ਵਿਸ਼ਵ ਇਤਿਹਾਸ ਵਿੱਚ ਸਾਹਿਬਜ਼ਾਦਿਆਂ ਦੀ ਅਦੁੱਤੀ ਸ਼ਹਾਦਤ ਦਾ ਸਥਾਨ

ਵਿਸ਼ਵ ਇਤਿਹਾਸ ਵਿੱਚ ਸਾਹਿਬਜ਼ਾਦਿਆਂ ਦੀ ਅਦੁੱਤੀ ਸ਼ਹਾਦਤ ਦਾ ਸਥਾਨ

ਭਾਰਤੀ ਧਰਮ ਚਿੰਤਨ ਵਿੱਚ ਸ਼ਹਾਦਤ ਦਾ ਸਿੱਖ ਸੰਦਰਭ ਬਹੁਤ ਹੀ ਨਿਆਰੇ ਅਤੇ ਉਚਤਮ ਪੱਦਵੀ ਦੇ ਰੂਪ ਵਿਚ ਆਇਆ ਹੈ।ਇਹ ਸ਼ਬਦ ਉਹਨਾਂ ਅਤਿਅੰਤ ਸਚਿਆਰ ਮਹਾਂਪੁਰਖਾਂ ਵਾਸਤੇ ਵਰਤਿਆ ਗਿਆ ਹੈ ਜੋ ਸੱਚ ਦੀ ਖਾਤਰ ਸਿਰ ਧੜ ਦੀ ਬਾਜ਼ੀ ਨਿਸ਼ੰਗ ਹੋਕੇ ਲਾ ਗਏ ਅਤੇ ਸੱਚ ਨੂੰ ਦੋਹੀਂ ਜਹਾਨੀ ਪ੍ਰਤੱਖ ਕਰ ਦਿੱਤਾ। ਇਵੇਂ ਸ਼ਹਾਦਤ ਸੱਚ ਨੂੰ ਕਾਇਮ ਕਰਨ ਦੀ ਗਵਾਹੀ ਹੈ।ਸਿੱਖ ਚਿੰਤਨ ਵਿੱਚ ਸਿੱਖ ਤੇ ਸ਼ਹੀਦ ਇੱਕ ਦੂਜੇ ਨਾਲ ਇੰਨੇ ਜੁੜ ਗਏ ਕਿ ਦੋਵੇਂ ਵਿਸ਼ਲੇਸ਼ਣ ਰੂਪ ਹੋ ਗਏ ਹਨ।

ਸਿੱਖੀ ਵਿੱਚ ਸ਼ਹਾਦਤ ਮਨੁੱਖੀ ਹਸਤੀ ਦਾ ਰੱਬੀ ਸੁਹਜ਼ ਵਿੱਚ ਕੇਂਦਰਿਤ ਹੋਣ ਦਾ ਨਾਮ ਹੈ ਤੇ ਇਸੇ ਕਰਕੇ ਵਿਸ਼ਵ ਇਤਿਹਾਸ ਵਿੱਚ ਸਿੱਖ ਸ਼ਹੀਦਾਂ ਦਾ ਰੂਹਾਨੀ ਸਫਰ ਅਜ਼ੀਮ ਬਣਿਆ ਹੋਇਆ ਹੈ।

ਇਸ ਤੋਂ ਪਹਿਲਾਂ ਕਿ

ਵਿਸ਼ਵ ਇਤਿਹਾਸ ਵਿੱਚ ਸਾਹਿਬਜ਼ਾਦਿਆਂ ਦੀ ਅਦੁੱਤੀ ਸ਼ਹਾਦਤ ਦੇ ਸਥਾਨ ਦੀ ਗੱਲ ਕੀਤੀ ਜਾਵੇ ਇਹ ਸਮਝ ਲੈਣਾ ਜਰੂਰੀ ਹੈ ਕਿ ਇਹ ਸ਼ਹਾਦਤਾਂ ਅਦੁੱਤੀ ਕਿਉਂ ਹਨ? ਇਸਦਾ ਸਿੱਧਾ ਸਾਦਾ ਉੱਤਰ ਇਹੀ ਹੈ ਕਿ ਕੋਈ ਵੀ ਸਿੱਖ ਸ਼ਹਾਦਤ ਕਿਸੇ ਪ੍ਰਕਾਰ ਦੇ ਨਿੱਜ ਕੇਦਰਿਤ ਸੌੜੀ ਗਰਜ ਅਧੀਨ ਨਹੀਂ ਵਾਪਰੀ ਸਗੋਂ ਇਹ ਜੀਵਨ ਦੀ ਸਹਿਜਤਾ ਵਿੱਚੋਂ ਪੈਦਾ ਹੋਏ ਪ੍ਰਮਾਰਥ ਦੇ ਰਾਹ ਦੇ ਸਿੱਖਾਂ ਨੂੰ ਬਦੇਹ ਹੋ ਕੇ ਜੀਵਨ ਜੀਣ ਦੇ ਅਮਲ ਰਾਹੀਂ ਸਿਖਾਈ ਹੈ।

ਸਿੱਖ ਰੂਹ ਵਿੱਚ ਜਾਗ ਕੇ ਬੇਦਾਹ ਹੁੰਦਾ ਹੈ ਕਿਉਂਕਿ ਉਸਨੂੰ ਇਸ ਰਹੱਸ ਦੀ ਸੋਝੀ ਹੁੰਦੀ ਹੈ ਕਿ ਜੀਵਨ ਨਾ ਜਨਮ ਨਾਲ ਸ਼ੁਰੂ ਹੁੰਦਾ ਹੈ ਨਾ ਮੋਤ ਨਾਲ ਸਮਾਪਤ। ਇਹਤਾਂ ਆਪਣੀ ਨਿਰੰਤਰਤਾ ਵਿੱਚ ਕਾਇਮ ਹੈ ਅਤੇ ਇਸ ਨਿਰੰਤਰਤਾ ਵਿੱਚ ਸਰੀਰ ਇੱਕ ਵਾਹਨ ਹੈ ਜੋ ਇੱਥੋਂ ਹੀ ਮਿਲਿਆ ਅਤੇ ਇੱਥੇ ਹੀ ਰਹਿ ਜਾਂਦਾ ਹੈ। ਇਸੇ ਕਰਕੇ ਸਿੱਖ “ਆਪਨ ਕੋ ਗਣਤ ਅਬਿਨਾਸੀ ਔਰਨ ਕੇ ਜੀਵ ਚੁਰਾਸੀ”(ਪੰਥ ਪ੍ਰਕਾਸ਼) ਸਮਝਦਾ ਹੈ।ਇਸ ਅਦਰਸ਼ ਨੇ ਹੀ ਸਿੱਖੀ ਜੀਵਨ ਨੂੰ ਤਿਆਰ ਬਰ ਤਿਆਰ ਖਾਲਸੇ ਦੇ ਰੂਪ ਵਿੱਚ ਢਾਲ ਦਿੱਤਾ ਜੋ ਹਰ ਸ਼ਹਾਦਤ ਲਈ ਵੀ ਆਪਣੇ ਸਹਿਜ਼ ਰੂਪ ਵਿੱਚ ਤਿਆਰ ਰਹਿੰਦਾ ਹੈ।

ਵਿਸ਼ਵ ਇਤਿਹਾਸ ਵਿੱਚ ਸ਼ਹਾਦਤਾਂ ਦੇ ਸਿੱਖ ਪ੍ਰਸੰਗ ਨੂੰ ਜਦੋਂ ਦੇਖਿਆ ਜਾਂਦਾ ਹੈ ਤਾਂ ਜਾਬਰ ਦੇ ਜ਼ੁਲਮ ਨਾਲੋ ਸਿੱਖ ਦਾ ਸਿੱਦਕ ਵਡੇਰਾ ਹੋ ਉਭਰਦਾ ਹੈ। ਇਹੀ ਇਨ੍ਹਾਂ ਸ਼ਹਾਦਤਾਂ ਦੇ ਅਦੁੱਤੀ ਹੋਣ ਦਾ ਆਧਾਰ ਹੈ।

ਇੱਥੇ ਇਹ ਜ਼ਿਕਰ ਕਰਨ ਦੀ ਲੋੜ ਨਹੀਂ ਕਿ ਸਾਹਿਬਜ਼ਾਦਿਆਂ ਨੇ ਸ਼ਹਾਦਤਾਂ ਕਿਵੇਂ ਪ੍ਰਾਪਤ ਕੀਤੀਆਂ?ਇਸ ਬਾਰੇ ਆਪ ਸਭ ਭਲੀਭਾਂਤ ਜਾਣੂ ਹੋ।ਲੋੜ ਇਸ ਗੱਲ ਦੀ ਹੈ ਕਿ ਸਿੱਖ ਇਤਿਹਾਸ ਦੀਆਂ ਸੁਨਹਿਰੀ ਪਰਤਾਂ ਵਿੱਚ ਇਹ ਸ਼ਹਾਦਤਾਂ ਆਪਣੇ ਰੁਹਾਨੀ ਗੌਰਵ ਨੂੰ ਸਥਾਪਿਤ ਕਰਦੀਆਂ ਵਿਸ਼ਵ ਪੱਧਰ ‘ਤੇ ਵਿਲੱਖਣ ਅਤੇ ਅਦੁੱਤੀ ਹੁੰਦੀਆਂ ਹੋਈਆਂ ਕੀ ਸਥਾਨ ਰੱਖਦੀਆਂ ਹਨ? ਇਹ ਸਥਾਨ ਨਿਸ਼ਚਿਤ ਕਰਨ ਲਈ ਸਾਨੂੰ ਭਾਰਤੀ ਤੇ ਸਾਮੀ ਪਰੰਪਰਾ ਦੀਆਂ ਇਤਿਹਾਸਕ ਪਰਤਾਂ ਫਰੋਲਣ ਦੀ ਲੋੜ ਹੈ।

ਪਹਿਲੀ ਗੱਲ ਜਿਵੇਂ ਸਿੱਖ ਚਿੰਤਨ ਵਿਚਾਰਧਰਾਈ ਪੱਧਰ ‘ਤੇ ਭਾਰਤੀ ਤੇ ਸਾਮੀ ਚਿੰਤਨ ਤੋਂ ਨਿਆਰਾ ਹੋਕੇ ਤੀਸਰੇ ਪੰਥ ਦੀ ਸਿਰਜਣਾ ਕਰਨਾ ਹੈ, ਇਵੇਂ ਹੀ ਇਹ ਸ਼ਹਾਦਤਾਂ ਇਨ੍ਹਾਂ ਪਰੰਪਰਾਵਾਂ ਤੋਂ ਨਿਆਰੇ ਸਰੋਕਾਰ ਸਿਰਜਦੀਆਂ ਹਨ।

ਜੇਕਰ ਭਾਰਤੀ ਚਿੰਤਨ ਦੇ ਸੰਦਰਭ ਵਿੱਚ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲੀ ਗੱਲ ਜੋ ਸਾਨੂੰ ਵੇਖਣ ਨੂੰ ਮਿਲਦੀ ਹੈ ਉਹ ਇਹ ਹੈ ਕਿ ਸਿੱਖ ਧਰਮ ਤੋਂ ਪਹਿਲਾਂ ਭਾਰਤੀ ਚਿੰਤਨ ਵਿੱਚ ਸ਼ਹੀਦੀ ਦਾ ਸੰਕਲਪ ਹੀ ਨਹੀ ਸੀ। ਅਤੇ ਨਾਹੀ ਇਹੋ ਜਿਹੀਆਂ ਸ਼ਹਾਦਤਾਂ ਭਾਰਤੀ ਇਤਿਹਾਸ ਨੂੰ ਵੇਖਣ ਨੂੰ ਮਿਲਦੀਆਂ ਸਨ। ਇਹੀ ਕਾਰਣ ਹੈ ਕਿ ਸਾਰੇ ਸੰਸਕ੍ਰਿਤ ਸਾਹਿਤ ਵਿੱਚ ਸ਼ਹਾਦਤ ਦੇ ਤੁਲ ਸ਼ਬਦ ਕੋਈ ਵਰਤਿਆ ਹੋਇਆ ਨਹੀਂ ਮਿਲਦਾ।ਇਹ ਗੱਲ ਮੈਂ ਕਿਸੇ ਚਿੰਤਨ ਨੂੰ ਛੁਟਿਆਉਣ ਲਈ ਨਹੀਂ ਕਹਿ ਰਿਹਾ ਸਗੋਂ ਤਰਕ ਸੰਗਤ ਰੂਪ ਵਿੱਚ ਕਹਿ ਰਿਹਾ ਹਾਂ।

ਹਾਂ ਜਿੰਨਾ ਲੋਕਾਂ ਨੇ ਕੋਈ ਕੁਰਬਾਨੀ ਕੀਤੀ, ਦੇਸ਼ ਕੌਮ ਲਈ ਆਪਾ ਵਾਰਿਆ ਉਨ੍ਹਾਂ ਲਈ ਬਲੀਦਾਨ ਸ਼ਬਦ ਆਇਆ ਹੈ।ਇਹ ਸ਼ਬਦ ਸ਼ਹਾਦਤ ਦੇ ਕਦਚਿਤ ਤੁੱਲ ਨਹੀ।ਇਹ ਬਲੀ ਦੀ ਰਸਮ ਤੋਂ ਉਜਾਗਰ ਹੋਇਆ ਸ਼ਬਦ ਹੈ।ਬਲੀ ਕਿਸੇ ਨਿਰਜਿੰਦ ਦੇਵਤੇ ਦੇ ਸਨਮੁੱਖ ਮੁੱਲ ਖਰੀਦੇ ਜ਼ਿੰਦਾ ਬੰਦੇ ਨੂੰ ਬੱਕਰੇ ਵਾਂਗ ਝਟਕਾ ਦੇਣ ਦੀ ਕਰੂਰ ਕਿਰਿਆ ਹੈ। ਇਸ ਕਰਕੇ ਬਲੀਦਾਨ ਕਦੇ ਵੀ ਸ਼ਹਾਦਤ ਨਹੀਂ ਬਣਿਆ। ਇਸ ਵਿੱਚ ਸੱਚ ਨੂੰ ਗਵਾਹੀ ਵਾਂਗ ਸਥਾਪਿਤ ਕਰਨ ਦੀ ਸੂਰਮਤਾਈ ਨਹੀਂ, ਸਗੋਂ ਦੇਵਤੇ ਦੀ ਕਰੋਪੀ ਤੋਂ ਬਚਣ ਦੀ ਮਜਬੂਰੀ ਕੰਮ ਕਰਦੀ ਹੈ।

ਹਾਂ ਹਕੀਕਤ ਰਾਏ ਵਰਗੇ ਦੀ ਕੋਈ ਵਿਰਲੀ ਟਾਂਵੀ ਕੁਰਬਾਨੀ ਦੀ ਉਦਾਹਰਨ ਜਰੂਰ ਮਿਲ ਜਾਂਦੀ ਹੈ।ਪਰ ਇਹ ਕੁਰਬਾਨੀ ਦੇਸ਼ ਪਿਆਰ ਨੂੰ ਇਸ ਜਹਾਨ ਵਿੱਚ ਪ੍ਰਤੱਖ ਤਾਂ ਜਰੂਰ ਕਰਦੀ ਹੈ, ਪਰ ਇਸ ਵਿੱਚ ਕੌਮ ਨੂੰ ਝੰਜੋੜ ਕੇ ਰੱਖ ਦੇਣ ਵਾਲਾ ਨਾ ਤਾਂ ਸਹਿਜ਼ ਹੈ ਅਤੇ ਨਾਹੀ ਇਲਾਹੀ ਨਦਰ ਦੇ ਪੈਡਿਆਂ ਸਫਰ ਹੈ।

ਇਸੇ ਕਰਕੇ ਇਹ ਸ਼ਹਾਦਤ ਬੁਲੰਦ ਹੁੰਦੀ ਹੋਈ ਵਕਤੀ ਬਣ ਕੇ ਰਹਿ ਗਈ ਹੈ ਤੇ ਇਸ ਪਿੱਛੋਂ ਕੌਮ ਭੈਭੀਤ ਹੋਕੇ ਦੜ੍ਹ ਵੱਟ ਗਈ।

ਵਿਸ਼ਵ ਇਤਿਹਾਸ ਵਿੱਚ ਜਦ ਸਾਹਿਬਜਾਦਿਆਂ ਦੀਆਂ ਸ਼ਹਾਦਤਾਂ ਦੀ ਪ੍ਰਸੰਗਤਾ ਨੂੰ ਅਸੀਂ ਵੇਖਦੇ ਹਾਂ ਤਾਂ ਇਨ੍ਹਾਂ ਚਾਰੇ ਸਾਹਿਬਜ਼ਾਦਿਆਂ ਨੇ ਦੋ ਕਿਸਮ ਦੀਆਂ ਸ਼ਹਾਦਤਾਂ ਵਿਸ਼ਵ ਦੇ ਸਨਮੁੱਖ ਲਿਆਂਦੀਆਂ:-
1. ਸ਼ਾਂਤਮਈ ਸ਼ਹਾਦਤ
2. ਹਥਿਆਰਬੰਦ ਸ਼ਹਾਦਤ

ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫਤਿਹ ਸਿੰਘ ਦੀ ਸ਼ਹਾਦਤ ਸ਼ਾਂਤਮਈ ਸੀ।

ਬਾਬਾ ਅਜੀਤ ਸਿੰਘ ਅਤੇ ਬਾਬਾ ਜੂਝਾਰ ਸਿੰਘ ਦੀ ਸ਼ਹਾਦਤ ਹਥਿਆਰਬੰਦ ਸ਼ਹਾਦਤ ਸੀ। ਇਨ੍ਹਾਂ ਦੋਹਾਂ ਸ਼ਹਾਦਤਾਂ ਵਿੱਚ ਜੋ ਪਹਿਲੀ ਗੱਲ ਨਿਖਰ ਕੇ ਆਉਦੀ ਹੈ, ਉਹ ਇਹ ਹੈ ਕਿ ਇਸ ਵਿੱਚ ਉਹ ਕਿਸੇ ਹੱਠ ਵਿੱਚ ਨਹੀਂ ਆਏ ਸਗੋਂ ਮੌਤ ਦੇ ਸਨਮੁੱਖ ਉਹ ਪੂਰਨ ਵਿਗਾਸ ਵਿੱਚ ਸਨ।ਮਾਯੂਸੀ ਅਤੇ ਇਕੱਲਤਾ ਦਾ ਅਹਿਸਾਸ ਤਾਂ ਉਨ੍ਹਾਂ 7 ਤੇ 9 ਸਾਲ ਦੇ ਬੱਚਿਆਂ ਵਿੱਚ ਵੀ ਨਹੀਂ ਸੀ, ਵੱਡੇ ਸਾਹਿਬਜ਼ਾਦਿਆਂ ਵਿੱਚ ਕਿੱਥੋਂ ਆਉਣਾ ਸੀ।

ਵਿਸ਼ਵ ਇਤਿਹਾਸ ਵਿੱਚ ਜੇਕਰ ਛੋਟੇ ਸਾਹਿਜ਼ਾਦਿਆਂ ਦੀ ਸ਼ਹਾਦਤ ਦੀ ਤੁਲਨਾ ਕਰਨੀ ਹੋਵੇ ਤਾਂ ਇਹ ਈਸਾ ਮਸੀਹ ਨੂੰ ਛੱਡਕੇ ( ਇਸ ਦੀ ਗੱਲ ਅੱਗੇ ਕਰਾਂਗੇ) ਸ਼ੁਕਰਾਤ, ਮਨਸੂਰ, ਫਰੀਦੁਦੀਨ, ਆਤਾਰ, ਸ਼ਮਸ਼ਤਰਬੇਜ਼ ਤੇ ਸਰਮਦ ਨਾਲ ਹੋ ਸਕਦੀ ਹੈ ਕਿਉਂਕਿ ਇਨ੍ਹਾਂ ਸਭਨਾਂ ਦੀਆਂ ਸ਼ਹਾਦਤਾਂ ਸ਼ਾਂਤਮਈ ਸਨ। ਪਹਿਲੀ ਗੱਲ ਜੋ ਇੱਥੇ ਵੇਖਣ ਵਾਲੀ ਹੈ ਕਿ ਉਪਰੋਕਤ ਸਾਰੇ ਸ਼ਹਦਿ ਪ੍ਰੋੜ ਉਮਰ ਦੇ ਦਾਰਸ਼ਨਿਕ ਤੇ ਫਕੀਰ ਸਨ, ਪਰ ਸਾਹਿਬਜ਼ਾਦੇ 7 ਤੇ 9 ਸਾਲ ਦੇ ਮਾਸੂਮ ਬੱਚੇ ਸਨ।

ਕਿਸੇ ਸੱਚ ਨੂੰ ਸਥਾਪਿਤ ਕਰਨ ਲਈ ਸ਼ੁਕਰਾਤ ਨੇ ਜ਼ਹਿਰ ਦਾ ਪਿਆਲਾ ਪੀ ਲਿਆ, ਮਨਸੂਰ ਸੂਲੀ ਚੜ ਗਿਆ, ਸ਼ਮਸ਼ਤਰਬੇਜ਼ ਨੇ ਪੁੱਠੀ ਖੱਲ ਲੁਹਾ ਲਈ, ਤੇ ਸਰਮਦ ਤੇ ਫਰੀਦੁਦੀਨ ਨੇ ਸਿਰ ਕਲਮ ਕਰਵਾ ਲਏ ਪਰ ਇਹ ਸਭ ਕੁਝ ਕਰਦੇ ਹੋਏ ਵੀ ਉਨ੍ਹਾਂ ਦੇ ਪੱਲੇ ਇੱਕ ਪਛਤਾਵਾ ਸੀ ਕਿ ਇਸ ਫਾਨੀ ਸਰੀਰ ਨੂੰ ਕੁਰਬਾਨ ਕਰਕੇ ਵੀ ਉਹ ਸੱਚ ਨੂੰ ਲੋਕ ਦਿਲਾਂ ਦੀ ਧੜਕਨ ਨਹੀਂ ਬਣਾ ਸਕੇ ਤੇ ਇਹ ਸ਼ਹਾਦਤਾਂ ਵਿਅਕਤੀਗਤ ਕੁਰਬਾਨੀਆਂ ਬਣ ਕੇ ਹੀ ਰਹਿ ਗਈਆਂ।

ਇਸ ਸਭ ਕੁਝ ਬਾਰੇ ਉਹ ਪਹਿਲਾਂ ਹੀ ਤਿਆਰ ਸਨ।ਦੂਜਾ ਇਹ ਸ਼ਹਾਦਤਾਂ ਸ਼ਾਂਤਮਈ ਮਾਹੌਲ ਵਿੱਚ ਵਾਪਰੀਆਂ ਸਨ।ਸਾਹਿਬਜ਼ਾਦਿਆਂ ਦੇ ਪ੍ਰਸੰਗ ਵਿੱਚ ਹਾਲਾਤ ਏਨੇ ਭਿਆਨਕ ‘ਤੇ ਭੈਭੀਤ ਸਨ ਕਿ ਇੱਕ ਪਾਸੇ ਸਮੁੱਚੀ ਮੁਗਲ ਸਟੇਟ ਸੀ ਤੇ ਦੂਜੇ ਪਾਸੇ ਦੋ ਮਾਸੂਮ ਜਿੰਦੜੀਆਂ। ਇਸ ਕਰਕੇ ਇਹ ਨਿੱਕੀਆਂ ਜਿੰਦਾਂ ਦਾਵੱਡਾ ਸਾਕਾ ਸੀ।

ਉਪਰੋਕਤ ਜਿੰਨਾ ਦਾ ਜ਼ਿਕਰ ਕੀਤਾ ਗਿਆ ਹੈ, ਉਨ੍ਹਾਂ ਉੱਪਰ ਦੋਸ਼ ਆਇਦ ਕੀਤੇ ਗਏ ਪਰ ਇਨ੍ਹਾਂ ਉਪਰ ਤਾਂ ਕੋਈ ਦੋਸ਼ ਵੀ ਆਇਦ ਨਹੀਂ ਹੋ ਸਕਿਆ।ਗੱਲ ਸਿਰਫ ਏਨੀ ਸੀ ਕਿ ਸੂਬਾ ਸਰਹੰਦ ਵਜ਼ੀਰ ਖਾਨ ਜੋ ਚਮਕੌਰ ਦੀ ਜੰਗ ਤੋਂ ਵਾਪਿਸ ਆਇਆ ਸੀ, ਗੁਰੂ ਜੀ ਨਾਲ ਹੋਈਆਂ ਜੰਗਾਂ ਵਿੱਚ ਜਿੱਤ ਦੀ ਕੋਈ ਤਸੱਲੀ ਨਾ ਮਿਲਣ ਕਰਕੇ ਕਰੋਧਤ ਸੀ।ਇਸ ਗੁੱਸੇ ਨੂੰ ਉਹ ਗੁਰੂ ਸਾਹਿਬ ਦੇ ਬੱਚਿਆਂ ਉੱਤੇ ਕੱਢ ਕੇ ਠੰਡਾ ਹੋਣਾ ਲੋਚਦਾ ਸੀ।ਇਸੇ ਕਰਕੇ ਪਹਿਲੇ ਦੋ ਤਿੰਨ ਦਿਨ ਉਸਨੇ ਬੱਚਿਆਂ ਨੂੰ ਤਸੀਹੇ ਦਿੱਤੇ।ਉਨ੍ਹਾਂ ਨੂੰ ਈਨ ਮੰਨਣ ਅਤੇ ਮੁਸਲਮਾਨ ਬਨਣ ਲਈ ਵਡਿਆਇਆ ਤਾਂ ਕਿ ਗੁਰੂ ਗੋਬਿੰਦ ਸਿੰਘ ਜੀਦੇ ਆਦਰਸ਼ ਦੀ ਸ਼ਾਨ ਨੂੰ ਸਦਾ ਲਈ ਕਲੰਕਤ ਕੀਤਾ ਜਾਵੇ।

ਜਦ ਸਭ ਦੇ ਸਾਹਮਣੇ ਸਾਹਿਬਜ਼ਾਦਿਆਂ ਨੇ ਐਸਾ ਕਰਨ ਤੋਂ ਇਨਕਾਰ ਕਰ ਦਿੱਤਾ ਤਾਂ ਇਹ ਕਿਹਾ ਗਿਆ ਕਿ ਗੁਰੂ ਸਾਹਿਬ ਸ਼ਹੀਦ ਹੋ ਗਏ ਹਨ ਤੇ ਉਹ ਹੁਣ ਇਕੱਲੇ ਹਨ। ਪਰ ਜਦ ਸਾਹਿਬਜ਼ਾਦਿਆਂ ਇਸ ਬਾਰੇ ਵੀ ਇਤਬਾਰ ਨਾ ਕੀਤਾ ਤਾਂ ਵਜ਼ੀਰ ਖਾਨ ਨੇ ਅਪਮਾਣ ਮਹਿਸੂਸ ਕੀਤਾ। ਬਸ ਬਦਲਾ ਲੈਣ ਦੀ ਇਸ ਭਾਵਨਾ ਤੇ ਕੱਚੇ ਇਖਲਾਕ ਨੇ ਸੂਬੇ ਨੂੰ ਗੁਨਾਹ ਦਾ ਆਖਰੀ ਕਦਮ ਚੁੱਕਣ ਲਈ ਮਜ਼ਬੁਰ ਕਰ ਦਿੱਤਾ।

ਸਾਹਿਬਜ਼ਾਦਿਆਂ ਨੂੰ ਨੀਹਾਂ ਵਿੱਚ ਚਿਣ ਦੇਣ ਦਾ ਬੇਰਹਿਮ ਹੁਕਮ ਦੇ ਦਿੱਤਾ ਜਿਸਨੂੰ ਸੁਣ ਕੇ ਉਸਦੇ ਆਪਣੇ ਹੀ ਸਾਥੀ ਸ਼ੇਰ ਮੁਹੰਮਦ ਖਾਂ ਮਲਰੇਕੋਟਲੇ ਵਾਲੇ ਨੇ ਭਰੀ ਕਚਹਿਰੀ ਵਿੱਚ ਹਾਅ ਦਾ ਨਾਅਰਾ ਮਾਰਿਆ ਜਿਸ ਨਾਲ ਕੂੜ ਦਾ ਇਹ ਅਦਲ ਉਸੇ ਵੇਲੇ ਹੀ ਦੁਰਕਾਰਿਆ ਗਿਆ।ਵਜ਼ੀਰ ਖਾਂ ਸੋਚੀਂ ਪੈ ਗਿਆ ਪਰ ਸੁੱਚਾ ਨੰਦ ਆਪਣੀ ਕਿੜ ਕੱਢਣ ਦੇ ਬਹਾਨੇ ਹੱਲਾ ਸ਼ੇਰੀ ਦਿੰਦਾ ਰਿਹਾ, ਜਿਸ ਨਾਲ ਸੂਬੇ ਦੀ ਜ਼ਮੀਰ ‘ਚੋਂ ਪੁੰਗਰੀ ਰੁਹਾਨੀਅਤ ਦੀ ਕੋਮਲ ਕਲੀ ਭਸਮ ਹੋ ਗਈ।

ਸਾਹਿਬਜ਼ਾਦੇ ਮੋਤ ਦੇ ਕਹਿਰ ਵਿੱਚ ਆਡੋਲ ਖੜੇ ਰਹੇ। ਨਾ ਉਨ੍ਹਾਂ ਦੀ ਮਸੂਮੀਅਤ ਘਬਰਾਈ ਨਾਹੀ ਉਨ੍ਹਾਂ ਦੀ ਸੁੰਦਰਤਾ ਫਿੱਕੀ ਪਈ ਸਗੋਂ ਚਿਹਰੇ ‘ਤੇ ਸੱਚ ਦੀ ਗੰਭੀਰ ਪਵਿੱਤਰਤਾ ਹੋਰ ਗੂੜੀ ਹੋ ਗਈ। ਦੀਵਾਰਾਂ ਉਸਰਦੀਆਂ ਗਈਆਂ ਤੇ ਸਾਹਿਬਜ਼ਾਦਿਆਂ ਦੀ ਨਿਰਵੈਰ ਮਾਸੂਮੀ ਵਿੱਚ ਸਿਦਕ ਦਾ ਨੂਰ ਹੋਰ ਪ੍ਰਬਲ ਹੁੰਦਾ ਗਿਆ।ਸ਼ਹਾਦਤ ਦਾ ਜ਼ਾਮ ਪੀਕੇ ਉਨ੍ਹਾਂ ਦੀ ਪਾਕ ਮਾਸੁਮੀ ਸਹਿਮ ਸਹਿਮ ਤੇ ਜ਼ਬਰ ਦੋਹਾਂ ਤੋਂ ਪਾਰ ਹੋ ਗਈ।ਉਹਨਾਂ ਅੰਦਰ ਨਾ ਤਾਂ ਕੋਈ ਸ਼ਿਕਵਾ ਸੀ, ਨਾ ਸ਼ਿਕਾਇਤ, ਨਾ ਡਰ, ਨਾ ਸਹਿਮ।

ਇਹ ਵਾਕਿਆ

ਇਸ ਕਰਕੇ ਬਿਆਨ ਕੀਤਾ ਗਿਆ ਹੈ ਤਾਂ ਕਿ ਅਨੁਮਾਨ ਲਗਾਇਆ ਜਾ ਸਕੇ ਕਿ ਸਹਿਬਜ਼ਾਦਿਆਂ ਦੇ ਵਿਗਾਸ ਉੱਤੇ ਸਬਰ ਇਵੇਂ ਛਾਇਆ ਸੀ ਜਿਸ ਦੀ ਏਕਤਾ ਨੇ ਰੱਬੀ ਸੁਹਜ਼ ਦੇ ਅਨੇਕਾਂ ਸਿਰਜਣ ਕਾਰੀ ਜਜ਼ਬਿਆਂ ਨੂੰ ਥੰਮ ਕੇ ਸਿੱਖ ਚਰਿੱਤਰ ਨੂੰ ਸਦੀਵੀ ਤਾਜ਼ਗੀ ਬਖਸ਼ਣ ਵਾਲੇ ਆਦਰਸ਼ ਵਿੱਚ ਢਾਲ ਦਿੱਤਾ। ਇਹ ਗੱਲ ਸ਼ੁਕਰਾਤ, ਮਨਸੂਰ, ਆਤਾਰ, ਸ਼ਮਸ਼ਤਰਬੇਜ਼ ਤੇ ਸਰਮਦ ਦੀਆਂ ਸ਼ਹਾਦਤਾਂ ਕਿਧਰੇ ਸਥਾਪਿਤ ਨਹੀਂ ਕਰ ਸਕੀਆਂ।

ਵੱਡੇ ਸਾਹਬਜ਼ਾਦਿਆਂ ਦੀ ਸ਼ਹਾਦਤ ਹਥਿਆਰਬੰਦ ਸ਼ਹਾਦਤ ਸੀ। ਇਸਦੀ ਤੁਲਨਾ ਇਤਿਹਾਸ ਵਿੱਚ ਕਰਬਲਾ ਦੇ ਯੁੱਧ ਵਿੱਚ ਸ਼ਹੀਦ ਹੋਏ ਹਜ਼ਰਤ ਮੁਹੰਮਦ ਸਾਹਿਬ ਦੇ ਦੋਹਤਿਆਂ ਹਸਨ ਤੇ ਹੂਸੈਨ ਨਾਲ ਕੀਤੀ ਜਾ ਸਕਦੀ ਹੈ।ਪਹਿਲ਼ੀ ਗੱਲ ਹਸਨ ਤੇ ਹੂਸੈਨ ਜੰਗ ਵਿੱਚ ਲੜਦੇ ਹੋਏ ਸ਼ਹੀਦ ਨਹੀਂ ਹੋਏ ਸਗੋਂ ਪਾਣੀ ਤੋਂ ਪਿਆਸੇ ਫੱਟੜ ਹੋਏ ਸ਼ਹੀਦ ਹੋਏ। ਪਰ ਫਿਰ ਵੀ ਇਨ੍ਹਾਂ ਦੋਵਾਂ ਸ਼ਹਾਦਤਾਂ ਨੂੰ ਇਸਲਾਮ ਵਿੱਚ ਸ਼ਹੀਦੇ ਆਜ਼ਮ ਨਾਲ ਵਡਿਆਇਆ ਗਿਆ ਹੈ।

ਇੱਥੇ ਸ਼ਹਾਦਤ ਨੂੰ ਛੁਟਿਆਉਣ ਦੇ ਨਜ਼ਰੀਏ ਤੋਂ ਨਹੀਂ ਦੇਖਿਆ ਗਿਆ।ਸੱਚੀ ਗੱਲ ਇਹ ਹੈ ਕਿ ਇਸਲਾਮ ਵਿੱਚ ਸ਼ਹਾਦਤ ਨੂੰ ਰੱਬੀ ਕਹਿਰ ਦੇ ਰੂਪ ਵਿੱਚ ਵੇਖਿਆ ਗਿਆ ਹੈ। ਬੀਬੀ ਫਾਤਿਮਾ ਲੰਮੀਆਂ ਬਾਹਾਂ ਕਰਕੇ ਧਾਹਾਂ ਮਾਰਦੀ ਹੈ ਕਿ ਹੇ ਰੱਬਾ ਮੈਂ ਤੇਰਾ ਕੀ ਵਗਾੜਿਆ ਹੈ, ਕਿ ਮੇਰੀ ਜੋੜੀ ਖਾਕ ਵਿੱਚ ਰੁਲ ਗਈ ਹੈ।ਅੱਜ ਵੀ ਇਸ ਘਟਨਾ ਨੂੰ ਯਾਦ ਕਰਕੇ ਮੁਸਲਮਾਨ ਹਰ ਸਾਲ ਡਹੇ ਪਿੱਟਦੇ ਹਨ। ਦੂਜੇ ਪਾਸੇ ਜੇਕਰ ਵੱਡੇ ਸਾਹਬਜ਼ਾਦਿਆਂ ਦੀ ਸ਼ਹੀਦੀ ਨੂੰ ਵੇਖਿਆ ਜਾਵੇ ਤਾਂ ਇਸ ਵਿੱਚ ਗੁਰੂ ਪਿਤਾ ਇੱਕ ਤਸੱਲੀ ਦਾ ਪ੍ਰਗਟਾਵਾ ਕਰਦਾ ਹੈ ਕਿ “ ਇਨ ਸਿੱਖਨ ਕੇ ਸੀਸ ਪੈ ਵਾਰ ਦੀਏ ਸੁਤ ਚਾਰ, ਚਾਰ ਮੁਏ ਤੋਂ ਕਿਆ ਹੂਆ ਜੀਵਤ ਕਈ ਹਾਜ਼ਾਰ”।

ਚਮਕੌਰ ਦੀ ਗੜੀ ਵਿੱਚ 40 ਸਿੰਘਾਂ ਦਾ ਹਜ਼ਾਰਾਂ (ਕੁਝ ਇਤਿਹਾਸਕਾਰਾਂ ਅਨੁਸਾਰ ਡੇਢ ਲੱਖ) ਮੁਗਲ ਤੇ ਪਹਾੜੀ ਰਾਜਿਆਂ ਦੀਆਂ ਫੌਜਾਂ ਨਾਲ ਸਾਹਮਣਾ ਕੋਈ ਲੜਾਈ ਨਹੀ ਸੀ ਸਗੋਂ ਦਸ਼ਮੇਸ਼ ਪਿਤਾ ਸਿੰਘਾਂ ਦੀ ਸ਼ਹਾਦਤ ਦਾ ਚੋਜ਼ ਵਰਤਾ ਰਹੇ ਸਨ।ਪੰਜ-ਪੰਜ ਸਿੰਘ ਜਾ ਕੇ ਵੈਰੀ ਨਾਲ ਲੜਦੇ ਉਹਨਾਂ ਨੂੰ ਭਾਜੜਾਂ ਪਾਉਦੇ ਰਹੇ, ਸ਼ਹੀਦ ਹੁੰਦੇ ਗਏ।ਸਿੰਘਾਂ ਦੀਆਂ ਸ਼ਹੀਦੀਆਂ ਵੇਖ ਕੇ ਹੀ ਸਾਹਿਬਜ਼ਾਦਾ ਅਜੀਤ ਸਿੰਘ ਇਸ ਸ਼ਹਾਦਤ ਲਈ ਪਿਤਾ ਗੁਰੂ ਪਾਸੋਂ ਇਜ਼ਾਜਤ ਮੰਗਦਾ ਹੈ। ਵੱਡੇ ਭਰਾ ਨੂੰ ਸ਼ਹੀਦ ਹੁੰਦਾ ਵੇਖਕੇ ਹੀ ਛੋਟਾ ਅਰਜ਼ ਕਰਦਾ ਹੈ ਕਿ ਮੈਂ ਕਿਤੇ ਪਿੱਛੇ ਨਾ ਰਹਿ ਜਾਵਾਂ ਇਹ ਸਾਰਾ ਖੇਲ ਇੱਕ ਕਰਿਸ਼ਮਾ ਸੀ। ਇਹ ਕ੍ਰਿਸ਼ਮਾਂ ਸ਼ਾਇਦ ਨਾ ਵਾਪਰਦਾ ਜੇਕਰ 1699 ਦੀ ਵਿਸਾਖੀ ਨੂੰ ਅੰਮ੍ਰਿਤ ਛਕਾਉਣ ਵਾਲੀ ਘਟਨਾ ਨਾ ਵਾਪਰਦੀ।

ਸਿੰਘ ਅਸਲੀ ਰੂਪ ਵਿੱਚ ਬੇਦੇਹ ਹੋਣਾ ਸਿੱਖ ਗਏ ਸਨ। ਹਸਨ ਹੁਸੈਨ ਦੀਆਂ ਸ਼ਹਾਦਤਾਂ ਇਹਨਾਂ ਸ਼ਹਾਦਤਾਂ ਅੱਗੇ ਇਤਿਹਾਸਕ ਪਰਤਾਂ ਵਿੱਚ ਫਿੱਕੀਆਂ ਪੈ ਜਾਦੀਆਂ ਹਨ।ਇਹ ਕੋਈ ਦੇਸ਼ ਕੌਮ ਤੋਂ ਸਿਰਾਂ ਦੀ ਕੁਰਬਾਨੀ ਨਹੀਂ ਸੀ ਸਗੋਂ ਰੂਹ ਦੀ ਜਾਗ ਸੀ ਜਿਸ ਵਿੱਚ ਇੱਕ ਪਾਸੇ ਬਾਣਾ ਮੰਨਣ ਦਾ ਸਬਰ ਸ਼ੁਕਰ ਸੀ ਤੇ ਦੁਜੇ ਪਾਸੇ ਸੱਚ ਨੂੰ ਦੋਹੀਂ ਜਹਾਨੀ ਪ੍ਰਤੱਖ ਕਰਨ ਦੀ ਗਵਾਹੀ ਸੀ।

ਚਾਰੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਜੇਕਰ ਵਿਸ਼ਵ ਇਤਿਹਾਸ ਦੇ ਪ੍ਰਸੰਗ ਵਿੱਚ ਰੱਖਕੇ ਵੇਖਿਆ ਜਾਵੇ ਤਾਂ ਯੂਨਾਨੀ, ਸਾਮੀ ਤੇ ਭਾਰਤੀ ਪਰੰਪਰਾ ਦੇ ਜਿੰਨਾਂ ਲੋਕਾਂ ਨੇ ਕਿਸੇ ਪ੍ਰਕਾਰ ਦੀ ਕੁਰਬਾਨੀ, ਬਲੀਦਾਨ ਜਾਂ ਸ਼ਹਾਦਤ ਪ੍ਰਾਪਤ ਕੀਤੀ ਉਨ੍ਹਾਂ ਨੇ ਮੋਤ ਦੇ ਸੇਕ ਨੂੰ ਸਹਿਣ ਕੀਤਾ।

ਸਹਿਬਜ਼ਾਦਿਆਂ  ਦਾ ਸ਼ਹੀਦ ਹੁੰਦੇ ਸਮੇਂ ਦਾ ਵਿਗਾਸ ਜਾਂ ਰੂਹਾਨੀ ਖੇੜਾ ਇਸ ਗੱਲ ਨੂੰ ਸਪੱਸ਼ਟ ਕਰਦਾ ਹੈ ਕਿ ਉਨ੍ਹਾਂ ਨੂੰ ਮੌਤ ਦਾ ਸੇਕ ਪੋਹ ਨਾ ਸਕਿਆ।ਉਨ੍ਹਾਂ ਦੀ ਸ਼ਹਾਦਤ ਦੀ ਹਰ ਅਦਾ ਅਮਰਤਾ ਤੇ ਸਿਦਕ ਦੀ ਪਾਰ-ਸ਼ਕਤੀ ਦੇ ਅਕਾਲੀ ਸੋਮਿਆਂ ਨਾਲ ਜੁੜੀ ਹੋਈ ਸੀ।ਇਸਦੀ ਤੁਲਨਾ ਇੱਥੇ ਈਸਾ ਮਸੀਹ ਦੀ ਸ਼ਹਾਦਤ ਨਾਲ ਕੀਤੀ ਜਾ ਸਕਦੀ ਹੈ।

ਈਸਾ ਮਸੀਹ ਦੇ ਖਾਕੀ ਜ਼ਿਸਮ ਵਿੱਚੋਂ ਨੂਰੀ ਜਿਸਮ ਦਾ ਸਫਰ ਕਰਨ ਦੀ ਸ਼ਹਾਦਤ ਇੱਥੇ ਇਸ ਲਈ ਮਾਤ ਪੈ ਜਾਂਦੀ ਹੈ ਕਿਉਂਕਿ ਇਸ ਵਿੱਚੋਂ ਇਸਾਈਅਤ ਦੀ ਨੁਹਾਰ ਉਜਾਗਰ ਨਹੀਂ ਹੋ ਸਕੀ।ਸਿਰਫ ਸੰਤ ਪੌਲੂਸ ਵਰਗੇ ਹੀ ਇਹ ਜਲਵਾ ਤੱਕ ਸਕੇ।ਮਰੀਦੀ ਦਾ ਇਹ ਵੱਲਵਲਾ ਆਪਣੀ ਖਾਲਸ ਤੀਬਰਤਾ ਵਿੱਚ ਹਜ਼ਰਤ ਈਸਾ ਦੀ ਸ਼ਹਾਦਤ ਦੇ ਅਪਕੜ ਪਹਿਲੂਆਂ ਵੱਲ ਜਦ ਖਿੱਚਿਆ ਗਿਆ ਤਾਂ ਹੀ ਲੋਕਾਂ ਦੇ ਜ਼ਜਬੇ ਇਸ ਇਸ ਸੁਹਜ ਨੂੰ ਸਮਝ ਸਕੇ।

ਇਹ ਸ਼ਹਾਦਤ ਪ੍ਰਤੱਖ ਜ਼ਾਹਰ ਨਾ ਹੋਈ ਸਗੋਂ ਪੋਲੂਸ ਦੀ ਦਾਰਸ਼ਨਿਕਤਾ ਰਾਹੀਂ ਉਜਾਗਰ ਹੋਈ। ਇਹ ਪੈਗੰਬਰੀ ਸ਼ਹਾਦਤ ਸੀ ਜਿਸ ਦੀਆਂ ਕਨਸੋਆਂ ਗੁਰੂ ਅਰਜਨ ਸਾਹਿਬ ਅਤੇ ਗੁਰੂ ਤੇਗ ਬਹਾਦਰ ਜੀ ਦੀਆਂ ਸਹਾਦਤਾਂ ਵਿੱਚੋਂ ਸੁਣਾਈ ਦਿੰਦੀਆਂ ਹਨ ਪਰ ਉਨ੍ਹਾਂ ਦਾ ‘ਤੇਰਾ ਕੀਆ ਮੀਠਾ ਲਾਗੇ’ ਅਤੇ ‘ ਬਾਂਹਿ ਜਿੰਨਾਂ ਦੀ ਪਕੜੀਏ ਸਿਰ ਦੀਜੈ ਬਾਂਹਿ ਨਾ ਛੋੜੀਏ’ ਦਾ ਅਮਲ ਹਰ ਸਿੱਖ ਦੇ ਸੀਨੇ ਵਿੱਚ ਜਾਗ ਚੁੱਕਾ ਸੀ ਤੇ ਇਸਦਾ ਪਰਤੋ ਸਾਹਿਬਜ਼ਾਦਿਆਂਦੀਆਂ ਅਤੇ ਹੋਰ ਅਨੇਕ ਸਿੱਖਾਂ ਦੀਆਂ ਸ਼ਹਾਦਤਾਂ ਵਿੱਚੋਂ ਪ੍ਰਤੀਬਿੰਬਤ ਹੁੰਦਾ ਹੈ। ਇੱਥੇ ਇਸਦਾ ਵਿਸਥਾਰ ਸਮੇਂ ਦੀ ਘਾਟ ਕਾਰਣ ਨਹੀਂ ਦਿੱਤਾ ਜਾ ਸਕਦਾ।

ਵਿਸ਼ਵ ਇਤਿਹਾਸ ਵਿੱਚ ਸਾਹਿਬਜ਼ਾਦਿਆਂ ਦੀਆਂ ਸ਼ਹਾਦਤਾਂ ਦਾ ਸਥਾਨ ਨਿਸ਼ਚਿਤ ਕਰਦੇ ਸਮੇਂ ਸਭ ਤੋਂ ਵਿਲੱਖਣ ਤੇ ਅਦੁੱਤੀ ਗੱਲ ਇਹ ਹੈ ਕਿ ਇਹ ਸ਼ਹਾਦਤਾਂ ਸਿੱਖ ਲਹਿਰ ਵਿੱਚ ਤਿੰਨੇ ਮਿੱਥਾਂ ਨੂੰ ਉਜਾਗਰ ਕਰ ਜਾਦੀਆਂ ਹਨ। ਮਿੱਥ ਕੋਈ ਮਿੱਥਿਆ ਕਹਾਣੀ ਨਹੀਂ ਹੁੰਦੀ ਇਹ ਤਾਂ ਪ੍ਰੋ. ਪੂਰਨ ਸਿੰਘ ਦੇ ਸ਼ਬਦਾਂ ਵਿੱਚ ਰੂਹ ਤੇ ਦੇਸ਼ ਦਾ ਅਲੰਕਾਰ ਹੈ। ਇਹ ਮਿੱਥਾਂ ਹਨ-
1. ਅਹਿੰਸਾ ਦੀ ਮਿੱਥ
2. ਜੰਗ ਦੀ ਮਿੱਥ
3. ਆਚਰਨ ਦੀ ਮਿੱਥ

ਅਹਿੰਸਾ ਦੀ ਮਿੱਥ ਇਹ ਹੈ ਕਿ ਸਾਹਿਜ਼ਾਦਿਆਂ ਦੀ ਸ਼ਹਾਦਤ ਤੋਂ ਪਿੱਛੋਂ ਜ਼ਕਰੀਆਂ ਖਾਂ ਤੇ ਮੀਰ ਮੰਨੂ ਦੇ ਜ਼ਮਾਨਿਆਂ ਵਿੱਚ ਸਿੱਖਾਂ ਦਾ ਜੋ ਕਤਲ-ਇ-ਆਮ ਹੋਇਆ ਜਿਸ ਵਿੱਚ ਸਦੀਆਂ ਤੋਂ ਸਥਾਪਿਤ ਮਜਬੂਤ ਹਕੂਮਤ ਨੇ ਆਪਣੇ ਬੇਸ਼ੁਮਾਰ ਸ਼ਕਤੀ ਵਸੀਲਿਆਂ ਨਾਲ ਨਵੀ ਉੱਭਰ ਰਹੀ ਸਿੱਖ ਕੌਮ ਦਾ ਬੀਜ ਨਾਸ ਕਰਨਾ ਚਾਹਿਆ ਸੀ, ਪਰ ਉਸਦੇ ਮਨਸੂਬੇ ਪੂਰੇ ਨਾ ਹੋ ਸਕੇ; ਉਹਨਾਂ ਦੇ ਜਬਰ ਅੱਗੇ ਸਿੱਖਾਂ ਦਾ ਸਿਦਕ ਬੁਲਮਦ ਹੋ ਕੇ ਉਭਰਿਆ।

ਇਤਿਹਾਸਕਾਰਾਂ ਨੇ ਸਿਦਕੀ ਸਿੱਖਾਂ ਦੀਆਂ ਦਸ ਪ੍ਰਕਾਰ ਦੀਆਂ ਸ਼ਹਾਦਤਾਂ ਦਾ ਜ਼ਿਕਰ ਕੀਤਾ ਹੈ। ਇਨ੍ਹਾਂ ਸ਼ਹਾਦਤਾਂ ਨੇ ਸਿੱਖ ਕੌਮ ਨੂੰ ਅਹਿੰਸਾ ਦੇ ਉਸ ਨਿਵੇਕਲੇ ਸਰੋਕਾਰ ਨਾਲ ਜੋੜ ਦਿੱਤਾ ਜੋ ਆਪਣੇ ਆਪ ਵਿੱਚ ਇੱਕ ਮਿੱਥ ਬਣ ਗਿਆ ਤੇ ਇਸਦੀ ਉਦਾਹਰਣ ਦੁਨੀਆ ਦੇ ਕਿਸੇ ਇਤਿਹਾਸ ਵਿੱਚੋਂ ਨਹੀਂ ਮਿਲਦੀ। ਇਸਦਾ ਪ੍ਰੇਰਨਾ ਸਰੋਤ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਸੀ।

ਦੁਜੀ ਮਿੱਥ ਜੰਗ ਦੀ ਹੈ ਜੋ ਵੱਡੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੀ ਪ੍ਰੇਰਨਾ ਵਿੱਚੋਂ ਤੇ ਗੁਰੂ ਗੋਬਿੰਦ ਸਿੰਘ ਜੀ ਦੇ “ਚੁੰ ਕਾਰ ਅਜ਼ ਹਮਹ ਹੀਲਤੇ ਦਰ ਗੁਜ਼ਸਤ, ਹਲਾਲ ਅਸਤ ਬੁਰਦਨ ਬ ਸ਼ਮਸ਼ੀਰ ਦਸਤ’ ਦੇ ਸੰਦੇਸ਼ ਵਿੱਚੋਂ ਉਜ਼ਾਗਰ ਹੁੰਦੀ ਹੈ।

ਛੋਟੇ ਸਾਹਿਬਜ਼ਾਦਿਆਂ ਦੀ ਮੂਕ ਅਹਿੰਸਾ ਦੇ ਸਿੱਦਕ ਅਤੇ ਵੱਡੇ ਸਾਹਿਬਜ਼ਾਦਿਆਂ ਦੇ ਜੋਸ਼ ਦੀਆਂ ਸ਼ਹਾਦਤਾਂ ਦੀਆਂ ਖਾਮੋਸ਼ੀਆਂ ਜਦ ਖਾਲਸਾ ਚੇਤਨਾ ਨੂੰ ਉਜਾਗਰ ਕਰਦੀਆਂ ਹਨ ਤਾਂ ਸ਼ਮਸ਼ੀਰ ਦੇ ਵਜਦ ਵਿੱਚ ਪਲਟ ਕੇ ਇਹ ਸਿੱਖਾਂ ਨੂੰ ਅਮਰਤਾ ਤੇ ਅਜਿੱਤ ਹੋਂਦ ਦੇ ਅਹਿਸਾਸ ਨਾਲ ਭਰ ਦਿੰਦੀਆਂ ਹਨ। ਇਸ ਅਹਿਸਾਸ ਨਾਲ ਹੀ ਉਹ ਨਾਦਰਸ਼ਾਹ ਅਬਦਾਲੀ ਅਤੇ ਹੋਰ ਜਰਵਾਣਿਆਂ ਦਾ ਮੁਕਾਬਲਾ ਕਰਦੇ ਹਨ।ਛੋਟੇ ਵੱਡੇ ਦੋਵੇਂ ਘੱਲੂਘਾਰੇ ਇਸ ਦਾ ਹਿੱਸਾ ਹਨ।ਇਹ ਜੰਗਾਂ ਰਾਜਸੀ ਨਹੀਂ ਸਗੋਂ ਸਿੱਖ ਹੋਂਦ ਦਾ ਪ੍ਰਗਟਾਵਾ ਸਨ।

ਦੂਜਾ ਇਨ੍ਹਾਂ ਦਾ ਮਕਸਦ ਇਹਨਾਂ ਜਰਵਾਣਿਆਂ ਵੱਲੌਂ ਦੇਸ਼ ਦੇ ਲੋਕਾਂ ਦਾ ਲੁਟਿਆ ਧਨ ਖੋਹ ਕੇ ਗਰੀਬਾਂ ਵਿੱਚ ਵੰਡਣ ਦੇ ਵਿਸ਼ਵਾਰਥੀ ਸਰੋਕਾਰ ਨਾਲ ਸੀ।ਦੇਸ਼ ਦੀਆਂ ਬਹੁ-ਬੇਟੀਆਂ ਦੀ ਪੱਤ ਨੂੰ ਬਚਾਉਂਦਾ ਤੇ ਫਿਰ ਉਨ੍ਹਾਂ ਨੂੰ ਸਹੀ ਸਲਾਮਤ ਉਨ੍ਹਾਂ ਦੇ ਘਰੀਂ ਪਹੁੰਚਾ ਕੇ ਆਉਣਾ ਸਿੱਖ ਇਖਲਾਕ ਦੀ ਇੱਕ ਹੋਰ ਮਿੱਥ ਨੂੰ ਉਜਾਗਰ ਕਰਦਾ ਹੈ।ਇਹ ਸੁੱਚਾ ਇਖਲਾਕ ਸਿੱਖਾਂ ਦੀ ਰਹਿਣੀ ਵਿੱਚ ਰੂਹਾਨੀਅਤ ਦੀ ਬਦੌਲਤ ਆਇਆ ਸੀ।ਇਵੇਂ ਵਿਸ਼ਵ ਇਤਿਹਾਸ ਵਿੱਚ ਸਾਹਿਬਜ਼ਾਦਿਆਂ ਦੀਆਂ ਸ਼ਹਾਦਤਾਂ ਆਪਣੇ ਉੱਚੇ ਰੂਹਾਨੀ ਸਰੋਕਾਰਾਂ ਕਰਕੇ ਉੱਚਤਮ ਸਥਾਨ ਰੱਖਦੀਆਂ ਹਨ। ਇਹਨਾਂ ਦੇ ਸਦਕੇ ਹੀ ਖਾਲਸਾ ਚੇਤਨਾ ਵਿੱਚ ਖਾਲਸ ਤਹਿਜੀਬ ਉਜਾਗਰ ਹੋਈ।ਖਾਲਸਾ ਤੇਗ ਦਾ ਧਨੀ ਹੀ ਨਹੀਂ ਹੋਇਆ ਸਗੋਂ ਗੁਰੂ ਲਿਵ ਦੀ ਸਦ ਜਾਗਤ ਵਿੱਚ ਉਹ ਰੂਹਾਨੀ, ਅਕਾਲੀ ਤੇ ਇਖਲਾਕੀ ਰੂਪ ਵਿੱਚ ਬਲਵਾਨ ਹੋਇਆ।

ਸਾਹਿਬਜ਼ਾਦਿਆਂ ਦੀਆਂ ਮਹਾਨ ਸ਼ਹਾਦਤਾਂ ਨੂੰ 300 ਤੋਂ ਵੱਧ ਸਾਲਾਂ ਪਿੱਛੋਂ ਯਾਦ ਕਰਦੇ ਹੋਏ ਅੱਜ ਸਾਨੂੰ ਉਹਨਾਂ ਅਦੁੱਤੀ ਸ਼ਹਾਦਤਾਂ ਨੂੰ ਕਿਸੇ ਸੰਦਰਭ ਵਿੱਚ ਵੇਖਣ ਦੀ ਲੋੜ ਹੈ ਜਿਸ ਨਾਲ ਸਵਾਰਥੀ ਤੇ ਰਾਜਨਤਿਕ ਵਿਤਕਿਰਿਆਂ ਤੋਂ ਉੱਪਰ ਉੱਠ ਕੇ ਕੌਮ ਆਪਣੀ ਰੁਹਾਨੀਅਤ ਵਿੱਚ ਗੁਰੂ ਦੇ ਪੈਂਡੇ ਤਹਿ ਕਰ ਸਕੇ। ਇਹਨਾਂ ਪੈਡਿਆਂ ਨੂੰ ਤਹਿ ਕਰਕੇ ਹੀ ਅਸੀਂ ਰਿਣ ਮੁਕਤ ਹੋ ਸਕਦੇ ਹਾਂ। ਜੇ ਅਜਿਹਾ ਨਾ ਕੀਤਾ ਗਿਆ ਤਾਂ ਸ਼ਹੀਦ ਤਾਂ ਸੁਰਖਰੂ ਹੋ ਜਾਣਗੇ ਪਰ ਅਕਾਲ ਪੁਰਖ ਦੀ ਦਰਗਾਹ ਵਿੱਚ ਅਸੀਂ ਗੁਰੂ- ਲਿਵ ਤੋਂ ਵਿਯੋਗੇ ਜਾਵਾਂਗੇ। ਲੋੜ ਹੈ ਇੱਕ ਫੱਕਰ ਸਿੱਖ ਵਿਦਵਾਨ ਦੇ ਇਹਨਾਂ ਬੋਲਾਂ ਨੂੰ ਵਿਚਾਰਨ ਦੀ-

“ਰਹਿਣ ਸ਼ਹੀਦ ਇਕੱਲੜੇ ਸੁੰਨੇ ਲੱਖ ਵਰ੍ਹੇ,
ਗਰੂ ਦੇ ਪੈਂਡੇ ਕੌਮ ਨਾ ਜਦ ਤੱਕ ਸਫਰ ਕਰੇ”

0 0 votes
Article Rating
Subscribe
Notify of
0 ਟਿੱਪਣੀਆਂ
Inline Feedbacks
View all comments
0
Would love your thoughts, please comment.x
()
x