ਬਿਜਲ ਸੱਥ ਨੂੰ ਵਰਤਣ ਵਾਲੇ ਮੋਟੇ ਰੂਪ ਵਿੱਚ ਤਕਰੀਬਨ ਇਹ ਪੰਜ ਵੰਨਗੀਆਂ ਦੇ ਹੁੰਦੇ ਹਨ - ਵਿਦਵਾਨ, ਵਿਸ਼ਲੇਸ਼ਕ, ਵਿਆਖਿਆਕਾਰ, ਪ੍ਰਚਾਰਕ ਅਤੇ ਕਾਰਕੁੰਨ। ਆਪਾਂ ਸਾਰੇ ਇਹਨਾਂ ਵਿੱਚੋਂ ਹੀ ਕਿਸੇ ਨੇ ਕਿਸੇ ਵੰਨਗੀ ਚ ਆਉਂਦੇ ਹਾਂ, ਕੋਈ ਅਜਿਹਾ ਵੀ ਹੋਵੇਗਾ ਜਿਹੜਾ ਇਕ ਤੋਂ ਵੱਧ ਵੰਨਗੀ ਚ ਵੀ ਆਉਂਦਾ ਹੋਵੇ ਪਰ ਉਹ ਕੋਈ ਵਿਰਲਾ ਹੀ ਹੋਵੇਗਾ। ਵਿਦਵਾਨ ਕਿਸੇ ਵਰਤਾਰੇ ਨੂੰ ਵੇਖ ਸਮਝ ਕੇ ਓਹਨੂੰ ਸੂਤਰਬੱਧ ਕਰਦਾ ਹੈ। ਵਿਸ਼ਲੇਸ਼ਕ ਕੁਝ ਘਟਨਾਵਾਂ ਨੂੰ ਜੋੜ ਕੇ ਸਿਧਾਂਤ ਨਾਲ ਤੁਲਨਾ ਕਰ ਕੇ ਕੋਈ ਸਿੱਟਾ ਕੱਢਦਾ ਹੈ। ਵਿਆਖਿਆਕਾਰ ਇਹਨਾਂ ਸਿੱਟਿਆਂ ਅਤੇ ਸੂਤਰਬੱਧ ਕੀਤੇ ਵਰਤਾਰੇ ਦੀ ਸਰਲ ਵਿਆਖਿਆ ਕਰਦਾ ਹੈ। ਪ੍ਰਚਾਰਕ ਬਹੁਤ ਸਾਰੀਆਂ ਚੁਣੌਤੀਆਂ ਅਤੇ ਸਮੱਸਿਆਵਾਂ ਦਾ ਪ੍ਰਚਾਰ ਕਰਦਾ ਹੈ ਅਤੇ ਸਮਾਜ ਨੂੰ ਹਾਂ ਪੱਖੀ ਪ੍ਰਚਾਰ ਨਾਲ ਚੜ੍ਹਦੀਕਲਾ ਚ ਰਹਿਣ ਦਾ ਸੁਨੇਹਾ ਵੀ ਦਿੰਦਾ ਹੈ। ਕਾਰਕੁੰਨ ਪ੍ਰਚਾਰੀਆਂ ਗਈਆਂ ਸਮੱਸਿਆਵਾਂ ਨੂੰ ਧਿਆਨ ਚ ਰੱਖ ਕੇ ਓਹਨਾ ਨੂੰ ਹੱਲ ਕਰਨ ਲਈ ਸਰਗਰਮੀ ਕਰਦਾ ਹੈ। ਓਹਦੇ ਕੋਲ ਇਸ ਕਾਰਜ ਦੀ ਜੁਗਤ ਵੀ ਹੁੰਦੀ ਅਤੇ ਸਮਰੱਥਾ ਵੀ। ਬਿਜਲ ਸੱਥ ਦੀ ਸਭ ਤੋਂ ਜਿਆਦਾ ਵਰਤੋਂ ਵੀ ਤਕਰੀਬਨ ਕਾਰਕੁੰਨ ਵਰਗ ਹੀ ਕਰਦਾ ਹੈ।