ਬਿਖੜੇ ਸਮਿਆਂ ਵਿੱਚ ਸੱਚ ਅਤੇ ਇਨਸਾਫ ਦੀ ਬਾਤ ਪਾਉਣ ਬਦਲੇ ਖਾਲੜਾ ਪਿੰਡ ਦੇ ਭਾਈ ਜਸਵੰਤ ਸਿੰਘ ਨੂੰ ਆਪਣੀ ਜਾਨ ਕੁਰਬਾਨ ਕਰਨੀ ਪਈ। ਪੰਜਾਬ ਵਿੱਚ ਉਸ ਵੇਲੇ ਕੂੜ ਹਨੇਰ ਦੀ ਹਕੂਮਤ ਚਹੁੰ ਪਾਸੀਂ ਪਸਰੀ ਹੋਈ ਸੀ ਅਤੇ ਹਕੂਮਤੀ ਜ਼ੁਲਮ ਹਨੇਰ ਕਾਰਨ ਲੋਕਾਈ ਵਿੱਚ ਡਰ ਅਤੇ ਸਹਿਮ ਵਧਦਾ ਜਾ ਰਿਹਾ ਸੀ ਜਦੋਂ ਭਾਈ ਜਸਵੰਤ ਸਿੰਘ ਖਾਲੜਾ ਵੱਲੋਂ ਹਨੇਰੇ ਦੀ ਇਸ ਸਲਤਨਤ ਨੂੰ ਚੁਣੌਤੀ ਦਿੱਤੀ ਗਈ।
ਉਨ੍ਹਾਂ ਸਮਿਆਂ ਵਿੱਚ ਬਿਪਰਵਾਦੀ ਦਿੱਲੀ ਸਾਮਰਾਜ ਦੀ ਪੁਲੀਸ ਅਤੇ ਫੌਜਾਂ ਵੱਲੋਂ ਪੰਜਾਬ ਵਿੱਚ ਵੱਡੀ ਪੱਧਰ ਉੱਤੇ ਮਨੁੱਖਤਾ ਖਿਲਾਫ ਜ਼ੁਰਮ ਕੀਤੇ ਜਾ ਰਹੇ ਸਨ ਅਤੇ ਸਿੱਖਾਂ ਨੂੰ ਝੂਠੇ ਮੁਕਾਬਲਿਆਂ ਵਿਚ ਖਤਮ ਕਰਕੇ ਉਨ੍ਹਾਂ ਨੂੰ ਲਾਵਾਰਿਸ ਲਾਸ਼ਾਂ ਦੱਸਦਿਆਂ ਗੁਪਤ ਤਰੀਕੇ ਨਾਲ ਉਨ੍ਹਾਂ ਦਾ ਸੰਸਕਾਰ ਕਰ ਦਿੱਤਾ ਜਾਂਦਾ ਸੀ। ਭਾਈ ਜਸਵੰਤ ਸਿੰਘ ਖਾਲੜਾ ਨੇ ਦੁਰਗਿਆਨਾ ਮੰਦਰ, ਤਰਨ ਤਾਰਨ ਅਤੇ ਪੱਟੀ ਦੇ ਸ਼ਮਸ਼ਾਨ ਘਾਟਾਂ ਦਾ ਰਿਕਾਰਡ ਦੁਨੀਆ ਸਾਹਮਣੇ ਨਸ਼ਰ ਕਰਕੇ ਦੱਸਿਆ ਕਿ ਕਿਵੇਂ ਦਿੱਲੀ ਸਾਮਰਾਜ ਦੇ ਕਰਿੰਦੇ ਜਿਉਂਦੇ ਜਾਗਦੇ ਸਿੱਖਾਂ ਨੂੰ ਲਾਵਾਰਿਸ ਲਾਸ਼ਾਂ ਬਣਾ ਕੇ ਖਪਾ ਰਹੇ ਹਨ।
ਭਾਈ ਜਸਵੰਤ ਸਿੰਘ ਖਾਲੜਾ ਨੇ ਦਿੱਲੀ ਸਾਮਰਾਜ ਦੀ ਪੁਲਿਸ ਅਤੇ ਫੌਜਾਂ ਵੱਲੋਂ ਕਤਲ ਕੀਤੇ ਗਏ ਸਿੱਖਾਂ ਦੇ ਪਰਿਵਾਰਾਂ ਨੂੰ ਦੋਸ਼ੀਆਂ ਖਿਲਾਫ ਕਾਨੂੰਨੀ ਕਾਰਵਾਈ ਵਿੱਢਣ ਲਈ ਵੀ ਪ੍ਰੇਰਿਤ ਕੀਤਾ। ਇਸ ਸਭ ਦਾ ਨਤੀਜਾ ਇਹ ਨਿਕਲਿਆ ਕਿ ਅਖੀਰ 6 ਸਤੰਬਰ 1995 ਨੂੰ ਭਾਈ ਜਸਵੰਤ ਸਿੰਘ ਖਾਲੜਾ ਨੂੰ ਅਗਵਾ ਕਰਕੇ ਸਦਾ ਲਈ ਲਾਪਤਾ ਕਰ ਦਿੱਤਾ ਗਿਆ। ਸ਼ਹੀਦੀ ਤੋਂ ਕੁਝ ਸਮਾਂ ਪਹਿਲਾਂ ਆਪਣੀ ਕੈਨੇਡਾ ਫੇਰੀ ਦੌਰਾਨ ਭਾਈ ਜਸਵੰਤ ਸਿੰਘ ਖਾਲੜਾ ਵੱਲੋਂ ਕੀਤੀ ਗਈ ਤਕਰੀਰ ਨੂੰ ਸੁਣ ਕੇ ਪਤਾ ਲੱਗਦਾ ਹੈ ਕਿ ਉਹ ਸ਼ਹਾਦਤ ਦੇ ਅਜ਼ੀਮ ਰੁਤਬੇ ਦੀ ਤਾਂਘ ਮਨ ਵਿੱਚ ਲੈ ਕੇ ਹੀ ਹਕੂਮਤੀ ਜਬਰ ਦਾ ਸੱਚ ਦੁਨੀਆਂ ਸਾਹਮਣੇ ਉਜਾਗਰ ਕਰ ਰਹੇ ਸਨ।
ਪੰਜਾਬ ਵਿੱਚ ਹੋਏ ਮਨੁੱਖਤਾ ਦੇ ਘਾਣ ਸਬੰਧੀ
ਜੋ ਮਾਮਲੇ ਦੋਸ਼ੀਆਂ ਖਿਲਾਫ ਅਦਾਲਤਾਂ ਵਿੱਚ ਚੱਲੇ ਹਨ, ਜਾਂ ਇਸ ਵਕਤ ਚੱਲ ਰਹੇ ਹਨ, ਉਨ੍ਹਾਂ ਵਿੱਚੋਂ ਬਹੁਤੇ ਉਹ ਮਾਮਲੇ ਹੀ ਹਨ ਜਿਨ੍ਹਾਂ ਦੀ ਕਾਰਵਾਈ ਭਾਈ ਜਸਵੰਤ ਸਿੰਘ ਖਾਲੜਾ ਨੇ ਆਪਣੀ ਸ਼ਹਾਦਤ ਤੋਂ ਪਹਿਲਾਂ ਸ਼ੁਰੂ ਕਰਵਾਈ ਸੀ।
ਸ਼ਹੀਦ ਜਸਵੰਤ ਸਿੰਘ ਖਾਲੜਾ ਵੱਲੋਂ ਹੱਕ ਸੱਚ ਅਤੇ ਇਨਸਾਫ ਲਈ ਕੀਤੇ ਗਏ ਕਾਰਜਾਂ ਦਾ ਸਤਿਕਾਰ ਦੁਨੀਆਂ ਭਰ ਦੇ ਇਨਸਾਫ ਪਸੰਦ ਲੋਕਾਂ ਵੱਲੋਂ ਕੀਤਾ ਜਾ ਰਿਹਾ ਹੈ। ਇਸੇ ਲੜੀ ਤਹਿਤ ਕੈਨੇਡਾ ਦੇ ਬਰਨਬੀ ਸ਼ਹਿਰ ਦੀ ਸਿਟੀ ਕੌਂਸਲ ਵੱਲੋਂ ਸ਼ਹੀਦ ਜਸਵੰਤ ਸਿੰਘ ਖਾਲੜਾ ਅਤੇ ਉਨ੍ਹਾਂ ਦੇ ਕਾਰਜਾਂ ਦੇ ਸਤਿਕਾਰ ਵਿੱਚ 6 ਸਤੰਬਰ ਨੂੰ “ਜਸਵੰਤ ਸਿੰਘ ਖਾਲੜਾ ਦਿਹਾੜਾ” ਮਨਾਉਣ ਦਾ ਐਲਾਨ ਕੀਤਾ ਗਿਆ। ਇਸ ਬਾਰੇ ਇੱਕ ਬਾਕਾਇਦਾ ਐਲਾਨਨਾਮਾ ਜਾਰੀ ਕਰਨ ਮੌਕੇ ਬਰਨਬੀ ਸ਼ਹਿਰ ਦੇ ਮੇਅਰ ਮਾਈਕ ਹੁਰਲੇ ਨੇ ਕਿਹਾ ਕਿ 6 ਸਤੰਬਰ ਨੂੰ ਜਸਵੰਤ ਸਿੰਘ ਖਾਲੜਾ ਦਿਹਾੜੇ ਵਜੋਂ ਮਨਾਉਣ ਦਾ ਐਲਾਨ ਕਰਦਿਆਂ ਉਸ ਨੂੰ ਬੇਹੱਦ ਮਾਣ ਮਹਿਸੂਸ ਹੋ ਰਿਹਾ ਹੈ।