ਸੰਪਾਦਕ
ਤੀਜੇ ਘੱਲੂਘਾਰੇ (ਜੂਨ 1984) ਦੌਰਾਨ ਇੰਡੀਆ ਦੀ ਫੌਜ ਵੱਲੋਂ ਵੱਖ-ਵੱਖ ਗੁਰਦੁਆਰਾ ਸਾਹਿਬਾਨ ਉੱਤੇ ਕੀਤੇ ਗਏ ਹਮਲੇ ਦੀ ਵਿਥਿਆ ਨੂੰ ਚਸ਼ਮਦੀਦ ਗਵਾਹਾਂ ਦੀ ਜ਼ੁਬਾਨੀ ਬਿਆਨ ਕਰਦੀ ਕਿਤਾਬ “ਤੀਜਾ ਘੱਲੂਘਾਰਾ: ਵੱਖ-ਵੱਖ ਗੁਰਦੁਆਰਿਆਂ ਉੱਤੇ ਫੌਜੀ ਹਮਲੇ ਦੀ ਵਿਥਿਆ (ਚਸ਼ਮਦੀਦ ਗਵਾਹਾਂ ਦੀ ਜ਼ੁਬਾਨੀ)” ਸ. ਮਲਕੀਤ ਸਿੰਘ ਭਵਾਨੀਗੜ੍ਹ ਵੱਲੋਂ ਲਿਖੀ ਗਈ ਇੱਕ ਦਸਤਾਵੇਜ਼ ਹੈ। ਸਿੱਖ ਪੱਖ ਦੇ ਪਾਠਕਾਂ ਨਾਲ ਇਸ ਕਿਤਾਬ ਦੀ ਭੂਮਿਕਾ (ਇਸ ਕਾਰਜ ਬਾਰੇ) ਬਾਰੇ ਸਾਂਝ ਪਾਈ ਜਾ ਰਹੀ ਹੈ।
ਜੂਨ 1984 ਵਿੱਚ ਗੁਰੂ ਖਾਲਸਾ ਪੰਥ ’ਤੇ ਬਿਪਰ ਰਾਜ-ਹਉਂ ਵੱਲੋਂ ਕੀਤੇ ਬਹੁ-ਪਸਾਰੀ ਹਮਲੇ ਨੂੰ, ਸਿੱਖ ਤੀਜੇ ਘੱਲੂਘਾਰੇ ਵਜੋਂ ਯਾਦ ਕਰਦੇ ਹਨ। 37 ਵਰ੍ਹੇ ਬੀਤਣ ਤੋਂ ਬਾਅਦ ਵੀ ਦਿੱਲੀ ਦਰਬਾਰ ਦਾ ਕੋਈ ਤਰਕ ਇਸ ਜਬਰ ਦਾ ਭਾਰ ਨਹੀਂ ਝੱਲ ਸਕਿਆ ਅਤੇ ਨਾ ਹੀ ਝੱਲ ਸਕਦਾ ਹੈ। ਇਸ ਗੱਲ ਤੋਂ ਹਰ ਕੋਈ ਵਾਕਿਫ ਹੈ ਕਿ ਜੂਨ 1984 ਵਿੱਚ ਬਿਪਰ ਰਾਜ-ਹਉਂ (ਦਿੱਲੀ ਦਰਬਾਰ) ਨੇ ਤੀਜਾ ਘੱਲੂਘਾਰਾ ਰੂਹਾਨੀਅਤ ਦੇ ਕੇਂਦਰ, ਹਰਿਮੰਦਰ ਸਾਹਿਬ ਅਤੇ ਖਾਲਸਾਈ ਸੰਘਰਸ਼ ਦੇ ਸਦੀਵ ਧੁਰੇ ਅਕਾਲ ਤਖਤ ਸਾਹਿਬ ਨੂੰ ਤਬਾਹ ਕਰਨ, ਸੰਤ ਜਰਨੈਲ ਸਿੰਘ ਭਿੰਡਰਾਂਵਾਲੇ, ਜਨਰਲ ਸੁਬੇਗ ਸਿੰਘ ਅਤੇ ਭਾਈ ਅਮਰੀਕ ਸਿੰਘ ਜਿਹੀਆਂ ਜੀਵਨ-ਮੁਕਤ ਸਖਸ਼ੀਅਤਾਂ ਦੀ ਸ਼ਾਨ ਨੂੰ ਢਾਹ ਲਾ ਕੇ ਸਿੱਖ ਸੰਗਤ ਦੇ ਮਨੋਬਲ ਨੂੰ ਡੇਗਣ ਲਈ ਵਰਤਾਇਆ ਸੀ। ਬਿਪਰ ਦਾ ਅਸਲ ਮਨੋਰਥ ਸਿੱਖੀ ਦੇ ਨਿਆਰੇਪਣ ਨੂੰ ਮੇਟ ਕੇ ਇਸ ਨੂੰ ਬਿਪਰ ਪ੍ਰਬੰਧ ਵਿਚ ਜਜ਼ਬ ਕਰ ਲੈਣਾ ਸੀ। ਇਸ ਪਿੱਛੇ ਮੁੱਖ ਕਾਰਨ ਜਾਤ-ਪਾਤ ਅਤੇ ਊਚ-ਨੀਚ ਨਾਲ ਗ੍ਰਸਤ ਮਨੁੱਖਤਾ ਵਿਰੋਧੀ ਬਿਪਰਵਾਦ ਦਾ ਸਰਬੱਤ ਦੇ ਭਲੇ ਵਾਲੀ ਗੁਰਮਤਿ ਨਾਲ ਪਿਛਲੇ ਪੰਜ ਸਦੀਆਂ ਤੋਂ ਚੱਲ ਰਿਹਾ ਟਕਰਾਅ ਸੀ ਕਿਉਂਕਿ ਖਾਲਸਾ ਪੰਥ ਨੂੰ ਗੁਰੂ ਪਾਤਿਸਾਹ ਵਲੋਂ ਦਿੱਤੀ ਗਈ ਇਤਿਹਾਸਕ ਅਤੇ ਸਿਧਾਂਤਕ ਸੇਧ ਖਾਲਸਾ ਪੰਥ ਨੂੰ ਹਰ ਵਾਰ ਜਾਬਰ ਰਾਜ ਦੇ ਟਕਰਾਅ ’ਚ ਲੈ ਆਉਂਦੀ ਹੈ।
ਸਿੱਖ ਪਿਛਲੀਆਂ ਸਦੀਆਂ ਵਿੱਚ ਜਰਵਾਣਾ ਰੂਪ ਧਾਰ ਚੁੱਕੀ ਤੁਰਕ, ਅਫਗਾਨ, ਫ਼ਿਰੰਗੀ ਰਾਜ-ਹਉਂ ਨਾਲ ਸੰਘਰਸ਼ ਕਰਦੇ ਰਹੇ ਹਨ ਪਰ ਬਿਪਰ ਰਾਜ-ਹਉਂ ਨਾਲ ਪਹਿਲੀ ਵਾਰ ਸਿੱਖਾਂ ਦਾ ਸਿੱਧਾ ਵਾਅ-ਵਾਸਤਾ ਪਿਆ। ਗੁਰੂ ਨਾਨਕ ਪਾਤਿਸਾਹ ਦੇ ਵੇਲੇ ਤੋਂ ਹੀ ਬਿਪਰ ਅਤੇ ਗੁਰਮਤਿ ਵਿਚਾਰਧਾਰਾ ਦਾ ਟਕਰਾਅ ਸ਼ੁਰੂ ਹੋ ਗਿਆ ਸੀ ਪਰ 1947 ਤੋਂ ਬਾਅਦ ਜਦੋਂ ਬਿਪਰ ਨੂੰ ਤਖਤ ਮਿਲ ਗਿਆ ਫਿਰ ਇਸ ਨੇ ਸਾਰੇ ਪਸਾਰਾਂ ਵਿੱਚ ਆਪਣਾ ਹਮਲਾ ਤੇਜ਼ ਕਰ ਦਿੱਤਾ। ਸਮੇਂ ਦੇ ਤਖਤਾਂ ਨਾਲ ਸਿੱਖ ਪਹਿਲਾਂ ਵੀ ਲੜ੍ਹਦੇ ਰਹੇ ਹਨ ਪਰ ਇਸ ਵਾਰ ਦੇ ਮਨੋਵਿਗਿਆਨਕ ਅਸਰ ਪਹਿਲਾਂ ਨਾਲੋਂ ਬਿਲਕੁਲ ਵੱਖਰੇ ਅਤੇ ਘਾਤਕ ਹਨ। ਇਕ ਤਾਂ ਇਸ ਵਾਰ ਹਮਲਾਵਰ ਕਿਤੋਂ ਬਾਹਰੀ ਖਿੱਤੇ ’ਚੋਂ ਨਹੀਂ ਆਇਆ ਸਗੋਂ ਇੱਥੋਂ ਦੇ ਸਥਾਨਿਕ ਮੱਤ ਵਾਲੇ ਹੀ ਹਮਲਾਵਰ ਹੋਏ ਜਿਸ ਵਰਤਾਰੇ ਦੀ ਸਿੱਖਾਂ ਦਾ ਵੱਡਾ ਹਿੱਸਾ ਆਸ ਨਹੀਂ ਸੀ ਕਰਦਾ ਅਤੇ ਦੂਸਰਾ ਵਰਤਮਾਨ ਸਟੇਟ ਨੇ ਮਨੋਵਿਗਿਆਨਕ ਹਮਲਾ ਡੂੰਘਾ ਕਰਨ ਲਈ ਬਹੁਤ ਜਿਆਦਾ ਤਰੱਕੀ ਵੀ ਕਰ ਲਈ ਹੈ। ਜਦੋਂ ਵਿਚਾਰਾਂ ਦਾ ਫਰਕ ਦੁਸ਼ਮਣੀ ਵਿੱਚ ਬਦਲ ਜਾਵੇ ਅਤੇ ਦੁਸ਼ਮਣੀ ਇੱਥੋਂ ਤੱਕ ਪਹੁੰਚ ਜਾਵੇ ਕਿ ਉਹ ਨਸਲਕੁਸ਼ੀ ਵਿੱਚ ਬਦਲ ਜਾਵੇ ਤਾਂ ਇਸ ਦੇ ਕਾਰਨ ਸਧਾਰਨ ਨਹੀਂ ਹੁੰਦੇ। ਇਹ ਲੜ੍ਹਾਈ ਮੁਕਤੀ ਦੇ ਵੱਖੋ-ਵੱਖਰੇ ਰਾਹ ਹੋਣ ਕਾਰਨ (ਭਾਵ ਧਰਮਾਂ ਦੀ ਲੜ੍ਹਾਈ) ਸਗੋਂ ਇਹ ਹਮਲਾ ਪਦਾਰਥਕ ਅਧਾਰ ਵਾਲੇ ਬਿਪਰ (ਅਧਰਮੀ) ਨੇ ਰੂਹਾਨੀ ਮਾਰਗ ਉੱਤੇ ਚੱਲਣ ਵਾਲੇ ਗੁਰਮੁਖਾਂ (ਧਰਮੀਆਂ) ਉੱਤੇ ਕੀਤਾ।
ਬਿਪਰ ਇਹ ਮਨੋਵਿਗਿਆਨਕ ਹਮਲਾ ਕਰਕੇ ਸਿੱਖਾਂ ਨੂੰ ਪੂਰਨ ਤੌਰ ’ਤੇ ਗਲਬਾ ਪਾ ਕੇ ਖਤਮ ਕਰਨਾ ਚਾਹੁੰਦਾ ਸੀ ਜਿਸ ਦੀਆਂ ਅਨੇਕਾਂ ਗਵਾਹੀਆਂ ਇਸ ਕਾਰਜ ਵੇਲੇ ਗਵਾਹਾਂ ਨੂੰ ਮਿਲਣ ਵਕਤ ਉਹਨਾਂ ਦੀਆਂ ਗੱਲਾਂ ਅਤੇ ਚਿਹਰਿਆਂ ਦੀ ਗੰਭੀਰਤਾ ਨੇ ਭਰੀਆਂ। ਗੁਰਦੁਆਰਾ ਬੇਰ ਸਾਹਿਬ ਵਿੱਚ ਉਸ ਵਕਤ ਮੌਜੂਦ ਬੀਬੀ ਅਜੀਤ ਕੌਰ ਦੇ ਬੋਲ ਕੁਝ ਇਸ ਤਰ੍ਹਾਂ ਸਨ – “ਅਸੀਂ ਆਪਣੀ ਵਧੀ ਹੋਣ ਕਰਕੇ ਬਚ ਗਏ, ਸਾਨੂੰ ਇਹ ਕਹਿੰਦੇ ਰਹੇ ਕਿ ਤੁਹਾਨੂੰ ਮਾਰ ਦੇਣਾ ਹੈ। ਸਾਨੂੰ ਸਮਝ ਨਹੀਂ ਸੀ ਆ ਰਿਹਾ ਕਿ ਸਾਡੀ ਇਹਨਾਂ ਨਾਲ ਦੁਸ਼ਮਣੀ ਕੀ ਹੈ? ਉਹਨਾਂ ਨੇ ਸਾਡੇ ‘ਤੇ ਇਨਾਂ ਦਬਾਅ ਪਾਇਆ ਕਿ ਅਸੀਂ ਅਜੇ ਤੱਕ ਉੱਠਣ ਜੋਗੇ ਨਹੀਂ ਰਹੇ। ਸਰਕਾਰ ਨੇ ਅਤੇ ਫੌਜ ਨੇ ਗਲਤ ਢੰਗ ਨਾਲ ਜੋ ਸਾਡੇ ਨਾਲ ਰਾਜਨੀਤੀ ਖੇਡੀ ਉਹ ਜਿਵੇਂ ਕੋਈ ਬੰਦਾ ਬਾਤ ਪਾਉਂਦਾ ਪਾਉਂਦਾ ਡਰ ਜਾਵੇ, ਅਸੀਂ ਅੱਜ ਵੀ ਓਹਦੇ ਤੋਂ ਇਸ ਤਰ੍ਹਾਂ ਸਹਿਮੇ ਹੋਏ ਹਾਂ। ਤੁਸੀਂ ਸਮਝੋ ਕਿ ਸਾਡਾ ਅੰਦਰ ਕਿੰਨਾ ਕੁ ਖੋਖਲਾ ਹੋਇਆ ਹੋਣਾ।”
ਪਰ ਸਿੱਖੀ ਦੀ ਓਟ ਗੁਰੂ ਉੱਤੇ ਹੋਣ ਕਰਕੇ ਸਿੱਖ ਇਸ ਮਨੋਵਿਗਿਆਨਿਕ ਹਮਲੇ ਵਿੱਚੋਂ ਵੱਡੀ ਗਿਣਤੀ ਵਿੱਚ ਨਿਕਲ ਆਏ ਹਨ। ਜੇ ਕੋਈ ਹੋਰ ਦੁਨਿਆਵੀ ਕਦਰਾਂ ਕੀਮਤਾਂ ਉੱਤੇ ਅਧਾਰਿਤ ਸਭਿਆਚਾਰ ਹੁੰਦਾ ਤਾਂ ਓਹਦੇ ਤੋਂ ਇਹ ਹਮਲਾ ਝੱਲ ਨਹੀਂ ਸੀ ਹੋਣਾ, ਬਾਕੀਆਂ ਨਾਲੋਂ ਸਿੱਖਾਂ ਦਾ ਫਰਕ ਇਹੀ ਹੈ। ਗੁਰੂ ਪਾਤਿਸਾਹ ਦੀ ਮਿਹਰ ਸਦਕਾ ਅਸੀਂ ਇਹ ਸਭ ਕੁਝ ਝੱਲ ਗਏ ਅਤੇ ਮੁੜ ਖੜੇ ਹੋ ਗਏ। ਗੁਰੂ ਉੱਤੇ ਸਿੱਖ ਦਾ ਭਰੋਸਾ ਜਥੇਦਾਰ ਬਾਬਾ ਨਿਹਾਲ ਸਿੰਘ ਜੀ ਦੇ ਇਨ੍ਹਾਂ ਸ਼ਬਦਾਂ ਰਾਹੀਂ ਪ੍ਰਗਟ ਹੋ ਜਾਂਦਾ ਹੈ “ਗੁਰੂ ਸਾਹਿਬ ਨੇ ਆਪਣੀ ਫੌਜ ਨੂੰ ਇਸ ਇਮਤਿਹਾਨ ਵਿੱਚੋਂ ਪਾਸ ਕੀਤਾ, ਫੇਲ ਨਹੀਂ ਹੋਣ ਦਿੱਤਾ।”
ਜੂਨ ’84, ਇਸ ਲੰਮੇਰੀ ਜੱਦੋ-ਜਹਿਦ ਦਾ ਸਭ ਤੋਂ ਅਹਿਮ ਪੜਾਅ ਸੀ, ਇਸ ਘੱਲੂਘਾਰੇ ਨੇ ਸਿੱਖ ਮਨਾਂ ਅੰਦਰ ਬਿਪਰ ਦੇ ਸਾਰੇ ਪਾਜ ਉਧੇੜ ਕੇ ਇਸਦਾ ਅਸਲ ਰੂਪ ਪ੍ਰਤੱਖ ਰੂਪਮਾਨ ਕਰ ਦਿੱਤਾ। ਮਸਲਾ ਸਿਰਫ ਕੁਝ ਸਖਸ਼ੀਅਤਾਂ ਨੂੰ ਖਤਮ ਕਰਨ ਜਾਂ ਕੇਂਦਰੀ ਸਥਾਨਾਂ ਨੂੰ ਨੁਕਸਾਨ ਪਹੁੰਚਾਣ ਦਾ ਨਹੀਂ ਸੀ ਬਲਕਿ ਪੂਰੀ ਸਿੱਖ ਸੰਗਤ ਉੱਤੇ ਮਾਨਸਿਕ ਗਲਬਾ ਪਾ ਕੇ ਮੁਕੰਮਲ ਤੌਰ ’ਤੇ ਖਤਮ ਕਰਨ ਦਾ ਸੀ ਇਸ ਲਈ ਇਹ ਹਮਲਾ ਬਹੁਤ ਵਿਆਪਕ ਸੀ। ਜਿੱਥੇ ਪੂਰੇ ਪੰਜਾਬ ਨੂੰ ਫੌਜੀ ਛਾਉਣੀ ਵਿੱਚ ਤਬਦੀਲ ਕਰ ਦਿੱਤਾ ਉੱਥੇ ਅਨੇਕਾਂ ਗੁਰਧਾਮਾਂ ਉੱਤੇ ਇੱਕੋ ਸਮੇਂ ਹਮਲਾ ਕੀਤਾ ਗਿਆ। ਸਾਨੂੰ ਜੂਨ 1984 ਦੇ ਫੌਜੀ ਹਮਲੇ ਬਾਰੇ ਇਹ ਗੱਲ ਆਮ ਕਰਕੇ ਸੁਣਨ ਪੜ੍ਹਨ ਨੂੰ ਮਿਲਦੀ ਹੈ ਕਿ ਫੌਜ ਨੇ ਦਰਬਾਰ ਸਾਹਿਬ ਦੇ ਨਾਲ ਤਿੰਨ ਦਰਜਨ ਤੋਂ ਵੱਧ (ਕਈ ਥਾਵਾਂ ‘ਤੇ 36, 37 ਜਾਂ 42 ਵੀ ਲਿਖਿਆ ਮਿਲਦਾ ਹੈ) ਹੋਰ ਗੁਰਦੁਆਰਾ ਸਾਹਿਬਾਨ ਉੱਤੇ ਵੀ ਹਮਲਾ ਕੀਤਾ ਸੀ ਪਰ ਉਨ੍ਹਾਂ ਵਿਚੋਂ ਕੁਝ ਕੁ ਥਾਵਾਂ ਬਾਰੇ ਹੀ ਵਧੇਰੇ ਵੇਰਵੇ ਮਿਲਦੇ ਹਨ। ਦਿੱਲੀ ਦਰਬਾਰ ਦੇ ਵਾਈਟ ਪੇਪਰ ਵਿੱਚ ਇਹਨਾਂ ਗੁਰਦੁਆਰਾ ਸਾਹਿਬਾਨ ਦੀ ਗਿਣਤੀ 42 ਮੰਨੀ ਗਈ ਹੈ। ਸ਼੍ਰੋਮਣੀ ਕਮੇਟੀ ਵੱਲੋਂ ਜਾਰੀ ਕੀਤੇ ਗਏ ਵਾਈਟ ਪੇਪਰ ਵਿੱਚ ਇਹਨਾਂ ਗੁਰਦੁਆਰਾ ਸਾਹਿਬਾਨ ਦੀ ਗਿਣਤੀ 75 ਤੱਕ ਮਿਲਦੀ ਹੈ।ਇਸੇ ਤਰ੍ਹਾਂ ਵੱਖ-ਵੱਖ ਲਿਖਤਾਂ ਵਿੱਚ ਵੱਖੋ ਵੱਖ ਗਿਣਤੀ ਮਿਲਦੀ ਹੈ ਪਰ ਮੁਕੰਮਲ ਸੂਚੀ ਅਤੇ ਵੇਰਵੇ ਨਜ਼ਰੀਂ ਨਾ ਪੈਣ ਕਾਰਨ ਪਹਿਲਾਂ (ਇਹ ਮੰਨ ਕੇ ਕਿ ਇਹ ਵੇਰਵੇ ਜਰੂਰ ਕਿਤੇ ਨਾ ਕਿਤੇ ਇੱਕ ਥਾਂ ‘ਤੇ ਦਰਜ ਹੋਣਗੇ) ਇਹ ਵੇਰਵੇ ਲੱਭਣ ਦੇ ਯਤਨ ਸ਼ੁਰੂ ਕੀਤੇ। ਕਈ ਕਿਤਾਬਾਂ, ਹਵਾਲਿਆਂ, ਦਸਤਾਵੇਜ਼ਾਂ ਨੂੰ ਛਾਣਨ ਅਤੇ ਸੰਬੰਧਤ ਸ਼ਖਸੀਅਤਾਂ ਨਾਲ ਰਾਬਤਾ ਕਰਨ ਮਗਰੋਂ ਵੀ ਇਸ ਬਾਰੇ ਮੁਕੰਮਲ ਜਾਣਕਾਰੀ ਦਾ ਕੋਈ ਪਤਾ ਨਾ ਲੱਗ ਸਕਿਆ।
ਇਸੇ ਘਾਟ ਨੂੰ ਪੂਰਾ ਕਰਨ ਹਿੱਤ, ਜੂਨ 1984 ਵਿੱਚ ਜਿਨ੍ਹਾਂ ਗੁਰਦੁਆਰਾ ਸਹਿਬਾਨ ਉੱਤੇ ਇੰਡੀਆ ਦੀ ਫੌਜ ਵੱਲੋਂ ਦਰਬਾਰ ਸਾਹਿਬ ਉੱਤੇ ਕੀਤੇ ਗਏ ਫੌਜੀ ਹਮਲੇ ਦੇ ਨਾਲ ਵੱਖੋ-ਵੱਖਰੇ ਰੂਪਾਂ ਵਿੱਚ ਹਮਲਾ ਕੀਤਾ ਗਿਆ ਸੀ, ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਸਦਕਾ ਨਵੰਬਰ 2018 ਵਿੱਚ ਉਹਨਾਂ ਬਾਰੇ ਜਾਣਕਾਰੀ ਅਤੇ ਚਸ਼ਮਦੀਦ ਗਵਾਹਾਂ ਦੇ ਬਿਆਨਾਂ ‘ਤੇ ਅਧਾਰਤ ਜਾਣਕਾਰੀ ਇਕੱਤਰ ਕਰਨ ਦਾ ਯਤਨ ਅਰੰਭਿਆ। ਭਾਵਨਾ ਇਹ ਸੀ ਕਿ ਇਹ ਸਾਰੀ ਜਾਣਕਾਰੀ ਇੱਕ ਥਾਂ ਉੱਤੇ ਪੂਰੇ ਵੇਰਵਿਆਂ ਸਮੇਤ ਹੋਵੇ ਤਾਂ ਕਿ ਜੋ ਹਮਲੇ ਹੋਏ ਉਹਨਾਂ ਦੀ ਸਿਰਫ ਗਿਣਤੀ ਹੀ ਨਹੀਂ ਸਗੋਂ ਗੁਰਦੁਆਰਿਆਂ ਦੇ ਨਾਮ ਵੀ ਸਾਡੇ ਪੋਟਿਆਂ ‘ਤੇ ਹੋਣ ਅਤੇ ਓਹਦੀ ਵਿਸਥਾਰਤ ਜਾਣਕਾਰੀ ਵੀ ਸਾਡੇ ਕੋਲ ਹੋਵੇ। ਜੋ ਕੁਝ ਇਤਿਹਾਸ ਵਿੱਚ ਸਾਡੇ ਨਾਲ ਵਾਪਰਿਆ ਉਹ ਅਸੀਂ ਅਗਲੀਆਂ ਪੀੜ੍ਹੀਆਂ ਤੱਕ ਪਹੁੰਚਾ ਸਕੀਏ ਅਤੇ ਇਹਨਾਂ ਘੱਲੂਘਾਰਿਆਂ ਤੋਂ ਚਾਨਣ ਲੈ ਸਕੀਏ। ਜਿੰਨੇ ਕੁ ਸਰੋਤਾਂ ਨੂੰ ਪੜ੍ਹ ਸਕਿਆ ਉਹਨਾਂ ਤੋਂ ਕੁਝ ਕੁ ਗੁਰਦੁਆਰਾ ਸਾਹਿਬਾਨ ਬਾਰੇ ਹੀ ਬਿਲਕੁਲ ਸੰਖੇਪ ਜਾਣਕਾਰੀ ਮਿਲ ਸਕੀ ਅਤੇ ਤਿੰਨ-ਚਾਰ ਗੁਰਦੁਆਰਾ ਸਾਹਿਬਾਨ ਬਾਰੇ ਹੀ ਵਿਸਥਾਰ ਵਿੱਚ ਛਪਿਆ ਹੋਇਆ ਮਿਲਿਆ।
ਗੁਰਦੁਆਰਾ ਸਾਹਿਬਾਨ ਦੇ ਨਾਲ ਨਾਲ ਚਸ਼ਮਦੀਦ ਗਵਾਹਾਂ ਬਾਰੇ ਪਤਾ ਕਰਨਾ ਵੀ ਆਪਣੇ ਆਪ ਵਿੱਚ ਵੱਡਾ ਕਾਰਜ ਸੀ ਪਰ ਪੰਥ ਦੇ ਸੇਵਕਾਂ ਦੇ ਸਹਿਯੋਗ ਸਦਕਾ ਸਭ ਔਖੀਆਂ ਚੀਜ਼ਾਂ ਤਬਦੀਲ ਹੁੰਦੀਆਂ ਗਈਆਂ। ਇੱਥੇ ਇਹ ਗੱਲ ਵੀ ਸਾਂਝੀ ਕਰਨੀ ਬਣਦੀ ਹੈ ਕਿ ਸ਼ੁਰੂਆਤ ਵਿੱਚ ਇਸ ਜਾਣਕਾਰੀ ਨੂੰ ਕਿਤਾਬ ਦਾ ਰੂਪ ਦੇਣ ਦਾ ਬਿਲਕੁਲ ਵੀ ਕੋਈ ਖਿਆਲ ਨਹੀਂ ਸੀ। ਸ਼ਾਇਦ ਇਸ ਦਾ ਇੱਕ ਕਾਰਨ ਇਹ ਵੀ ਸੀ ਕਿ ਮੇਰਾ ਇਸ ਤਰ੍ਹਾਂ ਦਾ ਕੋਈ ਤਜ਼ਰਬਾ ਨਹੀਂ ਸੀ ਅਤੇ ਯਕੀਨਨ ਹੀ ਇਹ ਕਾਰਜ ਮੇਰੀ ਸਮਰੱਥਾ ਤੋਂ ਕਿਤੇ ਵੱਡਾ ਸੀ ਜੋ ਅੱਜ ਵੀ ਹੈ। ਉਦੋਂ ਬਸ ਇਹੀ ਖਿਆਲ ਸੀ ਕਿ ਇਹ ਜਾਣਕਾਰੀ ਇਕੱਤਰ ਕਰਨੀ ਹੈ ਅਤੇ ਸੰਗਤਾਂ ਤੱਕ ਪਹੁੰਚਾਉਣੀ ਹੈ, ਪਹੁੰਚਾਉਣੀ ਕਿਵੇਂ ਹੈ? ਇਸ ਬਾਰੇ ਬਹੁਤਾ ਨਹੀਂ ਸੀ ਸੋਚਿਆ।
ਮਲਕੀਤ ਸਿੰਘ ਭਵਾਨੀਗੜ੍ਹ
ਗੁਰਦੁਆਰਾ ਸਾਹਿਬਾਨ ਦੀ ਗਿਣਤੀ ਬਾਬਤ ਮੇਰਾ ਮੰਨਣਾ ਇਹ ਹੈ ਕਿ ਘੱਟੋ-ਘੱਟ ਮੈਂ ਇਹ ਕੋਈ ਦਾਅਵਾ ਨਾ ਕਰਾਂ ਕਿ ਕੁੱਲ ਕਿੰਨੇ ਗੁਰਦੁਆਰਾ ਸਾਹਿਬਾਨ ਉੱਤੇ ਹਮਲਾ ਹੋਇਆ। ਇਹ ਗੱਲ ਠੀਕ ਹੈ ਕਿ ਅੱਜ ਦੇ ਸਮੇਂ ਅੰਕੜਿਆਂ ਦੀ ਇੱਕ ਖਾਸ ਥਾਂ ਹੈ ਪਰ ਮੈਨੂੰ ਲੱਗਦਾ ਹੈ ਕਿ ਇਸ ਕਾਰਜ ਵਿੱਚ ਅੰਕੜਿਆਂ ਨੂੰ ਖੁੱਲ੍ਹਾ ਰੱਖਣਾ ਚਾਹੀਦਾ ਹੈ ਜਾਂ ਘੱਟੋ ਘੱਟ ਕੋਈ ਦਾਅਵਾ ਨਹੀਂ ਕਰਨਾ ਚਾਹੀਦਾ। ਇਸ ਦਾ ਇੱਕ ਕਾਰਨ ਇਹ ਹੈ ਕਿ ਜਿਵੇਂ ਸ਼ੁਰੂ ਵਿੱਚ ਲਗਦਾ ਸੀ ਕਿ 36 ਗੁਰਦੁਆਰਾ ਸਾਹਿਬਾਨ ਹੋਣਗੇ, ਫਿਰ ਲੱਗਿਆ 42 ਹੋਣਗੇ, ਪਰ ਗਿਣਤੀ ਵੱਧ ਹੈ। ਸੋ ਭਵਿੱਖ ਵਿੱਚ ਵੀ ਇਹ ਸੰਭਾਵਨਾ ਪਈ ਹੈ। ਇੱਕ ਕਾਰਨ ਇਹ ਹੈ ਕਿ ਸਾਡੇ ਲਈ ਇੱਕ ਗੁਰਦੁਆਰੇ ਉੱਤੇ ਹਮਲਾ ਵੀ ਓਨਾ ਹੀ ਅਸਹਿ ਹੈ ਅਤੇ ਇੱਕ ਤੋਂ ਵੱਧ ਉੱਤੇ ਵੀ ਓਨਾ ਹੀ। ਇੱਥੇ ਮਸਲਾ ਗਿਣਤੀਆਂ ਦਾ ਨਹੀਂ ਮਸਲਾ ਗੁਰੂ ਪਾਤਿਸਾਹ ਦੇ ਅਦਬ ਦਾ ਹੈ।
ਇਸ ਵਿਸ਼ੇ ਉੱਤੇ ਕਰਨ ਵਾਲਾ ਅਜੇ ਬਹੁਤ ਕੰਮ ਬਾਕੀ ਹੈ। ਇਹ ਕਿਤਾਬ ਉਸ ਬਹੁਤ ਵੱਡੇ ਕਾਰਜ ਨੂੰ ਜਾਂਦੇ ਰਾਹ ਦਾ ਇੱਕ ਛੋਟਾ ਜਿਹਾ ਹਿੱਸਾ ਹੀ ਹੈ ਜਿਹੜਾ ਸ਼ਾਇਦ ਦਿਖਾਈ ਵੀ ਨਹੀਂ ਦਿੰਦਾ। ਇਹ ਕਿਤਾਬ ਸਿਰਫ ਇੱਕ ਜਾਣਕਾਰੀ ਹੀ ਹੈ, ਜਿਹੜੀ ਸ਼ਾਇਦ ਉਹਨਾਂ ਸੇਵਕਾਂ ਦੇ ਕੰਮ ਆ ਸਕੇ ਜਿਨ੍ਹਾਂ ਤੋਂ ਗੁਰੂ ਪਾਤਿਸਾਹ ਨੇ ਪੰਥ ਦੇ ਰਹਿੰਦੇ ਕਾਰਜ ਕਰਨ ਦੀ ਸੇਵਾ ਲੈਣੀ ਹੈ ਜਾਂ ਫਿਰ ਸ਼ਾਇਦ ਉਹਨਾਂ ਮਾਪਿਆਂ ਦੇ ਕੰਮ ਆ ਸਕੇ ਜਿਨ੍ਹਾਂ ਨੇ ਆਪਣੇ ਬੱਚਿਆਂ ਨੂੰ ਬੀਤੇ ਦੀਆਂ ਬਾਤਾਂ ਸੁਣਾਉਣੀਆਂ ਹਨ ਅਤੇ ਭਵਿੱਖ ਲਈ ਕਮਰਕੱਸੇ ਕਰਵਾਉਣੇ ਹਨ।
ਕਿਉਂਕਿ ਇਹ ਉਹ ਜਾਣਕਾਰੀ ਹੈ, ਜਿਸ ਵਿੱਚ ਇੰਡੀਆ ਦੀ ਫੌਜ ਨੇ ਸਾਡੇ ਉੱਤੇ ਸਰੀਰਕ ਅਤੇ ਮਾਨਸਿਕ ਹਮਲੇ ਕੀਤੇ ਹਨ, ਇਸ ਲਈ, ਯਕੀਨਨ ਇਹਦੇ ਵਿੱਚ ਫੌਜ ਦੀਆਂ ਕੀਤੀਆਂ ਨੀਚ ਹਰਕਤਾਂ ਦਾ ਵੀ ਜ਼ਿਕਰ ਹੋਵੇਗਾ ਅਤੇ ਜਿੱਥੇ-ਜਿੱਥੇ ਗੁਰੂ ਨੂੰ ਮਹਿਸੂਸ ਕਰਨ ਵਾਲੇ ਸਿੱਖ ਬੈਠੇ ਸਨ ਉਥੇ ਉਹਨਾਂ ਵੱਲੋਂ ਆਪਣੇ ਹੌਸਲੇ, ਆਪਣੀ ਤੇਗ ਅਤੇ ਆਪਣੇ ਸ਼ਬਦਾਂ ਰਾਹੀਂ ਕਿਰਦਾਰਾਂ ਦੀ ਇਸ ਜੰਗ ਉੱਤੇ ਪਾਈ ਫਤਿਹ ਦੀ ਝਲਕ ਵੀ ਹੋਵੇਗੀ ਪਰ ਮੇਰੀ ਆਸ, ਮੇਰੀ ਅਰਦਾਸ ਅਤੇ ਮੇਰੀ ਬੇਨਤੀ ਇਹੀ ਹੈ ਅਤੇ ਰਹੇਗੀ ਕਿ ਅਸੀਂ ਇਹ ਜਾਣਕਾਰੀ ਨੂੰ ਰੋਣ-ਪਿੱਟਣ, ਤਾਹਨੇ-ਮਿਹਣੇ ਜਾਂ ਸਿਰਫ ਇਨਸਾਫ ਦੀਆਂ ਫਰਿਆਦਾਂ ਲਈ ਨਾ ਵਰਤੀਏ। ਅਸੀਂ ਇਸ ਜਾਣਕਾਰੀ ਨੂੰ ਇਸ ਤਰ੍ਹਾਂ ਵਰਤੀਏ ਕਿ ਅਸੀਂ ਉਹ ਹਾਂ ਅਤੇ ਹਮੇਸ਼ਾਂ ਰਹਾਂਗੇ ਜਿਨ੍ਹਾਂ ਉੱਤੇ ਮੁਲਕ ਦੀ ਐਨੀ ਵੱਡੀ ਫੌਜ ਨੇ ਚੜ੍ਹਾਈ ਕੀਤੀ ਕਿ ਇਹਨਾਂ ਦੇ ਗੁੰਬਦ ਜਿਹੜੇ ਅਸਮਾਨਾਂ ਨੂੰ ਛੂੰਹਦੇ ਹਨ ਉਹ ਤਬਾਹ ਕਰ ਦਿੱਤੇ ਜਾਣ ਪਰ ਉਹਨਾਂ ਦੀਆਂ ਲੱਖਾਂ ਕੋਸ਼ਿਸ਼ਾਂ ਬਾਅਦ ਵੀ ਸਾਡੇ ਗੁੰਬਦ ਚੜ੍ਹਦੀਕਲਾ ਵਿੱਚ ਹਨ, ਸਹਿਜ ਵਿੱਚ ਹਨ, ਅਨੰਦ ਵਿੱਚ ਹਨ ਅਤੇ ਹੱਕ ਸੱਚ ਦੀ ਜੰਗ ਲਈ ਤਿਆਰ ਬਰ ਤਿਆਰ ਖੜੇ ਹਨ।
ਇਹ ਕਿਤਾਬ ਪੜ੍ਹਦਿਆਂ ਸ਼ਾਇਦ ਕਿਸੇ ਪਾਠਕ ਦੇ ਮਨ ਵਿੱਚ ਇਹ ਗੱਲ ਵੀ ਆਵੇ ਕਿ ਜਿੱਥੇ ਸਿਰਫ ਤਲਾਸ਼ੀ ਲਈ ਗਈ ਓਹਨੂੰ ਵੀ ਹਮਲਾ ਕਿਹਾ, ਜਿੱਥੇ ਸਿਰਫ ਘੇਰਾ ਪਿਆ ਓਹਨੂੰ ਵੀ ਹਮਲਾ ਕਿਹਾ, ਜਿੱਥੇ ਸਿਰਫ ਮਾਰ-ਕੁੱਟ ਹੀ ਹੋਈ ਓਹਨੂੰ ਵੀ ਹਮਲਾ ਕਿਹਾ ਅਤੇ ਜਿਥੇ ਸਿਰਫ ਗੋਲੀ ਚੱਲੀ ਪਰ ਜਾਨ ਕਿਸੇ ਦੀ ਨਾ ਗਈ ਉਸ ਬਾਰੇ ਵੀ ਹਮਲਾ ਸ਼ਬਦ ਹੀ ਵਰਤਿਆ ਗਿਆ। ਹਮਲਾ ਤਾਂ ਅਕਸਰ ਉਸ ਨੂੰ ਕਿਹਾ ਜਾਂਦਾ ਹੈ ਜਿਸ ਵਿੱਚ ਕੋਈ ਜਾਨੀ-ਮਾਲੀ ਨੁਕਸਾਨ ਹੋਵੇ ਪਰ ਜਿੱਥੇ ਸਿਰਫ ਤਲਾਸ਼ੀ ਜਾਂ ਘੇਰਾ ਹੀ ਪਿਆ, ਓਹ ਹਮਲਾ ਕਿਵੇਂ ਹੋਇਆ? ਜਦੋਂ ਸਿੱਖ ਅਤੇ ਗੁਰੂ ਦੇ ਵਿੱਚ ਕੋਈ ਆਉਂਦਾ ਹੈ, ਜਦੋਂ ਸਿੱਖ ਨੂੰ ਜਬਰੀ ਗੁਰੂ ਕੋਲ ਜਾਣ ਤੋਂ ਰੋਕਿਆ ਜਾਂਦਾ ਹੈ, ਜਦੋਂ ਗੁਰੂ ਘਰ ਵੱਲ ਕੋਈ ਮੈਲੀ ਅੱਖ ਨਾਲ ਵੇਖਦਾ ਹੈ, ਜਦੋਂ ਗੁਰੂ ਮਹਾਰਾਜ ਦੇ ਦਰ ਉੱਤੇ ਦੁਨਿਆਵੀ ਤਾਕਤਾਂ ਆਪਣੀ ਧੌਂਸ ਵਿਖਾਉਣ ਦਾ ਯਤਨ ਕਰਦੀਆਂ ਹਨ, ਜਦੋਂ ਬੰਦੂਕਾਂ, ਤੋਪਾਂ ਅਤੇ ਸਿਆਸੀ ਬੰਦਿਆਂ ਦੀ ਸ਼ਹਿ ਉੱਤੇ ਕੋਈ ਬੂਟਾਂ ਸਣੇ ਗੁਰੂ ਦੇ ਹਜ਼ੂਰ ਜਾਣ ਦੀ ਜੁਰਤ ਕਰਦਾ ਹੈ, ਜਿੱਥੇ ਭੁੱਖਿਆਂ ਨੂੰ ਰੋਟੀ ਮਿਲਦੀ ਹੋਵੇ ਉਸ ਥਾਂ ‘ਤੇ ਜਦੋਂ ਸਿਖਰ ਦੀ ਗਰਮੀ ਵਿੱਚ ਬੀਬੀਆਂ ਬੱਚਿਆਂ ਨੂੰ ਪਾਣੀ ਤੋਂ ਵਾਂਞੇ ਰੱਖਿਆ ਜਾਂਦਾ ਹੈ, ਜਦੋਂ ਗੁਰੂ ਮਹਾਰਾਜ ਦੀ ਹਜੂਰੀ ਵਿੱਚ ਕੋਈ ਲੱਤ ‘ਤੇ ਲੱਤ ਰੱਖ ਕੇ ਸਿਗਰਟ ਪੀਂਦਾ ਹੈ, ਜਦੋਂ ਕਿਸੇ ਉੱਤੇ ਸਿਰਫ ਇਸ ਕਰਕੇ ਗੋਲੀ ਚੱਲਦੀ ਹੈ ਕਿਉਂਕਿ ਉਹ ਸਰਬੱਤ ਦੇ ਭਲੇ ਦੀ ਗੱਲ ਕਰਦਾ ਹੈ, ਜਦੋਂ ਤੋਪਾਂ ਟੈਂਕਾਂ ਦਾ ਮੂੰਹ ਗੁਰੂ ਦੇ ਦਰ ਵੱਲ ਹੋ ਜਾਂਦਾ ਹੈ ਕਿਓਂਕਿ ਇਹ ਕਿਸੇ ਦੁਨਿਆਵੀ ਤਖਤ ਦੀ ਅਧੀਨਗੀ ਨਹੀਂ ਕਬੂਲਦੇ, ਜਦੋਂ ਹਰ ਕਿਸੇ ਧਰਮ, ਜਾਤ ਅਤੇ ਖਿੱਤੇ ਲਈ ਖੁੱਲ੍ਹੇ ਰਹਿਣ ਵਾਲੇ ਦਰਵਾਜ਼ਿਆਂ ਨੂੰ ਕੋਈ ਹੰਕਾਰਿਆ ਹੋਇਆ ਤੋੜਦਾ ਹੈ ਤਾਂ ਸਾਡੇ ਲਈ ਉਹ ਹਮਲਾ ਹੀ ਹੁੰਦਾ ਹੈ। ਹਮਲੇ ਸਿਰਫ ਸਰੀਰਕ ਨਹੀਂ ਹੁੰਦੇ ਜਾਂ ਹਮਲੇ ਸਿਰਫ ਦਿਖਦੇ ਨੁਕਸਾਨ ਵਾਲੇ ਨਹੀਂ ਹੁੰਦੇ ਕੁਝ ਹਮਲੇ ਮਾਨਸਿਕ ਵੀ ਹੁੰਦੇ ਹਨ ਜਿਨ੍ਹਾਂ ਦੀ ਗੱਲ ਨਫ਼ੇ ਨੁਕਸਾਨਾਂ ਤੋਂ ਉੱਤੇ ਹੁੰਦੀ ਹੈ। ਕੁਝ ਲੇਖਕਾਂ ਨੇ ਗੁਰਦੁਆਰਾ ਸਾਹਿਬਾਨ ਵਿੱਚ ਹੋਏ ਨੁਕਸਾਨ ਦੇ ਵੇਰਵੇ ਨੂੰ ਉਸਦੀ ਦੁਨਿਆਵੀ ਕੀਮਤ ਉੱਤੇ ਕੇਂਦਰਿਤ ਰੱਖ ਕੇ ਆਪਣੀਆਂ ਲਿਖਤਾਂ ਵਿੱਚ ਹਮਲੇ ਨੂੰ ਉਸ ਕੀਮਤ ਦੇ ਸਿਰ ‘ਤੇ ਵੱਡਾ ਦਿਖਾਉਣ ਦਾ ਯਤਨ ਕੀਤਾ ਹੈ। ਇਹ ਰੁਝਾਨ ਸਾਡੇ ਲਈ ਠੀਕ ਨਹੀਂ ਹੈ, ਜਿਵੇਂ ਉੱਪਰ ਗੱਲ ਕਰ ਆਏ ਹਾਂ ਕਿ ਜਦੋਂ ਕੋਈ ਮੈਲੀ ਅੱਖ ਨਾਲ ਵੀ ਗੁਰੂ ਵੱਲ ਵੇਖਦਾ ਹੈ ਤਾਂ ਸਿੱਖ ਲਈ ਉਹ ਹਮਲਾ ਹੀ ਹੁੰਦਾ ਹੈ, ਇਸੇ ਤਰ੍ਹਾਂ ਜਦੋਂ ਟੈਂਕ ਦਾ ਮੂੰਹ ਹੀ ਗੁਰੂ ਦੇ ਦਰ ਵੱਲ ਹੋ ਗਿਆ ਤਾਂ ਗੱਲ ਨਫ਼ੇ ਨੁਕਸਾਨਾਂ ਤੋਂ ਤਾਂ ਉਦੋਂ ਹੀ ਪਾਰ ਹੋ ਗਈ।
ਜਿਸ ਤਰ੍ਹਾਂ ਉੱਪਰ ਜ਼ਿਕਰ ਕੀਤਾ ਹੈ ਕਿ ਇਹ ਜਾਣਕਾਰੀ ਮੌਕੇ ‘ਤੇ ਮੌਜੂਦ ਗਵਾਹਾਂ ਨਾਲ ਕੀਤੀ ਗੱਲਬਾਤ ਉੱਤੇ ਅਧਾਰਿਤ ਹੈ ਅਤੇ ਸ਼ੁਰੂ ਵਿੱਚ ਇਸਨੂੰ ਕਿਤਾਬ ਦਾ ਰੂਪ ਦੇਣ ਦਾ ਕੋਈ ਵਿਚਾਰ ਨਹੀਂ ਸੀ, ਇਸ ਲਈ ਜਦੋਂ ਇਹ ਖਿਆਲ ਬਣਿਆ ਕਿ ਇਹ ਜਾਣਕਾਰੀ ਕਿਤਾਬ ਦੇ ਰੂਪ ਵਿੱਚ ਜਾਣੀ ਚਾਹੀਦੀ ਹੈ ਤਾਂ ਵੀ ਮੇਰੇ ਲਈ ਇਹ ਬਹੁਤ ਵੱਡਾ ਕਾਰਜ ਸੀ ਪਰ ਕੁਝ ਸਖਸ਼ੀਅਤਾਂ ਦੇ ਥਾਪੜੇ, ਅਸੀਸਾਂ, ਹੱਲਾਸ਼ੇਰੀ ਨੇ ਇਹ ਕਾਰਜ ਕਰਨ ਲਈ ਪ੍ਰੇਰਿਆ। ਹੁਣ ਵੀ ਮੈਂ ਇਹ ਗੱਲ ਇਮਾਨਦਾਰੀ ਨਾਲ ਸਵੀਕਾਰ ਕਰਦਾ ਹਾਂ ਕਿ ਮੇਰੀ ਜਿੰਨੀ ਕੁ ਸਮਰੱਥਾ ਸੀ ਉਸ ਅਨੁਸਾਰ ਮੈਂ ਇਹ ਕਾਰਜ ਕੀਤਾ ਹੈ (ਕਰ ਰਿਹਾ ਹਾਂ) ਬਿਨਾਂ ਸ਼ੱਕ ਕੋਈ ਵੱਧ ਤਜ਼ਰਬੇਕਾਰ ਵਿਅਕਤੀ ਇਹ ਕਾਰਜ ਬਿਹਤਰ ਤਰੀਕੇ ਨਾਲ ਕਰ ਸਕਦਾ ਸੀ/ਹੈ। ਯਕੀਨਨ ਇਸ ਵਿੱਚ ਬਹੁਤ ਜਿਆਦਾ ਤੋਟਾਂ ਰਹਿ ਗਈਆਂ ਹੋਣਗੀਆਂ ਪਰ ਮੇਰੀ ਅਸਲ ਭਾਵਨਾ ਸਿਰਫ ਇਹ ਜਾਣਕਾਰੀ ਨੂੰ ਸੰਗਤ ਤੱਕ ਪਹੁੰਚਾਉਣਾ ਸੀ, ਉਹ ਮੈਂ ਜਿਸ ਤਰੀਕੇ ਵੀ ਪਹੁੰਚਾ ਸਕਦਾ ਸੀ, ਪਹੁੰਚਾਉਣ ਦਾ ਯਤਨ ਕੀਤਾ ਹੈ। ਜਿਆਦਾਤਰ ਗਵਾਹਾਂ ਨਾਲ ਕੀਤੀ ਗਈ ਗੱਲਬਾਤ ਨੂੰ ਸਵਾਲ ਜਵਾਬਾਂ ਦੇ ਰੂਪ ਵਿੱਚ ਹੀ ਛਾਪਿਆ ਜਾਂਦਾ ਹੈ ਪਰ ਇਸ ਕਿਤਾਬ ਵਿੱਚ ਭਾਵੇਂ ਜਾਣਕਾਰੀ ਗਵਾਹਾਂ ਨਾਲ ਗੱਲਬਾਤ ਕਰ ਕੇ ਹੀ ਹਾਸਲ ਕੀਤੀ ਹੈ ਪਰ ਇਸ ਨੂੰ ਇੱਕ ਵਹਾਅ ਵਿੱਚ ਚੱਲ ਰਹੀ ਕਹਾਣੀ ਵਾਂਙ ਪੇਸ਼ ਕਰਨ ਦਾ ਯਤਨ ਕੀਤਾ ਗਿਆ ਹੈ। ਹੁਣ ਤੱਕ ਹੋਏ ਕੰਮ ਨੂੰ ਵਾਚਦਿਆਂ ਇੱਕ ਗੱਲ ਇਹ ਵੀ ਸਾਹਮਣੇ ਆਈ ਕਿ ਕੁਝ ਅਹਿਮ ਜਾਣਕਾਰੀ ਜੋ ਕਿਸੇ ਕਾਰਨ ਕਰਕੇ (ਲਿਖਣ ਵਾਲਿਆਂ ਦੀ ਭਾਵਨਾ ਸਹੀ ਹੋਣ ਦੇ ਬਾਵਜੂਦ) ਇੱਕ ਵਾਰ ਗਲਤ ਲਿਖੀ ਗਈ, ਉਹ ਇਸੇ ਤਰ੍ਹਾਂ ਹਵਾਲਿਆਂ ਦੇ ਨਾਲ ਗਲਤ ਹੀ ਤੁਰੀ ਆ ਰਹੀ ਸੀ। ਇਸ ਤਰ੍ਹਾਂ ਦੀ ਅਹਿਮ ਜਾਣਕਾਰੀ ਨੂੰ ਪਾਠਕਾਂ ਦੇ ਲਈ ਦਰੁੱਸਤ ਕਰਕੇ ਛਾਪਣ ਦੀ ਸੇਵਾ ਵੀ ਗੁਰੂ ਸਾਹਿਬ ਨੇ ਬਖਸ਼ਿਸ਼ ਕੀਤੀ। ਇਹ ਕਾਰਜ ਕਰਦਿਆਂ ਇੱਕ ਗੱਲ ਦਾ ਹੋਰ ਅਹਿਸਾਸ ਹੋਇਆ ਕਿ ਬੰਦਿਆਂ ਤੋਂ ਤਕਰੀਬਨ 40 ਵਰ੍ਹੇ ਪਹਿਲਾਂ ਵਾਪਰੀਆਂ ਗੱਲਾਂ ਪੁੱਛੀਆਂ ਜਾ ਰਹੀਆਂ ਹਨ ਜੋ ਸਾਧਾਰਨ ਵਿਅਕਤੀ ਹਨ, ਉਹ ਅੰਕੜੇ ਯਾਦ ਰੱਖਣ ਜਾਂ ਇੱਕੱਠੇ ਕਰਨ ਦੀ ਰੁਚੀ ਵਾਲੇ ਜਾਂ ਉਸ ਤਰ੍ਹਾਂ ਦੇ ਕਿਸੇ ਮਹਿਕਮੇ ਨਾਲ ਸਬੰਧਿਤ ਨਹੀਂ ਹਨ, ਦੂਸਰੀ ਗੱਲ ਕਿ ਅੰਕੜਿਆਂ ਦੇ ਅੰਦਾਜ਼ੇ ਵੀ ਬੰਦਿਆਂ ਦੇ ਅਕਸਰ ਵੱਖੋ ਵੱਖਰੇ ਹੀ ਹੁੰਦੇ ਹਨ, ਸੋ ਜਿੱਥੇ ਅੰਕੜਿਆਂ ਦੀ ਗੱਲ ਹੈ ਓਥੇ ਮੇਰਾ ਮੰਨਣਾ ਹੈ ਕਿ ਸਮੇਂ ਅਤੇ ਮਨੁੱਖ ਦੇ ਅੰਦਾਜ਼ਿਆਂ ਨੂੰ ਮੁੱਖ ਰੱਖਦਿਆਂ ਅੰਕੜਿਆਂ ਉੱਤੇ ਕੇਂਦਰਿਤ ਹੋਣ ਨਾਲੋਂ ਕੀ ਵਾਪਰਿਆ, ਕਿਵੇਂ ਵਾਪਰਿਆ ਅਤੇ ਕਿਉਂ ਵਾਪਰਿਆ ਉੱਤੇ ਕੇਂਦਰਿਤ ਹੋਣਾ ਚਾਹੀਦਾ ਹੈ, ਬਾਕੀ ਗੱਲ ਅੰਕੜਿਆਂ ਦੇ ਮਾਹਿਰਾਂ ਉੱਤੇ ਛੱਡ ਦੇਣੀ ਚਾਹੀਦੀ ਹੈ।
ਇੱਕ ਹੋਰ ਅਹਿਮ ਗੱਲ ਜਿਹੜੀ ਮੈਂ ਇੱਥੇ ਸਾਂਝੀ ਕਰਨੀ ਚਾਹੁੰਦਾ ਹਾਂ ਕਿ ਗਵਾਹਾਂ ਨੂੰ ਮਿਲਦਿਆਂ ਇੱਕ ਗੱਲ ਜਿਹੜੀ ਕਦੀ ਵੀ ਨਹੀਂ ਭੁੱਲਣੀ ਉਹ ਇਹ ਕਿ ਜਦੋਂ ਕਿਸੇ ਨੇ ਕਿਹਾ “ਤੁਸੀਂ ਬਹੁਤ ਦੇਰ ਕਰ ਦਿੱਤੀ ਆਉਣ ’ਚ।” ਇਹ ਗੱਲ ਹਰ ਵੇਲੇ ਅੰਦਰ ਗੂੰਜਦੀ ਰਹਿੰਦੀ ਹੈ ਅਤੇ ਸ਼ਾਇਦ ਹਮੇਸ਼ਾਂ ਗੂੰਜਦੀ ਰਹੇਗੀ, ਸਿਰਫ ਇਸ ਕਾਰਜ ਲਈ ਨਹੀਂ ਹੋਰ ਬਹੁਤ ਸਾਰੇ ਕਾਰਜਾਂ ਲਈ ਜਿੱਥੇ ਅਸੀਂ ਸਾਰੇ ਬਹੁਤ ਦੇਰੀ ਨਾਲ ਹਾਂ। ਕਈ ਥਾਵਾਂ ਉੱਤੇ ਇਹ ਗੱਲ ਦਾ ਅਹਿਸਾਸ ਹੋਰ ਵੀ ਜ਼ਿਆਦਾ ਹੋਇਆ ਜਿੱਥੇ ਤਕਰੀਬਨ ਬਹੁਤੇ ਗਵਾਹ ਆਪਣੇ ਸਵਾਸਾਂ ਦੀ ਪੂੰਜੀ ਨੂੰ ਭੋਗਦਿਆਂ ਇਸ ਜਹਾਨੋਂ ਤੁਰ ਗਏ ਅਤੇ ਜਿਹੜੇ ਬਚੇ ਉਹ ਵੀ ਆਪਣੀ ਉਮਰ ਦੇ ਬਿਲਕੁਲ ਆਖਰੀ ਪੜਾਅ ‘ਤੇ ਸਨ।
ਮਲਕੀਤ ਸਿੰਘ ਭਵਾਨੀਗੜ੍ਹ
ਨਵੰਬਰ 2018 ਤੋਂ ਹੁਣ ਤੱਕ ਜਿੰਨੇ ਚਸ਼ਮਦੀਦ ਗਵਾਹਾਂ ਨੂੰ ਮਿਲ ਸਕੇ ਓਨੀ ਜਾਣਕਾਰੀ ਇਸ ਕਿਤਾਬ ਰਾਹੀਂ ਆਪ ਸਭ ਤੱਕ ਲੈ ਕੇ ਆਉਣ ਦੀ ਇਹ ਨਿੱਕੀ ਜਿਹੀ ਕੋਸ਼ਿਸ਼ ਕੀਤੀ ਹੈ, ਜਿਨ੍ਹਾਂ ਗੁਰਦੁਆਰਾ ਸਾਹਿਬਾਨ ਦੇ ਗਵਾਹਾਂ ਨਾਲ ਰਾਬਤਾ ਨਹੀਂ ਹੋ ਸਕਿਆ ਪਰ ਉਹਨਾਂ ਗੁਰਦੁਆਰਾ ਸਾਹਿਬਾਨ ਬਾਬਤ ਪਹਿਲਾਂ ਕਿਸੇ ਸਰੋਤ ਵਿੱਚ ਕੋਈ ਜ਼ਿਕਰ ਮਿਲਦਾ ਹੈ ਉਹ ਵੀ ਆਪ ਸਭ ਦੀ ਜਾਣਕਾਰੀ ਲਈ ਫਿਲਹਾਲ ‘ਹੋਰ ਗੁਰਦੁਆਰਾ ਸਾਹਿਬਾਨ’ ਸਿਰਲੇਖ ਹੇਠ ਸਾਂਝੇ ਕਰ ਦਿੱਤੇ ਹਨ ਪਰ ਲਗਾਤਾਰ ਇਹ ਯਤਨ ਜਾਰੀ ਹੈ ਕਿ ਓਥੋਂ ਦੇ ਗਵਾਹਾਂ ਨੂੰ ਵੀ ਲੱਭਿਆ ਜਾ ਸਕੇ। ਇਸ ਕਰਕੇ ਜੇਕਰ ਪਾਠਕ ਉਹਨਾਂ ਗੁਰਦੁਆਰਾ ਸਾਹਿਬਾਨ ਬਾਬਤ ਜਾਂ ਇਸ ਕਿਤਾਬ ਵਿੱਚ ਜਿਸ ਗੁਰਦੁਆਰਾ ਸਾਹਿਬਾਨ ਦਾ ਜ਼ਿਕਰ ਹੋਣੋ ਰਹਿ ਗਿਆ ਹੋਵੇ, ਉਸ ਬਾਬਤ ਕਿਸੇ ਗਵਾਹ ਨਾਲ ਰਾਬਤਾ ਕਰਵਾ ਸਕਣ ਤਾਂ ਉਹ ਜਰੂਰ ਬਿਨਾ ਦੇਰੀ ਦੇ ਸੰਪਰਕ ਕਰਨ ਤਾਂ ਕਿ ਭਵਿੱਖ ਵਿੱਚ ਇਸ ਜਾਣਕਾਰੀ ਵਿੱਚ ਵਾਧਾ ਕੀਤਾ ਜਾ ਸਕੇ ਅਤੇ ਅਗਲੀ ਛਾਪ ਰਾਹੀਂ ਉਹ ਜਾਣਕਾਰੀ ਸੰਗਤਾਂ ਤੱਕ ਪਹੁੰਚਾਈ ਜਾ ਸਕੇ।
ਇਹ ਗੱਲਬਾਤ ਨੂੰ ਭਰਨ (ਰਿਕਾਰਡ ਕਰਨ) ਅਤੇ ਹੋਰ ਤਕਨੀਕੀ ਕੰਮਾਂ ਵਿੱਚ ਹਰ ਲੋੜੀਂਦੀ ਸਹਾਇਤਾ ਲਈ ਅਦਾਰਾ ‘ਸਿੱਖ ਸਿਆਸਤ’ ਅਤੇ ‘ਅੰਮ੍ਰਿਤਸਰ ਟਾਈਮਜ਼’ ਦਾ ਸਹਿਯੋਗ ਰਿਹਾ। ਇਹਨਾਂ ਤੋਂ ਇਲਾਵਾ ਕੁਝ ਸਖਸ਼ੀਅਤਾਂ ਅਜਿਹੀਆਂ ਹਨ ਜਿਨ੍ਹਾਂ ਨੇ ਆਪਣੇ ਨਿੱਜੀ ਕੰਮ-ਕਾਰ ਪਿੱਛੇ ਛੱਡ ਕੇ ਇਸ ਕਾਰਜ ਵਿੱਚ ਪਹਿਲ ਦੇ ਅਧਾਰ ’ਤੇ ਆਪਣੀਆਂ ਸੇਵਾਵਾਂ ਦਿੱਤੀਆਂ, ਜਿਨ੍ਹਾਂ ਵਿੱਚ ਪਰਮ ਸਿੰਘ ਚਿੱਤਰਕਾਰ, ਰਣਜੀਤ ਸਿੰਘ (ਪੰਜਾਬੀ ਯੂਨੀਵਰਸਿਟੀ), ਸੁਖਦੀਪ ਸਿੰਘ ਮੰਡਵਾਲਾ, ਸਰਵਕਾਰ ਸਿੰਘ, ਗੁਰਜੋਤ ਸਿੰਘ, ਮਨਦੀਪ ਸਿੰਘ, ਹਰਮਨਦੀਪ ਸਿੰਘ, ਰਵਿੰਦਰਪਾਲ ਸਿੰਘ ਅਤੇ ਹਰਪ੍ਰੀਤ ਸਿੰਘ ਸ਼ਾਮਲ ਹਨ। ਗੁਰੂ ਪਾਤਿਸਾਹ ਦੀ ਮਿਹਰ ਸਦਕਾ ਇਸ ਕਾਰਜ ਵਿੱਚ ਜਿੰਨ੍ਹੇ ਵੀ ਪੰਥ ਦਰਦੀਆਂ ਨੇ, ਦੋਸਤਾਂ-ਰਿਸ਼ਤੇਦਾਰਾਂ ਨੇ ਸਹਿਯੋਗ ਦਿੱਤਾ ਅਤੇ ਦੇ ਰਹੇ ਹਨ ਉਹਨਾਂ ਸਭ ਦਾ ਤਹਿ ਦਿਲ ਤੋਂ ਧੰਨਵਾਦ, ਅਸਲ ਵਿੱਚ ਇਹ ਕਾਰਜ ਦਾ ਸਿਹਰਾ ਉਹਨਾਂ ਸਿਰ ਹੀ ਜਾਂਦਾ ਹੈ।