ਇਤਿਹਾਸ ਵਿਚ ਕੁਝ ਘਟਨਾਵਾਂ ਐਸੀਆਂ ਵਾਪਰਦੀਆਂ ਹਨ ਜਿਨ੍ਹਾਂ ਨੂੰ ਘੋਖਣ, ਵਾਚਣ ਭਾਵ ਉਹ ਕਿਉਂ ਤੇ ਕਿਵੇਂ ਵਾਪਰੀਆਂ ਹਨ ਤੇ ਇਨ੍ਹਾਂ ਦਾ ਭਵਿੱਖ ‘ਤੇ ਕੀ ਅਸਰ ਪਵੇਗਾ ਨੂੰ ਸਮਝੇ ਬਿਨ੍ਹਾਂ ਕੋਈ ਵੀ ਮਨੁੱਖ, ਸਮਾਜ, ਕੌਮ, ਭਾਈਚਾਰਾ, ਦੇਸ਼ ਆਪਣੇ ਭਵਿੱਖ ਵਿਚਲੇ ਮੀਲ ਪੱਥਰ ਨੂੰ ਤਹਿ ਨਹੀਂ ਕਰ ਸਕਦਾ, ਕਿਉਂਕਿ ਇਹ ਘਟਨਾਵਾਂ ਬੇਸ਼ੱਕ ਉਸ ਦੇ ਅਤੀਤ ਵਿੱਚ ਵਾਪਰੀਆਂ ਹੁੰਦੀਆਂ ਹਨ ਪਰ ਇਨ੍ਹਾਂ ਦਾ ਪ੍ਰਭਾਵ ਉਸ ਦੇ ਆਉਣ ਵਾਲੇ ਭਵਿੱਖ ਉੱਪਰ ਨਿਸ਼ਚਿਤ ਹੀ ਪੈਂਦਾ ਹੈ। ਇਸ ਲਈ ਇਨ੍ਹਾਂ ਘਟਨਾਵਾਂ ਦੇ ਸਮੁੱਚੇ ਕਾਰਨਾਂ, ਪ੍ਰਭਾਵਾਂ ਅਤੇ ਇਨ੍ਹਾਂ ਨਾਲ ਸੰਬੰਧਤ ਸਿਰਜੇ ਗਏ ਬਿਰਤਾਂਤਾਂ ਨੂੰ ਸਮਝਣਾ ਬਹੁਤ ਅਹਿਮ ਹੋ ਜਾਂਦਾ ਹੈ ਕਿਉਂਕਿ ਸਿਰਜੇ ਬਿਰਤਾਂਤ ਕਿਸੇ ਘਟਨਾ ਨੂੰ ਸਮਝਣ ਦੇ ਵਰਤਾਰੇ ਨੂੰ ਬਹੁਤ ਪ੍ਰਭਾਵਿਤ ਕਰਦੇ ਹਨ।
ਸਿੱਖਾਂ ਨਾਲ ਜੋ ਨਵੰਬਰ ੧੯੮੪ ਵਿਚ ਵਾਪਿਰਆ, ਜਿਸ ਦੇ ਸਮੁੱਚੇ ਪਸਾਰਾਂ ਨੂੰ ਸਮਝੇ ਬਿਨ੍ਹਾਂ ਸਿੱਖਾਂ ਲਈ ਭਵਿੱਖ ਵਾਸਤੇ ਕੋਈ ਮੀਲ ਪੱਥਰ ਤਹਿ ਕਰਨਾ ਅਸਾਨ ਨਹੀਂ ਹੈ। ਇਹ ਕੋਈ ਆਮ ਤੇ ਅਚਨਚੇਤ ਵਾਪਰੀ ਘਟਨਾ ਨਹੀਂ ਸੀ ਸਗੋਂ ਇੱਕ ਬਿਪਰਵਾਦੀ ਸੋਚ ਵਿੱਚੋਂ ਉਤਪੰਨ ਹੋਈ ਇੱਕ ਸੰਗਠਤ, ਵਿਉਂਤਬੱਧ ਘਟਨਾ ਸੀ, ਜਿਸ ਤਹਿਤ ਇੰਡੀਆ ਭਰ ਵਿੱਚ ਸਿੱਖਾਂ ਦੀ ਨਸਲਕੁਸ਼ੀ ਕੀਤੀ ਗਈ। ਇਸ ਘਟਨਾ ਦੇ ਸਮੁੱਚੇ ਪਸਾਰਾਂ ਨੂੰ ਸਮਝਣਾ ਇਸ ਲਈ ਵੀ ਜ਼ਰੂਰੀ ਹੈ ਕਿਉਂਕਿ ਸਰਕਾਰ ਵੱਲੋਂ ਇਸ ਨੂੰ ਨਸਲਕੁਸ਼ੀ ਨਾ ਮੰਨ ਕੇ ਸਿਰਫ ਦੰਗਿਆਂ, ਹੱਲਿਆਂ ਤਕ ਹੀ ਇਸ ਘਟਨਾਕ੍ਰਮ ਨੂੰ ਸੀਮਤ ਕਰਕੇ ਇਸ ਨੂੰ ਇੱਕ ਬਹੁਤ ਛੋਟੀ ਤੇ ਮਾਮੂਲੀ ਜਿਹੀ ਘਟਨਾ ਦੇ ਰੂਪ ਵਿੱਚ ਸਥਾਪਤ ਕਰਨ ਦਾ ਕੋਝਾ ਯਤਨ ਕੀਤਾ ਗਿਆ ਤੇ ਇਸ ਦੇ ਦੋਸ਼ੀ ਵੀ ਸਿੱਖਾਂ ਨੂੰ ਐਲਾਨਿਆ ਗਿਆ।
ਇਸ ਨਸਲਕੁਸ਼ੀ ਤੋਂ ਬਾਅਦ ਸਰਕਾਰ ਵੱਲੋਂ ਅਜਿਹੀ ਸ਼ਬਦਾਵਲੀ ਅਤੇ ਬਿਰਤਾਂਤ ਸਿਰਜਿਆ ਗਿਆ ਕਿ ਸਿੱਖ ਵੀ ਇਸ ਘਟਨਾ ਦੇ ਦੋ-ਢਾਈ ਦਹਾਕਿਆਂ ਬਾਅਦ ਵੀ ਇਸ ਸਰਕਾਰੀ ਵਿਆਖਿਆ ਦੀ ਰਾਜਨੀਤੀ ਦੇ ਪ੍ਰਭਾਵ ਹੇਠ ਰਹੇ। ਭਾਵੇਂ ਉਹ ਇਸ ਨੂੰ ਦੰਗੇ ਜਾਂ ਹਿੰਸਾ ਨਾ ਮੰਨ ਕੇ ਸਿੱਖਾਂ ਦੇ ਕਤਲੇਆਮ ਜਾਂ ਨਸਲਕੁਸ਼ੀ ਦੀ ਹੀ ਗੱਲ ਕਰ ਰਹੇ ਸਨ ਪਰ ਫਿਰ ਵੀ ਉਹ ਸਰਕਾਰੀ ਸ਼ਬਦਾਵਲੀ ਵਰਤਦੇ ਰਹੇ।
ਅਜਿਹੇ ਸਾਰੇ ਘਟਨਾਕ੍ਰਮ ਉਪਰ ਭਾਵ ਸਿੱਖ ਨਸਲਕੁਸ਼ੀ ਕਿਵੇਂ ਵਾਪਰੀ, ਕੀ ਪ੍ਰਭਾਵ ਪਿਆ ਅਤੇ ਸਰਕਾਰੀ ਬਿਰਤਾਂਤ ਨੇ ਸਿੱਖਾਂ ਉੱਪਰ ਕਿਵੇਂ ਅਸਰ ਛੱਡਿਆ, ਨੂੰ ਬਿਆਨ ਕਰਦੀ ਕਿਤਾਬ “ਸਿੱਖ ਨਸਲਕੁਸ਼ੀ ੧੯੮੪ (ਅੱਖੀਂ ਡਿੱਠੇ ਹਾਲ, ਸਿਧਾਂਤਕ ਪੜਚੋਲ ਅਤੇ ਦਸਤਾਵੇਜ਼)” ਸ. ਪਰਮਜੀਤ ਸਿੰਘ ਗਾਜ਼ੀ ਅਤੇ ਸ. ਰਣਜੀਤ ਸਿੰਘ ਵੱਲੋਂ ਸੰਪਾਦਿਤ ਕੀਤੀ ਗਈ ਹੈ। ਇਹ ਇਕ ਮਹੱਤਵਪੂਰਨ ਦਸਤਾਵੇਜ਼ ਹੈ ਜਿਹੜਾ ਸਿੱਖ ਨਸਲਕੁਸ਼ੀ ਦੇ ਸਮੁੱਚੇ ਪਸਾਰਾਂ ਨੂੰ ਸਮਝਣ ਦੇ ਇਕ ਯਤਨ ਵਜੋਂ ਸਾਡੇ ਸਾਹਮਣੇ ਆਇਆ ਹੈ। ਇਹ ਕਿਤਾਬ ਮੁੱਢਲੇ ਰੂਪ ਵਿਚ ਪੰਜ ਭਾਗਾਂ-
੧.ਹੱਡੀਂ ਹੰਢਾਏ ਤੇ ਅੱਖੀਂ ਡਿੱਠੇ ਹਾਲ,
੨.ਨਸਲਕੁਸ਼ੀ ਦਾ ਖੁਰਾ-ਖੋਜ,
੩.ਵੇਰਵੇ ਅਤੇ ਪੜਚੋਲ,
੪.ਦੰਗੇ ਨਹੀਂ ਨਸਲਕੁਸ਼ੀ ਅਤੇ
੫.ਦਸਤਾਵੇਜ਼,
ਵਿੱਚ ਵੰਡੀ ਹੋਈ ਹੈ।
ਇਹ ਕਿਤਾਬ ਨਵੰਬਰ ੧੯੮੪ ਨੂੰ ਨਸਲਕੁਸ਼ੀ ਦੇ ਨਜ਼ਰੀਏ ਤੋਂ ਸਮਝਣ ਅਤੇ ਇਸ ਨਸਲਕੁਸ਼ੀ ਨੂੰ ਵਿਸ਼ਵ ਪੱਧਰ ‘ਤੇ ਬਿਆਨ ਕਰਨ ਲਈ ਇਕ ਅਹਿਮ ਦਸਤਾਵੇਜ਼ ਹੈ। ਇਸ ਕਿਤਾਬ ਨੂੰ ਪੜ੍ਹਦਿਆਂ ਸਹਿਜੇ ਹੀ ਇਲਮ ਹੁੰਦਾ ਹੈ ਕਿ ਨਾ ਹੀ ਇਹ ਦੰਗੇ ਸਨ, ਨਾ ਹਿੰਸਾ ਸੀ, ਨਾ ਕਤਲੇਆਮ ਸੀ ਬਲਕਿ ਇਕ ਨਸਲਕੁਸ਼ੀ ਸੀ ਜਿਹੜੀ ਬਹੁਤ ਹੀ ਜਥੇਬੰਦਕ ਤਰੀਕੇ ਦੇ ਨਾਲ ਕੀਤੀ ਗਈ ਸੀ ਜਿਸ ਵਿਚ ਸਿਧੇ ਤੌਰ ‘ਤੇ ਸਰਕਾਰ, ਸਰਕਾਰੀ ਅਦਾਰੇ ਅਤੇ ਖਬਰਖ਼ਾਨੇ ਦੀ ਭੂਮਿਕਾ ਸੀ।
ਕਿਸੇ ਘਟਨਾ ਦਾ ਅਧਿਐਨ ਕਰਦੇ ਸਮੇਂ ਉਸ ਦੀ ਭੂਗੋਲਿਕ ਸਥਿਤੀ ਨੂੰ ਸਮਝੇ ਬਿਨ੍ਹਾਂ ਉਸ ਦੇ ਅਸਲ ਕਾਰਨਾਂ ਅਤੇ ਪ੍ਰਭਾਵਾਂ ਦਾ ਪਤਾ ਨਹੀਂ ਲੱਗ ਸਕਦਾ, ਇਹ ਗੱਲ ਸਿੱਖਾਂ ਨਾਲ ਵੀ ਵਾਪਰੀ। ਸਰਕਾਰੀ ਤੰਤਰ ਨੇ ਇਸ ਨਸਲਕੁਸ਼ੀ ਨੂੰ ਸਿਰਫ ‘ਦਿੱਲੀ ਦੰਗਿਆਂ’ ਤੱਕ ਸੀਮਤ ਕਰਕੇ ਇਸ ਦੇ ਭੂਗੋਲਿਕ ਪਸਾਰ ਨੂੰ ਸਿਰਫ ਦਿੱਲੀ ਤਕ ਹੀ ਸਮੇਟ ਦਿੱਤਾ, ਤਾਂ ਜੋ ਸਿੱਖਾਂ ਨੂੰ ਇਹ ਲੱਗੇ ਕਿ ਇਹ ਘਟਨਾ ਸਿਰਫ਼ ਦਿੱਲੀ ਵਿੱਚ ਵਾਪਰੀ ਪਰ ਇਸ ਕਿਤਾਬ ਦਾ ਦੂਜਾ ਭਾਗ ਨਸਲਕੁਸ਼ੀ ਦਾ ਖੁਰਾ-ਖੋਜ ਸਰਕਾਰ ਦੇ ਇਸ ਬਿਰਤਾਂਤ ਨੂੰ ਤੋੜਦਿਆਂ ਹੋਇਆਂ ਇਸ ਗਲ ਨੂੰ ਪ੍ਰਮਾਣਿਤ ਕਰਦਾ ਹੈ ਕਿ ਇਹ ਨਸਲਕੁਸ਼ੀ ਸਿਰਫ ਦਿੱਲੀ ਵਿਚ ਹੀ ਨਹੀਂ ਬਲਕਿ ਇੰਡੀਆ ਭਰ ਵਿਚ ਵੱਖ-ਵੱਖ ਰਾਜਾਂ ਦੇ ੧੧੦ ਤੋਂ ਵੱਧ ਸ਼ਹਿਰਾਂ ਵਿੱਚ ਹੋਈ। ਇੰਨੇ ਵੱਡੇ ਖੇਤਰੀ ਪੱਧਰ ‘ਤੇ ਹੋਣ ਨਾਲ ਇਹ ਗੱਲ ਸਹਿਜੇ ਸਮਝ ਆ ਜਾਂਦੀ ਹੈ ਕਿ ਇਹ ਕੋਈ ਅਚਨਚੇਤ ਵਾਪਰੀ ਘਟਨਾ ਨਹੀਂ ਸੀ।
ਪੌਣੇ ਚਾਰ ਦਹਾਕਿਆਂ ਤੋਂ ਸਿੱਖ ਆਪਣੇ ਨਾਲ ਵਾਪਰੇ ਇਸ ਘਟਨਾਕ੍ਰਮ ਨੂੰ ਸਿੱਖ ਨਸਲਕੁਸ਼ੀ ਸਮਝਣ ਅਤੇ ਬਿਰਤਾਂਤ ਸਿਰਜਣ ਦਾ ਸਫਰ ਤਹਿ ਕਰ ਰਹੇ ਹਨ। ਇਸ ਸਫਰ ਵਿਚ ‘ਸਿੱਖ ਨਸਲਕੁਸ਼ੀ ੧੯੮੪’ ਇਕ ਰਾਹ ਦਰਸਾਉ ਕਿਤਾਬ ਹੈ।
- ਰਵਿੰਦਰਪਾਲ ਸਿੰਘ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਖੇ ਖੋਜਾਰਥੀ ਹੈ।