ਸਿੱਖ, ਸਿੱਖ ਧਰਮ, ਸ਼ਬਦ ਗੁਰੂ, ਨਾਮ, ਸੰਗਤ ਤੇ ਪੰਥ ਦੀ ਸੰਖੇਪ ਵਿਆਖਿਆ

ਸਿੱਖ, ਸਿੱਖ ਧਰਮ, ਸ਼ਬਦ ਗੁਰੂ, ਨਾਮ, ਸੰਗਤ ਤੇ ਪੰਥ ਦੀ ਸੰਖੇਪ ਵਿਆਖਿਆ

ਸਿੱਖ ਧਰਮ ਦਾ ਅਰੰਭ ‘ਸ਼ਬਦ’ ਅਤੇ ‘ਸੰਗਤ’ ਦੇ ਸੰਕਲਪਾਂ ਨਾਲ ਹੋਇਆ। ਸਤਿਗੁਰੂ ਨਾਨਕ ਪਾਤਸ਼ਾਹ ਨੇ ‘ਹਿੰਦ’ ਦੀ ਹੋਣੀ ਦੀ ਨਵ ਸਿਰਜਣਾ ਲਈ ਇਕ ਵੱਡਾ ਪ੍ਰੋਗਰਾਮ ਉਲੀਕਿਆ, ਜਿਸ ਦਾ ਅਧਾਰ ਉਨ੍ਹਾਂ ਨੇ ਕੇਵਲ ਇਕ ਨਿਰਭਉ, ਨਿਰਵੈਰ ਅਕਾਲ ਪੁਰਖ ਅਤੇ ਉਸ ਦੀ ਪੈਦਾ ਕੀਤੀ ਜਨਤਾ ਨੂੰ ਬਣਾਇਆ। ਸਿਧਾਂ ਦੇ ਇਹ ਪੁੱਛਣ ਉੱਤੇ ਕਿ ਤੇਰੇ ਕੋਲ ਕੀ ਕਰਾਮਾਤ ਹੈ ਜਿਸ ਨਾਲ ਤੂੰ ਮੋਮ ਦੇ ਦੰਦਾਂ ਨਾਲ ਜਨਤਾ ਦੇ ਦੁੱਖਾਂ ਦਾ ਲੋਹਾ ਖਾ ਜਾਏਂਗਾ ਤਾਂ ਸਤਿਗੁਰੂ ਨਾਨਕ ਪਾਤਸ਼ਾਹ ਦਾ ਉੱਤਰ ਸੀ ਕਿ ਮੇਰੇ ਕੋਲ ਸੱਚਾ ਨਾਂਅ ਅਤੇ ਗੁਰਮੁਖਾਂ ਦੀ ਸੰਗਤ ਦੇ ਦੋ ਹਥਿਆਰ ਹਨ, ਏਹੋ ਹੀ ਕਰਾਮਾਤ ਹੈ। ਅਰਥਾਤ- ਗੁਰ ਸੰਗਤਿ ਬਾਣੀ ਬਿਨਾ ਦੂਜੀ ਓਟ ਨਹੀਂ ਹਹਿ ਰਾਈ।” (ਭਾਈ ਗੁਰਦਾਸ ਜੀ – ਵਾਰ:1, ਪਉੜੀ: 42)

ਭਾਈ ਕਾਨ੍ਹ ਸਿੰਘ ਨਾਭਾ ਜੀ ਨੇ ਮਹਾਨ ਕੋਸ਼ ਦੇ 192-193 ਉੱਤੇ ਸਿੱਖ ਅਤੇ ਸਿੱਖ ਧਰਮ ਦੀ ਵਿਆਖਿਆ ਹੇਠ ਲਿਖੇ ਅਨੁਸਾਰ ਕੀਤੀ ਹੈ:

ਸਿੱਖ – ਸ੍ਰੀ ਗੁਰੂ ਨਾਨਕ ਜੀ ਦਾ ਅਨੁਗਾਮੀ ਜਿਸ ਨੇ ਸਤਿਗੁਰੂ ਨਾਨਕ ਜੀ ਦਾ ਧਰਮ ਧਾਰਨ ਕੀਤਾ ਹੈ, ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣਾ ਧਰਮ ਗ੍ਰੰਥ ਮੰਨਦਾ ਹੈ ਅਤੇ ਦਸ ਸਤਿਗੁਰਾਂ ਨੂੰ ਇਕ ਰੂਪ ਜਾਣਦਾ ਹੈ।” (ਜੋਤਿ ਓਹਾ ਜੁਗਤਿ ਸਾਇ ਸਹਿ ਕਾਇਆ ਫੇਰਿ ਪਲਟੀਐ।।)
ਦਸ ਗੁਰੂ ਸਾਹਿਬਾਨ, ਸ੍ਰੀ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਤੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਦਸ ਗੁਰੂ ਸਾਹਿਬਾਨ ਦੀ ਬਾਣੀ ਤੇ ਸਿੱਖਿਆ ਅਤੇ ਦਸ਼ਮੇਸ਼ ਜੀ ਦੇ ਅੰਮ੍ਰਿਤ ਉੱਤੇ ਨਿਸ਼ਚਾ ਰੱਖਦਾ ਹੈ ਅਤੇ ਕਿਸੇ ਹੋਰ ਧਰਮ ਨੂੰ ਨਹੀਂ ਮੰਨਦਾ, ਉਹ ਸਿੱਖ ਹੈ (ਸਿੱਖ ਰਹਿਤ ਮਰਿਯਾਦਾ)

ਸਿੱਖ ਧਰਮ– ਮਨੁੱਖਾ ਜੀਵਨ ਦੇ ਮਨੋਰਥ ਦੀ ਸਿੱਧੀ ਲਈ ਜੋ ਮਹਾਂਪੁਰਖਾਂ ਨੇ ਰਸਤਾ ਦੱਸਿਆ ਹੈ ਉਸ ਨੂੰ ਧਰਮ ਕਹਿੰਦੇ ਹਨ। ਧਰਮ ਦੇ ਅਨੇਕ ਰਸਤਿਆਂ ਵਿੱਚੋਂ ਇਕ ਸ਼੍ਰੋਮਣੀ ਰਸਤਾ ਉਹ ਹੈ ਜੋ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਤੱਕ ਦਸ ਗੁਰੂਆਂ ਨੇ ਦੱਸਿਆ ਹੈ, ਇਸ ਦਾ ਨਾਉਂ “ਸਿੱਖ ਧਰਮ” ਹੈ। ਇਸ ਧਰਮ ਦੇ ਮੋਟੇ ਮੋਟੇ ਨਿਯਮ ਇਹ ਹਨ: “ਧਰਮ ਦਾ ਮੁੱਖ ਮਨੋਰਥ ਸਵਰਗ ਆਦਿਕ ਲੋਕਾਂ ਦੀ ਪ੍ਰਾਪਤੀ ਨਹੀਂ, ਸਗੋਂ ਪਰਮਪਤੀ ਵਾਹਿਗੁਰੂ ਨਾਲ ਅਖੰਡ ਲਿਵ ਜੋੜ ਕੇ ਇਕ ਮਿੱਕ ਹੋ ਜਾਣਾ ਹੈ, ਜਿਸ ਬਿਨਾਂ ਆਵਾਂਗਾਉਣ ਦੀ ਸਮਾਪਤੀ ਨਹੀਂ ਹੁੰਦੀ।

ਵਾਹਿਗੁਰੂ ਦਾ ਰੂਪ ਇਹ ਹੈ:- “ੴ ਸਤਿਨਾਮੁ, ਕਰਤਾ ਪੁਰਖੁ, ਨਿਰਭਉ, ਨਿਰਵੈਰੁ, ਅਕਾਲ ਮੂਰਤਿ, ਅਜੂਨੀ, ਸੈਭੰ, ਗੁਰਪ੍ਰਸਾਦਿ”” ਅਰਥਾਤ ਵਾਹਿਗੁਰੂ ਇਕ (ਅਦੁਤੀ) ਹੈ, ਸਦਾ ਅਵਿਨਾਸ਼ੀ ਹੈ, ਸਭ ਦੇ ਰਚਣ ਵਾਲਾ ਉਹੀ ਹੈ ਅਤੇ ਆਪਣੀ ਰਚਨਾ ਦੇ ਅੰਦਰ ਸਮਾਇਆ ਹੋਇਆ ਹੈ, ਦੇਵਤਿਆਂ ਵਾਂਗ ਉਹ ਕਦੇ ਕਿਸੇ ਤੋਂ ਭੈ ਕਰਦਾ ਜਾਂ ਵੈਰੀਆਂ ਨੂੰ ਡਰਾਉਣ ਵਾਲਾ ਨਹੀਂ, ਨਿਤ ਅਨੰਦਰੂਪ ਹੈ, ਜਨਮ ਮਰਨ ਵਿੱਚ ਨਹੀਂ ਆਉਂਦਾ, ਉਹ ਸਭ ਦਾ ਕਰਤਾ ਹੈ, ਉਸ ਦਾ ਕਰਤਾ ਕੋਈ ਨਹੀਂ ਉਸ ਮਹਾਂਜੋਤਿ ਦੀ ਕ੍ਰਿਪਾ ਨਾਲ ਸਭ ਕੁਝ ਪ੍ਰਾਪਤ ਹੋ ਸਕਦਾ ਹੈ। ਅੱਗੇ ਸਤਿਕਾਰਤ ਭਾਈ ਕਾਨ੍ਹ ਸਿੰਘ ਨਾਭਾ ਜੀ ਲਿਖਦੇ ਹਨ ਕਿ “ਵਾਹਿਗੁਰੂ ਨੂੰ ਪਹੁੰਚਣ ਲਈ ਗੁਰੂ ਦੀ ਲੋੜ ਹੈ, ਇਹ ਗੁਰੂ ਦਸ ਸਤਿਗੁਰੂ ਹਨ ਅਤੇ ਉਨ੍ਹਾਂ ਦਾ ਸਮੁੱਚਾ ਰੂਪ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਨ। ਗੁਰੂ ਗ੍ਰੰਥ ਸਾਹਿਬ ਦਸੇ ਗੁਰੂ ਸਾਹਿਬਾਨ ਰਾਹੀਂ ਪ੍ਰਵਾਣਿਤ ਅਤੇ ਉਨ੍ਹਾਂ ਦੀ ਨਿਗਰਾਨੀ ਹੇਠ ਸੰਪੂਰਨ ਹੋਇਆ “ਪੋਥੀ ਪਰਮੇਸਰ ਕਾ ਥਾਨੁ” (ਸ਼ਬਦ ਗੁਰੂ, ਗੁਰੂ ਗ੍ਰੰਥ ਹੈ) ਜੋ ਗੁਰਮੁਖ ਪਿਆਰੇ ਸਤਿਗੁਰੂ ਦੇ ਸ਼ਬਦ ਦਾ ਭਾਵ ਅਤੇ ਧਰਮ ਦੇ ਗੁੱਝੇ ਭੇਦ ਦੱਸਦੇ ਹਨ, ਉਹ ਸਨਮਾਨ ਯੋਗ ਉਪਕਾਰੀ ਸੱਜਣ ਮੰਨੇ ਜਾਂਦੇ ਹਨ, ਜਿਨ੍ਹਾਂ ਦੀ ਸੰਗਤ ਨਾਲ ਅਸੀਂ ਆਪਣਾ ਉੱਚਾ ਆਚਰਣ ਬਣਾਉਣਾ ਹੈ।

ਇਹ ਆਚਰਣ ਦੋ ਤਰ੍ਹਾਂ ਦਾ ਹੈ: (ੳ) ਸ਼ਖ਼ਸ਼ੀ (ਅ) ਪੰਥਕ

(ੳ) ਸ਼ਖ਼ਸ਼ੀ – ਸ਼ਖ਼ਸ਼ੀ ਆਚਰਣ ਦੇ ਮੋਟੇ ਮੋਟੇ ਨੇਮ ਇਹ ਹਨ:-

  • ਵਾਹਿਗੁਰੂ ਨਾਲ ਲਿਵ ਜੋੜ ਕੇ ਨਾਮ ਸਿਮਰਣ ਕਰਨਾ।
  • ਗੁਰਬਾਣੀ ਦਾ ਪਾਠ ਸਿਧਾਂਤ ਵਿਚਾਰ ਨਾਲ ਨਿੱਤ ਕਰਨਾ।
  • ਮਨੁੱਖਾਂ ਨੂੰ ਆਪਣੇ ਭਾਈ ਜਾਣਕੇ ਜਾਤਿ ਪਾਤਿ ਅਤੇ ਦੇਸ਼ ਦਾ ਭੇਦ ਤਿਆਗ ਕੇ ਪ੍ਰੇਮ ਕਰਨਾ ਤੇ ਨਿਸ਼ਕਾਮ ਸੇਵਾ ਕਰਨੀ (ਸੇਵਾ ਕਰਤ ਹੋਇ ਨਿਹਕਾਮੀ।। ਤਿਸ ਕਉ ਹੋਤ ਪਰਾਪਤਿ ਸੁਆਮੀ।।)
  • ਗ੍ਰਹਿਸਥ ਵਿੱਚ ਰਹਿ ਕੇ ਧਰਮ ਦੀ ਕਮਾਈ ਨਾਲ ਨਿਰਵਾਹ ਕਰਨਾ ਹੈ।
  • ਅਵਿਦਯ ਮੂਲਕ ਛੂਤ ਛਾਤ, ਜੰਤ੍ਰ, ਮੰਤ੍ਰ, ਮੂਰਤੀ ਪੂਜਾ ਅਤੇ ਮਨਮੱਤਾਂ ਦੇ ਕਰਮ ਜਾਲ ਨੂੰ ਛੱਡ ਕੇ ਗੁਰਮਤਿ ਤੇ ਚਲਣਾ।

(ਅ) ਪੰਥਕ – ਪੰਥਕ ਆਚਰਣ ਲਈ ਜਰੂਰੀ ਹੈ ਕਿ:

  • ਜਥੇਬੰਦੀ ਦੇ ਨਿਯਮਾਂ ਵਿੱਚ ਆ ਕੇ ਸਿੱਖ ਧਰਮ ਦੀ ਰਹਿਤ ‘ਤੇ ਪੱਕਿਆਂ ਰਹਿਣਾ।
  • ਪੰਥ ਨੂੰ ਗੁਰੂ ਦਾ ਰੁਪ ਜਾਣਕੇ, ਤਨ ਮਨ ਧਨ ਤੋਂ ਸਹਾਇਤਾ ਕਰਨੀ। (ਨੋਟ-ਸਿੱਖ ਰਹਿਤ ਮਰਿਯਾਦਾ ਦੇ ਪੰਨਾ 27 ਉੱਤੇ ਗੁਰੂ ਪੰਥ ਦੀ ਵਿਆਖਿਆ ਇਸ ਪ੍ਰਕਾਰ ਕੀਤੀ ਗਈ ਹੈ ਕਿ – “ਗੁਰੂ ਪੰਥ” ਤਿਆਰ-ਬਰ ਤਿਆਰ ਸਿੰਘਾਂ ਦੇ ਸਮੁੱਚੇ ਸਮੂਹ ਨੂੰ ਆਖਦੇ ਹਨ।
  • ਜਗਤ ਵਿੱਚ ਗੁਰਮਤਿ ਦਾ ਪ੍ਰਚਾਰ ਕਰਨਾ।
  • ਗੁਰੂ ਨਾਨਕ ਪੰਥੀ ਭਾਵੇਂ ਕਿਸੇ ਰੂਪ ਵਿੱਚ ਹੋਣ ਉਨ੍ਹਾਂ ਨਾਲ ਸਨੇਹ ਕਰਨਾ ਅਰ ਹਰ ਵੇਲੇ ਸਭ ਦਾ ਭਲਾ ਲੋਚਣਾ।
  • ਗੁਰਦੁਆਰਿਆਂ ਅਤੇ ਧਰਮ ਅਸਥਾਨਾਂ ਦੀ ਮਰਿਯਾਦਾ ਸਤਿਗੁਰਾਂ ਦੇ ਹੁਕਮ ਅਨੁਸਾਰ ਕਾਇਮ ਰੱਖਣੀ। (ਹਵਾਲਾ-ਗੁਰਸ਼ਬਦ ਰਤਨਾਗਰ ਮਹਾਨ ਕੋਸ਼ ਚੌਥਾ ਸੰਸਕਰਣ, ਭਾਸ਼ਾ ਵਿਭਾਗ ਪੰਜਾਬ-1974)

 

“ਗੁਰੂ ਗ੍ਰੰਥ ਸਾਹਿਬ ਸਿੱਖੀ ਦੇ ਇਨ੍ਹਾਂ ਤਿੰਨ ਬੁਨਿਆਦੀ ਅਸੂਲਾਂ ਦੀ ਵਿਆਖਿਆ ਕਰਦੇ ਹਨ:

ਕਿਰਤ ਕਰੋ (ਇਮਾਨਦਾਰੀ ਨਾਲ ਕੋਈ ਪੈਦਾਵਰੀ ਕੰਮ ਕਰੋ)
ਨਾਮ ਜਪੋ (ਨਾਮ ਜਪਕੇ ਆਪਣੇ ਆਪ ਨੂੰ ਰੂਹਾਨੀ ਤੌਰ ‘ਤੇ ਜਾਗਰਤ ਕਰੋ)
ਵੰਡ ਛਕੋ (ਆਪਣੀ ਦਸਾਂ ਨਹੁਆਂ ਦੀ ਕਿਰਤ ਕਮਾਈ ਵਿੱਚੋਂ ਦਸਵੰਧ ਕੱਢ ਕੇ ਬਿਨਾਂ ਨਸਲੀ ਭੇਦ ਭਾਵ ਦੇ ਲੋੜਵੰਦਾਂ ਦੀ ਮਦਦ ਕਰੋ)

ਇਹ ਤਿੰਨੇ ਅਸੂਲ ਮਨੁੱਖੀ ਵਿਕਾਸ ਦੇ ਨਾਲ ਨਾਲ ਇਕ ਆਦਰਸ਼ ਸਮਾਜ ਦੇ ਵਿਕਾਸ ਲਈ ਵੀ ਜਰੂਰੀ ਹਨ। ਰੂਹਾਨੀ ਜਾਗਰਤੀ ਤੋਂ ਬਿਨਾਂ ਕੋਈ ਆਦਰਸ਼ ਸਮਾਜ ਨਹੀਂ ਸਿਰਜਿਆ ਜਾ ਸਕਦਾ ਭਾਵ ਨਾਮ ਜਪਣਾ ਵੀ ਜਰੂਰੀ ਹੈ। “ਨਾਮੁ ਦਾ ਭਾਵ ਹੈ, ਸਰਬ-ਵਿਆਪੀ ਆਤਮਾ। ਉਹ ਨਿਰਾਕਾਰ ਹੈ, ਨਿਰੋਲ ਪ੍ਰਾਣ ਹੈ। ਨਾਮ ਗੁਰੂ ਗ੍ਰੰਥ ਸਾਹਿਬ ਵਿੱਚ ਪ੍ਰਭੂ ਦੀ ਸਮੁੱਚੀ ਸ਼ਕਤੀ ਨੂੰ ਦਰਸਾਉਣ ਲਈ ਵਰਤਿਆ ਗਿਆ ਹੈ ਅਰਥਾਤ-ਨਾਮ ਕੇ ਧਾਰੇ ਸਗਲੇ ਜੰਤ।। ਨਾਮ ਕੇ ਧਾਰੇ ਖੰਡ ਬ੍ਰਹਮੰਡ।।(ਸੁਖਮਨੀ ਸਾਹਿਬ)

ਪ੍ਰਮਾਤਮਾ ਦਾ

ਕੋਈ ਖਾਸ ਨਾਂ ਨਹੀਂ ਮਿਥਿਆ ਜਾ ਸਕਦਾ। ਨਾਮ ਕਹਿਣ ਨਾਲ ਉਸ ਦੀ ਸਰਵ-ਵਿਆਪੀ ਸ਼ਖਸ਼ੀਅਤ ਸਾਹਮਣੇ ਆ ਜਾਂਦੀ ਹੈ।

ਗੁਰੂ ਗ੍ਰੰਥ ਸਾਹਿਬ ਨਾਮ ਨਾ ਮੰਨਣ ਵਾਲੇ ਨੂੰ ਮੂਰਖ ਕਹਿੰਦੇ ਹਨ ਅਰਥਾਤ “ਮੂਰਖਾ ਸਿਰਿ ਮੂਰਖੁ ਹੈ ਜਿ ਮੰਨੇ ਨਾਹੀ ਨਾਉ।। (ਮਾਰੂ ਮਹਲਾ-ਪਹਿਲਾ ਅੰਗ 1015)

ਗੁਰੂ ਨਾਨਕ ਸਾਹਿਬ ਨੇ “ਸ਼ਬਦ ਗੁਰੂ” ਦੀ ਸਥਾਪਨਾ ਸਿਧਾਂ ਨਾਲ ਹੋਈ ਗੋਸ਼ਟੀ ਸਮੇਂ ਹੀ ਕਰ ਦਿੱਤੀ ਸੀ। ਗੁਰੂ ਨਾਨਕ ਸਾਹਿਬ ਆਪਣੇ ਪ੍ਰਚਾਰਕ ਦੌਰਿਆਂ (ਉਦਾਸੀਆਂ) ਦੌਰਾਨ ਜਿਥੇ ਵੀ ਜਾਂਦੇ ਆਪਣਾ ਆਤਮ-ਸਰੂਪ ਗੁਰ ਸਬਦੁ ਗੁਰ ਗਿਆਨ ਤੇ ਨਿਰੰਜਨੀ ਜੋਤਿ ਹੀ ਦਸਦੇ। ਗੁਰੂ ਨਾਨਕ ਸਾਹਿਬ ਨੇ ਦੇਸਾਂ-ਵਿਦੇਸ਼ਾਂ ਦੀ ਯਾਤਰਾ ਕਰਕੇ ਹਰ ਦੇਸ਼, ਹਰ ਧਰਮ ਤੇ ਹਰ ਕੌਮ ਦੇ ਅਧਿਆਤਮਕ ਪਾਂਧੀਆਂ ਦੇ ਹਿਰਦੇ ਵਿੱਚ ਆਪਣੇ ਸ਼ਬਦ ਸਿਧਾਂਤ ਦਾ ਅਲੇਖ ਬੀਜ ਬੀਜਿਆ। ਸਤਿਕਾਰਤ ਭਾਈ ਕਾਨ੍ਹ ਸਿੰਘ ਨਾਭਾ ਗੁਰਮਤ ਮਾਰਤੰਡ ਵਿੱਚ ਸ਼ਬਦ ਦੇ ਅਰਥਾਂ ਬਾਰੇ ਲਿਖਦੇ ਹਨ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸ਼ਬਦ ਦੇ ਅਰਥ ਕਰਤਾਰ, ਸਤਿਗੁਰਾਂ ਦੁਆਰਾ ਪ੍ਰਾਪਤ ਹੋਇਆ ਕਰਤਾਰ ਦਾ ਹੁਕਮ, ਧਰਮ, ਗੁਰਮੰਤ ਅਤੇ ਗੁਰਬਾਣੀ ਹਨ।

ਸਿਰਦਾਰ ਕਪੂਰ ਸਿੰਘ

ਸ਼ਬਦ ਉਹ ਤੱਤ ਹੈ, ਜਿਸ ਨੂੰ ਜਾਣਦਿਆਂ ਸੱਚ ਦੀ ਸੋਝੀ ਹੁੰਦੀ ਹੈ ਅਤੇ ਸੱਚ ਨਾਲ ਇਕਮਿਕ ਹੋ ਜਾਈਦਾ ਹੈ।

ਸ਼ਬਦ ਸਦੀਵੀ ਅਤੇ ਅਟੱਲ ਸੱਚਾਈਆਂ ਦਾ ਗਿਆਨ ਹੈ ਜੋ ਗੁਰੂ ਨੂੰ ਅਕਾਲ ਪੁਰਖ ਨਾਲ ਅਭੇਦ ਤੇ ਇਕਮਿਕ ਹੋਣ ਨਾਲ ਪ੍ਰਾਪਤ ਹੋਇਆ। ਪ੍ਰਭੂ ਦੇ ਹੁਕਮ ਬਾਰੇ ਗੁਰਬਾਣੀ ਵਿੱਚ ਇਸ ਗੱਲ ਦਾ ਭਰਪੂਰ ਵਰਨਣ ਹੈ ਕਿ ਸੰਸਾਰ ਦੀ ਉਤਪਤੀ ਅਤੇ ਅੰਤ ਸ਼ਬਦ ਦੁਆਰਾ ਹੀ ਹੁੰਦਾ ਹੈ। ਗੁਰ ਸ਼ਬਦ ਦੈਵੀ ਸ਼ਕਤੀ ਦਾ ਪ੍ਰਤੀਕ ਹੈ। ਪ੍ਰਮਾਤਮਾ ਦੇ ਹੁਕਮ ਵਿੱਚ ਹੀ ਜਗਤ ਦੀ ਉਤਪਤੀ ਹੁੰਦੀ ਹੈ ਅਤੇ ਜਗਤ ਦਾ ਨਾਸ਼ ਹੁੰਦਾ ਹੈ ਨਾਸ਼ ਤੋਂ ਪਿੱਛੋਂ ਮੁੜ ਪ੍ਰਭੂ ਦੇ ਹੁਕਮ ਵਿੱਚ ਹੀ ਜਗਤ ਦੀ ਉਤਪਤੀ ਹੁੰਦੀ ਹੈ। “ਏਕੋ ਸਬਦੁ ਏਕੋ ਪ੍ਰਭੁ ਵਰਤੈ ਸਭ ਏਕਸੁ ਤੇ ਉਤਪਤਿ ਚਲੈ।।” (ਅੰਗ 1334)

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਇਸ ਗੱਲ ਨੂੰ ਮੁੜ ਮੁੜ ਕੇ ਦ੍ਰਿੜ ਕਰਵਾਇਆ ਗਿਆ ਹੈ ਕਿ ਸ਼ਬਦ ਹੀ ਗੁਰੂ ਹੈ ਅਥਵਾ ਬਾਣੀ ਹੀ ਗੁਰੂ ਹੈ। ਸ਼ਬਦ ਗੁਰੂ ਹੈ ਅਤੇ ਸੁਰਤਿ ਦਾ ਟਿਕਾਉ ਸਿੱਖ ਹੈ – ਅਰਥਾਤ “ਸਬਦੁ ਗੁਰੂ ਸੁਰਤਿ ਧੁਨਿ ਚੇਲਾ।। ” (ਗੁ: : ਸਾ: 943)

“ਗੁਰੂ ਦੀ ਬਾਣੀ ਸਿੱਖ ਦਾ ਗੁਰੂ ਹੈ, ਗੁਰੂ ਬਾਣੀ ਵਿੱਚ ਮੌਜੂਦ ਹੈ। ਗੁਰੂ ਦੀ ਬਾਣੀ ਆਤਮਕ ਜੀਵਨ ਦੇਣ ਵਾਲਾ ਨਾਮ ਜਲ ਹੈ। ਗੁਰੂ ਬਾਣੀ ਉਚਾਰਦਾ ਹੈ ਤੇ ਗੁਰੂ ਦਾ ਸੇਵਕ ਉਸ ਬਾਣੀ ‘ਤੇ ਸ਼ਰਧਾ ਧਾਰਦਾ ਹੈ। ਗੁਰੂ ਉਸ ਸੇਵਕ ਨੂੰ ਯਕੀਨੀ ਤੌਰ ‘ਤੇ ਸੰਸਾਰ ਸਮੁੰਦਰ ਤੋਂ ਪਾਰ ਲੰਘਾ ਦਿੰਦਾ ਹੈ। ਅਰਥਾਤ- “ਬਾਣੀ ਗੁਰੂ ਗੁਰੂ ਹੈ ਬਾਣੀ ਵਿਚਿ ਬਾਣੀ ਅੰਮ੍ਰਿਤ ਸਾਰੇ।। ਗੁਰੁ ਬਾਣੀ ਕਹੈ ਸੇਵਕੁ ਜਨੁ ਮਾਨੈ ਪਰਤਖਿ ਗੁਰੂ ਨਿਸਤਾਰੇ।। (ਨਟ ਮਹਲਾ 4, ਪੰਨਾ 982) ਗੁਰੂ ਦੇ ਸ਼ਬਦ ਦੀ ਅਗਵਾਈ ਤੋਂ ਬਿਨਾਂ ਸੰਸਾਰ-ਸਮੁੰਦਰ ਤੋਂ ਪਾਰ ਨਹੀਂ ਲੰਘਿਆ ਜਾ ਸਕਦਾ, ਕਿਉਂਕਿ ਪ੍ਰਮਾਤਮਾ ਦੇ ਨਾਮ ਤੋਂ ਵਾਂਝਿਆਂ ਰਹਿ ਕੇ ਜਗਤ ਮੇਰ-ਤੇਰ, ਮਾਣ, ਮੋਹ ਦੇ ਵਿਤਕਰੇ ਵਿੱਚ ਫਸਿਆ ਰਹਿੰਦਾ ਹੈ ਤੇ ਮੇਰ-ਤੇਰ ਦੇ ਡੂੰਘੇ ਪਾਣੀਆਂ ਵਿੱਚ ਮੁੜ ਮੁੜ ਡੁੱਬ ਕੇ ਆਤਮਕ ਮੌਤ ਸਹੇੜ ਲੈਂਦਾ ਹੈ। ਅਰਥਾਤ- ਭਵਜਲੁ ਬਿਨੁ ਸਬਦੈ ਕਿਉ ਤਰੀਐ ॥ ਨਾਮ ਬਿਨਾ ਜਗੁ ਰੋਗਿ ਬਿਆਪਿਆ ਦੁਬਿਧਾ ਡੁਬਿ ਡੁਬਿ ਮਰੀਐ ॥ (ਗੁ: : ਸਾ: ਪੰਨਾ 1125)

ਸ਼ਬਦ-ਗੁਰੂ ਦਾ ਸਿਧਾਂਤ ਗੁਰਬਾਣੀ/ਗੁਰਮਤਿ-ਵਿਚਾਰਧਾਰਾ ਦਾ ਪ੍ਰਮੁੱਖ ਅੰਗ ਹੈ। ਅਕਾਲ ਰੂਪ ਹੁੰਦਿਆਂ ਹੋਇਆਂ ਵੀ ਆਪਣੇ ਆਪ ਨੂੰ, ਨਾਨਕੁ ਨੀਚੁ, ਨਾਨਕੁ-ਵੇਚਾਰਾ, ਢਾਢੀਕਾ, ਨੀਚ ਜਾਤ, ਆਦਿਕ ਆਖਿਆ। ਬਾਣੀ ਪ੍ਰਭੂ ਅਭੇਦਤਾ ਦੇ ਅਨੁਭਵ ਤੋਂ ਉਪਜੀ ਹੈ। ਸਿੱਖ ਧਰਮ ਦੀ ਸਰਬੋਤਮਤਾ ਵੀ ਗੁਰੂ ਨਾਨਕ ਦੇ ਸੱਚ ਵਿੱਚ ਸਮਾਈ ਹੋਈ ਹੈ। ਗੁਰੂ ਨਾਨਕ-ਸੱਚ ਦਸ ਗੁਰੂ ਸਾਹਿਬਾਨ ਦੇ ਅਨੇਕਾਂ ਪਵਿੱਤਰ ਕਾਰਨਾਮਿਆਂ ਅਤੇ ਉਨ੍ਹਾਂ ਦੇ ਸੰਪਰਕ ਵਿੱਚ ਆਈ ਅਨੇਕ ਭਾਂਤੀ ਜ਼ਿੰਦਗੀ ਵਿੱਚ ਸਮਾਇਆ ਹੋਇਆ ਹੈ। ਇਹ ਲਸਾਨੀ ਦੈਵੀ ਨਿਯਮ ਹੈ, ਜਿਹੜਾ ਹੁਕਮ ਅਤੇ ਨਦਰ ਦੀ ਰੱਬਾਨੀਅਤ ਮਨੁੱਖ ਦੇ ਅਨੁਭਵ ਦੇ ਨੇੜੇ ਕਰਦਾ ਹੈ।” (ਸਹਿਜੇ ਰਚਿਓ ਖਾਲਸਾ ਪੰਨਾ 954) ਇਸ ਤਰ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਪੂਰਾ ਸਮਰਪਣ-ਭਾਵ ਜਿਥੇ ਅਤਿ ਲੋੜੀਂਦਾ ਤੱਤ ਹੈ, ਉਥੇ ਨਾਲ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚਲੇ ਅਜਿਹੇ ਵਾਕਾਂ ਨੂੰ ਵੀ ਸਮਝਣ ਦੀ ਲੋੜ ਹੈ ਜਿਨ੍ਹਾਂ ਵਿੱਚ ਗੁਰੂ ਨੂੰ ਸਿੱਖਾਂ ਵਿੱਚ ਜਾਂ ਸੰਗਤ ਵਿੱਚ ਵਿਚਰਦੇ ਦੱਸਿਆ ਗਿਆ ਹੈ, ਯਥਾ: ਗੁਰਸਿਖਾਂ ਅੰਦਰਿ ਸਤਿਗੁਰੂ ਵਰਤੈ ਜੋ ਸਿਖਾਂ ਨੋ ਲੋਚੈ ਸੋ ਗੁਰ ਖੁਸੀ ਆਵੈ।। (ਪੰਨਾ 317) ਗੁਰੂ ਸਿਖੁ ਸਿਖੁ ਗੁਰੂ ਹੈ ਏਕੋ ਗੁਰ ਉਪਦੇਸੁ ਚਲਾਏ।। (ਗੁ: ਗੰ: ਸਾ: ਪੰਨਾ 444) ਵਿਚਿ ਸੰਗਤਿ ਹਰਿ ਪ੍ਰਭੁ ਵਰਤਦਾ ਬੁਝਹੁ ਸਬਦ ਵੀਚਾਰ।। (ਗੁ: ਗੰ: ਸਾ: ਪੰਨਾ 1314)

ਸ਼ਬਦ ਅਥਵਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ

ਬ੍ਰਹਿਮੰਡੀ ਚੇਤਨਾ ਨੂੰ ਮਨੁੱਖੀ ਅਮਲ ਵਿੱਚ ਧਾਰਨ ਕਰਨ ਵਾਲੇ ਸਮੂਹ ਦਾ ਨਾਮ ਹੀ ਪੰਥ ਹੈ।

3 3 votes
Article Rating
Subscribe
Notify of
2 ਟਿੱਪਣੀਆਂ
Oldest
Newest Most Voted
Inline Feedbacks
View all comments
2
0
Would love your thoughts, please comment.x
()
x