ਕਿਰਸਾਨੀ ਨੂੰ ਉੱਤਮ ਕਿੱਤੇ ਦਾ ਦਰਜਾ ਕਿਉਂ ਮਿਲਿਆ ਜਾਂ ਵਪਾਰ ਨੂੰ ਮੱਧਮ ਕਿਉਂ ਕਿਹਾ ਗਿਆ ਇਹ ਤਾਂ ਵਿਦਵਾਨ ਬੰਦੇ ਹੀ ਦੱਸ ਸਕਦੇ ਹਨ ਪਰ ਨੌਕਰੀ ਨੂੰ ਨਖਿੱਧ ਕਿਉਂ ਮੰਨਿਆ ਗਿਆ ਇਹ ਮੈ ਦੱਸ ਸਕਦਾਂ ਕਿਉਂਕਿ ਮੈ ਕਰਦਾਂ। ਨੌਕਰੀ ਤੇ ਗੁਲਾਮੀ ਸਮਅਰਥੀ ਸ਼ਬਦ ਹਨ। ਨੌਕਰੀ ਕਰਦਿਆਂ ਦੇ ਆਪੇ ਦਾ ਨਿੱਤ ਕੁਝ ਨਾ ਕੁਝ ਮਰ ਜਾਂਦਾ ਹੈ। ਖੁਰ ਜਾਂਦਾ ਹੈ।
ਜਗਤ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਜਿੰਨੀ ਵੇਰ ਖੇਤੀ ਦਾ ਜਾਂ ਕਿਰਸਾਨੀ ਦਾ ਜਿਕਰ ਆਉਂਦਾ ਹੈ ਖੌਰੇ ਹੀ ਕਿਸੇ ਹੋਰ ਕਿੱਤੇ ਦਾ ਆਉਂਦਾ ਹੋਵੇ। ਇਸ ਕਿੱਤੇ ਦੇ ਮਹਾਤਮ ਨੂੰ ਕਰੀਬ ਸਾਰੇ ਗੁਰੂਆਂ ਪੀਰਾਂ ਮਹਾਂਪੁਰਖਾਂ ਵਡਿਆਇਆ ਹੈ।
ਮਾਂ ਪਿਉ ਇਸ ਦੁਨੀਆਂ ਵਿੱਚ ਜਨਮ ਲੈਂਦੇ ਹਰ ਇਕ ਇਨਸਾਨ ਦੇ ਹੁੰਦੇ ਹਨ ਪਰ ਸਾਡੇ ਧਰਮ ਸੱਭਿਆਚਾਰ ਰਵਾਇਤਾਂ ਸਾਡੇ ਲਈ ਕੁਝ ਹੋਰ ਗੱਲਾਂ ਨੂੰ ਵੀ ਸਾਡੇ ਮਾਂ ਪਿਓ ਦਾ ਦਰਜਾ ਦਿੰਦੀਆਂ ਹਨ। ਉਦਾਹਰਨ ਦੇ ਤੌਰ ਤੇ ਅੰਮ੍ਰਿਤ ਦੀ ਭਾਲ ਵਿੱਚ ਜਿਹੜੇ ਲੋਕ ਆਪਣਾ ਸੀਸ ਭੇਟ ਕਰਨ ਗੁਰੂ ਕੋਲ ਹਾਜ਼ਰ ਹੁੰਦੇ ਉਹ ਭਲੀ ਭਾਂਤ ਜਾਣਦੇ ਹਨ ਕਿ ਉਨ੍ਹਾਂ ਦੀ ਜਾਤ ਗੋਤ ਕੁੱਲ ਮਾਂ ਪਿਉ ਸਭ ਮੇਟ ਕੇ ਉਨ੍ਹਾਂ ਨੂੰ ਇੱਕ ਨਵਾਂ ਜੀਵਨ ਬਖਸ਼ਿਆ ਜਾਂਦਾ ਹੈ ਜਿਸ ਵਿਚ ਕੇ ਉਨ੍ਹਾਂ ਸਾਰਿਆਂ ਦਾ ਇਕ ਪਿਤਾ ਇਕ ਮਾਤਾ ਇਕ ਸਾਂਝਾ ਜਨਮ ਅਸਥਾਨ ਆਦਿ ਦੱਸਿਆ ਜਾਂਦਾ ਹੈ।
ਇਸੇ ਤਰ੍ਹਾਂ ਇਸ ਖਿੱਤੇ ਦੇ ਪੁਰਾਣੇ ਧਰਮ ਸਣੇ ਸਨਾਤਨ ਮਤ ਦੇ ਧਰਤੀ ਨੂੰ ਮਾਤਾ ਮੰਨਦੇ ਆਏ ਹਨ। ਗੁਰੂ ਬਾਬੇ ਦੀ ਬਾਣੀ ਵੀ ਧਰਤੀ ਨੂੰ ਮਾਤਾ ਤੇ ਪਾਣੀ ਨੂੰ ਪਿਤਾ ਮੰਨਦੀ ਹੈ।
ਕੁਝ ਲੋਕਾਂ ਨੂੰ
ਕਿਰਸਾਨੀ ਮਸਲੇ ਦੀ ਸਮਝ ਕਿਉਂ ਨਹੀਂ ਪੈਂਦੀ ਜਾਂ ਇਸ ਤੋਂ ਵੀ ਪਰ੍ਹੇ ਜਾ ਕੇ ਇਸ ਔਖੀ ਘੜੀ ਵਿੱਚ ਲੁਤਫ ਕਿਉਂ ਆਉਂਦਾ ਹੈ ਦਾ ਜਵਾਬ ਇਸੇ ਵਿਚ ਪਿਆ ਹੈ ਕਿ ਉਨ੍ਹਾਂ ਨੇ ਧਰਤੀ ਨੂੰ ਛੱਡ ਕਿਸੇ ਇੱਕ ਖਿੱਤੇ ਨੂੰ ਆਪਣੀ ਮਾਤਾ ਦਾ ਦਰਜਾ ਦੇ ਦਿੱਤਾ ਹੈ।
ਇਹ ਸੌੜੀ ਸੋਚ ਦਾ ਨਤੀਜਾ ਹੀ ਹੈ ਕਿ ਇਸ ਖਿੱਤੇ ਨੂੰ ਜਿਹੜੇ ਸਮੇਂ ਉਨ੍ਹਾਂ ਆਪਣੀ ਮਾਤਾ ਦਾ ਦਰਜਾ ਦਿੱਤਾ ਸੀ ਉਸ ਤੋਂ ਬਾਅਦ ਉਸ ਦੇ ਕਈ ਵੇਰ ਵੱਖ ਵੱਖ ਹਿੱਸੇ ਬਣ ਕੇ ਮੁਲਕ ਬਣ ਕੇ ਟੋਟੇ ਹੋ ਚੁੱਕੇ ਹਨ। ਜੋ ਅੱਜ ਇਸ ਸੰਕੀਰਨਤਾ ਦੇ ਜਲਵੇ ਨਿੱਤਾ ਪ੍ਰਤੀ ਦੀਆਂ ਖਬਰਾਂ ਵਿਚ ਵੇਖਣ ਨੂੰ ਮਿਲਦੇ ਹਨ ਇਸ ਦੀਆਂ ਜੜ੍ਹਾਂ ਇਸ ਧਰਤੀ ਮਾਤਾ ਤੋਂ ਭਾਰਤ ਮਾਤਾ ਤਕ ਦੇ ਰਸਾਤਲ ਵਿੱਚ ਪਈਆਂ ਹਨ।
ਹੈਰਾਨੀ ਦੀ ਗੱਲ ਇਹ ਹੈ ਕਿ ਇਸ ਰਸਾਤਲ ਇਸ ਵੱਡੇ ਬਦਲਾਅ ਲਈ ਅਰੁਬਿੰਦੋ ਘੋਸ਼ ਤੇ ਬੰਕਿਮ ਚੰਦਰ ਚੈਟਰਜੀ ਤੋਂ ਲੈ ਕੇ ਹੋਰ ਨਾਮਵਰ ਕੱਦਾਵਰ ਹਸਤੀਆਂ ਨੇ ਨੰਗੇ ਚਿੱਟੇ ਹੋ ਕੇ ਯੋਗਦਾਨ ਪਾਇਆ। ਚਾਹੇ ਇਹਦੇ ਮਗਰਲੀ ਮਨਸ਼ਾ ਜਾਂ ਨੇੜਲਾ ਟੀਚਾ ‘ਮੁਲਕ ਦੀ ਅਜਾਦੀ’ ਹੀ ਕਿਉਂ ਨਾ ਹੋਵੇ ਦੁਨੀਆਂ ਪਈ ਕਹਿੰਦੀ ਰਹੇ ਉਨ੍ਹਾਂ ਨੂੰ ਵੱਡੇ ਮਨੁੱਖ ਪਰ ਇਸ ਤੋਂ ਛੋਟੀ ਗੱਲ ਕੋਈ ਹੋ ਹੀ ਨਹੀਂ ਸਕਦੀ। ਮੁਲਕ ਦੀ ਅਜਾਦੀ ਏਸ ਸੰਕੀਰਨਤਾ ਦਾ ਪੱਲਾ ਫੜੇ ਬਿਨਾ ਵੀ ਵਧੀਆ ਤਰੀਕੇ ਲਈ ਜਾ ਸਕਦੀ ਸੀ।
ਹੁਣ ਜਿਨ੍ਹਾਂ ਦੋ ਜਣਿਆਂ ਦੀ ਮਾਤਾ ਹੀ ਵੱਖੋ ਵੱਖਰੀ ਹੋਵੇ ਉਹ ਕਦੇ ਇਕ ਹੋ ਹੀ ਨਹੀਂ ਸਕਦੇ। ਧਰਤੀ ਨੂੰ ਮਾਤਾ ਮੰਨਣ ਵਾਲਾ ਕਿਰਸਾਨ ਪੂਰੀ ਦੁਨੀਆਂ ਨੂੰ ਕਲਾਵੇ ਵਿੱਚ ਲੈਣ ਵਾਲੀ ਤੇ ਉਸੇ ਵਿੱਚ ਸਮਾਅ ਜਾਣ ਵਾਲੀ ਸੋਚ ਨਾਲ ਉੱਤਮ ਕਿੱਤੇ ਨਾਲ ਕੁੱਲ ਆਲਮ ਦਾ ਢਿੱਡ ਭਰਦਾ ਹੈ ਤੇ ਦੂਜੇ ਬੰਨ੍ਹੇ ਕਿਸੇ ਖਾਸ ਖਿੱਤੇ ਨੂੰ ਮਾਤਾ ਦੀ ਸੋਚ ਵਾਲਾ ਅਦਨਾ ਜਿਹਾ ਬੋਨਾ ਜਿਹਾ ਮਨੁੱਖ ਹਰ ਪਲ ਆਪਣੀ ਉਸੇ ਛੋਟੀ ਤੇ ਸੰਕੀਰਨ ਸੋਚ ਨਾਲ ਘੁਲਦਾ ਦਿਨ ਬਸਰ ਕਰਦਾ ਰਹਿੰਦਾ ਹੈ। ਇਹੋ ਵੱਡਾ ਕਾਰਨ ਹੈ ਕਿ ਪੰਜਾਬ ਇਕਹਿਰਾ ਇਹ ਘੋਲ ਲੜ ਰਿਹਾ ਹੈ ਬਾਕੀ ਨਹੁੰ ਮਾਸ ਦੇ ਰਿਸ਼ਤੇ ਦੀ ਗੱਲ ਕਰਦੇ ਤਮਾਸ਼ਬੀਨ ਬਣੇ ਐ। ਮਾਤਾ ਦਾ ਹੀ ਫਰਕ ਹੈ।
ਖ਼ੂਨ ਪਸੀਨਾ ਇੱਕ ਕਰ ਕੇ
ਮਿੱਟੀ ਨਾਲ ਮਿੱਟੀ ਹੋ ਪੁੱਤਾਂ ਵਾਂਗੂੰ ਜੁਆਨ ਕੀਤੀ ਫ਼ਸਲ ਮੀਂਹ ਗੜ੍ਹਿਆਂ ਆਦਿ ਦੀ ਮਾਰ ਹੇਠ ਆਉਣ ਤੋਂ ਬਾਅਦ ਵੀ ਭਾਣਾ ਮੰਨ ਅਗਲੀ ਫ਼ਸਲ ਦੀ ਤਿਆਰੀ ਵਿੱਚ ਜੁੜਨ ਦਾ ਮਾਦਾ ਧਰਤੀ ਨੂੰ ਮਾਤਾ ਮੰਨਣ ਵਾਲੇ ਕਿਰਸਾਨ ਤੋਂ ਬਿਨਾਂ ਕਿਸੇ ਵਿੱਚ ਹੋ ਹੀ ਨਹੀਂ ਸਕਦਾ।
ਕਿਰਸਾਨ ਖੁਦਕੁਸ਼ੀ ਇਕ ਵੱਖਰਾ ਮਸਲਾ ਹੈ ਪਰ ਸਮਝਣ ਲਈ ਇਸ ਨੁਕਤੇ ਤੋਂ ਗੱਲ ਸੌਖੀ ਸਮਝ ਆਉਂਦੀ ਹੈ ਕਿ ਜੇ ਕਿਤੇ ਇਹੀ ਕੁਝ ਕਿਰਸਾਨੀ ਤੋਂ ਬਿਨਾਂ ਕਿਸੇ ਹੋਰ ਕਿੱਤੇ ਵਾਲੇ ਨਾਲ ਵਾਪਰਿਆ ਹੋਵੇ ਤਾਂ ਇਹੀ ਖੁਦਕੁਸ਼ੀਆਂ ਦੀ ਗਿਣਤੀ ਤੇ ਫ਼ੀਸਦ ਕਿਤੇ ਕਿਤੇ ਵੱਧ ਹੋਵੇ।
ਕਿਰਸਾਨੀ ਦਾ ਇਹ ਮਸਲਾ ਬਹੁਤ ਡੂੰਘਾ ਹੈ ਤੇ ਇਸ ਦੀਆਂ ਕਈ ਪਰਤਾਂ ਹਨ। ਕੋਈ ਇੱਕ ਦੋ ਜਾਂ ਚਾਰ ਗਿਣਤੀ ਦੇ ਕਾਰਨ ਨਹੀਂ ਦੱਸੇ ਜਾ ਸਕਦੇ ਕਿ ਜਿਨ੍ਹਾਂ ਕਰਕੇ ਇਹ ਉੱਤਮ ਕਿੱਤਾ ਘਾਟੇਵੰਦਾ ਹੁੰਦਾ ਜਾ ਰਿਹਾ ਹੈ। ਅਸਲ ਤਾਂ ਕਿਰਸਾਨੀ ਇੰਡੀਆ ਵਿਚ ਕਦੇ ਨਫੇ ਵਾਲੀ ਰਹੀ ਹੀ ਨਹੀ। ਇਸ ਨੁਕਤੇ ਨੂੰ ਸਮਝਣ ਲਈ ਇਕ ਉਦਾਹਰਣ ਲਈ ਜਾ ਸਕਦੀ ਹੈ। ਹਰ ਇੱਕ ਸਰਕਾਰੀ ਮੁਲਾਜਮ ਨੂੰ ਉਸ ਦੀ ਤਨਖਾਹ ਦੇ ਹਿੱਸੇ ਵਜੋਂ ਇਕ ਮਹਿੰਗਾਈ ਭੱਤਾ ਮਿਲਦਾ ਹੈ ਜੋ ਕਿ ਉਸ ਦੀ ਮੂਲ ਤਨਖਾਹ ਦਾ ਕੁਝ ਫ਼ੀਸਦ ਹੁੰਦਾ ਹੈ। ਹਰ ਤਿਮਾਹੀ ਛਿਮਾਹੀ ਇਹ ਵੇਖਿਆ ਜਾਂਦਾ ਹੈ ਕਿ ਉਸ ਸਮੇਂ ਵਿਚ ਮਹਿੰਗਾਈ ਕਿੰਨੀ ਵਧੀ ਹੈ ਤੇ ਉਸੇ ਮਾਪ ਅਨੁਸਾਰ ਉਸ ਦਾ ਇਹ ਮਹਿੰਗਾਈ ਭੱਤਾ ਵਧਾ ਦਿੱਤਾ ਜਾਂਦਾ ਹੈ ਤੇ ਉਸ ਦੀ ਤਨਖ਼ਾਹ ਵਧ ਜਾਂਦੀ ਹੈ।
ਇਕ ਮੋਟੇ ਅੰਦਾਜੇ ਅਨੁਸਾਰ ਪਿਛਲੇ ਕੁਝ ਸਾਲਾਂ ਦੇ ਹਿੰਦਸੇ ਇਹ ਦੱਸਦੇ ਹਨ ਕਿ ਬਹੁਤਾ ਨਹੀ ਤਾਂ ਹਰ ਸਾਲ ਅਜਿਹੇ ਮੁਲਾਜਮਾਂ ਦੀ ਤਨਖਾਹ ਦੱਸ ਤੋਂ ਪੰਦਰਾਂ ਫੀਸਦ ਵਧਦੀ ਰਹੀ ਹੈ। ਹੁਣ ਇਸ ਦੀ ਤੁਲਨਾ ਵਿੱਚ ਕਿਰਸਾਨੀ ਨੂੰ ਉਸ ਦੀ ਉਪਜ ਦੇ ਮੁੱਲ ਵਜੋਂ ਤੈਅ ਹੁੰਦੀ ਐੱਮ.ਐੱਸ.ਪੀ. (ਘੱਟੋ-ਘੱਟ ਸਮਰਥਨ ਮੁੱਲ) ਦਾ ਵਾਧਾ ਇੱਕ ਫੀਸਦ ਵੀ ਨਹੀਂ ਹੁੰਦਾ। ਜਦ ਕਿ ਉਸ ਦੀ ਲਾਗਤ ਚਾਹੇ ਕਿ ਉਹ ਡੀਜਲ ਪਟਰੋਲ ਜਾਂ ਖੇਤੀ ਸੰਦਾਂ ਜਾਂ ਹੋਰ ਸ਼ੈਆਂ ਦੇ ਰੂਪ ਵਿੱਚ ਹੋਵੇ ਦੀ ਕੀਮਤ ਉਸੇ ਮਹਿੰਗਾਈ ਦੇ ਮਾਪ ਨਾਲ ਮੇਲ ਖਾਂਦੀ ਵਧਦੀ ਹੈ ਤੇ ਇਸ ਤਰੀਕੇ ਕਿਰਸਾਨੀ ਵਰ੍ਹੇ ਦਰ ਵਰ੍ਹੇ ਹੋਰ ਘਾਟੇ ਦਾ ਸੌਦਾ ਬਣਦੀ ਜਾਂਦੀ ਹੈ।
ਇਥੇ ਇਹ ਉੱਕਾ ਹੀ ਨਹੀ ਭਾਵ ਕਿ ਐਮ ਐਸ ਪੀ ਠੀਕ ਕਰਕੇ ਮਸਲਾ ਹੱਲ ਹੋ ਜਾਣੈ। ਮਸਲੇ ਦੀ ਜੜ੍ਹ ਇਸ ਖਿਤੇ ਦੀ ਭਗੋਲਕ ਸਥਿਤੀ ਸਭਿਆਚਾਰਕ ਫਰਕ ਧਾਰਮਕ ਮਹੱਤਤਾ ਬੋਲੀ ਪਛਾਣ ਸੁਭਾਅ ਹੋਰ ਸਾਰੇ ਕਾਰਨਾ ਵਿਚ ਪਈ ਹੈ ਤੇ ਪੰਜ ਸਦੀਆਂ ਦਾ ਇਤਿਹਾਸ ਲੜੀਵਾਰ ਪੜ੍ਹ ਸਮਝ ਕੇ ਕੁਝ ਸਮਝ ਘੜੀ ਜਾ ਸਕਦੀ ਹੈ।
ਜੋ ਜੋ ਗੁਰਬਾਣੀ ਦੇ ਆਸ਼ੇ ਅਨੁਸਾਰ ਧਰਤੀ ਨੂੰ ਮਾਤਾ ਤਸੱਵੁਰ ਕਰਦਾ ਜਾਂਦਾ ਹੈ ਉਸ ਨੂੰ ਕਿਰਸਾਨੀ ਮਸਲੇ ਦੀ ਸਮਝ ਪੈਂਦੀ ਜਾਂਦੀ ਹੈ ਤੇ ਜੋ ਭਾਰਤ ਨੂੰ ਮਾਤਾ ਕਿਆਸ ਕੇ ਦਿਨ ਕਟੀ ਕਰਕੇ ਰਾਜੀ ਹੈ ਉਸ ਨੂੰ ਇਸ ਵੱਡੀ ਗੱਲ ਦੀ ਸਮਝ ਪੈਣੀ ਔਖੀ ਗੱਲ ਹੈ।