ਗੁਰੂ ਰਾਮਦਾਸ ਤੇ ਬਾਬਾ ਸਿਰੀ ਚੰਦ – ਗੁਰੂ ਨਾਨਕ ਦੇਵ ਜੀ ਦੇ ਵੱਡੇ ਸਪੁਤਰ, ਬਾਬਾ ਸ੍ਰੀ ਚੰਦ ਜੀ ਆਪਣੀ ਚਲਾਈ ਹੋਈ ਸੰਪਰਦਾਇ ਦੇ ਮੁਖੀ ਸਨ। ਉਹ ਦੇਸ਼ ਵਿਚ ਪ੍ਰਸਿਧ ਰਹੱਸਵਾਦੀ ਮਹਾਂਪੁਰਸ਼ ਦੇ ਰੂਪ ਵਿਚ ਭਰਮਣ ਕਰਦੇ ਸਨ। ਆਪਣੀ ਇਕ ਯਾਤਰਾ ਸਮੇਂ ਬਾਬਾ ਸ੍ਰੀ ਚੰਦ ਜੀ, ਗੁਰੂ ਰਾਮਦਾਸ ਜੀ ਨੂੰ ਮਿਲਣ ਲਈ ਅੰਮ੍ਰਿਤਸਰ ਆਏ।ਗੁਰੂ ਰਾਮਦਾਸ ਜੀ ਦੇ ਲੰਬੇ ਦਾੜੇ ਨੂੰ ਵੇਖ ਕੇ ਬਾਬਾ ਸ੍ਰੀ ਚੰਦ ਨੇ ਮਖੌਲ ਵਜੋਂ ਕਿਹਾ, ‘ਇਸ ਨੂੰ ਵਧਾ ਕੇ ਕਿਉਂ ਰਖਿਆ ਜੇ’, ‘ਆਪ ਜੀ ਦੇ ਪਵਿਤਰ ਚਰਨਾਂ ਦੀ ਧੂੜ ਨੂੰ ਝਾੜਨ ਲਈ ਗੁਰੂ ਰਾਮਦਾਸ ਜੀ ਨੇ ਉਤਰ ਦਿੱਤਾ। ਬਾਬਾ ਸ੍ਰੀ ਚੰਦ ਜੀ ਕਹਿਣ ਲਗੇ “ਇਹੀ ਕਰਾਮਾਤ ਹੈ ਜਿਸ ਨੇ ਤੁਹਾਨੂੰ ਏਡਾ ਵੱਡਾ ਤੇ ਮੈਨੂੰ ਏਡਾ ਛੋਟਾ ਬਣਾ ਦਿੱਤਾ ਹੈ।
ਗੁਰੂ ਰਾਮਦਾਸ ਜੀ ਦਾ ਅੰਮ੍ਰਿਤਸਰ ਵਸਾਉਣਾ – ਗੁਰੂ ਰਾਮਦਾਸ ਜੀ ਨੇ ਬੇਰੀਆਂ ਦੀਆਂ ਝੰਗੀਆਂ ਦੀ ਸੰਘਣੀ ਛਾਂ ਹੇਠਾਂ ਇਕ ਇਕਾਂਤ ਜਿਹੀ ਥਾਂ ਨੂੰ ਜੋ ਬਾਦਸ਼ਾਹ ਅਕਬਰ ਵਲੋਂ ਦਿੱਤੀ ਗਈ ਜਾਗੀਰ ਦਾ ਇਕ ਭਾਗ ਸੀ, ਸਿਖਾਂ ਲਈ ਇਕ ਨਵਾਂ ਨਗਰ ਵਸਾਉਣ ਲਈ ਚੁਣਿਆਂ। ਇਹ ਥਾਂ ਉਨ੍ਹਾਂ ਨੇ ਗੁਰੂ ਅਮਰਦਾਸ ਜੀ ਦੇ ਕਹਿਣ ਉਤੇ, ਗੋਇੰਦਵਾਲ ਨੂੰ ਛੱਡ ਕੇ ਆਣ ਵਸਾਇਆ। ਇਥੇ ਉਨ੍ਹਾਂ ਨੇ ਇਕ ਵੱਡੇ ਸਰੋਵਰ ਦੀ ਖੁਦਾਈ ਸ਼ੁਰੂ ਕੀਤੀ ਜਿਸ ਦੇ ਐਨ ਵਿਚਕਾਰ ਕੇਂਦਰੀ ਹਰਿਮੰਦਰ ਬਣਾਉਣ ਦਾ ਸੰਕਲਪ ਸੀ। ਇਹ ਉਹ ਥਾਂ ਹੈ ਜਿਥੇ ਹੁਣ ਸ਼ਹਿਰ ਅੰਮ੍ਰਿਤਸਰ ਵਸ ਰਿਹਾ ਹੈ।
ਉਨ੍ਹਾਂ ਦੇ ਸ਼ੁਰੂ ਕੀਤੇ ਕੰਮ ਨੂੰ ਗੁਰੂ ਅਰਜਨ ਦੇਵ ਜੀ ਨੇ ਸੰਪੂਰਨ ਕੀਤਾ। ਇਹ ਲਿਖਿਆ ਹੋਇਆ ਮਿਲਦਾ ਹੈ, ਕਿ ਇਥੋਂ ਉਹ ਜਲ ਨਿਕਲਿਆ ਜੋ ਬਹੁਤ ਸਾਰੇ ਰੋਗਾਂ ਨੂੰ ਦੂਰ ਕਰ ਸਕਦਾ ਹੈ। ਗੁਰੂ ਜੀ ਵਲ ਵੇਖ ਕੇ ਬਹੁਤ ਸਾਰੇ ਭਰਮਣ ਕਰ ਰਹੇ ਸਿਖ ਵੀ ਇਥੇ ਆ ਵਸੇ। ਅਜ ਦੇ ਦਿਨ ਤਕ, ਇਸ ਨਗਰ ਦੇ ਨਿਵਾਸੀ ਹਰ ਦੁੱਖ ਤੇ ਬਿਪਤਾ ਸਮੇਂ ਗੁਰੂ ਰਾਮਦਾਸ ਦੇ ਚਰਨਾਂ ਤੇ ਅਰਦਾਸ ਕਰਦੇ ਹਨ। ਇਹ ਜਗ੍ਹਾ ਦੀ ਚੋਣ ਇੰਨੀ ਚੰਗੀ ਅਤੇ ਪਵਿੱਤਰ ਆਤਮਾਵਾਂ ਦੇ ਨਿਵਾਸ ਕਾਰਨ, ਏਨੀ ਬਖਸ਼ਿਸ਼ ਭਰਪੂਰ ਹੋ ਗਈ ਕਿ ਅੰਮ੍ਰਿਤਸਰ ਦਾ ਸ਼ਹਿਰ ਸਾਰੇ ਪ੍ਰਾਂਤ ਵਿਚ ਉਦਯੋਗ ਤੇ ਵਪਾਰ ਦਾ ਨਿਤ ਵਧਦਾ ਕੇਂਦਰ ਬਣ ਗਿਆ ਸਾਰੇ ਆਲੇ ਦੁਆਲੇ ਦੇ ਪਿੰਡਾਂ ਨਾਲੋਂ ਇਸ ਦੀ ਭੁਮੀ ਤੇ ਜਲ ਵਾਯੂ ਏਨੀ ਭਿੰਨ ਤੇ ਉਪਜਾਊ ਹੈ ਕਿ ਏਥੇ ਕਸ਼ਮੀਰ ਦੀਆਂ ਨਾਸ਼ਪਾਤੀਆਂ, ਕੋਇਟੇ ਦੇ ਆੜੂ ਤੇ ਅਰਧ-ਪਹਾੜੀ ਪਰਦੇਸ਼ਾਂ ਦੇ ਕਈ ਫਲ ਫੁਲ ਆਦਿ ਉਗਾਏ ਜਾ ਸਕਦੇ ਹਨ। ਸਾਰਾ ਸ਼ਹਿਰ ਸੰਤਰਿਆਂ ਤੇ ਹੋਰ ਫਲਦਾਰ ਬੂਟਿਆਂ ਦੇ ਬਾਗਾਂ ਨਾਲ ਘਿਰਿਆ ਹੋਇਆ ਹੈ। ਜੋ ਕਮਾਈ ਲਈ ਲਗਾਏ ਜਾਂਦੇ ਹਨ । ਹੁਣ ਵੀ ਅੰਮ੍ਰਿਤਸਰ ਦੇ ਫਲ ਕਲਕੱਤੇ ਦੀ ਮੰਡੀ ਤਕ ਪੁੱਜਦੇ ਹਨ। ਫਲ ਉਪਜਾਊ ਤੇ ਫਲਾਂ ਨਾਲ ਭਰਿਆ ਤੇ ਹਰਿਮੰਦਰ ਦੇ ਨਿਤ ਗੂੰਜਦੇ ਸੰਗੀਤ ਦਾ ਇਹ ਸ਼ਹਿਰ ਅੰਮ੍ਰਿਤਸਰ, ਠੀਕ ਹੀ ਅਮਰ ਕਰ ਦੇਣ ਵਾਲੇ ਅੰਮ੍ਰਿਤ ਦਾ ਸਰੋਵਰ ਹੈ।
ਗੁਰੂ ਰਾਮਦਾਸ ਤੇ ਸ੍ਰੀ ਅਰਜਨ ਜੀ – ਗੁਰੂ ਰਾਮਦਾਸ ਜੀ ਨੇ ਆਪਣੇ ਸਭ ਤੋਂ ਛੋਟੇ ਸਪੁੱਤਰ ਵਿਚ ਪ੍ਰਭੂ ਪ੍ਰੀਤਮ ਦਾ ਅਨੁਭਵ ਕੀਤਾ। ਗੁਰੂ ਅਮਰਦਾਸ ਜੀ ਦੀ ਵੀ ਇਹੀ ਪੇਸ਼ੀਨਗੋਈ ਸੀ। ਜਦੋਂ ਅਰਜਨ ਜੀ ਹਾਲੀ ਛੋਟੇ ਬਾਲ ਸਨ ਤਾਂ ਰਿੜ੍ਹਦੇ ਰਿੜ੍ਹਦੇ ਉਹ ਉਸ ਥਾਲ ਨੂੰ ਹੱਥ ਮਾਰਨ ਲਗ ਪੈਂਦੇ ਜਿਸ ਵਿਚੋਂ ਕਿ ਗੁਰੂ ਅਮਰਦਾਸ ਜੀ ਪ੍ਰਸ਼ਾਦਿ ਛਕ ਰਹੇ ਹੁੰਦੇ। ਤਾਂ ਗੁਰੂ ਅਮਰਦਾਸ ਜੀ ਬਚਨ ਕਰਦੇ ਬੱਚੇ! ਇੰਨਾ ਬੇਸਬਰਾ ਕਿਉਂ ਹੁੰਦਾ ਏਂ ? ਤੂੰ ਵੀ ਇਸ ਥਾਲ ਵਿਚੋਂ ਪ੍ਰਸ਼ਾਦਿ ਛਕੇਂਗਾ।’
ਗੁਰੂ ਰਾਮਦਾਸ ਜੀ ਨੇ ਸ੍ਰੀ ਅਰਜਨ ਜੀ ਨੂੰ ਆਗਿਆ ਕੀਤੀ ਕਿ ਲਾਹੌਰ ਜਾ ਕੇ ਨਿਵਾਸ ਰਖਣ ਅਤੇ ਉਨਾ ਚਿਰ ਤਕ ਉਥੇ ਹੀ ਰਹਿਣ ਜਦੋਂ ਤਕ ਕਿ ਉਨ੍ਹਾਂ ਨੂੰ ਬੁਲਾਇਆ ਨਾ ਜਾਵੇ। ਸ੍ਰੀ ਅਰਜਨ ਜੀ ਲਈ ਇਹ ਇਕ ਵੱਡੀ ਆਤਮਕ ਪੀੜਾ ਸੀ। ਪਰ ਉਹ ਆਗਿਆਪਾਲ ਸਨ, ਇਸ ਲਈ ਲਾਹੌਰ ਜਾਣ ਲਈ ਤਿਆਰ ਹੋ ਗਏ। ਉਨ੍ਹਾਂ ਦੀ ਵਿਦਾਇਗੀ ਸਮੇਂ ਮਾਤਾ ਭਾਨੀ ਜੀ ਨੇ ਆਪਣੇ ਪੱਤਰ ਨੂੰ ਅਸੀਸ ਦਿੱਤੀ। ਜਿਸ ਵਿਚ ਉਨ੍ਹਾਂ ਨੇ ਆਪਣਾ ਮਾਤ-ਪੇਮ ਦਾ ਸੰਦੇਸ਼ ਦਿੱਤਾ। ਇਸ ਨੂੰ ਪਿਛੋਂ ਸੰਗੀਤ ਮਈ ਛੰਦ-ਰਚਨਾ ਵਿਚ ਸੰਕਲਿਤ ਕਰਕੇ ਸਿੱਖ ਮੰਡਲ ਨੇ ਆਦਰਸ਼ਕ ਸਿੱਖ ਮਾਤਾ ਵਲੋਂ ਆਪਣੇ ਪੁੱਤਰ ਨੂੰ ਦਿੱਤੀ ਗਈ ਸਭ ਤੋਂ ਸੂਖਮ ਅਸੀਸ ਦੇ ਰੂਪ ਵਿਚ ਇਸ ਨੂੰ ਸਾਂਭਿਆ ਹੋਇਆ ਹੈ :
ਪੂਤਾ ਮਾਤਾ ਕੀ ਅਸੀਸ
ਨਿਮਖ ਨ ਬਿਸਰਉ ਤੁਮ ਕਉ ਹਰਿ ਹਰਿ
ਸਦਾ ਭਜਹੁ ਜਗਦੀਸ।
ਸਤਿਗੁਰੁ ਤੁਮ ਕਉ ਹੋਇ ਦਇਆਲਾ
ਸੰਤ ਸੰਗ ਤੇਰੀ ਪ੍ਰੀਤ।
ਕਾਪੜੁ ਪਤਿ ਪਰਮੇਸਰੁ ਰਾਖੀ
ਭੋਜਨੁ ਕੀਰਤਨੁ ਨੀਤਿ।
ਅੰਮ੍ਰਿਤ ਪੀਵਹੁ ਸਦਾ ਚਿਰੁ ਜੀਵਹੁ,
ਹਰਿ ਸਿਮਰਤ ਅਨਦ ਅਨੰਤਾ,
ਰੰਗ ਤਮਾਸਾ ਪੂਰਨ ਆਸਾ
ਕਬਹਿ ਨ ਬਿਆਪੈ ਚਿੰਤਾ !
ਭਵਰੁ ਤੁਮਾਰਾ ਇਹੁ ਮਨੁ ਹੋਵਉ
ਹਰਿ ਚਰਣਾ ਹੋਹੁ ਕਉਲਾ।
ਨਾਨਕ ਦਾਸੁ ਉਨ ਸੰਗਿ ਲਪਟਾਇਉ
ਜਿਉਂ ਬੂੰਦਹਿ ਚਾਤ੍ਰਿਕੁ ਮਉਲਾ।
ਸਿੱਖ ਦਾ ਜਲਾਵਤਨੀ ਵਿਚ ਰਹਿਣਾ – ਅਰਜਨ ਜੀ ਦੀ ਜਲਾਵਤਨੀ ਉਸੇ ਤਰ੍ਹਾਂ ਦਾ ਵਿਛੋੜਾ ਸੀ, ਜਿਸ ਤਰ੍ਹਾਂ ਦਾ ਗੁਰੂ ਅੰਗਦ ਦੇਵ ਨੂੰ ਕਰਤਾਰਪੁਰ ਛੱਡਣ ਸਮੇਂ, ਗੁਰੂ ਅਮਰਦਾਸ ਨੂੰ ਖਡੂਰ ਛਡਣ ਸਮੇਂ ਅਤੇ ਗੁਰੂ ਰਾਮਦਾਸ ਨੂੰ ਗੋਇੰਦਵਾਲ ਛੱਡਣ ਸਮੇਂ ਅਨੁਭਵ ਹੋਇਆ ਸੀ।
ਲਾਹੌਰ ਤੋਂ ਉਨ੍ਹਾਂ ਨੇ ਗੁਰੂ ਜੀ ਨੂੰ ਆਪਣੀਆਂ ਪ੍ਰਸਿੱਧ ਚਿੱਠੀਆਂ ਲਿਖ ਭੇਜੀਆਂ। ਪਰ ਵੱਡੇ ਭਾਈ ਨੇ ਉਹ ਚਿਠੀਆਂ ਕਾਬੂ ਕਰ ਲਈਆਂ ਅਤੇ ਗੁਰੂ ਜੀ ਤਕ ਪਹੁੰਚਣ ਨਾ ਦਿੱਤੀਆਂ। ਜਦੋਂ ਅੰਕ ‘3’ ਵਾਲੀ ਚਿੱਠੀ ਕਿਸੇ ਤਰ੍ਹਾਂ ਗੁਰੂ ਜੀ ਤਕ ਪੁਜ ਗਈ ਤਾਂ ਉਨ੍ਹਾਂ ਨੇ ਸ੍ਰੀ ਅਰਜਨ ਜੀ ਨੂੰ ਲਾਹੌਰ ਤੋਂ ਵਾਪਸ ਬੁਲਾ ਲਿਆ। ਵਾਪਸੀ ਉਤੇ ਗੁਰੂ ਪਿਤਾ ਨੇ ਪੁਛਿਆ ਕਿ ਪਹਿਲੀ ਚਿਠੀ ਉਤੇ ਹੀ ਅੰਕ ‘3’ ਕਿਉਂ ਲਿਖਿਆ ਗਿਆ ਸੀ।ਸੱਚ ਦਾ ਨਿਸਤਾਰਾ ਹੋ ਗਿਆ। ਪਿ੍ਰਥੀ ਚੰਦ ਨੂੰ ਪਹਿਲੀਆਂ ਲੁਕਾਈਆਂ ਹੋਈਆਂ ਚਿੱਠੀਆਂ ਦੇ ਦੇਣ ਲਈ ਮਜਬੂਰ ਕੀਤਾ ਗਿਆ।ਇਹ ਉਚਤਮ ਪੱਧਰ ਦੀ ਕਾਵਿ ਰਚਨਾ ਦਾ ਨਮੂਨਾ ਸਨ। ਇਨ੍ਹਾਂ ਨੂੰ ਸੰਗੀਤ ਬਧ ਰੂਪ ਦੇ ਦਿੱਤਾ ਗਿਆ। ਸ੍ਰੀ ਅਰਜਨ ਜੀ ਦੇ ਘਰ ਪਰਤਣ ਉਤੇ ਬਹੁਤ ਖੁਸ਼ੀਆਂ ਕੀਤੀਆਂ ਗਈਆਂ।
ਮੇਰਾ ਮਨੁ ਲੋਚੈ ਗੁਰ ਦਰਸਨ ਤਾਈਂ
ਬਿਲਪ ਕਰੇ ਚਾਤ੍ਰਿਕ ਕੀ ਨਿਆਈਂ ।
ਤ੍ਰਿਖਾ ਨ ਉਤਰੈ ਸਾਂਤ ਨ ਆਵੈ
ਬਿਨ ਦਰਸਨ ਸੰਤ ਪਿਆਰੇ ਜੀਉ,
ਹਉ ਘੋਲੀ ਜੀਉ ਘੋਲ ਘੁਮਾਈ
ਗੁਰ ਦਰਸਨ ਸੰਤ ਪਿਆਰੇ ਜੀਉ ।
2.
ਤੇਰਾ ਮੁਖੁ ਸੁਹਾਵਾ ਜੀਉ
ਸਹਜ ਧੁਨਿ ਬਾਣੀ
ਚਿਰੁ ਹੋਆ ਦੇਖੇ ਸਾਰਿੰਗ ਪਾਣੀ
ਧਨੁ ਸੁ ਦੇਸੁ ਜਹਾ ਤੂ ਵਸਿਆ
ਮੇਰੇ ਸਜਣ ਮੀਤ ਮੁਰਾਰੇ ਜੀਉ
ਹਉ ਘੋਲੀ ਜੀਉ ਘੋਲ ਘੁਮਾਈ
ਗੁਰ ਸਜਣ ਮੀਤ ਮੁਰਾਰੇ ਜੀਉ।
3.
ਇਕ ਘੜੀ ਨਾ ਮਿਲਤੇ ਤਾ ਕਲਜੁਗ ਹੋਤਾ॥
ਹੁਣ ਕਦ ਮਿਲੀਐ ਪ੍ਰਿਅ ਤੁਧ ਭਗਵੰਤਾ॥
ਮੋਹੇ ਰੈਣਿ ਨਾ ਵਿਹਾਵੈ ਨੀਦ ਨਾ ਆਵੈ ਬਿਨ ਦੇਖੇ ਗੁਰ ਦਰਬਾਰੇ ਜੀਉ॥
ਹਉ ਘੋਲੀ ਜੀਉ ਘੋਲ ਘੁਮਾਈ ਤਿਸੁ ਸਚੇ ਗੁਰ ਦਰਬਾਰੇ ਜੀਉ ।
4.
ਭਾਗ ਹੋਆ ਗੁਰ ਸੰਤੁ ਮਿਲਾਇਆ
ਪ੍ਰਭੁ ਅਬਿਨਾਸੀ ਘਰ ਮਹਿ ਪਾਇਆ
ਸੇਵ ਕਰੀ ਪਲੁ ਚਸਾ ਨ ਵਿਛੁੜਾ
ਜਨ ਨਾਨਕ ਦਾਸ ਤੁਮਾਰੇ ਜੀਉ।
ਹਉ ਘੋਲੀ ਜੀਉ ਘੋਲ ਘੁਮਾਈ
ਜਨ ਨਾਨਕ ਦਾਸ ਤੁਮਾਰੇ ਜੀਉ।
ਲਾਹੌਰ ਤੋਂ ਘਰ ਪਰਤਣ ਸਮੇਂ, ਗੁਰੂ ਰਾਮਦਾਸ ਜੀ ਨੇ ਸ੍ਰੀ ਅਰਜਨ ਜੀ ਨੂੰ ਗਲਵਕੜੀ ਵਿਚ ਲੈ ਕੇ ਉਨ੍ਹਾਂ ਨੂੰ ਗੁਰੂ ਨਾਨਕ ਦਾ ਤਖਤ ਬਖ਼ਸ਼ ਦਿੱਤਾ। ਗੁਰੂ ਰਾਮਦਾਸ ਜੀ ਨੇ ਮਰਯਾਦਾ ਪੂਰਵਕ ਭੇਟਾ ਅਰਪਣ ਕੀਤੀ ਅਤੇ ਭਾਈ ਬੁੱਢਾ ਜੀ ਨੇ ਗੁਰੂ ਨਾਨਕ ਦਾ ਰੂਹਾਨੀ ਪਾਤਸ਼ਾਹੀ ਤਿਲਕ ਲਾਇਆ। ਗੁਰੂ ਰਾਮਦਾਸ ਜੀ ਨੇ ਬਚਨ ਕੀਤਾ, ਅਰਜਨ ਜੀ, ਸਾਰੀ ਪ੍ਰਿਥਵੀ ਦੇ ਗੁਰੂ ਬਣ ਗਏ ਹਨ। ਉਨ੍ਹਾਂ ਦੇ ਤਖ਼ਤ ਤੋਂ ਪ੍ਰਕਾਸ਼ ਪਸਰ ਕੇ ਸਾਰੇ ਸੰਸਾਰ ਨੂੰ ਰੌਸ਼ਨ ਕਰ ਰਿਹਾ ਹੈ।’
ਗੁਰੂ ਰਾਮਦਾਸ ਜੀ ਦੀ ਬਾਣੀ – ਗੁਰੂ ਰਾਮਦਾਸ ਜੀ ਦੀ ਬਾਣੀ, ਪ੍ਰੀਤ ਦੀ ਵਹਿੰਦੀ ਨਦੀ ਸਮਾਨ ਹੈ। ਜਿਸ ਦੀ ਸੀਤਲ ਮਧੁਰ ਧੁਨੀ, ਪ੍ਰੀਤਮ ਲਈ ਤੜਪਦੀ ਅਤੇ ਉਸ ਦੇ ਦਰਸ਼ਨ ਦੀ ਝਲਕ ਦੇ ਕੀਲ ਲੈਣ ਵਾਲੇ ਜਾਦੂ ਅਸਰ ਨੂੰ ਗਾਉਂਦੀ ਹੈ। ਇਹ ਪ੍ਰਭੂ ਪ੍ਰੀਤਮ ਦੀ ਪਤਨੀ ਦੇ ਮੂੰਹੋਂ ਅਖਵਾਈ ਗਈ ਹੈ ਜੋ ਉਸ ਦੇ ਦਰਸ਼ਨ ਦੀ ਇਕ ਝਲਕ ਲਈ ਸਹਿਕਦੀ ਹੈ ਅਤੇ ਫਿਰ ਇਕ ਹੋਰ ਝਲਕ ਲਈ। ਗੁਰੂ ਜੀ ਦਾ ਰੱਬੀ ਸੰਗੀਤ, ਸਮੂਹ ਸੰਗਤ ਦੀ ਆਤਮਾ ਨੂੰ ਥਰਥਰਾ ਦਿੰਦਾ ਹੈ ਅਤੇ ਉਨ੍ਹਾਂ ਦਾ ਗੀਤ ਹਰ ਇਕ ਨੂੰ ਪਵਿਤਰ ਕਰ ਦਿੰਦਾ ਹੈ ।