ਅੰਮ੍ਰਿਤਸਰ : ਸਿੱਖੀ ਸਿਧਾਂਤਾਂ ਦੀ ਉਲੰਘਣਾ ਕਰਕੇ ਬਣੀ ਅਤੇ ਵਿਵਾਦਾਂ ਵਿੱਚ ਘਿਰੀ ਫਿਲਮ ਦਾਸਤਾਨ-ਏ-ਸਰਹਿੰਦ ਜਿਸ ਵਿੱਚ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰ ਕੌਰ ਜੀ ਨੂੰ ਐਨੀਮੇਸ਼ਨ ਰਾਹੀ ਫਿਲਮਾਇਆ ਗਿਆ ਹੈ ਦਾ ਸਿੱਖ ਸਮਾਜ ਵੱਲੋਂ ਤਿੱਖਾ ਵਿਰੋਧ ਕੀਤਾ ਜਾ ਰਿਹਾ ਹੈ।
ਇਸ ਫਿਲਮ ਨੂੰ ਰੱਦ ਕਰਨ ਅਤੇ ਭਵਿੱਖ ਵਿੱਚ ਵੀ ਕੋਈ ਗੁਰੂ ਸਾਹਿਬਾਨ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਫਿਲਮਾਉਣ ਦੀ ਗਲਤੀ ਨਾ ਕਰੇ, ਇਸ ਦਾ ਪੁਖਤਾ ਹੱਲ ਕਰਨ ਲਈ ਸਿੱਖ ਜਥੇਬੰਦੀ ਦਲ ਖਾਲਸਾ ਦੇ ਇੱਕ ਵਫਦ ਨੇ ਪਰਟੀ ਦੇ ਬੁਲਾਰੇ ਪਰਮਜੀਤ ਸਿੰਘ ਮੰਡ ਦੀ ਅਗਵਾਈ ਹੇਠ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨਾਲ ਮੁਲਾਕਾਤ ਕਰਕੇ ਉਹਨਾਂ ਨੂੰ ਇਸ ਸੰਬੰਧੀ ਠੋਸ ਕਦਮ ਚੁੱਕਣ ਲਈ ਕਿਹਾ ਹੈ।
ਮੀਡੀਆ ਨੂੰ ਜਾਣਕਾਰੀ ਦਿੰਦਿਆਂ ਪਰਮਜੀਤ ਸਿੰਘ ਮੰਡ ਨੇ ਦੱਸਿਆ ਕਿ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਉਨ੍ਹਾਂ ਨੂੰ ਯਕੀਨ ਦਿਵਾਇਆ ਹੈ ਕਿ ਉਹ ਇਸ ਸਿੱਖੀ ਸਿਧਾਂਤ ਵਿਰੋਧੀ ਰੁਝਾਨ ਨੂੰ ਰੋਕਣ ਦਾ ਪੱਕਾ ਹੱਲ ਕਰਨਗੇ।
ਪਰਮਜੀਤ ਸਿੰਘ ਮੰਡ ਨੇ ਦੱਸਿਆ ਕਿ ਉਨ੍ਹਾਂ ਫਿਲਮ ਦੇ ਨਿਰਦੇਸ਼ਕ ਨਵੀ ਸਿੱਧੂ ਨਾਲ ਵੀ ਫੋਨ ਰਾਹੀਂ ਗੱਲਬਾਤ ਕਰਕੇ ਉਨ੍ਹਾਂ ਨੂੰ ਫਿਲਮ ਵਾਪਿਸ ਲੈਣ ਲਈ ਕਿਹਾ ਹੈ ਜਿਸ ਬਾਰੇ ਨਿਰਦੇਸ਼ਕ ਨੇ ਆਉਣ ਵਾਲੇ ਇੱਕ-ਦੋ ਦਿਨਾਂ ਤੱਕ ਫੈਸਲਾ ਕਰਨ ਦੀ ਗੱਲ ਕਹੀ ਹੈ।
ਦਲ ਖਾਲਸਾ ਆਗੂ ਨੇ ਨਿਰਦੇਸ਼ਕ ਨੂੰ ਸਾਫ ਅਤੇ ਸਪੱਸ਼ਟ ਸ਼ਬਦਾਂ ਵਿੱਚ ਕਿਹਾ ਕਿ ਸਿੱਖ ਸਿਧਾਂਤਾਂ ਨੂੰ ਸੱਟ ਮਾਰਨ ਵਾਲੀ ਕਿਸੇ ਵੀ ਫ਼ਿਲਮ ਨੂੰ ਚੱਲਣ ਨਹੀਂ ਦਿੱਤਾ ਜਾਵੇਗਾ। ਉਨ੍ਹਾਂ ਨਵੀ ਸਿੱਧੂ ਨੂੰ ਕਿਹਾ ਕਿ ਆਰਥਿਕ ਕਾਰਨਾਂ ਖਾਤਰ ਫਿਲਮ ਨੂੰ ਰਿਲੀਜ ਕਰਨ ਦੀ ਜਿਦ ਉਨ੍ਹਾਂ ਲਈ ਮੁਸੀਬਤ ਖੜੀ ਕਰ ਸਕਦੀ ਹੈ, ਇਸ ਲਈ ਸਮਾਂ ਰਹਿੰਦੇ ਉਨ੍ਹਾਂ ਨੂੰ ਅਕਾਲ ਤਖ਼ਤ ‘ਤੇ ਜਾ ਕੇ ਫਿਲਮ ਵਾਪਿਸ ਲੈ ਲੈਣ ਦਾ ਐਲਾਨ ਕਰਨਾ ਚਾਹੀਦੀ ਹੈ।
ਨੌਜਵਾਨ ਆਗੂ ਨੇ ਕਿਹਾ ਕਿ ਉਹ ਮੰਗਲ਼ਵਾਰ ਤੱਕ ਫਿਲਮ ਦੇ ਡਾਇਰੈਕਟਰ ਦੇ ਫੈਸਲੇ ਦਾ ਇੰਤਜ਼ਾਰ ਕਰਨਗੇ ਅਤੇ ਜੇਕਰ ਉਹ ਫਿਲਮ ਵਾਪਿਸ ਨਹੀਂ ਕਰਦੇ ਤਾਂ ਉਹ ਉਨ੍ਹਾਂ ਖਿਲਾਫ ਅਗਲਾ ਐਕਸ਼ਨ ਪ੍ਰੋਗਰਾਮ ਉਲੀਕਣਗੇ।
ਉਹਨਾਂ ਕਿਹਾ ਕਿ ਇਸ ਤੋਂ ਪਹਿਲਾਂ ਸਿੱਖ ਅਵਾਮ ਨੇ “ਨਾਨਕ ਸ਼ਾਹ ਫਕੀਰ, ਮਦਰਹੁੱਡ ਅਤੇ ਮਿਰੀ-ਪੀਰੀ” ਵਰਗੀਆਂ ਫਿਲਮਾਂ ਰੁਕਵਾ ਕੇ ਸਪਸ਼ਟ ਕਰ ਦਿੱਤਾ ਸੀ ਕਿ ਸਿੱਖੀ ਅਤੇ ਗੁਰਮੀਤ ਸਿਧਾਂਤਾਂ ਦੇ ਉਲਟ ਬਨਣ ਵਾਲੀਆਂ ਫਿਲਮਾਂ ਕੌਮ ਕਦਾਚਿਤ ਪ੍ਰਵਾਨ ਕਰੇਗੀ ਪਰ ਅਫ਼ਸੋਸ ਕਿ ਅਜਿਹੀਆਂ ਫਿਲਮਾਂ ਬਣਾਉਣ ਵਾਲ਼ਿਆਂ ਦੇ ਦਿਮਾਗ ਵਿੱਚ ਇਹ ਗੱਲ ਸਮਝ ਨਹੀਂ ਪੈ ਰਹੀ। ਉਹਨਾਂ ਆਰਥਿਕ ਲਾਭਾਂ ਅਤੇ ਸ਼ੋਹਰਤ ਕੱਟਣ ਲਈ ਅਜਿਹੀਆਂ ਫਿਲਮਾਂ ਬਣਾਉਣ ਵਾਲ਼ਿਆਂ ਨੂੰ ਸਿੱਧੀ ਚਿਤਾਵਨੀ ਦੇਦਿੰਆਂ ਕਿਹਾ ਕਿ ਉਹ ਸਿੱਖ ਜਜ਼ਬਾਤਾਂ ਨਾਲ ਖੇਡਣ ਤੋਂ ਪਰਹੇਜ਼ ਕਰਨ।
ਉਨ੍ਹਾਂ ਕਿਹਾ ਕਿ ਸਿੱਖ ਸਿਧਾਂਤ ਸਾਫ ਅਤੇ ਸਪੱਸ਼ਟ ਰੂਪ ਵਿੱਚ ਗੁਰੂ ਸਾਹਿਬਾਨ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਚਿਤਰਨ ਅਤੇ ਫ਼ਿਲਮਾਉਣ ਤੋਂ ਵਰਜਦੇ ਹਨ। ਉਨ੍ਹਾਂ ਕਿਹਾ ਕਿ ਫਿਲਮ ਨਿਰਮਾਤਾ ਕੰਪਿਊਟਰ ਗ੍ਰਾਫਫਿਕ ਰਾਹੀਂ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰ ਕੌਰ ਜੀ ਨੂੰ ਫਿਲਮਾ ਕੇ ਸਿੱਖਾਂ ਦੇ ਮੁੱਢਲੇ ਅਸੂਲਾਂ ਨੂੰ ਸੱਟ ਮਾਰ ਰਿਹਾ ਹੈ, ਜੋ ਕਿ ਬਰਦਾਸ਼ਤ ਤੋਂ ਪਰ੍ਹੇ ਹੈ। ਦਲ ਖਾਲਸਾ ਨੇ ਗੁਰੂ ਸਾਹਿਬਾਨ ਅਤੇ ਉਨ੍ਹਾਂ ਦੇ ਪਰਿਵਾਰ ਦੀਆਂ ਬਣੀਆਂ ਅਤੇ ਬਣ ਰਹੀਆਂ ਕਾਲਪਨਿਕ ਤਸਵੀਰਾਂ ਅਤੇ ਫ਼ਿਲਮਾਂ ਉੱਤੇ ਇਤਰਾਜ਼ ਕਰਦੇ ਹੋਏ ਇਹਨਾਂ ਨੂੰ ਸਿਧਾਂਤਿਕ ਰੂਪ ਵਿੱਚ ਪੂਰੀ ਤਰ੍ਹਾਂ ਰੱਦ ਕੀਤਾ।
ਜਿਕਰਯੋਗ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦੇ ਮਤਾ ਨੰ: 5566, ਮਿਤੀ: 30-05-2003 ਅਨੁਸਾਰ, “ਗੁਰੂ ਸਾਹਿਬਾਨ ਅਤੇ ਗੁਰੂ ਸਾਹਿਬਾਨ ਦੀਆਂ ਸਤਿਕਾਰਯੋਗ ਪਰਿਵਾਰਕ ਸ਼ਖ਼ਸੀਅਤਾਂ ਅਤੇ ਪੰਜ ਪਿਆਰੇ ਸਾਹਿਬਾਨ ਦੇ ਪਾਤਰ ਫ਼ਿਲਮਾਂ ਵਿਚ ਐਕਟਰਾਂ ਵਲੋਂ ਨਹੀਂ ਨਿਭਾਏ ਜਾ ਸਕਦੇ।” ਉਕਤ ਮਤੇ ਦੀ ਪੁਸ਼ਟੀ ਸ਼੍ਰੋਮਣੀ ਕਮੇਟੀ ਦੀ ਅੰਤ੍ਰਿਗ ਕਮੇਟੀ ਦੇ ਮਤਾ ਨੰ: 887 ਮਿਤੀ: 10-07-2003 ਰਾਹੀਂ ਕੀਤੀ ਗਈ ਹੈ।