ਪੂਰਨ ਪੁਰਖ ਨਹੀ ਡੋਲਾਨੇ …

ਪੂਰਨ ਪੁਰਖ ਨਹੀ ਡੋਲਾਨੇ …

ਪਹਿਲੇ ਗੁਰੂ ਨਾਨਕ ਜੀ ਤੋਂ ਦਸਵੇਂ ਗੁਰੂ ਨਾਨਕ ਜੀ ਅਤੇ ਸ੍ਰੀ ਗੁਰੂ ਗਰੰਥ ਸਾਹਿਬ ਜੀ ਵਿੱਚੋਂ ਮਨੁੱਖ ਨੂੰ ਜੋ ਵਿਰਾਸਤ ਮਿਲ ਰਹੀ ਹੈ, ਜੋ ਆਤਮਿਕ ਸੇਧ ਮਿਲ ਰਹੀ ਹੈ ਉਹ ਸਾਂਝੀਵਾਲਤਾ, ਬਰਾਬਰੀ ਅਤੇ ਸਰਬੱਤ ਦੇ ਭਲੇ ਦੀ ਹੈ। ਜਦੋਂ ਸਿੱਖ ਗੁਰੂ ਨੂੰ ਮਹਿਸੂਸ ਕਰਦਾ ਹੈ ਤਾਂ ਉਹਦਾ ਮੂੰਹ ਆਪਣੀ ਵਿਰਾਸਤ ਵੱਲ ਨੂੰ ਹੋ ਜਾਂਦਾ ਹੈ। ਉਹ ਸਭ ਦੁਨਿਆਵੀ ਤਾਕਤਾਂ ਦੇ ਭੈਅ ਤੋਂ ਕੋਹਾਂ ਦੂਰ ਲੰਘ ਜਾਂਦਾ ਹੈ। ਉਹ ਸੁਰਤ ਦੇ ਗਿਆਨ ਵਿੱਚ ਵਿਚਰਦਾ ਹੋਇਆ ਸਭ ਦੁਨਿਆਵੀ ਪੜ੍ਹਾਈਆਂ ਪਿੱਛੇ ਛੱਡ ਜਾਂਦਾ ਹੈ। ਉਹਦੇ ਲਈ ਸਭ ਯੱਕ-ਤੱਕ ਮਿੱਟੀ ਹੋ ਜਾਂਦੇ ਹਨ। ਦੁਨਿਆਵੀ ਸ਼ੌਹਰਤਾਂ ਦੇ ਢੇਰ ਉਹਦਾ ਆਪਾ ਡੁਲਾਉਣੋਂ ਤੋਂ ਪਹਿਲੀ ਸੱਟੇ ਹੀ ਨਾ-ਕਾਮਯਾਬ ਹੋ ਜਾਂਦੇ ਹਨ। ਉਹਨੂੰ ਆਪਣੀ ਵਿਰਾਸਤ ਦੇ ਤੁੱਲ ਕੋਈ ਸ਼ੈਅ ਨਹੀਂ ਪ੍ਰਤੀਤ ਹੁੰਦੀ ਸਿਵਾਏ ਆਪਣੇ ਗੁਰੂ ਦੀ ਗੋਦ ਦੇ। ਉਹ ਫਿਰ ਪੂਰਨ ਪੁਰਖ ਵਜੋਂ ਵਿਚਰਦਾ ਹੋਇਆ ਇਕ ਅਡੋਲ ਸੋਚ ਹੋ ਜਾਂਦਾ ਹੈ ਜੋ “ਹਮ ਰਾਖਤ ਪਾਤਸ਼ਾਹੀ ਦਾਵਾ” ਅਤੇ “ਮਾਨਸ ਕੀ ਜਾਤ ਸਬੈ ਏਕੈ ਪਹਿਚਾਨਬੋ” ਨੂੰ ਇਕੋ ਵੇਲੇ ਇਕੋ ਬਰਾਬਰ ਜਿਉਂ ਰਿਹਾ ਹੁੰਦਾ ਹੈ। ਉਹ ਭੈਅ ਨਾ ਦੇਣ ਵਾਲੀ ਅਤੇ ਨਾ ਮੰਨਣ ਵਾਲੀ ਅਵਸਥਾ ਵਿੱਚ ਗੁਰੂ ਦੇ ਪਿਆਰ ਵਿਚ ਭਿੱਜਿਆ ਸ਼ਹੀਦੀਆਂ ਵੱਲ ਨੂੰ ਕਦਮ ਵਧਾ ਰਿਹਾ ਹੁੰਦਾ ਹੈ। ਯੁੱਗਾਂ-ਯੁੱਗਾਂ ਤੱਕ ਉਹਦੀਆਂ ਪੈੜਾਂ ਨੇ ਪਤਾ ਨਹੀਂ ਕਿੰਨੀਆਂ ਹੀ ਹੋਰ ਪੈੜਾਂ ਨੂੰ ਸੱਚੇ ਘਰ ਵੱਲ ਨੂੰ ਲਿਜਾਣਾ ਹੁੰਦਾ ਹੈ। ਇਹ ਪੂਰਨ ਪੁਰਖ ਸਮੇਂ-ਸਮੇਂ ਉੱਤੇ ਆਪਣੀ ਜ਼ਿੰਮੇਵਾਰੀ ਨਿਭਾਉਣ ਆਉਂਦੇ ਹਨ ਅਤੇ ਅਕਾਲ ਪੁਰਖ ਦੇ ਭਾਣੇ ਵਿੱਚ ਇਹ ਸਫਰ ਤੈਅ ਕਰਕੇ ਮੋਈਆਂ ਕੌਮਾਂ ਨੂੰ ਨਵੀਆਂ ਜਿੰਦਗੀਆਂ ਦੇ ਕੇ “ਜਿਸ ਕੀ ਬਸਤੁ ਤਿਸੁ ਆਗੈ ਰਾਖੈ॥” ਨੂੰ ਚਾਈਂ-ਚਾਈਂ ਮੰਨ ਮੁੜ ਕੇ ਪਾਤਸ਼ਾਹ ਦੀ ਗੋਦ ਵਿੱਚ ਚਲੇ ਜਾਂਦੇ ਹਨ। ਪੰਜਾਬ ਦੀ ਧਰਤ ਨੂੰ ਅਜਿਹੇ ਪੁਰਖ ਬਹੁਤਾਤ ਵਿੱਚ ਨਸੀਬ ਹੋਏ ਹਨ ਜਿੰਨਾਂ ਨੇ ਗੁਰੂ ਸਾਹਿਬ ਤੋਂ ਹੁਣ ਤੱਕ ਸਰਬੱਤ ਦੇ ਭਲੇ ਦੀ ਵਿਰਾਸਤ ਨੂੰ ਸਾਂਭਿਆ ਅਤੇ ਅਗਾਂਹ ਸਭ ਨੂੰ ਆਪਣੇ ਕਿਰਦਾਰਾਂ ਦੀ ਲਿਸ਼ਕੋਰ ਚੋਂ ਇਹ ਕਾਰਜ ਲਈ ਆਪਾ ਵਾਰ ਦੇਣ ਦਾ ਚਾਨਣ ਵੰਡਿਆ ਅਤੇ ਸਦਾ ਹੀ ਵੰਡਦੇ ਰਹਿਣਗੇ।

ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ

20ਵੀਂ ਸਦੀ ਦੇ ਅਖੀਰ ਵਿੱਚ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ, ਜਨਰਲ ਸ਼ੁਬੇਗ ਸਿੰਘ, ਭਾਈ ਅਮਰੀਕ ਸਿੰਘ, ਬਾਬਾ ਠਾਹਰਾ ਸਿੰਘ, ਭਾਈ ਸੁਰਿੰਦਰ ਸਿੰਘ ਸੋਢੀ ਅਤੇ ਹੋਰ ਅਜਿਹੀਆਂ ਕਿੰਨੀਆਂ ਹੀ ਸਖਸ਼ੀਅਤਾਂ ਸਾਡੇ ਸਾਹਮਣੇ ਹਨ ਜਿੰਨਾਂ ਦੀਆਂ ਪੈੜਾਂ ਉੱਤੇ ਪੈਰ ਧਰ ਕੇ ਸਿੱਖ ਦੀ ਜਵਾਨੀ ਅਣਖ ਲਈ ਆਪਣਾ ਸਭ ਕੁਝ ਕੁਰਬਾਨ ਕਰ ਗਈ। ਕਿੰਨੇ ਹੀ ਨੌਜਵਾਨ ਪਹਿਲਾਂ ਆਮ ਲੁਕਾਈ ਵਾਙ ਆਪਣੀ ਰੋਜ਼ਾਨਾ ਦੀ ਜਿੰਦਗੀ ਬਤੀਤ ਕਰ ਰਹੇ ਸਨ ਪਰ ਜਦੋਂ ਬਾਣ ਲੱਗਾ ਫਿਰ ਪਿੱਛੇ ਨਹੀਂ ਮੁੜੇ। ਫਿਰ ਉਹ ਉਸੇ ਸਫਰ ਦੇ ਰਾਹੀ ਬਣ ਗਏ ਜਿਹਦੀ ਮੰਜ਼ਿਲ ‘ਫਤਿਹ’ ਹੁੰਦੀ ਹੈ। ਫਿਰ ਸਭ ਕੁਝ ਗੁਰੂ ਦਾ, ਉਹਦੇ ਤੋਂ ਇੱਧਰ ਕੋਈ ਸਮਝੌਤਾ ਨਹੀਂ, ਕੋਈ ਦੁਚਿੱਤੀ ਨਹੀਂ ਅਤੇ ਨਾ ਹੀ ਕੋਈ ਯੱਕ-ਤੱਕ। ਤਕਰੀਬਨ 10 ਸਾਲ ਇਹ ਪੁਰਖ ਇਸ ਧਰਤ ਤੇ ਪਾਤਸ਼ਾਹੀ ਮਹਿਕਾਂ ਖਿਲਾਰਦੇ ਰਹੇ। ਪਾਤਸ਼ਾਹ ਦੀ ਸਰਕਾਰ ਇਸ ਸੁਨਿਹਰੀ ਦੌਰ ਵਿੱਚ ਜੋ ਆਪਣੇ ਕਿਰਦਾਰਾਂ ਦੀ ਲਿਸ਼ਕੋਰ ਪਾ ਗਈ ਉਹਨੇ ਰਹਿੰਦੀ ਦੁਨੀਆਂ ਤੱਕ “ਭੈ ਕਾਹੂ ਕਉ ਦੇਤ ਨਹਿ ਨਹਿ ਭੈ ਮਾਨਤ ਆਨ॥” ਦਾ ਸੁਨੇਹਾ ਦਿੰਦੇ ਰਹਿਣਾ ਹੈ।

ਕਿਸਾਨ, ਪਿੰਡ ਜਵੀਨਵਾਲ।

</p>
ਜਦੋਂ ਇਹ ਪੁਰਖ ਇਸ ਪੈਂਡੇ ਤੇ ਹੁੰਦੇ ਹੋਏ ਲੁਕਾਈ ਨੂੰ ਸੱਚੇ ਪਾਤਸ਼ਾਹ ਦੇ ਦਰਸਾਏ ਮਾਰਗ ਉੱਤੇ ਚੱਲਣ ਦੀ ਸੇਧ ਦੇ ਰਹੇ ਹੁੰਦੇ ਹਨ ਉਦੋਂ ਦੁਨਿਆਵੀ ਤਖ਼ਤਾਂ ਉੱਤੇ ਬਿਰਾਜਮਾਨ ਝੂਠੇ ਫਰੇਬੀ ਤੇ ਜ਼ਾਲਮ ਰਾਜੇ ਆਪਣਾ ਪਾਜ ਉਦੜਦਾ ਵੇਖ ਕੇ ਹਰ ਤਰ੍ਹਾਂ ਦਾ ਹੀਲਾ ਵਸੀਲਾ ਵਰਤਦੇ ਹਨ। ਇਹਨਾਂ ਮਰਜੀਵੜਿਆਂ ਸਾਹਮਣੇ ਉਹ ਸਭ ਰਾਹ ਖੁੱਲੇ ਹੁੰਦੇ ਹਨ, ਜੋ ਦੁਨਿਆਵੀ ਤਲ ਉੱਤੇ ਵਿਚਰ ਰਹੇ ਮਨੁੱਖ ਦੀਆਂ ਇਛਾਵਾਂ/ਸੁਪਨੇ ਹੁੰਦੇ ਹਨ, ਇਹਨਾਂ ਸਾਹਮਣੇ ਉਹ ਸਭ ਦੌਲਤ ਸ਼ੌਹਰਤ ਸਭ ਦੁਨਿਆਵੀ ਵਜ਼ੀਰੀਆਂ ਅਤੇ ਇਥੋਂ ਤੱਕ ਕਿ ਦੁਨਿਆਵੀ ਰਾਜਾ ਆਪਣੀ ਥਾਂ ਵੀ ਇਹਨਾਂ ਨੂੰ ਪੇਸ਼ਕਸ਼ ਵਿੱਚ ਰੱਖ ਦਿੰਦਾ ਹੈ ਪਰ ਇਹ ਸਭ ਤਾਂ ਇਹਨਾਂ ਮਰਜੀਵੜਿਆਂ ਲਈ ਮਿੱਟੀ ਹੁੰਦਾ ਹੈ। ਇਹ ਤਾਂ ਪਾਤਸ਼ਾਹ ਦੇ ਪਿਆਰ ਵਿੱਚ ਜੋ ਪੈਂਡਾ ਤੈਅ ਕਰ ਚੁੱਕੇ ਹੁੰਦੇ ਹਨ ਉਹਦੀ ਦੂਰੀ ਦੀ ਤਾਂ ਕੋਈ ਗਿਣਤੀ ਮਿਣਤੀ ਹੀ ਨਹੀਂ ਕਰ ਸਕਦਾ। ਦੁਨਿਆਵੀ ਲੋਕਾਂ ਨੂੰ ਇਹ ਸਭ ਭੁਲੇਖੇ ਪੈਣੇ ਕਿ ਇਹ ਕਿਸੇ ਲਾਲਚ ਵਿੱਚ ਡੋਲ ਜਾਣਗੇ ਇਕ ਆਮ ਵਰਤਾਰਾ ਹੈ।

ਇਹ ਭੁਲੇਖੇ 1984 ਵਿੱਚ ਭਾਰਤੀ ਹਕੂਮਤ ਦੀ ਫਰੇਬੀ ਸੋਚ ਨੂੰ ਵੀ ਬਥੇਰੇ ਸਨ। ਉਸ ਵੱਲੋਂ ਜੁਝਾਰੂ ਸਿੰਘਾਂ ਅੱਗੇ ਵੀ ਸਾਰੇ ਰਾਹ ਖੁੱਲੇ ਹੀ ਸਨ। ਦੌਲਤ, ਸ਼ੌਹਰਤ, ਵਜ਼ੀਰੀਆਂ ਅਤੇ ਹੋਰ ਹਰ ਤਰ੍ਹਾਂ ਦੇ ਲਾਲਚ, ਭੁਲੇਖੇ ਦੀ ਪੰਡ ਸਿਰ ਤੇ ਚੁੱਕ ਕੇ ਦੁਨਿਆਵੀ ਮਾਪ ਤੋਲ ਕਰਦੇ ਹੋਏ ਚੜ੍ਹਦੀਕਲਾ ਦੇ ਬੂਹੇ ਤੇ ਜਾਂਦੇ ਰਹੇ ਅਤੇ ਅਡੋਲ ਸੋਚ ਮੂਹਰੇ ਨਕਾਰਾ ਹੋ ਕੇ ਵਾਪਸ ਪਰਤਦੇ ਰਹੇ। ਉਹ ਤਾਂ ਹਰ ਪਲ ਸ਼ਬਦ ਦਾ ਨਿੱਘ ਮਾਣ ਰਹੇ ਸਨ, ਉਹਨਾਂ ਦੀ ਸੁਰਤ ਪਦਾਰਥੀ ਮਿੱਟੀ ਨੂੰ ਸਿਰਫ ਪਹਿਚਾਣਦੀ ਹੀ ਨਹੀਂ ਸੀ ਬਲਕਿ ਬਿਨਾ ਕਿਸੇ ਦੋਚਿੱਤੀ ਦੇ ਪੂਰੀ ਜ਼ੁਰਅਤ ਨਾਲ ਆਪਣੇ ਨਿਸ਼ਾਨੇ ਵਿਚਲੇ ਕਿਸੇ ਵੀ ਸਮਝੌਤੇ ਨੂੰ ਓਨੀ ਪੈਰੀਂ ਵਾਪਸ ਮੋੜ ਦਿੰਦੀ ਸੀ। ਇਹ ਉਹ ਮਨ ਸਨ ਜਿਹੜੇ ਸਤਿਗੁਰੂ ਨੂੰ ਬਿਕ ਚੁੱਕੇ ਸਨ, ਇਹਨਾਂ ਸੇਵਕਾਂ ਦੇ ਕਾਰਜਾਂ ਨੂੰ ਰਾਸ ਹੋਣੋ ਕੋਈ ਵੀ ਦੁਨਿਆਵੀ ਤਾਕਤ ਰੋਕ ਨਹੀਂ ਸੀ ਸਕਦੀ। ਇਸਨੂੰ ਐਵੇਂ ਸੋਚਣਾ ਕਿ – ਜੇ ਉਹ ਐਵੇਂ ਕਰ ਦਿੰਦੇ ਤਾਂ ਆਹ ਹੋ ਜਾਂਦਾ, ਜੇ ਐਵੇਂ ਨਾ ਕਰਦੇ ਤਾਂ ਆਹ ਨਾ ਹੁੰਦਾ ਆਦਿ ਸਭ ਮਨੁੱਖੀ ਬੁੱਧੀ ਦੀਆਂ ਫੋਕੀਆਂ ਗੱਲਾਂ ਹਨ। ਇਹ ਅਟੱਲ ਸੱਚਾਈ ਸੀ ਜੋ ਠੀਕ ਇਸੇ ਤਰ੍ਹਾਂ ਹੀ ਵਾਪਰਨੀ ਸੀ। ਦੁਨਿਆਵੀ ਲਾਲਚਾਂ ਤੋਂ ਬਾਅਦ ਮਨੁੱਖ ਨੂੰ ਮੌਤ ਦਾ ਡਰ ਦੇ ਕੇ ਡੁਲਾਇਆ ਜਾ ਸਕਦਾ ਹੁੰਦਾ ਹੈ। ਭਾਰਤੀ ਹਕੂਮਤ ਦੀ ਫਰੇਬੀ ਸੋਚ ਨੇ ਇਹ ਕੰਮ ਵੀ ਪੂਰੇ ਜ਼ੋਰ ਨਾਲ ਕੀਤਾ। ਗਿਣਤੀ ਦੇ ਸਿੰਘਾਂ ਲਈ ਵੱਡੀ ਗਿਣਤੀ ਵਿਚ ਫੌਜ, ਤੋਪਾਂ, ਆਧੁਨਿਕ ਹਥਿਆਰ ਅਤੇ ਹਰ ਤਰ੍ਹਾਂ ਦੇ ਤਸੀਹੇ ਜੂਨ 84 ਤੋਂ ਬਾਅਦ ਤਕ ਦਿੰਦੇ ਰਹੇ (ਜੋ ਹਾਲੇ ਵੀ ਕਿਸੇ ਨਾ ਕਿਸੇ ਰੂਪ ਵਿਚ ਜਾਰੀ ਹਨ) ਪਰ ਸਿੰਘਾਂ ਦੇ ਮਨੋਬਲ ਨੂੰ ਰੱਤੀ ਭਰ ਵੀ ਹਿਲਾ ਨਾ ਸਕੇ। ਕਿੰਨੇ ਚਾਅ ਨਾਲ ਤੋਪਾਂ ਮੂਹਰੇ ਹਿੱਕ ਡਾਹੁੰਦੇ ਰਹੇ, ਇਹ ਵੇਖ ਕੇ ਤਨਖਾਹਾਂ ਲਈ ਲੜਨ ਵਾਲੀ ਫੌਜ ਦੇ ਪੈਰੋਂ ਜ਼ਮੀਨ ਨਿਕਲ ਜਾਂਦੀ ਸੀ। ਬਾਅਦ ਵਿਚ ਵੀ ਜਦੋਂ ਤਰੱਕੀਆਂ ਦੇ ਨਸ਼ੇ ਵਿੱਚ ਧੁੱਤ ਪੰਜਾਬ ਪੁਲਿਸ ਦੇ ਅਣ-ਮਨੁੱਖੀ ਤਸ਼ੱਦਦ ਦਾ ਹੜ੍ਹ ਵਗਿਆ ਓਦੋਂ ਵੀ ਉਹ ਆਪਣੀ ਪੂਰੀ ਵਾਹ ਲਾ ਕੇ ਗੁਰੂ ਦੇ ਸਿੰਘ ਤੋਂ ਉਹਦਾ ਨਾਮ ਤੱਕ ਨਹੀਂ ਸੀ ਪੁੱਛ ਸਕਦੇ। ਖਾਲਸਾਈ ਜਾਹੋ ਜਲਾਲ 20ਵੀਂ ਸਦੀ ਵਿਚ ਫਿਰ ਦੁਬਾਰੇ ਆਪਣੇ ਪੂਰੇ ਜੋਬਨ ਤੇ ਆ ਗਿਆ ਸੀ ਅਤੇ ਇਤਿਹਾਸਿਕ ਪੁਰਖਾਂ ਨੇ ਆਪਣੇ ਪਿਓ ਦਾਦੇ ਦੇ ਖਜ਼ਾਨੇ ਦੇ ਦਰਸ਼ਨ ਕੁਲ ਦੁਨੀਆਂ ਨੂੰ ਬੜੀ ਨੇੜਿਓਂ ਕਰਵਾ ਦਿੱਤੇ।

ਇੰਨੇ ਵਰ੍ਹੇ ਬੀਤ ਜਾਣ ਬਾਅਦ ਹੁਣ ਸਾਡਾ ਆਪਣੇ ਗੁਰੂਆਂ ਅਤੇ ਆਪਣੇ ਸ਼ਹੀਦਾਂ ਦੀਆਂ ਪੈੜ੍ਹਾਂ ਉੱਤੇ ਤੁਰਨਾ ਜੇਕਰ ਔਖਾ ਲੱਗ ਰਿਹਾ ਹੈ, ਜੇਕਰ ਅਸੀਂ ਆਪੋ ਵਿੱਚ ਵੰਡ ਵੰਡਾਈ ਤੇ ਉਤਰ ਆਏ ਹਾਂ, ਜੇਕਰ ਅਸੀਂ ਸਰਬੱਤ ਦੇ ਭਲੇ ਲਈ ਆਪਣਾ ਮਨੋਬਲ ਕਾਇਮ ਨਹੀਂ ਕਰ ਪਾ ਰਹੇ, ਜੇਕਰ ਅਸੀਂ ਦੁਨਿਆਵੀ ਲਾਲਚ ਅਤੇ ਪਦਾਰਥਾਂ ਦੇ ਮੋਹ ਵਿਚ ਅਟਕ ਗਏ ਹਾਂ, ਜੇਕਰ ਅਸੀਂ ਹਰ ਸੰਘਰਸ਼ ਲਈ ਕੋਈ ਸੌਖਾ ਰਾਹ ਲੱਭਦੇ ਹਾਂ ਤਾਂ ਨਿਸ਼ਚੇ ਹੀ ਗੁਰੂ ਨੂੰ ਮਹਿਸੂਸ ਕਰਨ ਦੇ ਅਮਲ ਸਾਡੇ ਠੀਕ ਨਹੀਂ। ਅਸੀਂ ਆਪਣੀ ਬੁਨਿਆਦ ਭਾਵ ਆਪਣੀ ਰਵਾਇਤ ਉੱਤੇ ਆਪਣੀ ਜ਼ਿੱਦ ਭਾਰੀ ਪਾ ਲਈ ਹੈ, ਸਾਡੀ ਸੇਵਾ, ਸਾਡਾ ਸਿਮਰਨ, ਸਾਡਾ ਅਕੀਦਾ ਅਤੇ ਸਾਡਾ ਆਪਣਾ ਆਪ ਉਹ ਨਹੀਂ ਰਿਹਾ ਜੋ ਪਾਤਸ਼ਾਹ ਦੇ ਦੱਸੇ ਰਾਹ ਉੱਤੇ ਤੁਰਨ ਲਈ ਲੋੜੀਂਦਾ ਹੈ। ਇਸ ਘਰ ਵਿਚ ਰੀਸ ਨਹੀਂ ਚੱਲ ਸਕਦੀ, ਇਸ ਘਰ ਵਿਚ ਪਿਆਰ, ਸ਼ਰਧਾ ਸਮਰਪਣ ਅਤੇ ਅਰਦਾਸ ਹੀ ਚੱਲੇਗੀ। ਸਾਨੂੰ ਆਪਣੀਆਂ ਭੁੱਲਾਂ ਲਈ ਬਿਨ੍ਹਾਂ ਦੇਰੀ ਕੀਤਿਆਂ ਪਾਤਸ਼ਹ ਨੂੰ ਅਰਦਾਸ ਕਰ ਲੈਣੀ ਚਾਹੀਦੀ ਹੈ। ਪਾਤਸ਼ਾਹ ਤੋਂ ਝੋਲੀ ਅੱਡ ਕੇ ਸੇਵਾ, ਸਿਮਰਨ, ਸਿਦਕ ਅਤੇ ਸ਼ਹੀਦੀ ਦੀ ਦਾਤ ਮੰਗਣੀ ਚਾਹੀਦੀ ਹੈ। ਅਸੀਂ ਜਦੋਂ ਫਿਰ ਦੁਬਾਰਾ ਗੁਰੂ ਨੂੰ ਮਹਿਸੂਸ ਕਰਾਂਗੇ ਉਦੋਂ ਦੁਨਿਆਵੀ ਮਾਪ ਤੋਲ ਪਿੱਛੇ ਛੱਡ ਕੇ ਸਰਬੱਤ ਦੇ ਭਲੇ ਲਈ ਬਿਨਾਂ ਕਿਸੇ ਭੈਅ ਤੋਂ ਆਪਣਾ ਆਪ ਕੁਰਬਾਨ ਕਰਾਂਗੇ ਅਤੇ ਪੰਜਵੇਂ ਪਾਤਸ਼ਾਹ ਦੇ ਬਚਨਾਂ ਨੂੰ ਜੀਵਾਂਗੇ “ਪੂਰਨ ਪੁਰਖ ਨਹੀ ਡੋਲਾਨੇ”।

ਇਹ ਲਿਖਤ ਹੋਰਨਾਂ ਨਾਲ ਜਰੂਰ ਸਾਂਝੀ ਕਰੋ ਜੀ!
5 1 vote
Article Rating
Subscribe
Notify of
1 ਟਿੱਪਣੀ
Oldest
Newest Most Voted
Inline Feedbacks
View all comments

Get Sikh Pakh App

Install
×
1
0
Would love your thoughts, please comment.x
()
x