ਸਿੱਖੀ ਸੁਰਤ ਨੂੰ ਭੰਗ ਕਰਨ ਵਾਲਾ ਰਾਹ ਗੁਰਮਤਿ ਦੇ ਤ੍ਰੈਕਾਲੀ ਕੌਤਕਾਂ ਦੀ ਫਿਲਮਕਾਰੀ

ਸਿੱਖੀ ਸੁਰਤ ਨੂੰ ਭੰਗ ਕਰਨ ਵਾਲਾ ਰਾਹ ਗੁਰਮਤਿ ਦੇ ਤ੍ਰੈਕਾਲੀ ਕੌਤਕਾਂ ਦੀ ਫਿਲਮਕਾਰੀ

ਫ਼ਿਲਮਾਂ ਰਾਹੀਂ ਗੁਰੂ-ਇਤਿਹਾਸ ਜਾਂ ਸਿੱਖ-ਇਤਿਹਾਸ ਦੇ ਪ੍ਰਚਾਰ-ਪ੍ਰਸਾਰ ਦੇ ਹੱਕ ‘ਚ ਇਕ ਇਹ ਦਲੀਲ ਵੀ ਦਿੱਤੀ ਜਾਂਦੀ ਹੈ ਕਿ ਜੇਕਰ ਪੁਰਾਤਨ ਸਮਿਆਂ ਤੋਂ ਸਾਡੇ ਇਤਿਹਾਸਕ ਗ੍ਰੰਥਾਂ ਅੰਦਰ ਸ਼ਬਦਾਂ ਰਾਹੀਂ ਸਿੱਖ ਇਤਿਹਾਸ ਦਾ ਚਿਤਰਣ ਕੀਤਾ ਗਿਆ ਹੈ ਤਾਂ ਫ਼ਿਲਮਾਂ ਰਾਹੀਂ ਇਸ ਦੇ ਚਿਤਰਨ ‘ਤੇ ਇਤਰਾਜ਼ ਕਿਉਂ? ਦਰਅਸਲ ਸ਼ਬਦ ਅਤੇ ਫ਼ਿਲਮੀ ਦ੍ਰਿਸ਼ ਵਿਚ ਬੁਨਿਆਦੀ ਫ਼ਰਕ ਇਹ ਹੈ ਕਿ ਫ਼ਿਲਮ ‘ਚ ਕੈਦ ਹੋਇਆ ਦ੍ਰਿਸ਼ ਇਕ ਬੱਝਵਾਂ ਬਿੰਬ ਸਿਰਜ ਦਿੰਦਾ ਹੈ ਅਤੇ ਉਹ ਅਹਿਸਾਸ ਨੂੰ ਹੋਰ ਮੌਲਣ ਵਿਗਸਣ ਦੀ ਖੁੱਲ੍ਹ ਨਹੀਂ ਦਿੰਦਾ। ਆਪਣੇ ਅਹਿਸਾਸ ਅਤੇ ਅਨੁਭਵ ਵਿਚੋਂ ਸਮਝ ਕੇ ਮੌਲਣ, ਵਿਗਸਣ ਅਤੇ ਰਹੱਸ ਨੂੰ ਮਾਣਨ ਦੀ ਖੁੱਲ੍ਹ ਸਿਰਫ਼ ਸ਼ਬਦ ਹੀ ਦਿੰਦਾ ਹੈ, ਕਿਉਂਕਿ ਸ਼ਬਦ ਦੀ ਅਸੀਮ ਡੂੰਘਾਈ ਹੈ ਅਤੇ ਇਸ ਅਥਾਹ ਸਾਗਰ ਵਿਚ ਮਨੁੱਖ ਆਪਣੇ ਅਨੁਭਵ ਮੁਤਾਬਕ ਚੁੱਭੀ ਲਾਉਂਦਾ ਤੇ ਆਨੰਦ ਮਾਣਦਾ ਹੈ। ਮਿਸਾਲ ਵਜੋਂ ਅਸੀਂ ਗੁਰਬਾਣੀ ਦੀਆਂ ਹੁਣ ਤੱਕ ਹੋਈਆਂ ਵੱਖ-ਵੱਖ ਵਿਆਖਿਆ ਪ੍ਰਣਾਲੀਆਂ ਤੋਂ ਵੀ ਇਹ ਗੱਲ ਸਮਝ ਸਕਦੇ ਹਾਂ ਕਿ ਬੇਅੰਤ ਵਿਆਖਿਆਕਾਰਾਂ ਵਲੋਂ ਗੁਰਬਾਣੀ ਦੇ ਅਰਥ ਬੋਧ ਕਰਨ ਦੇ ਬਾਵਜੂਦ ਕਿਸੇ ਵਿਆਖਿਆ ਦੇ ਅੰਤਮ ਹੋਣ ਦਾ ਦਾਅਵਾ ਨਹੀਂ ਕੀਤਾ ਜਾ ਸਕਦਾ ਅਤੇ ਇਸ ਰੱਬੀ ਸਾਗਰ ਦੀ ਅਸੀਮਤਾ ਬਰਕਰਾਰ ਹੈ।

ਗੁਰਬਾਣੀ ਨੂੰ ਪੜ੍ਹਨ ਵਾਲਾ ਹਰ ਮਨੁੱਖ ਆਪੋ ਆਪਣੇ ਅਨੁਭਵ ਅਨੁਸਾਰ ਇਸ ਅਥਾਹ ਸਾਗਰ ਵਿਚ ਚੁੱਭੀ ਮਾਰ ਕੇ ਅਨੰਦ ਮਾਣਦਾ ਹੈ। ਇਸ ਤਰ੍ਹਾਂ ਸ਼ਬਦ-ਗੁਰੂ ਦੇ ਰੂਪ ‘ਚ ਗੁਰਬਾਣੀ ਅਤੇ ‘ਬਾਬਾਣੀਆਂ ਕਹਾਣੀਆਂ’ ਦੇ ਰੂਪ ‘ਚ ਜਦੋਂ ਕੋਈ ਸਿੱਖ ਬਾਲ-ਅਵਸਥਾ ‘ਚ ਮਾਵਾਂ, ਦਾਦੀਆਂ ਤੋਂ ਸਾਖ਼ੀਆਂ ਅਤੇ ਵੱਡਾ ਹੋ ਕੇ ਗੁਰੂ-ਇਤਿਹਾਸ ਸੁਣਦਾ/ ਪੜ੍ਹਦਾ ਹੈ ਤਾਂ ਆਪਣੀ ਅਵਸਥਾ ਦੇ ਮੁਤਾਬਕ ਉਸ ਦੇ ਮਨ ਅੰਦਰ ਗੁਰੂ ਬਿੰਬ ਦੀ ਸਿਰਜਣਾ ਹੁੰਦੀ ਹੈ ਅਤੇ ਉਹ ਗੁਰੂ ਦੀ ਅਨੂਠੀ ਯਾਦ ‘ਚ ਆਤਮਕ ਅਹਿਸਾਸ ਦਾ ਅਨੰਦ ਮਾਣਦਾ ਹੈ। ਗੁਰ-ਇਤਿਹਾਸ ਜਾਂ ਸਿੱਖ-ਇਤਿਹਾਸ ਪੜ੍ਹਨ/ ਸੁਣਨ ਨਾਲ ਜੋ ਰੂਹਾਨੀ ਅਹਿਸਾਸ ਅਤੇ ਵਿਗਾਸ ਹੁੰਦਾ ਹੈ, ਉਹ ਕਿਸੇ ਫ਼ਿਲਮੀ ਦ੍ਰਿਸ਼ ਵਿਚ ਬੰਨ੍ਹੇ ਕਿਸੇ ਇਤਿਹਾਸਕ ਪਲ ਨੂੰ ਵੇਖ ਕੇ ਨਹੀਂ ਹੋ ਸਕਦਾ।

ਫ਼ਿਲਮਾਂ ਭਾਵੇਂ ਮਨੁੱਖੀ ਪਾਤਰਾਂ ਵਾਲੀਆਂ ਹੋਣ ਜਾਂ ਐਨੀਮੇਸ਼ਨ, ਇਨ੍ਹਾਂ ਦਾ ਇਕ ਮਾੜਾ ਪ੍ਰਭਾਵ ਇਹ ਹੈ ਕਿ ਫ਼ਿਲਮ ਮਨੁੱਖ ਅੰਦਰ ਬੁਰਾਈ ਨੂੰ ਵੇਖ ਕੇ ਨਜ਼ਰਅੰਦਾਜ਼ ਕਰਨ ਜਾਂ ਉਸ ਨੂੰ ਵੇਖਣ ਦਾ ਆਦੀ ਬਣਾ ਦਿੰਦੀ ਹੈ। ਇਕ ਹੋਰ ਮਨੋਵਿਗਿਆਨਕ ਤੱਥ ਹੈ ਕਿ ਕਿਸੇ ਮਹਾਨ ਸ਼ਖ਼ਸੀਅਤ ਜਾਂ ਕਿਸੇ ਬੁਲੰਦ ਖ਼ਿਆਲ ਬਾਰੇ ਜੋ ਅਨੰਦ ਅਤੇ ਵਿਗਾਸ ਆਪਣੇ ਅਨੁਭਵ ‘ਚੋਂ ਪ੍ਰਾਪਤ ਹੁੰਦਾ ਹੈ, ਉਹ ਹੋਰਾਂ ਦੇ ਅਨੁਭਵ ਵਿਚੋਂ ਨਹੀਂ ਹੋ ਸਕਦਾ। ਇਸ ਤਰ੍ਹਾਂ ਗੁਰ-ਇਤਿਹਾਸ ਜਾਂ ਸਿੱਖ-ਇਤਿਹਾਸ ‘ਤੇ ਆਧਾਰਤ ਐਨੀਮੇਸ਼ਨ ਫ਼ਿਲਮਾਂ ਵੇਖਣ ਵਾਲੇ ਬੱਚਿਆਂ ਦੀ ਮਾਨਸਿਕਤਾ ‘ਚ ਆਪਣੇ ਗੁਰੂ ਸਾਹਿਬਾਨ ਅਤੇ ਇਤਿਹਾਸ ਨੂੰ ਲੈ ਕੇ ਜੋ ਮਿਜਾਜ਼ੀ ਅਕਸ ਉਕਰਿਆ ਜਾਵੇਗਾ, ਉਹੀ ਉਨ੍ਹਾਂ ਨੂੰ ਸੱਚਾਈ ਪ੍ਰਤੀਤ ਹੋਵੇਗਾ ਅਤੇ ਸਾਡੇ ਮਾਣਮੱਤੇ ਇਤਿਹਾਸ ਦੇ ਸਾਡੀ ਮਾਨਸਿਕਤਾ ਅੰਦਰ ਸੀਨਾ-ਬ-ਸੀਨਾ ਜਿਹੜੇ ਪਵਿੱਤਰ ਅਹਿਸਾਸ, ਬਿੰਬ ਅਤੇ ਮਨੋ-ਭਾਵਨਾਵਾਂ ਦਾ ਪ੍ਰਵਾਹ ਚੱਲਿਆ ਆ ਰਿਹਾ ਹੈ, ਉਹ ਖ਼ਤਮ ਹੋ ਜਾਵੇਗਾ। ਕਿਉਂਕਿ ਕਲਪਨਾ, ਸੁਪਨੇ ਅਤੇ ਸੱਚਾਈ ਵਿਚ ਅੰਤਰ ਸਮਝਣ ਤੋਂ ਆਹਰੀ ਹੋਣ ਕਾਰਨ ਸਮਾਂ ਪਾ ਕੇ ਇਨ੍ਹਾਂ ਬੱਚਿਆਂ ਨੂੰ ਹਕੀਕਤ ਕਲਪਨਾ ਅਤੇ ਕਲਪਨਾ ਹਕੀਕਤ ਜਾਪਣ ਲੱਗੇਗੀ। ਇਸ ਤਰ੍ਹਾਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਸਾਡਾ ਮਾਣਮੱਤਾ ਅਤੇ ਅਮੀਰ ਇਤਿਹਾਸ ਹੀ ਕਲਪਨਾ ਜਾਪਣ ਲੱਗੇਗਾ।

ਜਿਨ੍ਹਾਂ ਫ਼ਿਲਮਾਂ ਤੇ ਸਿਨੇਮਾ ਵਿਧੀਆਂ ਰਾਹੀਂ ਅਸੀਂ ਆਪਣੇ ਗੁਰ-ਇਤਿਹਾਸ ਜਾਂ ਸਿੱਖ-ਇਤਿਹਾਸ ਨੂੰ ਪੇਸ਼ ਕਰਕੇ ਨਵੀਂ ਪੀੜ੍ਹੀ ਨੂੰ ਸਿੱਖੀ ਨਾਲ ਜੋੜਨ ਦਾ ਭਰਮ ਪਾਲੀ ਬੈਠੇ ਹਾਂ, ਉਨ੍ਹਾਂ ਦੇ ਮਨੁੱਖੀ ਮਨ ਦੀ ਪਵਿੱਤਰਤਾ, ਸੁਹਜ ਅਤੇ ਜੀਵਨ ਲੈਅ ‘ਤੇ ਬੁਰੇ ਪ੍ਰਭਾਵ ਬਾਰੇ ਪ੍ਰੋ. ਪੂਰਨ ਸਿੰਘ ਦੇ ਇਹ ਸ਼ਬਦ ਡੂੰਘੇ ਅਰਥ ਰੱਖਦੇ ਹਨ ਕਿ, ‘ਥੀਏਟਰ, ਨਾਟਕ ਅਤੇ ਸਿਨੇਮਾ ਉਹ ਕਲਾਵਾਂ ਨਹੀਂ, ਜੋ ਜੀਵਨ ਦਿੰਦੀਆਂ ਹਨ। ਉਹ ਇਸ ਨੂੰ ਖ਼ਤਮ ਕਰਦੀਆਂ ਹਨ। ਉਹ ਮਨੁੱਖੀ ਸ਼ਖ਼ਸੀਅਤ ਨੂੰ ਆਤਿਸ਼ਬਾਜੀ ਦਾ ਰੂਪ ਦੇ ਦਿੰਦੀਆਂ ਹਨ।’ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ‘ਪੰਥ ਦੀ ਸੋਨ ਚਿੜ੍ਹੀ’ ਵਜੋਂ ਨਿਵਾਜੇ ਮਹਾਨ ਅਨੁਭਵੀ ਸਿੱਖ ਫ਼ਿਲਾਸਫ਼ਰ ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਨੇ ਮੁੱਦਤਾਂ ਪਹਿਲਾਂ ਸਾਨੂੰ ਫ਼ਿਲਮੀ ਤਕਨੀਕਾਂ ਜ਼ਰੀਏ ਦੈਵੀ ਅਤੇ ਉੱਚੀ ਸੁਰਤ ਵਾਲੇ ਆਪਣੇ ਮਹਾਨ ਪੂਰਵਜ਼ਾਂ ਨੂੰ ਸਿਨੇਮਿਆਂ, ਟੈਲੀਵਿਜ਼ਨਾਂ ‘ਚ ਵਿਖਾਉਣ ਦੇ ਕੁਰਾਹੇ ਪੈਣ ਤੋਂ ਸੁਚੇਤ ਕਰ ਦਿੱਤਾ ਸੀ ਕਿ, ‘ਬਹੁਤ ਸਾਰੇ ਅਖੌਤੀ (So Called) ਸਿੱਖ-ਆਗੂ ਨਿਧੜਕ ਹੋ ਕੇ ਸਿਨਮਾਵੀ ਫ਼ਿਲਮਾਵਾਂ ਨੂੰ ਗੁਰਮਤਿ ਦੇ ਗੂੜ੍ਹ-ਰੰਗੇ ਹਕੀਕੀ ਘਟਨਾਵਾਂ ਵਾਲੇ ਜੀਵਨਾਂ ਪ੍ਰਥਾਇ ਵਰਤਣੋਂ ਭੀ ਨਹੀਂ ਸ਼ਰਮਾਂਦੇ ਤੇ ਖੁੱਲ-ਮ-ਖੁੱਲ੍ਹਾ ਗੁਰਮਤਿ ਜੀਵਨਾਂ ਵਾਲੇ ਸ੍ਰੇਸ਼ਟ ਗੁਰਮੁਖ ਜਨਾਂ ਦੀਆਂ ਫ਼ਿਲਮਾਂ ਉਤਾਰਨ ਤੋਂ ਭੀ ਨਹੀਂ ਸੰਕੋਚਦੇ। ਇਹ ਨਿਰੀ ਮਨਮਤਿ ਹੈ, ਜਿਸ ਨੂੰ ਕਿ ਬੜੇ ਫ਼ਖ਼ਰ ਨਾਲ ਪ੍ਰਚਾਰਦੇ ਹਨ।’

ਇਸ ਤਰ੍ਹਾਂ ਗੁਰੂ ਸਾਹਿਬਾਨ ਜਾਂ ਸਿੱਖ ਇਤਿਹਾਸ ਦੇ ਮਹਾਨ ਸ਼ਹੀਦਾਂ-ਮੁਰੀਦਾਂ ਨੂੰ ਅਦਾਕਾਰਾਂ ਦੀ ਐਕਟਿੰਗ ਜਾਂ ਐਨੀਮੇਸ਼ਨ ਜ਼ਰੀਏ ਮਨੁੱਖੀ ਰੂਪ ‘ਚ ਫ਼ਿਲਮਾਂ ਅੰਦਰ ਵਿਖਾਉਣਾ ਸਿੱਖ ਦੇ ਗੁਰੂ ਪ੍ਰਤੀ ਖ਼ਿਆਲ, ਉਸ ਦੀ ਚਿਤਰਣ ਸ਼ਕਤੀ, ਉਸ ਦੇ ਖ਼ਿਆਲਾਂ ਅਤੇ ਰੂਹ ਦੀ ਅਜ਼ਾਦੀ ਦਾ ਕਤਲ ਹੈ।

0 0 votes
Article Rating
Subscribe
Notify of
0 ਟਿੱਪਣੀਆਂ
Inline Feedbacks
View all comments
0
Would love your thoughts, please comment.x
()
x