ਬਬਾਣੀਆਂ ਕਹਾਣੀਆਂ – ਪੁਰਾਤਨ ਸਿੰਘਾਂ ਦਾ ਕਿਰਦਾਰ

ਬਬਾਣੀਆਂ ਕਹਾਣੀਆਂ – ਪੁਰਾਤਨ ਸਿੰਘਾਂ ਦਾ ਕਿਰਦਾਰ

ਅਹਿਮਦ ਸ਼ਾਹ ਅਬਦਾਲੀ ਦੇ ਸੱਤਵੇਂ ਹਮਲੇ ਸਮੇਂ ਉਸ ਨਾਲ ਕਾਜ਼ੀ ਨੂਰ ਮੁਹੰਮਦ ਨਾਂਅ ਦਾ ਇਕ ਲਿਖਾਰੀ ਵੀ ਆਇਆ ਸੀ। ਇਸ ਲਿਖਾਰੀ ਨੇ ਅਹਿਮਦ ਸ਼ਾਹ ਅਬਦਾਲੀ ਦੀਆਂ ਸਿੰਘਾਂ ਨਾਲ ਹੋਈਆਂ ਲੜਾਈਆਂ ਦਾ ਹਾਲ ਅੱਖੀਂ ਵੇਖਿਆ ਅਤੇ ਉਸ ਨੂੰ ਜੰਗ ਨਾਮਾ ਨਾਂ ਦੀ ਪੁਸਤਕ ਵਿਚ ਬਿਆਨ ਕੀਤਾ। ਇਹ ਠੀਕ ਹੈ ਕਿ ਨੂਰ ਮੁਹੰਮਦ ਸਿੰਘਾਂ ਨੂੰ ‘ਜੰਗਨਾਮੇ’ ਵਿੱਚ ਥਾਂ-ਥਾਂ ਪਰ ਮੰਦੇ ਬਚਨ ਬੋਲਦਾ ਹੈ ਅਤੇ ਉਹਨਾਂ ਲਈ ਕੁੱਤੇ, ਲਾਹਨਤੀ, ਗੰਦੇ, ਸੂਰ-ਖਾਣੇ ਆਦਿ ਭੈੜੇ ਸ਼ਬਦ ਵਰਤਦਾ ਹੈ ਪਰ ਜੇ ਅਜਿਹਾ ਕੱਟੜ ਵੈਰੀ ਉਨ੍ਹਾਂ ਹੀ ਲੋਕਾਂ ਦੀ ਸੋਭਾ ਵਿਚ ਕੁੱਝ ਕਹੇ ਤਾਂ ਉਸਦਾ ਮੁੱਲ ਇਤਿਹਾਸ ਦੇ ਵਿਦਿਆਰਥੀਆਂ ਦੀ ਨਜ਼ਰ ਵਿੱਚ ਬਹੁਤ ਜ਼ਿਆਦਾ ਹੁੰਦਾ ਹੈ। ਇਸ ਤਰ੍ਹਾਂ ‘ਜੰਗਨਾਮਾ’ ਗਾਲੀਆਂ ਦਾ ਇਕ ਕੋਸ਼ ਹੁੰਦਾ ਹੋਇਆ ਭੀ ਪੰਜਾਬ ਦੇ ਇਤਿਹਾਸ ਲਈ ਇਕ ਬਹੁ-ਮੁੱਲੀ ਪੁਸਤਕ ਹੈ। ਹੇਠਾਂ ਅਸੀਂ ਇਸ ਪੁਸਤਕ ਦੇ ਕੁੱਝ ਅੰਸ਼ ਛਾਪ ਰਹੇ ਹਾਂ ਤਾਂ ਜੋ ਪਾਠਕਾਂ ਨੂੰ ਪੁਰਾਤਨ ਸਿੰਘਾਂ ਦੇ ਉਸ ਕਿਰਦਾਰ ਬਾਰੇ ਜਾਣਕਾਰੀ ਹੋ ਸਕੇ ਜਿਸ ਨੂੰ ਦੇਖ ਕੇ ਦੁਸ਼ਮਣ ਵੀ ਅੱਸ਼-ਅੱਸ਼ ਕਰ ਉਠਿਆ ਸੀ

ਪੰਜਾਬ ਦੇ ਇਤਿਹਾਸ ਦੇ ਦ੍ਰਿਸ਼ਟੀਕੋਨ ਤੋਂ ‘ਜੰਗਨਾਮੇ’ ਵਿੱਚ ਕਾਜ਼ੀ ਨੂਰ ਮੁਹੰਮਦ ਦੇ ਦੋ ਬਿਆਨ 41-42 ਖਾਸ ਮਹੱਤਤਾ-ਪੁਰਨ ਹਨ ਕਿਉਂਕਿ ਇਨ੍ਹਾਂ ਵਿਚੋਂ ਜੋ ਕੁੱਝ ਭੀ ਉਸ ਨੇ ਲਿਖਿਆ ਹੈ ਉਹ ਉਸ ਨੇ ਸਭ ਕੁੱਝ ਨਵੰਬਰ ਸੰਨ 1764 ਅਤੇ ਮਾਰਚ ਸੰਨ 1765 ਵਿਚਕਾਰ (1178 ਹਿਜਰੀ ਵਿੱਚ) ਅੱਖੀਂ ਡਿੱਠਾ ਸੀ ਅਤੇ ਸੰਨ 1178 ਹਿਜਰੀ ਵਿਚ ਹੀ ਲਿਖ ਲਿਆ ਸੀ ਜੋ 19 ਜੂਨ ਸੰਨ 1765 ਨੂੰ ਚੜਿਆ ਸੀ। ਇਸ ਵੇਲੇ ਤੱਕ ਖਾਲਸਾ ਜੀ ਨੇ ਲਾਹੌਰ ਉਤੇ ਭੀ ਪੱਕਾ ਕਬਜ਼ਾ ਕਰ ਲਿਆ ਸੀ ਜੋ 17 ਅਪ੍ਰੈਲ ਨੂੰ ਹੋ ਗਿਆ ਸੀ। ਉਪਰੋਕਤ ਦੋਨੋਂ ਬਿਆਨ ਸਿੰਘਾਂ ਦੀ ਮੈਦਾਨਿ ਜੰਗ ਵਿੱਚ ਬਹਾਦਰੀ ਅਤੇ ਉਨ੍ਹਾਂ ਦੇ ਪੰਜਾਬ ਵਿਚ ਕੀਤੇ ਹੋਏ ਕਬਜ਼ਿਆਂ ਸੰਬੰਧੀ ਹਨ ਜੋ ਲਾਹੌਰ ਪਰ ਕਬਜ਼ਾ ਹੋਣ ਤੋਂ ਪਹਿਲਾਂ ਸਨ।

ਸਿੰਘਾਂ ਦੀ ਮਰਦਾਨਗੀ ਸੰਬੰਧੀ ਕਾਜ਼ੀ ਨੂਰ ਮੁਹੰਮਦ 47ਵੇਂ ਧਿਆਇ ਵਿੱਚ ਲਿਖਦਾ ਹੈ:
‘ਸਗਾਂ’ (ਕੁੱਤਿਆਂ) ਨੂੰ ‘ਸਗ’ (ਕੁੱਤੇ) ਨਾ ਕਹੋ ਕਿਉਂਕਿ ਇਹ ਸ਼ੇਰ ਹਨ ਅਤੇ ਮਰਦਾਨਗੀ ਦੇ ਮੈਦਾਨ ਵਿੱਚ ਸ਼ੇਰਾਂ ਵਾਂਗ ਦਲੇਰ ਹਨ।

ਰਣ ਦਾ ਉਹ ਸੂਰਮਾ ਜੋ ਲੜਾਈ ਵਿੱਚ ਸ਼ੇਰ ਵਾਂਗੂ ਬੁੱਕੇ ਕਿਵੇਂ ‘ਸਗ’ ਹੋ ਸਕਦਾ ਹੈ? ਜੇ ਤੈਨੂੰ ਲੜਾਈ ਦਾ ਕਸਬ ਸਿੱਖਣ ਦੀ ਇੱਛਾ ਹੈ ਤਾਂ ਆ ਅਤੇ ਰਣ ਭੂਮੀ ਵਿੱਚ ਇਨ੍ਹਾਂ ਦੇ ਸਾਹਮਣੇ ਹੋ। ਉਹ ਤੈਨੂੰ ਜੰਗ ਦੇ ਅਜਿਹੇ ਢੰਗ ਵਿਖਾਉਣਗੇ ਕਿ ਸਾਰੇ ਵਾਹ-ਵਾਹ ਪਏ ਆਖਣਗੇ।

ਹੇ ਤਲਵਾਰੀਏ, ਜੇ ਤੂੰ ਲੜਾਈ ਦਾ ਹੁਕਮ ਸਿੱਖਣਾ ਚਾਹੁੰਦਾ ਹੈ ਤਾਂ ਇਨ੍ਹਾਂ ਪਾਸੋ ਸਿੱਖ ਕਿ ਕਿਵੇਂ ਮਰਦਾਂ ਵਾਂਗ ਵੈਰੀ ਦੇ ਸਾਹਮਣੇ ਹੋਣਾ ਚਾਹੀਦਾ ਹੈ ਅਤੇ ਲੜਾਈ ਵਿਚੋਂ ਕਿਵੇਂ ਆਪਣੇ ਆਪ ਨੂੰ ਸਾਫ ਬਚਾ ਲਿਜਾਣਾ ਚਾਹੀਦਾ ਹੈ।

ਸਿੰਘ ਇੰਨ੍ਹਾਂ ਦੀ ਲਕਬ ਹੈ, ਇਹ ਜਾਣ ਲੈਣਾ ਚਾਹੀਦਾ ਹੈ। ਇਹ ਨਿਆਉਂ ਦੀ ਗੱਲ ਨਹੀਂ ਕਿ ਇਸ (ਸ਼ਬਦ ‘ਸਿੰਘ’) ਨੂੰ ‘ਸਗ’ ਅਰਥਾਤ ਕੁੱਤਾ ਪੜਿਆ ਜਾਏ।

ਐ ਜਵਾਨ, ਜੇ ਤੈਨੂੰ ਨਹੀਂ ਪਤਾ (ਤਾਂ ਸੁਣ) ਹਿੰਦੁਸਤਾਨੀ ਬੋਲੀ ਵਿੱਚ ‘ਸਿੰਘ’ ਦੇ ਅਰਥ ‘ਸ਼ੇਰ’ ਹਨ। ਲੜਾਈ ਵਿੱਚ ਤਾਂ ਇਹ ਸੱਚ ਮੁੱਚ ਹੀ ਸ਼ੇਰ ਅਤੇ ਮੌਜ ਮੇਲੇ ਸਮੇਂ ਹਾਤਮ ਤੋਂ ਭੀ ਵੱਧ ਹਨ।

ਜਦ ਇਹ ਹੱਥ ਵਿਚ ਹਿੰਦੁਸਤਾਨੀ ਤਲਵਾਰ ਫੜ ਲੈਂਦੇ ਹਨ ਤਾਂ ਹਿੰਦ ਤੋਂ ਸਿੰਧ ਦੇਸ਼ ਤੱਕ ਮਾਰ ਕਰਦੇ ਚਲੇ ਜਾਂਦੇ ਹਨ।

ਕੋਈ ਆਦਮੀ ਇਨ੍ਹਾਂ ਸਾਹਮਣੇ ਅੜ ਨਹੀਂ ਸਕਦਾ, ਭਾਵੇਂ ਉਹ ਕਿੰਨਾ ਵੀ ਜ਼ੋਰ ਵਾਲਾ ਕਿਉਂ ਨਾ ਹੋਵੇ।

ਜਦ ਇਹ ਹੱਥ ਵਿਚ ਨੇਜ਼ਾ ਫੜ ਲੈਂਦੇ ਹਨ ਤਾਂ ਵੈਰੀ ਦੀ ਫੌਜ ਵਿੱਚ ਭਾਜੜ ਪਾ ਦਿੰਦੇ ਹਨ। ਜਦ ਉਹ ਨੇਜ਼ੇ ਦੀ ਅਣੀ ਆਸਮਾਨ ਵੱਲ ਚੁੱਕਦੇ ਹਨ ਤਾਂ ਕਾਫ ਪਹਾੜ ਨੂੰ ਭੀ ਚੀਰ ਦਿੰਦੇ ਹਨ।

ਜਦ ਇਹ ਕਮਾਨ ਦਾ ਚਿੱਲਾ ਚੜਾਉਂਦੇ ਹਨ ਅਤੇ ਵੈਰੀ ਦੀ ਜਾਨ ਕੱਢ ਲੈਣ ਵਾਲਾ ਤੀਰ ਉਸ ਵਿੱਚ ਰੱਖਦੇ ਹਨ ਅਤੇ ਉਨ੍ਹਾਂ ਦੀ ਕਮਾਨ ਦਾ ਚਿੱਲਾ ਜਦ (ਖਿੱਚਿਆ ਹੋਇਆ) ਕੰਨ ਤੱਕ ਪੁੱਜਦਾ ਹੈ ਤਾਂ ਵੈਰੀ ਦੇ ਸਰੀਰ ਨੂੰ ਕਾਂਬਾ ਛਿੜ ਪੈਂਦਾ ਹੈ।

ਜਦ ਇਨ੍ਹਾਂ ਦਾ ਜੰਗੀ-ਕੁਹਾੜਾ ਚਿਲਤੇ ਪਰ ਪੈਂਦਾ ਹੈ ਤਾਂ ਵੈਰੀ ਦੇ ਸਰੀਰ ਦਾ ਚਿਲਤਾ ਹੀ ਉਸ ਦਾ ਕਫਨ ਬਣ ਜਾਂਦਾ ਹੈ।ਸਰੀਰ ਕਰਕੇ ਹਰ ਇੱਕ ਇਹ ਪਹਾੜ ਦਾ ਇੱਕ ਟੁਕੜਾ ਹੈ ਅਤੇ ਸ਼ਾਨ (ਡੀਲ ਡੌਲ) ਵਿੱਚ ਪੰਜਾਹ ਆਦਮੀਆਂ ਤੋਂ ਭੀ ਵੱਧ ਹੈ।

ਜੋ ਬਹਰਾਮ ਗੌਰ ਜੰਗਲੀ ਗਧਿਆਂ ਨੂੰ ਮਾਰ ਲੈਂਦਾ ਸੀ ਅਤੇ ਸ਼ੇਰਾਂ ਦੀਆਂ ਚੀਕਾਂ ਕਢਾ ਦਿੰਦਾ ਸੀ।

ਜੇ ਉਹ ਬਹਿਰਾਮ ਗੋਰ ਇਹਨਾਂ ਦੇ ਸਾਹਮਣੇ ਆ ਜਾਏ ਤਾਂ ਬਹਿਰਾਮ ਭੀ ਇਨ੍ਹਾਂ ਦੇ ਸਾਹਮਣੇ ਸਿਰ ਨੀਵਾਂ ਕਰ ਦੇਵੇ।

ਇਹ ਹਥਿਆਰ ਛੱਡ ਤੇ ਲੜਾਈ ਸਮੇਂ ਜਦ ਬੰਦੂਕ ਹੱਥ ਵਿਚ ਫੜ ਲੈਂਦੇ ਹਨ ਤਾਂ ਸ਼ੇਰਾਂ ਵਾਂਗੂੰ ਬੁੱਕਦੇ, ਨਾਹਰੇ ਮਾਰਦੇ, ਛਾਲਾਂ ਮਾਰਦੇ ਮੈਦਾਨ ਵਿੱਚ ਆਉਂਦੇ ਹਨ।

ਕਈਆਂ ਦੀਆਂ ਛਾਤੀਆਂ ਚੀਰ ਦਿੰਦੇ ਹਨ ਅਤੇ ਅਨੇਕਾਂ ਦਾ ਖੂਨ ਮਿੱਟੀ ਵਿਚ ਮਿਲਾ ਦਿੰਦੇ ਹਨ। ਤੂੰ ਇਹ ਕਹੁ ਇਹ ਬੰਦੂਕ ਪੁਰਾਣੇ ਸਮਿਆਂ ਵਿੱਚ ਇਨ੍ਹਾਂ ਸਗਾਂ ਦੀ ਕਾਢ ਹੈ, ਹਕੀਮ ਲੁਕਮਾਨ ਦੀ ਨਹੀਂ।

ਬੰਦੂਕਚੀ ਤਾਂ ਭਾਵੇਂ ਹੋਰ ਭੀ ਬਥੇਰੇ ਹਨ, ਪਰ ਇਸ ਦੇ (ਵਰਤੋਂ ਦੇ ਹੁਨਰ ਨੂੰ ਇਨ੍ਹਾਂ ਨਾਲੋਂ ਵੱਧ ਹੋਰ ਕੋਈ ਨਹੀਂ ਜਾਣਦਾ। ਅੱਗੇ, ਪਿੱਛੇ, ਸੱਜੇ, ਖੱਬੇ ਇਹ ਸੈਂਕੜੇ ਗੋਲੀਆਂ ਲਗਾਤਾਰ ਦਾਗੀ ਜਾਂਦੇ ਹਨ।

ਜੇ ਤੈਨੂੰ ਮੇਰੇ ਕਹੇ ਤੇ ਯਕੀਨ ਨਹੀਂ ਤਾਂ ਤੇਗਾਂ ਵਾਹੁਨ ਵਾਲੇ ਸੂਰਮਿਆਂ ਤੋਂ ਪੁੱਛ ਵੇਖ ਕਿ ਉਹ ਇਸ ਤੋ ਭੀ ਵੱਧ ਦੱਸਣਗੇ ਅਤੇ ਇਨ੍ਹਾਂ ਦੀ ਲੜਾਈ ਨੂੰ ਆਫਰੀਨ (ਸ਼ਾਬਾਸ਼) ਕਹਿਣਗੇ।

(ਮੇਰੀ) ਇਸ ਗੱਲ ਦੇ ਗਵਾਹ ਉਹ ਤੀਹ ਹਜ਼ਾਰ ਸੂਰਮੇ ਹਨ ਕਿ ਜੋ ਇਨ੍ਹਾਂ ਨਾਲ ਰਣ ਭੂਮੀ ਵਿਚ ਲੜੇ ਹਨ।

ਜੇ ਇੰਨ੍ਹਾਂ ਦੀਆਂ ਫੌਜਾਂ ਵਿਚ ਭਾਜੜ ਭੀ ਪੈ ਜਾਏ, ਤਾਂ ਭੀ ਐ ਜਵਾਂ, ਇਸ ਨੂੰ ਭਾਜੜ ਨਾ ਸਮਝੀ।

ਕਿਉਂਕਿ ਇਹ ਭੀ ਇਨ੍ਹਾਂ ਦੀ ਲੜਾਈ ਦਾ ਇਕ ਦਾਉ ਹੈ। ਇਨ੍ਹਾਂ ਦੇ ਇਸ (ਜਾਲ) ਤੋਂ ਬਚੋ, ਦੋਬਾਰਾ ਬਚੋ।

ਇਨ੍ਹਾਂ ਦਾ ਇਹ ਦਾਉ ਇਸ ਲਈ ਹੈ ਕਿ ਵੈਰੀ ਗਾਲਬ ਹੋ ਕੇ ਗੁੱਸੇ ਵਿੱਚ ਆ ਕੇ ਇਨ੍ਹਾਂ ਦੇ ਪਿੱਛੇ ਦੌੜਦਾ ਹੈ ਅਤੇ ਆਪਣੇ ਲਸ਼ਕਰ ਦੀ ਸਹਾਇਤਾ ਤੋਂ ਦੂਰ ਨਿਕਲ ਜਾਂਦਾ ਹੈ।

ਤਾਂ ਇਹ ਪਿੱਛੇ ਨੂੰ ਮੂੰਹ ਕਰਕੇ ਮੁੜ ਪੈਂਦੇ ਹਨ ਅਤੇ ਜੇ ਪਾਣੀ ਭੀ ਹੋਵੇ ਤਾਂ ਅੱਗ ਲਾ ਦਿੰਦੇ ਹਨ।

‘ਕੀ ਤੂੰ ਨਹੀਂ ਸੀ ਵੇਖਿਆ ਕਿ ਲੜਾਈ ਵਿੱਚ ਇਹ (ਮੀਰ ਨਸੀਰ) ਖਾਨ ਦੇ ਅੱਗੋਂ ਧੋਖਾ ਦੇਣ ਲਈ ਭੱਜ ਨਿਕਲੇ ਸਨ ਅਤੇ ਫੇਰ ਖਾਨ ਵੱਲ ਨੂੰ ਪਿੱਛੇ ਮੁੜ ਪਏ ਸਨ ਅਤੇ ਉਸ ਨੂੰ ਆਪਣੇ ਘੇਰੇ ਵਿੱਚ ਲੈ ਲਿਆ ਸੀ।

ਤਦ ਉਹ ਸਤਿਕਾਰ ਯੋਗ ਸੂਰਮਾ ਆਪਣੇ ਘੋੜੇ ਤੋਂ ਉਤਰ ਪਿਆ ਅਤੇ ਤੀਰ ਅਤੇ ਗੋਲੀ ਚਲਾਉਣ ਲੱਗ ਪਿਆ ਬਹਾਦਰੀ ਨਾਲ ਉਨ੍ਹਾਂ ਦੇ ਘੇਰੇ ‘ਚੋਂ ਬਾਹਰ ਨਿਕਲਿਆ।

ਤੂੰ, ਐ ਸੂਰਮੇ, ਆਪ ਹੀ ਇਨ੍ਹਾਂ ਦੀ ਲੜਾਈ ਬਾਬਤ ਨਿਆਉਂ ਕਰ। | ਇਨ੍ਹਾਂ ਦੀ ਇੱਕ ਫੌਜ ਨੇ ਮੁਲਤਾਨ ਤੱਕ ਜਾ ਧਾਈ ਕੀਤੀ ਅਤੇ ਸ਼ਹਿਰ ਅੰਦਰ ਜਾ ਕੇ ਲੁੱਟ ਲਿਆ।

ਇਹ ਸਗ ਉਥੋਂ ਬੇਅੰਤ ਮਾਲ ਲੈ ਗਏ ਹਨ, ਦਿਲ ਨਹੀਂ ਮੰਨਦਾ ਜੋ ਕੁੱਝ ਇਨ੍ਹਾਂ ਸਗਾਂ ਉਥੇ ਕੀਤਾ।

ਰੱਬ ਨੇ ਜਦ ਤੋਂ ਇਹ ਸੰਸਾਰ ਸਾਜਿਆ ਹੈ ਕਿਸੇ ਨੂੰ ਯਾਦ ਨਹੀਂ ਕਿ ਕਿਸੇ ਨੇ ਮੁਲਤਾਨ ਪਰ ਅਜਿਹਾ ਹੱਲਾ ਕੀਤਾ ਹੋਵੇ। ਪਰ ਜਦ ਰੱਬ ਦੀ ਮਰਜ਼ੀ ਹੀ ਇਸ ਤਰ੍ਹਾਂ ਸੀ, ਤਾਂ ਸਾਨੂੰ ਉਸ ਦੀ ਰਜ਼ਾ ਵਿੱਚ ਹੀ ਰਾਜ਼ੀ ਰਹਿਣਾ ਹੋਇਆ।

ਉਨ੍ਹਾਂ ਦੀ ਲੜਾਈ ਤੋਂ ਬਿਨਾਂ ਇੱਕ ਹੋਰ ਗੱਲ ਸੁਣੋ, ਜਿਸ ਵਿੱਚ ਇਹ ਹੋਰ ਸਭ ਸੂਰਮਿਆਂ ਨਾਲੋਂ ਅੱਗੇ ਹਨ।

ਇਹ ਨਾਮਰਦ ਨੂੰ (ਜੋ ਲੜਾਈ ਵਿੱਚ ਹਥਿਆਰ ਰੱਖ ਦੇਵੇ) ਕਦੇ ਭੀ ਨਹੀਂ ਮਾਰਦੇ ਅਤੇ ਨਾ ਹੀ ਭੱਜ ਨਿਕਲੇ ਨੂੰ ਰੋਕਣ ਜਾਂਦੇ ਹਨ ਅਤੇ ਨਾ ਹੀ ਇਨ੍ਹਾਂ ਭੈੜੀਆਂ ਰਗਾਂ ਵਾਲਿਆਂ ਵਿੱਚ ਚੋਰੀ ਹੈ।

ਜਨਾਨੀ ਭਾਵੇਂ ਜਵਾਨ ਹੈ ਬੁੱਢੀ ਕਹਿੰਦੇ ਹਨ ਬੁਢੀਏ! ਇੱਕ ਪਾਸੇ ਹੱਟ ਜਾ।

ਹਿੰਦੁਸਤਾਨੀ ਬੋਲੀ ਵਿੱਚ ‘ਬੁੱਢੀ ਦੇ ਅਰਥ ਹਨ ਵਡੇਰੀ ਉਮਰ ਵਾਲੀ ਤ੍ਰੀਮਤ ਇਨ੍ਹਾਂ ਵਿੱਚ ਨਾ ਚੋਰੀ ਹੈ ਅਤੇ ਨਾ ਹੀ ਇਨ੍ਹਾਂ ਵਿੱਚ ਕੋਈ ਸੰਨ੍ਹਾਂ ਮਾਰਨ ਵਾਲਾ ਹੈ।

ਵਿਭਚਾਰੀ ਅਤੇ ਸੰਨ੍ਹਾਂ ਮਾਰਨ ਵਾਲੇ ਨਾਲ ਇਹ ਮਿੱਤਰਤਾ ਨਹੀਂ ਰੱਖਦੇ, ਭਾਵੇਂ ਇਨ੍ਹਾਂ ਦੀਆਂ ਹੋਰ ਗੱਲਾਂ ਠੀਕ ਨਹੀਂ।

ਹੇ ਨਾਮਵਰ (ਸੱਜਨ), ਜੇ ਇਨ੍ਹਾਂ ਦੇ ਧਰਮ ਸਬੰਧੀ ਤੈਨੂੰ ਪਤਾ ਨਹੀਂ, ਮੈਂ ਤੈਨੂੰ ਦੱਸਦਾ ਹਾਂ।

ਕਿ ਇਹ ਸਿੱਖ ਗੁਰੂ ਦੇ ਚੇਲੇ ਹਨ ਕਿ ਜੋ ਉਹ ਨੇਕ-ਬਖਤ ਬਜ਼ੁਰਗ ਚੱਰ (ਗੁਰੂ-ਚੱਕ, ਅੰਮ੍ਰਿਤਸਰ) ਵਿੱਚ ਹੋਇਆ ਹੈ।

ਉਸ ਤੋਂ ਪਿੱਛੋਂ ਉਸ ਦਾ ਖਲੀਫਾ (ਗੱਦੀ ਨਸ਼ੀਨ) ਗੋਬਿੰਦ ਸਿੰਘ ਹੋਇਆ ਹੈ ਜਿਸ ਤੋਂ ਇਨ੍ਹਾਂ ਨੂੰ ‘ਸਿੰਘ’ ਪਦਵੀ ਮਿਲੀ ਹੈ।

ਇਹ ‘ਸਗ’ ਹਿੰਦੂਆਂ ਵਿੱਚੋਂ ਨਹੀਂ ਹਨ। ਇਨ੍ਹਾਂ ਬੈੜਿਆਂ ਦਾ ਰਾਹ ਹੀ ਵੱਖਰਾ ਹੈ।

 

ਇਹ ਲਿਖਤ ਬਬਾਣੀਆਂ ਕਹਾਣੀਆਂ – “ਪੁਰਾਤਨ ਸਿੰਘਾਂ ਦਾ ਕਿਰਦਾਰ” ਸਿੱਖ ਸ਼ਹਾਦਤ ਮੈਗਜ਼ੀਨ ਵਿੱਚ ਅਪ੍ਰੈਲ 2005 ਵਿੱਚ ਛਪੀ ਸੀ। ਇੱਥੇ ਅਸੀ ਇਹ ਲਿਖਤ ਪਾਠਕਾਂ ਦੀ ਜਾਣਕਾਰੀ ਲਈ ਸਾਂਝੀ ਕਰ ਰਹੇ ਹਾਂ

0 0 votes
Article Rating
Subscribe
Notify of
0 ਟਿੱਪਣੀਆਂ
Inline Feedbacks
View all comments
0
Would love your thoughts, please comment.x
()
x