੀਆਂ ਅਸਾਧਾਰਨ ਸ਼ਕਤੀਆਂ ਦੀ ਛਾਪ ਸੁਤੇ-ਸਿੱਧ ਮਨਾਂ ਪੁਰ ਛਪ ਜਾਂਦੀ ਹੈ।
ਜੰਗੀ ਸਾਮਾਨ ਲਈ ਕਾਰਖਾਨੇ
ਜਿਉਂ ਜਿਉਂ ਰਾਜ ਵਧਦਾ ਗਿਆ ਤਿਉਂ ਤਿਉਂ ਇਸ ਦੀ ਰੱਖਿਆ ਲਈ ਫੌਜ ਵੀ ਵਧਾਈ ਗਈ (ਇਸ ਐਡੀ ਬਲਵਾਨ ਫੌਜ ਦੀਆਂ ਸਾਰੀਆਂ ਲੋੜਾਂ ਪੂਰੀਆਂ ਕਰਨ ਲਈ ਸ਼ੇਰਿ ਪੰਜਾਬ ਨੇ ਤੋਪਾਂ ਤੇ ਬੰਦੂਕਾਂ ਆਦਿ ਹਥਿਆਰਾਂ ਦੇ ਬਨਾਉਣ ਲਈ ਪੰਜਾਬ ਵਿਚ ਕਈ ਥਾਈਂ ਅਨੇਕਾਂ ਕਾਰਖਾਨੇ ਜਾਰੀ ਕੀਤੇ, ਜਿਨ੍ਹਾਂ ਕਾਰਖਾਨਿਆਂ ਦੀਆਂ ਫਲੀਆਂ ਹੋਈਆਂ ‘ਸੂਰਜਮੁਖੀ’ ਨਾਮ ਦੀਆਂ ਤੋਪਾਂ, ਛੇਤੀ ਛੇਤੀ ਚੱਲਣ ਤੇ ਗਰਮ ਨਾ ਹੋਣ ਦੇ ਗੁਣਾਂ ਲਈ ਬੜੀ ਪ੍ਰਸਿੱਧਤਾ ਪ੍ਰਾਪਤ ਕਰ ਚੁੱਕੀਆਂ ਸਨ। ਹਰ ਇਕ ਤੋਪ ਦਾ ਆਪੋ ਆਪਣਾ ਨਾਮ ਹੁੰਦਾ ਸੀ ਤੇ ਇਹ ਨਾਮ ਉਨ੍ਹਾਂ ਦੇ ਕਰਤੱਬਾਂ ਅਨੁਸਾਰ ਰੱਖੇ ਜਾਂਦੇ ਸਨ (ਤੋਪਾਂ ਦੇ ਕੁਝ ਨਾਮ ਇਹ ਸਨ : – ਜੰਗ ਬਿਜਲੀ, ਫਤਹ ਜੰਗ, ਗੋਬਿੰਦੁਬਾਨ ਸਿੰਘ ਬਾਨ, ਚਮਕ ਬਿਜਲੀ, ਅਦੂਕੋਦ, ਸ਼ਰਰ ਬਾਰ, ਅਦੂਖੁਵਾਰ, ਖਾਲਸ ਪਸੰਦ, ਦੇਵਬਾਨ, ਅਕਾਲ ਬਖਸ਼, ਆਦਿ)। ਬੰਦੂਕਾਂ, ਸੰਗੀਨਾਂ, ਤਲਵਾਰਾਂ, ਗੋਲਾ ਬਾਰੂਦ, ਵਰਦੀਆਂ ਤੇ ਪੇਟੀਆਂ ਆਦਿ ਸਭ ਆਪਣੇ ਕਾਰਖਾਨਿਆਂ ਵਿਚ ਤਿਆਰ ਹੁੰਦੀਆਂ ਸਨ। ਖਾਲਸਾ ਜੰਗੀ ਸਾਮਾਨ ਲਈ ਕਿਸੇ ਹੋਰ ਦੇਸ਼ ਦਾ ਮੁਥਾਜ ਨਹੀਂ ਸੀ। ਇਸ ਨਾਲ ਪੰਜਾਬ ਦੀ ਦਸਤਕਾਰੀ ਬੜੀ ਉੱਨਤੀ ਪਰ ਪਹੁੰਚ ਗਈ ਸੀ।
ਸ਼ੇਰਿ ਪੰਜਾਬ ਆਪਣੀ ਪਰਜਾ, ਹਿੰਦੂ ਮੁਸਲਿਮ ਸਭ ਨੂੰ ਸਾਂਝੀ ਦ੍ਰਿੱਸ਼ਟੀ ਨਾਲ ਦੇਖਦਾ ਹੁੰਦਾ ਸੀ। ਫ਼ਕੀਰ ਅਜ਼ੀਜ਼ ਦੀਨ, ਸ਼ੇਖ ਇਲਾਹੀ ਬਖ਼ਸ਼, ਦੀਵਾਨ ਮੋਹਕਮ ਚੰਦ, ਮਿਸਰ ਬੇਲੀ ਰਾਮ ਆਦਿ ਨੂੰ ਬਿਨਾਂ ਪਖਪਾਤ ਦੇ ਆਪ ਨੇ ਜ਼ਿੰਮੇਵਾਰੀਆਂ ਦੇ ਕੰਮ ਸੌਂਪੇ ਹੋਏ ਸਨ।
ਮੁਲਕੀ ਪ੍ਰਬੰਧ
ਮਹਾਰਾਜਾ ਸਾਹਿਬ ਨੇ ਖਾਲਸਾ ਰਾਜ ਦੇ ਮੁਲਕੀ ਪ੍ਰਬੰਧ ਲਈ ਪੰਜਾਬ ਨੂੰ ਹੇਠ ਲਿਖੇ ਚਾਰ ਸੂਬਿਆਂ ਵਿੱਚ ਵੰਡਿਆ ਹੋਇਆ ਸੀ :
(੧) ਸੂਬਾ ਲਾਹੌਰ।
(੨) ਸੂਬਾ ਮੁਲਤਾਨ।
(੩) ਸੂਬਾ ਕਸ਼ਮੀਰ।
(੪) ਸੂਬਾ ਪਿਸ਼ਾਵਰ।
ਇਨ੍ਹਾਂ ਸੂਬਿਆਂ ਦੇ ਪ੍ਰਬੰਧ ਨੂੰ ਵਧੇਰਾ ਸਫਲ ਕਰਨ ਲਈ ਹਰ ਇਕ ਸੂਬੇ ਨੂੰ ਪਰਗਣਿਆਂ (ਜ਼ਿਿਲਆਂ) ਵਿਚ ਅਤੇ ਪਰਗਣਿਆਂ ਨੂੰ ਤਾਲਕਿਆਂ (ਤਹਿਸੀਲਾਂ) ਵਿਚ ਵੰਡ ਕੇ ਹਰ ਇਕ ਤਾਲਕੇ ਵਿਚ ਲਗਪਗ ੧੦੦ ਪਿੰਡਾਂ ਦਾ ਇਲਾਕਾ ਰੱਖਿਆ। ਸੂਬੇ ਦੇ ਵੱਡੇ ਹਾਕਮ ਦਾ ਨਾਮ ਗਵਰਨਰ ਹੁੰਦਾ ਸੀ। ਇਸ ਦੀ ਤਹਿਤ ਵਿਚ ਕਈ ਕਈ ਕਾਰਦਾਰ (ਡਿਪਟੀ ਕਮਿਸ਼ਨਰ) ਨੀਯਤ ਕੀਤੇ ਅਤੇ ਹਰ ਇਕ ਤਾਲਕੇ ਵਿਚ ਲੋੜ ਅਨੁਸਾਰ ਤਾਲਕਾਦਾਰ ਯਾ ਤਹਿਸੀਲਦਾਰ ਰੱਖੇ, ਜਿਨ੍ਹਾਂ ਦੀ ਸਹਾਇਤਾ ਲਈ ਮੁਕੱਦਮ, ਕਾਨੂੰਨਗੋ ਤੇ ਪੈਂਚ ਮੁਕੱਰਰ ਕੀਤੇ। ਕਾਰਦਾਰ ਦੀ ਫੌਜਦਾਰੀ ਮਾਮਲਿਆਂ ਵਿਚ ਮਦਦ ਲਈ ਕੋਤਵਾਲ (ਸੁਪ੍ਰਿੰਟੈਂਡੈਂਟ), ਅਦਾਲਤੀ (ਮੈਜਿਸਟਰੇਟ), ਮੁਤਸੱਦੀ, ਸਰਿਸ਼ਤੇਦਾਰ ਰੱਖੇ ਗਏ ਅਤੇ ਧਾਰਮਕ ਫੈਸਲਿਆਂ ਲਈ ਕਾਜ਼ੀ, ਮੁਫ਼ਤੀ, ਗੰਥੀ ਤੇ ਪੰਡਿਤ ਸਥਾਪਤ ਕੀਤੇ ਗਏ। ਖਾਲਸਾ ਦਰਬਾਰ ਦੇ ਕਾਗਜ਼ਾਂ ਵਿਚ ਇਕ ਹੋਰ ਅਹਿਲਕਾਰ ਦਾ ਨਾਮ ਆਉਂਦਾ ਹੈ, ਜਿਸ ਨੂੰ ‘ਸੰਦੂਕਚੀ ਬਰਦਾਰ’ ਲਿਿਖਆ ਹੈ। ਇਹ ਸ਼ਾਇਦ ਖਜ਼ਾਨਚੀ ਲਈ ਵਰਤਿਆ ਹੈ। ਸੰਦੂਕਚੀ ਬਰਦਾਰ ਵੀ ਹਰ ਇਕ ਕਾਰਦਾਰ ਤੇ ਤਾਲਕਾਦਾਰ ਦਾ ਹੁੰਦਾ ਸੀ।
ਬਟਾਈ ਯਾ ਮਾਲੀਆ
ਮਹਾਰਾਜਾ ਰਣਜੀਤ ਸਿੰਘ ਦੇ ਰਾਜ ਸਮੇਂ ਪਹਿਲਾਂ ਪਹਿਲ ਆਪ ਨੇ ਮੁਗ਼ਲੀਆ ਬਾਦਸ਼ਾਹ ਦੇ ਚੱਲਤ ਤਰੀਕੇ ਅਨੁਸਾਰ ਬਟਾਈ ਦਾ ਤਰੀਕਾ ਕਾਇਮ ਰੱਖਿਆ, ਜੋ ਤੀਜੇ ਤੋਂ ਲੈ ਕੇ ਛੇਵੇਂ ਹਿੱਸੇ ਤਕ ਅਤੇ ਪਿਸ਼ਾਵਰ ਵਿਚ ਅੱਠਵਾਂ ਹਿੱਸਾ ਜ਼ਮੀਨ ਦੀ ਹੈਸੀਅਤ ਅਨੁਸਾਰ ਲਿਆ ਜਾਂਦਾ ਸੀ, ਪਰ ਇਸ ਤਰੀਕੇ ਦੀ ਵਰਤੋਂ ਵਿਚ ਕਈ ਊਣਤਾਈਆਂ ਮਾਲੂਮ ਹੋਈਆਂ : ਇਕ ਤਾਂ ਇਹ ਕਿ ਜ਼ਿਮੀਂਦਾਰ ਪਰ ਇਸ ਦਾ ਕੁਝ ਵਾਧੂ ਭਾਰ ਜਾ ਪੈਂਦਾ ਸੀ ਤੇ ਦੂਜਾ ਇਸ ਪਰ ਸਮਾਂ ਵੀ ਵਧੇਰਾ ਖਰਚ ਹੁੰਦਾ ਸੀ। ਲੰਮੀ ਵਿਚਾਰ ਦੇ ਬਾਅਦ ਬਟਾਈ ਨੂੰ ਬਦਲ ਕੇ ਕਨਕੂਤ ਦਾ ਤਰੀਕਾ ਚਲਾਇਆ ਗਿਆ, ਜਿਸ ਦੀ ਵਰਤੋਂ ਇਸ ਤਰਾਂ ਹੁੰਦੀ ਸੀ ਕਿ ਜਦ ਫਸਲਾਂ ਵਾਢੀ ਦੇ ਯੋਗ ਹੁੰਦੀਆਂ ਤਾਂ ਕਾਨੂੰਨਗੋ ਜ਼ਿਮੀਦਾਰਾਂ ਦੀ ਹਾਜ਼ਰੀ ਵਿਚ ਬੀਜੇ ਹੋਏ ਖੇਤ ਦੀ ਮਿੱਤਣ ਤੇ ਚੌੜੱਤਣ ਨੂੰ ਕਛ ਕੇ ਵਿਘੇ ਬਣਾਂਦਾ ਤੇ ਸਰਕਾਰੀ ਰਜਿਸਟਰ ਵਿਚ ਦਰਜ ਕਰਦਾ ਸੀ : ਫਿਰ ਕਿਸੇ ਦਿਨ ਪਿੰਡ ਦੇ ਪੰਚਾਂ ਨੂੰ ਬੁਲਵਾ ਕੇ ਉਨ੍ਹਾਂ ਦੀ ਰਾਏ ਅਨੁਸਾਰ ਕਾਰਦਾਰ ਹਰ ਇਕ ਖੇਤ ਦਾ ਸਰਕਾਰੀ ਹਿੱਸਾ ਨੀਯਤ ਕਰਦਾ, ਜੋ ਖਾਸ ਸਮੇਂ ਤਕ ਨਕਦ ਜਾਂ ਜਿਨਸ ਦੀ ਸ਼ਕਲ ਵਿਚ ਵਸੂਲ ਕਰਦਾ। ਕਨਕੂਤ ਦੇ ਤਰੀਕੇ ਵਿਚ ਜ਼ਿਮੀਦਾਰ ਲਈ ਇਕ ਵੱਡਾ ਲਾਭ ਇਹ ਸੀ ਕਿ ਕਾਰਦਾਰ ਯਾ ਤਾਲਕਾਦਰ, ਬਿਨਾਂ ਪਿੰਡ ਦੇ ਮੁਖੀਆਂ ਦੀ ਰਾਏ ਦੇ, ਕਈ ਲਗਾਨ ਆਪਣੀ ਮਰਜ਼ੀ ਨਾਲ ਨਹੀਂ ਸੀ ਲਗਾ ਸਕਦਾ। ਇਸ ਬਾਰੇ ਮਹਾਰਾਜਾ ਸਾਹਿਬ ਵੱਲੋਂ ਕਾਰਦਾਰ ਲਈ ਜੋ ਜ਼ਰੂਰੀ ਹੁਕਮ ਹੁੰਦਾ ਸੀ ਉਹ ਇਸ ਤਰ੍ਹਾਂ ਲਿਿਖਆ ਮਿਲਦਾ ਹੈ :-
ਚੌਧਰੀਆਂ, ਪੰਚਾਂ ਤੇ ਮੁਖੀਆਂ ਦੀ ਰਾਏ ਨਾਲ ਮਾਲੀਆ (ਲਗਾਨ) ਲਗਾਇਆ ਕਰੋ, ਮੁਲਕ ਦੀ ਆਬਾਦੀ (ਆਪਦਾ) ਮੁਖ ਫਰਜ਼ ਹੈ, ਆਪਣੇ ਚੰਗੇ ਵਰਤਾਉ ਨਾਲ ਪਰਜਾ ਨੂੰ ਰਾਜੀ ਤੇ ਖੁਸ਼ਹਾਲ ਰਖਿਆ ਕਰੋ।
ਇਸ ਮਾਲੀਏ ਆਦਿ ਦੀ ਸਾਰੀ ਆਮਦਨੀ ਮਿਲਾ ਕੇ ੩੦੨੭੫੦੦ ਰੁਪਿਆ ਸਾਲਾਨਾ ਬਣਦੀ ਸੀ।
ਨਿਤ ਆਚਰਨ
ਮਹਾਰਾਜਾ ਰਣਜੀਤ ਸਿੰਘ ਦਾ ਕੱਦ ਬਹੁਤ ਉੱਚਾ ਨਹੀਂ ਸੀ, ਪਰ ਸ਼ਰੀਰ ਡਾਢਾ ਸਡੌਲ ਤੇ ਫੁਰਤੀਲਾ ਸੀ ਉਹ ਸੁਸਤੀ ਤੇ ਥਕੇਵੇਂ ਤੋਂ ਮੂਲੋਂ ਅਜਾਣੂ ਸੀ। ਇਸ ਬਾਰੇ ਰਾਜ ਕਵੀ ਭਾਈ ਸਾਹਿਬ ਸਿੰਘ ਲਿਖਦਾ ਹੈ :
ਸਦਾ ਹੀ ਕਮਰ ਕਸੀ ਹਮ ਦੇਖੀ।
ਕਬਹੂੰ ਨ ਸੁਸਤੀ ਮੁਖ ਪਰ ਪੇਖੀ।
ਚਿਹਰਾ ਲਾਲੀ ਭਿੰਨਾ, ਜਿਸ ਤੋਂ ਸਿਆਣਪ ਤੇ ਬੀਰਤਾ ਸਮਿਲਤ ਚੋ ਚੋ ਪੈਂਦੀ ਸੀ। ਬਰਫਾਨੀ ਦਾੜੇ ਦੀ ਲੰਮਾਈ ਨਾਫ਼ ਤਕ ਪਹੁੰਚਦੀ ਸੀ ਜਿਸ ਨਾਲ ਸਰੂਪ ਬੜਾ ਰੋਅਬ-ਪਰਤ ਦਿੱਸਦਾ ਸੀ। ਆਪ ਅੱਗੇ ਵੱਡੇ ਖੁਦਮੁਖਤਾਰ ਹੁਕਮਰਾਨ ਨਿੰਵਦੇ ਸਨ, ਪਰ ਕਈ ਵਾਰੀ ਧਾਰਮਕ ਤੇ ਪੰਥਕ ਆਗੂਆਂ ਦੇ ਕਰੜੇ ਬਚਨ ਵੀ ਆਪ ਬੜੇ ਠਰੰਮੇ ਨਾਲ ਸਹਾਰਦੇ ਹੁੰਦੇ ਸਨ। ਆਪ ਬਚਨ ਦੇ ਬੜੇ ਪੱਕੇ ਹਨ। ਹੈਨਰੀ ਲਾਰੰਸ ਲਿਖਦਾ ਹੈ – ‘ਮਹਾਰਾਜਾ ਰਣਜੀਤ ਸਿੰਘ ਜਿਹਾ ਬਚਨ ਦਾ ਪੱਕਾ ਮੈਂ ਨਾ ਤਾਂ ਹੋ ਗੁਜ਼ਰੇ ਬਾਦਸ਼ਾਹਾਂ ਦੇ ਹਾਲਾਤ ਵਿਚ ਪੜਿਆ ਹੈ ਅਤੇ ਨਾਹੀਂ ਮੌਜੂਦਾ ਹੁਕਮਰਾਨਾਂ ਵਿਚ ਡਿੱਠਾ ਹੈ’। ਆਪ ਜਿਸ ਤਰ੍ਹਾਂ ਮੁਲਕਾਂ ਦੇ ਫ਼ਤਹ ਕਰਨ ਦੀ ਬੀਰਤਾ ਆਪਣੇ ਵਿਚ ਰੱਖਦੇ ਸੀ, ਉਸੇ ਤਰ੍ਹਾਂ ਕਾਬੂ ਕੀਤੇ ਹੋਏ ਇਲਾਕਿਆਂ ਦਾ ਚੰਗਾ ਪ੍ਰਬੰਧ ਕਰਨ ਵਿਚ ਵੀ ਅਦੁਤੀ ਸਨ। ਇਲਾਕਿਆਂ ਦਾ ਫ਼ਤਹ ਕਰਨਾ ਤੇ ਉਨ੍ਹਾਂ ਦਾ ਪ੍ਰਬੰਧ ਕਰਨਾ, ਇਹ ਦੋ ਵੱਖ ਵੱਖ ਗੁਣ ਹਨ ਜੋ ਬਹੁਤ ਘਟ ਇਕ ਹਸਤੀ ਵਿਚ ਇਕੱਠੇ ਪਾਏ ਜਾਂਦੇ ਹਨ, ਪਰ ਸ਼ੇਰਿ ਪੰਜਾਬ ਵਿਚ, ਇਹ ਦੋਵੇਂ ਸਮਿਲਤ ਪਾਏ ਜਾਂਦੇ ਸਨ।
ਮਹਾਰਾਜਾ ਸਾਹਿਬ ਦੀ ਸਫ਼ਲਤਾ ਦਾ ਵੱਡਾ ਭੇਤ ਇਹ ਸੀ ਕਿ ਆਪ ਹਰ ਕੰਮ ਲਈ ਯੋਗ ਆਦਮੀ ਚੁਣਨ ਵਿਚ ਕਮਾਲ ਦਾ ਹੁਨਰ ਰੱਖਦੇ ਸਨ। ਆਪ ਨੇ ਖਿਡੀ ਹੋਈ ਖਾਲਸਾ ਕੌਮ ਨੂੰ ਆਪਣੀ ਪ੍ਰਬਲ ਸ਼ਕਤੀ ਨਾਲ ਇਕੱਠਾ ਕਰ ਕੇ ਉਸ ਨੂੰ ਕਮਾਲ ਦਾ ਸ਼ਕਤੀਵਾਨ ਬਣਾ ਦਿੱਤਾ। ਇਸ ਬਾਰੇ ਲੈਪਲ ਗਿਫਨ ਲਿਖਦਾ ਹੈ – “ਮਹਾਰਾਜਾ ਰਣਜੀਤ ਸਿੰਘ ਨੇ (ਸ੍ਰੀ) ਗੁਰ ਗੋਬਿੰਦ ਸਿੰਘ (ਜੀ) ਦੇ ਸਿੰਘਾਂ ਨੂੰ ਇਕ ਜਥੇਬੰਦੀ ਵਿਚ ਇਕੱਠਾ ਕਰਕੇ ਜ਼ਬਰਦਸਤ ਕੌਮ ਬਣਾ ਦਿੱਤਾ। ਖਾਲਸਾ ਰਾਜ ਸਮੇਂ ਸਿੰਘ ਅਜੇਹੀ ਫੌਜੀ ਸਿਿਖਆ ਵਿਚ ਨਿਪੁੰਨ ਹੋ ਗਏ ਜੋ ਇਸ ਤੋਂ ਪਹਿਲਾਂ ਨਾ ਕਦੇ ਦੇਸੀ ਫੌਜਾਂ ਵਿਚ ਹੋ ਸਕੇ ਸਨ ਅਤੇ ਨਾ ਹੀ ਪਿੱਛੋਂ ਦੇਖਣ ਵਿਚ ਆਏ। ਹੁਣ ਇਹ ਕੌਮ ਥੋੜੇ ਸਮੇਂ ਵਿਚ ਹਨੇਰ ਦੀ ਦਲੇਰ ਤੇ ਜੰਗ-ਜੁ ਹੋ ਗਈ ਹੈ। ਇਸ ਵਿਚ ਜ਼ਰਾ ਜਿੰਨਾ ਵੀ ਸੰਦੇਹ ਨਹੀਂ ਕਿ ਸ਼ੇਰਿ ਪੰਜਾਬ ਇਸ ਫੌਜ ਨਾਲ ਆਪਣੀਆਂ ਜਿੱਤਾਂ ਦਾ ਮੈਦਾਨ ਦਿੱਲੀ ਤਕ ਯਾ ਉਸ ਤੋਂ ਵੀ ਅਗਾਂਹ ਵਧਾ ਲੈ ਗਿਆ ਹੁੰਦਾ ਜੇ ਕਦੇ ਉਸ ਦਾ ਬੰਨਾ ਦਰਿਆ ਸਤਲੁਜ ਅੰਗਰੇਜ਼ਾਂ ਨਾਲ ਕਾਇਮ ਨਾ ਹੋ ਗਿਆ ਹੁੰਦਾ”।
ਆਪ ਇਤਨੇ ਦਾਨੇ ਤੇ ਉਦਾਰਚਿਤ ਸਨ ਕਿ ਜੇਹੜੇ ਇਲਾਕੇ ਆਪ ਨੇ ਫਤਹ ਕਰਕੇ ਆਪਣੇ ਰਾਜ ਨਾਲ ਮਿਲਾਏ, ਉਨ੍ਹਾਂ ਦਿਆਂ ਮਾਲਕਾਂ ਨੂੰ ਆਪ ਨੇ ਧੱਕਾ ਦੇ ਕੇ ਕੱਢ ਨਹੀਂ ਸੀ ਦਿੱਤਾ, ਸਗੋਂ ਉਨ੍ਹਾਂ ਨੂੰ ਭਾਰੀਆਂ ਜਾਗੀਰਾਂ ਬਖਸ਼ ਕੇ ਉਨ੍ਹਾਂ ਨੂੰ ਆਪਣੇ ਨਿਰਬਾਹ ਵੱਲੋਂ ਸਦਾ ਲਈ ਨਿਸਚਿਤ ਕਰ ਦਿੱਤਾ। ਇਸ ਦੀ ਪੁਸ਼ਟੀ ਮੇਜਰ ਲਾਰੰਸ ਦੀ ਲਿਖਤ ਤੋਂ ਇਸ ਤਰਾਂ ਮਿਲਦੀ ਹੈ – ‘ਦਿਲੀ ਤੇ ਕਾਬਲ ਦੇ ਬਜ਼ਾਰਾਂ ਵਿਚ ਆਪ ਕਈ ਸ਼ਾਹੀ ਘਰਾਣੇ ਦੇ ਲੋਕਾਂ ਨੂੰ ਦੁਵਾਰੇ ਦੁਵਾਰੇ ਭਿਖ ਮੰਗਦੇ ਵੇਖੋਗੇ, ਪਰ ਪੰਜਾਬ ਵਿਚ ਆਪ ਨੂੰ ਅਜਿਹਾ ਕੋਈ ਘਰਾਣਾ ਯਾ ਖਾਨਦਾਨ ਨਹੀਂ ਮਿਲੇਗਾ ਜਿਸ ਦਾ ਇਲਾਕਾ ਮਹਾਰਾਜ ਨੇ ਫਤਹ ਕਰਕੇ ਆਪਣੇ ਰਾਜ ਨਾਲ ਮਿਲਾ ਲਿਆ ਹੋਵੇ ਅਤੇ ਉਸ ਨੂੰ ਚੋਖੀ ਜਾਗੀਰ ਯਾ ਪੈਨਸ਼ਨ ਉਸ ਦੇ ਨਿਰਬਾਹ ਲਈ ਨਾ ਦਿੱਤੀ ਹੋਵੇ’। ਸ਼ੇਰਿ ਪੰਜਾਬ ਦਾ ਇਹ ਵਰਤਾਵ ਨਾ ਕੇਵਲ ਸਿਖਾਂ ਲਈ ਸੀ, ਸਗੋਂ ਮੁਸਲਮਾਨਾਂ ਨਾਲ ਵੀ ਆਪ ਉਸੇ ਤਰ੍ਹਾਂ ਖੁਲਾ ਸਲੂਕ ਕਰਦੇ ਹੁੰਦੇ ਸਨ। ਉਦਾਹਰਣ ਲਈ ਨਵਾਬ ਕੁਤਬਦੀਨ ਖਾਨ ਕਸੁਰੀਆ, ਨਵਾਬ ਮੁਜੱਫਰ ਖਾਨ ਮੁਲਤਾਨੀ ਅਤੇ ਸਰਦਾਰ ਸੁਲਤਾਨ ਮੁਹੰਮਦ ਖਾਨ ਬਾਰਕਜ਼ਈ ਆਦਿ ਦੇ ਘਰਾਣਿਆਂ ਨੂੰ ਆਪ ਨੇ ਬਹੁਤ ਵਡੀਆਂ ਜਾਗੀਰਾਂ ਬਖਸ਼ੀਆਂ ਹੋਈਆਂ ਸਨ।
ਸ਼ੇਰਿ ਪੰਜਾਬ ਦੇ ਸਿਰ ਨਿੱਕੇ ਹੁੰਦਿਆਂ ਹੀ ਘਰੋਗੀ ਲੋੜਾਂ ਤੇ ਦੇਸ਼ ਰੱਖਿਆ ਦਾ ਇਤਨਾ ਭਾਰ ਆ ਪਿਆ ਜਿਸ ਦੇ ਕਾਰਨ ਆਪ ਵਧੇਰੀ ਵਿਿਦਆ ਪ੍ਰਾਪਤ ਨਾ ਕਰ ਸਕੇ। ਪਰ ਆਪ ਦਾ ਮਨ ਵਿਦਵਾਨਾਂ ਦੇ ਸਤਿਕਾਰ ਲਈ ਭਰਿਆ ਪਿਆ ਸੀ। ਸੰਨ ੧੮੩੪ ਵਿਚ ਜਦ ਪਿਸ਼ਾਵਰ ਪਰ ਚੜਾਈ ਕੀਤੀ ਗਈ ਤਾਂ ਆਪ ਨੇ ਸਰਦਾਰ ਹਰੀ ਸਿੰਘ ਨਲੂਏ ਦੇ ਨਾਮ ਇਕ ਖਾਸ ਫੁਰਮਾਨ ਭੇਜਿਆ ਜਿਸ ਵਿਚ ਲਿਿਖਆ ਸੀ ਕਿ ‘ਚਮਕਨੀ ਦੇ ਅਖੂਨਜ਼ਾਦਿਆਂ ਪਾਸ ਇਕ ਪੁਰਾਣਾ ਪੁਸਤਕਾਲਾ ਸੁਣੀਦਾ ਹੈ, ਜੰਗ ਵੇਲੇ ਕਿਸੇ ਗੱਲ ਦਾ ਧੁਰ ਸਿਰ ਨਹੀਂ ਰਹਿੰਦਾ, ਪਰ ਤੁਸਾਂ ਨੇ ਖਾਸ ਧਿਆਨ ਰੱਖਣਾ ਕਿ ਇਹ ਪੁਸਤਕਾਲਾ ਬਰਬਾਦ ਹੋਣ ਤੋਂ ਬਚਾ ਲਿਆ ਜਾਵੇ’।
ਆਪ ਆਉਣ ਵਾਲੀ ਸੰਤਾਨ ਨੂੰ ਸਾਰੀਆਂ ਵਿਿਦਆ ਤੇ ਸਾਰੇ ਹੁਨਰਾਂ ਵਿਚ ਨਿਪੁੰਨ ਕਰਾਉਣ ਦੇ ਯਤਨ ਵਿਚ ਬੜੇ ਸਰਗਰਮ ਰਹਿੰਦੇ ਸਨ। ਵਿਕਟਰ ਜੈਕੋਮੈਂਟ ਆਪਣੇ ਸਫਰਨਾਮੇ ਵਿਚ ਲਿਖਦਾ ਹੈ – ‘ਮੈਂ ਮਹਾਰਾਜਾ ਸਾਹਿਬ ਨੂੰ ਕਈ ਵਾਰੀ ਮਿਲਦਾ ਰਿਹਾ ਹਾਂ। ਮੈਂ ਆਪਣੇ ਸਫਰ ਸਮੇਂ ਜਿੰਨੇ ਹਿੰਦੀ ਰਾਜੇ ਆਦਿ ਦੇਖੇ ਹਨ ਉਨ੍ਹਾਂ ਸਾਰਿਆਂ ਵਿੱਚੋਂ ਸ਼ੇਰਿ ਪੰਜਾਬ ਵਧੇਰਾ ਸਿਆਣਾ ਤੇ ਬਹੁਤਾ ਚਤੁਰ ਸੀ ਅਤੇ ਉਹ ਬੋਲਚਾਲ ਸਮੇਂ ਹਜ਼ਾਰਾਂ ਸਵਾਲਾਂ ਦੀ ਝੜੀ ਲਾ ਦਿੰਦਾ ਸੀ: ਮੇਰੇ ਤੋਂ ਉਹ ਹਿੰਦੁਸਤਾਨ, ਇੰਗਲਿਸਤਾਨ, ਅੰਗਰੇਜ਼ੀ ਫੌਜ ਦੀ ਗਿਣਤੀ, ਬੋਨਾਪਾਰਟ ਦਾ ਹਾਲ, ਨਰਕ ਅਤੇ ਸਵਰਗ ਅਤੇ ਈਸ਼ਰ ਤੇ ਹੋਰ ਅਨੇਕਾਂ ਪੁੱਛਾਂ ਪੁੱਛਦਾ ਰਹਿੰਦਾ ਸੀ, ਫਿਰ ਇਹ ਸਾਰੀ ਵਾਕਫ਼ੀ ਉਹ ਆਪਣੇ ਸਰਦਾਰਾਂ ਨੂੰ ਸੁਣਾ ਕੇ ਉਨ੍ਹਾਂ ਦੀ ਵਾਕਫ਼ੀ ਵਧਾਉਂਦਾ ਹੁੰਦਾ ਸੀ।ਇਸ ਤਰ੍ਹਾਂ ਬੈਰਨ ਹੁਗਲ ਆਪਣੇ ਸਫ਼ਰਨਾਮੇ ਵਿਚ ਲਿਖਦਾ ਹੈ – ਸ਼ੇਰਿ ਪੰਜਾਬ ਨੇ ਮੁਲਾਕਾਤ ਸਮੇਂ ਹਜ਼ਾਰਾਂ ਵਾਕਫ਼ੀ ਭਰੀਆਂ ਪੁੱਛਾਂ ਮੇਰ ਤੋਂ ਪੁੱਛੀਆਂ ਸਨ।
ਪਰਜਾ ਨਾਲ ਪਿਆਰ
ਬਾਜ਼ੇ ਯੂਰਪੀਨ ਲੇਖਕਾਂ ਨੇ ਲਿਿਖਆ ਹੈ ਕਿ ਮਹਾਰਾਜਾ ਸਾਹਿਬ ਆਪਣੀ ਪਰਜਾ ਦੀ ਬਹੁਤੀ ਪਰਵਾਹ ਨਹੀਂ ਸੀ ਕਰਦਾ, ਪਰ ਇਤਿਹਾਸਕ ਖੋਜ ਤੋਂ ਇਹ ਖਿਆਲ ਨਿਰਮੂਲ ਸਾਬਤ ਹੁੰਦਾ ਹੈ। ਆਪ ਆਪਣੀ ਪਰਜਾ ਦੇ ਦੁਖ ਸੁਖ ਵਿਚ ਸਦਾ ਭਾਈਵਾਲ ਰਹਿੰਦੇ ਸਨ, ਇਸ ਗੱਲ ਦੀ ਪ੍ਰੋੜਤਾ ਨਾਲ ਇਤਿਹਾਸ ਭਰੇ ਪਏ ਹਨ। ਇੱਥੇ ਅਸੀਂ ਕੁਝ-ਕੂ ਲੇਖਕਾਂ ਦੀਆਂ ਲਿਖਤਾਂ ਦਾ ਹਵਾਲਾ ਦਿੰਦੇ ਹਾਂ ਜਿਨ੍ਹਾਂ ਨੇ ਸ਼ੇਰਿ ਪੰਜਾਬ ਦਾ ਆਪਣੀ ਪਰਜਾ ਨਾਲ ਵਰਤਾਉ ਆਪਣੀ ਅੱਖੀਂ ਡਿੱਠਾ। ਇਨ੍ਹਾਂ ਵਿਚੋਂ ਮਿਸਟਰ ਐਚ. ਈ. ਫੈਨ, ਸਰ ਹੈਨਰੀ ਫੈਨ, ਕਮਾਂਡਰ ਇੰਚੀਫ ਫੌਜ ਦਾ ਭਤੀਜਾ ਤੇ ਪ੍ਰਾਈਵੇਟ ਸਕੱਤਰ ਸੀ, ਇਹ ਕੰਵਰ ਨੌਨਿਹਾਲ ਸਿੰਘ ਦੇ ਵਿਆਹ ਪਰ ਪੰਜਾਬ ਆਇਆ ਸੀ, ਉਹ ਲਿਖਦਾ ਹੈ ‘ਰਣਜੀਤ ਸਿੰਘ ਦੀ ਪਰਜਾ ਉਸਨੂੰ ਬੜਾ ਦਰਿਆਦਿਲ ਸਮਝਦੀ ਹੈ ਅਤੇ ਸਾਰੇ ਹੋ ਗੁਜ਼ਰੇ ਹਿੰਦੁਸਤਾਨ ਦੇ ਬਾਦਸ਼ਾਹਾਂ ਵਿੱਚੋਂ ਉਸ ਨੂੰ ਵਧ ਪਿਆਰਾ ਅਤੇ ਬਹੁਤ ਹੀ ਹੁਕਮਰਾਨ ਜਾਣਦੀ ਹੈ। ਇਸ ਗੱਲ ਦਾ ਕਾਫ਼ੀ ਸਬੂਤ ਮੌਜੂਦ ਹੈ ਕਿ ਉਹ ਬਹੁਤ ਚਗਾ ਤੇ ਹਰਮਨ ਪਿਆਰਾ ਹੁਕਮਰਾਨ ਹੈ, ਆਪ ਨੂੰ ਨਾ ਕੇਵਲ ਵੱਡੇ ਹੀ ਪਿਆਰ ਕਰਦੇ ਹਨ, ਸਗੋਂ ਨਿੱਕੇ ਨਿੱਕੇ ਮੁੰਡੇ ਵੀ ਆਪ ਨੂੰ ਦਿਲੋਂ ਆਪਣਾ ਕ੍ਰਿਪਾਲੂ ਬਾਦਸ਼ਾਹ ਜਾਣਦੇ ਹਨ’। ਇਹ ਲੇਖਕ ਅੱਗੇ ਜਾ ਕੇ ਮੁੜ ਲਿਖਦਾ ਹੈ – “ਆਪ ਦੇ ਹਰਮਨ ਪਿਆਰੇ ਹੋਣ ਦਾ ਇਸ ਤੋਂ ਵਧ ਹੋਰ ਕੀ ਸਬੂਤ ਹੋ ਸਕਦਾ ਹੈ ਕਿ ਜਦ ਤੋਂ ਆਪ ਨੇ ਰਾਜ ਭਾਗ ਸਾਂਭਿਆ ਹੈ ਆਪ ਨੇ ਇਕ ਆਦਮੀ ਨੂੰ ਵੀ ਮੌਤ ਦੀ ਸਜ਼ਾ ਨਹੀਂ ਦਿੱਤੀ। ਆਪ ਦੀ ਬੇਓੜਕ ਵਧੀ ਹੋਈ ਕ੍ਰਿਪਾਲਤਾ ਦਾ ਸਲੂਕ ਜਿਹੜਾ ਆਪ ਆਮ ਲੋਕਾਂ ਨਾਲ ਕਰਦੇ ਹਨ, ਆਪ ਦੇ ਚੰਗੇ ਤੇ ਉੱਚੇ ਆਚਰਨ ਦੇ ਕਾਰਨ ਹੈ। ਇਹ ਗੱਲ ਬੜੀ ਹੈਰਾਨ ਕਰਨ ਵਾਲੀ ਹੈ , ਕਿ ਆਪ ਬਿਨਾਂ ਕਿਸ ਨੂੰ ਕਰੜੀ ਸਜ਼ਾ ਦੇਣ ਦੇ, ਨਿਰੀ ਤਾੜਨਾ ਨਾਲ ਹੀ ਅਜਿਹੇ ਅਥਰੇ ਲੋਕਾਂ ਵਿਚ ਰਾਜ ਪ੍ਰਬੰਧ ਬੜੀ ਚੰਗੀ ਤਰਾਂ ਚਲਾ ਰਹੇ ਹਨ। ਆਪ ਦਾ ਮਾਲੀਆ ਬੱਧੇ ਸਮੇਂ ਸਿਰ ਸੌਖਾ ਹੀ ਆਪ ਦੇ ਖਜ਼ਾਨੇ ਵਿਚ ਪਹੁੰਚ ਜਾਂਦਾ ਹੈ।
ਐਮਲੀ ਈਡਨ, ਲਾਰਡ ਆਕਲੈਂਡ, ਗਵਰਨਰ ਜਰਨਲ ਹਿੰਦ ਦੀ ਭੈਣ ਸੀ। ਇਹ ਸੰ: ੧੮੩੯ ਵਿੱਚ ਪੰਜਾਬ ਆਈ ਸੀ।ਇਸ ਨੇ ਇੱਥੇ ਮਹਾਰਾਜਾ ਸਾਹਿਬ ਨਾਲ ਆਮ ਲੋਕਾਂ ਦਾ ਦਿਲੀ ਪਿਆਰ ਦਾ ਵਰਤਾਉ ਆਪਣੀ ਅੱਖੀਂ ਦੇਖ ਕੇ ਆਪਣੀ ਲਿਖਤ ਪੁਸਤਕ ਵਿਚ ਵਿਸਥਾਰ ਦਿੱਤਾ ਹੈ, ਉਹ ਲਿਖਦੀ ਹੈ – ‘ਸਾਡੇ ਦੇਖਦੇ ਲੋਕ ਅੱਗੇ ਵਧ ਵਧ ਕੇ ਸ਼ੇਰਿ ਪੰਜਾਬ ਤੋਂ ਵਾਰਨੇ ਜਾਂਦੇ ਸਨ ਅਤੇ ਉਸ ਨੂੰ ਛੋਹ ਕੇ ਆਪਣਾ ਹਿਰਦਾ ਠਾਰਦੇ ਸਨ’।
ਆਪ ਦਾ ਇਹ ਆਮ ਨਿਯਮ ਸੀ ਕਿ ਜਦ ਰਾਜ ਦੇ ਕਿਸੇ ਭਾਗ ਵਿਚ ਬਰਖਾ ਦੀ ਕਮੀ ਦੇ ਕਾਰਨ ਦੁਰਭਿੱਖ ਪੈ ਜਾਂਦਾ ਤਦੋਂ ਆਪ ਹਜ਼ਾਰਾਂ ਮਣ ਅਨਾਜ, ਆਪਣੇ ਵੱਲੋਂ ਉਸ ਇਲਾਕੇ ਵਿਚ ਭੇਜ ਕੇ, ਬਿਨਾਂ ਮੁੱਲ ਦੇ ਲੋੜਵੰਦਾਂ ਵਿਚ ਵੰਡ ਦਿਆ ਕਰਦੇ ਸਨ। ਸੰਨ ੧੮੩੫ ਵਿਚ ਜਦ ਕਹਿਰ ਪਿਆ ਤਾਂ ਮਹਾਰਾਜਾ ਸਾਹਿਬ ਨੇ ਕਈ ਹਜ਼ਾਰ ਖਰਵਾਰ ਅਨਾਜ ਖਾਣ ਅਤੇ ਬੀਜਣ ਲਈ ਬਿਨਾਂ ਮੁਲ ਦੇ ਵੰਡਿਆ। ਇਸੇ ਤਰ੍ਹਾਂ ਕਸ਼ਮੀਰ ਦੀ ਕਹਿਤਸਾਈ ਸਮੇਂ ੧੦ ਹਜ਼ਾਰ ਖਰਵਾਰਧਾਈਂ ਵੰਡੇ ਗਏ। ਸ਼ੇਰਿ ਪੰਜਾਬ ਆਪ ਤਿੰਨ ਮਾਹੀ ਦੌਰੇ ਚੜਦੇ ਹੁੰਦੇ ਸਨ। ਇਸ ਸਮੇਂ ਹਰ ਇਕ ਜ਼ਿਮੀਂਦਾਰ ਨੂੰ ਆਪਣੀ ਲੋੜ ਯਾ ਸ਼ਕਾਇਤ ਦੇ ਪੇਸ਼ ਕਰਨ ਦੀ ਪੂਰਨ ਖੁਲ ਹੁੰਦੀ ਸੀ। ਇਨ੍ਹਾਂ ਦੀਆਂ ਬੇਨਤੀਆਂ ਬੜੇ ਧਿਆਨ ਨਾਲ ਸੁਣਦੇ ਹੁੰਦੇ ਸਨ। ਦੌਰੇ ਸਮੇਂ ਜੋ ਕਿਸੇ ਜ਼ਿਮੀਦਾਰ ਦੀ ਹਰੀ ਖੇਤੀ ਪਸ਼ੂਆਂ ਦੇ ਚਾਰੇ ਲਈ ਵਰਤੀ ਜਾਂਦੀ ਤੇ ਉਸ ਦਾ ਮੁਲ ਉਸ ਨੂੰ ਸਰਕਾਰੀ ਖਜ਼ਾਨੇ ਵਿੱਚੋਂ ਦਿੱਤਾ ਜਾਂਦਾ ਸੀ। ਸ਼ੇਰਿ ਪੰਜਾਬ ਦੇ ਸੰਨ ੧੮੩੭ ਦੇ ਬਸੰਤੀ ਦੌਰੇ ਸਮੇਂ ੫੦੦੦ ਰੁਪਏ ਹਰੀ ਖੇਤੀ ਦੇ ਬਦਲੇ ਜਿਹਲਮ ਦੇ ਇਲਾਕੇ ਦੇ ਜ਼ਿਮੀਂਦਾਰਾਂ ਨੂੰ ਮਾਲੀਏ ਵਿਚ ਮਾਫੀ ਦਿੱਤੀ ਗਈ।
ਪਿਸ਼ਾਵਰ ਵਿਚ ਗਵਰਨਰ ਅਵੀਤਾਬੇਲ (ਅਵਿਟੳਬਲੲ) ਨੇ ਅਮੀਰ ਚੰਦ ਨਾਮੀ ਇਕ ਖੱਤਰੀ ਦਾ ਘਰ ਗੋਰਖ-ਹਟੜੀ ਦੇ ਲਾਗੇ ਜੰਗੀ ਲੋੜ ਦੇ ਪੂਰਾ ਕਰਨ ਲਈ ਫੌਜੀ ਹਾਤੇ ਵਿਚ ਮਿਲਾ ਲਿਆ। ਸ਼ੇਰਿ ਪੰਜਾਬ ਨੂੰ ਜਦ ਇਸ ਗੱਲ ਦਾ ਪਤਾ ਲੱਗਾ ਤਾਂ ਆਪ ਨੇ ਬੜੀ ਸਖ਼ਤ ਨਰਾਜ਼ਗੀ ਪ੍ਰਗਟ ਕੀਤੀ ਅਤੇ ੧੫੦੦੦ ਰੁਪਿਆ ਗਵਰਨਰ ਦੀ ਤਲਬ ਵਿਚੋਂ ਕੱਟ ਕੇ ਅਮੀਰ ਚੰਦ ਨੂੰ ਨਵਾਂ ਘਰ ਬਣਵਾ ਦਿੱਤਾ।
ਖਾਲਸਾ ਰਾਜ ਸਮੇਂ ਚੋਰੀਆਂ ਅਤੇ ਡਾਕੇ ਦੀਆਂ ਸ਼ਕਾਇਤਾਂ ਪੰਜਾਬ ਵਿਚੋਂ ਮੂਲੋਂ ਹੀ ਬੰਦ ਹੋ ਗਈਆਂ ਸਨ। ਹੁਗਲ ਲਿਖਦਾ ਹੈ ‘ਪੰਜਾਬ ਅੰਗਰੇਜ਼ੀ ਹਿੰਦ ਨਾਲੋਂ ਵਧੇਰਾ ਸੁਰੱਖਿਅਤ ਸੀ। ਮੇਸਨ ਕਹਿੰਦਾ ਹੈ ਪੰਜਾਬ ਵਿਚ ਚੋਰੀ ਤੇ ਡਾਕੇ ਦੀਆਂ ਘਟਨਾਵਾਂ ਬਹੁਤ ਹੀ ਘਟ ਸਨ।
ਇਸ ਤੋਂ ਛੁਟ ਪਰਜਾ ਦਾ ਹਰ ਇਕ ਆਦਮੀ ਆਪਣੀ ਫਰਿਆਦ ਸਿੱਧੀ ਮਹਾਰਾਜਾ ਸਾਹਿਬ ਪਾਸ ਪਹੁੰਚਾ ਸਕਦਾ ਸੀ। ਕਿਲੇ ਦੇ ਦਰਵਾਜ਼ੇ ਦੇ ਬਾਹਰ ਇਕ ਸੰਦੂਕੜੀ ਰੱਖੀ ਹੋਈ ਸੀ, ਜਿਸ ਵਿਚ ਹਰ ਇਕ ਫਰਿਆਦੀ ਆਪਣੀ ਦਰਖਾਸਤ ਆਪ ਪਾ ਸਕਦਾ ਸੀ। ਇਸ ਬਕਸ ਦੀ ਕੁੰਜੀ ਸਰਕਾਰ ਦੇ ਆਪਣੇ ਪਾਸ ਹੁੰਦੀ ਸੀ। ਇਨ੍ਹਾਂ ਦੇ ਸੁਣਨ ਦੇ ਬਾਅਦ ਹਰ ਇਕ ਸ਼ਕਾਇਤ ਦੀ ਪਛ ਪੜਤਾਲ ਪੂਰੀ ਤਰ੍ਹਾਂ ਤੁਰਤ ਫੁਰਤ ਕੀਤੀ ਜਾਂਦੀ ਸੀ।
ਖੁਲ੍ਹ ਦਿਲੀ
ਮਹਾਰਾਜਾ ਰਣਜੀਤ ਸਿੰਘ ਦੇ ਰਾਜ ਪ੍ਰਬੰਧ ਵਿਚ ਹਿੰਦੂਆਂ, ਮੁਸਲਮਾਨਾਂ ਤੇ ਸਿਖਾਂ ਨੂੰ ਆਪੋ ਆਪਣੇ ਰਾਜਸੀ ਹੱਕ ਮਿਲੇ ਹੋਏ ਸਨ। ਗਹੁ ਨਾਲ ਵੇਖਿਆ ਜਾਏ ਤਾਂ ਚੰਗੀ ਤਰ੍ਹਾਂ ਸਪਸ਼ਟ ਹੋ ਜਾਂਦਾ ਹੈ ਕਿ ਸਾਰੇ ਹਿੰਦ ਵਿਚ ਅਜ ਤਕ ਕਿਸੇ ਪੰਚਾਇਤੀ ਹਕੂਮਤ ਯਾ ਜਥੇਬੰਦੀ ਨੇ ਰਾਜ ਪ੍ਰਬੰਧ ਵਿਚ ਹਿੰਦੂ, ਮੁਸਲਮਾਨ, ਈਸਾਈ ਆਦਿ ਦੇ ਭੇਦ ਨੂੰ ਇਤਨਾ ਮਿੱਟਾਕੇ ਨਹੀਂ ਦਸਿਆ, ਜਿਤਨਾ ਸ਼ੇਰਿ ਪੰਜਾਬ ਨੇ ਅੱਜ ਤੋਂ ਇਕ ਸੌ ਸਾਲ ਪਹਿਲਾ ਵਰਤ ਕੇ ਦਸਿਆ ਸੀ ਫੌਜਾਂ ਦੇ ਜਰਨੈਲ ਯਾ ਸੂਬਿਆਂ ਦੇ ਗਵਰਨਰ ਯਾ ਵਜ਼ੀਰ ਤੇ ਸਲਾਹਕਾਰ ਮੁਕੱਰਰ ਕਰਨ ਲੱਗਿਆਂ ਆਪ ਕਦੇ ਫਿਰਕੇ ਬੰਦੀ ਯਾ ਮਜ਼ਬ ਵਲ ਨਹੀਂ ਸੀ ਦੇਖਦੇ ਹੁੰਦੇ, ਸਗੋਂ ਯੋਗਤਾ ਨੂੰ ਮੁੱਖ ਰੱਖ ਕੇ ਵੱਡੀ ਤੋਂ ਵੱਡੀ ਜ਼ਿਮੇਂਵਾਰੀ ਦੇ ਅਹੁਦੇ ਸੌਂਪਦੇ ਹੁੰਦੇ ਸਨ। ਇਸ ਖੁੱਲ੍ਹ ਦਿਲੀ ਦਾ ਨਤੀਜਾ ਇਹ ਸੀ ਕਿ ਸਾਰੀਆਂ ਕੌਮਾਂ ਤੇ ਮਤਾਂ ਦੇ ਲੋਕ ਆਪ ਨੂੰ ਦਿਲੋਂ ਆਪਣਾ ਸਾਂਝਾ ਬਾਦਸ਼ਾਹ ਸਮਝਦੇ ਸਨ। ਸ਼ੇਰਿ ਪੰਜਾਬ ਇਕ ਵੇਰ ਸੰਨ ੧੮੨੬ ਵਿਚ ਅਤੇ ਮੁੜ ਸਨ ੧੮੩੯ ਵਿਚ ਬੀਮਾਰ ਹੋਏ ਸਨ ਤਾਂ ਆਪ ਦੀ ਅਰੋਗਤਾ ਲਈ ਜਿਸ ਤਰ੍ਹਾਂ ਸਾਰੇ ਖਾਲਸਾ ਪੰਥ ਵਲੋਂ ਥਾਓਂ ਥਾਈਂ ਪੰਜਾਬ ਦੇ ਹਰ ਸ਼ਹਿਰ ਵਿਚ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਰਖੇ ਗਏ ਤੇ ਪੁੰਨ ਦਾਨ ਕੀਤੇ ਗਏ ਸਨ ਇਸੇ ਤਰ੍ਹਾਂ ਹਾਰਦਿਕ ਉਤਸ਼ਾਹ ਨਾਲ ਮੁਸਲਮਾਨਾਂ ਨੇ ਮਸੀਤਾਂ ਵਿਚ ਕੁਰਾਨ ਸ਼ਰੀਫ਼ ਦੇ ਖਤਮ ਕਰਵਾਏ ਤੇ ਨਿਆਜ਼ਾ ਵੰਡੀਆਂ ਸਨ ਅਤੇ ਹਿੰਦੂਆਂ ਨੇ ਮੰਦਰਾਂ ਤੇ ਤੀਰਥਾਂ ਪਰ ਯੱਗ ਕੀਤੇ ਤੇ ਹਜ਼ਾਰਾਂ ਰੁਪਏ ਦਾਨ ਕੀਤੇ ਸਨ। ਵਿਕਟਰ ਜੈਕੋਮੌਟ (ੜਚਿਟੋਰ ਝੳਚਤੁੲਮੋਨਟ) ਜਦ ਲਾਹੌਰ ਆਇਆ ਤਾਂ ਆਪ ਨੇ ਚੰਗੀ ਤਰ੍ਹਾਂ ਖੋਜ ਦੇ ਬਾਅਦ ਆਪਣੇ ਸਫ਼ਰਨਾਮੇ ਵਿਚ ਲਿਿਖਆ – ‘ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿਚ ਮੁਸਲਮਾਨਾਂ ਨੂੰ ਆਪਣੇ ਮਜ਼ਬੀ ਕੰਮਾਂ ਦੀ ਪੂਰੀ ਖੁਲ੍ਹ ਸੀ। ਕਈ ਮਸੀਤਾਂ, ਜਿਨਾਂ ਪਰ ਮਿਸਲਾਂ ਦੇ ਸਮੇਂ ਤੋਂ ਸਿਖਾਂ ਦਾ ਕਬਜ਼ਾ ਸੀ, ਮਹਾਰਾਜਾ ਨੇ ਮੁੜ ਆਪਣੀ ਮੁਸਲਮਾਨ ਪਰਜਾ ਨੂੰ ਦਿਵਾ ਦਿੱਤੀਆਂ ਸਨ। ਉਸ ਦੀ ਫੌਜ ਤੇ ਮੁਲਕੀ ਪ੍ਰਬੰਧ ਦੇ ਉੱਚ ਅਹੁਦਿਆਂ ਪਰ ਸਿੱਖਾਂ, ਹਿੰਦੁਆਂ, ਮੁਸਲਮਾਨਾਂ ਤੋਂ ਛੁਟ ਇਟਾਲੀਅਨ, ਫ੍ਰੰਚ, ਇੰਗਲਿਸ਼, ਐਂਗਲੋਇੰਡੀਅਨ, ਸਪੈਨਰਡ ਗ੍ਰੀਕਾ, ਰੂਸੀ, ਜਰਮਨ ਤੇ ਆਸਟਰੇਲੀਅਨ ਅਫ਼ਸਰ ਮੌਜੂਦ ਸਨ’।
ਇਸੇ ਤਰ੍ਹਾਂ ਇਕ ਕੌਮ ਦੇ ਬੰਦੇ ਦੂਜੀ ਕੌਮ ਦੇ ਦਿਨ ਦਿਹਾਰ ਸਾਂਝੇ ਤੌਰ ਪੁਰ ਭਾਈਆਂ ਵਾਂਗ ਰਲ ਮਿਲ ਕੇ ਮਨਾਉਂਦੇ ਸਨ।
ਮੌਲਾਨਾ ਸ਼ਫਾਇਤ ਅਹਿਮਤ ਲਿਖਦਾ ਹੈ ਕਿ ਸ਼ੇਰਿ ਪੰਜਾਬ ਦੇ ਰਾਜ ਸਮੇਂ ਮੁਸਲਮਾਨਾਂ ਨੂੰ ਆਪਣੇ ਮਜ਼ਬੀ ਤੇ ਰਾਜਸੀ ਹੱਕ ਪੂਰੇ ਪੂਰੇ ਪ੍ਰਾਪਤ ਸਨ। ਆਪਸ ਦੇ ਮੇਲ ਮਿਲਾਪ ਤੇ ਮਹਾਰਾਜਾ ਸਾਹਿਬ ਦੀ ਕਦਰਦਾਨੀ ਦੇ ਕਾਰਨ, ਪੰਜਾਬ ਦਾ ਵਪਾਰ, ਦਸਤਕਾਰੀ ਤੇ ਜ਼ਿਮੀਦਾਰੀ ਉੱਨਤੀ ਦੀ ਚੋਟੀ ਪਰ ਪਹੁੰਚ ਗਈ ਸੀ। ਪਰਜਾ ਦੀ ਜਾਨ ਤੇ ਮਾਲ ਦੋਵੇਂ ਪੂਰਨ ਤੌਰ ਤੇ ਸੁਰਖਿਅਤ ਸਨ। ਆਮ ਜਨਤਾ ਇੰਨੀ ਖੁਸ਼ਹਾਲ ਸੀ ਕਿ ਖਾਲਸਾ ਰਾਜ ਨੂੰ ਛਡ ਕੇ ਕੋਈ ਵੀ ਅੰਗਰੇਜ਼ੀ ਇਲਾਕੇ ਵਿਚ ਜਾਣਾ ਨਾ ਸੀ ਪਸੰਦ ਕਰਦਾ। ਇਸ ਬਾਰੇ ਮਿਸਟਰ ਜਿਨਾਹ ਇਸ ਤਰ੍ਹਾਂ ਲਿਖਦਾ ਹੈ : –
Life and property were secure. That towns ilke Lahore and Amirtsar had certianly increased in wealth; manufactures and trade were more thirivng and the people were not at all over-anixous to imgrate to Biritsh terirtoires.
ਪਰਜਾ ਦੀ ਖੁਸ਼ੀ ਤੇ ਅਰੋਗਤਾ ਦਾ ਵੱਡਾ ਕਾਰਨ ਇਹ ਵੀ ਸੀ ਕਿ ਰੋਜ਼ਾਨਾ ਜੀਵਨ ਦੇ ਵਰਤੋਂ ਦੀਆਂ ਚੀਜ਼ਾਂ, ਜਿਹਾ ਕਿ ਦੁੱਧ, ਘਿਓ ਤੇ ਕਣਕ ਆਦਿ ਦੇ ਭਾ ਬੜੇ ਹੀ ਸਵੱਲੇ ਸਨ, ਜਿਸ ਕਰਕੇ ਘਟ ਤੋਂ ਘਟ ਕਮਾਈ ਵਾਲੇ ਬੰਦੇ ਵੀ ਆਪਣੇ ਪ੍ਰਵਾਰਾਂ ਦਾ ਨਿਰਬਾਹ ਸੌਖਾ ਕਰ ਸਕਦੇ ਸਨ। ਦੁੱਧ, ਘਿਓ ਤੇ ਅਨਾਜ ਦੇ ਸਸਤੇ ਹੋਣ ਦੀ ਵਜਾ ਪਸ਼ੂਆਂ ਦੀ ਬਹੁਤਾਤ ਸੀ। ਮਹਾਰਾਜਾ ਸਾਹਿਬ ਨੇ ਚਰਾਗਾਹ ਦਾ ਮਾਲੀਆ, ਜਿਹੜਾ ਮੁਗਲੀਆ ਹਕੁਮਤ ਦੇ ਸਮੇਂ ਤੋਂ ਚਰਾਵਿਆਂ ਤੋਂ ਲਿਆ ਜਾਂਦਾ ਸੀ, ਮੁਆਫ਼ ਕਰ ਦਿੱਤਾ ਸੀ। ਦੁਜਾ ਦੁੱਧ ਦਲ ਪਸ਼ੂਆਂ ਦੇ ਮਾਰਨ ਦੀ ਬੰਦਸ਼ ਸੀ, ਇਸ ਲਈ ਉਪਰੋਕਤ ਵਸਤਾਂ ਦਿਨੋ ਦਿਨ ਵਾਧੇ ਪਰ ਸਨ।
ਸਫਲਤਾ
ਸ਼ੇਰਿ ਪੰਜਾਬ ਦੇ ਪਿਤਾ ਨੇ ਜਦ ਚਲਾਣਾ ਕੀਤਾ ਤਾਂ ਕੁਝ ਪਿੰਡ ਆਪ ਲਈ ਛੱਡੇ। ਇਹ ਸਭ ਕੁਝ ਆਪ ਦੀ ਬੀਰਤਾ, ਸੁਦੇਸ਼ ਪਿਆਰ ਦੇ ਸਿਆਣਪ ਦਾ ਫਲ ਸੀ ਕਿ ਇਕ ਸਾਧਾਰਨ ਚੌਧਰਮੇਂ ਤੋਂ ਉਠ ਕੇ ਇੰਨੀ ਵੱਡੀ ਸਲਤਨਤ ਕਾਇਮ ਕਰ ਦਿੱਤੀ। ਜਿਸ ਦੀ ਲੰਬਾਈ ਚੰੜਾਈ ੧੪੦੦੦੦ ਵਰਗ ਮੀਲ ਸੀ ਤੇ ਜਿਸ ਦਾ ਰਕਬਾ ਫ਼ਰਾਂਸ ਤੋਂ ਵੀ ਵੱਧ ਸੀ।
ਧਾਰਮਕ ਪਿਆਰ
ਮਹਾਰਾਜਾ ਰਣਜੀਤ ਸਿੰਘ ਦੇ ਮਨ ਵਿਚ ਧਰਮ ਲਈ ਡੂੰਘਾ ਪਿਆਰ ਸੀ। ਆਪ ਨੇ ਲੱਖਾਂ ਰੁਪਏ ਦੀਆਂ ਜਾਗੀਰਾਂ ਗੁਰਦਵਾਰਿਆਂ ਦੀ ਰੌਣਕ ਵਧਾਉਣ ਲਈ ਉਨ੍ਹਾਂ ਨਾਲ ਲਵਾਈਆਂ ਹੋਈਆਂ ਸਨ। ਇਹ ਜਾਗੀਰਾਂ ਅੱਜ ਤੱਕ ਇਨ੍ਹਾਂ ਗੁਰਧਾਮਾਂ ਨਾਲ ਲੱਗੀਆਂ ਆ ਰਹੀਆਂ ਹਨ। ਰਾਜ ਭਾਗ ਦੀ ਪਿਆਰੀ ਤੋਂ ਪਿਆਰੀ ਚੀਜ਼ ਆਪਣੇ ਨਾਮ ਨਾਲ ਲਾਉਣ ਦੀ ਥਾਂ ਸਤਿਗੁਰਾਂ ਦੇ ਨਾਮ ਨਾਲ ਲਾਉਣ ਵਿਚ ਆਪ ਨੂੰ ਵੱਧ ਤੋਂ ਵੱਧ ਖੁਸ਼ੀ ਪ੍ਰਾਪਤ ਹੁੰਦੀ ਸੀ, ਜਿਹਾ ਕਿ ਨਾਨਕ ਸ਼ਾਹੀ, ਜ਼ਰਬ, ਸ੍ਰੀ ਅੰਮ੍ਰਿਤਸਰ ਕਿਲੇ ਦਾ ਨਾਮ ਸੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਪਰ ਗੋਬਿੰਦ ਗੜ੍ਹ ਅਤੇ ਇਥੋਂ ਦੇ ਪ੍ਰਸਿਧ ਬਾਗ਼ ਦਾ ਨਾਮ ਸ੍ਰੀ ਗੁਰੂ ਰਾਮਦਾਸ ਜੀ ਦੇ ਨਾਮ ਪਰ ਰਾਮਬਾਗ ਰੱਖਿਆ। ਡਾਕਟਰ ਮੈਕਗੈਗਰ ਲਿਖਦਾ ਹੈ ਕਿ ਸ਼ੇਰਿ ਪੰਜਾਬ ਨੇ ਪਿਛਲੇ ਸਾਲ (ਸੰਮਤ ੧੮੭੨ ਬਿ:) ਵਿਚ ਪੰਜਾਹ ਹਜ਼ਾਰ ਰੁਪਿਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਲਈ ਪਾਲਕੀ ਬਣਵਾਉਣ ਵਾਸਤੇ ਦਿੱਤਾ ਸੀ। ਇਕ ਹੋਰ ਲਿਖਤ ਪੰਜਾਬ ਗੌਰਮਿੰਟ ਦੇ ਰੀਕਾਰਡਜ਼ ਸਾਲ ੧੮੪੭-੪੮ ਦੇ ਸਫ਼ਾ ੩੭੨ ਪਰ ਮਿਲਦੀ ਹੈ, ਜਿਸ ਵਿਚ ਲਿਿਖਆ ਹੈ ਕਿ ਮਹਾਰਾਜਾ ਰਣਜੀਤ ਸਿੰਘ ਬਾਰਾਂ ਲੱਖ ਰੁਪਇਆ ਸਾਲਾਨਾ ਧਾਰਮਕ ਤੇ ਪੰਥਕ ਕੰਮਾਂ ਦੀ ਉੱਨਤੀ ਲਈ ਖ਼ਰਚ ਕਰਦਾ ਹੁੰਦਾ ਸੀ। ਇਸ ਤੋਂ ਛੁਟ ਵੀਹ ਲੱਖ ਰੁਪਏ ਸਾਲਾਨਾ ਆਮਦਨੀ ਦੀਆਂ ਜਾਗੀਰਾਂ, ਸ਼ੇਰਿ ਪੰਜਾਬ ਵਲੋਂ ਗੁਰਦਵਾਰਿਆਂ ਤੇ ਸਾਹਿਬਜ਼ਾਦਿਆਂ ਦੇ ਨਾਮ ਪਰ ਲਾਈਆਂ ਗਈਆਂ ਸਨ, ਜਿਨ੍ਹਾਂ ਵਿਚੋਂ ਬਹੁਤ ਸਾਰੀਆਂ ਅਜੇ ਤੱਕ ਗੁਰਦਵਾਰਿਆਂ ਨਾਲ ਕਾਇਮ ਚਲੀਆਂ ਆਉਂਦੀਆਂ ਹਨ॥ ਮੁਕਦੀ ਗੱਲ ਇਹ ਹੈ ਕਿ ਮਹਾਰਾਜਾ ਰਣਜੀਤ ਸਿੰਘ ਆਪਣੇ ਸਮੇਂ ਦੀ ਇਕ ਮਹਾਨ ਹਸਤੀ ਹੋਏ ਹਨ, ਜਿਸ ਵਿਚ ਇੰਨੇ ਅਨੰਤ ਗੁਣ ਸਨ ਜਿਸ ਦੇ ਕਾਰਨ ਆਪ ਦਾ ਨਾਮ ਸਦਾ ਲਈ ਸੰਸਾਰ ਪਰ ਅੱਟਲ ਰਹੇਗਾ।
ਸ਼ੇਰਿ ਪੰਜਾਬ ਦਾ ਅੰਤਮ ਦਰਬਾਰ
ਮਹਾਰਾਜਾ ਸਾਹਿਬ ਨੇ ਜਦ ਆਪਣੇ ਰੋਗ ਨੂੰ ਵੱਧਦਾ ਡਿੱਠਾ ਤਾਂ ੯ ਜੇਠ ਸੰਮਤ ੧੮੯੬ ਬਿ: ਮੁਤਾਬਿਕ ੨੨ ਮਈ ਸੰ: ੧੮੩੯ ਈ: ਨੂੰ ਲਾਹੌਰ ਵਿਚ ਇਕ ਭਾਰੀ ਦਰਬਾਰ ਕਰਨ ਦਾ ਹੁਕਮ ਦਿੱਤਾ, ਜਿਸ ਵਿਚ ਲਗਪਗ ਸਾਰੇ ਸਰਦਾਰਾਂ ਤੇ ਜਾਗੀਰਦਾਰਾਂ ਨੂੰ ਬੁਲਵਾਇਆ ਗਿਆ ਸੀ। ਨੀਯਤ ਦਿਨ ਜਦ ਸਾਰੇ ਦਰਬਾਰੀ ਆਪੋ ਆਪਣੀ ਥਾਂ ਪੁਰ ਸਜ ਗਏ, ਤਦ ਸ਼ੇਰਿ ਪੰਜਾਬ ਇਕ ਸੁਨਹਿਰੀ ਪਾਲਕੀ ਵਿਚ ਇਕ ਤਕੀਏ ਪਰ ਢੋਹ ਲਾਏ ਹੋਏ ਦਰਬਾਰ ਵਿਚ ਆਏ, ਅੱਗੋਂ ਸਾਰੇ ਦਰਬਾਰੀਆਂ ਉੱਠ ਕੇ ਫ਼ਤਹਿ ਬੁਲਾਈ ਤੇ ਨਾਲ ਹੀ ਕਿਲੇ ਤੋਂ ਸਲਾਮੀ ਉਤਾਰੀ ਗਈ ਮਹਾਰਾਜਾ ਸਾਹਿਬ ਇਸ ਸਮੇਂ ਇੰਨੇ ਕਮਜ਼ੋਰ ਸਨ ਕਿ ਆਪ ਨੂੰ ਸ਼ਾਹੀ ਵੈਦ ਨੇ ਕੁਰਸੀ ਪਰ ਬੈਠਣ ਦੀ ਆਗਿਆ ਨਾ ਦਿੱਤੀ। ਉਸੇ ਤਰ੍ਹਾਂ ਆਪ ਦੀ ਪਾਲਕੀ ਅਡੋਲ ਹਜ਼ੂਰੀ ਬਾਗ ਦੀ ਬਾਰਾਂਦਰੀ ਦੇ ਚਬੂਤਰੇ ਪਰ ਰੱਖੀ ਗਈ।
ਇਸੇ ਸਮੇਂ ਖਾਲਸੇ ਦੀ ਤਾਕਤ ਦਾ ਸੂਰਜ ਦੁਪਹਿਰ ਵਕਤ ਆਪਣੇ ਪੂਰੇ ਜੋਬਨ ਪਰ ਸੀ। ਹਰ ਪਾਸੇ ਦਬਦਬਾ ਤੇ ਸ਼ਾਨ ਵੱਧ ਰਹੀ ਸੀ, ਜਿਧਰ ਨਿਗਾਹ ਭਰ ਕੇ ਤੱਕ ਖੁਸ਼ੀ ਤੇ ਅੱਸਵਰਜ ਹੀ ਨਜਰੀਂ ਪੈਂਦਾ ਸੀ। ਹਾਂ, ਕਿਸੇ ਕਿਸੇ ਵੇਲੇ ਜਦ ਬ੍ਰਿਧ ਸ਼ੇਰ ਦੀ ਪਾਲਕੀ ਵਲ ਨਜ਼ਰ ਜਾ ਪੈਂਦੀ ਸੀ ਤਾਂ ਕੁਝ ਸਮੇਂ ਵਾਸਤੇ ਮਨ ਉਦਾਸ ਜਿਹੇ ਹੋ ਜਾਂਦੇ ਸਨ ਤੇ ਕਾਦਰ ਦੀ ਕੁਦਰਤ ਦਾ ਬਚਿਤ੍ਰ ਚਿਤ੍ਰ ਅੱਖਾਂ ਅੱਗੇ ਆ ਖਲੋਂਦਾ ਸੀ ਕਿ ਇਹ ਉਹੀ ਬਹਾਦਰ ਜੋਧਾ ਹੈ ਜਿਹੜਾ ਵਗਦੀਆਂ ਤਲਵਾਰਾਂ ਤੇ ਵਸਦੀਆਂ ਗੋਲੀਆਂ ਵਿਚ ਆਪਣੇ ਘੋੜੇ ਨੂੰ ਉਡਾਂਦਾ ਹੋਇਆ ਬਿਜਲੀ ਵਾਂਗ ਵੈਰੀਆਂ ਦੇ ਸਿਰ ਤੇ ਜਾ ਪੈਂਦਾ ਹੁੰਦਾ ਸੀ। ਥਕੇਵੇਂ ਤੇ ਭੈ ਤੋਂ ਮਲੋਂ ਅਞਾਣੂ ਸੀ, ਅੱਜ ਕਰਸੀ ਪਰ ਆਪਣੇ ਆਪ ਨੂੰ ਥੰਮਣ ਤੋਂ ਭੀ ਅਸਮਰੱਥ ਸੀ, ਇਹ ਸਾਰੇ ਖ਼ਿਆਲ ਸੂਰਜ ਅੱਗੇ ਬੱਦਲ ਆ ਜਾਣ ਦੀ ਤਰ੍ਹਾਂ ਜ਼ਰਾ ਦੀ ਜ਼ਰਾ ਲਈ ਉਦਾਸੀ ਦਾ ਝਲਕਾ ਦੇ ਜਾਂਦੇ ਸਨ, ਪਰ ਇਹ ਸੋਚ ਕੇ ਕਿ ਮਹਾਰਾਜੇ ਦੇ ਪੁੱਤਰ ਤੇ ਪੋਤਰੇ ਸਾਰੇ ਲਾਇਕ ਹਨ, ਮਨਾਂ ਨੂੰ ਕੁਛ ਢਾਰਸ ਜਿਹੀ ਬੱਝ ਜਾਂਦੀ ਸੀ।
ਮਹਾਰਾਜਾ ਸਾਹਿਬ ਦੀ ਪਾਲਕੀ ਚਬੂਤਰੇ ਤੇ ਰੱਖਣ ਦੇ ਪਿੱਛੋਂ ਕੁਝ ਸਮੇਂ ਲਈ ਸਾਰੇ ਦਰਬਾਰ ਵਿਚ ਚੁੱਪ ਚਾਂ ਵਰਤ ਗਈ, ਛੇਕੜ ਬ੍ਰਿਧ ਸ਼ੇਰ ਨੇ ਆਪਣਾ ਮੂੰਹ ਖੋਲਿਆ ਤੇ ਧੀਮੀ ਜਿਹੀ ਆਵਾਜ਼ ਨਾਲ ਕਿਹਾ :- “ਬਹਾਦਰ ਖਾਲਸਾ ਜੀ! ਆਪ ਨੇ ਖਾਲਸਾ ਰਾਜ ਦੀ ਉਸਾਰੀ ਲਈ ਜੋ ਅਥੱਕ ਘਾਲਾਂ ਘਾਲੀਆਂ ਤੇ ਆਪਣੇ ਬਹੁਮੁੱਲੇ ਲਹੂ ਦੀਆਂ ਨਦੀਆਂ ਵਗਾਈਆਂ ਸਨ ਉਹ ਅਸਫਲ ਨਹੀਂ ਗਈਆਂ, ਇਸ ਸਮੇਂ ਆਪ ਆਪਣੇ ਚੁਗਰਿਦੇ ਜੋ ਕੁਝ ਦੇਖ ਰਹੇ ਹੋ, ਇਹ ਸਭ ਕੁਝ ਆਪ ਦੀ ਤਲਵਾਰ ਦਾ ਫਲ ਹੈ। ਮੈਂ ਸਤਿਗੁਰੂ ਦੇ ਭਰੋਸੇ ਤੇ ਆਪ ਦੀ ਸਹਾਇਤਾ ਨਾਲ ਇਕ ਸਾਧਾਰਨ ਪਿੰਡ ਤੋਂ ਉਠ ਕੇ ਲਗਪਗ ਸਾਰੇ ਪੰਜਾਬ ਤੇ ਇਸ ਤੋਂ ਬਾਹਰ ਅਫ਼ਗਾਨਿਸਤਾਨ, ਕਸ਼ਮੀਰ, ਤਿੱਬਤ ਅਤੇ ਸਿੰਧ ਦੀਆਂ ਕੰਧਾਂ ਤਕ ਖਾਲਸੇ ਦਾ ਰਾਜ ਕਾਇਮ ਕਰ ਦਿੱਤਾ ਹੈ। ਸੰਸਾਰ ਪਰ ਸੁਆਸਾਂ ਦਾ ਕੁਝ ਵੀ ਭਰੋਸਾ ਨਹੀਂ, ਪਰ ਜੇ ਕਦੇ ਮੇਰਾ ਅੰਤ ਨੇੜੇ ਹੀ ਹੈ ਤਾਂ ਪੱਕ ਸਮਝੋ ਕਿ ਮੈਂ ਆਪ ਸਭ ਤੋਂ ਅਤਯੰਤ ਖੁਸ਼ੀ ਨਾਲ ਵਿਦਾ ਹੋਵਾਂਗਾ। ਮੈਂ ਇਸ ਸਮੇਂ ਆਪ ਸਭ ਨੂੰ ਮਹਾਰਾਜਾ ਖੜਗ ਸਿੰਘ ਦੇ ਹੱਥ ਸੌਂਪਦਾ ਹਾਂ, ਇਸ ਨੂੰ ਆਪ ਨੇ ਮੇਰੇ ਤੁਲ ਸਮਝਣਾ ਅਤੇ ਇਹ ਸਭ ਤਰਾਂ ਆਪ ਦੀ ਭਲਾਈ ਦਾ ਚਾਹਵਾਨ ਰਹੇਗਾ।
ਇਸ ਸਮੇਂ ਸਾਰੇ ਦਰਬਾਰੀਆਂ ਦੇ ਚਿਹਰੇ ਮਹਾਰਾਜਾ ਸਾਹਿਬ ਦੇ ਪਿਆਰ ਵਿਚ ਲਾਲ ਲਾਲ ਹੋ ਰਹੇ ਸਨ, ਕਈਆਂ ਦੀਆਂ ਅੱਖਾਂ ਤੋਂ ਪਿਆਰ ਦੇ ਹੰਝੂਆਂ ਦੀ ਜਲਧਾਰਾ ਵਹਿ ਰਹੀ ਸੀ, ਛੇਕੜ ਸ਼ੇਰਿ ਪੰਜਾਬ ਨੇ ਸਭ ਨੂੰ ਅੰਤਮ ਫ਼ਤਿਹ ਬੁਲਾਈ ਤੇ ਅੱਜ ਦਾ ਇਹ ਸ਼ੇਰਿ ਪੰਜਾਬ ਦਾ ਇਤਿਹਾਸਕ ਛੇਕੜਲਾ ਦਰਬਾਰ ਸਮਾਪਤ ਹੋਇਆ।
ਚਲਾਣਾ
ਹੁਣ ਛੇਤੀ ਹੀ ਉਹ ਦਿਨ ਆ ਗਿਆ ਜਿਸ ਵੱਲ ਆਪ ਨੇ ਦਰਬਾਰ ਵਿਚ ਇਸ਼ਾਰਾ ਕੀਤਾ ਸੀ, ਅਰਥਾਤ ੧੫ ਹਾੜ ਸੰਮਤ ੧੮੯੬ ਮੁਤਾਬਿਕ ੨੭ ਜਨ ਸੰ: ੧੮੩੯ ਈ: ਵੀਰਵਾਰ ਨੂੰ ਉਨਾਹਠ ਸਾਲ ਦੀ ਆਯੂ ਭੋਗ ਕੇ ਮਹਾਰਾਜਾ ਰਣਜੀਤ ਸਿੰਘ ਦਾ ਭੌਰ ਉਡਾਰੀਆਂ ਲਾ ਗਿਆ। ਇਸ ਸਮੇਂ ਸਾਰੇ ਪੰਜਾਬ ਵਿਚ ਸ਼ਾਇਦ ਹੀ ਐਸੀ ਕੋਈ ਅੱਖ ਹੋਵੇਗੀ ਜੋ ਆਪਣੇ ਪਿਆਰੇ ਮਹਾਰਾਜਾ ਦੇ ਵਿਛੋੜੇ ਵਿਚ ਨਾ ਰੁੰਨੀ ਹੋਵੇਗੀ।
ਅਗਲੇ ਦਿਨ: ੨੮ ਜੂਨ ਨੂੰ ਮਹਾਰਾਜਾ ਸਾਹਿਬ ਦਾ ਮ੍ਰਿਤਕ ਸੰਸਕਾਰ ਬੜੀ ਭਾਰੀ ਧੂਮਧਾਮ ਨਾਲ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਡੇਹਰੇ ਸਾਹਿਬ ਦੇ ਨਾਲ ਵਾਲੇ ਮੈਦਾਨ ਵਿਚ ਕੀਤਾ ਗਿਆ. ਜਿਥੇ ਹੁਣ ਆਪ ਦੀ ਸ਼ਾਨਦਾਰ ਸਮਾਧ ਮੌਜੂਦ ਹੈ।