“ਪੁਸਤਕ ਪੜਚੋਲ: “ਖਾੜਕੂ ਸੰਘਰਸ਼ ਦੀ ਸਾਖੀ ੨”

“ਪੁਸਤਕ ਪੜਚੋਲ: “ਖਾੜਕੂ ਸੰਘਰਸ਼ ਦੀ ਸਾਖੀ ੨”

ਦਿੱਲੀ ਦੇ ਬਿਪਰ ਤਖਤ ਵੱਲੋਂ ਜੂਨ ੧੯੮੪ ਵਿੱਚ ਸ੍ਰੀ ਦਰਬਾਰ ਸਾਹਿਬ ਉੱਪਰ ਹਮਲਾ ਕਰਕੇ ਇਹ ਧਾਰਨਾ ਬਣਾ ਲਈ ਸੀ ਕਿ ਸ਼ਾਇਦ ਹੁਣ ਸਿੱਖ ਉੱਠ ਨਹੀ ਸਕਣਗੇ ਪਰ ਉਹ ਸਿੱਖ ਸਿਦਕ ਤੋਂ ਅਣਜਾਣ ਭੁੱਲ ਗਏ ਸਨ ਕਿ ਪੰਥ ਦੇ ਵਾਲੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਬਖ਼ਸ਼ੇ ਪੰਜ ਤੀਰਾਂ ਵਿੱਚੋਂ ਇੱਕ ਤੀਰ ਬਾਬਾ ਬੰਦਾ ਸਿੰਘ ਬਹਾਦਰ ਨੇ ਜਦ ਸਰਹਿੰਦ ਵੱਲ ਮਾਰਿਆ ਸੀ ਤਾਂ ਸਾਰੀ ਜੰਗ ਦਾ ਰੁਖ ਬਦਲ ਗਿਆ ਸੀ। ਇਹੀ ਤੀਰ ਜਦ ਸੰਤ ਜਰਨੈਲ ਸਿੰਘ ਜੀ ਵੱਲੋਂ ਦਿੱਲੀ ਤਖਤ ਵੱਲ ਛੱਡਿਆ ਗਿਆ ਤਾਂ ਉਸ ਸਾਰੇ ਖ਼ਿੱਤੇ ਵਿੱਚ ਵੱਡੀ ਹੱਲ ਚੱਲ ਹੋਣ ਲੱਗ ਪਈ ਸੀ।

ਸ੍ਰੀ ਦਰਬਾਰ ਸਾਹਿਬ ਉੱਪਰ ਹਮਲੇ ਅਤੇ ਸੰਤਾ ਦੀ ਸ਼ਹਾਦਤ ਨੇ ਦਿੱਲੀ ਤਖਤ ਖਿਲਾਫ ਜੰਗ ਦਾ ਬਿਗਲ ਵਜਾ ਦਿੱਤਾ।

ਜਿਹੜੇ ਪਾੜੇ ਹੱਥਾਂ ਵਿੱਚ ਦੁਨਿਆਵੀ ਕਿਤਾਬ ਲੈ ਕੇ ਘਰੋਂ ਡਿਗਰੀ ਲੈਣ ਗਏ ਸੀ ਉਨ੍ਹਾਂ ਦੇ ਹੱਥਾਂ ਵਿੱਚ ਧੁਰ ਕੀ ਬਾਣੀ ਦੇ ਗੁਟਕੇ ਅਤੇ ਸ੍ਰੀ ਹਰਿਗੋਬਿੰਦ ਸਾਹਿਬ ਜੀ ਵੱਲੋਂ ਬਖ਼ਸ਼ੇ ਸ਼ਸ਼ਤਰ ਆ ਗਏ ਅਤੇ ਉਹ ਪਾੜੇ ਜੰਗੀ ਸਿੰਘ ਹੋ ਨਿਬੜੇ।

ਧੌਂਸਾ ਵਜਿਆ ਕੂਚ ਦਾ ਹੁਕਮ ਹੋਇਆ,
ਚੜ੍ਹੇ ਸੂਰਮੇ ਸਿੰਘ ਦਲੇਰ ਮੀਆਂ।
ਚੜ੍ਹੇ ਪੁੱਤ ਸਰਦਾਰਾਂ ਦੇ ਛੈਲ ਬਾਂਕੇ,
ਜੈਸੇ ਬੇਲਿਓਂ ਨਿਕਲਦੇ ਸ਼ੇਰ ਮੀਆਂ॥

ਉਨ੍ਹਾਂ ਦੇ ਪੁਰਖਿਆਂ ਦਾ ਇਤਿਹਾਸ ਉਨ੍ਹਾਂ ਦੀ ਰਗਾਂ ਵਿੱਚੋਂ ਬੋਲ ਉਠਿਆ। ਉਹਨਾਂ ਆਪਣੇ ਪੁਰਖਿਆਂ ਦਾ ਗੌਰਵ ਮਈ ਇਤਿਹਾਸ ਇੱਕ ਵਾਰ ਫੇਰ ਦੁਹਰਾ ਦਿੱਤਾ।
ਖਾੜਕੂ ਸੰਘਰਸ਼ ਦੀ ਸਾਖੀ ੨ ਇਹਨਾਂ ਸੁਰ ਬੀਰ ਯੋਧਿਆਂ ਦੀ ਹੀ ਸਾਖੀ ਹੈ, ਜਿਨ੍ਹਾਂ ਕਦੀ ਮੁਗਲੀਆ ਹਕੂਮਤ ਦੀ ਜੜ੍ਹ ਪੱਟੀ ਸੀ, ਜਿਨ੍ਹਾਂ ਅਬਦਾਲੀ ਅਤੇ ਨਾਦਰ ਵਰਗੇ ਹਮਲਾਵਰਾਂ ਦਾ ਮੂੰਹ ਤੋੜ ਜਵਾਬ ਦੇ ਕੇ ਗੁਰੂਆਂ ਦੇ ਪੰਜਾਬ ਵਿੱਚ ਹਲੀਮੀ ਰਾਜ ਸਥਾਪਿਤ ਕੀਤਾ ਸੀ।

ਕਿਤਾਬ ਦੀਆਂ ਬਹੁਤੀਆਂ ਸਾਖੀਆਂ ੧੮ਵੀਂ ਸਦੀ ਦੇ ਸਿੰਘਾਂ ਦੀ ਹੀ ਯਾਦ ਚੇਤੇ ਕਰਵਾਉਂਦੀਆਂ ਹਨ। ਸਿੰਘਾਂ ਵੱਲੋਂ ਬੈਂਕ ਮਾਂਝੇ ਇਸ ਤਰ੍ਹਾਂ ਲਗਦੇ ਹਨ ਜਿਵੇਂ ਨਵਾਬ ਕਪੂਰ ਸਿੰਘ ਵੱਲੋਂ ਦਿੱਲੀ ਲਈ ਲਾਹੌਰ ਤੋਂ ਚੱਲਿਆ ਮਾਲਿਆ ਮਾਂਝ ਲਿਆ ਹੋਵੇ ਅਤੇ ਸਿੰਘਾਂ ਵੱਲੋਂ ਕਿਸੇ ਦੇ ਨਿੱਜੀ ਪੈਸੇ ਬੈਂਕ ਮਾਝੇ ਦੌਰਾਨ ਵਾਪਸ ਕਰਨੇ ਸੇਠ ਪ੍ਰਤਾਪ ਚੰਦ ਦਾ ਮਾਲ ਵਾਪਸ ਕਰਨ ਵਾਂਗ ਹੀ ਹੈ।

ਇਸ ਗੁਰੀਲਾ ਸੰਘਰਸ਼ ਵਿੱਚ ਠਾਹਰਾਂ ਵਾਲੇ ਸਿੰਘ /ਸਿੰਘਣੀਆਂ ਨੇ ਵੀ ਸ਼ਹੀਦ ਭਾਈ ਤਾਰੂ ਸਿੰਘ ਜੀ ਦੇ ਸੱਚੇ ਵਾਰਸ ਹੋਣ ਦਾ ਸਬੂਤ ਦਿੱਤਾ। ਉਨ੍ਹਾਂ ਆਪਣੇ ‘ਤੇ ਹਰ ਦੁੱਖ ਤਕਲੀਫ਼ ਝੱਲ ਕੇ ਸਿੰਘਾਂ ਦੀ ਹਰ ਬਣਦੀ ਮਦਦ ਕੀਤੀ।

“ ਆਪ ਸਹੈ ਵਹ ਨੰਗ ਅਰ ਭੁੱਖ।
ਦੇਖ ਸਕੈਂ ਨਹਿ ਸਿੰਘਨ ਦੁੱਖ॥ ( ਪ੍ਰਾਚੀਨ ਪੰਥ ਪ੍ਰਕਾਸ਼ )

ਸ੍ਰੀ ਦਰਬਾਰ ਸਾਹਿਬ ਉੱਪਰ ਹਮਲੇ ਅਤੇ ਸਿੱਖਾਂ ‘ਤੇ ਤਸ਼ਦੱਦ ਕਰਨ ਵਾਲੇ ਰਾਜੀਵ ਗਾਂਧੀ, ਕੁਲਦੀਪ ਬਰਾੜ, ਕੇ.ਪੀ.ਐਸ ਗਿੱਲ, ਰਿਬੈਰੋ ਤੋਂ ਲੈ ਕੇ ਹਰ ਮੁਲਾਜ਼ਮ ਜੋ ਸਿੱਖਾਂ ਦੇ ਕਤਲੇਆਮ ਦੇ ਦੋਸ਼ੀ ਸਨ ਉਨ੍ਹਾਂ ਦਾ ਸਿੰਘਾਂ ਨੇ ਪਤਾ ਲਿਆ ਅਤੇ ਉਨ੍ਹਾਂ ਨੂੰ ਸਿੱਖ ਰਵਾਇਤਾਂ ਅਨੁਸਾਰ ਸਜ਼ਾਵਾਂ ਦਿੱਤੀਆਂ ਜਾਂ ਸਜ਼ਾਵਾਂ ਦੇਣ ਦੇ ਯਤਨ ਕੀਤੇ। ਕਦੇ ਕਦੇ ਤੇ ਇਕੱਲਾ ਸਿੰਘ ਹੀ ਭਾਈ ਹਾਠੂ ਸਿੰਘ ਬਣ ਕੇ ਜਰਵਾਣੇ ਤੇ ਧਾਵਾ ਬੋਲ ਦਿੰਦਾ ਸੀ।

ਕਿਤਾਬ ਵਿੱਚ ਵੱਖ ਵੱਖ ਸਿੱਖ ਜੁਝਾਰੂ ਜਥੇਬੰਦੀਆਂ ਦਾ ਆਪਸੀ ਪ੍ਰੇਮ ਅਤੇ ਮੱਤ ਭੇਦ ਬਿਲਕੁਲ ਸਿੱਖ ਮਿਸਲਾਂ ਵਰਗਾ ਹੈ, ਉਹ ਕਦੇ ਕਦੇ ਇੱਕ ਦੂਜੇ ਨਾਲ ਗ਼ੁੱਸੇ ਵੀ ਹੋ ਜਾਂਦੇ ਪਰ ਰਣ ਤੱਤੇ ਵਿਚ ਫੇਰ ਜਾਲਮ ਖਿਲਾਫ ਇਕੱਠੇ ਹੋ ਜਾਂਦੇ।

ਇਸ ਜੰਗ ਵਿੱਚ ਵੀ ੧੮ਵੀ ਸਦੀ ਵਾਂਗ ਸਿੰਘਾਂ ਕੋਲ ਸ਼ਸਤਰ ਅਤੇ ਬਾਕੀ ਸਾਧਨਾਂ ਦੀ ਹਮੇਸ਼ਾ ਕਮੀ ਹੀ ਰਹੀ, ਪਰ ਫੇਰ ਵੀ ਹਕੂਮਤ ਨੂੰ ਏਨੀ ਵੱਡੀ ਟੱਕਰ ਦੇਣੀ ਅਤੇ ਸਰਕਾਰ ਵੱਲੋਂ ਵਿਛਾਏ ਜਾਲ ਵਿੱਚੋਂ ਸਿੰਘਾਂ ਦਾ ਬਾਰ ਬਾਰ ਨਿਕਲ ਜਾਣਾ ਇਹ ਗੁਰੂ ਸਾਹਿਬ ਦੀ ਬਖ਼ਸ਼ੀਸ਼ ਅਤੇ ਸ਼ਹੀਦੀ ਪਹਿਰੇ ਸਦਕਾ ਹੀ ਹੋ ਸਕਿਆ ਹੈ। ਕਿਤਾਬ ਵਿੱਚ ਬਾਬਾ ਸੁੱਖਾ ਸਿੰਘ-ਮਹਿਤਾਬ ਸਿੰਘ ਅਤੇ ਬਾਬਾ ਗਰਜਾ ਸਿੰਘ-ਬਾਬਾ ਬੋਤਾ ਸਿੰਘ ਦੀ ਜੋੜੀ ਦੇ ਅਨੇਕਾਂ ਵਾਰ ਦਰਸ਼ਨ ਹੁੰਦੇ ਹਨ ਕਦੇ ਭਾਈ ਜਿੰਦਾ-ਸੁੱਖਾ ਜੀ ਦੇ ਰੂਪ ਵਿੱਚ ਤੇ ਕਦੇ ਚਰਨਜੀਤ ਸਿੰਘ ਚੰਨਾ ਅਤੇ ਬਲਵਿੰਦਰ ਸਿੰਘ ਜਟਾਣਾ ਦੇ ਰੂਪ ਵਿੱਚ, ਕਦੇ ਭਾਈ ਦਿਲਾਵਰ ਸਿੰਘ ਅਤੇ ਭਾਈ ਬਲਵੰਤ ਸਿੰਘ ਦੇ ਰੂਪ ਵਿੱਚ ਤੇ ਕਦੇ ਭਾਈ ਅਨੋਖ ਸਿੰਘ ਬੱਬਰ ਅਤੇ ਭਾਈ ਸੁਲੱਖਣ ਸਿੰਘ ਬੱਬਰ ਦੇ ਰੂਪ ਵਿੱਚ।

ਕਿਤਾਬ ਦੀਆਂ ਅਖੀਰ ਵਾਲੀਆਂ ਸਾਖੀਆਂ ਵਿਚ ਵਰਣਨ ਕੀਤਾ ਸਿੰਘਾਂ ਦੀਆਂ ਸ਼ਹਾਦਤਾਂ ਦਾ ਜ਼ਿਕਰ ਪਾਠਕਾਂ ਨੂੰ ਇਸ ਸੰਘਰਸ਼ ਦੇ ਸਿਖਰ ਦੇ ਦਰਸ਼ਨ ਕਰਵਾ ਦਿੰਦਾ ਹੈ ਅਤੇ ਨਾਲ ਹੀ ਇੱਕ ਪੁਲਿਸ ਵਾਲੇ ਵੱਲੋਂ ਭਾਈ ਦਲਜੀਤ ਸਿੰਘ ਹੋਣਾ ਦੀ ਪੁੱਛ ਪੜਤਾਲ ਕਰਨ ਵੇਲੇ ਅੱਜ ਦੀ ਪੀੜੀ ਬਾਰੇ ਟਿੱਪਣੀ ਕਰਨਾ ਸਾਨੂੰ ਸੋਚਣ ਤੇ ਮਜਬੂਰ ਕਰਦਾ ਹੈ ਕਿ ਦਰਬਾਰ ਸਾਹਿਬ ਦੇ ਹਮਲੇ ਤੋ ਚਾਰ ਦਹਾਕਿਆਂ ਬਾਅਦ ਅਸੀਂ ਕਿੱਥੇ ਖੜੇ ਹਾਂ !

ਇਹ ਕਿਤਾਬ ਆਮ ਕਿਤਾਬਾਂ ਨਾਲ਼ੋਂ ਬਹੁਤ ਵੱਖਰੀ ਹੈ ਕਿਉਂਕਿ ਲਿਖਾਰੀ ਇਸ ਗੌਰਵ ਮਈ ਇਤਿਹਾਸ ਸਿਰਜਣ ਵਿੱਚ ਆਪ ਸ਼ਾਮਲ ਸੀ ਅਤੇ ਹੁਣ ਗੁਰੂ ਸਾਹਿਬ ਨੇ ਉਨ੍ਹਾਂ ਤੋ ਦੋਹਰੀ ਸੇਵਾ ਲੈੰਦੇ ਹੋਏ ਇਤਿਹਾਸ ਲਿਖਵਾ ਵੀ ਆਪ ਲਿਆ ਹੈ।

ਗੁਰੂ ਸਾਹਿਬ ਪੰਥਕ ਆਗੂ ਭਾਈ ਦਲਜੀਤ ਸਿੰਘ ਬਿਟੂ ਨੂੰ ਚੜਦੀ ਕਲਾ ਵਿੱਚ ਰੱਖਣ।

5 1 vote
Article Rating
Subscribe
Notify of
0 ਟਿੱਪਣੀਆਂ
Inline Feedbacks
View all comments
0
Would love your thoughts, please comment.x
()
x