ਇਕ ਵਾਰ ਫਿਰ ਹਉਮੈਂ ਦੇ ਬੁੱਤ ਟੁੱਟੇ ਨੇ, ਤੇ ਜਦੋਂ ਇਹ ਟੁੱਟਦੇ ਨੇ ਤਾਂ …

ਇਕ ਵਾਰ ਫਿਰ ਹਉਮੈਂ ਦੇ ਬੁੱਤ ਟੁੱਟੇ ਨੇ, ਤੇ ਜਦੋਂ ਇਹ ਟੁੱਟਦੇ ਨੇ ਤਾਂ …

ਪਿਛਲੇ ਤਕਰੀਬਨ ਸੱਤ ਮਹੀਨਿਆਂ ਤੋਂ ਜਦੋਂ ਤੋਂ ਇਹ ਨਵੇਂ ਖੇਤੀ ਕਨੂੰਨ ਆਰਡੀਨੈਂਸ ਦੇ ਰੂਪ ਵਿੱਚ ਆਏ ਹਨ, ਵੱਖ ਵੱਖ ਤਰੀਕਿਆਂ ਨਾਲ ਇਹਨਾਂ ਦਾ ਵਿਰੋਧ ਹੋ ਰਿਹਾ ਹੈ। ਹੁਣ ਵੱਡੀ ਗਿਣਤੀ ਵਿੱਚ ਕਿਸਾਨ ਦਿੱਲੀ ਨੂੰ ਘੇਰ ਕੇ ਬੈਠੇ ਹੋਏ ਹਨ ਅਤੇ ਲਗਾਤਾਰ ਸਰਕਾਰ ਕਿਸਾਨਾਂ ਨਾਲ ਗੱਲਬਾਤ ਕਰ ਰਹੀ ਹੈ। ਹੁਣ ਤੱਕ ਤਕਰੀਬਨ ਅੱਧੀ ਦਰਜਨ ਬੈਠਕਾਂ ਸਰਕਾਰ ਨੇ ਕਿਸਾਨਾਂ ਨਾਲ ਕੀਤੀਆਂ ਹਨ ਅਤੇ ਕੁਝ ਸੋਧਾਂ ਕਰਨ ਲਈ ਰਾਜੀ ਵੀ ਹੋਈ ਹੈ ਪਰ ਕਿਸਾਨਾਂ ਦੀ ਮੰਗ ਇਹ ਕਨੂੰਨ ਰੱਦ ਕਰਵਾਉਣ ਦੀ ਹੈ। ਦਿੱਲੀ ਤਖ਼ਤ ਆਪਣੇ ਸੁਭਾਅ ਤੋਂ ਮਜ਼ਬੂਰ ਹੈ, ਉਹ ਸਾਮਰਾਜੀ ਹੈ ਜੋ ਕਿਸੇ ਵੀ ਮਸਲੇ ਵਿੱਚ ਸ਼ਹਿਰੀਆਂ ਦੀ ਕੋਈ ਸਹਿਮਤੀ ਨਹੀਂ ਲੈਂਦਾ, ਕੋਈ ਦਲੀਲ ਜਾਂ ਅਪੀਲ ਨਹੀਂ ਸੁਣਦਾ/ਮੰਨਦਾ ਸਗੋਂ ਆਪਣੀ ਜਿੱਦ ਸਿਰਫ ਤਾਕਤ ਨਾਲ ਹੀ ਹਾਸਲ ਕਰਨ ਦਾ ਹਾਮੀ ਹੈ। ਪਰ ਇਸ ਵਾਰ ਓਹਦੀ ਜਿੱਦ ਟੁੱਟੀ ਹੈ, ਉਹਨੂੰ ਅੰਦਾਜ਼ਾ ਨਹੀਂ ਸੀ ਕਿ ਇਹ ਵਿਰੋਧ ਐਨਾਂ ਵਿਆਪਕ ਰੂਪ ਲੈ ਲਵੇਗਾ ਅਤੇ ਓਹਦੇ ਵੱਲੋਂ ਛੱਡੇ ਸਾਰੇ ਤੀਰ ਨਕਾਰਾ ਹੋ ਜਾਣਗੇ।

ਜਦੋਂ ਵੀ ਇਸਦਾ ਹੰਕਾਰ ਟੁੱਟਦਾ ਹੈ

ਇਹ ਚੁੱਪ ਨਹੀਂ ਬੈਠਦਾ, ਹਰਕਤ ‘ਚ ਆਉਂਦਾ ਹੈ ਸਗੋਂ ਜਿੰਨ੍ਹਾ ਹੰਕਾਰ ਟੁੱਟਦਾ ਹੈ ਓਨਾ ਹੀ ਕ੍ਰੋਧ ‘ਚ ਆਉਂਦਾ ਹੈ।

ਜਦੋਂ ਜਦੋਂ ਇਸਦਾ ਹੰਕਾਰ ਟੁੱਟਿਆ:
ਕੁਝ ਦਹਾਕੇ ਪਹਿਲਾਂ ਸੰਤ ਜਰਨੈਲ ਸਿੰਘ ਵੱਲੋਂ ਦਿੱਲੀ ਤਖ਼ਤ ਨੂੰ ਵੰਗਾਰਿਆ ਗਿਆ। ਆਪਣੇ ਆਪ ਨੂੰ ਦੇਵਤਾ ਅਤੇ ਬਾਕੀਆਂ ਨੂੰ ਕੀੜੇ ਮਕੌੜੇ ਸਮਝਣ ਵਾਲੀ ਇਸ ਬਿਰਤੀ ਨੂੰ ਜਦੋਂ ਵੰਗਾਰ ਪਈ ਅਤੇ ਇਸਦਾ ਹੰਕਾਰ ਟੁੱਟਿਆ ਤਾਂ ਇਸਨੇ ਦਰਬਾਰ ਸਾਹਿਬ ‘ਤੇ ਹਮਲਾ ਕਰਨ ਦੀ ਵਿਉਂਤ ਬਣਾਈ ਅਤੇ ਉਸ ਨੂੰ ਅਮਲ ‘ਚ ਲਿਆਂਦਾ ਗਿਆ। ਫਿਰ ਜਦੋਂ ਇੰਦਰਾਂ ਗਾਂਧੀ ਨੂੰ ਇਸ ਪਾਪ ਲਈ ਸੋਧਾ ਲਾਇਆ ਗਿਆ ਤਾਂ ਇਕ ਵਾਰ ਫਿਰ ਇਸਦਾ ਹੰਕਾਰ ਟੁੱਟਿਆ, ਕ੍ਰੋਧ ਆਇਆ ਅਤੇ ਵੱਡੇ ਰੂਪ ‘ਚ ਸਿੱਖਾਂ ਦੀ ਨਸਲਕੁਸ਼ੀ ਕੀਤੀ ਗਈ। ਫਿਰ ਜਦੋਂ ਖਾੜਕੂ ਸਿੰਘਾਂ ਨੇ ਆਪਣੇ ਜੌਹਰ ਵਿਖਾ ਕੇ ਇਸਦਾ ਹੰਕਾਰ ਤੋੜਿਆ ਤਾਂ ਵੱਡੀ ਗਿਣਤੀ ਵਿੱਚ ਸਿੱਖ ਨੌਜਵਾਨਾਂ ਦੇ ਝੂਠੇ ਮੁਕਾਬਲੇ ਬਣਾਏ ਗਏ ਅਤੇ ਉਸ ਤੋਂ ਬਾਅਦ ਲਗਾਤਾਰ ਇਕ ਗਿਣੀ-ਮਿਥੀ ਸਾਜਿਸ਼ ਤਹਿਤ ਪੰਜਾਬ ਦੇ ਨੌਜਵਾਨਾਂ ਨੂੰ ਨਸ਼ੇ ਉੱਤੇ ਲਾਇਆ ਗਿਆ ਅਤੇ ਲੱਚਰ ਸੰਗੀਤ ਵੱਲ ਧੱਕਿਆ ਗਿਆ।

ਸ਼੍ਰੀ ਅਕਾਲ ਤਖ਼ਤ ਸਾਹਿਬ (ਜੂਨ 1984 – ਭਾਰਤੀ ਫੌਜੀ ਹਮਲੇ ਤੋਂ ਬਾਅਦ ਦੀ ਤਸਵੀਰ)

ਇਸ ਵਾਰ ਹੰਕਾਰ ਕਿਵੇਂ ਟੁੱਟਿਆ:
ਦਿੱਲੀ ਨੂੰ ਕੂਚ ਕਰ ਰਹੇ ਕਿਸਾਨਾਂ ਨੂੰ ਰੋਕਣ ਲਈ ਥਾਂ-ਥਾਂ ਵੱਡੀਆਂ-ਵੱਡੀਆਂ ਰੋਕਾਂ ਲਾਈਆਂ ਗਈਆਂ ਪਰ ਜਿਸ ਜਵਾਨੀ ਨੂੰ ਪਿਛਲੇ ਕਈ ਸਾਲਾਂ ਤੋਂ ਨਸ਼ੇ ਅਤੇ ਲੱਚਰ ਸੰਗੀਤ ਵੱਲ ਧੱਕਿਆ ਜਾ ਰਿਹਾ ਸੀ ਉਸਨੇ ਸਮੇਤ ਕਈ ਗਾਉਣ ਵਾਲਿਆਂ ਦੇ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਸਦਕਾ ਇਹ ਰੋਕਾਂ ਰੂੰਈਂ ਦੇ ਫੰਭਿਆਂ ਵਾਂਙ ਉਡਾ ਦਿੱਤੀਆਂ। ਉਸ ਦਿਨ ਤੋਂ ਅੱਜ ਤੱਕ ਦਿੱਲੀ ਬੈਠੇ ਕਿਸਾਨ ਲਗਾਤਾਰ ਦਿੱਲੀ ਤਖ਼ਤ ਨੂੰ ਲਲਕਾਰ ਰਹੇ ਨੇ, ਮੋਰਚੇ ਵਾਲੀ ਥਾਂ ਤੋਂ ਲਾਲ ਕਿਲ੍ਹੇ ਦੀ ਦੂਰੀ ਦੀਆਂ ਗੱਲਾਂ ਕਰ ਰਹੇ ਨੇ ਅਤੇ ਆਪਣੇ ਬਾਬਿਆਂ ਦਾ ਇਤਿਹਾਸ ਚੇਤੇ ਕਰਵਾ ਰਹੇ ਨੇ। ਇਸ ਸੰਘਰਸ਼ ਦੌਰਾਨ ਸੰਗੀਤ ਨੇ ਵੀ ਇਕ ਨਵਾਂ ਮੋੜ ਲੈ ਲਿਆ ਹੈ। ਲੋਕਾਂ ਨੇ ਸਿਆਸੀ ਆਗੂਆਂ ਨੂੰ ਤਕਰੀਬਨ ਨਕਾਰ ਦਿੱਤਾ ਹੈ ਅਤੇ ਉਹਨਾਂ ‘ਤੇ ਕੋਈ ਟੇਕ ਰੱਖੇ ਬਿਨ੍ਹਾਂ ਇਹ ਸੰਘਰਸ਼ ਲੜ੍ਹ ਰਹੇ ਨੇ। ਸਰਕਾਰਾਂ ਦੀ ਜੋ ਆਮ ਪਹੁੰਚ ਹੁੰਦੀ ਹੈ ਕਿ ਸੰਘਰਸ਼ ਦੇ ਆਗੂਆਂ ਨੂੰ ਖਰੀਦ ਲਿਆ ਜਾਵੇ, ਜੇਲ੍ਹ ਭੇਜ ਦਿੱਤਾ ਜਾਵੇ ਜਾ ਖਤਮ ਕਰ ਦਿੱਤਾ ਜਾਵੇ, ਉਹ ਵੀ ਇਸ ਵਾਰ ਨਕਾਰਾ ਸਿੱਧ ਹੋ ਰਹੀ ਹੈ ਕਿਉਂਕਿ ਹੁਣ ਤੱਕ ਸੰਘਰਸ਼ ਲੋਕਾਂ ਵੱਲੋਂ ਲੜ੍ਹਿਆ ਜਾ ਰਿਹਾ ਹੈ, ਆਗੂ ਲੋਕਾਂ ਮੁਤਾਬਿਕ ਫੈਸਲੇ ਲੈਣ ਲਈ ਮਜ਼ਬੂਰ ਹਨ, ਲੋਕਾਂ ਦਾ ਦਬਾਅ ਦਿਨ ਪਰ ਦਿਨ ਵੱਧ ਰਿਹਾ ਹੈ। ਆਗੂ ਤਾਂ ਸਿਰਫ ਲੋਕਾਂ ਦੀ ਗੱਲ ਸਰਕਾਰ ਤੱਕ ਲੈ ਕੇ ਜਾ ਰਹੇ ਨੇ, ਇਕ ਤਰੀਕੇ ਅਗਵਾਈ ਲੋਕ ਆਪ ਹੀ ਕਰ ਰਹੇ ਨੇ। ਸੰਘਰਸ਼ ਪੱਖੀ ਬਿਰਤਾਂਤ ਸਿਰਜਣ ਵਿੱਚ ਵੀ ਕਾਮਯਾਬੀ ਮਿਲੀ ਹੈ ਅਤੇ ਸਰਕਾਰੀ ਬਿਰਤਾਂਤ ਸਿਰਜਣ ਦੀਆਂ ਸਾਰੀਆਂ ਚਾਲਾਂ ਚਕਨਾ-ਚੂਰ ਹੋ ਗਈਆਂ। ਸਰਕਾਰ ਵੱਲੋਂ ਛੱਡੇ ਜਾ ਰਹੇ ਗਲਤ ਅਨਸਰਾਂ ਵੀ ਨੂੰ ਲਗਾਤਾਰ ਕਾਬੂ ਕੀਤਾ ਜਾ ਰਿਹਾ ਹੈ। ਕਿਸਾਨਾਂ ਵੱਲੋਂ ਵਿਗਿਆਨ ਭਵਨ ਵਿੱਚ ਮੇਜਾਂ ਤੇ ਲੱਗੀ ਸਰਕਾਰੀ ਰੋਟੀ ਦੀ ਥਾਂ ਭੂੰਜੇ ਬੈਠ ਲੰਗਰ ਵਿਚੋਂ ਲਿਆਂਦੇ ਪ੍ਰਸ਼ਾਦੇ ਛਕੇ ਗਏ। ਅੱਧੀ ਦਰਜਨ ਬੈਠਕਾਂ ਬਾਅਦ ਵੀ ਸਰਕਾਰ ਆਪਣੀ ਗੱਲ ਮਨਾ ਨਹੀਂ ਸਕੀ। ਇਹ ਸਾਰੇ ਵਰਤਾਰੇ ਨੇ ਦਿੱਲੀ ਤਖ਼ਤ ਦਾ ਇਕ ਵਾਰ ਫਿਰ ਹੰਕਾਰ ਤੋੜਿਆ ਹੈ ਅਤੇ ਆਪਣੇ ਸੁਭਾਅ ਮੁਤਾਬਿਕ ਉਹ ਸ਼ਾਇਦ ਇਸ ਵਾਰ ਵੀ ਚੁੱਪ ਨਾ ਬੈਠੇ। ਉਸ ਤੋਂ ਜੋ ਵੀ ਸੰਭਵ ਹੋਇਆ ਉਹਨੇ ਕਰਨਾ ਹੈ, ਫਿਰ ਚਾਹੇ ਕੋਈ ਖੂਨ ਖਰਾਬਾ ਕਰਨਾ ਪਵੇ, ਚਾਹੇ ਕੋਈ ਮਿੱਠੀ ਜਹਿਰ ਦਾ ਅਮਲ ਵਿਉਂਤਿਆ ਜਾਵੇ ਪਰ ਇਹ ਵੀ ਜਰੂਰੀ ਨਹੀਂ ਕਿ ਉਹ ਇਸ ਤਰ੍ਹਾਂ ਦਾ ਕੋਈ ਅਮਲ ਹੁਣੇ ਕਰੇ। ਫਿਲਹਾਲ ਚਾਹੇ ਉਹ ਕਿਸੇ ਤਰ੍ਹਾਂ ਦੀ ਕੋਈ ਸਹਿਮਤੀ ਬਣਾਉਣ ‘ਚ ਸਫਲ ਵੀ ਹੋ ਜਾਵੇ ਤਾਂ ਵੀ ਹੰਕਾਰ ਟੁੱਟੇ ਦਾ ਕ੍ਰੋਧ ਉਹ ਨਹੀਂ ਛੱਡ ਸਕੇਗਾ ਕਿਉਂਕਿ ਇਹ ਉਸ ਦੇ ਸੁਭਾਅ ਦਾ ਅਟੁੱਟ ਹਿੱਸਾ ਹੈ।

ਕਿਸਾਨਾਂ ਦੀ ਦਿੱਲੀ ਨੂੰ ਕੂਚ ਕਰਨ ਵੇਲੇ ਦੀ ਤਸਵੀਰ

ਭਵਿੱਖ ਦੀ ਪਹਿਲ ਕਦਮੀ :
ਅਕਸਰ ਕਿਹਾ ਜਾਂਦਾ ਹੈ ਕਿ ਸਿੱਖ ਬਹੁਤ ਦੇਰ ਬਾਅਦ ਸੋਚਦੇ ਹਨ ਪਰ ਇਹ ਕੋਈ ਸਦੀਵੀ ਸੱਚ ਨਹੀਂ ਹੈ ਜੋ ਬਦਲਿਆ ਨਹੀਂ ਜਾ ਸਕਦਾ। ਇਸ ਸੰਘਰਸ਼ ਵਿੱਚ ਪੰਜਾਬ ਦੇ ਲੋਕ ਚੀਜ਼ਾਂ ਨੂੰ ਸਮਝਣ ਵਿੱਚ ਜਿੱਥੇ ਤੱਕ ਚਲੇ ਗਏ ਹਨ, ਜੋ ਗੱਲਾਂ ਕਾਫੀ ਹੱਦ ਤੱਕ ਸਪਸ਼ਟ ਕਰ ਲਈਆਂ ਹਨ ਹੁਣ ਜਰੂਰੀ ਹੈ ਉਹ ਸਪਸ਼ਟਤਾ ਨੂੰ ਹੋਰ ਨਿਖਾਰਦੇ ਜਾਣਾ। ਭਵਿੱਖ ਵਿੱਚ ਹਰ ਤਰ੍ਹਾਂ ਦੀ ਸੰਭਾਵਨਾ ਲਈ ਸੁਚੇਤ ਰਹਿਣਾ। ਆਪਣੇ ਹੱਕਾਂ ਲਈ ਇਸੇ ਤਰ੍ਹਾਂ ਸੰਘਰਸ਼ ਕਰਦੇ ਰਹਿਣਾ। ਨੌਜਵਾਨਾਂ ਅਤੇ ਗਾਉਣ ਵਾਲਿਆਂ ਨੂੰ ਇਹ ਗੱਲ ਦੀ ਪ੍ਰਤੱਖ ਉਦਾਹਰਣ ਮਿਲ ਗਈ ਹੈ ਕਿ ਸੋਚਣ ਅਤੇ ਅਮਲ ਦੇ ਪੱਧਰ ਉੱਤੇ ਸੰਗੀਤ ਕਿੰਨਾ ਅਸਰ ਕਰਦਾ ਹੈ, ਸੋ ਓਹਨਾ ਲਈ ਇਹ ਅਗਲੀ ਜਿੰਮੇਵਾਰੀ ਬਣੇਗੀ ਕਿ ਕਿਸ ਤਰ੍ਹਾਂ ਦੇ ਗੀਤ ਸੁਣਨੇ ਅਤੇ ਗਾਉਣੇ ਹਨ। ਇਕ ਗੱਲ ਜਿਹੜੀ ਬੜੇ ਵੱਡੇ ਰੂਪ ਵਿੱਚ ਨਿੱਖਰ ਕੇ ਸਾਹਮਣੇ ਆਈ ਹੈ ਕਿ ਕਿਵੇਂ ਸੰਗਤੀ ਫੈਸਲੇ ਆਗੂਆਂ ਨੂੰ ਸੰਘਰਸ਼ ਕਰਨ ਲਈ ਮਜ਼ਬੂਰ ਕਰਦੇ ਹਨ, ਸੋ ਭਵਿੱਖ ਦੇ ਸੰਘਰਸ਼ਾਂ ਵਿੱਚ ਇਹ ਅਮਲ ਬਣਿਆ ਰਹੇ ਇਸ ਲਈ ਇਸ ਤਰ੍ਹਾਂ ਦੇ ਸਮਾਜਿਕ ਢਾਂਚੇ ਉਸਾਰੇ ਜਾ ਸਕਦੇ ਹਨ ਜਿਹੜੇ ਆਪਣੇ ਪਿੰਡ ਪੱਧਰ ਤੋਂ ਲੈ ਕੇ ਹਰ ਤਰ੍ਹਾਂ ਦੇ ਮਸਲਿਆਂ ਵਿੱਚ ਸਾਂਝੀ ਰਾਏ ਬਣਾ ਕੇ ਫੈਸਲੇ ਲੈਣ ਅਤੇ ਆਗੂਆਂ ਨੂੰ ਉਹਨਾਂ ਫੈਸਲਿਆਂ ਲਈ ਸੰਘਰਸ਼ ਕਰਨ ਲਈ ਅੱਗੇ ਲਾ ਕੇ ਰੱਖਣ।

ਦਿੱਲੀ ਤਖ਼ਤ ਨੇ ਆਪਣਾ ਕੰਮ ਕਰਨਾ ਹੈ, ਕਰਦਾ ਰਹੇ … ਅਸੀਂ ਆਪਣਾ ਕਰੀਏ, ਕਰਦੇ ਰਹੀਏ।
ਗੁਰੂ ਭਲੀ ਕਰੇ।

3 1 vote
Article Rating
Subscribe
Notify of
0 ਟਿੱਪਣੀਆਂ
Oldest
Newest Most Voted
Inline Feedbacks
View all comments
0
Would love your thoughts, please comment.x
()
x