ਦਾਸਤਾਨ ਏ ਸਰਹਿੰਦ ਫਿਲਮ ਬੰਦ ਕਰਵਾਉਣੀ ਕਿਉਂ ਜ਼ਰੂਰੀ ਹੈ ?

ਦਾਸਤਾਨ ਏ ਸਰਹਿੰਦ ਫਿਲਮ ਬੰਦ ਕਰਵਾਉਣੀ ਕਿਉਂ ਜ਼ਰੂਰੀ ਹੈ ?

( ਭਾਗ ੧) ਆਧੁਨਿਕ ਪਰਚਾਰ ਜੁਗਤਾਂ ਅਤੇ ਰਵਾਇਤ
ਆਧੁਨਿਕਤਾ ਅਤੇ ਤਰਕਸ਼ੀਲਤਾ ਕਾਰਨ ਕਈ ਵਾਰ ਇਹ ਦਲੀਲ ਦਿੱਤੀ ਜਾਂਦੀ ਹੈ ਕਿ ਸਾਨੂੰ ਆਪਣਾ ਪ੍ਰਚਾਰ ਸਮੇਂ ਦਾ ਹਾਣੀ ਬਣਾਉਣ ਲਈ ਨਵੀਆਂ ਜੁਗਤਾਂ ਅਪਣਾਉਣੀਆਂ ਚਾਹੀਦੀਆਂ ਹਨ। ਨਵੀਆਂ ਜੁਗਤਾਂ ਅਪਨਾਉਣ ਵਿੱਚ ਕੋਈ ਹਰਜ ਨਹੀਂ ਹੈ ਪਰ ਜੇਕਰ ਉਹ ਕੇਵਲ ਮਨ ਦੀ ਉਡਾਰੀ ਉੱਤੇ ਕੇਂਦ੍ਰਿਤ ਹਨ ਅਤੇ ਉਸ ਨੂੰ ਪਹਿਲ ਦਿੰਦੀਆਂ ਹਨ ਤਾਂ ਇਹ ਜੁਗਤਾਂ ਇਕ ਬੱਚੇ ਨੂੰ ਦੂਜੇ, ਤੀਜੇ ਦਰਜੇ ਦੀ ਧਾਰਮਿਕਤਾ ਤੋਂ ਵੱਧ ਹੋਰ ਕੁਝ ਨਹੀਂ ਦੇ ਸਕਦੀਆਂ। ਫੈਂਟਾਸੀ ਵਿਚ ਲਪੇਟਿਆ ਕਿਰਦਾਰ ਜੀਵਨ ਦੀ ਵਿਹਾਰਕਤਾ ਨਾਲ ਕਦਮ ਮੇਚ ਕੇ ਤੁਰਨ ਤੋਂ ਅਸਮਰਥ ਹੁੰਦਾ ਹੈ। ਇਹ ਮਾਸੂਮ ਮਨ ਦੀ ਉਤਸੁਕਤਾ ਨੂੰ ਕੁਝ ਦੇਰ ਲਈ ਚਕ੍ਰਿਤ ਕਰ ਸਕਦਾ ਹੈ ਜਾਂ ਸੂਖਮ ਅਚੰਭੇ ਨਾਲ਼ ਮਾਸੂਮ ਬੁਧ ਵਿਚ ਕਿਸੇ ਮਹਾਨ ਇਤਿਹਾਸਕ ਕਿਰਦਾਰ ਦਾ ਅੰਸ਼ਿਕ ਅਜਿਹਾ ਬੁੱਤ ਸਿਰਜ ਸਕਦਾ ਹੈ। ਇਸ ਤੋਂ ਵਧੇਰੇ ਇਸ ਦੀ ਸਮਰੱਥਾ ਨਹੀਂ ਹੁੰਦੀ। ਇਨ੍ਹਾਂ ਬੁੱਤਾਂ ਵਿੱਚ ਇੰਨੀ ਤਾਕਤ ਨਹੀਂ ਹੈ ਕਿ ਉਹ ਇਤਹਾਸ ਦੇ ਭੀਖਣ ਦਵੰਦ ਵਿੱਚ ਉਤਰਨ ਲਈ ਕਿਸੇ ਸ਼ਖਸੀਅਤ ਨੂੰ ਤਿਆਰ ਕਰ ਦੇਣ। ਹਾਂ ਇਹ ਜਰੂਰ ਹੈ ਕਿ ਵੀਡੀਓ ਪਲੇਅਰ ਨਾਲ ਫੁੱਟਬਾਲ ਜਾਂ ਕਾਰ ਰੇਸ ਦੇ ਅਭਿਆਸ ਵੇਚ ਕੋਈ ਬੱਚਾ ਪਰਪੱਕ ਹੋ ਜਾਏ। ਧਰਮ ਪ੍ਰਚਾਰ ਲਈ ਫੈਂਟੈਸੀ ਦੀ ਜੁਗਤ ਵਜੋਂ ਐਨੀਮੇਸ਼ਨ ਫਿਲਮ ਦੇ ਹਮਾਇਤੀ ਇਹ ਜ਼ਰੂਰ ਸੋਚਣ ਕੇ ਕੀ ਸਿੱਖੀ ਅਚੰਭਾ-ਰਸ ਉਪਰ ਟਿਕ ਸਕਦੀ ਹੈ ?

( ਭਾਗ ੨) ਫਿਲਮਾਂ ਰਾਹੀਂ ਪ੍ਰਚਾਰ ਦਾ ਤਰਕ
ਆਧੁਨਿਕਤਾ ਨੇ ਮਨੁੱਖ ਦੀ ਜੀਵਨ ਸ਼ੈਲੀ ਨੂੰ ਇੰਨਾ ਜ਼ਿਆਦਾ ਪ੍ਰਭਾਵਤ ਕਰ ਦਿੱਤਾ ਹੈ ਕਿ ਇਸ ਨਾਲ ਪਰਿਵਾਰ ਦੇ ਰਿਸ਼ਤੇ ਵੀ ਨਵੀਂ ਪਰਿਭਾਸ਼ਾ ਗ੍ਰਹਿਣ ਕਰ ਗਏ ਹਨ। ਜੀਵਨ ਸ਼ੈਲੀ ਦੇ ਅਸਰ ਕਾਰਨ ਮਾਪਿਆਂ ਕੋਲ ਆਪਣੇ ਬੱਚਿਆਂ ਨੂੰ ਧਰਮ ਦੀ ਮੌਲਿਕਤਾ ਨਾਲ ਜੋੜਨ ਦੀ ਪ੍ਰਤਿਭਾ ਖਤਮ ਹੋ ਚੁੱਕੀ ਹੈ। ਆਧੁਨਿਕ ਸਮਾਜ ਵਿਚ ਧਰਮ ਅਕਾਲ ਪੁਰਖ ਨਾਲ ਰਿਸ਼ਤੇ ਦਾ ਪੰਧ ਨਹੀਂ ਹੈ ਬਲਕਿ ਧਰਮ ਮਨੋਵਿਗਿਆਨਕ ਲੋੜ ਵਜੋਂ, ਪਛਾਣ ਅਤੇ ਮਾਨਸਿਕ ਤਨਾਵ ਘਟ ਕਰਨੇ ਦੀ ਕਸਰਤ ਬਣਦਾ ਜਾ ਰਿਹਾ ਹੈ। ਇਸ ਜੀਵਨ ਸ਼ੈਲੀ ਨਾਲ ਨਵੀਂ ਪੀੜ੍ਹੀ ਦੇ ਬੱਚੇ ਧਰਮ ਤੋਂ ਬਹੁਤ ਦੂਰ ਜਾ ਰਹੇ ਹਨ। ਨਵੀਂ ਪੀੜ੍ਹੀ ਦੇ ਬੱਚੇ ਆਪਣੀ ਤਰਕਸ਼ੀਲਤਾ ਕਾਰਨ ਨਵੀਂ ਕਿਸਮ ਦੇ ਮੁੱਲ ਪ੍ਰਬੰਧ ਦੇ ਧਾਰਨੀ ਹੋ ਰਹੇ ਹਨ ਜੋ ਆਮ ਤੌਰ ‘ਤੇ ਰਵਾਇਤੀ ਮੁੱਲ ਪ੍ਰਬੰਧ ਨਾਲ ਟਕਰਾਅ ਵਾਲੀ ਸਥਿਤੀ ਪੈਦਾ ਕਰਦਾ ਰਹਿੰਦਾ ਹੈ। ਮਾਪਿਆਂ ਨੂੰ ਇਹ ਗੱਲ ਬਹੁਤ ਚਿੰਤਾਤੁਰ ਕਰਦੀ ਹੈ ਪ੍ਰੰਤੂ ਧਰਮ ਦੀ ਮੌਲਿਕਤਾ ਤੋਂ ਸੱਖਣੇ ਹੋਣ ਕਾਰਨ ਉਹ ਧਰਮ ਦੇ ਅਸਲੀ ਅਨੁਭਵ ਦਾ ਸੰਚਾਰ ਕਰਨ ਵਿਚ ਅਸਮਰੱਥ ਰਹਿੰਦੇ ਹਨ। ਉਹ ਆਪਣੇ ਬੱਚਿਆਂ ਨੂੰ ਵਿਰਸੇ ਅਤੇ ਵਿਰਾਸਤ ਨਾਲ ਜੋੜਨ ਖਾਤਰ ਜਾਂ ਕਈ ਵਾਰ ਆਪਣੀ ਧਾਰਮਕ ਜਿੰਮੇਵਾਰੀ ਪੂਰੀ ਕਰਨ ਖਾਤਰ ਆਧੁਨਿਕ ਜੀਵਨ ਸ਼ੈਲੀ ਵਿਚੋਂ ਉਪਜੇ ਸਾਧਨਾਂ ਰਾਹੀਂ ਧਰਮ ਪ੍ਰਚਾਰ ਅਤੇ ਧਾਰਮਿਕਤਾ ਦੀ ਤਲਾਸ਼ ਕਰਦੇ ਹਨ।

ਆਧੁਨਿਕ ਸਮਾਜ ਸਿੱਖਿਅਤ ਲੋਕਾਂ ਦਾ ਸਮਾਜ ਹੈ। ਆਧੁਨਿਕ ਸਮਾਜ ਵਿੱਚ ਸਿੱਖਿਆ, ਗਿਆਨ ਦਾ ਸਾਧਨ ਨਹੀਂ ਹੈ ਬਲਕਿ ਮਨੁੱਖੀ ਵਿਵਹਾਰ ਨੂੰ ਨਿਰਧਾਰਤ ਜੀਵਨ ਸ਼ੈਲੀ ਅਨੁਸਾਰ ਸਿਧਾਉਣ ਦਾ ਸਾਧਨ ਮਾਤਰ ਹੈ। ਇਸ ਵਿਚ ਸਿਖਾਉਣ ਅਤੇ ਸਿਧਾਉਣ ਦੇ ਤਰੀਕੇ ਦੀ ਬਹੁਤ ਮਹੱਤਤਾ ਹੈ। ਪੱਛਮੀ ਸਮਾਜ ਵਿਚ ਸਿਖਾਉਣ ਦੇ ਤਰੀਕੇ ਵਜੋਂ ਫੈਂਟੈਸੀ (ਵਚਿੱਤਰ ਅਤੇ ਚਕਾਚੌਂਧ ਕਰਨ ਵਾਲੀ ਜੁਗਤ) ਇਕ ਮਹੱਤਵਪੂਰਨ ਸਾਧਨ ਹੈ। ਕਾਰਟੂਨ ਅਤੇ ਐਨੀਮੇਸ਼ਨ ਇਸੇ ਹੀ ਲੋੜ ਦੀ ਪੂਰਤੀ ਹਿਤ ਪੈਦਾ ਕੀਤੇ ਜਾਂਦੇ ਹਨ। ਪ੍ਰੰਤੂ ਵੇਖਣ ਵਾਲੀ ਗੱਲ ਇਹ ਹੈ ਕਿ ਇਸ ਤਰ੍ਹਾਂ ਸਿਧਾਇਆ ਹੋਇਆ ਮਨੁੱਖ ਸਿੱਖੀ ਦੇ ਇਲਾਹੀ ਖਿਆਲ ਅਤੇ ਇਤਿਹਾਸ ਦੇ ਸੰਯੁਕਤ ਪ੍ਰਵਾਹ ਵਿੱਚ ਸਿਰਜੇ ਮਹਾਂ ਮਾਨਵਾ ਨਾਲ ਕਦਮ ਮੇਚ ਕੇ ਤੁਰਨ ਦੇ ਸਮਰੱਥ ਹੈ ਜਾਂ ਨਹੀਂ। ਸਾਦਾ ਸ਼ਬਦਾਂ ਵਿਚ ਇਹ ਕਿਹਾ ਜਾ ਸਕਦਾ ਹੈ ਕਿ ਫੈਂਟੈਸੀ ਦੀ ਜੁਗਤ ਵਰਤ ਕੇ ਇੱਕ ਬੱਚੇ ਨੂੰ ਸਿੱਖੀ ਵਿੱਚ ਪ੍ਰਵਾਹਮਾਨ ਦੈਵੀ ਸਿਦਕ ਨਾਲ ਸਰਸ਼ਾਰ ਨਹੀਂ ਕੀਤਾ ਜਾ ਸਕਦਾ
ਸਿੱਖ ਇਤਿਹਾਸ ਅਤੇ ਸਿਧਾਂਤ ਉੱਪਰ ਬਣਨ ਵਾਲੀਆਂ ਫੀਚਰ, ਦਸਤਾਵੇਜ਼ੀ, ਵਪਾਰਕ ਅਤੇ ਐਨੀਮੇਸ਼ਨ ਫ਼ਿਲਮ ਬਣਾਉਣ ਵਾਲੇ ਜਾਂ ਉਨ੍ਹਾਂ ਦੇ ਸਹਿਯੋਗੀ ਆਮ ਤੌਰ ਤੇ ਪਰਚਾਰ ਅਤੇ ਭਾਵਕਤਾ ਦਾ ਵਾਸਤਾ ਪਾਉਂਦੇ ਹਨ। ਪ੍ਰੰਤੂ ਅਸਲ ਵਿਚ ਉਨ੍ਹਾਂ ਦੀ ਮਨਸ਼ਾ ਸਿੱਖ ਸਮੱਗਰੀ ਪ੍ਰਤੀ ਸ਼ਰਧਾ ਅਤੇ ਭਾਵਨਾਂ ਤੋਂ ਮਾਲੀਆ ਉਗਰਾਉਣਾ ਹੁੰਦਾ ਹੈ। ਫ਼ਿਲਮ ਦੇ ਵਿਰੋਧ ਵਿੱਚ ਤਰਕ ਇਹ ਹੈ ਕਿ ਜੇਕਰ ਕਿਸੇ ਨੇ ਸਿੱਖੀ ਉੱਪਰ ਫਿਲਮ ਬਣਾਉਣੀ ਹੀ ਹੈ ਤਾਂ ਉਹ ਸਿੱਖ ਇਤਹਾਸ ਦੇ ਵੱਡੇ ਕਿਰਦਾਰਾਂ ਨੂੰ ਹੂਬਹੂ ਫ਼ਿਲਮਾਉਣ ਦੀ ਥਾਂ ਮੌਜੂਦਾ ਇਤਹਾਸਕ ਮਨੁੱਖ ਦੇ ਜੀਵਨ ਵਿਚ ਸਿੱਖੀ ਦੇ ਅਸਰ ਕਾਰਨ ਪੈਦਾ ਹੋਣ ਵਾਲੇ ਉੱਚੇ ਗੁਣਾਂ ਨੂੰ ਫ਼ਿਲਮਾਉਣ। ਅਜਿਹੀ ਕਹਾਣੀ ਲਿਖੀ ਜਾਵੇ ਜਿਸ ਵਿੱਚ ਸਿੱਖੀ ਦੀ ਉੱਚੀ ਅਧਿਆਤਮਕਤਾ ਜਾਂ ਕਿਸੇ ਯੋਧੇ ਦੇ ਮਹਾਨ ਕਰਤਬ ਨਾਲ ਆਮ ਮਨੁੱਖ ਨਾਇਕ ਦੇ ਗੁਣ ਧਾਰਣ ਕਰਦਾ ਵਿਖਾਇਆ ਜਾਵੇ। ਉਹ ਆਮ ਮਨੁੱਖ ਸਿੱਖੀ ਦੇ ਸੰਪਰਕ ਵਿੱਚ ਆਉਣ ਤੋਂ ਬਾਅਦ, ਬਦੀ ਦੀਆਂ ਤਾਕਤਾਂ ਨਾਲ ਲੋਹਾ ਲਵੇ ਜੇਕਰ ਉਹ ਬਦੀ ਦੀਆਂ ਤਾਕਤਾਂ ਨਾਲ ਟਕਰਾਉਂਦਿਆਂ ਸ਼ਹੀਦ ਵੀ ਹੋ ਜਾਵੇ ਤਾਂ ਵੀ ਇਹ ਉਸਦੀ ਜਿੱਤ ਸਾਬਤ ਹੋਵੇਗੀ। ਪਰ ਇਹ ਕੰਮ ਬਹੁਤ ਉੱਚੀ ਸੁਰਤਿ ਅਤੇ ਮਹਾਨ ਸਿਰਜਣਾਤਮਕ ਪ੍ਰਤਿਭਾ ਦੁਆਰ ਕੀਤਾ ਜਾਣ ਵਾਲਾ ਕੰਮ ਹੈ । ਜੇਕਰ ਫ਼ਿਲਮ ਬਣਾਉਣ ਵਾਲਿਆਂ ਕੋਲ ਇਸ ਤਰਾਂ ਦੀ ਪ੍ਰਤਿਭਾ ਦੀ ਘਾਟ ਹੈ ਤਾਂ ਫਿਰ ਉਹ ਸਿੱਖ ਸਮੱਗਰੀ ਨੂੰ ਵੇਚ ਕੇ ਮਾਇਆ ਬਟੋਰਨ ਦੇ ਗੁਨਾਹ ਵਿਚ ਚੇਤੰਨ ਜਾਂ ਅਚੇਤ ਤੌਰ ‘ਤੇ ਗ਼ਲਤਾਨ ਹਨ।
 (ਭਾਗ ੩) ਗੁਰੂ ਜੋਤ, ਮਨੁੱਖੀ ਸੁਰਤਿ ਅਤੇ ਗਿਆਨ
ਗੁਰੂ ਨਾਨਕ ਜੋਤਿ ਦੇ ਪ੍ਰਕਾਸ਼ ਨਾਲ ਗੁਰੂ ਤੇ ਸਿੱਖ ਦਾ ਰਿਸ਼ਤਾ ਵੀ ਪ੍ਰਕਾਸ਼ਮਾਨ ਹੋਇਆ। ਗੁਰੂ ਅਤੇ ਸਿੱਖ ਦਾ ਰਿਸ਼ਤਾ ਪਰਤੀਤੀ ਸੱਤਿਆ ਅਤੇ ਅਕਾਲ ਪੁਰਖ ਦੀ ਬਖਸ਼ਿਸ਼ ਨਾਲ ਗੁਰਸਿਖ ਵਜੋਂ ਜਲਵਾਨੁਮਾ ਹੁੰਦਾ ਹੈ। ‘ਗੁਰਸਿੱਖ’ ਪ੍ਰਚੰਡ ਪ੍ਰਤੀਤੀ ਸੱਤਿਆ ਨਾਲ ਇਲਾਹੀ ਨਿਯਮ ਅਤੇ ਦੁਨਿਆਵੀ ਪਾਸਾਰ ਦੀ ਏਕਤਾ ਦਾ ਬਿੰਦੂ ਬਣਦਾ ਹੈ। ਅਕਾਲ ਪੁਰਖ ਨਾਲ ਇਕ-ਮਿਕ ਹੋਈ ਸੁਰਤਿ ਅਕਾਲ ਪੁਰਖ ਦੀਆਂ ਕਰਤਾਰੀ ਸ਼ਕਤੀਆਂ ਦੀ ਧਾਰਨੀ ਵੀ ਹੋ ਜਾਂਦੀ ਹੈ ਜੋ ਸਦਾ ਕਰਮਸ਼ੀਲ ਰਹਿੰਦੀ ਹੈ ਅਤੇ ਕਿਸੇ ਕਿਸਮ ਦੇ ਆਲਸ ਦਾ ਸ਼ਿਕਾਰ ਨਹੀਂ ਹੁੰਦੀ। ਇਹਨਾਂ ਕਰਤਾਰੀ ਸ਼ਕਤੀਆਂ ਨਾਲ ਸ਼ਿੰਗਾਰੀ ਹੋਈ ਸੁਰਤ ਨੂੰ ਇਹ ਸੰਸਾਰ, ਸੰਜੋਗ-ਵਿਜੋਗ ਦੀ ਖੇਡ ਲੱਗਣ ਲੱਗ ਪੈਂਦਾ ਹੈ ਅਤੇ ਉਹ ਹਰ ਕਿਸਮ ਦੇ ਡਰ ਭੈਅ ਤੋਂ ਆਜ਼ਾਦ ਹੋ ਜਾਂਦੀ ਹੈ। ਖੰਡੇ ਵਾਂਗਰ ਪ੍ਰਚੰਡ ਹੋਈ ਸੁਰਤ ਜੇਕਰ ਗੁਰੂ ਸਾਹਿਬਾਨ, ਤੇ ਉਨ੍ਹਾਂ ਦੀ ਹਜੂਰੀ ਵਿਚ ਰਹਿਣ ਵਾਲੇ ਗੁਰਸਿੱਖ, ਗੁਰੂ ਕੇ ਮਹਲ, ਸਾਹਿਬਜ਼ਾਦਿਆਂ ਅਤੇ ਮਹਾਨ ਗੁਰਮੁਖਾਂ ਅਥਵਾ ਸ਼ਹੀਦਾਂ ਸਬੰਧੀ ਕੋਈ ਦੁਨਿਆਵੀ ਪ੍ਰਗਟਾਵਾ ਕਰਨਾ ਚਾਹਵੇ ਤਾਂ ਉਹ ਸਿੱਖ-ਯਾਦ ਦੇ ਸਿਮਰਨ-ਸਰੋਤਾਂ ਵਿੱਚੋਂ ਮੌਲਿਕ ਅਹਿਸਾਸ ਦੀ ਸਿਰਜਣਾ ਕਰਦੀ ਹੈ ਜੋ ਦੂਸਰਿਆਂ ਦੀ ਪਰਤੀਤੀ ਸੱਤਿਆ ਨੂੰ ਜਗਾਉਣ ਦਾ ਉਪਰਾਲਾ ਮਾਤਰ ਹੋ ਸਕਦਾ ਹੈ। ਧਰਮਪ੍ਰਤੀਤੀ ਅਤੇ ਸੁਰਤ ਦੀ ਪੱਧਰ ਤੇ ਕੀਤੇ ਗਏ ਰੂਹਾਨੀ ਸਫ਼ਰ ਨਾਲ ਅਕਾਲ ਪੁਰਖ ਦੇ ਨਕਸ਼ਾਂ ਬਾਰੇ ਵੀ ਸੁਰਤ ਨੂੰ ਗਿਆਨ ਹੋਣਾ ਆਰੰਭ ਹੋ ਜਾਂਦਾ ਹੈ ਪ੍ਰੰਤੂ ਸਿੱਖੀ ਵਿਚ ਅਕਾਲ ਪੁਰਖ ਦੇ ਕਿਸੇ ਇਕ ਸਰੂਪ ਦਾ ਸਥੂਲਤਾ ਸਹਿਤ, ਚੱਕਰ-ਚਿਹਨ ਵਾਲਾ ਵਰਨਣ ਨਹੀਂ ਕੀਤਾ ਜਾਂਦਾ ਸਗੋਂ ਇਸ ਨੂੰ ਕਾਵ ਅਨੁਭੂਤੀ ਰਾਹੀ ਤਰਲ ਲਚਕੀਲਾ ਅਤੇ ਅਚਿਹਨ ਹੀ ਵਰਣਨ ਕੀਤਾ ਜਾਂਦਾ ਹੈ।

ਗੁਰਸਿਖ ਅਤੇ ਗੁਰਮੁਖ ਬਾਹਰੀ ਤੌਰ ‘ਤੇ ਰੁੱਖਾਂ ਦੀ ਜੀਰਾਂਦ ਦੇ ਧਾਰਨੀ ਹੁੰਦੇ ਹਨ ਪਰੰਤੂ ਉਨ੍ਹਾਂ ਦੀ ਸੁਰਤਿ ਅਕਾਲਪੁਰਖ ਵੱਲ ਗਰਜ਼ਦੇ ਨਾਦ ਸਹਿਤ ਪ੍ਰਵਾਹਮਾਨ ਹੁੰਦੀ ਹੈ ਭਾਵ ਗੁਰਸਿੱਖ ਸੁਰਤਿ ਕਰ ਕੇ ਹਰ ਖਿਣ ਗੁਰੂ ਅਤੇ ਅਕਾਲਪੁਰਖ ਵੱਲ ਗਾਮਜਨ ਰਹਿੰਦਾ ਹੈ, ਪ੍ਰੰਤੂ ਹਰੇਕ ਸਿੱਖ ਦੀ ਸੁਰਤਿ ਕਰਤਾਰੀ ਸ਼ਕਤੀਆਂ ਨਾਲ ਸ਼ਿੰਗਾਰੀ, ਕਰਮਸ਼ੀਲ ਅਤੇ ਬੇ ਪ੍ਰਵਾਹ ਨਹੀਂ ਹੋ ਸਕਦੀ । ਕਈ ਵਾਰ ਕਮਜ਼ੋਰ ਧਰਮ-ਪਰਤੀਤੀ, ਆਲਸੀ ਬਿਰਤੀਆਂ ਅਤੇ ਕਰਮਹੀਣਤਾ ਕਾਰਨ, ਕਈ ਵਾਰ ਤਰਕਸ਼ੀਲਤਾ ਵਿਚੋਂ ਪੈਦਾ ਹੋਏ ਡਰ ਕਾਰਨ ਤੇ ਕਈ ਵਾਰ ਸਿੱਖੀ ਨੂੰ ਢਾਹ ਲਾਉਣ ਵਾਲੀਆਂ ਰਾਜਸੀ ਸ਼ਕਤੀਆਂ ਦੇ ਦਬਾਅ ਅਤੇ ਧਰਮ ਪ੍ਰਤੀ ਅਗਿਆਨ ਕਾਰਨ ਸਿੱਖ ਸੱਭਿਆਚਾਰ ਵਿੱਚ ਵਿਚ ਰਹਿਣ ਵਾਲੇ ਲੋਕ, ਗੁਰੂ-ਸੱਚ ਦੀ ਅਸਲ ਪਛਾਣ ਖਤਮ ਕਰਨ ਵਾਲੇ ਪ੍ਰਗਟਾਵੇ ਕਰਨ ਲੱਗ ਜਾਂਦੇ ਹਨ ਜਿਨ੍ਹਾਂ ਨੂੰ ਉਹ ਸਿਰਜਨਾਤਮਕ ਪ੍ਰਗਟਾਵਾ ਕਹਿ ਰਹੇ ਹੁੰਦੇ ਹਨ । ਅਸਲ ਵਿੱਚ ਉਹ ਬਿਪਰ ਸੰਸਕਾਰ ਦੇ ਛਲਾਵੇ ਹੇਠ ਬੁੱਤ ਪ੍ਰਸਤੀ ਦੇ ਨਵੇਂ ਰੂਪ ਪ੍ਰਗਟ ਕਰਦੇ ਹਨ।

ਬੁੱਤ ਘੜਨ ਦਾ ਅਮਲ ਮਾਨਸਿਕਤਾ ਦੇ ਡੂੰਘੇ ਧਰਾਤਲਾਂ ‘ਤੇ ਧਰਮ ਅਨੁਭੂਤੀ ਦੇ ਨਿਰਾਕਾਰ ਮੰਡਲਾਂ ਵਿਚ ਵਾਪਰਦਾ ਹੈ। ਜਦੋਂ ਮਨੁੱਖ ਦੀ ਧਰਮ ਪ੍ਰਤੀਤੀ ਜਾਗ੍ਰਿਤ ਹੁੰਦੀ ਹੈ ਤਾਂ ਉਹ ਰੱਬ ਦੇ ਦੇਸ਼ ਵੱਲ ਸਫ਼ਰ ਕਰਦਾ ਹੈ। ਇਹ ਸਫ਼ਰ ਸੁਰਤ ਦੇ ਨਿਰਾਕਾਰ ਮੰਡਲਾਂ ਵਿਚ ਕੀਤਾ ਜਾਂਦਾ ਹੈ ਅਤੇ ਇਸ ਦਾ ਅਸਰ ਸ਼ਖ਼ਸੀਅਤ ਉਪਰ ਦਿਸਣਾ ਆਰੰਭ ਹੋ ਜਾਂਦਾ ਹੈ। ਇਸ ਸਫ਼ਰ ਨਾਲ ਸਾਧਕ ਦੀ ਸੁਰਤਿ ਉੱਚੀ ਉਠਣੀ ਸ਼ੁਰੂ ਹੁੰਦੀ ਹੈ ਤੇ ਉੱਚੀ ਸੁਰਤ ਦੇ ਨਾਲ ਹੀ ਉਸ ਦੀ ਫਿਤਰਤ ਵਿਚ ਪਈਆਂ ਆਲਸੀ ਬਿਰਤੀਆਂ ਵੀ ਤਾਕਤਵਰ ਹੋ ਜਾਂਦੀਆ ਹਨ । ਮਨੁੱਖ ਦਾ ਆਪਣਾ ਆਲਸ ਹੀ ਉਸ ਨੂੰ ਬੰਦਗੀ ਦੇ ਨਿਰਾਕਾਰ ਮੰਡਲਾਂ ਵਿਚ ਜ਼ਿਆਦਾ ਸਮਾਂ ਨਹੀਂ ਰਹਿਣ ਦਿੰਦਾ ਅਤੇ ਉਹ ਰੱਬ ਦੀ ਪ੍ਰਾਪਤੀ ਦੇ ਸੌਖੇ ਰਾਹਾਂ ਦੀ ਤਲਾਸ਼ ਕਰਨ ਲੱਗਦਾ ਹੈ। ਇਹ ਤਲਾਸ਼ ਉਸ ਨੂੰ ਬਿਪਰ-ਸੰਸਕਾਰ ਦੇ ਖਾਰੇ ਸਮੁੰਦਰ ਵੱਲ ਲੈ ਜਾਂਦੀ ਹੈ। ਬਿਪਰ ਸੰਸਕਾਰ ਮਨੁੱਖ ਦੀ ਧਰਮ ਪ੍ਰਤੀਤੀ ਵਿਚ ਅਕਾਲ ਪੁਰਖ ਪ੍ਰਤੀ ਨਿਸ਼ੇਧ ਪ੍ਰਕਿਰਿਆ ਦਾ ਦਖ਼ਲ ਕਰਵਾ ਦਿੰਦਾ ਹੈ। ਇਸ ਨਾਲ ਮਨੁੱਖ ਦਾ ਪ੍ਰਤੀਤੀ ਸੱਤਿਆ ਨਾਲ ਕੀਤਾ ਜਾਣ ਵਾਲਾ ਸਫ਼ਰ ਰੁਕ ਜਾਂਦਾ ਹੈ ਅਤੇ ਸੁਰਤਿ ਵਿਚ ਅਕਾਲ ਪੁਰਖ ਦੇ ਬੁੱਤ ਬਣਨੇ ਸ਼ੁਰੂ ਹੋ ਜਾਂਦੇ ਹਨ । ਜਦੋਂ ਕੋਈ ਇਸ ਰੁਕੇ ਹੋਏ ਅਨੁਭਵ ਦਾ ਕਿਸੇ ਕਿਸਮ ਦਾ ਪਦਾਰਥਕ ਅਤੇ ਭਾਸ਼ਾਈ ਪ੍ਰਗਟਾਵਾ ਕਰਦਾ ਹੈ ਤਾਂ ਉਹ ਅਸਲ ਵਿਚ ਬੁੱਤ ਦੀ ਸਿਰਜਣਾ ਕਰ ਰਿਹਾ ਹੁੰਦਾ ਹੈ।

ਬਿਪਰ-ਸੰਸਕਾਰ ਦੀ ਗ੍ਰਿਫਤ ਵਿੱਚ ਆਈ ਚੇਤਨਾ ਰੱਬੀ ਹੁਕਮ ਅਤੇ ਮਿਹਰ ਨਾਲੋਂ ਟੁੱਟ ਜਾਂਦੀ ਅਤੇ ਇਸ ਖ਼ਲਾਅ ਨੂੰ ਭਰਨ ਲਈ ਇੰਦਰਿਆਵੀ ਗਿਆਨ ਦੀ ਤਲਬਗਾਰ ਹੋ ਜਾਂਦੀ ਹੈ। ਰੱਬੀ ਹੁਕਮ ਅਤੇ ਮਿਹਰ ਨਾਲੋਂ ਟੁੱਟਿਆ ਇੰਦਰਿਆਵੀ ਗਿਆਨ ਬੇਸ਼ੱਕ ਤਰਕ ਅਤੇ ਦਲੀਲ ਦੀ ਪਕਿਆਈ ਨਾਲ ਅੱਗੇ ਵੱਧਦਾ ਹੈ ਪ੍ਰੰਤੂ ਇਹ ਉੱਚੀ ਸੁਰਤ ਪੈਦਾ ਕਰਨ ਵਾਲੇ ਰੱਬੀ ਸਿਦਕ ਦੀ ਵਿਸ਼ੇਸ਼ ਦਿਮਾਗੀ ਸ਼ਕਤੀ ਸੀਮਤ ਗਿਆਨ-ਹਉਮੈਂ ਦੇ ਹਵਾਲੇ ਕਰ ਦਿੰਦਾ ਹੈ।
0 0 votes
Article Rating
Subscribe
Notify of
0 ਟਿੱਪਣੀਆਂ
Inline Feedbacks
View all comments
0
Would love your thoughts, please comment.x
()
x