ਸਿੱਖ ਰਾਜ ਦਾ ਆਖਰੀ ਮਹਾਰਾਜਾ – ਮਹਾਰਾਜਾ ਦਲੀਪ ਸਿੰਘ

ਸਿੱਖ ਰਾਜ ਦਾ ਆਖਰੀ ਮਹਾਰਾਜਾ  – ਮਹਾਰਾਜਾ ਦਲੀਪ ਸਿੰਘ

ਮਹਾਰਾਜਾ ਦਲੀਪ ਸਿੰਘ ਦਾ ਜਨਮ 6 ਸਤੰਬਰ 1838 ਨੂੰ ਮਹਾਰਾਣੀ ਜਿੰਦ ਕੌਰ ਦੀ ਕੁੱਖੋਂ ਹੋਇਆ। ਉਹ ਮਹਾਰਾਜਾ ਰਣਜੀਤ ਸਿੰਘ ਦਾ ਸਭ ਤੋਂ ਛੋਟਾ ਸਪੁੱਤਰ ਸੀ। ਉਸਦੇ ਜਨਮ ਤੋਂ ਲਗਭਗ ਸਾਲ ਬਾਅਦ ਹੀ ਮਹਾਰਾਜਾ ਚੜ੍ਹਾਈ ਕਰ ਗਿਆ। ਲਾਹੌਰ ਦਰਬਾਰ ਵਿਚ ਖਾਨਜੰਗੀ ਸ਼ੁਰੂ ਹੋ ਗਈ। ਰਾਜਾ ਖੜਕ ਸਿੰਘ, ਕੰਵਰ ਨੌਨਿਹਾਲ ਸਿੰਘ, ਮਹਾਰਾਣੀ ਚੰਦ ਕੌਰ ਅਤੇ ਰਾਜਾ ਸ਼ੇਰ ਸਿੰਘ ਚਾਰ ਸਾਲਾਂ ਵਿਚ ਸਭ ਦਾ ਕਤਲ ਹੋ ਗਿਆ।

 

ਸੰਧਾਵਾਲੀਆ ਸਰਦਾਰਾਂ ਨੇ ਰਾਜਾ ਸ਼ੇਰ ਸਿੰਘ ਨੂੰ ਅਤੇ ਧਿਆਨ ਸਿੰਘ ਡੋਗਰੇ ਨੂੰ ਮਾਰਨ ਤੋਂ ਬਾਅਦ ੧੫ ਸਤੰਬਰ ੧੮੪੩ ਨੂੰ ਮਹਾਰਾਜਾ ਦਲੀਪ ਸਿੰਘ ਨੂੰ ਰਾਜ ਤਿਲਕ ਦਿੱਤਾ, ਉਸ ਸਮੇਂ ਉਸਦੀ ਉਮਰ ੫ ਸਾਲ ਸੀ। ਅੰਗਰੇਜ਼ਾਂ ਨਾਲ ਹੋਈਆਂ ਦੋ ਸਿੱਖ ਜੰਗਾਂ ਬਾਅਦ ਜਿਸ ਤਰ੍ਹਾਂ ਸਿੱਖ ਰਾਜ ਨੂੰ ਹੜਪ ਲਿਆ ਗਿਆ ਉਹ ਇਕ ਲੰਬੀ ਦਰਦਨਾਕ ਕਹਾਣੀ ਹੈ। ਮਹਾਰਾਜਾ ਦਲੀਪ ਸਿੰਘ ਨੂੰ ਅੰਗਰੇਜ਼ ਇੰਗਲੈਂਡ ਲੈ ਗਏ ਅਤੇ ਮਹਾਰਾਣੀ ਨੂੰ ਕੈਦ ਕਰ ਕੇ ਦੇਸ਼ ਨਿਕਾਲਾ ਦੇ ਦਿੱਤਾ। ਮਹਾਰਾਣੀ ਜਿੰਦ ਕੌਰ ਨੇ ਆਪਣਾ ਰਾਜ ਅਤੇ ਆਪਣਾ ਬੇਟਾ ਵਾਪਸ ਲੈਣ ਦੀਆਂ ਕਈ ਵਾਰ ਸਿਰਤੋੜ ਕੋਸ਼ਿਸ਼ਾਂ ਕੀਤੀਆਂ ਜਿਨ੍ਹਾਂ ਵਿਚੋਂ ਉਹ ਅਸਫਲ ਰਹੀ ਪਰ ਉਸਦੇ ਮਰਨ ਤਕ ਅੰਗਰੇਜ਼ ਉਸ ਤੋਂ ਭੈਅ ਖਾਂਦੇ ਰਹੇ। ਮਹਾਰਾਜਾ ਦਲੀਪ ਸਿੰਘ ਇੰਗਲੈਂਡ ਜਾ ਕੇ ਛੋਟੀ ਉਮਰ ਵਿਚ ਹੀ ਇਸਾਈ ਹੋ ਗਿਆ ਪਰ ਜਦੋਂ ਉਹ ਵੱਡਾ ਹੋਇਆ ਅਤੇ ਹੌਲੀ ਹੌਲੀ ਉਸਨੂੰ ਸਮਝ ਆਈ ਤਾਂ ਉਸਦਾ ਮਨ ਅੰਗਰੇਜ਼ਾਂ ਦੇ ਸੁਭਾਅ ਅਤੇ ਦੇਸ਼ ਤੋਂ ਉਕਤਾਉਣ ਲੱਗਿਆ। ਜਦੋਂ ਉਹ ਪਹਿਲੀ ਵਾਰ ਹਿੰਦੁਸਤਾਨ ਆਇਆ, ਆਪਣੀ ਮਾਂ ਨੂੰ ਮਿਲਿਆ ਤਾਂ ਉਸਨੂੰ ਆਪਣੇ ਵਿਰਸੇ ਦੀ ਮੁੜ ਛੋਹ ਲੱਗੀ।

ਮਹਾਰਾਜਾ ਦਲੀਪ ਸਿੰਘ ਨੇ ਆਪਣੀ ਮਾਂ ਨੂੰ ਆਪਣੇ ਨਾਲ ਇੰਗਲੈਂਡ ਲਿਜਾਣ ਦੀ ਇੱਛਾ ਜਾਹਰ ਕੀਤੀ ਤਾਂ ਅੰਗਰੇਜ਼ਾਂ ਨੇ ਖੁਸ਼ੀ ਖੁਸ਼ੀ ਪਰਵਾਨ ਕਰ ਲਈ ਕਿਉਂਕਿ ਏਥੋਂ ਦੇ ਅੰਗਰੇਜ਼ ਹਾਕਮ ਮਹਾਰਾਣੀ ਨੂੰ ਸਦਾ ਖਤਰਾ ਸਮਝਦੇ ਸਨ ਜਦੋਂ ਮਹਾਰਾਣੀ ਇੰਗਲੈਂਡ ਚਲੀ ਗਈ ਤਾਂ ਕੁਝ ਚਿਰਾਂ ਬਾਅਦ ਹੀ ਮਹਾਰਾਜਾ ਦਲੀਪ ਸਿੰਘ ਨੇ ਇਸਾਈਅਤ ਵਿਚ ਆਪਣਾ ਯਕੀਨ ਪ੍ਰਗਟਾਉਣਾ ਛੱਡ ਦਿੱਤਾ ਅਤੇ ਉਹ ਆਪਣੇ ਰਾਜ ਦੀਆਂ ਗੱਲਾਂ ਕਰਨ ਲੱਗ ਗਿਆ। ਇਸ ਗੱਲ ਤੋਂ ਅੰਗਰੇਜ਼ ਬਹੁਤ ਖਫਾ ਹੋਏ ਉਨ੍ਹਾਂ ਦੇ ਜਬਰਦਸਤੀ ਮਾਂ-ਪੁੱਤ ਨੂੰ ਅੱਡ ਕਰ ਦਿੱਤਾ।

 

ਮਹਾਰਾਣੀ, ਜਿਹੜੀ ਕਿ ਚਿਨਾਰ ਅਤੇ ਨੇਪਾਲ ਦੇ ਕਿਲ੍ਹਿਆਂ ਵਿਚ ਰਹਿੰਦੀ ਅੰਨ੍ਹੀ ਹੋ ਚੁੱਕੀ ਸੀ, ਪੁੱਤ ਦੇ ਕੋਲੇ ਰਹਿੰਦਿਆਂ ਵੀ ਦੂਰ ਹੋਣ ਦੇ ਸੱਲ ਵਿਚ ਥੋੜੇ ਦਿਨਾਂ ਵਿਚ ਹੀ ਚੱਲ ਵਸੀ। ਉਸਦੀ ਆਖਰੀ ਇੱਛਾ ਸੀ ਕਿ ਉਸਦਾ ਸਸਕਾਰ ਮਹਾਰਾਜਾ ਰਣਜੀਤ ਸਿੰਘ ਦੀ ਸਮਾਧ ਕੋਲ ਕੀਤਾ ਜਾਵੇ ਪਰ ਅੰਗਰੇਜ਼ ਸਰਕਾਰ ਨੇ ਕਈ ਮਹੀਨਿਆਂ ਦੀ ਤਰਲਾ ਮਿਨਤ ਬਾਅਦ ਵੀ ਮਹਾਰਾਜੇ ਨੂੰ ਪੰਜਾਬ ਜਾਣ ਦੀ ਆਗਿਆ ਨਾ ਦਿੱਤੀ ਅਖੀਰ ਉਹ ਕਲਕੱਤੇ ਦੇ ਕੋਲ ਇਕ ਦਰਿਆ ਦੇ ਕਿਨਾਰੇ ਸਸਕਾਰ ਕਰ ਕੇ ਮੁੜ ਗਿਆ।

ਇਥੋਂ ਮੁੜਕੇ ਇੰਗਲੈਂਡ ਜਾਣ ਤੋਂ ਥੋੜਾ ਚਿਰ ਬਾਅਦ ਉਸਨੇ ਅੰਗਰੇਜ਼ੀ ਸਰਕਾਰ ਤੋਂ ਮੰਗ ਕੀਤੀ ਕਿ ਅਹਿਦਨਾਮੇ ਦੇ ਮੁਤਾਬਕ ਮੈਂ ਬਾਲਗ ਹੋ ਚੁਕਿਆ ਹਾਂ ਮੇਰਾ ਰਾਜ ਮੈਨੂੰ ਵਾਪਸ ਕੀਤਾ ਜਾਵੇ। ਕੁਝ ਚਿਰ ਕਾਨੂੰਨੀ ਚਾਰਾਜੋਈ ਕਰਨ ਤੋਂ ਬਾਅਦ ਮਹਾਰਾਜਾ ਨਿਰਾਸ਼ ਹੋ ਕੇ ਇੰਗਲੈਂਡ ਛੱਡ ਕੇ ਫਰਾਂਸ ਚਲਾ ਗਿਆ ਤੇ ਉਥੋਂ ਦੀ ਸਰਕਾਰ ਕੋਲ ਅੰਗਰੇਜ਼ਾਂ ਖਿਲਾਫ ਮਦਦ ਦੀ ਮੰਗ ਕੀਤੀ।

ਫਰਾਂਸ ਸਰਕਾਰ ਨੇ ਉਸਦੀ ਕੋਈ ਸਹਾਇਤਾ ਨਾ ਕੀਤੀ। ਏਥੋਂ ਅੱਗੇ ਉਹ ਰੂਸ ਚਲਾ ਗਿਆ। ਉਥੋਂ ਦੇ ਬਾਦਸ਼ਾਹ ਕੋਲੋਂ ਮੰਗ ਕੀਤੀ ਕਿ ਮੇਰਾ ਰਾਜ ਵਾਪਸ ਲੈਣ ਵਿਚ ਮੇਰੀ ਸਹਾਇਤਾ ਕੀਤੀ ਜਾਵੇ। ਪਰ ਰੂਸ ਦੇ ਬਾਦਸ਼ਾਹ ਨੇ ਉਸਨੂੰ ਮਿਲਣਾ ਵੀ ਮੁਨਾਸਬ ਨਾ ਸਮਝਿਆ। ਉਸਨੇ ਹਿੰਦੁਸਤਾਨ ਦੇ ਅਖ਼ਬਾਰਾਂ ਵਿਚ ਚਿੱਠੀਆਂ ਛਪਵਾ ਕੇ ਪੰਜਾਬ ਅਤੇ ਹਿੰਦੁਸਤਾਨ ਦੇ ਲੋਕਾਂ ਨੂੰ ਆਪਣੀ ਸਹਾਇਤਾ ਕਰਨ ਲਈ ਆਖਿਆ।

ਸਿੱਖਾਂ ਦਾ ਇਹ ਮਹਾਰਾਜਾ ਕਈ ਵਰੇ ਰੂਸ ਅਤੇ ਫਰਾਂਸ ਦੀਆਂ ਗਲੀਆਂ ਦੀਆਂ ਖਾਕ ਛਾਣਦਾ ਹੋਇਆ ਬਿਮਾਰੀ ਅਤੇ ਗਰੀਬੀ ਦੀ ਹਾਲਤ ਵਿਚ ਫਰਾਂਸ ਦੇ ਗਰੈਂਡ ਹੋਟਲ ਵਿਚ 22 ਅਕਤੂਬਰ 1893 ਨੂੰ ਸਦਾ ਲਈ ਅੱਖਾਂ ਮੀਟ ਗਿਆ। ਉਸਦੇ ਪੁੱਤਰ ਨੇ ਉਸਦੀ ਕਬਰ ਇੰਗਲੈਂਡ ਵਿਚ ਆਪਣੀ ਮਾਂ ਕੋਲ ਬਣਵਾਈ। ਉਸਦੀ ਅਰਥੀ ਉੱਤੇ ਅੰਗਰੇਜ਼ੀ ਸਰਕਾਰ ਦੀ ਮਹਾਰਾਣੀ ਨੇ ਫੁੱਲਾਂ ਦਾ ਗੁਲਦਸਤਾ ਭੇਟ ਕੀਤਾ।

ਸੋਹਣ ਸਿੰਘ ਸੀਤਲ ਨੇ ਮਹਾਰਾਜਾ ਦਲੀਪ ਸਿੰਘ ਬਾਬਤ

ਜੋ ਉੜਦੇ ਅਰਸ਼ ‘ਤੇ ਪਲਾਂ ‘ਚ ਪਟਕਦੇ ਫਰਸ਼ ‘ਤੇ ਵੇਖੇ
ਤੇ ਪੈਰਾਂ ਵਿਚ ਰੁਲਦੇ ਕਈ ਚੜ੍ਹੇ ਅਸਮਾਨ ਵੇਖੇ ਨੇ
ਤਖ਼ਤ ‘ਤੇ ਬੈਠਿਆਂ ਹੈ ਵੇਖਿਆਂ ਬੇਘਰੇ ਗੁਲਾਮਾਂ ਨੂੰ
ਤੇ ਮੰਗਦੇ ਭੀਖ ਗਲੀਆਂ ਵਿਚ ਕਈ ਸਨਮਾਨ ਵੇਖੇ

0 0 votes
Article Rating
Subscribe
Notify of
0 ਟਿੱਪਣੀਆਂ
Inline Feedbacks
View all comments
0
Would love your thoughts, please comment.x
()
x