ਕਿਸਾਨੀ ਸੰਘਰਸ਼ – ਫੈਸਲੇ ਸੁਣਾਉਣ ਅਤੇ ਪ੍ਰਭਾਵਿਤ ਕਰਨ ਵਾਲਿਆਂ ਵਿੱਚ ਸੰਵਾਦ ਜਰੂਰੀ

ਕਿਸਾਨੀ ਸੰਘਰਸ਼ – ਫੈਸਲੇ ਸੁਣਾਉਣ ਅਤੇ ਪ੍ਰਭਾਵਿਤ ਕਰਨ ਵਾਲਿਆਂ ਵਿੱਚ ਸੰਵਾਦ ਜਰੂਰੀ

ਅੱਜ ਪੂਰੀ ਦੁਨੀਆਂ ਦੀ ਨਿਗ੍ਹਾ ਕਿਸਾਨੀ ਸੰਘਰਸ਼ ਉੱਤੇ ਹੈ। ਅਖਬਾਰ, ਟੈਲੀਵਿਜ਼ਨ ਅਤੇ ਬਿਜਲ ਸੱਥ (ਸੋਸ਼ਲ ਮੀਡੀਆ) ਕਿਸਾਨੀ ਸੰਘਰਸ਼ ਦੀ ਹੀ ਗੱਲ ਕਰ ਰਹੇ ਹਨ । ਮਨੁੱਖਤਾ ਨੂੰ ਪਿਆਰ ਕਰਨ ਵਾਲਾ ਹਰ ਇਕ ਇਨਸਾਨ ਇਸ ਸੰਘਰਸ਼ ਦਾ ਸਿੱਧੇ ਜਾ ਅਸਿੱਧੇ ਤਰੀਕੇ ਹਿੱਸਾ ਬਣਿਆ ਹੋਇਆ ਹੈ। ਇਕ ਵੇਲਾ ਸੀ ਜਦੋਂ ਦਿੱਲੀ ਨੂੰ ਕੂਚ ਕੀਤਾ ਜਾ ਰਿਹਾ ਸੀ ਅਤੇ ਥਾਂ ਥਾਂ ਰੋਕਾਂ ਲਾਈਆਂ ਗਈਆਂ ਸਨ ਅਤੇ ਰੋਕਾਂ ਤੋੜਦੇ ਹੋਏ ਨੌਜਵਾਨ ਦਿੱਲੀ ਪਹੁੰਚੇ ਸਨ, ਫਿਰ ਸਰਕਾਰ ਨਾਲ ਮੀਟਿੰਗਾਂ ਦਾ ਦੌਰ ਸ਼ੁਰੂ ਹੋਇਆ, ਲਗਾਤਾਰ ਮੀਟਿੰਗਾਂ ਹੋਈਆਂ ਪਰ ਗੱਲ ਕਿਸੇ ਥਾਂ ਪੱਤਣ ਨਹੀਂ ਲੱਗੀ। ਇਕ ਵੇਲਾ ਹੁਣ ਸੀ/ਹੈ ਜਦੋਂ ਗੱਲ ਰੁਕੀ ਰੁਕੀ ਜਾਪ ਰਹੀ ਸੀ/ਹੈ, ਸਰਕਾਰ ਲਗਾਤਾਰ ਲੋਕਾਂ ਵਿੱਚ ਇਸ ਸੰਘਰਸ਼ ਪ੍ਰਤੀ ਨਾ-ਪੱਖੀ ਬਿਰਤਾਂਤ ਸਿਰਜਣ ਵਿੱਚ ਲੱਗੀ ਹੋਈ ਹੈ, ਸੁਹਿਰਦ ਹਿੱਸੇ ਵੱਲੋਂ ਇਕ ਗੱਲ ਉੱਤੇ ਲਗਾਤਰ ਜ਼ੋਰ ਦਿੱਤਾ ਜਾ ਰਿਹਾ ਸੀ ਕਿ ਸੰਘਰਸ਼ ਵਿਚਲੀ ਇਸ ਖੜੋਤ ਨੂੰ ਜਿਹੜਾ ਵੀ ਪਹਿਲਕਦਮੀ ਕਰ ਕੇ ਤੋੜੇਗਾ ਉਸ ਦਾ ਦਬਾਅ ਦੂਜੀ ਧਿਰ ਉੱਤੇ ਬਣ ਜਾਵੇਗਾ ਅਤੇ ਜੇਕਰ ਕਿਸਾਨ ਜਥੇਬੰਦੀਆਂ ਦੇ ਆਗੂ ਪਹਿਲ ਕਦਮੀ ਕਰਕੇ ਸੰਘਰਸ਼ ਦੇ ਅਗਲੇ ਪੜਾਅ ਦਾ ਪ੍ਰੋਗਰਾਮ ਐਲਾਨ ਦਿੰਦੇ ਹਨ ਤਾਂ ਸਰਕਾਰ ਦਬਾਅ ਵਿੱਚ ਆ ਜਾਵੇਗੀ, ਹਾਲ ਹੀ ਵਿੱਚ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਹੁਣ ਅਗਲੀ ਰਣਨੀਤੀ ਦਾ ਐਲਾਨ ਕਰ ਦਿੱਤਾ ਹੈ ਪਰ ਐਲਾਨ ਵਿਚਲੇ ਸਾਰੇ ਪ੍ਰੋਗਰਾਮਾਂ ਨਾਲ ਸੰਘਰਸ਼ ਦੇ ਹਿਮਾਇਤੀ ਵੀ ਪੂਰੀ ਤਰ੍ਹਾਂ ਸਹਿਮਤ ਦਿਖਾਈ ਨਹੀਂ ਦੇ ਰਹੇ, ਇਸਦੇ ਕਾਰਨ ਘੋਖਣੇ ਬਣਦੇ ਹਨ।

ਅਸੀਂ ਜਾਣਦੇ ਹਾਂ ਕਿ ਇਹ ਸਾਂਝਾ ਸੰਘਰਸ਼ ਹੈ, ਇਸ ਵਿੱਚ ਹਰ ਰੰਗ ਸ਼ਾਮਿਲ ਹੈ, ਕੋਈ ਇਕ ਧਿਰ ਜਾ ਜਥੇਬੰਦੀ ਇਸ ਦੀ ਅਗਵਾਈ ਨਹੀਂ ਕਰ ਰਹੀ, ਇਸ ਦੀ ਅਗਵਾਈ ਕੇਂਦਰਿਤ ਨਾ ਹੋਣ ਕਰ ਕੇ ਹੀ ਸਰਕਾਰ ਨੂੰ ਦਿੱਕਤਾਂ ਆ ਰਹੀਆਂ ਹਨ, ਇਹੀ ਇਸ ਸੰਘਰਸ਼ ਦੀ ਖੂਬਸੂਰਤੀ ਹੈ। ਪਰ ਇਸ ਤਰ੍ਹਾਂ ਦੇ ਮਹੌਲ ਵਿੱਚ ਸੰਘਰਸ਼ ਨੂੰ ਸਹੀ ਤਰੀਕੇ ਚਲਾਉਣਾ ਹੋਰ ਵਧੇਰੇ ਜਿੰਮੇਵਾਰਾਨਾ ਕਾਰਜ ਬਣ ਜਾਂਦਾ ਹੈ। ਅਸੀਂ ਪਿਛਲੇ ਦਿਨਾਂ ‘ਚ ਵੇਖਿਆ ਹੈ ਕਿ ਜਦੋਂ ਵੀ ਆਗੂਆਂ ਨੇ ਕੋਈ ਗੱਲ ਲੋਕਾਂ ਦੀਆਂ ਭਾਵਨਾਵਾਂ ਦੇ ਹਾਣਦੀ ਨਹੀਂ ਕੀਤੀ ਤਾਂ ਉਹਨਾਂ ਨੂੰ ਲੋਕਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ। ਇਸ ਤਰ੍ਹਾਂ ਦੀ ਸਥਿਤੀ ਵਿੱਚ ਜੇਕਰ ਕਦੀ ਇਹ ਵਕਤ ਆ ਜਾਵੇ ਜਦੋਂ ਲੋਕਾਂ ਦੀਆਂ ਭਾਵਨਾਵਾਂ ਅਤੇ ਸਹੀ ਫੈਸਲੇ ਵਿੱਚ ਕੋਈ ਵਿੱਥ ਜਾਪੇ ਤਾਂ ਫੈਸਲਾ ਲੈਣਾ ਹੋਰ ਵੀ ਬਹੁਤ ਮੁਸ਼ਕਿਲ ਹੋ ਜਾਂਦਾ ਹੈ ਪਰ ਇਸ ਤਰ੍ਹਾਂ ਦੀ ਸਥਿਤੀ ਨੂੰ ਨਜਿੱਠਣਾ ਵੀ ਉਨਾਂ ਹੀ ਜਰੂਰੀ ਹੁੰਦਾ ਹੈ ਜਿੰਨੀ ਇਹ ਸਥਿਤੀ ਮੁਸ਼ਕਿਲ ਹੁੰਦੀ ਹੈ।

ਇਕ ਗੱਲ ਤਾਂ ਸਪਸ਼ੱਟ ਹੈ ਇਕ ਇਸ ਸੰਘਰਸ਼ ਵਿੱਚ ਮੋਟੇ ਰੂਪ ਵਿੱਚ ਦੋ ਵੰਨਗੀਆਂ ਹਨ – ਇਕ ਉਹ ਜੋ ਫੈਸਲੇ ਲੈਂਦੀ ਜਾ ਸੁਣਾਉਂਦੀ ਹੈ, ਉਸ ਵੰਨਗੀ ਵਿੱਚ ਕਿਸਾਨ ਜਥੇਬੰਦੀਆਂ ਦੇ ਆਗੂ ਹਨ, ਇਕ ਉਹ ਜੋ ਫੈਸਲੇ ਪ੍ਰਭਾਵਿਤ ਕਰਦੀਆਂ ਹਨ, ਉਸ ਵੰਨਗੀ ਵਿੱਚ ਲੋਕ ਹਨ। ਸੰਘਰਸ਼ ਨੂੰ ਸਹੀ ਦਿਸ਼ਾ ਵੱਲ ਲਿਜਾਣ ਲਈ ਇਹਨਾਂ ਦੋਹਾਂ ਵੰਨਗੀਆਂ ਵਿੱਚ ਸੰਤੁਲਨ ਬਹੁਤ ਜਰੂਰੀ ਹੈ, ਸੰਤੁਲਨ ਬਰਕਰਾਰ ਰੱਖਣ ਲਈ ਸੰਵਾਦ ਜਰੂਰੀ ਹੈ। ਹੁਣ ਤੱਕ ਜਦੋਂ ਵੀ ਲੋਕਾਂ ਨੇ ਆਗੂਆਂ ਦਾ ਜਾ ਓਹਨਾ ਦੇ ਫੈਸਲਿਆਂ ਦਾ ਵਿਰੋਧ ਕੀਤਾ ਹੈ ਉਹਦਾ ਇਕ ਵੱਡਾ ਅਤੇ ਅਹਿਮ ਕਾਰਨ ਇਹੀ ਹੈ ਕਿ ਆਗੂਆਂ ਵੱਲੋਂ ਸਿੱਧਾ ਫੈਸਲੇ ਸੁਣਾਏ ਗਏ ਹਨ, ਕੋਈ ਵਿਚਾਰ/ਸੰਵਾਦ ਨਹੀਂ ਕੀਤਾ ਗਿਆ ਜਾਂ ਲੋਕਾਂ ਦੀ ਰਾਇ ਨਹੀਂ ਲਈ ਗਈ। ਇਕ ਪਾਸੇ ਆਗੂ ਇਹ ਗੱਲ ਮੰਨਦੇ ਹਨ ਕਿ ਇਥੋਂ ਤੱਕ ਸੰਘਰਸ਼ ਜੇਕਰ ਆਇਆ ਹੈ ਤਾਂ ਇਹ ਲੋਕਾਂ ਸਦਕਾ ਹੀ ਆਇਆ ਹੈ ਅਤੇ ਹੁਣ ਵੀ ਸਾਰੇ ਰਾਹ ਅੱਗੇ ਨੂੰ ਹੀ ਹਨ ਪਿੱਛੇ ਨੂੰ ਕੋਈ ਰਾਹ ਨਹੀਂ ਹੈ, ਅਸੀਂ ਸਰਕਾਰ ਤੋਂ ਕੁੱਟ ਖਾ ਲਵਾਂਗੇ ਪਰ ਲੋਕਾਂ ਤੋਂ ਨਹੀਂ ਖਾ ਸਕਦੇ। ਇਹ ਸਾਰੀ ਸਮਝ ਤੋਂ ਬਾਅਦ ਵੀ ਲੋਕਾਂ ਦੀ ਰਾਇ ਲਏ ਬਿਨਾਂ ਫੈਸਲੇ ਲੈਣਾ/ਸੁਣਾਉਣਾ ਠੀਕ ਕਦਮ ਨਹੀਂ ਹੈ, ਇਹ ਕਦਮ ਲਗਾਤਾਰ ਵਿਰੋਧ ਪੈਦਾ ਕਰੇਗਾ। ਆਗੂਆਂ ਨੂੰ ਚਾਹੀਦਾ ਹੈ ਕਿ ਫੈਸਲੇ ਲੈਣ/ਸੁਣਾਉਣ ਤੋਂ ਪਹਿਲਾਂ ਲੋਕਾਂ ਦੀ ਰਾਇ ਲਈ ਜਾਵੇ, ਸੁਣਿਆ ਜਾਵੇ ਕਿ ਉਹ ਕੀ ਚਾਹੁੰਦੇ ਹਨ, ਆਗੂਆਂ ਦੇ ਫੈਸਲੇ ਅਤੇ ਲੋਕਾਂ ਦੀ ਭਾਵਨਾ ਵਿੱਚ ਕਿੰਨੀ ਵਿੱਥ ਹੈ? ਸਮੇਂ ਦੀ ਲਿਆਕਤ ਨੂੰ ਸਮਝਦਿਆਂ ਕਿੰਨੀ ਕੁ ਸਾਂਝੀ ਰਾਇ ਬਣਾਈ ਜਾ ਸਕਦੀ ਹੈ? ਇਹ ਸਭ ਵਿਚਾਰ ਕੇ ਹੀ ਫੈਸਲੇ ਲੈਣੇ/ਸੁਣਾਉਣੇ ਚਾਹੀਦੇ ਹਨ।

ਹਾਲ ਹੀ ਵਿੱਚ ਜੋ ਫੈਸਲੇ ਆਗੂਆਂ ਵੱਲੋਂ ਸੁਣਾਏ ਗਏ ਹਨ ਉਸ ਵਿੱਚੋਂ ਖਾਸ ਤੌਰ ‘ਤੇ ਥਾਲੀਆਂ ਖੜਕਾਉਣ ਵਾਲੇ ਫੈਸਲੇ ਦਾ ਵਿਰੋਧ ਹੋ ਰਿਹਾ ਹੈ, ਫੈਸਲਾ ਸਹੀ ਹੈ ਜਾ ਗਲਤ ਇਹ ਵੱਖਰਾ ਵਿਸ਼ਾ ਹੈ ਪਰ ਸੁਹਿਰਦ ਹਿੱਸੇ ਵੱਲੋਂ ਵਿਰੋਧ ਹੋਣ ਤੋਂ ਇਹ ਗੱਲ ਸਾਫ ਹੋ ਰਹੀ ਹੈ ਕਿ ਜਿੰਨਾ ਸਮਾਂ ਫੈਸਲੇ ਲੋਕਾਂ ਨੂੰ ਭਰੋਸੇ ‘ਚ ਲੈ ਕੇ ਨਹੀਂ ਲਏ ਜਾਂਦੇ ਉਨਾਂ ਸਮਾਂ ਇਹ ਅੰਦਰੂਨੀ ਵਿਰੋਧ ਖਤਮ ਨਹੀਂ ਹੋਵੇਗਾ। ਮਸਲਾ ਲੋਕਾਂ ਦੀ ਹਰ ਗੱਲ ਮੰਨਣ ਦਾ ਨਹੀਂ ਹੈ ਮਸਲਾ ਲੋਕਾਂ ਦੇ ਸੁਝਾਅ ਲੈਣ ਅਤੇ ਵਿਚਾਰਨ ਦਾ ਹੈ। ਕੁਝ ਹੋਰ ਸੁਝਾਅ ਬਹੁਤ ਦਿਨਾਂ ਤੋਂ ਬਿਜਲ ਸੱਥ ਉੱਤੇ ਪ੍ਰਚਾਰੇ ਜਾ ਰਹੇ ਹਨ ਜਿਵੇਂ ਕਿ ‘ਜੇਲ੍ਹ ਭਰੋ’ ਅਤੇ ‘ਗ੍ਰਿਫਤਾਰੀਆਂ’ ਵਰਗੇ ਕਿਸੇ ਪ੍ਰੋਗਰਾਮ ਦਾ ਐਲਾਨ ਕਰ ਦੇਣਾ ਚਾਹੀਦਾ ਹੈ ਜਾਂ ਦਿੱਲੀ ਨੂੰ ਜਾਣ ਵਾਲੇ ਹੋਰ ਰਸਤੇ ਬੰਦ ਕਰ ਦੇਣੇ ਚਾਹੀਦੇ ਹਨ ਆਦਿ। ਅਜਿਹੇ ਸੁਝਾਅ ਕਿੰਨੇ ਕੁ ਠੀਕ ਹਨ ਜਾਂ ਕਦੋਂ ਅਮਲ ‘ਚ ਲਿਆਂਦੇ ਜਾ ਸਕਦੇ ਹਨ, ਇਹ ਫੈਸਲਾ ਤਾਂ ਆਗੂ ਹੀ ਕਰਨ ਪਰ ਲੋਕਾਂ ਵੱਲੋਂ ਦਿੱਤੇ ਜਾਂਦੇ ਸੁਝਾਵਾਂ ਨੂੰ ਆਗੂਆਂ ਵੱਲੋਂ ਪਾਰਦਰਸ਼ੀ ਤਰੀਕੇ ਨਾਲ ਵਿਚਾਰ ਕੇ ਲੋਕਾਂ ਨੂੰ ਭਰੋਸੇ ਵਿੱਚ ਲੈਣਾ ਚਾਹੀਦਾ ਹੈ।

ਹੁਣ ਅਸੀਂ ਜਿਸ ਪੜਾਅ ‘ਤੇ ਹਾਂ

ਸਾਡੀ ਊਰਜਾ ਆਪਸੀ ਰਾਇ ਬਣਾ ਕੇ ਚੱਲਣ ਵਿੱਚ ਲੱਗਣੀ ਚਾਹੀਦੀ ਹੈ ਨਾ ਕਿ ਦੁਸ਼ਮਣ ਦੀਆਂ ਤੂਹਮਤਾਂ ਦੇ ਜਵਾਬ ਦੇਣ ਵਿੱਚ।

ਜੇ ਕੋਈ ਸਾਨੂੰ ਅੱਤਵਾਦੀ ਕਹਿੰਦਾ ਹੈ ਤਾਂ ਓਹਨੂੰ ਜਚਾਉਣ ਲਈ ਤਿਰੰਗੇ ਫੜ ਫੜ ਦਿਖਾਉਣ ਦਾ ਨਾ ਤਾਂ ਅਮਲ ਹੀ ਸਹੀ ਹੈ ਤੇ ਨਾ ਹੀ ਸਮਾਂ। ਹੁਣ ਇਕ ਇਕ ਪਲ ਦੀ ਕੀਮਤ ਨੂੰ ਸਮਝਦਿਆਂ ਆਗੂਆਂ ਨੂੰ ਲੋਕਾਂ ਦੇ ਸੁਝਾਵਾਂ ਨੂੰ ਧਿਆਨ ‘ਚ ਰੱਖ ਕੇ ਉਹਨਾਂ ਨਾਲ ਸੰਵਾਦ ਦਾ ਮਹੌਲ ਬਣਾਉਣਾ ਚਾਹੀਦਾ ਹੈ, ਸਾਂਝੀ ਰਾਇ ਨਾਲ ਫੈਸਲੇ ਲੈਣੇ ਚਾਹੀਦੇ ਹਨ ਅਤੇ ਆਪਸੀ/ਅੰਦਰੂਨੀ ਵਿਰੋਧ ਘਟਾਉਣ ਦਾ ਯਤਨ ਕਰਨਾ ਚਾਹੀਦਾ ਹੈ।

5 1 vote
Article Rating
Subscribe
Notify of
0 ਟਿੱਪਣੀਆਂ
Inline Feedbacks
View all comments
0
Would love your thoughts, please comment.x
()
x