ਸੇਵਾ ਦੇ ਪੁੰਜ ਭਗਤ ਪੂਰਨ ਸਿੰਘ

ਸੇਵਾ ਦੇ ਪੁੰਜ ਭਗਤ ਪੂਰਨ ਸਿੰਘ

ਪੰਜਾਬ ਦੇ ਪਿੰਡ ਰਾਜੇਵਾਲ ਦੀ ਧਰਤੀ ਉੱਤੇ 4 ਜੂਨ 1904 ਨੂੰ ਇੱਕ ਦਰਵੇਸ਼ੀ ਰੂਹ ਨੇ ਜਨਮ ਲਿਆ। ਮਾਪਿਆਂ ਨੇ ਉਸ ਦਾ ਨਾਮ ਰਾਮ ਜੀ ਦਾਸ ਰੱਖਿਆ। ਉਨ੍ਹਾਂ ਦੀ ਮਾਂ ਦਾ ਨਾਮ ਮਹਿਤਾਬ ਕੌਰ ਸੀ। ਉਸ ਰੂਹ ਨੂੰ ਹੁਣ ਸਾਰਾ ਸੰਸਾਰ ਭਗਤ ਪੂਰਨ ਸਿੰਘ ਦੇ ਨਾਮ ਨਾਲ ਪਛਾਣਦਾ ਹੈ।

ਭਗਤ ਪੂਰਨ ਸਿੰਘ ਦੇ ਪਿਤਾ ਛਿੱਬੂ ਮਲ ਇੱਕ ਅਮੀਰ ਖੱਤਰੀ ਵਪਾਰੀ ਸੀ। ਉਸ ਦਾ ਵਪਾਰ 1913 ਵਿੱਚ ਪਏ ਕਾਲ ਵਿੱਚ ਤਬਾਹ ਹੋ ਗਿਆ ਸੀ ਜਿਸ ਨਾਲ ਪਰਿਵਾਰ ‘ਤੇ ਆਰਥਿਕ ਸੰਕਟ ਆ ਪਿਆ। ਮਾਤਾ ਜੀ ਦਾ ਸੁਫਨਾ ਪੂਰਨ ਸਿੰਘ ਨੂੰ ਦਸਵੀਂ ਪੜ੍ਹਾਉਣਾ ਸੀ ਪਰ ਤੰਗੀਆਂ ਤੁਰਸ਼ੀਆਂ ਨੇ ਇੱਕ ਮਾਂ ਨੂੰ ਫ਼ਿਕਰਾਂ ਵਿੱਚ ਪਾ ਦਿੱਤਾ ਸੀ। ਸਿਰੜ ਵਿੱਚ ਪੱਕੀ ਮਾਂ ਮਹਿਤਾਬ ਕੌਰ ਨੇ ਲੋਕਾਂ ਦੇ ਘਰਾਂ ਵਿੱਚ ਕੰਮ ਕਰਕੇ ਫੀਸ ਦਾ ਪ੍ਰਬੰਧ ਕਰਨਾ ਸ਼ੁਰੂ ਕਰ ਦਿੱਤਾ।

ਭਗਤ ਪੂਰਨ ਸਿੰਘ ਨੇ ਮੁੱਢਲੀ ਵਿੱਦਿਆ ਪਿੰਡ ਦੇ ਸਰਕਾਰੀ ਪ੍ਰਾਇਮਰੀ ਸਕੂਲ ਤੇ ਖੰਨੇ ਦੇ ਐਂਗਲੋ ਸੰਸਕ੍ਰਿਤ ਸਕੂਲ ਤੋਂ ਪ੍ਰਾਪਤ ਕੀਤੀ ਪਰ ਉਹ ਆਪਣੀ ਮਾਂ ਦਾ ਦਸਵੀਂ ਪਾਸ ਦਾ ਸੁਫਨਾ ਪੂਰਾ ਨਾ ਕਰ ਸਕੇ।

ਉਹ ਸਕੂਲੀ ਪੜ੍ਹਾਈ ਵਿੱਚ ਭਾਵੇਂ ਮਨ ਨਾ ਲਗਾ ਸਕੇ ਪਰ ਗਿਆਨ ਦੀ ਪਿਆਸ ਉਨ੍ਹਾਂ ਅੰਦਰ ਬਹੁਤ ਸੀ। ਲਾਹੌਰ ਤੇ ਅੰਮ੍ਰਿਤਸਰ ਦੀਆਂ ਲਾਇਬ੍ਰੇਰੀਆ ਤੋਂ ਉਨ੍ਹਾਂ ਬਹੁਮੁਲਾ ਗਿਆਨ ਦਾ ਭੰਡਾਰ ਗ੍ਰਹਿਣ ਕੀਤਾ। ਸਵੈ ਪੜ੍ਹਾਈ ਦੇ ਨਾਲ ਉਨ੍ਹਾਂ ਲਾਹੌਰ ਵਿੱਚ ਗੁਰਦੁਆਰਾ ਡੇਹਰਾ ਸਾਹਿਬ ਵਿਖੇ ਸੇਵਾ ਕਰਨੀ ਸ਼ੁਰੂ ਕਰ ਦਿੱਤੀ ਸੀ।

ਹਿੰਦੂ ਪਰਿਵਾਰ ਵਿੱਚ ਪੈਦਾ ਹੋਇਆ ਰਾਮ ਜੀ ਦਾਸ ਸਿੱਖ ਧਰਮ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਹੋਇਆ।  ਕਿ ਉਸ ਨੇ ਸਿੱਖੀ ਸਰੂਪ ਧਾਰਨ ਕਰ ਲਿਆ। ਦੇਸ਼ ਵੰਡ ਤੋਂ ਪਹਿਲਾਂ ਦੀ ਅਸਾਵੀਂ ਸਮਾਜਿਕ ਸਥਿਤੀ ਅਤੇ ਦੇਸ਼ ਵੰਡ ਸਮੇਂ ਹੋਏ ਮਨੁੱਖਤਾ ਦੇ ਘਾਣ ਨੇ ਪੂਰਨ ਸਿੰਘ ਦੇ ਮਨ ‘ਤੇ ਬਹੁਤ ਡੂੰਘਾ ਪ੍ਰਭਾਵ ਪਾਇਆ।

ਸ਼ਰਨਾਰਥੀ ਕੈਂਪਾ ਵਿੱਚ ਰਹਿੰਦੇ ਬਿਮਾਰ, ਲਾਵਾਰਿਸ ਲੋਕਾਂ ਦੀ ਸਾਂਭ-ਸੰਭਾਲ ਦੀ ਜ਼ਿੰਮੇਵਾਰੀ ਸੰਭਾਲਦਿਆਂ ਭਗਤ ਪੂਰਨ ਸਿੰਘ ਨੇ ਭਾਈ ਘਨੱਈਆ ਜੀ ਵਾਲੀ ਭੂਮਿਕਾ ਨਿਭਾਈ। ਲਾਹੌਰ ਤੋਂ ਲੈ ਕੇ ਅੰਮ੍ਰਿਤਸਰ ਤਕ ਦੇ ਆਪਣੇ ਜੀਵਨ ਸਫ਼ਰ ਵਿੱਚ ਉਨ੍ਹਾਂ ਨੇ ਨਿਥਾਂਵਿਆਂ, ਨਿਓਟਿਆਂ ਤੇ ਨਿਆਸਰਿਆਂ ਦੀ ਹਰ ਪੱਖੋਂ ਮਦਦ ਕੀਤੀ।

ਉਹ ਕਦੇ ਮਾਂ ਦੇ ਰੂਪ ਵਿੱਚ, ਕਦੇ ਪਿਤਾ ਦੇ ਰੂਪ ਵਿੱਚ ਅਤੇ ਕਦੇ ਇੱਕ ਵੱਡੇ ਭਰਾ ਵਾਂਗੂ ਹਰ ਵੇਲੇ ਇਨਸਾਨੀਅਤ ਦੀ ਸੇਵਾ ਲਈ ਹਾਜ਼ਰ ਰਹਿੰਦੇ ਸਨ। ਭਗਤ ਪੂਰਨ ਸਿੰਘ ਨੇ ਅੰਮ੍ਰਿਤਸਰ ਵਿੱਚ ਪਿੰਗਲਵਾੜਾ ਸੰਸਥਾ ਦੀ ਨੀਂਹ ਰੱਖੀ।

ਬੇਆਸਰਿਆਂ ਤੇ ਨਿਥਾਵਿਆਂ ਦੇ ਪੱਕੇ ਘਰ ਲਈ 6 ਮਾਰਚ 1957 ਨੂੰ ਉਨ੍ਹਾਂ ਨੇ ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੁਸਾਇਟੀ ਨੂੰ ਰਜਿਸਟਰਡ ਕਰਵਾ ਲਿਆ ਸੀ।

ਸੇਵਾ ਦੇ ਪੁੰਜ ਦੇ ਤੌਰ ‘ਤੇ ਭਗਤ ਪੂਰਨ ਸਿੰਘ ਨੂੰ ਪੂਰੀ ਦੁਨੀਆਂ ਜਾਣਦੀ ਹੈ ਪਰ ਉਨ੍ਹਾਂ ਦੇ ਸਾਹਿਤਕਾਰ ਹੋਣ ਬਾਰੇ ਬਹੁਤੇ ਲੋਕ ਅਣਜਾਣ ਹਨ। ਉਨ੍ਹਾਂ ਦੀਆਂ ਲਿਖਤਾਂ ਨੂੰ ਆਮ ਪਾਠਕ ਰੋਜ਼ਾਨਾ ਜ਼ਿੰਦਗੀ ਦੇ ਕਾਰ-ਵਿਹਾਰ ਕਰਦੇ ਹੋਏ ਪੜ੍ਹਦੇ ਰਹਿੰਦੇ ਹਨ ਪਰ ਲਿਖਤਾਂ ਦੀ ਸਾਹਿਤਕ ਮਹਤੱਤਾ ਵੱਲ ਘੱਟ ਧਿਆਨ ਦਿੰਦੇ ਹਨ। ਭਗਤ ਪੂਰਨ ਸਿੰਘ ਦੇ ਜੀਵਨ ਦਾ ਮੂਲ ਸੰਕਲਪ ਮਾਨਵ ਭਲਾਈ ਸੀ। ਆਪਣੇ ਸੰਕਲਪ ਦੀ ਪੂਰਤੀ ਲਈ ਉਨ੍ਹਾਂ ਨੇ ਕਲਮ ਤੇ ਬਾਟੇ ਦਾ ਰਾਹ ਚੁਣਿਆ ਉਹ ਕਲਮ ਦੀ ਤਾਕਤ ਨੰੂ ਭਲੀ-ਭਾਂਤ ਜਾਣਦੇ ਸਨ।

ਭਗਤ ਪੂਰਨ ਸਿੰਘ ਦੇ 23 ਦੇ ਕਰੀਬ ਪੁਸਤਕਾਂ ਤੇ ਕਿਤਾਬਚੇ ਪ੍ਰਕਾਸ਼ਿਤ ਹੋਏ ਹਨ ਜਿਨ੍ਹਾਂ ਵਿੱਚ ਸਾਹਿਤ ਦੇ ਵੱਖ ਵੱਖ ਰੂਪ ਮੌਜੂਦ ਹਨ। ਭਗਤ ਪੂਰਨ ਸਿੰਘ ਨੇ ਸਭ ਤੋਂ ਵੱਧ ਨਿਬੰਧ ਰੂਪੀ ਸਾਹਿਤ ਵਿੱਚ ਆਪਣੇ ਸੰਦੇਸ਼ ਜਨ-ਸਾਧਾਰਨ ਤਕ ਪਹੁੰਚਾਏ।

ਸਤਹੀ ਪੱਧਰ ‘ਤੇ ਵਾਚਦਿਆਂ ਪਾਠਕ ਇਨ੍ਹਾਂ ਨੂੰ ਰਸਹੀਣ ਰਚਨਾ ਸਮਝਣ ਦਾ ਭੁਲੇਖਾ ਖਾ ਜਾਂਦੇ ਹਨ ਪਰ ਜੇ ਪਾਠਕ ਇਨ੍ਹਾਂ ਦਾ ਡੂੰਘਾ ਅਧਿਐਨ ਕਰਦਾ ਹੈ ਤਾਂ ਉਸ ਨੂੰ ਇਨ੍ਹਾਂ ਵਿੱਚੋਂ ਜੀਵਨ ਦੇ ਵਿਹਾਰ ਨਾਲ ਜੁੜੇ ਗਿਆਨ ਦੀ ਸੋਝੀ ਹੁੰਦੀ ਹੈ। ਭਗਤ ਪੂਰਨ ਸਿੰਘ ਦਾ ਸਾਰਾ ਸਾਹਿਤ ਮੰਤਵਮੁਖੀ ਹੈ। ਲਿਖਤਾਂ ਦੇ ਵਿਸ਼ੇ ਵਾਤਾਵਰਣ, ਵਿਹਾਰਕ ਜੀਵਨ, ਸਿਹਤ, ਨੈਤਿਕਤਾ, ਵਰਤਮਾਨ ਅਤੇ ਭਵਿੱਖ ਨਾਲ ਜੁੜੇ ਹੋਏ ਹਨ। ਉਨ੍ਹਾਂ ਦੀਆਂ ਲਿਖਤਾਂ ਦਾ ਮੂਲ ਮਨੋਰਥ ਹੀ ਮਨੁੱਖੀ ਜਾਤੀ ਦੀ ਭਲਾਈ, ਪ੍ਰਾਣੀ ਮਾਤਰ ਦੀ ਰਖਿਆ ਤੇ ਵਾਤਾਵਰਣ ਸਬੰਧੀ ਸਮਸਿਆਵਾਂ ਦੇ ਵਿਸ਼ੇਸ਼ ਦ੍ਰਿਸ਼ਟੀ ਤੋਂ ਸਮਾਧਾਨ ਪੇਸ਼ ਕਰਨਾ ਹੈ।

ਭਗਤ ਪੂਰਨ ਸਿੰਘ ਨੂੰ ਹਿੰਦੀ, ਪੰਜਾਬੀ, ਉਰਦੂ ਤੇ ਅੰਗਰੇਜ਼ੀ ਜ਼ੁਬਾਨਾਂ ਦੀ ਜਾਣਕਾਰੀ ਸੀ। ਗਿਆਨ ਪ੍ਰਾਪਤੀ ਦੀ ਚਾਹ ਨੇ ਉਨ੍ਹਾਂ ਅੰਦਰ ਕੌਮੀ ਅਤੇ ਕੌਮਾਂਤਰੀ ਵਿਦਵਾਨਾਂ ਨੂੰ ਪੜ੍ਹਨ ਦੀ ਖਿੱਚ ਪੈਦਾ ਕਰ ਦਿੱਤੀ ਸੀ। ਸਵੈ ਸਿੱਖਿਆ ਦੀ ਰੁਚੀ ਕਾਰਨ ਉਨ੍ਹਾਂ ਦੇ ਗਿਆਨ ਭੰਡਾਰ ਵਿੱਚ ਵਾਧਾ ਹੋਇਆ।

ਉਨ੍ਹਾਂ ਦੇ ਲਿਖਣ ਦਾ ਢੰਗ ਨਿਵੇਕਲਾ ਸੀ। ਉਨ੍ਹਾਂ ਨੇ ਬਹੁਤ ਸਰਲ, ਸੰਖੇਪ ਅਤੇ ਮੁਲਵਾਨ ਸਾਹਿਤ ਸਿਰਜਣਾ ਕੀਤੀ। ਭਗਤ ਪੂਰਨ ਸਿੰਘ ਨੇ 6 ਮਾਰਚ 1957 ਨੂੰ ਪੂਰਨ ਪ੍ਰਿੰਟਿੰਗ ਪ੍ਰੈਸ ਦੀ ਸਥਾਪਨਾ ਕੀਤੀ ਸੀ। ਇੱਥੋਂ ਪ੍ਰਕਾਸ਼ਤ ਸਾਰਾ ਸਾਹਿਤ ਮੁਫਤ ਰੂਪ ਵਿੱਚ ਪਾਠਕਾਂ ਵਿੱਚ ਵੰਡਿਆਂ ਜਾਂਦਾ ਅਤੇ ਅੱਜ ਵੀ ਇਹ ਪਿਰਤ ਪਿੰਗਲਵਾੜਾ ਸੰਸਥਾ ਵਲੋਂ ਨਿਰੰਤਰ ਜਾਰੀ ਹੈ।

ਭਗਤ ਪੂਰਨ ਸਿੰਘ ਦੀ ਸੋਚ ਸੀ ਕਿ ਕੋਈ ਵੀ ਪਾਠਕ ਪੈਸੇ ਦੀ ਕਮੀ ਕਾਰਨ ਗਿਆਨ ਪ੍ਰਾਪਤੀ ਤੋਂ ਵਾਂਝਾ ਨਾ ਰਹੇ। ਉਨ੍ਹਾਂ ਨੇ ਆਪਣੀ ਕਲਮ ਰਾਹੀਂ ਲੋਕਾਂ ਵਿੱਚ ਚੇਤਨਾ ਪੈਦਾ ਕਰਨ ਦਾ ਉਪਰਾਲਾ ਕੀਤਾ। ਨਿਸ਼ਕਾਮ ਸੇਵਾ ਕਰਦੇ ਹੋਏ ਉਹ 5 ਅਗਸਤ, 1992 ਨੂੰ ਸਰੀਰ ਤਿਆਗ ਗਏ। ਆਪਣੀ ਨਿਸ਼ਕਾਮ ਸੇਵਾ ਤੇ ਵਿਲੱਖਣ ਸਾਹਿਤ ਸਿਰਜਣਾ ਸਦਕਾ ਉਹ ਸਦਾ ਸਾਡੇ ਅੰਗ ਸੰਗ ਹਨ।

ਸਤਿੰਦਰ ਕੌਰ

5 1 vote
Article Rating
Subscribe
Notify of
0 ਟਿੱਪਣੀਆਂ
Inline Feedbacks
View all comments
0
Would love your thoughts, please comment.x
()
x