ਵਿਵਾਦਤ ਫਿਲਮ “ਦਾਸਤਾਨ-ਏ-ਸਰਹੰਦ” ਵਿਰੁੱਧ ਸੰਗਤਾਂ ਲਾਮਬੰਦ ਹੋਈਆਂ; ਸ਼੍ਰੋਮਣੀ ਕਮੇਟੀ ਦੀ ਖਾਮੋਸ਼ੀ ਸਵਾਲਾਂ ਦੇ ਘੇਰੇ ਵਿੱਚ

ਵਿਵਾਦਤ ਫਿਲਮ “ਦਾਸਤਾਨ-ਏ-ਸਰਹੰਦ” ਵਿਰੁੱਧ ਸੰਗਤਾਂ ਲਾਮਬੰਦ ਹੋਈਆਂ; ਸ਼੍ਰੋਮਣੀ ਕਮੇਟੀ ਦੀ ਖਾਮੋਸ਼ੀ ਸਵਾਲਾਂ ਦੇ ਘੇਰੇ ਵਿੱਚ

ਸਿੱਖ ਸੰਗਤ ਦੇ ਸਰਗਰਮ ਤੇ ਸੁਹਿਰਦ ਹਿੱਸਿਆਂ ਵੱਲੋਂ ਗੁਰੂ ਸਾਹਿਬਾਨ, ਗੁਰੂ ਸਾਹਿਬਾਨ ਦੇ ਮਾਤਾ-ਪਿਤਾ, ਗੁਰੂ ਕੇ ਮਹਿਲ, ਸਾਹਿਬਜ਼ਾਦਿਆਂ, ਗੁਰੂ ਸਾਹਿਬ ਦੇ ਜੀਵਨ ਨਾਲ ਸੰਬੰਧਤ ਮਹਾਨ ਗੁਰਸਿੱਖਾਂ ਅਤੇ ਸ਼ਹੀਦਾਂ ਦੇ ਸਵਾਂਗ ਰਚਦੇ ਨਾਟਕਾਂ ਤੇ ਫਿਲਮਾਂ ਦਾ ਲਗਾਤਾਰ ਵਿਰੋਧ ਕੀਤੇ ਜਾਣ ਦੇ ਬਾਵਜੂਦ ਇਹ ਫਿਲਮਾਂ ਬਣਾਉਣ ਦਾ ਸਿਲਸਿਲਾ ਨਜਰ ਨਹੀਂ ਆ ਰਿਹਾ। 

ਸਿਧਾਂਤ ਅਤੇ ਪਰੰਪਰਾ ਦੀ ਉਲੰਘਣਾ ਅਗਲੇ ਪੜਾਵਾਂ ਵੱਲ ਵਧਦੀ ਜਾ ਰਹੀ ਹੈ

ਤਕਨੀਕ ਦਾ ਨਾਂ ਲੈ ਕੇ ਸਿੱਖਾਂ ਨੂੰ ਬਿਪਰਵਾਦ ਅਤੇ ਬੁੱਤ-ਪ੍ਰਸਤੀ ਦੇ ਰਾਹ ਤੋਰਨ ਦੀ ਕੋਸ਼ਿਸ਼ ਕਰਦੀਆਂ ਇਹਨਾ ਫਿਲਮਾਂ ਵਿਚ ਸਿੱਖ ਪਰੰਪਰਾ ਦੀ ਕੀਤੀ ਜਾ ਰਹੀ ਉਲੰਘਣਾ ਹੈ ਅਗਲੇ ਪੜਾਵਾਂ ਉਪਰ ਪਹੁੰਚਦੀ ਜਾ ਰਹੀ ਹੈ। 

ਪਹਿਲਾਂ ਅਜਿਹੀਆਂ ਫਿਲਮਾਂ ਬਣਾਉਣ ਵਾਲੇ ਇਹ ਦਲੀਲ ਦਿੰਦੇ ਸੀ ਕਿ ਉਨ੍ਹਾਂ ਕਾਰਟੂਨ/ਐਨੀਮੇਸ਼ਨ ਤਕਨੀਕ ਰਾਹੀਂ ਹੀ ਸਾਹਿਬਜ਼ਾਦਿਆਂ ਦੀਆਂ ਨਕਲਾਂ ਲਾਹੀਆਂ ਹਨ ਅਤੇ ਕਿਸੇ ਮਨੁੱਖ ਵੱਲੋਂ ਉਨ੍ਹਾਂ ਦਾ ਸਵਾਂਗ ਨਹੀਂ ਰਚਿਆ ਗਿਆ। ਹਾਲਾਂਕਿ ਇਨ੍ਹਾਂ ਦੋਹਾਂ ਵਿੱਚ ਕੋਈ ਵੀ ਅੰਤਰ ਨਹੀਂ ਹੈ ਕਿਉਂਕਿ ਦੋਵੇਂ ਹੀ ਤਰੀਕੇ ਨਾਲ ਸੁਆਂਗ ਰਚਨ ਅਤੇ ਨਕਲਾਂ ਲਾਹੁਣ ਦੀ ਸਿਧਾਂਤਕ ਮਨਾਹੀ ਦੀ ਉਲੰਘਣਾ ਤਾਂ ਹੁੰਦੀ ਹੀ ਹੈ।

ਪਰ ਹੁਣ 2 ਦਸੰਬਰ ਨੂੰ ਜਾਰੀ ਹੋਣ ਜਾ ਰਹੀ “ਦਾਸਤਾਨ-ਏ-ਸਰਹੰਦ” ਨਾਮੀ ਵਿਵਾਦਤ ਫਿਲਮ ਬਾਰੇ ਇਹ ਪੁਖਤਾ ਸਬੂਤ ਹੀ ਸਾਹਮਣੇ ਆ ਗਏ ਹਨ ਕਿ ਇਸ ਫਿਲਮ ਵਿਚ ਬਾਲ ਅਦਾਕਾਰਾਂ ਕੋਲੋਂ ਸਾਹਿਬਜ਼ਾਦਿਆਂ ਦੀਆਂ ਨਕਲਾਂ ਲੁਹਾਈਆਂ ਗਈਆਂ ਹਨ ਤੇ ਬਾਅਦ ਵਿੱਚ ਇਹਨਾ ਨਕਲਾਂ ਨੂੰ ਕਾਰਟੂਨ/ਐਨੀਮੇਸ਼ਨ ਵਿੱਚ ਬਦਲ ਦਿੱਤਾ ਗਿਆ ਹੈ।  

ਪੰਜਾਬੀ ਫਿਲਮਾਂ ਦੇ ਇਕ ਬਾਲ ਅਦਾਕਾਰ ਦੇ ਪਿਤਾ ਵਲੋਂ ਇਸ ਗੱਲ ਦਾ ਇੰਕਸ਼ਾਫ ਕੀਤਾ ਗਿਆ ਹੈ ਕਿ ਉਸ ਦੇ ਬੱਚੇ ਵੱਲੋਂ ਹੀ ਦਾਸਤਾਨ-ਏ-ਸਰਹੰਦ ਫਿਲਮ ਲਈ ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ ਜੀ ਦਾ ਸਵਾਂਗ ਰਚਿਆ ਗਿਆ

ਸਿੱਖ ਸੰਗਤ ਫਿਲਮ ਬੰਦ ਕਰਵਾਉਣ ਲਈ ਲਾਮਬੰਦ ਹੋਈ

ਸਿੱਖ ਸੰਗਤ ਦੇ ਜਾਗਰੂਕ ਹਿੱਸੇ ਇਸ ਫਿਲਮ ਨੂੰ ਬੰਦ ਕਰਵਾਉਣ ਲਈ ਅਤੇ ਅਗਾਂਹ ਤੋਂ ਅਜਿਹੀਆਂ ਮਨਮੱਤੀ ਫਿਲਮਾਂ ਬਣਾਉਣ ਉੱਤੇ ਮੁਕੰਮਲ ਰੋਕ ਲਾਉਣ ਵਾਸਤੇ ਲਾਮਬੰਦ ਹੋ ਰਹੇ ਹਨ। 

ਸਿੱਖ ਸੰਗਤ ਵਲੋਂ ਸਾਹਿਬਜ਼ਾਦਿਆਂ ਦਾ ਸਵਾਂਗ ਰਚਦੀ ਫਿਲਮ ਦਾਸਤਾਨ-ਏ-ਸਰਹੰਦ ਬੰਦ ਕਰਨ ਦੀ ਮੰਗ ਕੀਤੀ ਜਾ ਰਹੀ ਹੈ

41 ਸਿੱਖ ਨੌਜਵਾਨ ਵਿਚਾਰਕਾਂ ਨੇ “ਸਾਂਝਾ ਪੱਖ” ਜਾਰੀ ਕੀਤਾ

ਬੀਤੇ ਦਿਨੀਂ 41 ਸਿੱਖ ਨੌਜਵਾਨ ਵਿਚਾਰਕਾਂ ਅਤੇ ਪੰਥ ਸੇਵਕਾਂ ਵੱਲੋਂ “ਸਾਂਝਾ ਪੱਖ” ਪੇਸ਼ ਕਰਕੇ ਸਾਹਿਬਜ਼ਾਦਿਆਂ ਦਾ ਸਵਾਂਗ ਰਚਦੀ “ਦਾਸਤਾਨ-ਏ-ਸਰਹੰਦ” ਨਾਮੀ ਫਿਲਮ ਨੂੰ ਫੌਰੀ ਤੌਰ ਉਪਰ ਬੰਦ ਕਰਨ ਲਈ ਕਿਹਾ ਹੈ। ਇਸ ਬਿਆਨ ਵਿਚ ਕਿਹਾ ਗਿਆ ਹੈ ਕਿ ਗੁਰੂ ਸਹਿਬਾਨ, ਗੁਰੂ ਸਾਹਿਬਾਨ ਦੇ ਮਾਤਾ-ਪਿਤਾ, ਸਾਹਿਬਜ਼ਾਦਿਆਂ ਅਤੇ ਗੁਰੂ ਸਾਹਿਬ ਦੇ ਜੀਵਨ ਨਾਲ ਸਬੰਧਤ ਮਹਾਨ ਗੁਰਸਿੱਖਾਂ ਅਤੇ ਸ਼ਹੀਦਾਂ ਦੀਆਂ ਨਕਲਾਂ ਲਾਹੁੰਦੀਆਂ ਤੇ ਸਵਾਂਗ ਰਚਦੀਆਂ ਫਿਲਮਾਂ ਦੀ ਮੁਕੰਮਲ ਮਨਾਹੀ ਕੀਤੀ ਜਾਵੇ।

ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਦਾਸਤਾਨ-ਏ-ਸਰਹੰਦ ਫਿਲਮ ਵਿਰੁਧ ਪ੍ਰਦਰਸ਼ਨ

ਲੰਘੀ 18 ਨਵੰਬਰ ਨੂੰ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿਦਿਆਰਥੀਆਂ ਅਤੇ ਖੋਜਾਰਥੀਆਂ ਵੱਲੋਂ ਦਾਸਤਾਨ-ਏ-ਸਰਹੰਦ ਫਿਲਮ ਰੁਕਵਾਉਣ ਲਈ ਇੱਕ ਸੰਕੇਤਕ ਪ੍ਰਦਰਸ਼ਨ ਕੀਤਾ ਗਿਆ। ਵਿਦਿਆਰਥੀਆਂ ਅਤੇ ਖੋਜਾਰਥੀਆਂ ਨੇ ਦਾਸਤਾਨ-ਏ-ਸਰਹੰਦ ਫਿਲਮ ਨੂੰ ਸਿੱਖੀ ਪਰੰਪਰਾਵਾਂ ਦੀ ਉਲੰਘਣਾ ਕਰਾਰ ਦਿੰਦਿਆਂ ਇਸ ਨੂੰ ਫੌਰੀ ਤੌਰ ਉਪਰ ਰੋਕਣ ਅਤੇ ਅਗਾਂਹ ਤੋਂ ਅਜਿਹੀਆਂ ਫਿਲਮਾਂ ਉੱਤੇ ਮੁਕੰਮਲ ਰੋਕ ਲਾਉਣ ਦੀ ਗੱਲ ਜ਼ੋਰਦਾਰ ਤਰੀਕੇ ਨਾਲ ਕੀਤੀ।

 

ਸਿੱਖ ਵਿਦਵਾਨ, ਵਿਚਾਰਵਾਨ ਤੇ ਅਕਾਦਮਿਕ ਸਖਸ਼ੀਅਤ ਵੀ ਸਾਹਿਬਜ਼ਾਦਿਆਂ ਦੀ ਫਿਲਮੀ ਪੇਸ਼ਕਾਰੀ ਵਿਰੁੱਧ ਖੁੱਲ੍ਹ ਕੇ ਸਾਹਮਣੇ ਆਈਆਂ

ਲੰਘੀ 19 ਨਵੰਬਰ ਨੂੰ “ਗੋਸਟਿ ਸਭਾ ਪੰਜਾਬੀ ਯੂਨੀਵਰਸਿਟੀ ਪਟਿਆਲਾ” ਵੱਲੋਂ ਟਵਿਟਰ ਸਪੇਸ ਉੱਤੇ ਸਿੱਖ ਵਿਦਵਾਨਾਂ, ਵਿਚਾਰਵਾਨਾਂ ਅਤੇ ਅਕਾਦਮਿਕ ਸਖਸ਼ੀਅਤਾਂ ਦਰਮਿਆਨ “ਗੁਰੂ ਬਿੰਬ ਦੀ ਫਿਲਮੀ ਪੇਸ਼ਕਾਰੀ: ਅਕਾਦਮਿਕ ਪੜਚੋਲ” ਵਿਸ਼ੇ ਉੱਤੇ ਵਿਚਾਰ-ਚਰਚਾ ਕਰਵਾਈ ਗਈ। ਇਸ ਵਿਚਾਰ-ਚਰਚਾ ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ, ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਫਤਹਿਗੜ੍ਹ ਸਾਹਿਬ ਅਤੇ ਸ੍ਰੀ ਗੁਰੂ ਅੰਗਦ ਦੇਵ ਕਾਲਜ ਖਡੂਰ ਸਾਹਿਬ ਸਮੇਤ ਅਨੇਕਾਂ ਵਿਦਿਅਕ ਅਦਾਰਿਆਂ ਤੋਂ ਸਿੱਖ ਵਿਦਵਾਨਾਂ ਅਤੇ ਧਾਰਮਿਕ ਸਖਸ਼ੀਅਤਾਂ ਨੇ ਹਿੱਸਾ ਲਿਆ। ਇਨ੍ਹਾਂ ਵਿਚਾਰਵਾਨਾਂ ਵੱਲੋਂ ਗੁਰੂ ਬਿੰਬ ਦੀ ਫਿਲਮੀ ਜਾਂ ਨਾਟਕੀ ਪੇਸ਼ਕਾਰੀ ਦੀ ਪੱਕੇ ਤੌਰ ਉੱਤੇ ਮਨਾਹੀ ਕਰਨ ਦੇ ਵਿਚਾਰ ਦੀ ਹਮਾਇਤ ਕੀਤੀ ਗਈ।

ਸਿੱਖ ਜਥਾ ਮਾਲਵਾ ਵੱਲੋਂ ਦਾਸਤਾਨ-ਏ-ਸਰਹੰਦ ਫਿਲਮ ਵਿਰੁਧ ਮਤਾ

ਪੰਥਕ ਸੇਵਾ ਦੇ ਖੇਤਰ ਵਿਚ ਸਰਗਰਮ ਸਿੱਖ ਜਥਾ ਮਾਲਵਾ ਵੱਲੋਂ ਇਕ ਖਾਸ ਇਕੱਤਰਤਾ ਬੁਲਾ ਕੇ ਦਾਸਤਾਨ-ਏ-ਸਰਹੰਦ ਫਿਲਮ ਅਤੇ ਅਜਿਹੀਆਂ ਹੋਰਨਾਂ ਫਿਲਮਾਂ ਰਾਹੀਂ ਗੁਰੂ ਸਾਹਿਬਾਨ ਅਤੇ ਸਾਹਿਬਜ਼ਾਦਿਆਂ ਦੇ ਰਚੇ ਜਾਂਦੇ ਸਵਾਂਗ ਦਾ ਮਸਲਾ ਵਿਚਾਰਿਆ।

ਜਥੇ ਵੱਲੋਂ ਇਸ ਸੰਬੰਧ ਵਿੱਚ ਇੱਕ ਮਤਾ ਪ੍ਰਵਾਨ ਕਰਕੇ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੂੰ ਬੇਨਤੀ ਕੀਤੀ ਗਈ ਹੈ ਕਿ ਫਿਲਮਾਂ ਰਾਹੀਂ ਗੁਰੂ ਸਾਹਿਬਾਨ ਅਤੇ ਸਾਹਿਬਜ਼ਾਦਿਆਂ ਦੇ ਸਵਾਂਗ ਰਚਣ ਦੇ ਕੁਰਾਹੇ ਨੂੰ ਠੱਲ੍ਹ ਪਾਉਣ ਲਈ ਦਾਸਤਾਨ-ਏ-ਸਰਹੰਦ ਫਿਲਮ ਉੱਤੇ ਰੋਕ ਲਾਈ ਜਾਵੇ ਅਤੇ ਅਗਾਂਹ ਤੋਂ ਅਜਿਹੀਆਂ ਫਿਲਮਾਂ ਬਣਾਉਣ ਉੱਤੇ ਮੁਕੰਮਲ ਪਾਬੰਦੀ ਲਾਉਣ ਲਈ ਹੁਕਮਨਾਮਾ ਜਾਰੀ ਕੀਤਾ ਜਾਵੇ।

ਮਾਨਵਤਾ ਦੀ ਸੇਵਾ ਸੰਸਥਾ ਨੇ ਵੀ ਮਤਾ ਜਾਰੀ ਕੀਤਾ

ਸਮਾਜ ਸੇਵਾ ਵਿੱਚ ਸਰਗਰਮ ਮਾਨਵਤਾ ਦੀ ਸੇਵਾ ਸੰਸਥਾ ਵੱਲੋਂ ਵੀ ਫਿਲਮ ਦਾਸਤਾਨ-ਏ-ਸਰਹੰਦ ਉਪਰ ਰੋਕ ਲਾਉਣ ਬਾਬਤ ਇੱਕ ਮਤਾ 20 ਨਵੰਬਰ 2022 ਨੂੰ ਜਾਰੀ ਕੀਤਾ ਗਿਆ ਹੈ।

ਗੁਰਦੁਆਰਾ ਸਾਹਿਬ ਜੰਡਸਰ ਦੀ ਪ੍ਰਬੰਧਕ ਕਮੇਟੀ ਵੱਲੋਂ ਮਤਾ

ਗੁਰਦੁਆਰਾ ਸਾਹਿਬ ਜੰਡਸਰ (ਪਿੰਡ ਖਡਿਆਲ) ਸੰਗਰੂਰ ਦੀ ਪ੍ਰਬੰਧਕ ਕਮੇਟੀ ਵੱਲੋਂ ਇੱਕ ਮਤਾ ਪ੍ਰਵਾਨ ਕਰਕੇ ਕਿਹਾ ਗਿਆ ਹੈ ਕਿ ਗੁਰਮਤਿ ਰਵਾਇਤ ਅਨੁਸਾਰ ਗੁਰੂ ਸਾਹਿਬਾਨ, ਸਾਹਿਬਜ਼ਾਦੇ, ਸ਼ਹੀਦ ਸਿੰਘਾਂ ਦੀ ਨਕਲ, ਫਿਲਮੀ ਪੇਸ਼ਕਾਰੀ/ਪਰਦੇਕਾਰੀ ਦੀ ਸਖਤ ਮਨਾਹੀ ਹੈ। ਸੋ ਦਾਸਤਾਨ-ਏ-ਸਰਹੰਦ ਨਾਮੀ ਵਿਵਾਦਤ ਫਿਲਮ ਸਿੱਖੀ ਸਿਧਾਂਤਾਂ ਦੇ ਉਲਟ ਹੈ ਅਤੇ ਇਹ ਸਿੱਖ ਸੰਗਤ ਨੂੰ ਕਿਸੇ ਕੀਮਤ ਤੇ ਪ੍ਰਵਾਨ ਨਹੀਂ।

ਗੁਰਦੁਆਰਾ ਸਾਹਿਬ ਪਿੰਡ ਸੂਲਰ ਦੀ ਪ੍ਰਬੰਧਕੀ ਕਮੇਟੀ ਵੱਲੋਂ ਮਤਾ

20 ਨਵੰਬਰ ਨੂੰ ਗੁਰਦੁਆਰਾ ਸਾਹਿਬ ਪਿੰਡ ਸੂਲਰ, ਜਿਲ੍ਹਾ ਸੰਗਰੂਰ ਦੀ ਪ੍ਰਬੰਧਕ ਕਮੇਟੀ ਦੀ ਇੱਕ ਇਕੱਤਰਤਾ ਹੋਈ ਜਿਸ ਵਿਚ ਆ ਰਹੀ ਵਿਵਾਦਤ ਫਿਲਮ ਦਾਸਤਾਨ-ਏ-ਸਰਹੰਦ ਬਾਬਤ ਵਿਚਾਰਾਂ ਹੋਈਆਂ ਅਤੇ ਇਹ ਮਤਾ ਪਾਸ ਕੀਤਾ ਗਿਆ ਕਿ ਗੁਰਮਤਿ ਅਨੁਸਾਰ ਗੁਰੂ ਸਾਹਿਬਾਨ, ਗੁਰੂ ਸਾਹਿਬਾਨ ਦੇ ਮਾਤਾ ਪਿਤਾ, ਗੁਰੂ ਕੇ ਮਹਿਲ, ਸਾਹਿਬਜ਼ਾਦੇ ਅਤੇ ਗੁਰੂ ਸਾਹਿਬਾਨ ਦੇ ਜੀਵਨ ਨਾਲ ਸਬੰਧਤ ਮਹਾਨ ਗੁਰਸਿੱਖਾਂ ਅਤੇ ਸ਼ਹੀਦਾਂ ਦੀਆਂ ਮੂਰਤਾਂ ਬਣਾਉਣੀਆਂ ਜਾਂ ਉਨ੍ਹਾਂ ਦੇ ਸਵਾਂਗ ਰਚਣ ਅਤੇ ਗੁਰੂ ਬਿੰਬ ਦੀ ਪੇਸ਼ਕਾਰੀ/ਪਰਦੇਕਾਰੀ ਦੀ ਸਖਤ ਮਨਾਹੀ ਹੈ। ਸੋ ਇਹ ਫਿਲਮ ਸਿੱਖ ਸੰਗਤ ਨੂੰ ਕਿਸੇ ਵੀ ਕੀਮਤ ਤੇ ਮਨਜ਼ੂਰ ਨਹੀਂ ਹੈ।

ਗੁਰਦੁਆਰਾ ਪ੍ਰੇਮਸਰ ਸਾਹਿਬ ਦੀ ਸੰਗਤ ਵੱਲੋਂ ਮਤਾ

ਗੁਰਦੁਆਰਾ ਪ੍ਰੇਮਸਰ ਸਾਹਿਬ, ਪਿੰਡ ਦੁੱਗਾ (ਸੰਗਰੂਰ) ਦੀ ਪ੍ਰਬੰਧਕ ਕਮੇਟੀ ਵੱਲੋਂ ਦਾਸਤਾਨ-ਏ-ਸਰਹੰਦ ਫਿਲਮ ਨੂੰ ਰੱਦ ਕਰਦੇ ਇਕ ਮਤੇ ਰਾਹੀਂ ਜੱਥੇਦਾਰ ਅਕਾਲ ਤਖਤ ਸਾਹਿਬ, ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਪੁਰਜ਼ੋਰ ਅਪੀਲ ਕੀਤੀ ਗਈ ਹੈ ਕਿ ਫਿਲਮ ਦਾਸਤਾਨ-ਏ-ਸਰਹੰਦ ’ਤੇ ਰੋਕ ਲਗਾਈ ਜਾਵੇ।

ਤਲਵੰਡੀ ਸਾਬੋ ਵਿਖੇ ਦਾਸਤਾਨ ਏ ਸਰਹੰਦ ਫ਼ਿਲਮ ਰੋਕਣ ਲਈ ਸੰਕੇਤਕ ਪ੍ਰਦਰਸ਼ਨ

ਇਤਿਹਾਸਕ ਸ਼ਹਿਰ ਤਲਵੰਡੀ ਸਾਬੋ ਵਿਖੇ ਤਖ਼ਤ ਸ੍ਰੀ ਦਮਦਮਾ ਸਾਹਿਬ ਨੇੜੇ ਸਥਿਤ ਖਾਲਸਾ ਚੌਂਕ ਵਿਖੇ 20 ਜਨਵਰੀ ਨਵੰਬਰ ਨੂੰ ਸਿੱਖ ਸੰਗਤ ਵੱਲੋਂ ਵਿਵਾਦਤ ਫਿਲਮ ਦਾਸਤਾਨੇ ਸਰਹੰਦ ਰੋਕਣ ਲਈ ਪ੍ਰਦਰਸ਼ਨ ਕੀਤਾ ਗਿਆ। ਵਿਚਾਰ ਸਭਾ ਲੱਖੀ ਜੰਗਲ ਖਾਲਸਾ ਵੱਲੋਂ ਭਾਈ ਸਵਰਨ ਸਿੰਘ ਨੇ ਕਿਹਾ ਕਿ ਇਹ ਫਿਲਮ ਸਾਡੇ ਸਿਧਾਂਤਾਂ ਦੀ ਉਲੰਘਣਾ ਕਰਦੀਆਂ ਹਨ ਇਸ ਲਈ ਇਨਾਂ ਫਿਲਮਾਂ ਰੋਕ ਲੱਗਣੀ ਚਾਹੀਦੀ ਹੈ।

 

ਜੰਡਸਰ ਗਤਕਾ ਅਖਾੜਾ ਵੱਲੋਂ ਮਤਾ

ਜੰਡਸਰ ਗਤਕਾ ਅਖਾੜਾ, ਪਿੰਡ ਖਡਿਆਲ, ਜਿਲ੍ਹਾ ਸੰਗਰੂਰ ਵੱਲੋਂ ਵੀ ਇਕ ਮਤਾ ਕਰਕੇ ਫਿਲਮ ਦਾਸਤਾਨ-ਏ-ਸਰਹੰਦ ਰੋਕਣ ਦੀ ਮੰਗ ਕੀਤੀ ਗਈ ਹੈ ਅਤੇ ਕਿਹਾ ਗਿਆ ਹੈ ਕਿ ਕਿਸੇ ਵੀ ਕੀਮਤ ਤੇ ਪ੍ਰਵਾਨ ਨਹੀਂ ਹਨ।

ਮਹਿਲਾਂ ਚੌਂਕ ਜਿਲਾ ਸੰਗਰੂਰ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਮਤਾ

ਮਹਿਲਾਂ ਚੌਂਕ (ਜਿਲਾ ਸੰਗਰੂਰੀ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਕ ਮਤਾ ਕਰਕੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਬੇਨਤੀ ਕੀਤੀ ਗਈ ਹੈ ਗੁਰੂ ਸਾਹਿਬਾਨ ਅਤੇ ਸਾਹਿਬਜ਼ਾਦਿਆਂ ਦੇ ਸਵਾਂਗ ਰਚਦੀਆਂ ਫਿਲਮਾਂ ਦੇ ਮਾਮਲੇ ਨੂੰ ਪੱਕੇ ਤੌਰ ਉੱਤੇ ਹੱਲ ਕਰਨ ਲਈ ਅਜਿਹੀਆਂ ਫਿਲਮਾਂ ਬਣਾਉਣ ਦੀ ਮਨਾਹੀ ਹੁਕਮਨਾਮਾ ਜਾਰੀ ਕੀਤਾ ਜਾਵੇ।

ਗੁਰਦੁਆਰਾ ਸ੍ਰੀ ਲੰਗਰ ਸਾਹਿਬ ਭੱਟੀਵਾਲ ਕਲਾਂ ਵੱਲੋਂ ਮਤਾ

ਗੁਰਦੁਆਰਾ ਸ੍ਰੀ ਲੰਗਰ ਸਾਹਿਬ, ਭੱਟੀਵਾਲ (ਤਹਿਸੀਲ ਭਵਾਨੀਗੜ੍ਹ, ਜਿਲ੍ਹਾ ਸੰਗਰੂਰ) ਵੱਲੋਂ ਵੀ ਇਕ ਮਤਾ ਕਰਕੇ ਕਿਹਾ ਗਿਆ ਹੈ ਕਿ ਫਿਲਮ ਦਾਸਤਾਨ-ਏ-ਸਰਹੰਦ ਸਿੱਖੀ ਸਿਧਾਂਤਾਂ ਦੇ ਉਲਟ ਹੈ ਜਿਸ ਕਾਰਨ ਇਹ ਫਿਲਮ ਫੌਰੀ ਤੌਰ ’ਤੇ ਬੰਦ ਕੀਤੀ ਜਾਵੇ।

ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਧੂਰੀ ਗੇਟ, ਸੰਗਰੂਰ ਵੱਲੋ ਮਤਾ

ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਧੂਰੀ ਗੇਟ, ਸੰਗਰੂਰ ਵੱਲੋਂ ਇਕ ਮਤਾ ਕਰਕੇ ਕਿਹਾ ਗਿਆ ਹੈ ਕਿ ਸੰਗਤ ਦੀ ਇਹ ਮੰਗ ਹੈ ਕਿ ਅਕਾਲ ਤਖਤ ਸਾਹਿਬ ਹੁਕਮਨਾਮਾ ਜਾਰੀ ਕਰਕੇ ਦਾਸਤਾਨ-ਏ-ਸਰਹੰਦ ਫਿਲਮ ਉੱਤੇ ਫੌਰੀ ਤੌਰ ਤੇ ਰੋਕ ਲਗਾਏ।

ਪਿੰਡ ਸ਼ਾਹਪੁਰ (ਨਾਭਾ, ਪਟਿਆਲਾ) ਦੀ ਸੰਗਤ ਵੱਲੋਂ ਮਤਾ

ਪਟਿਆਲਾ ਜਿਲ੍ਹੇ ਵਿੱਚ ਪੈਂਦੇ ਸ਼ਾਹਪੁਰ ਪਿੰਡ ਦੀ ਸੰਗਤ ਵੱਲੋਂ ਵੀ ਅਜਿਹਾ ਇਕ ਮਤਾ ਕਰਕੇ ਫਿਲਮ ਦਾਸਤਾਨ-ਏ-ਸਰਹੰਦ ਰੋਕ ਲਾਉਣ ਦੀ ਮੰਗ ਕੀਤੀ ਗਈ ਹੈ ਅਤੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਬੇਨਤੀ ਕੀਤੀ ਗਈ ਹੈ ਅਜਿਹੀਆਂ ਫਿਲਮਾਂ ਨੂੰ ਠੱਲ੍ਹ ਪਾਉਣ ਲਈ ਹੁਕਮਨਾਮਾ ਜਾਰੀ ਕੀਤਾ ਜਾਵੇ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਖਾਮੋਸ਼ੀ ਸਵਾਲਾਂ ਦੇ ਘੇਰੇ ਵਿਚ

ਦਾਸਤਾਨ-ਏ-ਸਰਹੰਦ ਫਿਲਮ ਦੇ ਗੰਭੀਰ ਮਸਲੇ ਬਾਰੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮੁਕੰਮਲ ਖਾਮੋਸ਼ੀ ਧਾਰਨ ਕੀਤੀ ਗਈ ਹੈ ਜਿਸ ਕਾਰਨ ਸੰਗਤਾਂ ਵਿੱਚ ਕਈ ਤਰ੍ਹਾਂ ਦੇ ਸਵਾਲ ਉਪਜ ਰਹੇ ਹਨ। 

ਜ਼ਿਕਰਯੋਗ ਹੈ ਕਿ ਫਿਲਮ ਦਾਸਤਾਨ-ਏ-ਸਰਹੰਦ ਨਾਲ ਸਬੰਧਤ ਇੱਕ ਪੰਜਾਬੀ ਅਦਾਕਾਰ ਗੁਰਪ੍ਰੀਤ ਘੁੱਗੀ ਵੱਲੋਂ ਇਹ ਦਾਅਵਾ ਕੀਤਾ ਗਿਆ ਹੈ ਕਿ ਇਹ ਫਿਲਮ ਬਣਾਉਣ ਵੇਲੇ ਸਭ ਕੁਝ ਸ਼੍ਰੋਮਣੀ ਕਮੇਟੀ ਦੀ ਸਲਾਹ ਨਾਲ ਹੀ ਕੀਤਾ ਗਿਆ ਹੈ। ਸਿੱਖ ਸੰਗਤਾਂ ਵੱਲੋਂ ਇਹ ਸਵਾਲ ਪੁੱਛੇ ਜਾ ਰਹੇ ਹਨ ਕਿ ਕੀ ਸ਼੍ਰੋਮਣੀ ਕਮੇਟੀ ਨੇ ਇਹ ਫਿਲਮ ਬਣਾਉਣ ਵਾਲਿਆਂ ਨੂੰ ਬਾਲ ਅਦਾਕਾਰਾਂ ਕੋਲੋਂ ਸਾਹਿਬਜ਼ਾਦਿਆਂ ਦੀਆਂ ਨਕਲਾਂ ਲਹਾਉਣ ਦੀ ਇਜਾਜ਼ਤ ਵੀ ਦਿੱਤੀ ਸੀ? ਕਿਉਂਕਿ ਇਕ ਬਾਲ ਕਲਾਕਾਰ ਦੇ ਪਿਤਾ ਨੇ ਰਿਹ ਇੰਕਸ਼ਾਫ ਕੀਤਾ ਹੈ ਕਿ ਉਸ ਦੇ ਪੁੱਤਰ ਨੇ ਹੀ ਇਸ ਫਿਲਮ ਵਾਸਤੇ ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ ਜੀ ਦੀ ਨਕਲ ਲਾਹੀ ਹੈ ਜਿਸ ਨੂੰ ਬਾਅਦ ਵਿਚ ਐਨੀਮੇਸ਼ਨ ਵਿਚ ਬਦਲ ਦਿੱਤਾ ਗਿਆ ਹੈ। ਅਜਿਹੇ ਵਿਚ ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਸਮੇਤ ਸ਼੍ਰੋਮਣੀ ਕਮੇਟੀ ਦੇ ਸਮੂਹ ਅਹੁਦੇਦਾਰਾਂ ਵੱਲੋਂ ਧਾਰਨ ਕੀਤੀ ਗਈ ਖਾਮੋਸ਼ੀ ਉਨ੍ਹਾਂ ਦੀ ਭੂਮਿਕਾ ਨੂੰ ਸ਼ੱਕ ਦੇ ਘੇਰੇ ਵਿਚ ਖੜ੍ਹਾ ਕਰ ਰਹੀ ਹੈ। 

ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਚ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਨਾਲ ਜਦੋਂ ਸਿੱਖ ਸਿਆਸਤ ਵੱਲੋਂ ਇਸ ਬਾਰੇ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਨੂੰ ਬਿਨ੍ਹਾਂ ਦੇਰੀ ਇਸ ਬਾਰੇ ਆਪਣੀ ਸਥਿਤੀ ਸਪਸ਼ਟ ਕਰਨੀ ਚਾਹੀਦੀ ਹੈ। ਨਹੀਂ ਤਾਂ ਸੰਗਤ ਇਹੀ ਮੰਨੇਗੀ ਕਿ ਰਿਹ ਵੀ ਇਸ ਅਵੱਗਿਆ ਵਿਚ ਹਿੱਸੇਦਾਰ ਹਨ।

5 1 vote
Article Rating
Subscribe
Notify of
0 ਟਿੱਪਣੀਆਂ
Inline Feedbacks
View all comments
0
Would love your thoughts, please comment.x
()
x