“ਭਾਈ ਵੀਰ ਸਿੰਘ ਦੀ ਪੰਜਾਬੀ ਬੋਲੀ ਅਤੇ ਸਾਹਿਤ ਨੂੰ ਦੇਣ”

“ਭਾਈ ਵੀਰ ਸਿੰਘ ਦੀ ਪੰਜਾਬੀ ਬੋਲੀ ਅਤੇ ਸਾਹਿਤ ਨੂੰ ਦੇਣ”

ਡਾ ਹਰਨਾਮ ਸਿੰਘ ਸ਼ਾਨ

ਤਦੇ ਤਾਂ ਸਿਰਦਾਰ ਕਪੂਰ ਸਿੰਘ ਜੀ ਨੇ ਨਿਸ਼ੰਗ ਆਖਿਆ ਹੈ ਕਿ ‘ਪੰਜਾਬ ਦੀ ਵਰਤਮਾਨ ਪੀੜ੍ਹੀ ਦਾ ਕੋਈ ਵੀ ਮਰਦ ਜਾਂ ਇਸਤਰੀ ਪੰਜਾਬੀ ਪ੍ਰਤਿਭਾ ਤੇ ਸਿੱਖ ਸਭਿਆਚਾਰ ਦੀ ਉਸ ਸਪਿਰਟ ਤੋਂ ਅਛੋਹ ਨਹੀਂ ਰਹਿ ਸਕਿਆ ਜੋ ਭਾਈ ਵੀਰ ਸਿੰਘ ਰਾਹੀਂ ਉਜਾਗਰ ਹੋਈ ਹੈ। ਪੰਜਾਬੀ ਸਭਿਆਚਾਰ ਦਾ ਕੋਈ ਅਜਿਹਾ ਪੱਖ ਨਹੀਂ ਜਿਸ ਨੂੰ ਭਾਈ ਸਾਹਿਬ ਨੇ ਆਪਣੀ ਘਾਲ ਰਾਹੀਂ ਚਾਨਣਿਆਇਆ ਜਾਂ ਫੈਲਾਇਆ ਨਾ ਹੋਵੇ’

ਜਿੱਥੋਂ ਤੱਕ ਇਸ ਦੀ ਬੋਲੀ ਤੇ ਸਾਹਿਤ ਦਾ ਸੰਬੰਧ ਹੈ, ਇਨ੍ਹਾ ਦੇ ਇਤਿਹਾਸ ਵਿੱਚ ਭਾਈ ਵੀਰ ਸਿੰਘ ਦੇ ਪ੍ਰਵੇਸ਼ ਨਾਲ ਇੱਕ ਨਵੇਂ ਯੁੱਗ ਦਾ ਅਰੰਭ ਹੋਇਆ ਹੈ। ਜਦੋਂ ਆਪ ਨੇ ਸਾਹਿਤ ਨੂੰ ਰਚਣ ਤੇ ਪ੍ਰਕਾਸ਼ਨ ਦਾ ਵਿਚਾਰ ਬਣਾਇਆ ਉਦੋਂ ਤੇ ਉਸ ਤੋਂ ਪਹਿਲਾਂ ਪੰਜਾਬ ਦੇ ਵਿਦਿਅਕ ਅਤੇ ਸਾਹਿਤਕ ਖੇਤਰਾਂ ਵਿਚ ਬ੍ਰਿਜ-ਭਾਸ਼ਾ ਹੀ ਪ੍ਰਧਾਨ ਸੀ। ਇਥੋਂ ਦੇ ਵਿਦਵਾਨ ਅਤੇ ਸਾਹਿਤਕਾਰ ਵੀ ਇਸੇ ਨੂੰ ਸਾਹਿਤ ਅਤੇ ਵਿਦਵਾਨਾ ਦੀ ਭਾਸ਼ਾਂ ਸਮਝ ਕੇ, ਇਸ ਵਿੱਚ ਲਿਖਣਾ ਆਪਣਾ ਮਾਣ ਸਮਝਦੇ ਸਨ। ਹੋਰ ਤਾਂ ਹੋਰ, ਖੁਦ ਭਾਈ ਵੀਰ ਸਿੰਘ ਦੇ ਆਪਣੇ ਦਾਦਾ ਬਾਬਾ ਕਾਹਨ ਸਿੰਘ, ਨਾਨਾ ਗਿਆਨੀ ਹਜ਼ਾਰਾ ਸਿੰਘ ਤੇ ਪਿਤਾ ਡਾ. ਚਰਨ ਸਿੰਘ ਜੀ, ਸਮੇਂ ਦੀ ਸਾਹਿਤਕ ਪਰੰਪਰਾ ਅਨੁਸਾਰ ਆਪਣੀ ਸਾਰੀ ਕਾਵਿ ਰਚਨਾ ਇਸੇ ਵਿਚ ਕਰਦੇ ਰਹੇ ਸਨ। ਨਿਰਾ ਇੰਨਾ ਹੀ ਨਹੀਂ, ਉਹ ਅਤੇ ਉਹਨਾਂ ਦੇ ਹੋਰ ਸਮਕਾਲੀ ਆਪਣੀ ਮਾਤ-ਬੋਲੀ, ਪੰਜਾਬੀ ਨੂੰ ਇੱਕ ‘ਗ੍ਰਾਮੀਣ’ ਭਾਸ਼ਾ ਜਾਣ ਕੇ ਇਸ ਨੂੰ ਸਾਹਿਤ ਰਚਨਾ ਦੇ ਅਸਮਰਥ ਸਮਝ ਰਹੇ ਸਨ। ਇੰਨ ਬਿੰਨ ਜਿਵੇਂ ਖੁਦ ਇੰਗਲਿਸਤਾਨ ਵਿੱਚ ਅੰਗਰੇਜੀ ਢੇਰ ਚਿਰ ਤੱਕ ਇੱੱਕ ‘ਗਵਾਰ’ ਜਾਂ ‘ਗ੍ਰਾਮੀਣ’ ਭਾਸ਼ਾ ਮੰਨੀ ਜਾਂਦੀ ਰਹੀ ਹੈ ਅਤੇ ਉਥੋਂ ਦੇ ਵਿਦਿਆਰਥੀ ਤੇ ਬੁੱਧੀਮਾਨ ਆਪਣੀ ਸਾਹਿਤ ਰਚਨਾ ਪੱਛਮੀ ਵਿਦਵਾਨਾਂ ਦੀ ਮੰਨੀ-ਦੰਨੀ ਸਾਂਝੀ ਤੇ ਸਾਹਿਤਕ ਬੋਲੀ, ਭਾਵ ਲਾਤੀਨੀ, ਵਿੱਚ ਹੀ ਕਰਨੀ ਯੋਗ, ਲਾਭਦਾਇਕ ਤੇ ਮਾਣ ਕਰਨ ਯੋਗ ਸਮਝਦੇ ਰਹੇ। ਪੰਜਾਬ ਵਿੱਚ ਅਜਿਹਾ ਇਰਾਦਾ ਅਤੇ ਹੌਂਸਲਾ ਪਿਛਲੀ ਸਦੀ ਮੁੱਕਣ ਤੋਂ ਪਹਿਲਾਂ ਭਾਈ ਵੀਰ ਸਿੰਘ ਨੇ ਹੀ ਕੀਤਾ ਅਤੇ ਉਕਤ ਬ੍ਰਿਜ ਭਾਸ਼ਾ ਦਾ ਜੂਲਾ ਉਤਾਰ ਕੇ ਆਪਣੀ ਮਾਤ ਬੋਲੀ, ਪੰਜਾਬ ਨੂੰ ਹੀ ਆਪਣੇ ਵਿਚਾਰਾਂ ਤੇ ਉਦਗਾਰਾਂ ਨੂੰ ਬਿਆਨਣ ਦਾ ਮਾਧਿਅਮ ਬਣਾਇਆ।

ਭਾਈ ਵੀਰ ਸਿੰਘ ਜੀ

ਆਪ ਦੀ ਅਜਿਹੀ ਰੁਚੀ ਤੇ ਦਲੇਰੀ ਸਮਕਾਲੀ ਵਿਦਵਾਨਾਂ ਨੂੰ ਚੰਗੀ ਨਾ ਲੱਗੀ ਅਤੇ ਸਮੇਂ ਦੀ ਸਾਹਿਤਿਕ ਪਰੰਪਰਾ ਤੇ ਉਨ੍ਹਾ ਦੇ ਆਪਣੇ ਖਾਨਦਾਨ ਦੀ ਗੌਰਵਮਈ ਪ੍ਰਥਾ ਦੇ ਉਲਟ ਸਮਝੀ ਗਈ। ਇਥੋਂ ਤੱਕ ਕਿ ਉਹ ਲੋਕ ਇਸ ਨੂੰ ਬਦਲਣ ਤੇ ਪੰਜਾਬੀ ਛੱਡ ਬ੍ਰਿਜੀ ਅਪਨਾਉਣ ਲਈ ਉਨ੍ਹਾ ਨੂੰ ਪ੍ਰੇਰਨ ਲੱਗ ਪਏ। ਹੋਰ ਤਾਂ ਹੋਰ ਉਹਨਾਂ ਦੇ ਵਿਦਵਾਨ ਪਿਤਾ ਜੀ ਦੇ ਇੱਕ ਮਾਣਯੋਗ ਮਿੱਤਰ, ਤਖਤ ਸ੍ਰੀ ਪਟਨਾ ਸਾਹਿਬ ਦੇ ਮਹੰਤ ਅਤੇ ਬ੍ਰਿਜ ਭਾਸ਼ਾ ਦੇ ਮੰਨੇ- ਦੰਨੇ ਕਵੀ ਬਾਬਾ ਸੁਮੇਰ ਸਿੰਘ ਜੀ ਨੇ ਹਟਕਦਿਆਂ ਅਤੇ ਸਮਝਾਉਂਦਿਆਂ ਆਖਿਆ “ਤੁਸੀਂ ਇੱਕ ਉੱਘੇ ਵਿਦਵਾਨ ਘਰਾਣੇ ਦੇ ਜੰਮਪਲ ਹੋ! ਇਸ ਲਈ ਤੁਹਾਨੂੰ ਆਪਣੇ ਵਿਚਾਰ ਤੇ ਵਲਵਲੇ ਵਿਦਵਾਨਾਂ ਦੀ ਬੋਲੀ, ਬ੍ਰਿਜ ਭਾਸ਼ਾ ਵਿੱਚ ਪ੍ਰਗਟਾਉਣੇ ਚਾਹੀਦੇ ਹਨ। ਪੰਜਾਬੀ ਇੱਕ ਗ੍ਰਾਮੀਣ ਭਾਸ਼ਾ ਹੈ ਉਸ ਵਿੱਚ ਕੋਈ ਵੀ ਲਿੱਖ ਕੇ ਕਿੰਨਾ ਕੁ ਨਾਮਣਾ ਖੱਟ ਸਕਦਾ ਹੈ, ਜਾਂ ਉਸ ਰਾਹੀਂ ਸਾਹਿਤ ਤੇ ਸਮਾਜ ਦੀ ਕੀ ਤੇ ਕਿੰਨੀ ਕੁ ਸੇਵਾ ਕਰ ਸਕਦਾ ਹੈ” ਕਹਿੰਦੇ ਹਨ ਕਿ ਨੌਜਵਾਨ ਭਾਈ ਵੀਰ ਸਿੰਘ ਉਦੋਂ ਆਪਣਾ ਮਹਾਂ ਕਾਵਿ ‘ਰਾਣਾ ਸੁਰਤ ਸਿੰਘ’ ਲਿਖ ਰਹੇ ਸਨ। ਉਨ੍ਹਾ ਨੇ ਇਸ ਦਾ ਇੱਕ ਕਾਂਡ ਬਾਬਾ ਜੀ ਨੂੰ ਬੜੇ ਅਦਬ ਨਾਲ ਸੁਣਾਇਆ ਬਾਬਾ ਜੀ ਨੇ ਇਸ ਸੁਣਦਿਆਂ ਸਾਰ ਬੜੀ ਹੈਰਾਨੀ ਭਰੀ ਖੁਸ਼ੀ ਤੇ ਚਾਅ ਵਿੱਚ ਭਾਈ ਵੀਰ ਸਿੰਘ ਨੂੰ ਗਲੇ ਲਾ ਲਿਅ ਅਤੇ ਉਹਨਾਂ ਦੇ ਪਿਤਾ ਨੂੰ ਦੱਸਿਆ ਕਿ “ਅਸਾਂ ਭਾਈ ਵੀਰ ਸਿੰਘ ਜੀ ਨੂੰ ਸੱਦਿਆਂ ਤਾਂ ਸੀ ਕਿ ਗ੍ਰਾਮੀਣ ਭਾਸ਼ਾ ਤੋਂ ਹਰਾ ਕੇ ਬ੍ਰਿਜ ਭਾਸ਼ਾ ਵੱਲ੍ਹ ਪ੍ਰੇਰਾਂਗੇ, ਪਰ ਜਦ ਉਸ ਦੀ ਪੰਜਾਬੀ ਵਿੱਚ ਰਚਨਾ ਸੁਣੀਂ ਤਾਂ ਸਾਡਾ ਆਪਣਾ ਜੀਅ ਵੀ ਪਜਾਬੀ ਵਿਚ ਕਹਿਣ ਵੱਲ ਉਮੱਲ ਪਿਆ ਤਾਂ ਅਸੀਂ ਕੁਝ ਕਬਿਤ ਠੇਠ ਪੰਜਾਬੀ ਉਸੇ ਅਸਰ ਹੇਠ ਬਣਾਏ ਹਨ’, ਜੋ ਉਸ ਵੇਲੇ ਉਨਾਂ ਡਾ. ਚਰਨ ਸਿੰਘ ਨੂੰ ਸੁਣਾਏ ਇਸ ਦਾ ਇੱਕ ਇਤਿਹਾਸਿਕ ਸਿੱਟਾ ਇਹ ਨਿਕਲਿਆ ਕਿ ਹੋਰ ਤਾਂ ਹੋਰ ਖੁਦ ਡਾ. ਚਰਨ ਸਿੰਘ ਵੀ ਬ੍ਰਿਜੀ ਭਾਸ਼ਾ ਛੱਡ ਕੇ ਆਪਣੇ ਹੋਣਹਾਰ ਸਪੁੱਤਰ ਦੀ ਰੀਸੇ ਠੇਠ ਪੰਜਾਬੀ ਵਿਚ ਲਿਖਣ ਲੱਗ ਪਏ ਅਤੇ ਆਪਣੀ ਮਗਰਲੀ ਕਾਵਿ ਰਚਨਾ ਤੇ ਖੋਜ – ਵਿਹਾਰ ਦੀ ਸਾਹਿਤਕ ਭਾਸ਼ਾ ਇਹੋ ਪੰਜਾਬੀ ਹੀ ਅਪਣਾ ਲਈ ।

ਡਾ. ਭਾਈ ਵੀਰ ਸਿੰਘ ਸੁੰਦਰ ਤੇੇ ਬਹੁ ਪੱਖੀ ਸ਼ਖਸੀਅਤ, ਉੱਤਮ ਤੇ ਅਨੋਖੀ ਪ੍ਰਤਿਭਾ ਅਤੇ ਸੁੱਚੀ ਤੇ ਸੁਚੱਜੀ ਕਲਾ ਦੇ ਮਾਲਕ ਸਨ । ਉਹ ਇੱਕ ਅਜਿਹੀ ਮਿੱਠੀ, ਮਨਮੋਹਣੀ ਤੇ ਮਾਣਯੋਗ ਹਸਤੀ ਸਨ ਜੋ ਸਦੀਆਂ ਬਾਅਦ ਕਦੇ ਕਦਾਈਂ ਹੀ ਕਿਸੇ ਸਮਾਜ, ਸਾਹਿਤ ਤੇ ਸਭਿਆਚਾਰ ਨੂੰ ਨਸੀਬ ਹੋਇਆ ਕਰਦੀ ਹੈ। ਉਹ ਸਾਡੀ ਕੌਮ ਤੇ ਬੋਲੀ ਦੇ ਇਤਿਹਾਸ ਦੇ ਇੱਕ ਖਾਸ ਸਮੇਂ, ਸਥਾਨ ਤੇ ਸਥਿਤੀ ਦੀ ਉਪਜ ਸਨ। ਵਰਤਮਾਨ ਸਮੇਂ ਵਿਚ,ਕੌਮ ਤੇ ਮਨੁੱਖ ਮਾਤਰ ਦੇ ਭਲੇ ਤੇ ਲਾਭ ਲਈ ਉਮਰ ਭਰ ਨਿਸ਼ਕਾਮ ਨਿਰੰਤਰ ਤੇ ਨਿਰਮੋਲ ਸੇਵਾ ਉਨ੍ਹਾਂ ਨੇ ਕੀਤੀ ਹੈ, ਉਸ ਵਰਗਾ ਮਾਣ ਹੁਣ ਤੱਕ ਵਿਰਲਿਆਂ ਨੂੰ ਹੀ ਪ੍ਰਾਪਤ ਹੋਇਆ ਹੈ ਆਪ ਦੀ ਸਿੱਖ ਸ਼ਖਸੀਅਤ ਵਾਂਗ ਆਪ ਦੀ ਇਹ ਸੇਵਾ ਵੀ ਸੁੱਚੀ, ਸੁਣੱਖੀ ਤੇ ਬਹੂ-ਪੱਖੀ ਰਹੀ ਹੈ।ਇਹ ਕੇਵਲ ਧਾਰਮਿਕ ਤੇ ਸਮਾਜਕ ਹੀ ਨਹੀਂ ਸਾਹਿਤਕ ਤੇ ਸਭਿਆਚਾਰਕ ਖੇਤਰਾਂ ਵਿਚ ਵੀ ਵੱਧ-ਚੜ੍ਹ ਕੇ ਵਿਦਮਾਨ ਹੈ ।ਜਿਥੋਂ ਤੱਕ ਪੰਜਾਬ ਪੰਜਾਬੀ ਅਤੇ ਪੰਜਾਬੀਅਤ ਦਾ ਸਬੰਧ ਹੈ, ਉਹ ਤਾਂ ਇਸ ਲਈ ਉਨਾਂ ਦੀ ਸਦਾ ਰਿਣੀ ਰਹੇਗੀ । ਇਹ ਜੋ ਕਦੇ ਹਰਿੰਦਰਨਾਥ ਚਟੋਪਾਧਆਇ ਨੇ ਲਿਖਿਆ ਸੀ ਉਨ੍ਹਾਂ ਦੀ ਅਜਿਹੀ ਮਹਾਨ ਸ਼ਖਸੀਅਤ ਅਦੁੱਤੀ ਸੇਵਾ ਤੇ ਵਿਸ਼ਾਲ ਦੇਣ ਦੀ ਹੀ ਸਾਖ ਭਰਦਾ ਹੈ ।

“ਪੰਜ ਦਰਿਆਵਾਂ ਦੇ ਦੇਸ਼ ਵਿਚ ਭਾਈ ਵੀਰ ਸਿੰਘ ਨੂੰ ਜੇ ਛੇਵਾਂ ਦਰਿਆ ਆਖਿਆ ਜਾਵੇ ਤਾਂ ਠੀਕ ਹੋਏਗਾ, ਕਿਉਕਿ ਉਹ ਆਪਣੇ ਲੋਕਾਂ ਵਿਚ ਸਦਾ ਹੀ ਗਿਆਨ ਤੇ ਸੰਸਕ੍ਰਿਤੀ ਦੇ ਇੱਕ ਅਜਿਹੇ ਦਰਿਆ ਵਜੋਂ ਜਾਣੇ ਜਾਂਦੇ ਰਹੇ ਹਨ ਜੋ ਕਈ ਵਰ੍ਹਿਆਂ ਤੋਂ ਉਨਾਂ ਦੀਆਂ ਜ਼ਿੰਦਗੀਆਂ ਵਿਚ ਇੱਕ ਸ਼ਕਤੀਦਾਇਕ ਪ੍ਰਭਾਵ ਵਜੋਂ ਵਗਦਾ ਤੇ ਉਨ੍ਹਾਂ ਨੂੰ ਜੀਵਨਦਾਨ ਦਿੰਦਾ ਰਿਹਾ ਹੈ ।”ਬਰਤਾਨਵੀਂ ਪੰਜਾਬ ਵਿਚ ਪੱਛਮੀਂ ਪ੍ਰਭਾਵ ਹੇਠ ਉਨਵੀਂ ਸਦੀ ਦੇ ਦੂਜੇ ਅੱਧ ਵਿਚ, ਆਈ ਪੂਰਨ-ਜਾਗਰਤੀ ਦੇ ਉਹ ਮੋਢੀ ਸਨ । ਇਸ ਦੀ ਬੋਲੀ, ਸਾਹਿਤ ਤੇ ਸਭਿਆਚਾਰ ਦੇ ਪੂਰਨ-ਉਥਾਨ ਦੇ ਉਹ ਸਿਰਕੱਢ ਨੇਤਾ ਸਨ । ਇਸ ਦੇ ਭਾਵਾਂ ਤੇ ਉਮੰਗਾਂ ਦੇ ‘ਤਰਜਮਾਨ ਸਨ । ਉਨਾਂ ਦੀਆਂ ਪ੍ਰਾਕ੍ਰਿਤਕ, ਆਤਮਕ, ਧਾਰਮਿਕ, ਸਦਾਚਾਰਕ ਸਮਾਜ ਤੇ ਸਾਹਿਤਕ ਸੂਝ ਅਤੇ ਯੋਗ ਸੇਧ ਦੇਣ ਵਾਲੀਆਂ ਲਿਖਤਾਂ ਨੇ ਬਿਖੜੇ ਸਮੇਂ ਅਤੇ ਢਹਿੰਦੀ ਕਲਾ ਦੇ ਸ਼ਿਕਾਰ ਪੰਜਾਬੀਆਂ ਨੂੰ ਜੋ ਸੋਚ ਤੇ ਸ਼ਕਤੀ ਦਿੱਤੀ, ਆਪਣੇ ਮਹਾਨ ਵਿਰਸੇ ਤੇ ਉਨ੍ਹਾਂ ਆਪਣੀ ਬੋਲੀ ਵਿਚ ਹੀ ਜੋ ਗਿਆਨ ਤੇ ਪ੍ਰੇਰਨਾਬਖ਼ਸ਼ੀ, ਉਸ ਦੀ ਲੋੜ, ਮਹੱਤਤਾ ਤੇ ਪ੍ਰਭਾਵ ਦਾ ਅਨੁਮਾਨ ਉਨ੍ਹਾਂ ਮੁੱਖ ਮੰਤਵਾਂ ਤੇ ਨਿਸ਼ਾਨੀਆਂ ਤੋਂ ਹੀ ਲਾਇਆ ਜਾ ਸਕਦਾ ਹੈ ਜਿੰਨ੍ਹਾਂ ਨੂੰ ਮੁੱਖ ਰੱਖ ਕੇ ਸਕੂਲੀ ਵਿੱਦਿਆ ਤੋਂ ਵਿਹਲੇ ਹੁੰਦਿਆਂ ਹੀ, ਆਪ ਨੇ ਆਪਣੇ ਜੀਵਨ ਦਾ ਪ੍ਰੌਗਰਾਮ ਉਲੀਕਿਆ ਅਤੇ ਉਸ ਨੂੰ ਨੇਪਰੇ ਚੜਾਉਣ ਲਈ ਕਲਮ ਚੁੱਕੀ ਸੀ।

ਭਾਈ ਵੀਰ ਸਿੰਘ ਜੀ

ਆਪ ਦੇ ਸਹਾਇਕ ਸੰਪਾਦਕ ਤੇ ਨਿਕਟਵਰਤੀ ਗਿਆਨੀ ਮਹਾਂ ਸਿੰਘ ਦੇ ਸ਼ਬਦਾਂ ਵਿਚ ਇੱਕ ਤਾਂ ਇਹ ਸੀ ਕਿ ਆਪ ਨੇ ਵੇਖਿਆ ਕਿ ਜਗਤ ਵਿਚ ਚਾਰ ਚੁਫੇਰੇ ਦੁੱਖਾਂ ਦੀਆਂ ਕਾਲੀਆਂ ਘਟਾਂ ਛਾਈਆਂ ਹੋਈਆਂ ਹਨ ਤੇ ਹਰ ਆਤਮਾ ਜਗਤ -ਦੁੱਖਾਂ ਹੇਠ ਨਪੀੜੀ ਆਹਾਂ ਕੱਢ ਰਹੀ ਹੈ ।ਕੋਈ ਉਪਰਾਲਾ ਨਹੀਂ ਹੈ ਰਿਹਾ ਕਿ ਇਨ੍ਹਾਂ ਦੁੱਖੀ ਸੁਰਤਾਂ ਨੂੰ ਨਪੀੜ ਹੇਠੋਂ ਕੱਢ ਕੇ ਕੋਈ ਉਤਲਾ ਸਾਹ ਲੈਣ ਦਾ ਅਵਸਰ ਸਲੱਭ ਕੀਤਾ ਜਾਵੇ ਤੇ ਮਨੱਖ ਮੁੜ ਕਦੇ-ਨਾ -ਕਦੇ ਸੂਖ ਦਾ ਸੀਤਲ ਸਾਹ ਲੈ ਸਕੇ। ਆਪ ਨੇ ਅਨੁਭਵ ਕੀਤਾ ਕਿ ਇਸ ਕੰਮ ਲਈ ਐਸੇ ਸਾਹਿਤਯ ਦੀ ਲੋੜ ਹੈ। ਡਿੱਗੇ ਮਨਾਂ ਤੇ ਢੱਠੀਆਂ ਸੁਰਤਾਂ ਨੂੰ ਜਗਤ ਦੇ ਨੀਵੇਂ ਤੇ ਦੁੱਖ ਦਾਈ ਟੋਇਆਂ ਵਿੱਚੋਂ ਕੱਢ ਕੇ ਉਤਲੇ ਅਰਸ਼ੀ ਘਰਾਂ ਵਿੱਚ ਪੁਚਾ ਸਕੇ।ਆਪ ਨੇ ਇਹ ਧਾਰ ਲਿਆ ਹੈ ਕਿ ਜੇ ਸਤਿਗੁਰੂ ਬਲ ਦੇਵੇ ਤਾਂ ਮੈਂ ਜਿੰਨਾਂ ਸਰੇ ਬਣੇ ਐਸਾ ਸਾਹਿਤਯ ਪੈਦਾ ਕਰਨ ਵਿਚ ਤਾਣ ਲਾਵਾਂ ਜੋ ਦੁਖੀਆਂ ਦੇ ਫੱਟਾਂ ਉੱਤੇ ਕਲਮ ਦਾ ਕੰਮ ਦੇਵੇ ਅਤੇ ਸੁਰਤਾਂ ਨੂੰ ਉੱਚੇ ਅਰਸ਼ੀ ਰੰਗ ਵਿਚ ਖਿਡਾਵੇ। ਦੂਸਰਾ ਨਿਸ਼ਾਨਾ ਆਪਦਾ ਇਹ ਸੀ ਕਿ ਪੰਜਾਬੀ ਮਾਤ-ਭਾਸ਼ਾ ਦਾ ਭੰਡਾਰ ਖਾਲੀ ਪਿਆ ਸੀ।ਪੰਜਾਬੀ ਵਿਦਵਾਨ ਆਪਣੀ ਕਲਮ ਦਾ ਜ਼ੋਰ ਬ੍ਰਿਜ ਭਾਸ਼ਾਂ ਵੱਲ੍ਹ ਵਿਖਾ ਰਹੇ ਸਨ ਤੇ ਪੰਜਾਬੀ ਵਿੱਚ ਜੋ ਕੁਝ ਕਿੱਸੇ ਕਹਾਣੀਆਂ ਦੇ ਰੂਪ ਵਿੱਚ ਮਿਲਦਾ ਸੀ ਉਹ ਬੜਾ ਥੋੜ੍ਹਾ ਸੀ ਤੇ ਚੰਗਾ ਅਰੋਗ ਪੰਜਾਬੀ ਸਾਹਿਤ ਨਾ ਹੋਣ ਵਾਂਗੂ ਸੀ।

ਇੳਂ ਪੰਜਾਬੀ ਦੀ ਫੁਲਵਾੜੀ ਜੋ ਵਿਰਾਨ ਦਿਸ ਰਹੀ ਸੀ ਇਸ ਦੀ ਸੇਵਾ ਹੋਣੀ ਚਾਹੀਏ ਤਾਂ ਜੋ ਇਹ ਕਿਸੇ ਦਿਨ ਦੂਜੀਆਂ ਫੁਲਵਾੜੀਆਂ ਨਾਲ ਬਰ ਮੇਚ ਕੇ ਪੂਰੀ ਮਹਿਕ ਮਚਾ ਸਕੇ ਸਮਾਂ ਇਸ ਗੱਲ ਦਾ ਗਵਾਹ ਹੈ ਕਿ ਭਾਈ ਸਾਹਿਬ ਨੇ ਆਪਣੀ ਸਾਰੀ ਉਮਰ ਇਨ੍ਹਾਂ ਨਿਸ਼ਾਨਿਆਂ ਦੀ ਸੇਧੇ ਨਿਝੱਕ ਤੇ ਅਥੱਕ ਤੁਰਦਿਆਂ, ਇਨ੍ਹਾਂ ਮੰਤਵਾਂ ਦੀ ਪੂਰਤੀ ਲਈ ਨਿਸ਼ਕਾਮ ਤੇ ਨਿਰੰਤਰ ਘਾਲ ਘਲਦਿਆਂ ਗੁਜ਼ਾਰੀ। ਇਕੋ ਜੀਵਨ ਵਿਚ ਕਿਸੇ ਇੱਕ ਜੀਅ ਦੀ, ਕਿਸੇ ਬੇ-ਗੋਲੀ ਬੋਲੀ ਤੇ ਸਾਹਿਤ, ਸਮਾਜ ਤੇ ਸਭਿਆਣਾਰ ਨੂੰ ਇਸ ਤੋਂ ਵੱਡਮੁੱਲੀ ਦੇਣ ਕੀ ਹੋ ਸਕਦੀ ਹੈ? ਇਹ ਇੰਨਾ ਕੁਝ ਉਹੀ ਦੇ ਸਕਦਾ ਹੈ ਜਿਸ ਦੇ ਆਪਣੇ ਵਿਸ਼ਵਾਸ਼ ਅਨੁਸਾਰ ਜੀਵਨ ਦਾ ‘ਅਸਲਾ’, ਉਸ ਦੀ ਮੂਲ਼ ਟੇਕ, ਖੇੜਾ ਹੈ, ਅਤੇ ਉਹਨਾਂ ਆਪ ਖਿੜਨਾ ਹੈ ਅਤੇ ਆਪ ਖਿੜਨਾ ਤੇ ਹੋਰਨਾਂ ਨੂੰ ਖਿੜਾਉਣ ਹੀ, ਉਨ੍ਹਾਂ ਦੇ ਆਪਣੇ ਲਫਜ਼ਾਂ ਵਿਚ, ਜੀਵਨ ਦਾ ਮਨੋਰਥ ਹੈ:

ਦੇਣਾ ਬਣਦਾ ਰੂਪ ਹੈ, ਖੇੜੇ ਖਿੜ ਪਿਆ’
‘ਦੇਣਾ’ ਰੰਗ ਰੂਪ ਹੈ, ਚੜ੍ਹਦਾ ਮੁਸ਼ਕਿਆ।

ਸੰਨ 1814 ਦੇ ਸ਼ੁਰੂ ਵਿਚ, ਮੀਰ ਕਰਾਮਤੁੱਲਾ ਦੇ ‘ਚਸ਼ਮਾ ਇ ਹੱਯਾਤ’ ਦਾ ਜ਼ਿਕਰ ਕਰਦਿਆਂ, ਭਾਈ ਵੀਰ ਸਿੰਘ ਜੀ ਨੇ ਆਪ ਲਿਖਿਆ ਸੀ, “ਪੰਜਾਬੀ ਦੇ ਸ਼ਾਇਰ ਸਿੱਖ, ਮੁਸਲਮਾਨ ਤੇ ਹਿੰਦੂ ਸਾਰੇ ਹੀ ਹੁੰਦੇ ਹਨ। ਪਰ ਵੱਡੇ ਤਬਕੇ ਦੇ ਮੁਸਲਮਾਨਾਂ ਦਾ ਰੁਖ ਫਾਰਸੀ ਤੇ ਫਿਰ ਉਰਦੂ ਵੱਲ ਰਿਹਾ ਹੈ ਤੇ ਸਿੱਖ ਅਤੇ ਹਿੰਦੂਆਂ ਦਾ ਬ੍ਰਿਜ ਭਾਸ਼ਾ ਵੱਲ। ਸਿੱਖਾਂ ਵਿਚ ਵੀ ਬਾਬਾ ਸੁੱਖਾ ਸਿੰਘ ਬਾਬਾ ਰਤਨ ਸਿੰਘ, ਕਵੀ ਸੰਤੋਖ ਸਿੰਘ ਤੇ ਹੋਰ ਕਵੀ ਗੁਰਦਾਸ ਦੀਆਂ ਵਾਰਾਂ ਵਾਲੀ ਬੋਲੀ ਪਰ ਨਹੀਂ ਚੱਲੇ, ਪਰ ਬ੍ਰਿਜ ਭਾਸ਼ਾ ਵਿਚ ਰੁਕੇ ਰਹੇ ਭਾਵੇਂ ਜੈ ਸਿੰਘ ਆਦਿ ਠੇਠ ਪੰਜਾਬੀ ਦੇ ਕਵੀ ਵੀ ਹੁੰਦੇ ਰਹੇ ਹਨ, ਪਰ ਪਿਛਲੇ ਚਾਲ੍ਹੀ ਵਰ੍ਹਿਆਂ ਤੋਂ ਸਿੱਖਾਂ ਦਾ ਰੁੱਖ ਇਸ ਪਾਸੇ ਪਿਆ । ਪੰਡਤ ਹਜ਼ਾਰਾ ਸਿੰਘ ਜੀ, ਭਾਈ ਬਿਹਾਰੀ ਲਾਲ ਜੀ, ਭਾਈ ਦਿੱਤ ਸਿੰਘ ਜੀ, ਭਾਈ ਬਸੰਤ ਸਿੰਘ ਜੀ, ਭਾਈ ਸਰਦੂਲ ਸਿੰਘ ਜੀ, ਡਾ ਚਰਨ ਸਿੰਘ ਜੀ ਪੰਜਾਬੀ ਨਸਰ (ਗਦਯ) ਰਚਨਾ ਦੇ ਨਾਲ ਕਵਿਤਾ ਦੀ ਉਨਤੀ ਵੀ ਕਰਦੇ ਰਹੇ ਹਨ । ਸਿੱਖਾਂ ਦੇ ਸਿਵਾ ਹਿੰਦੂਆਂ ਵਿਚ ਕਾਲੀ ਦਾਸ ਆਦਿਕ ਤੇ ਮੁਸਲਮਾਨਾਂ ਵਿਚ ਬਰਕ, ਫ਼ਰੂਕ ਕੁਸ਼ਤਾ ਆਦਿਕ ਕਵੀ ਪੰਜਾਬੀ ਕਵਿਤਾ ਵਿਚ ਰਚਨਾ ਕਰਦੇ ਰਹੇ ਹਨ ।

ਭਾਈ ਦਿੱਤ ਸਿੰਘ ਦੇ ਵਕਤ ਤੋਂ ਪੰਜਾਬੀ ਕਵਿਤਾ ਵੱਲ ਆਮ ਰੁੱਖ ਲਿਆਉਣ ਵਾਸਤੇ ਇਹੀ ਯਤਨ ਰਿਹਾ ਹੈ ਕਿ ਪੰਜਾਬੀ ਕਵਿਤਾ ਲਿਖਣ ਅਰ ਪੰਜਾਬੀ ਬ੍ਰਿਜ ਭਾਸ਼ਾ ਦੇ ਕਵੀ ਆਪਣੀ ਮਾਦਰੀ ਬੋਲੀ ਵਿਚ ਲਿਿਖਆ ਕਰਨ । ਬਾਬਾ ਸਮੇਰ ਸਿੰਘ ਨੇ ਵੀ ਰੁਖ ਮੋੜ ਲਿਆ ਅਤੇ ਪੰਜ ਕਬਿੱਤ ਠੇਠ ਪੰਜਾਬੀ ਵਿਚ ਰਾਣਾ ਸੁਰਤ ਸਿੰਘ ਦੀ ਪ੍ਰਸੰਸਾ ਦੇ ਉਨ੍ਹਾ ਨੇ ਸਾਨੂੰ ਰਚ ਕੇ ਸੁਣਾਏ ਸੀ ਅਤੇ ਪ੍ਰਣ ਕੀਤਾ ਸੀ ਕਿ ਜੇ ਵੱਲ ਹੋ ਗਏ ਤਾਂ ਪੰਜਾਬੀ ਕਵਿਤਾ ਲਿਖਿਆ ਕਰਾਂਗੇ, ਪਰ ਸਰੀਰ ਨੇ ਹਾਰ ਦੇ ਦਿੱਤੀ । ਪੁਰਾਣੇ ਕਵੀਆਂ ਦੀ ਇੳਂ ਸਮਾਪਤੀ ਹੋ ਗਈ ਸੀ ਤੇ ਉਧਰ ‘ਖਾਲਸਾ ਸਮਾਚਾਰ’ ਪਬਲਿਕ ਵਿਚ ਪੰਜਾਬੀ ਲਿਟਰੇਚਰ ਅਤੇ ਕਵਿਤਾ ਦਾ ਪ੍ਰੇਮ ਵਧਾਉਣ ਦਾ ਯਤਨ ਕਰ ਰਿਹਾ ਸੀ। ਪਹਿਲੋਂ ਪਹਿਲ ਆਮ ਲੋਕਾਂ ਨੇ ਕਲਮ ਫੜੀ ਅਤੇ ਉਹਨਾਂ ਦੀ ਜਦ ਦਿਲਜੋਈ ਹੋਈ ਤਾਂ ਹੀ ਸੱਜਣ ਲਿਖਣ ਲੱਗ ਪਏ। ਇਸ ਸ਼ੱਕ ਵਿਚ ਕਈ ਪਿੰਗਲ ਸਾਹਿਤ ਤੋਂ ਆਗਿਅਯਾਤ ਚੀ ਆਉਣ ਲੱਗ ਪਏ, ਪਰ ਜਿਸ ਚੀਜ਼ ਨੂੰ ਤੁਸੀਂ ਹੋਂਦ ਵਿੱਚ ਲਿਆਉਣਾ ਚਾਹੋ ਉਸ ਲਈ ਪਹਿਲੇ ਭਰੀਆਂ ਹੀ ਤਿਆਰ ਹੁੰਦੀਆਂ ਹਨ, ਦਾਣੇ ਨਹੀਂ ਹੋਇਆ ਕਰਦੇ। ਪਰ ਸਮਾਚਾਰ ਦੇ ਇਸ ਯਤਨ ਨਾਲ ਪੰਜਾਬੀ ਕਵਿਤਾ ਦਾ ਸ਼ੌਕ ਵਧਿਆ, ਅਤੇ ਹੁਣ ਆਮ ਰੁਖ ਲੇਖਕਾਂ ਤੇ ਪਾਠਕਾਂ ਦਾ ਪੰਜਾਬੀ ਵੰਨੇ ਹੈ।

“ਆਪ ਦੀ ਕਲਮ ਨੇ ਇੱਕ ਨਵਾ ਰਸਾਲ ਪ੍ਰਵਾਹ ਚਲਾ ਦਿੱਤਾ ਜੋ ਸਭਨਾਂ ਉਪਰ- ਛਾ ਗਿਆ ਤੇ ਪੰਜਾਬੀ ਵਿਚ ਲਿਖਣ ਵਾਲਿਆਂ ਦੀ ਭਾਈ ਸਾਹਿਬ ਦੀ ਆਪਣੀ ਲਿਖਣ -ਸ਼ੈਲੀ ਦੇ ਅਧਾਰ, ਤੇ ਇੱਕ ਸ਼੍ਰੇਣੀ ਪੈਦਾ ਹੈ ਗਈ । ਆਪ ਦੇ ਸੰਪਰਕ ਵਿਚ ਆਉੁਂਦੇ ਰਹੇ ਸਭ ਵਿਦਵਾਨ ਤੇ ਸਾਹਿਤਕਾਰ ਇਸੇ ਰੰਗ ਵਿਚ ਰੰਗੇ ਜਾਣ ਲੱਗ ਪਏ । ਇਸ ਦੇ ਫਲਸਰੂਪ ਹੌਲੀ-ਹੌਲੀ ਪੰਜਾਬੀਆਂ ਲਈ ਪੰਜਾਬੀ ਵਿਚ ਹੀ ਲਿਖਣ ਤੇ ਪ੍ਰਕਾਸ਼ਨ ਦੀ ਲਹਿਰ ਚਲ ਪਈ। ਲਾਲਾ ਧਨੀ ਰਾਮ ਚਾਤ੍ਰਿਕ, ਸ.ਚਰਨ ਸਿੰਘ ਸ਼ਹੀਦ, ਭਾਈ ਮੋਹਣ ਸਿੰਘ ਵੈਦ, ਭਾਈ ਕਾਹਨ ਸਿੰਘ ਨਾਭਾ, ਪ੍ਰੋ ਪੂਰਨ ਸਿੰਘ ਤੇ ਭਾਈ ਸੇਵਾ ਸਿੰਘ ਆਦਿ ਦੀ ਕਿਰਤ ਬਹੁਤੀ ਇਸੇ ਲਹਿਰ ਦੀ ਉਪਜ ਹੈ।

ਇਨ੍ਹਾਂ ਵਿਚੇ ਚਾਤ੍ਰਿਕ ਜੀ ਨੇ ਤਾਂ ਆਪ ਦੱਸਿਆ ਹੈ, ”ਪੰਜਾਬੀ ਬੋਲੀ ਨੇ ਜੇ ਇੱਡਾ ਵਡਾ ਮਾਣ ਆਪਣੇ ਸਾਰੇ ਪੰਜਾਬੀਆਂ ਪਾਸੋਂ ਪਾਪਤ ਕਰ ਲੀਤਾ ਹੈ ਉਸ ਦੀ ਬੁਨਿਆਦ ਰੱਖਣ ਵਾਲੇ ਭਾਈ ਸਾਹਿਬ ਹੀ ਹਨ। ਆਪ ਦੇ ਪੈੜ-ਚਿੱਤਰਾਂ ਉਤੇ ਤੁਰ ਕੇ ਹੋਰ ਅਨੇਕਾਂ ਮੇਰੇ ਵਰਗੇ ਲਿਖਾਰੀਆਂ ਨੇ ਸੇਵਾ ਵਿਚ ਹਿੱਸਾ ਪਾਇਆ ਹੈ ਅਤੇ ਅੱਜ ਪੰਜਾਬੀ ਇੱਕ ਸਿਖਰ ਉੱਤੇ ਖਲੋਤੀ ਹੋਈ ਬੋਲੀ ਹੋਰ ਬੋਲੀਆਂ ਦੇ ਬਰਾਬਰ ਜਾ ਖਲ੍ਹੋਣ ਦਾ ਮਾਣ ਮਰਤਬਾ ਪ੍ਰਾਪਤ ਕਰ ਰਹੀ ਹੈ । ਇਸ ਸਾਰੀ ਵਿਜੈ ਦਾ ਸਿਹਰਾ ਭਾਈ ਸਾਹਿਬ ਦੇ ਸੀਸ ‘ਤੇ ਸੱਜਿਆਂ ਹੋਇਆ ਹੈ ਮੈਨੂੰ ਫ਼ਖ਼ਰ ਹੈ ਕਿ ਮੈਂ ਪੂਰੇ ਅਠਾਰਾਂ ਸਾਲਾਂ ਆਪ ਦੀਆਂ – ਨਿਗ੍ਹਾਂ ਹੇਠਾਂ ਗੁਜ਼ਾਰੇ ਤੇ ਆਪ ਦੀ ਛਤਰ-ਛਾਇਆ ਹੇਠ ਵਿਕਾਸ ਪ੍ਰਾਪਤ ਕੀਤਾ ।

ਭਾਈ ਵੀਰ ਸਿੰਘ ਜੀ

ਇਉਂ ਹੀ ਪੂਰਨ ਸਿੰਘ ਨੇ ਸਾਫ ਮੰਨਿਆ ਹੈ ਕਿ “ਪੰਜਾਬੀ ਬੋਲੀ ਮੈਂ ਮਾਂ ਦੇ ਦੁੱਧ ਨਾਲ ਇੰਨੀ ਨਹੀਂ ਸਿੱਖੀ, ਹੁਣ ਵੀ ਪੈਂਤੀ ਦੇ ਕਈ ਅੱਖਰ ਮੈਨੂੰ ਲਿਖਣੇ ਨਹੀਂ ਆਉਦੇ ਪਰ ਜਦ ਮੁੜ ਮੈਂ ਘਰ ਆਇਆ, ਬਾਪੂ ਨੇ ਦਿਲਾਸਾ ਦਿੱਤਾ ਉਹ ਗੁਰੂ ਦੀ ਮਿਹਰ ਦਾ ਦਰਵਾਜ਼ਾ ਜਿਥੋਂ ਮੈਂ ਨੱਸ ਕੇ ਚਲਾ ਗਿਆ ਸੀ, ਮੁੜ ਖੁਲ੍ਹਿਆ, ਮੈਨੂੰ ਮੁੜ ਦਾਖਲ ਕੀਤਾ ਗਿਆ ਉਸ ਸੁਭਾਗ ਘੜੀ ਗੁਰੂ ਜੀ ਦੇ ਦਰ ‘ਤੇ ਇੱਕ ਮਹਾਪੁਰਖ ਦੇ ਦੀਦਾਰ ਹੋਏ, ਆਪ ਦੀ ਕ੍ਰਿਪਾ ਕਟਾਖਯ ਨਾਲ ਪੰਜਾਬੀ ਸਾਹਿਤਯ ਦਾ ਸਾਰਾ ਬੋਧ ਤੇ ਖਿਆਲ ਦੀ ਉਡਾਰੀ ਆਈ। ਕਵਿਤਾ ਵੀ ਮਿਲੀ ਤੇ ਉਸੀ ਮਿਹਰ ਦੀ ਨਜ਼ਰ ਵਿਚ, ਉਸੀ ਮਿੱਠੇ ਸਾਧ ਵਚਨ ਵਿਚ ਮੈਨੂੰ ਪੰਜਾਬੀ ਬੋਲੀ ਆਪ ਮੁਹਾਰੀ ਆਈ।

ਭਾਈ ਸਾਹਿਬ ਦੀ ਪੰਜਾਬੀ ਬੋਲੀ ਨੂੰ ਦਿੱਤੀ ਅਜਿਹੀ ਨਵੀਂ ਸ਼ਕਤੀ ਦਾ ਜਾਇਜ਼ਾ ਲੈਂਦਿਆਂ ਇਹ ਵੀ ਤਾਂ ਮਗਰੋਂ ਪੂਰਨ ਸਿੰਘ ਨੇ ਹੀ ਲਿਖਿਆ ਸੀ ਕਿ “ ਭਾਈ ਵੀਰ ਸਿੰਘ ਆਪਣੇ ਆਪ ਵਿੱਚ ਇਕ ਯੁੱਗ ਹਨ। ਉਨ੍ਹਾ ਦੇ ਪ੍ਰਵੇਸ਼ ਨਾਲ ਨਵੀਂ ਪੰਜਾਬੀ ਬੋਲੀ ਦਾ ਮੁੱਢ ਬੱਝਿਆ ਹੈ। ਉਨ੍ਹਾਂ ਨੇ ਹੀ ਇਸ ਨੂੰ ਇੱਕ ਨਵੀਂ ਸ਼ੈਲ਼ੀ, ਨਵੀਂ ਲੈਅ ਤੇ ਇੱਕ ਨਵਾਂ ਵੇਗ ਬਖਸ਼ਿਆ ਹੈ”।

ਜਨਵਰੀ 1990 ਵਿਚ ‘ਖਾਲਸਾ ਸਮਾਚਾਰ’ ਦੇ ਇੱਕ ਮੁੱਖ-ਲੇਖ ‘ਮਾਦਰੀ ਬੋਲੀ’ ਵਿਚ ਉਨ੍ਹਾਂ ਨੇ ਬੰਗਾਲੀ ਭਰਾਵਾਂ ਤੇ ਮਾਤ ਬੋਲੀ ਪਿਆਰ ਦਾ ਜ਼ਿਕਰ ਕਰਦਿਆਂ , ਪੰਜਾਬ ਵਾਸੀਆਂ ਬਾਰੇ ਬੜੇ ਅਰਮਾਨ ਨਾਲ ਲਿਖਿਆ ਸੀ, “ਇਸੇ ਇਕ ਗੱਲ ਨੂੰ ਲੈੈ ਕੇ ਅਸੀਂ ਪੰਜਾਬੀਆਂ ਵੱਲ ਵੇਖਦੇ ਹਾਂ ਤਾਂ ਦੂਜੇ ਲੋਕਾਂ ਦੇ ‘ਢੱਗੇ’ ਹੀ ਦਿਸਦੇ ਹਨ। ਕਈਂ ਲੋਕ ਤਾਂ ਉਰਦੂ ਬੋਲੀ ਨੂੰ ਫੈਲਾ ਰਹੇ ਹਨ, ਪੰਜਾਬੀ ਨੂੰ ‘ਜੱਟਕੀ ਬੋਲੀ’ ਕਰਕੇ ਨੱਕ ਵੱਟਦੇ ਹਨ ਦੂਜੇ ਕਈਂ ਲੋਕ ਐਸੇ ਹਨ ਜੋ ਹਿੰਦੀ ਬੋਲੀ ਨੂੰ ਫੈਲਾਉਂਦੇ ਹਨ ਅਤੇ ਪੰਜਾਬੀ ਨੂੰ ਗ੍ਰਾਮੀਣ ਭਾਸ਼ਾ ਕਹਿੰਦੇ ਹਨ। ਅਤੇ ਤਮਾਸ਼ਾ ਇਹ ਹੈ ਕਿ ਇਨ੍ਹਾਂ ਪੰਜਾਬੀਆਂ ਦੇ ਉਰਦੂ ਤੇ ਹਿੰਦੀ ਲਿਖਣ ਵਾਲਿਆਂ ਦੀ ਕਦਰ ਹਿੰਦੁਸਤਾਨ ਦੇ ਲੋਕ ਰਤਾ ਨਹੀਂ ਕਰਦੇ ਕਿੳਂਕਿ ਇਹ ਲੋਕ ਉਨ੍ਹਾਂ ਵਰਗਾ ਸੁਥਰਾ ਨਹੀਂ ਲਿਖ ਸਕਦੇ। ਕਾਂ ਹੰਸਾਂ ਦੀ ਬੋਲੀ ਬੋਲਦੇ ਨਾ ਹੰਸਾ ਵਿਚ ਆਦਰ ਪਾੳਂਦੇ ਹਨ ਨਾਂ ਕਾਂਵਾਂ ਵਿੱਚ। ਦੂਜੇ ਦੇਸ਼ ਦੀ ਬ੍ਰਿਧੀ ਰਤਾ ਨਹੀਂ ਹੁੰਦੀ। ਜਿੰਨਾ ਚਿਰ ਉਰਦੂ ਅਤੇ ਹਿੰਦੀ ਬੋਲੀ ਸਮਝਣ ਪੁਰ ਐਵੇਂ ਲੰਗ ਜਾਂਦਾ ਹੈ, ਉਨੇ ਚਿਰ ਵਿਚ ਪੰਜਾਬ ਦੇ ਕਈ ਪੁਸਤਕ ਪੜ੍ਹੇ ਜਾਂਦੇ ਹਨ” ਅੱਜ ਤੋਂ 72 ਵਰ੍ਹੇ ਪਹਿਲਾਂ ਪ੍ਰਗਟ ਹੋਏ ਇਹੀ ਵਿਚਾਰ ਜਿੱਥੇ ਹਿੰਦ–ਪਾਕਿ ਦੀ ਭਾਸ਼ਾ ਸਮੱਸਿਆ ਲਈ ਗਾਡੀ ਰਾਹ ਜਾਪਦੇ ਹਨ, ੳਥੇ ਭਾਈ ਸਾਹਿਬ ਦੇ ਪਿਆਰ ਡੁਲ੍ਹ-ਡੁਲ਼੍ਹ ਪੈਂਦੇ ਦਿਲ ਅਤੇ ਇਹਨੂੰ ਉਨਤ ਕਰਨ ਲਈ ਬਲ-ਬਲ ਪੈਂਦੀ ਰੀਝ ਉੱਤੇ ਵੀ ਝਾਤ ਪੁਆਉਂਦੇ ਹਨ।

ਅੱਜ ਜਦੋਂ ਪੰਜਾਬੀ ਆਪਣੇ ਆਪ ਵਿਚ ਆ ਚੁੱਕੀ ਹੈ ਅਤੇ ਭਾਈ ਸਾਹਿਬ ਦੀਆਂ ਉਕਤ ਵੰਗਾਰਾਂ ਨੂੰ ਮੰਨਣ ਤੇ ਸੁਫਨਿਆਂ ਨੂੰ ਸਾਕਾਰਨ ਦੇ ਯੋਗ ਹੋ ਗਈ ਹੈ ਤਾਂ ਉਨ੍ਹਾਂ ਦੀ ਇਹਨੂੰ ਹਰ ਪੱਖੋਂ ਉੱਨਤ ਤੇ ਪ੍ਰਫੁੱਲਤ ਕਰਨ ਲਈ ਕੀਤੀ ਹੋਈ ਇਹ ਘਾਲ ਤੇ ਦੇਣ ਵਧੇਰੇ ਚਮਕਣ ਲੱਗ ਪਈ ਹੈ। ਇਸ ਲਈ ਕੇਵਲ ਇਸੇ ਸਦਕੇ ਉਨ੍ਹਾਂ ਨੂੰ ਵਰਤਮਾਨ ਪੰਜਾਬੀ ਦੇ ਪਿਤਾ, ਇਸ ਦੇ ਮੁੱਖ ਸਰਪ੍ਰਸਤ, ਮੋਢੀ ਉਸਰਈਏ ਤੇ ਸ਼੍ਰੋਮਣੀ ਸਾਹਿਤਕਾਰ ਆਖਿਆ ਜਾਏ ਤਾਂ ਇਹ ਕੋਈ ਅਤਿਕਥਨੀ ਨਹੀਂ ਹੋਵੇਗੀ।

0 0 votes
Article Rating
Subscribe
Notify of
0 ਟਿੱਪਣੀਆਂ
Inline Feedbacks
View all comments
0
Would love your thoughts, please comment.x
()
x