ਕਿਤਾਬ ਪੜਚੋਲ – ਸਿੱਖ ਨਸਲਕੁਸ਼ੀ ਦਾ ਖੁਰਾਖੋਜ ਭਾਗ ੨

ਕਿਤਾਬ ਪੜਚੋਲ – ਸਿੱਖ ਨਸਲਕੁਸ਼ੀ ਦਾ ਖੁਰਾਖੋਜ ਭਾਗ ੨

ਵਰ੍ਹਾ ੧੯੮੪ ਸਿੱਖ ਮਾਨਸਿਕਤਾ ਵਿੱਚ ਬਹੁਤ ਹੀ ਵੱਡੀਆਂ ਯਾਦਾਂ ਸਮਾਈ ਬੈਠਾ ਹੈ। ਕੋਈ ਆਮ ਗੱਲ ਬਾਤ ਵਿੱਚ ੧੯੮੪ ਕਹਿ ਦੇਵੇ ਤੇ ਸਾਡੀ ਸੁਰਤ ਇਕਦਮ ਜੂਨ ਅਤੇ ਨਵੰਬਰ ਵੱਲ ਹੋ ਤੁਰਦੀ ਹੈ। ਕਿਉਂਕਿ ਜੂਨ ੧੯੮੪ ਵਿੱਚ ਸ਼੍ਰੀ ਦਰਬਾਰ ਸਾਹਿਬ ਤੇ ਹਮਲੇ ਅਤੇ ਨਵੰਬਰ ੧੯੮੪ ਵਿੱਚ ਭਾਰਤ ਭਰ ਵਿੱਚ ਹੋਈ ਸਿੱਖਾਂ ਦੀ ਨਸਲਕੁਸ਼ੀ ਨੂੰ ਜੋੜ ਕੇ ਹੀ ਇਹ ਤੀਜਾ ਘੱਲੂਘਾਰਾ ਬਣਦਾ ਹੈ ਅਤੇ ਇਹਨਾਂ ਘਟਨਾਵਾਂ ਪਿੱਛੇ ਇੱਕੋ ਬਿੱਪਰਵਾਦੀ ਸੋਚ ਨੇ ਕੰਮ ਕੀਤਾ ਹੈ।

ਜਿੱਥੇ ਬਿੱਪਰ ਨੇ ਵਿਆਪਕ ਪੱਧਰ ‘ਤੇ ਇਹ ਹਮਲੇ ਕੀਤੇ ਉਥੇ ਹੀ ਉਸ ਨੇ ਇਹਨਾਂ ਦੋਹਾਂ ਘਟਨਾਵਾਂ ਨੂੰ ਆਪਣੇ ਸ਼ਬਦਾਂ ਵਿੱਚ ਪੇਸ਼ ਵੀ ਕੀਤਾ ਤਾਂ ਕਿ ਸਮਾਜ ਵਿੱਚ ਉਹ ਇਹਨਾਂ ਘਟਨਾਵਾਂ ਤੋ ਬਰੀ ਹੋ ਸਕੇ ਅਤੇ ਭਵਿੱਖ ਵਿੱਚ ਐਸੇ ਵਰਤਾਰਿਆਂ ਨੂੰ ਫੇਰ ਜਨਮ ਦੇ ਸਕੇ।

ਜਿੱਥੇ ਬਿੱਪਰ ਵੱਲੋਂ ਦਰਬਾਰ ਸਾਹਿਬ ਅਤੇ ੭੫ ਹੋਰ ਗੁਰੂ ਘਰਾਂ ਉੱਪਰ ਕੀਤੇ ਹਮਲੇ Operation Blue Star ਦਾ ਨਾਮ ਦਿੱਤਾ ਉਥੇ ਹੀ ਨਵੰਬਰ ੧੯੮੪ ਵਿੱਚ ਭਾਰਤ ਭਰ ਵਿੱਚ ਹੋਈ ਸਿੱਖਾਂ ਦੀ ਨਸਲਕੁਸ਼ੀ ਨੂੰ “ਦਿੱਲੀ ਸਿੱਖ ਦੰਗੇ” ਕਹਿ ਕੇ ਪ੍ਰਚਾਰਿਆ। ਕੁਝ ਸਾਲਾਂ ਬਾਅਦ “ ਦਿੱਲੀ” ਸ਼ਬਦ ਵੀ ਹਟਾ ਦਿੱਤਾ ਅਤੇ ਸਿੱਖ ਨਸਲਕੁਸ਼ੀ ਨੂੰ “ਸਿੱਖ ਦੰਗੇ” ਕਹਿ ਕੇ ਸੰਬੋਧਨ ਕਰਨਾ ਸ਼ੁਰੂ ਕਰ ਦਿੱਤਾ ਜਿਸ ਤੋਂ ਅਣਜਾਣ ਮਨੁੱਖ ਨੂੰ ਇੰਝ ਲੱਗੇ ਕਿ ਸ਼ਾਇਦ ਇਹ ਸਿੱਖਾਂ ਵੱਲੋਂ ਕੀਤੇ ਗਏ ਦੰਗੇ ਸਨ।

ਜਿੱਥੇ ਦਿੱਲੀ ਤਖਤ ਵੱਲੋਂ ਸਿੱਖ ਨਸਲਕੁਸ਼ੀ ਨੂੰ ਆਪਣੇ ਸ਼ਬਦਾਂ ਵਿੱਚ ਪੇਸ਼ ਕੀਤਾ ਗਿਆ ਉੱਥੇ ਹੀ ਗੁਰੂ ਸਾਹਿਬ ਦੀ ਕਿਰਪਾ ਨਾਲ ਸਿੱਖ ਇਤਿਹਾਸ ਦੇ ਖੋਜੀਆਂ ਵੱਲੋਂ ਇਸ ਨਸਲਕੁਸ਼ੀ ਦੀਆਂ ਪੈੜਾਂ ਲੱਭ ਕੇ ਸੱਚ ਦੀ ਕਲਮ ਨਾਲ ਸਾਰੇ ਵਰਤਾਰੇ ਨੂੰ ਦੁਨੀਆ ਅੱਗੇ ਰੱਖਿਆ ਗਿਆ।

ਐਸੇ ਹੀ ਇਕ ਖੋਜੀ ਭਾਈ ਗੁਰਜੰਟ ਸਿੰਘ ਬੱਲ ਵੱਲੋਂ ਸਿੱਖ ਨਸਲਕੁਸ਼ੀ ਦੀ ਪੈੜ ਦੱਬਦੇ ਹੋਏ ਭਾਰਤ ਭਰ ਵਿੱਚ ਹੋਈ ਸਿੱਖ ਨਸਲਕੁਸ਼ੀ ਉੱਪਰ ਖੋਜ ਕਰਦੇ ਹੋਏ ਹਰ ਉਸ ਥਾਂ ‘ਤੇ ਜਾ ਕੇ ਗਵਾਹਾਂ ਨਾਲ ਗੱਲ ਬਾਤ ਕੀਤੀ ਗਈ ਜਿਨ੍ਹਾਂ ਨੇ ਇਸ ਨਸਲਕੁਸ਼ੀ ਨੂੰ ਅੱਖੀਂ ਵੇਖਿਆ ਅਤੇ ਆਪਣੇ ਪਿੰਡੇ ‘ਤੇ ਹੰਢਾਇਆ ਹੈ ਅਤੇ ਹੰਢਾ ਰਹੇ ਹਨ।

ਸਰਦਾਰ ਗੁਰਜੰਟ ਸਿੰਘ ਬੱਲ ਹੋਣਾ ਦੀ ਇਸ ਖੋਜ ਕਾਰਜ ਉੱਪਰ ਦੂਸਰੀ ਕਿਤਾਬ “ਸਿੱਖ ਨਸਲਕੁਸ਼ੀ ਦਾ ਖੁਰਾ-ਖੋਜ ( ਭਾਗ ੨)” ਹੈ, ਕਿਉੰਕਿ ਇਸ ਖੋਜ ਕਾਰਜ ਦਾ ਭਾਗ ਪਹਿਲਾ ੨ ਸਾਲ ਪਹਿਲਾਂ ਛਪ ਕੇ ਆ ਗਿਆ ਸੀ।

ਹੁਣ ਤੱਕ ਭਾਰਤ ਭਰ ਵਿੱਚ ਹੋਈ ਸਿੱਖ ਨਸਲਕੁਸ਼ੀ ਨੂੰ ਦਿੱਲੀ ਤੀਕ ਸੀਮਤ ਕਰ ਕੇ ਦੇਖਿਆ ਜਾਂਦਾ ਰਿਹਾ ਹੈ ਕਿਉਂਕਿ ਵਾਰਤਾ ਨਿਜ਼ਾਮ ਨੇ ਆਪਣੇ ਹਰ ਸਾਧਨ ਰਾਹੀਂ ਇਸ ਘਟਨਾ ਨੂੰ “ਦਿੱਲੀ ਦੰਗੇ” ਵੱਡੇ ਪੱਧਰ ਤੇ ਸਾਲਾਂਬੱਧੀ ਪ੍ਰਚਾਰਿਆ ਹੈ, ਪਰ ਸਰਦਾਰ ਗੁਰਜੰਟ ਸਿੰਘ ਹੋਣਾ ਦੇ ਇਸ ਖੋਜ ਕਾਰਜ ਨੇ “ਦਿੱਲੀ” ਵਾਲੇ ਭਾਰਤੀ ਬ੍ਰਿਤਾਂਤ ਨੂੰ ਬੌਣਾ ਹੀ ਨਹੀ ਸਗੋਂ ਝੂਠਾ ਵੀ ਸਾਬਤ ਕਰ ਦਿੱਤਾ ਹੈ। ਇਹ ਗੱਲ ਆਪਣੇ ਆਪ ਵਿੱਚ ਸਾਬਤ ਕਰ ਦਿੰਦੀ ਹੈ ਕਿ ਸ਼ਬਦ ਦੇ ਅਸਲ ਵਾਰਸ ਸਿੱਖ ਹੀ ਹਨ। ਇਸ ਵਰਤਾਰੇ ਨੂੰ ਦੰਗਿਆਂ ਦੇ ਬਿਰਤਾਂਤ ਤੋਂ ਨਸਲਕੁਸ਼ੀ ਤੱਕ ਦੇ ਬਿਰਤਾਂਤ ਤੱਕ ਲੈ ਕੇ ਆਉਣਾ ਕੋਈ ਸੌਖਾ ਕਾਰਜ ਤੇ ਨਹੀਂ ਸੀ ਪਰ ਭਾਈ ਗੁਰਜੰਟ ਸਿੰਘ ਹੋਣਾ ‘ਤੇ ਮਹਾਰਾਜ ਨੇ ਆਪ ਕਿਰਪਾ ਕਰ ਕੇ ਇਹ ਕਾਰਜ ਕਰਵਾਇਆ ਹੈ।

ਇਸ ਕਿਤਾਬ ਦੇ ਮੂਲ ਰੂਪ ਵਿੱਚ ੬ ਭਾਗ ਹਨ। ਪਹਿਲੇ ਪੰਜ ਭਾਗਾਂ ਵਿੱਚ ਭਾਰਤ ਦੇ ਪੰਜ ਸੂਬਿਆਂ (ਬਿਹਾਰ, ਪੱਛਮ ਬੰਗਾਲ, ਝਾਰਖੰਡ, ਮਣੀਪੁਰ, ਆਸਾਮ) ਬਾਰੇ ਜਾਣਕਾਰੀ ਹੈ ਜਿਨ੍ਹਾਂ ਵਿੱਚ ਸਿੱਖ ਨਸਲਕੁਸ਼ੀ ਦੀਆਂ ਘਟਨਾਵਾਂ ਵਾਪਰੀਆਂ ਅਤੇ ਛੇਵੇਂ ਭਾਗ ਵਿੱਚ ਸਿੱਖ ਨਸਲਕੁਸ਼ੀ ਨਾਲ ਸਬੰਧੀ ਦਸਤਾਵੇਜ਼ ਹਨ, ਜਿਨ੍ਹਾਂ ਵਿੱਚ ਉਸ ਸਮੇਂ ਪੁਲਿਸ ਨੂੰ ਲਿਖਾਈ ਰਿਪੋਰਟ ਦੀ ਕਾਪੀ, ਪ੍ਰਸ਼ਾਸਨ ਨੂੰ ਲਿਖੀਆਂ ਚਿੱਠੀਆਂ , ਸਵੈ ਘੋਸ਼ਣਾ ਪੱਤਰ, ਨੁਕਸਾਨ ਬਾਰੇ ਵੇਰਵੇ, ਜ਼ਖਮੀ ਹੋਏ ਸਿੱਖਾਂ ਦੀਆਂ ਸੂਚੀਆਂ ਦਿੱਤੀਆਂ ਹੋਈਆਂ ਹਨ।

ਭਾਵੇਂ ਇਸ ਕਿਤਾਬ ਦੇ ਮੂਲ ਰੂਪ ਵਿੱਚ ਸਿੱਖ ਨਸਲਕੁਸ਼ੀ ਦੀ ਜਾਣਕਾਰੀ ਸੰਬੰਧੀ ੬ ਭਾਗ ਹਨ ਪਰ ਕਿਤਾਬ ਦਾ ਮੁਖਬੰਦ ਆਪਣੇ ਆਪ ਵਿੱਚ ਇੱਕ ਅਹਿਮ ਭਾਗ ਹੈ ਜਿਸ ਵਿੱਚ ਡਾ. ਸਿਕੰਦਰ ਸਿੰਘ ਹੋਣਾ ਨੇ ਬਹੁਤ ਹੀ ਬਾ-ਕਮਾਲ ਤਰੀਕੇ ਨਾਲ ਖੋਜ ਕਾਰਜਾਂ ਪ੍ਰਤੀ ਅਹਿਮ ਜਾਣਕਾਰੀ ਸਾਂਝੀ ਕਰਦਿਆਂ ਲਿਖਿਆ ਹੈ ਕਿ ਨਸਲਕੁਸ਼ੀ ਕਰਨ ਵਾਲੀ ਧਿਰ ਜਾਂ ਸਰਕਾਰ ਵੱਲੋਂ ਅੰਕੜੇ ਕਿਵੇਂ ਅਤੇ ਕਿਓ ਤੋੜ-ਮਰੋੜ ਕੇ ਪੇਸ਼ ਕੀਤੇ ਜਾਂਦੇ ਹਨ, ਅੰਕੜਿਆਂ ਨੂੰ ਸਰਕਾਰਾਂ ਕਿਵੇਂ ਆਪਣੇ ਪੱਖ ਵਿੱਚ ਵਰਤਦੀਆਂ ਹਨ ਅਤੇ ਸਾਨੂੰ ਆਪਣੇ ਇਨ੍ਹਾਂ ਘਟਨਾਵਾਂ ਪ੍ਰਤੀ ਸਹੀ ਅੰਕੜੇ ਲੱਭਣੇ ਕਿਉਂ ਜ਼ਰੂਰੀ ਹਨ।

ਕਿਤਾਬ ਦੇ ਪਹਿਲੇ ੫ ਭਾਗਾਂ ਵਿੱਚ ਜਿਨ੍ਹਾਂ ਰਾਜਾਂ ਦਾ ਵੇਰਵਾ ਹੈ ਉਨ੍ਹਾਂ ਸਭ ਥਾਵਾਂ ‘ਤੇ ਸਿੱਖਾਂ ਨੂੰ ਇੱਕੋ ਜੇਹੇ ਤਰੀਕੇ ਨਾਲ ਨਿਸ਼ਾਨਾ ਬਣਾਇਆ ਗਿਆ। ਪਹਿਲਾਂ ਗੁਰੂ ਘਰਾਂ ‘ਤੇ ਹਮਲਾ, ਫੇਰ ਸਿੱਖਾਂ ਦੇ ਵਪਾਰਾਂ ‘ਤੇ ਹਮਲੇ ਅਤੇ ਫਿਰ ਸਿੱਖਾਂ ਨੂੰ ਕਤਲ ਕੀਤਾ ਗਿਆ ਪਰ ਦੂਜੇ ਪਾਸੇ ਸਿੱਖ ਨਸਲਕੁਸ਼ੀ ਤੋਂ ਬਚਣ ਲਈ ਸਿੱਖਾਂ ਨੇ ਚੜ੍ਹ ਕੇ ਆਏ ਹਮਲਾਵਰਾਂ ਦਾ ਮੁਕਾਬਲਾ ਕਰਨ ਜਾਂ ਮੁਕਾਬਲਾ ਕਰਨ ਲਈ ਤਿਆਰ-ਬਰ-ਤਿਆਰ ਰਹਿਣ ਦਾ ਜ਼ਿਕਰ ਵੀ ਬਹੁਤ ਵਾਰ ਮਿਲਦਾ ਹੈ। ਇਹਨਾਂ ਸਾਖੀਆਂ ਤੋਂ ਸਾਨੂੰ ਇਹ ਵੀ ਇਸ਼ਾਰਾ ਮਿਲਦਾ ਹੈ ਕਿ ਭਵਿੱਖ ਵਿੱਚ ਜੇ ਐਸੇ ਹਾਲਾਤ ਫੇਰ ਬਣਦੇ ਹਨ ਤਾਂ ਸਾਡਾ ਬਚਾਅ ਕਿਵੇਂ ਹੋ ਸਕਦਾ ਹੈ।

ਕਿਤਾਬ ਇਸ ਗੱਲ ‘ਤੇ ਵੀ ਚਾਨਣਾ ਪਾਉਂਦੀ ਹੈ ਕਿ ਪੰਜਾਬ ਤੋਂ ਬਾਹਰ ਵੱਸ ਰਹੇ ਸਿੱਖਾਂ ਦਾ ਵੱਖ-ਵੱਖ ਸੂਬਿਆਂ ਵਿੱਚ ਜਾਣਾ ਕਿਵੇਂ ਹੋਇਆ। ਕੁਝ ਥਾਵਾਂ ‘ਤੇ ਸਿੱਖ ਗੁਰੂ ਨਾਨਕ ਸਾਹਿਬ ਜੀ ਦੇ ਸਮੇਂ ਤੋ ਹੀ ਵੱਸ ਰਹੇ ਸਨ ਅਤੇ ਕੁਝ ਪਰਵਾਸ ਸਿੱਖ ਰਾਜ ਜਾਣ ਤੋਂ ਬਾਅਦ ਅੰਗਰੇਜ਼ ਰਾਜ ਸਮੇਂ ਹੋਇਆ ਪਰ ਜਿਆਦਾ ਸਿੱਖ ਉਹ ਸਨ ਜੋ ੧੯੪੭ ਵਿੱਚ ਪੰਜਾਬ ਦੀ ਵੰਡ ਵੇਲੇ ਇਨ੍ਹਾਂ ਸੂਬਿਆਂ ਵਿੱਚ ਆ ਕੇ ਵੱਸੇ ਸਨ। ਕਿਤਾਬ ਵਿੱਚ ਕੁਝ ਸਾਖੀਆਂ ਇਹ ਵੀ ਸਾਬਤ ਕਰਦੀਆਂ ਹਨ ਕਿ ੪੭ ਦੇ ਉਜਾੜੇ ਤੋਂ ਬਾਅਦ ਸਿੱਖਾਂ ਨੇ ਆਪਣੇ ਕਿਰਦਾਰ ਕਰ ਕੇ ਆਪਣੀ ਸਮਰੱਥਾ ਕਿਸ ਹੱਦ ਤੱਕ ਬਣਾ ਲਈ ਸੀ, ਜਿਵੇਂ ਪੱਛਮ ਬੰਗਾਲ ਦੇ ਸ਼ਹਿਰ ਕਲਕੱਤਾ ਵਿੱਚ ਸਿੱਖ ਸੰਗਤ ਵੱਲੋਂ ੮ ਜੂਨ ੧੯੮੪ ਨੂੰ ਰੋਸ ਮਾਰਚ ਕੱਢਣਾ ਅਤੇ ਸਰਕਾਰ ਵੱਲੋਂ ਦਫ਼ਾ ੧੪੪ ਹਟਾ ਦੇਣੀ ਫੇਰ ਅਗਲੇ ਦਿਨ ੯ ਜੂਨ ਨੂੰ ਧਰਮਾਤਲਾ ਚੌਂਕ ਵਿੱਚ ਮੰਚ ਬਣਾ ਕੇ ਸੰਤ ਜਰਨੈਲ ਸਿੰਘ ਜੀ, ਭਾਈ ਅਮਰੀਕ ਸਿੰਘ ਜੀ, ਜਰਨਲ ਸ਼ੁਬੇਗ ਸਿੰਘ ਜੀ ਅਤੇ ਹੋਰ ਸ਼ਹੀਦਾਂ ਦੀਆਂ ਤਸਵੀਰਾਂ ਲਾ ਕੇ ਪੱਕਾ ਮੋਰਚਾ ਲਾ ਦਿੱਤਾ ਜਿਸ ਵਿੱਚ ਗੈਰ ਸਿੱਖਾਂ ਦੀ ਵੀ ਹਮਾਇਤ ਹਾਸਲ ਹੋਈ।

ਪੱਛਮੀ ਬੰਗਾਲ ਦੇ ਸ਼ਹਿਰ ਦੁਰਗਾਪੁਰ ਵਿੱਚ ਗੁਰੂ ਘਰ ਵੱਲ ਚੜ ਕੇ ਆਏ ਹਮਲਾਵਰਾਂ ‘ਤੇ ਦੇਸੀ ਬੰਬ ਚਲਾ ਦੇਣ ਦੀ ਸਾਖੀ ਸਿੱਖਾਂ ਦੀ ਤਿਆਰੀ ਅਤੇ ਸੂਰਮਗਤੀ ਦਾ ਪ੍ਰਗਟਾਵਾ ਕਰਦੀ ਹੈ।

ਇਹ ਕਿਤਾਬ ਵਾਰ-ਵਾਰ ਸਾਨੂੰ ਤਿਆਰ-ਬਰ-ਤਿਆਰ ਰਹਿਣ ਦੀ ਨੀਤੀ ਯਾਦ ਕਰਵਾਉਂਦੀ ਹੈ। ਬਿਹਾਰ ਹੋਵੇ ਭਾਵੇਂ ਬੰਗਾਲ ਜਾਂ ਫਿਰ ਕੋਈ ਹੋਰ ਸੂਬਾ ਹੋਏ, ਜਿੱਥੇ ਵੀ ਸਿੱਖ ਜੱਥੇਬੰਦਕ ਸਨ, ਹਮਲਿਆਂ ਦਾ ਮੁਕਾਬਲਾ ਕਰਨ ਲਈ ਤਿਆਰ ਸਨ ਅਤੇ ਪ੍ਰਸ਼ਾਸਨ ਤੇ ਨਿਰਭਰ ਨਹੀਂ ਸਨ, ਉਹਨਾਂ ਥਾਂਵਾਂ ‘ਤੇ ਸਿੱਖਾਂ ਦੀ ਨਸਲਕੁਸ਼ੀ ਨਹੀ ਹੋਈ ਜਾਂ ਬਹੁਤ ਨੁਕਸਾਨ ਤੋਂ ਸਿੱਖ ਬਚ ਗਏ। ਨਾਲ ਹੀ ਕਿਤਾਬ ਇਹ ਵੀ ਦੱਸਦੀ ਹੈ ਕਿ ਜਿੱਥੇ ਸਿੱਖਾਂ ਦੀ ਕੋਈ ਤਿਆਰੀ ਨਹੀ ਸੀ ਉੱਥੇ ਵੱਡੇ ਜਾਨੀ ਮਾਲੀ ਨੁਕਸਾਨ ਵੀ ਝੱਲਣੇ ਪਏ।

ਕਿਤਾਬ ਵਿੱਚ ਵਿਸ਼ੇਸ਼ ਤੌਰ ‘ਤੇ ੫ ਸੂਬਿਆਂ ਦੀ ਭੂਗੋਲਿਕ ਜਾਣਕਾਰੀ, ਸਥਾਨਕ ਲੋਕਾਂ ਵੱਲੋਂ ਬੋਲੀ ਜਾਂਦੀ ਭਾਸ਼ਾ ਬਾਰੇ ਜਾਣਕਾਰੀ ਅਤੇ ਹਰ ਸ਼ਹਿਰ ਵਿੱਚ ਜਿੱਥੇ ਜਿੱਥੇ ਨਸਲਕੁਸ਼ੀ ਦੀਆਂ ਘਟਨਾਵਾਂ ਵਾਪਰੀਆਂ ਉੱਥੇ ਸਿੱਖਾਂ ਦੀ ਅਬਾਦੀ ੧੯੮੪ ਵਿੱਚ ਕਿੰਨੀ ਸੀ ਅਤੇ ਹੁਣ ਉੱਥੇ ਕਿੰਨੇ ਸਿੱਖ ਵੱਸਦੇ ਹਨ ਦਾ ਜ਼ਿਕਰ ਕੀਤਾ ਗਿਆ ਹੈ।

ਇਹ ਖੋਜ ਭਰਪੂਰ ਕਿਤਾਬ ਜਿੱਥੇ ਸਿੱਖ ਨਸਲਕੁਸ਼ੀ ਨੂੰ ਲੈ ਕੇ ਭਾਰਤੀ ਨਿਜ਼ਾਮ ਦੇ ਘੜੇ ਝੂਠੇ ਬਿਰਤਾਂਤ ਨੂੰ ਭੰਨਦਾ ਹੈ ਉੱਥੇ ਹੀ ਸਿੱਖ ਨਸਲਕੁਸ਼ੀ ਬਾਰੇ ਬਹੁਤ ਸਾਰੇ ਅੰਕੜੇ ਵੀ ਪੇਸ਼ ਕਰਦੀ ਹੈ। ਵਿਸ਼ਵ ਭਰ ਵਿੱਚ ਨਸਲਕੁਸ਼ੀ ਵਰਗੇ ਮਹਾ ਜ਼ੁਲਮ ਖਿਲਾਫ ਆਵਾਜ਼ਾਂ ਉਠ ਰਹੀਆਂ ਹਨ। ਇਹ ਕਿਤਾਬ ਦੁਨੀਆਂ ਭਰ ਵਿੱਚ ਵੱਸਦੇ ਸਿੱਖ ਜੋ ਭਾਰਤ ਤੋ ਬਾਹਰ ਸਿੱਖ ਨਸਲਕੁਸ਼ੀ ਨੂੰ ਵਿਸ਼ਵ ਪੱਧਰ ਤੇ ਮਾਨਤਾ ਦਿਵਾਉਣ ਦੇ ਕਾਰਜਾਂ ਵਿੱਚ ਲੱਗੇ ਹੋਏ ਹਨ ਉਨ੍ਹਾਂ ਲਈ ਇਹ ਕਿਤਾਬ ਬਹੁਤ ਲਾਭਦਾਇਕ ਹੋਵੇਗੀ।

ਕਿਤਾਬ ਦਾ ਆਖਰੀ ਭਾਗ ( ਭਾਗ ੬) ਆਪਣੀ ਇੱਕ ਖਾਸ ਮਹੱਤਤਾ ਰੱਖਦਾ ਹੈ ਜਿਸ ਵਿੱਚ ਉਸ ਸਮੇਂ ਦੇ ਸਾਰੇ ਦਸਤਾਵੇਜ਼ ਸਾਂਭੇ ਹੋਏ ਹਨ ਜੋ ਕਿ ਆਪਣੇ ਆਪ ਵਿੱਚ ਨਸਲਕੁਸ਼ੀ ਦੀਆਂ ਬਹੁਤ ਸਾਰੀਆਂ ਨਿਸ਼ਾਨੀਆਂ ਸਾਂਭੀ ਬੈਠੇ ਹਨ। ਇਹ ਦਸਤਾਵੇਜ਼ ਸਿੱਖ ਨਸਲਕੁਸ਼ੀ ਦੀ ਯਾਦ ਦੇ ਕੇੰਦਰ ਬਿੰਦੂ ਹਨ ਕਿਉਂਕਿ ੪੦ ਸਾਲ ਬਾਅਦ ਇਸ ਘਟਨਾ ਦੇ ਬਹੁਤ ਸਾਰੇ ਗਵਾਹ ਆਪਣੀ ਉਮਰ ਭੋਗ ਕੇ ਇਸ ਜਹਾਨ ਤੋਂ ਚੱਲ ਵਸੇ ਹਨ ਅਤੇ ਬਹੁਤ ਸਾਰੇ ਆਪਣੀ ਜ਼ਿੰਦਗੀ ਦੇ ਆਖਰੀ ਪੜਾਵਾਂ ਵਿੱਚ ਹਨ। ਐਸੇ ਦਸਤਾਵੇਜ਼ ਹੀ ਭਵਿੱਖ ਵਿੱਚ ਇਸ ਨਸਲਕੁਸ਼ੀ ਦੇ ਸਬੂਤ ਵਜੋਂ ਕੰਮ ਆਉਣੇ ਹਨ।

ਕਿਤਾਬ ਵਿੱਚ ਜਿਨ੍ਹਾਂ ਕੌਮਾਂ ਨਾਲ ਨਸਲਕੁਸ਼ੀ ਵਾਪਰਦੀ ਹੈ ਉਨ੍ਹਾਂ ਬਾਬਤ ਇਕ ਅਹਿਮ ਟਿੱਪਣੀ ਹੈ ਕਿ

“ਨਸਲਕੁਸ਼ੀ ਦੀਆਂ ਘਟਨਾਵਾਂ ਤੋਂ ਬਾਅਦ ਹੀ ਕੌਮਾਂ ਆਪਣੀ ਮੂਲ ਧਰਤੀ ਵੱਲ ਮੂੰਹ ਕਰਦੀਆਂ ਹਨ”

ਗੁਰੂ ਸਾਹਿਬ ਸਾਨੂੰ ਵੀ ਆਪਣਾ ਕੌਮੀ ਘਰ ਬਖ਼ਸ਼ਣ ਜਿਸ ਵਿੱਚ ਅਮਨ ਇਮਾਨ ਦਾ ਰਾਜ ਸਿਰਜ ਕੇ ਆਪਾਂ ਦੱਸ ਸਕੀਏ ਕਿ ਰਾਜ ਦੇ ਸਿੱਖ ਸੰਕਲਪ ਵਿੱਚ ਨਸਲਕੁਸ਼ੀ ਵਰਗੇ ਘਿਨੌਣੇ ਅਪਰਾਧ ਦੀ ਕੋਈ ਥਾਂ ਨਹੀਂ ਹੈ।

ਭਾਈ ਗੁਰਜੰਟ ਸਿੰਘ ਅਤੇ ਭਾਈ ਸੁਖਜੀਤ ਸਿੰਘ ਸਦਰਕੋਟ ਉੱਪਰ ਗੁਰੂ ਸਾਹਿਬ ਜੀ ਦੀ ਅਪਾਰ ਕਿਰਪਾ ਹੈ ਜਿਨ੍ਹਾਂ ਨੇ ਇਹ ਸਾਰਾ ਖੋਜ ਕਾਰਜ ਸਾਡੇ ਸਾਹਮਣੇ ਪੇਸ਼ ਕੀਤਾ, ਭਾਰਤ ਵਰਗੇ ਮੁਲਖ ਵਿੱਚ ਜਿੱਥੇ ਹਕੂਮਤ ਦਹਿਸ਼ਤ-ਗਰਦੀ ਕਦੇ ਵੀ ਬੰਦ ਨਹੀ ਹੁੰਦੀ ਉੱਥੇ ਜ਼ਮੀਨੀ ਪੱਧਰ ‘ਤੇ ਐਸੀ ਖੋਜ ਕਰਨੀ ਕਿਸੇ ਕਰਾਮਾਤ ਤੋਂ ਘੱਟ ਨਹੀ। ਗੁਰੂ ਸਾਹਿਬ ਇਹਨਾਂ ਸਿੰਘਾਂ ‘ਤੇ ਆਪਣੀ ਕਿਰਪਾ ਬਣਾਈ ਰੱਖਣ ਅਤੇ ਪੰਥ ਦੀ ਸੇਵਾ ਆਪ ਲੈੰਦੇ ਰਹਿਣ।

ਸੁਖਜੀਤ ਸਿੰਘ ਪਰਥ

0 0 votes
Article Rating
Subscribe
Notify of
0 ਟਿੱਪਣੀਆਂ
Oldest
Newest Most Voted
Inline Feedbacks
View all comments
0
Would love your thoughts, please comment.x
()
x