ਵੀਹਵੀਂ ਸਦੀ ਦੇ ਸ਼ੁਰੂ ਵਿਚ ਜਦ ਸਿੱਖ ਸੰਘਰਸ਼ ਸ਼ੁਰੂ ਹੋਏ, ਉਹਨਾਂ ਵਿਚ “ਗੁਰਦੁਆਰਾ ਪ੍ਰਬੰਧ ਸੁਧਾਰ ਲਹਿਰ” ਪ੍ਰਮੁੱਖ ਸੀ। ਇਸੇ ਅਧੀਨ ਲਗਪਗ 1920 ਈ. ਨੂੰ ਜਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ ਵਿਚ ਆਈ ਤਾਂ ਬਹੁਤ ਸਾਰੇ ਇਤਿਹਾਸਕ ਗੁਰਦੁਆਰਿਆਂ ਨੂੰ ਆਪਣੇ ਅਧਿਕਾਰ ਖੇਤਰ ਅੰਦਰ ਲਿਆਂਦਾ ਗਿਆ। ਪ੍ਰਮੁੱਖ ਸਿੱਖ ਸੰਘਰਸ਼ਾਂ ਵਿਚੋਂ “ਮੋਰਚਾ ਗੁਰੂ ਕਾ ਬਾਗ” ਵੀ ਵਿਸ਼ੇਸ਼ ਥਾਂ ਰੱਖਦਾ ਹੈ।(ਗੁਰੂ ਕੇ ਬਾਗ ਨਾਮੀ ਅਸਥਾਨ ਗੁਰੂ ਅਰਜਨ ਸਾਹਿਬ ਅਤੇ ਗੁਰੂ ਤੇਗ ਬਹਾਦਰ ਸਾਹਿਬ ਦੀ ਚਰਨ ਛੋਹ ਪ੍ਰਾਪਤ ਹੈ।) ਇਹ ਮੋਰਚਾ 8-9 ਅਗਸਤ 1922 ਈ. ਨੂੰ ਅੰਮ੍ਰਿਤਸਰ ਤੋਂ 20 ਕਿ:ਮੀ ਦੂਰ ਪਿੰਡ ਘੁੱਕੇਵਾਲੀ ਦੇ ਸਥਾਨ ‘ਤੇ ਲੱਗਾ। ਇਸ ਮੋਰਚੇ ਦੇ ਲੱਗਣ ਦਾ ਮੁੱਖ ਕਾਰਣ ਗੁਰਦੁਆਰੇ ਸਾਹਿਬ ਦਾ ਮਹੰਤ ਸੁੰਦਰ ਦਾਸ ਸੀ, ਜੋ ਬੜੇ ਗਿਰੇ ਹੋਏ ਇਖਲਾਕ ਦਾ ਮਾਲਕ ਸੀ ਅਤੇ ਸੰਗਤਾਂ ਨੂੰ ਇਸ ਵਿਰੁੱਧ ਭਾਰੀ ਰੋਸ ਅਤੇ ਸ਼ਿਕਾਇਤਾਂ ਸਨ।
ਸ਼੍ਰੋਮਣੀ ਕਮੇਟੀ ਨੇ ਅੰਤ੍ਰਿੰਗ ਮੈਂਬਰ ਸ. ਦਾਨ ਸਿੰਘ ਵਿਛੋਆ ਦੀ ਡਿਊਟੀ ਲਾਈ ਕਿ ਉਹ ਮਹੰਤ ਸੁੰਦਰ ਦਾਸ ਨੂੰ ਆਪਣਾ ਆਚਰਣ ਅਤੇ ਗੁਰਦੁਆਰਾ ਪ੍ਰਬੰਧ ਠੀਕ ਕਰਨ ਸੰਬੰਧੀ ਗੱਲਬਾਤ ਕਰਨ। ੩੧ ਜਨਵਰੀ, ੧੯੨੧ ਨੂੰ ਗੁਰੂ ਕੇ ਬਾਗ ਵਿਖੇ ਸਜੇ ਭਾਰੀ ਦੀਵਾਨ ਵਿਚ ਮਹੰਤ ਨੇ ਗੁਰੂ ਸੰਗਤ ਵੱਲੋਂ ਪੇਸ਼ ਹੋਈਆਂ ਸਾਰੀਆਂ ਸ਼ਰਤਾਂ ਪ੍ਰਵਾਨ ਕਰ ਲਈਆਂ ਕਿ ਕਿਸੇ ਇਸਤਰੀ ਨਾਲ ਅਯੋਗ ਸੰਬੰਧ ਨਹੀਂ ਰੱਖਾਂਗਾ, ਕਿਸੇ ਇਕ ਨਾਲ ਵਿਆਹ ਕਰ ਲਵਾਂਗਾ, ਅੰਮ੍ਰਿਤ ਛਕ ਕੇ ਸਿੰਘ ਸਜ ਜਾਵਾਂਗਾ ਅਤੇ ਸ਼੍ਰੋਮਣੀ ਕਮੇਟੀ ਦਾ ਅਨੁਸਾਰੀ ਹੋ ਕੇ ਸੇਵਾ ਕਰਾਂਗਾ ਅਤੇ ਉਸਨੇ ਇਵੇਂ ਕੀਤਾ ਵੀ, ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਹਾਜ਼ਰ ਹੋ ਕੇ ਅੰਮ੍ਰਿਤਪਾਨ ਕੀਤਾ ਅਤੇ ਈਸ਼ਰੀ ਨਾਮੀ ਇਕ ਇਸਤਰੀ ਨਾਲ ਅਨੰਦ ਕਾਰਜ ਕਰਾ ਲਿਆ। ਮਹੰਤ ਸੁੰਦਰ ਦਾਸ ਕੁਝ ਸਮਾਂ ਤਾਂ ਠੀਕ ਰਿਹਾ ਪਰ ਕੁਝ ਸਮੇਂ ਬਾਅਦ ਪਹਿਲਾਂ ਦੀ ਤਰ੍ਹਾਂ ਬਦਫੈਲੀਆਂ ਕਰਨ ਲੱਗ ਪਿਆ ਅਤੇ ਉਸ ਨੇ ਅੰਗਰੇਜ਼ ਪੁਲਿਸ ਅਫਸਰਾਂ ਨਾਲ ਵੀ ਤਾਲਮੇਲ ਬਿਠਾ ਲਿਆ। ਜਿਸ ਕਾਰਨ ਉਸਦਾ ਹੌਸਲਾ ਐਨਾ ਵੱਧ ਗਿਆ ਕਿ ਉਹ ਸ਼ਰਿਆਮ ਕੁਕਰਮ ਕਰਨ ਲੱਗ ਪਿਆ:
ਪਹਿਲਾਂ ਏਸ ਮਹੰਤ ਨੇ, ਲਈ ਭੁੱਲ ਬਖਸ਼ਾਇ। ਵਾਂਗ ਸੱਪ ਦੇ ਫੇਰ ਆ, ਦਿੱਤਾ ਡੰਗ ਚਲਾਇ।
ਚੌਪਈ
ਸੁੰਦਰ ਦਾਸ ਬੜਾ ਬਿਭਚਾਰੀ, ਪੰਜ ਸੱਤ ਰਖੇ ਨਿਤ ਨਾਰੀ।
ਭੋਗ ਵਿਸ਼ੇ ਮਹਿੰ ਹੋਇਓ ਗਰਕਾ, ਐਸੇ ਪਾਪੀ ਜਾਵਹਿੰ ਨਰਕਾ।
ਬਾਣੀ ਪਾਠ ਦੀਓ ਬਿਸਰਾਏ, ਧਰਮ ਛਾਡ ਪਾਪਾਂ ਕੋ ਧਾਇ। (ਗਿਆਨੀ ਬਿਸ਼ਨ ਸਿੰਘ)
ਜਦ ੯ ਅਗਸਤ, ੧੯੨੨ ਈ. ਨੂੰ ਪੰਜ ਸਿੰਘ, ਜੋ ਗੁਰੂ ਕੇ ਲੰਗਰ ਲਈ ਲਾਗਲੇ ਬਾਗ ਵਿਚੋਂ ਬਾਲਣ ਲਿਆਉਣ ਗਏ ਸਨ ਤਾਂ ਉਹਨਾਂ ਨੂੰ ਮਹੰਤ ਵੱਲੋਂ ਸੱਦੀ ਪੁਲੀਸ ਨੇ ਗ੍ਰਿਫ਼ਤਾਰ ਕਰ ਲਿਆ ਅਤੇ ਅੰਮ੍ਰਿਤਸਰ ਲਿਆਂਦਾ ਗਿਆ। ਮਿਸਟਰ ਜੈਨਕਿਨ ਦੀ ਅਦਾਲਤ ਵਿਚ ਪੇਸ਼ ਕਰ ਕੇ ਇਨ੍ਹਾਂ ਨੂੰ ਲੱਕੜਾਂ ਵੱਢਣ ਦੇ ਦੋਸ਼ ਵਿਚ ਛੇ-ਛੇ ਮਹੀਨੇ ਕੈਦ ਅਤੇ ਪੰਜਾਹ-ਪੰਜਾਹ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਗਈ ਜਦਕਿ ਜਿਸ ਜ਼ਮੀਨ ਚੋਂ ਲੱਕੜਾਂ ਵੱਢੀਆਂ ਗਈਆਂ ਸਨ, ਮਹੰਤ ਨਾਲ ਹੋਏ ਸਮਝੌਤੇ ਅਨੁਸਾਰ ਗੁਰਦੁਆਰੇ ਦੀ ਮਲਕੀਅਤ ਸੀ, ਪਹਿਲਾਂ ਵੀ ਲੰਗਰ ਲਈ ਬਾਲਣ ਇਥੋਂ ਹੀ ਲਿਆਂਦਾ ਜਾਂਦਾ ਸੀ। ਇਸ ਸਾਰੇ ਘਟਨਾਕ੍ਰਮ ਮਗਰੋਂ ਮੋਰਚਾ ਗੁਰੂ ਕਾ ਬਾਗ ਦਾ ਆਰੰਭ ਹੁੰਦਾ ਹੈ।
ਸ਼ੁਰੂ-ਸ਼ੁਰੂ ਵਿਚ ਸ਼੍ਰੋਮਣੀ ਕਮੇਟੀ ਵੱਲੋਂ ਰੋਜ਼ਾਨਾ ਪੰਜ-ਪੰਜ ਸਿੰਘਾਂ ਦਾ ਜਥਾ ਭੇਜਿਆ ਜਾਂਦਾ ਰਿਹਾ, ਜਿਨ੍ਹਾਂ ਨੂੰ ਪੁਲੀਸ ਫੜ੍ਹਦੀ ਅਤੇ ਪੁੱਛ-ਗਿੱਛ ਕਰਨ ਉਪਰੰਤ ਦੂਰ ਲਿਜਾ ਕੇ ਛੱਡ ਦਿੰਦੀ। ਪੁਲੀਸ ਇੰਚਾਰਜ ਮਿਸਟਰ ਬੀ.ਟੀ. ਦੀ ਕਮਾਨ ਹੇਠ ਵਿਸ਼ੇਸ਼ ਪੁਲੀਸ ਗਾਰਦ ਗੁਰੂ ਕੇ ਬਾਗ ਭੇਜੀ ਗਈ ਜਿਸ ਨੇ ੨੬ ਅਗਸਤ ਨੂੰ ਲੱਕੜਾਂ ਲੈਣ ਗਏ ੩੬ ਸਿੰਘਾਂ ਦੇ ਜਥੇ ਦੀ ਸਖਤ ਮਾਰ-ਕੁਟਾਈ ਕੀਤੀ। ਉਪਰੰਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਵਿਚ ਹਾਜ਼ਰ ਸਿੰਘਾਂ ਨੂੰ ਕੇਸਾਂ ਤੋਂ ਫੜ-ਫੜ ਧੂਹਿਆ ਗਿਆ ਅਤੇ ਬੰਦੂਕਾਂ ਦੇ ਬੱਟਾਂ ਤੇ ਲਾਠੀਆਂ ਨਾਲ ਮਾਰ-ਕੁੱਟ ਕੀਤੀ ਗਈ, ਜਿਸ ਕਾਰਨ ਸਾਰੇ ਪੰਥ ਵਿਚ ਸਰਕਾਰ ਦੇ ਖਿਲਾਫ਼ ਭਾਰੀ ਰੋਸ ਫੈਲ ਗਿਆ। ਇਸ ਬਾਬਤ ਅਕਾਲੀ ਸਿੰਘਾਂ ਦਾ ਇਹੋ ਪੈਂਤੜਾ ਸੀ ਕਿ ਸੰਘਰਸ਼ ਸ਼ਾਂਤਮਈ ਰਹਿਕੇ ਚਲਾਉਣਾ ਹੈ:
ਸਾਡੇ ਪਾਸ ਸ਼ਾਂਤਮਈ ਖੰਡਾ, ਤੇਰੇ ਕੋਲ ਜੁਲਮ ਦਾ ਡੰਡਾ।
ਖੰਡੇ, ਖੰਡ ਖੰਡ ਕਰ ਦੇਣਾ, ਤੇਰਾ ਪਾਪੀ ਦਾ ਸਿਰ ਫੇਹਣਾ।
ਸਿੰਘਾਂ ਨੂੰ ਇਹ ਹਿਦਾਇਤ ਸੀ ਕਿ ਹੱਥ ਨਹੀਂ ਚੁੱਕਣਾ, ਬੁਰੇ ਬੋਲ ਨਹੀਂ ਬੋਲਣੇ, ਨਾ ਹੀ ਗਾਲ ਕੱਢਣੀ ਹੈ। ਸਿਰਫ ਸਤਿਨਾਮ ਵਾਹਿਗੁਰੂ ਦਾ ਜਾਪ ਕਰਨਾ ਹੈ ਅਤੇ ਸ਼ਹਾਦਤ ਦਾ ਅਜ਼ੀਮ ਰੁਤਬਾ ਪਾਉਣਾ ਹੈ:
ਪੰਜ ਪੰਜ ਦੇ ਜਥੇ ਤਿਆਰ ਹੋ ਕੇ,
ਵਧ ਵਧ ਸ਼ਹੀਦੀਆਂ ਪਾਉਣ ਚੱਲੇ।
ਸਭ ਛੱਡ ਦਿਤੇ ਮੋਹ ਘਰਾਂ ਵਾਲੇ,
ਸੇਵਾ ਗੁਰੂ ਦੀ ਹੈਨ ਕਮਾਉਣ ਚੱਲੇ
ਗੁਰੂ ਲੰਗਰ ਦੇ ਵਾਸਤੇ ਕਰਮ ਸਿੰਘ,
ਬਾਗੋਂ ਲੱਕੜਾਂ ਹੈਨ ਵਢਾਉਣ ਚੱਲੇ।
ਗੁਰੂ ਕੇ ਬਾਗ ਵੱਲ ਹਰ ਜਥੇ ਦੀ ਰਵਾਨਗੀ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਅਰਦਾਸ ਕਰਕੇ ਕੀਤੀ ਜਾਂਦੀ। ਹਰ ਜਥੇ ਨੂੰ ਤੋਰਨ ਤੋਂ ਪਹਿਲਾਂ ਯਾਦਗਾਰੀ ਤਸਵੀਰ ਕਰਵਾਈ ਜਾਂਦੀ ਅਤੇ ਰਸਤੇ ਵਿਚ ਖੜ੍ਹੀ ਸੰਗਤ ਦੁਆਰਾ ਗਲਾਂ ਵਿਚ ਸਿਰੋਪੇ ਅਤੇ ਹਾਰ ਪਾਏ ਜਾਂਦੇ। ਸਾਰੇ ਜਥੇ ਦੇ ਸਿੰਘ ਪੂਰੇ ਉਤਸ਼ਾਹ ਅਤੇ ਪੂਰੇ ਜਾਹੋ ਜਲਾਲ ਨਾਲ ਵਾਹਿਗੁਰੂ ਦਾ ਸਿਮਰਨ ਕਰਦੇ ਅੱਗੇ ਵੱਧਦੇ। ਸਰਕਾਰ ਵੱਲੋਂ ਸਭ ਜ਼ਿਲ੍ਹਿਆਂ ਨੂੰ ਤਾਰਾਂ ਭੇਜੀਆਂ ਗਈਆਂ ਕਿ ਕੋਈ ਵੀ ਜਥਾ ਗੁਰੂ ਕੇ ਬਾਗ ਵੱਲ ਨਾ ਚੱਲਣ ਦੇਣ। ਗੁਰੂ ਕੇ ਬਾਗ਼ ਤਕ ਪੁੱਜਣ ਦੇ ਸਾਰੇ ਰਾਹ ਸੀਲ ਕਰ ਦਿੱਤੇ ਗਏ। ਬਾਹਰੋਂ ਰਸਦ ਆਉਣੀ ਬੰਦ ਕਰ ਦਿੱਤੀ ਗਈ। ਘੋੜਸਵਾਰਾਂ ਇਕ ਸਕੁਆਰਡਨ ਮੌਕੇ ਲਈ ਤੈਨਾਤ ਕਰ ਦਿੱਤਾ ਗਿਆ, ਦੋ ਸੌ ਹਥਿਆਰਬੰਦ ਸਿਪਾਹੀ ਅਤੇ ਹਥਿਆਰਾਂ ਨਾਲ ਲੈਸ ਦੋ ਕਾਰਾਂ ਭੇਜ ਦਿੱਤੀਆਂ ਗਈਆਂ। ਡੀ . ਸੀ . ਡੰਨਿਟ ਅਤੇ ਪੁਲਿਸ ਕਪਤਾਨ ਮੈਕਫ਼ਰਸਨ ਨੇ ਨਿਹੱਥੇ ਅਤੇ ਸ਼ਾਂਤਮਈ ਅਕਾਲੀ ਸਿੰਘਾਂ ਨੂੰ ਕੁਚਲਣ ਦਾ ਇਕ ਤਰ੍ਹਾਂ ਤਹੱਈਆ (ਦ੍ਰਿੜ੍ਹ ਸੰਕਲਪ) ਕਰ ਲਿਆ ਸੀ। ੨੭-੨੮ ਅਗਸਤ ਨੂੰ ਗੁਰੂ ਕੇ ਬਾਗ਼ ਪੁੱਜੇ ਜਥਿਆਂ ਦੀ ਸਖਤ ਮਾਰ ਕੁਟਾਈ ਕੀਤੀ ਗਈ, ਜ਼ਖਮੀਆਂ ਨੂੰ ਡਾਕਟਰੀ ਸਹਾਇਤਾ ਤੋਂ ਵੀ ਵਾਂਝਿਆ ਰਖਿਆ ਗਿਆ। ਹਰ ਰੋਜ਼ ਹੀ ੧੦੦ ਜਾਂ ਇਸ ਤੋਂ ਵਧੀਕ ਸਿੰਘਾਂ ਦਾ ਜਥਾ ਸ੍ਰੀ ਅਕਾਲ ਤਖ਼ਤ ਸਾਹਿਬ ਅਰਦਾਸ ਕਰਕੇ ਤੋਂ ਗੁਰੂ ਕੇ ਬਾਗ਼ ਲਈ ਰਵਾਨਾ ਕੀਤਾ ਜਾਂਦਾ। ਹਰ ਜਥੇ ਦੇ ਅਕਾਲੀ ਸਿੰਘਾਂ ਨੂੰ ਮੰਜ਼ਿਲੇ-ਮਕਸੂਦ ‘ਤੇ ਪਹੁੰਚਣ ਤੋਂ ਪਹਿਲਾਂ ਹੀ ਧਰਮ ਦੀ ਸ਼ਮ੍ਹਾਂ ਉੱਤੇ ਮਰ ਮਿਟਣ ਦਾ ਪ੍ਰਣ ਕਰ ਕੇ ਆਏ ਕੌਮੀ ਪ੍ਰਵਾਨੇ ਸੱਚੇ ਅਕਾਲੀ ਸਿੰਘਾਂ ਨੂੰ ਰੋਕ ਕੇ ਲਾਠੀਚਾਰਜ ਕੀਤਾ ਜਾਂਦਾ, ਛੱਲੀਆਂ ਵਾਂਗ ਕੁੱਟਿਆ ਜਾਂਦਾ, ਪੱਗਾਂ ਲਾਹ ਕੇ ਕੇਸਾਂ ਅਤੇ ਦਾਹੜੀਆਂ ਤੋਂ ਫੜ ਕੇ ਧੂਹਿਆ ਜਾਂਦਾ, ਜ਼ਖਮੀਆਂ ਤੇ ਬੇਹੋਸ਼ ਹੋਏ ਸਿੰਘਾਂ ਉੱਪਰ ਘੋੜੇ ਚੜ੍ਹਾ ਕੇ ਲਿਤੜਿਆ ਜਾਂਦਾ।
ਜਿਸ ਕਿਸੇ ਨੇ ਵੀ ਇਸ ਭਿਆਨਕ ਸਾਕੇ ਨੂੰ ਅੱਖੀਂ ਡਿੱਠਾ ਜਾਂ ਇਸ ਬਾਰੇ ਸੁਣਿਆ , ਉਸ ਨੇ ਹੀ ਇਸ ਦੀ ਘੋਰ ਨਿੰਦਾ ਕੀਤਾ । ਸੀ. ਐਫ. ਐਂਡਰੀਊਜ਼, ਜਿਸ ਨੇ ਇਕ ਹੀ ਮਸੀਹਾ ਤਵਾਰੀਖ਼ ਵਿਚ ਸੂਲੀ ਚੜ੍ਹਦਾ ਸੁਣਿਆ ਸੀ, ਅੱਖਾਂ ਸਾਹਵੇਂ ਸੈਂਕੜੇ ਮਸੀਹੇ ਤਸੀਹੇ ਝੱਲਦੇ ਤੱਕ ਕੇ ਰੋ ਉਠਿਆ। ਉਸ ਨੇ ਸਰ ਐਡਵਰਡ ਮੈਕਲੈਗਨ, ਗਵਰਨਰ ਪੰਜਾਬ, ਨਾਲ ਵਿਸ਼ੇਸ਼ ਮੁਲਾਕਾਤ ਕੀਤੀ ਅਤੇ ਉਸ ਨੂੰ ਇਹ ਕਤਲੇਆਮ ਬੰਦ ਕਰਨ ਲਈ ਖਾਸ ਜ਼ੋਰ ਪਾਇਆ। ਨਤੀਜੇ ਵਜੋਂ ਗਵਰਨਰ ੧੩ ਸਤੰਬਰ, ੧੯੨੨ ਨੂੰ ਗੁਰੂ ਕੇ ਬਾਗ਼ ਪਹੁੰਚਿਆ ਅਤੇ ਉਸ ਨੇ ਆਪਣੇ ਅੱਖੀਂ ਮਾਸੂਮਾਂ ਉੱਤੇ ਅਕਹਿ ਤੇ ਅਸਹਿ ਜਬਰ ਹੁੰਦਾ ਵੇਖਿਆ। ਗਵਰਨਰ ਪੰਜਾਬ ਦੇ ਹੁਕਮ ਨਾਲ ਰਾਹ ਵਾਲੀ ਚੌਂਕੀ ਉਠਾ ਲਈ ਗਈ ਅਤੇ ਜਥੇ ਗੁਰੂ ਕੇ ਬਾਗ਼ ਤੀਕ ਪੁੱਜਣ ਲੱਗ ਪਏ, ਮਾਰ-ਕੁਟਾਈ ਕਰਨੀ ਵੀ ਬੰਦ ਕਰ ਦਿੱਤੀ ਗਈ ਅਤੇ ਗ੍ਰਿਫ਼ਤਾਰੀਆਂ ਦਾ ਦੌਰ ਸ਼ੁਰੂ ਹੋ ਗਿਆ। ਸੰਸਾਰ ਭਰ ਵਿਚ ਅੰਗਰੇਜ਼ੀ ਜ਼ੁਲਮ ਦੀ ਨਿੰਦਾ ਹੋ ਰਹੀ ਸੀ , ਅਖਬਾਰਾਂ ਵਿਚ ਲਾਲ ਸੁਰਖੀਆਂ ਦੇ ਦੇ ਕੇ ਗੁਰੂ ਕੇ ਬਾਗ਼ ਦਾ ਕਿੱਸਾ ਛਾਪਿਆ ਜਾ ਰਿਹਾ ਸੀ। ਸੀ. ਐਫ. ਐਂਡਰੀਊਜ਼ ਆਦਿਕ ਨਾਮਵਰ ਵਿਅਕਤੀਆਂ ਦੇ ਪ੍ਰੈਸ ਨੂੰ ਦਿੱਤੇ ਬਿਆਨਾਂ ਨੇ ਇਕ ਵਾਰੀ ਭਾਂਬੜ ਮਚਾ ਦਿੱਤੇ ਸਨ ਅਤੇ ਅੰਗਰੇਜ਼ ਸਰਕਾਰ ਅੰਦਰ-ਖਾਤੇ ਡਾਢੀ ਘਬਰਾ ਗਈ ਸੀ। ਸਾਢੇ ਪੰਜ ਹਜ਼ਾਰ ਤੋਂ ਉੱਪਰ ਸਿੰਘ ਗ੍ਰਿਫਤਾਰ ਹੋ ਚੁਕੇ ਸਨ, ਪਰੰਤੂ ਪਤਾ ਨਹੀਂ ਕਿਧਰੋਂ ਧੜਾ-ਧੜ ਜਥਿਆਂ ਦੇ ਜਥੇ ਸਿਰ ਉੱਤੇ ਕਫ਼ਨ ਬੰਨ੍ਹੀਂ ਚਲੇ ਆ ਰਹੇ ਸਨ। ਕਾਫ਼ੀ ਯਤਨਾਂ ਉਪਰੰਤ ਸਰਕਾਰ ਨੂੰ ਸਮਝੌਤੇ ਦਾ ਇਕ ਰਾਹ ਮਿਲ ਹੀ ਗਿਆ । ੧੭ ਨਵੰਬਰ , ੧੯੨੨ ਨੂੰ ਰੀਟਾਇਰਡ ਇੰਜੀਨੀਅਰ ਰਾਏ ਬਹਾਦਰ ਸਰ ਗੰਗਾ ਰਾਮ ਲਾਹੌਰ ਨੇ ਸੁਝਾਅ ਦਿੱਤਾ ਕਿ ਉਹ ਮਹੰਤ ਦੀ ਜ਼ਮੀਨ ਇਕ ਸਾਲ ਲਈ ਪਟੇ ਉੱਤੇ ਲੈ ਲਵੇਗਾ ਅਤੇ ਜ਼ਿਲ੍ਹਾ ਮੈਜਿਸਟਰੇਟ ਡੰਨਿਟ ਨੂੰ ਬੇਨਤੀ ਕਰੇਗਾ ਕਿ ਮੈਨੂੰ ਪੁਲੀਸ ਦੀ ਲੋੜ ਨਹੀਂ, ਅਤੇ ਨਾ ਹੀ ਮੈਂ ਸਿੱਖਾਂ ਨੂੰ ਗੁਰੂ ਕੇ ਲੰਗਰ ਲਈ ਬਾਲਣ ਵੱਢਣੋਂ ਰੋਕਣਾ ਚਾਹੁੰਦਾ ਹਾਂ ਤੇ ਇਸ ਤਰ੍ਹਾਂ ਪੁਲੀਸ ਦੇ ਵਾਪਸ ਜਾਣ ਨਾਲ ਮੋਰਚੇ ਦਾ ਮਕਸਦ ਖ਼ਤਮ ਹੋ ਜਾਏਗਾ। ਇੰਜ ਹੀ ਹੋਇਆ, ਸਰਕਾਰ ਨੇ ਮਹੰਤ ਨੂੰ ਜ਼ੋਰ ਦੇ ਕੇ ਸਰ ਗੰਗਾ ਰਾਮ ਨੂੰ ਜ਼ਮੀਨ ਪਟੇ ਉੱਤੇ ਦੇਣ ਲਈ ਮਨਾ ਲਿਆ, ਭਾਵੇਂ ਜ਼ਮੀਨ ਪਹਿਲਾਂ ਹੀ ਗੁਰਦੁਆਰਾ ਕਮੇਟੀ ਦੇ ਕਬਜ਼ੇ ਵਿਚ ਬਣਦੀ ਸੀ । ਡੀ.ਸੀ. ਦੀ ਕੋਠੀ ਪੁੱਜ ਕੇ ਸਰ ਗੰਗਾ ਰਾਮ ਨੇ ਮਹੰਤ ਪਾਸੋਂ ਜ਼ਮੀਨ ਦਾ ੨,੦੦੦ ਰੁਪੈ ਸਾਲ ਉਤੇ ਠੇਕਾ ਲੈ ਲਿਆ। ਮਹੰਤ ਅਤੇ ਗੰਗਾ ਰਾਮ ਦੋਹਾਂ ਨੇ ਲਿਖ ਕੇ ਦੇ ਦਿੱਤਾ ਕਿ ਸਾਨੂੰ ਪੁਲੀਸ ਦੀ ਰੱਖਿਆ ਦੀ ਲੋੜ ਨਹੀਂ। ਸੋ ਇਸ ਬਹਾਨੇ ੧੮ ਨਵੰਬਰ ੧੯੨੨ ਨੂੰ ਸਰਕਾਰ ਨੇ ਪੁਲੀਸ ਵਾਪਸ ਬੁਲਾ ਲਈ ਅਤੇ ਇਸ ਤਰ੍ਹਾਂ ਗੁਰੂ ਕੇ ਬਾਗ ਦਾ ਮੋਰਚਾ ਖ਼ਤਮ ਹੋਇਆ, ਜਿਸ ਵਿਚ ਖਾਲਸਾ ਜੀ ਦੀ ਨਿਡਰਤਾ, ਬਹਾਦਰੀ, ਸਿਦਕਦਿਲੀ ਅਤੇ ਦ੍ਰਿੜ੍ਹਤਾ ਦੀ ਧਾਂਕ ਦੇਸ ਪੰਜਾਬ ਅਤੇ ਪ੍ਰਦੇਸ ਤੱਕ ਸਭ ਦੇ ਦਿਲਾਂ ਵਿਚ ਬੈਠ ਗਈ। ਇਹ ਆਪਣੇ-ਬੇਗਾਨੇ ਹਰ ਕਿਸੇ ਦੇ ਪਿਆਰ, ਸਤਿਕਾਰ ਅਤੇ ਹਮਦਰਦੀ ਦੇ ਪਾਤਰ ਬਣ ਗਏ।