ਸੱਚ ਦੀ ਗਵਾਹੀ ਵਿੱਚ ਤੇਗ ਦੀ ਥਾਂ

ਸੱਚ ਦੀ ਗਵਾਹੀ ਵਿੱਚ ਤੇਗ ਦੀ ਥਾਂ

ਸੱਚ ਅਤੇ ਝੂਠ ਦੀ ਟੱਕਰ ਹਮੇਸ਼ਾ ਹੀ ਰਹਿਣੀ ਹੈ, ਇਤਿਹਾਸ ਵਿੱਚ ਇਸਦੀਆਂ ਬੇਅੰਤ ਗਵਾਹੀਆਂ ਹਨ, ਵਰਤਮਾਨ ਵਿੱਚ ਇਹ ਵੱਖੋ ਵੱਖਰੇ ਰੂਪਾਂ ਵਿੱਚ ਮੌਜੂਦ ਹੈ ਅਤੇ ਭਵਿੱਖ ਵਿੱਚ ਵੀ ਇਸ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ। ਇਸ ਦੇ ਰੂਪ ਸਮੇਂ ਮੁਤਾਬਿਕ ਬਦਲਦੇ ਰਹਿੰਦੇ ਹਨ ਪਰ ਇਹ ਜਦੋਂ ਵੀ ਆਪਣੇ ਸਿਖਰ ਨੂੰ ਛੂਹੰਦੀ ਹੈ ਤਾਂ ਹਮੇਸ਼ਾ ਜਾਨ ਅਤੇ ਮਾਲ ਦੀ ਬਲੀ ਮੰਗਦੀ ਹੈ। ਸੱਚ ਦੀ ਗਵਾਹੀ ਭਰਦੇ ਵਕਤ ਝੂਠ ਦੇ ਪਲੜੇ ਚ ਬੈਠੇ ਦੀ ਸਮਝ ਹੋਣੀ ਜਰੂਰੀ ਹੈ ਪਰ ਨਾਲ ਆਪਣੇ ਆਪ ਦੀ ਸਮਝ ਹੋਣੀ ਇਸ ਤੋਂ ਵੀ ਜਿਆਦਾ ਜਰੂਰੀ ਹੈ। ਜੇਕਰ ਆਪਣੇ ਆਪ ਦੀ ਅਸਲੀਅਤ ਤੋਂ ਵਾਕਿਫ ਨਹੀਂ ਤਾਂ ਵੀ ਇਹ ਟੱਕਰ ਨੂੰ ਬਣ ਰਹੇ ਇਤਿਹਾਸ ਵਿੱਚ ਸੱਚ ਦੀ ਗਵਾਹੀ ਵਜੋਂ ਸਹੀ ਥਾਂ ਨਹੀਂ ਮਿਲ ਸਕਦੀ ਕਿਉਂਕਿ ਜਦੋਂ ਆਪਣੇ ਆਪ ਦੀ ਤਸਵੀਰ ਧੁੰਦਲੀ ਹੋਵੇਗੀ ਤਾਂ ਅਮਲ ਵੀ ਉਸ ਧੁੰਦ ਚੋਂ ਹੀ ਨਿਕਲਣਗੇ ਅਤੇ ਧੁੰਦ ਚੋਂ ਨਿਕਲੇ ਅਮਲ ਸੱਚ ਦੀ ਗਵਾਹੀ ਦੇ ਹਾਣ ਦੇ ਨਹੀਂ ਹੋ ਸਕਦੇ। ਸੱਚ ਦੀ ਗਵਾਹੀ ਪੂਰੀ ਸ਼ੁੱਧ ਹੀ ਹੋਵੇਗੀ, ਓਹਦੀ ਸ਼ੁੱਧਤਾ ਦਾ ਫਿਕਰ ਕਰਨਾ ਸੱਚ ਦੇ ਰਾਹ ਤੇ ਚੱਲਣ ਵਾਲਿਆਂ ਦਾ ਮੁਢਲਾ ਫਰਜ਼ ਹੈ। ਇਹ ਟੱਕਰ ਗੁਰ ਇਤਿਹਾਸ ਅਤੇ ਸਿੱਖ ਇਤਿਹਾਸ ਵਿੱਚ ਵੀ ਰਹੀ ਹੈ। ਸਰਬੱਤ ਦੇ ਭਲੇ ਦੇ ਪਾਂਧੀਆਂ ਨੇ ਇਸ ਟੱਕਰ ਨੂੰ ਸ਼ੁੱਧਤਾ ਦੇ ਸਿਖਰ ਤੇ ਜਾ ਕੇ ਹੀ ਸਰ ਕੀਤਾ ਹੈ, ਸਰ ਕਰਨਾ ਹੀ ਅਸਲ ਵਿਚ ਸ਼ੁੱਧਤਾ ਦਾ ਸਿਖਰ ਹੈ। ਜਦੋਂ ਤੁਸੀਂ ਸੱਚ ਦੇ ਪਾਂਧੀ ਹੋ ਤਾਂ ਸਰ ਕਰਨਾ ਦੁਨਿਆਵੀ ਨਾਪ ਤੋਲ ਵਾਲਾ ਜਿੱਤਣਾ ਨਹੀਂ ਹੁੰਦਾ, ਓਦੋਂ ਸਰ ਕਰਨਾ ਸੱਚ ਦੇ ਰਾਹ ਦੀ ਅਡੋਲਤਾ ਹੈ ਅਤੇ ਉਸ ਰਾਹ ਤੇ ਨਿਭ ਜਾਣਾ ਹੈ। ਜਿੱਥੇ ਸੱਚ ਹੈ ਉੱਥੇ ਨਫੇ ਨੁਕਸਾਨਾਂ ਅਤੇ ਜਿੱਤਾਂ ਹਾਰਾਂ ਦੀ ਬਹੀ ਨੂੰ ਕੋਈ ਥਾਂ ਹੀ ਨਹੀਂ ਹੈ, ਜਿੱਥੇ ਕੋਈ ਊਣਤਾ ਹੈ ਉੱਥੇ ਹਿਸਾਬ ਕਿਤਾਬ ਹਨ। ਸੱਚ ਦੇ ਪਾਂਧੀ ਦੀ ਪਹਿਚਾਣ ਹੀ ਉਸਦੀ ਸ਼ੁੱਧਤਾ ਹੈ ਅਤੇ ਇਹ ਸ਼ੁੱਧਤਾ ਨੂੰ ਬਦਲਦਾ ਸਮਾਂ ਆਪਣੀ ਲਪੇਟ ਚ ਨਹੀਂ ਲੈ ਸਕਦਾ ਜਾ ਕਹਿ ਲਈਏ ਕਿ ਆਪਣੀ ਪਰਿਭਾਸ਼ਾ ਬਦਲਣ ਵਾਲੀ ਰਫਲ ਨੂੰ ਬਦਲਦੇ ਸਮੇਂ ਦੇ ਮੋਢੇ ਤੇ ਰੱਖ ਕੇ ਨਹੀਂ ਚਲਾਇਆ ਜਾ ਸਕਦਾ। ਗੁਰੂ ਪਾਤਸ਼ਾਹ ਨੇ ਜਿਸ ਤਰੀਕੇ ਸਾਨੂੰ ਘੜਿਆ ਹੈ, ਓਹੀ ਸਾਡੀ ਸ਼ੁੱਧਤਾ ਹੈ। ਟੱਕਰ ਦਾ ਰੂਪ ਬਦਲ ਸਕਦਾ ਹੈ, ਉਸ ਹਿਸਾਬ ਨਾਲ ਸਾਡਾ ਟਾਕਰਾ ਕਰਨ ਦਾ ਢੰਗ ਵੀ ਬਦਲ ਸਕਦਾ ਹੈ ਪਰ ਸਾਡਾ ਕੋਈ ਵੀ ਢੰਗ ਕਦੀ ਮਰ ਨਹੀਂ ਸਕਦਾ। ਗੁਰੂ ਪਾਤਸ਼ਾਹ ਵੱਲੋਂ ਦੱਸਿਆ ਢੰਗ ਜੇਕਰ ਸਾਡੇ ਵਿੱਚੋਂ ਗੈਰ ਹਾਜ਼ਿਰ ਹੈ ਤਾਂ ਇਹਨੂੰ ਬਦਲਦੇ ਸਮੇਂ ਦੀ ਛਾਂ ਹੇਠ ਜਾ ਆਧੁਨਿਕ ਸਿੱਖਿਆ ਪ੍ਰਬੰਧ ਦੀਆਂ ਹੱਦਾਂ ਚ ਖਲੋ ਕੇ ਵੇਖਣਾ ਸਾਡੀ ਬੇਈਮਾਨੀ, ਮੂਰਖਤਾ ਜਾ ਸਾਡੀ ਅਣਜਾਣਤਾ ਹੀ ਹੋਵੇਗੀ। ਜਿੱਥੇ ਬਿਨਾਂ ਸ਼ੱਕ ਅਸੀਂ ਟਾਕਰਾ ਕਰਨ ਦੇ ਢੰਗ ਬਦਲੇ ਹਨ ਅਤੇ ਉੱਥੇ ਅਸੀਂ ਆਪਣੇ ਕਈ ਢੰਗ ਆਪਣੇ ਆਪ ਵਿੱਚੋ ਮਨਫੀ ਵੀ ਕਰ ਲਏ ਹਨ ਅਤੇ ਕਈਆਂ ਦੇ ਅਸੀਂ ਵਿਰੋਧ ਚ ਵੀ ਹੋ ਗਏ ਹਾਂ। ਪਰ ਇਹ ਬਦਲਦਾ ਸਮਾਂ ਹਜੇ ਵੀ ਸਾਨੂੰ ਸਾਰਿਆਂ ਨੂੰ ਆਪਣੀ ਲਪੇਟ ਵਿੱਚ ਨਹੀਂ ਲੈ ਸਕਿਆ, ਵਿਰਲੇ ਇਸ ਰਾਹ ਤੇ ਨਿਭ ਰਹੇ ਹਨ।

ਦਾਵਾ ਅਗਨਿ ਬਹੁਤੁ ਤ੍ਰਿਣ ਜਾਲੇ ਕੋਈ ਹਰਿਆ ਬੂਟੁ ਰਹਿਓ ਰੀ।।

(ਆਸਾ ਮ:੫, ੩੮੩)

ਸਮੇਂ ਸਮੇਂ ਤੇ ਗੁਰੂ ਦੇ ਥਾਪੜੇ ਨਾਲ ਗੁਰੂ ਪ੍ਰੇਮ ਵਿੱਚ ਭਿੱਜੀਆਂ ਰੂਹਾਂ ਇਤਿਹਾਸ ਨੂੰ ਮੁੜ ਉਸੇ ਸਿਖਰ ਤੇ ਖੜਾ ਕਰ ਜਾਂਦੀਆਂ ਹਨ। ਉਹ ਰੂਹਾਂ ਤਾਂ ਸੱਚ ਦੀ ਗਵਾਹੀ ਭਰ ਜਾਂਦੀਆਂ ਹਨ ਪਰ ਅਸੀਂ ਬਹੁਤ ਵਾਰ ਉਹਨਾਂ ਦੇ ਅਮਲਾਂ ਨੂੰ ਆਪਣੀ ਥਾਂ ਤੇ ਖਲੋ ਕੇ ਹੀ ਵੇਖਦੇ ਹਾਂ ਨਾ ਕਿ ਸਾਡੀ ਰਵਾਇਤ ਵਿਚੋਂ, ਸ਼ਾਇਦ ਇਸੇ ਕਰਕੇ ਸਾਨੂੰ ਅੱਜ ਆਪਣੇ ਵਿੱਚੋਂ ਮਨਫੀ ਢੰਗ ਤਰੀਕੇ ਸਾਡੇ ਆਪਣੇ ਲੱਗਣੋ ਹੱਟ ਗਏ ਹਨ। ਸਾਡਾ ਅਮਲ ਕਿਹੋ ਜਿਹਾ ਹੋਵੇ ਇਹਦੇ ਵਾਸਤੇ ਅਸੀਂ ਕੁਝ ਮਨੁੱਖਾਂ ਵੱਲੋਂ ਘੜੇ ਢਾਂਚੇ ਵਿੱਚ ਰਹਿ ਕੇ ਹੀ ਵਿਚਾਰਦੇ ਹਾਂ, ਜੋ ਤਰੀਕਾਕਾਰ ਸਾਨੂੰ ਗੁਰੂ ਪਾਤਸ਼ਾਹ ਨੇ ਦੱਸਿਆ ਕਈ ਵਾਰ ਅਸੀਂ ਓਹਦੇ ਹਾਮੀ ਵੀ ਹੁੰਦੇ ਹੋਏ ਓਹਨੂੰ ਦੁਨਿਆਵੀ ਢਾਂਚੇ ਦੇ ਜੋੜ ਘਟਾਉ ਨਾਲ ਰੱਦ ਕਰ ਦਿੰਦੇ ਹਾਂ ਜਾ ਛੱਡ ਦਿੰਦੇ ਹਾਂ। ਬਹੁਤ ਕੁਝ ਸਾਡੀ ਰਵਾਇਤ ਦਾ ਹੈ ਜੋ ਅਸੀਂ ਪਿੱਛੇ ਛੱਡ ਕੇ ਸੱਚ ਦੇ ਹਾਮੀ ਬਣ ਕੇ ਝੂਠ ਨਾਲ ਟੱਕਰ ਲੈਣ ਦੇ ਦਾਅਵੇ ਵਿਚ ਹਾਂ, ਉਹਨਾਂ ਵਿੱਚੋਂ ਹੀ ਇਕ, ਚੜ੍ਹ ਕੇ ਆਏ ਲਈ ਅਤੇ ਜ਼ੁਲਮ ਖਿਲਾਫ ਲੜਦੇ ਵਕਤ ਤੇਗ ਵਾਹੁਣੀ, ਸਾਡੇ ਵਿੱਚੋਂ ਮਨਫੀ ਹੋ ਰਿਹਾ ਹੈ, ਸਿਰਫ ਮਨਫੀ ਹੀ ਨਹੀਂ, ਅਸੀਂ ਇਹਦੇ ਵਿਰੋਧ ਚ ਵੀ ਜਾ ਰਹੇ ਹਾਂ। ਅਸੀਂ ਦੋ ਵੇਲੇ ਅਰਦਾਸ ਚ ਪੜ੍ਹਦੇ ਹਾਂ “ਜਿੰਨ੍ਹਾਂ ਨਾਮ ਜਪਿਆ, ਵੰਡ ਛਕਿਆ, ਦੇਗ ਚਲਾਈ, ਤੇਗ ਵਾਹੀ, ਦੇਖ ਕੇ ਅਣਡਿੱਠ ਕੀਤਾ ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ, ਵਾਹਿਗੁਰੂ।” ਸਾਡਾ ਤੇਗ ਵਾਹੁਣਾ ਕਿਸੇ ਨਾਪ ਤੋਲ ਦੀ ਭੇਟ ਨਹੀਂ ਚੜਣਾ ਚਾਹੀਦਾ, ਸੱਚ ਦੀ ਗਵਾਹੀ ਵਿੱਚ ਤੇਗ ਹਮੇਸ਼ਾ ਰਹੇਗੀ, ਮਨਫੀ ਨਹੀਂ ਹੋਵੇਗੀ।

ਚੁ ਕਾਰ ਅਜ਼ ਹਮਹ ਹੀਲਤੇ ਦਰ ਗੁਜ਼ਸ਼ਤ।
ਹਲਾਲ ਅਸਤੁ ਬੁਰਦਨ ਬ ਸ਼ਮਸ਼ੇਰ ਦਸਤ।

(ਜ਼ਫ਼ਰਨਾਮਹ, ਪਾ:੧੦)

ਗੁਰੂ ਪਾਤਸ਼ਾਹ ਨੇ ਸਾਨੂੰ ਅਕਾਲ ਪੁਰਖ ਦੀ ਫੌਜ ਦਾ ਦਰਜਾ ਦਿੱਤਾ ਹੈ, ਇਹ ਫੌਜ ਨਾ ਗੁਰੂ ਪਾਤਸ਼ਾਹ ਵੇਲੇ ਕਿਸੇ ਦੁਨਿਆਵੀ ਰਾਜੇ ਦੇ ਅਧੀਨ ਵਿਚਰੀ ਸੀ ਅਤੇ ਨਾ ਹੀ ਅੱਗੇ ਸਿੱਖ ਇਤਿਹਾਸ ਵਿੱਚ ਵਿਚਰੀ ਜਦੋਂ ਵੀ ਇਹਨੇ ਗੁਰੂ ਪਾਤਸ਼ਾਹ ਨੂੰ ਮਹਿਸੂਸ ਕੀਤਾ। ਜਦੋਂ ਵੀ ਦੁਨਿਆਵੀ ਤਾਕਤਾਂ ਦੇ ਹੰਕਾਰ ਵਿੱਚ ਕੋਈ ਚੜਕੇ ਆਇਆ ਤਾਂ ਸਰਬੱਤ ਦੇ ਭਲੇ ਦੇ ਇਹਨਾਂ ਪਾਂਧੀਆਂ ਨੇ ਚੜ੍ਹਦੀਕਲਾ ਨਾਲ ਟਾਕਰਾ ਕੀਤਾ, ਚਾਹੇ ਜੰਗ ਦੀ ਤਿਆਰੀ ਹੁੰਦੀ ਸੀ ਤੇ ਚਾਹੇ ਅਚਨਚੇਤ ਕੋਈ ਆ ਪੈਂਦਾ ਸੀ। ਜੇ ਛੇਵੇਂ ਪਾਤਸ਼ਾਹ ਬੀਬੀ ਵੀਰੋ ਦੇ ਵਿਆਹ ਦੇ ਆਹਰ ਵਿੱਚ ਸਨ ਤਾਂ ਵੀ ਸਿੱਖਾਂ ਨੇ ਗੁਰੂ ਪਾਤਸ਼ਾਹ ਦੀ ਕਮਾਨ ਹੇਠ ਪਹਿਲੀ ਜੰਗ ਪੂਰੀ ਬਹਾਦਰੀ ਨਾਲ ਲੜੀ। ਪਰ ਨਵੰਬਰ ੧੯੮੪ ਚ ਜੇ ਕੋਈ ਅਚਨਚੇਤ ਸਾਡੇ ਤੇ ਚੜ੍ਹ ਕੇ ਆਇਆ ਤਾਂ ਉੱਥੇ ਅਸੀਂ ਆਪਣੀ ਰਵਾਇਤ ਦੀ ਬਾਂਹ ਨਹੀਂ ਫੜ ਸਕੇ, ਕੁਝ ਵਿਰਲਿਆਂ ਨੂੰ ਛੱਡ ਕੇ। ਰਤਨ ਸਿੰਘ ਭੰਗੂ ਪ੍ਰਾਚੀਨ ਪੰਥ ਪ੍ਰਕਾਸ਼ ਵਿੱਚ ਲਿਖਦੇ ਹਨ “ਬਿਨ ਜੁਧੈ ਕਬ ਪਯਤ ਪਾਤਸ਼ਾਹੀ। ਆਦਿ ਜੁਧੈ ਬਿਧ ਗੁਰੂ ਉਠਾਈ।” ਮਹਿਰਾਜ ਦੀ ਜੰਗ ਵੇਲੇ ਰਾਇ ਜੋਧ ਵੱਲੋਂ ਟਲ ਜਾਣ ਦੀ ਸਲਾਹ ਦੇ ਜਵਾਬ ਵਿੱਚ ਛੇਵੇਂ ਪਾਤਸ਼ਾਹ ਕਹਿੰਦੇ ਹਨ “ਲੋਕ ਪ੍ਰਲੋਕ ਦੇ ਸਾਰੇ ਸੁੱਖ ਸੂਰਬੀਰਾਂ ਦੀਆਂ ਭੁਜਾਂ ਨਾਲ ਲਮਕਦੇ ਹਨ।” ਜਦੋਂ ਦਸਵੇਂ ਪਾਤਸ਼ਾਹ ਨੇ ਮਾਛੀਵਾੜੇ ਟਿੰਡ ਦਾ ਸਰ੍ਹਾਨਾ ਲਾਇਆ ਤਾਂ ਵੀ ਹੱਥ ਕਿਰਪਾਨ ਦੀ ਮੁੱਠ ਉੱਤੇ ਹੀ ਸੀ। ਸਾਹਿਬਜ਼ਾਦਾ ਜੁਝਾਰ ਸਿੰਘ ਆਪਣੇ ਆਪ ਨੂੰ ਜੰਗ ਲਈ ਖੁਦ ਪੇਸ਼ ਕਰਦੇ ਹਨ, ਉਹਨਾਂ ਨੂੰ ਕਹਿਣ ਦੱਸਣ ਦੀ ਲੋੜ ਨਹੀਂ ਸੀ ਪਈ। ਜਦੋਂ ਕੁਝ ਸੱਜਣ ਬਾਬਾ ਬੰਦਾ ਸਿੰਘ ਬਹਾਦਰ ਕੋਲ ਆਪਣੇ ਜ਼ਿਮੀਦਾਰਾਂ ਦੇ ਜ਼ੁਲਮ ਦੀ ਫਰਿਆਦ ਕਰਦੇ ਹਨ ਤਾਂ ਬਾਬਾ ਜੀ ਉਹਨਾਂ ਨੂੰ ਹੀ ਗੋਲੀ ਨਾਲ ਉਡਾ ਦੇਣ ਲਈ ਕਹਿ ਦਿੰਦੇ ਹਨ। ਆਪਣੀ ਫਰਿਆਦ ਦਾ ਇਹ ਉੱਤਰ ਸੁਣ ਕੇ ਉਹ ਇਸਦਾ ਕਾਰਨ ਪੁੱਛਦੇ ਹਨ ਤਾਂ ਬਾਬਾ ਜੀ ਆਖਦੇ ਹਨ, “ਤੁਹਾਡੇ ਨਾਲ ਇਹ ਹੀ ਹੋਣੀ ਚਾਹੀਦੀ ਹੈ, ਤੁਸੀਂ ਇਸੇ ਦੇ ਹੀ ਲਾਇਕ ਹੋ। ਤੁਸੀਂ ਹਜਾਰਾਂ ਦੀ ਗਿਣਤੀ ਵਿੱਚ ਹੁੰਦੇ ਹੋਏ ਮੁੱਠੀ ਭਰ ਜਿਮੀਦਾਰਾਂ ਦੇ ਅੱਗੇ ਦੱਬੇ ਰਹਿੰਦੇ ਹੋ ਅਤੇ ਉਹਨਾਂ ਦਾ ਜਬਰ ਕਾਇਰਾਂ ਵਾਂਙੂ ਜਰੀ ਜਾਂਦੇ ਹੋ। ਸ਼੍ਰੀ ਦਸ਼ਮੇਸ਼ ਜੀ ਦੇ ਖਾਲਸੇ ਵਿੱਚ ਇਹ ਤਾਕਤ ਕਿਉਂ ਨਾ ਹੋਵੇ ਕਿ ਆਪਣੇ ਵਿਰੁੱਧ ਹੋ ਰਹੀਆਂ ਬੇ-ਇਨਸਾਫੀਆਂ ਨੂੰ ਉਹ ਆਪ ਦੂਰ ਕਰ ਸਕੇ?” ਬਾਬਾ ਬੋਤਾ ਸਿੰਘ ਅਤੇ ਗਰਜਾ ਸਿੰਘ ਮੈਦਾਨੇ ਜੰਗ ਨੂੰ ਜਾਣ ਵੇਲੇ ਕੋਈ ਹਿਸਾਬ ਕਿਤਾਬ ਨਹੀਂ ਕਰਦੇ। ਬਾਬਾ ਬੰਦਾ ਸਿੰਘ ਜੀ ਨਾਲ ਸਰਹਿੰਦ ਨੂੰ ਜਾਣ ਵਕਤ ਸਿੰਘ ਆਪਣੇ ਭਾਂਡੇ, ਡੰਗਰ ਅਤੇ ਜਮੀਨਾਂ ਵੇਚ ਕੇ ਹਥਿਆਰ, ਘੋੜੇ ਖਰੀਦ ਜੰਗ ਲਈ ਆਪਣੇ ਆਪ ਨੂੰ ਪੇਸ਼ ਕਰਦੇ ਹਨ। ਸੁੱਖਾ ਸਿੰਘ, ਮਹਿਤਾਬ ਸਿੰਘ ਸਭ ਗਿਣਤੀਆਂ ਮਿਣਤੀਆਂ ਪਿੱਛੇ ਛੱਡ ਕੇ ਦਰਬਾਰ ਸਾਹਿਬ ਦੀ ਪਵਿੱਤਰਤਾ ਲਈ ਤੇਗ ਵਾਹੁੰਦੇ ਹਨ, ਬਾਬਾ ਗੁਰਬਖਸ਼ ਸਿੰਘ ਜੀ ਯੋਧਿਆਂ ਵਾਂਙ ਜੂਝ ਕੇ ਸ਼ਹੀਦੀ ਪਾਉਂਦੇ ਹਨ। ਬਾਬਾ ਦੀਪ ਸਿੰਘ ਸੱਚ ਦੀ ਗਵਾਹੀ ਲਈ ਆਪਣੇ ਅਮਲ ਨੂੰ ਕਿਸੇ ਮਨੁੱਖੀ ਢਾਂਚੇ ਹੇਠ ਖਲੋ ਕੇ ਨਹੀਂ ਮਿੱਥਦੇ, ਜੋ ਸਿੱਖ ਲਈ ਪਾਤਸ਼ਾਹ ਦਾ ਹੁਕਮ ਹੈ ਬਸ ਉਹ ਕਮਾਉਂਦੇ ਹਨ। ਸੰਤ ਜਰਨੈਲ ਸਿੰਘ ਦੀ ਅਗਵਾਈ ਵਿੱਚ ਜੂਨ ੧੯੮੪ ਵਿਚ ਗੁਰੂ ਦੇ ਸਿੱਖ ਆਪਣੀ ਰਵਾਇਤ ਅਨੁਸਾਰ ਜੰਗ ਲੜਦੇ ਹਨ, ਜੂਨ ੧੯੮੪ ਤੋਂ ਬਾਅਦ ਤਕਰੀਬਨ ਇਕ ਦਹਾਕਾ ਗੁਰੂ ਦੇ ਸਿੱਖ ਜ਼ੁਲਮ ਦੇ ਖਿਲਾਫ ਜੰਗ ਦੇ ਮੈਦਾਨ ਵਿੱਚ ਤੇਗਾਂ ਵਾਹੁੰਦੇ ਹਨ, ਸੱਚ ਦੀ ਗਵਾਹੀ ਭਰਦੇ ਹਨ ਅਤੇ ਉਸ ਰਾਹ ਤੇ ਨਿਭ ਜਾਂਦੇ ਹਨ।

ਗੁਰੂ ਦਾ ਸਿੱਖ ਕਿਸੇ ਭੋਂਇ ਦੇ ਲਾਲਚ ਚ ਤੇਗ ਨਹੀਂ ਵਾਹੁੰਦਾ, ਨਾ ਸ਼ਰੀਰ ਦੇ ਮੋਹ ਅਤੇ ਨਾ ਹੀ ਕਿਸੇ ਗਿਣਤੀ ਦੇ ਭੈਅ ਹੇਠ ਵਿਚਰ ਕੇ ਵਾਹੁੰਦਾ ਹੈ, ਉਹ ਤਾਂ ਸੱਚ ਦੇ ਰਾਹ ਤੇ ਸਭ ਦੋ-ਚਿੱਤੀਆਂ ਨੂੰ ਠੋਕਰ ਮਾਰ ਕੇ ਆਪਣੀ ਤੇਗ ਦੀ ਧਾਰ ਨਾਲ ਆਪਣਾ ਪੈਂਡਾ ਤੈਅ ਕਰ ਰਿਹਾ ਹੁੰਦਾ ਹੈ। ਜਦੋਂ ਅਬਦਾਲੀ ਲਹਿਣਾ ਸਿੰਘ ਕੋਲ ਕੁਝ ਮੇਵੇ ਅਤੇ ਲਾਹੌਰ ਦੀ ਸੂਬੇਦਾਰੀ ਦੀ ਚਿੱਠੀ ਭੇਜਦਾ ਹੈ ਤਾਂ ਲਹਿਣਾ ਸਿੰਘ ਅਬਦਾਲੀ ਨੂੰ ਛੋਲਿਆਂ ਦੇ ਦਾਣੇ ਭੇਜਦਾ ਹੈ ਤੇ ਆਖਦਾ ਹੈ ਕਿ ਮੇਵੇ ਖੁਰਾਕ ਹੈ ਬਾਦਸ਼ਾਹ ਦੀ, ਮੈਂ ਸਿਪਾਹੀ ਹਾਂ, ਇਹਨਾਂ ਛੋਲਿਆਂ ਨਾਲ ਗੁਜਾਰਾ ਕਰ ਲਵਾਂਗਾ ਅਤੇ ਮੈਂ ਜਿਸ ਪੰਥ ਦਾ ਸਿਪਾਹੀ ਹਾਂ ਉਹ ਗੁਰੂ ਗੋਬਿੰਦ ਸਿੰਘ ਤੋਂ ਬਿਨਾਂ ਹੋਰ ਕਿਸੇ ਦਾ ਬਖਸ਼ਿਆ ਹੋਇਆ ਪੂਰੇ ਸੰਸਾਰ ਦਾ ਰਾਜ ਵੀ ਨਹੀਂ ਲਵੇਗਾ। ਹਰੀ ਸਿੰਘ ਨਲੂਆ ਬਿਮਾਰੀ ਦੀ ਹਾਲਤ ਵਿੱਚ ਜੰਗ ਦੇ ਮੈਦਾਨ ਵਿੱਚ ਪਹੁੰਚਦਾ ਹੈ ਅਤੇ ਸੱਚ ਦੀ ਗਵਾਹੀ ਭਰ ਜਾਂਦਾ ਹੈ। ਵੱਡੇ ਘੱਲੂਘਾਰੇ ਵੇਲੇ ਗੁਰੂ ਦਾ ਸਿੰਘ ਆਪਣੇ ਅਕਾਲ ਪੁਰਖ ਤੇ ਭਰੋਸਾ ਰੱਖ ਕੇ ਅਡੋਲਤਾ ਨਾਲ ਕਹਿੰਦਾ ਹੈ “ਖੋਟ ਝੜ ਗਿਆ ਅਤੇ ਤੱਤ ਖਾਲਸਾ ਰਹਿ ਗਿਆ।” ਅਕਾਲੀ ਫੂਲਾ ਸਿੰਘ ਬਿਨਾ ਕਿਸੇ ਹਿਸਾਬ ਕਿਤਾਬ ਚ ਪਏ ਆਪਣੀ ਕੀਤੀ ਅਰਦਾਸ ਨਿਭਾਉਂਦੇ ਹਨ।

ਗੁਰੂ ਗ੍ਰੰਥ ਸਾਹਿਬ ਨੂੰ ਸੀਸ ਝੁਕਾਉਣ ਵੇਲੇ ਸਿੱਖ ਸਸ਼ਤਰਾਂ ਨੂੰ ਵੀ ਨਾਲ ਹੀ ਸੀਸ ਝੁਕਾਉਂਦਾ ਹੈ। ਗੁਰੂ ਪਾਤਸ਼ਾਹ ਨੇ ਸਿੱਖ ਨੂੰ ਕੇਸਾਂ ਅਤੇ ਸਸ਼ਤਰਾਂ ਨਾਲ ਹੀ ਦਰਸ਼ਨ ਦੇਣ ਦੀ ਹਾਮੀ ਭਰੀ ਹੈ, ਸਸ਼ਤਰ ਅਭਿਆਸ ਸਿੱਖ ਲਈ ਜਰੂਰੀ ਕੀਤਾ ਹੈ। ਦਸਵੇਂ ਪਾਤਸ਼ਾਹ ਵੱਲੋਂ ਪਲੰਘ ਦੇ ਪਾਵੇ ਚ ਮਾਰਿਆ ਤੀਰ ਜਦੋਂ ਵਜ਼ੀਰ ਖਾਨ ਨੂੰ ਕਰਾਮਾਤ ਲੱਗਾ ਤਾਂ ਪਾਤਸ਼ਾਹ ਨੇ ਇਕ ਤੀਰ ਦਰਖਤ ਦੇ ਟਾਹਣ ਚ ਮਾਰਿਆ, ਨਾਲ ਚਿੱਠੀ ਸੀ ਜਿਸ ਵਿਚ ਲਿਖਿਆ ਸੀ, ਕਰਾਮਾਤ ਨਹੀਂ ਅਭਿਆਸ। ਜੰਗ ਦੇ ਮੈਦਾਨ ਵਿੱਚ ਜਦੋਂ ਪੈਂਦੇ ਖਾਂ ਛੇਵੇਂ ਪਾਤਸ਼ਾਹ ਤੇ ਵਾਰ ਕਰਦਾ ਕਰਦਾ ਹੰਭ ਗਿਆ ਤਾਂ ਪਾਤਸ਼ਾਹ ਨੇ ਸਿੱਖਿਆ ਦਿੰਦਿਆਂ ਕਿਹਾ ਇਉਂ ਨਹੀਂ ਇਉਂ ਵਾਰ ਕਰੀਦਾ ਹੈ। ਸੱਚ ਦੇ ਰਾਹ ਤੇ ਤੇਗ ਫੜ੍ਹ ਚੱਲ ਰਿਹਾ ਕਦੇ ਵੀ ਕਿਸੇ ਤੇ ਵਾਧਾ ਨਹੀਂ ਕਰਦਾ, ਇਸ ਗੱਲ ਦੀਆਂ ਇਤਿਹਾਸ ਵਿੱਚ ਬੇਅੰਤ ਗਵਾਹੀਆਂ ਹਨ। ਗੁਰੂ ਪਾਤਸ਼ਾਹ ਦੀਆਂ ਜੰਗਾਂ ਵੇਲੇ ਦੋਵਾਂ ਪਾਸਿਓਂ ਲੜਨ ਵਾਲਿਆਂ ਦਾ ਸੰਸਕਾਰ ਅਤੇ ਇਲਾਜ ਬਿਨਾਂ ਕਿਸੇ ਭੇਦਭਾਵ ਦੇ ਕਰਵਾਇਆ ਜਾਂਦਾ ਸੀ। ਬਾਬਾ ਬੰਦਾ ਸਿੰਘ ਵੇਲੇ ਕਿਸੇ ਵੀ ਪੀਰ ਫਕੀਰ ਦੀ ਕੋਈ ਜਗ੍ਹਾ ਨੂੰ ਨੁਕਸਾਨ ਨਹੀਂ ਪਹੁੰਚਾਇਆ ਗਿਆ। ਜੇ ਮੁਲਤਾਨ ਦੀ ਲੜਾਈ ਵਿੱਚ ਮੁਜ਼ੱਫਰ ਖਾਂ ਦੇ ਦੋ ਪੁੱਤ ਜਿਓਂਦੇ ਗ੍ਰਿਫਤਾਰ ਕੀਤੇ ਗਏ ਤਾਂ ਉਹਨਾਂ ਨੂੰ ਮਹਾਰਾਜਾ ਰਣਜੀਤ ਸਿੰਘ ਨੇ ਜਗੀਰ ਦਿੱਤੀ, ਉਹਨਾਂ ਤੇ ਕੋਈ ਵਾਧਾ ਨਹੀਂ ਕੀਤਾ। ਸਿੱਖ ਚੜ੍ਹ ਕੇ ਆਏ ਲਈ ਤੇਗ ਵਾਹੁੰਦਾ ਹੈ, ਜ਼ੁਲਮ ਨੂੰ ਨੱਥ ਪਾਉਣ ਲਈ ਤੇਗ ਵਾਹੁੰਦਾ ਹੈ, ਸਿੱਖ ਕਦੀ ਕਿਸੇ ਨਿਹੱਥੇ ਤੇ ਸਸ਼ਤਰ ਦਾ ਵਾਰ ਨਹੀਂ ਕਰਦਾ। ਜੰਗ ਦੇ ਦੌਰਾਨ ਵੀ ਜੇ ਅਬਦੁੱਲਾ ਖਾਂ ਸ਼ਸ਼ਤਰਹੀਨ ਹੋ ਜਾਂਦਾ ਹੈ ਤਾਂ ਛੇਵੇਂ ਪਾਤਸਾਹ ਕਿਰਪਾਨ ਦਾ ਵਾਰ ਨਹੀਂ ਕਰਦੇ, ਸਗੋਂ ਬਿਨਾਂ ਸ਼ਸ਼ਤਰ ਤੋਂ ਹੀ ਉਹਨੂੰ ਧੁਰ ਪਹੁੰਚਾਉਂਦੇ ਹਨ। ਰਣਜੀਤ ਸਿੰਘ ਦੀ ਸਾਰੀ ਫੌਜ ਨੂੰ ਪੱਕੀ ਹਦਾਇਤ ਹੁੰਦੀ ਸੀ ਕਿ ਕਦੀ ਕਿਸੇ ਬੇ-ਹਥਿਆਰੇ ਤੇ ਹੱਥ ਨਹੀਂ ਚੁੱਕਣਾ।

ਸਿੱਖ ਨੇ ਹਮੇਸ਼ਾ ਹੀ ਸੱਚ ਦੇ ਰਾਹ ਤੇ ਚੱਲਣਾ ਹੈ ਅਤੇ ਇਸ ਰਾਹ ਤੇ ਚਲਦਿਆਂ ਉਹਦੀ ਝੂਠ ਨਾਲ ਟੱਕਰ ਲਾਜਮੀ ਹੈ। ਸਿੱਖ ਦਾ ਫਰਜ ਹੈ ਆਪਣੇ ਗੁਰੂ ਦੇ ਦੱਸੇ ਢੰਗ ਤਰੀਕਿਆਂ ਅਨੁਸਾਰ ਚੱਲਣ ਦਾ, ਓਹਦਾ ਪੈਮਾਨਾ ਕੋਈ ਦੁਨਿਆਵੀ ਰਾਜ ਪ੍ਰਬੰਧ ਨਹੀਂ ਹੋ ਸਕਦਾ। ਜੇ ਸਾਡੇ ਲਈ ਪੈਮਾਨਾ ਕੋਈ ਦੁਨਿਆਵੀ ਰਾਜ ਪ੍ਰਬੰਧ ਹੈ ਤਾਂ ਇਹ ਨੁਕਸ਼ ਸਾਡਾ ਆਪਣਾ ਹੈ। ਇਹ ਗੁਰੂ ਪਾਤਸ਼ਾਹ ਨੂੰ ਮਹਿਸੂਸ ਕਰਕੇ ਇਸ ਦੁਨਿਆਵੀ ਰਾਜ ਪ੍ਰਬੰਧ ਤੋਂ ਦੂਰ ਖਲੋ ਕੇ ਹੀ ਸਮਝੀਆ ਜਾ ਸਕੇਗਾ। ਪਾਤਸ਼ਾਹ ਮੌਤ ਨੂੰ ਜਿੰਦਗੀ ਦਾ ਆਖਰੀ ਸਿੱਟਾ ਆਖਦੇ ਹਨ ਤੇ ਯੁੱਧ ਦੀ ਮੌਤ ਨੂੰ ਉੱਤਮ ਮੌਤ ਕਹਿੰਦੇ ਹਨ। ਦੁਨੀ ਚੰਦ ਗੁਰੂ ਤੇ ਭਰੋਸਾ ਕਰਦਾ ਤਾਂ ਹਾਥੀ ਤੇ ਫਤਹਿ ਪਾ ਲੈਂਦਾ ਪਰ ਉਹ ਮੌਤ ਤੋਂ ਭੱਜਿਆ, ਭੱਜਦੇ ਨੇ ਲੱਤ ਤੜਾਈ, ਪਿੰਡ ਮਿਹਣੇ ਸਹੇ, ਅੰਤ ਸੱਪ ਲੜਨ ਨਾਲ ਮਰ ਗਿਆ। ਦਸਵੇਂ ਪਾਤਸ਼ਾਹ ਨੇ ਜਦੋਂ ‘ਫੱਤੇ’ ਨੰਬਰਦਾਰ ਨੂੰ ਘੋੜੀ ਲਿਆਉਣ ਲਈ ਕਿਹਾ ਤਾਂ ਉਹਨੇ ਸਰਕਾਰ ਅਤੇ ਮੌਤ ਦੇ ਡਰ ਤੋਂ ਘੋੜੀ ਦੇਣ ਤੋਂ ਮਨਾ ਕਰ ਦਿੱਤਾ। ਘਰ ਜਾ ਕੇ ਦੇਖਿਆ ਘੋੜੀ ਸੱਪ ਲੜਨ ਨਾਲ ਮਰੀ ਪਈ ਹੈ। ਅਗਲੇ ਦਿਨ ‘ਫੱਤਾ’ ਆਪ ਵੀ ਸੱਪ ਲੜਨ ਨਾਲ ਮਰ ਜਾਂਦਾ ਹੈ। ਮੌਤ ਨੇ ਤਾਂ ਅਖੀਰ ਆਉਣਾ ਹੀ ਹੈ, ਅਸੀਂ ਮੂੰਹ ਕਿੱਧਰ ਕਰਨਾ ਹੈ ਇਹ ਫੈਸਲਾ ਸਾਡੇ ਹੱਥ ਹੈ।

 

5 1 vote
Article Rating
Subscribe
Notify of
0 ਟਿੱਪਣੀਆਂ
Oldest
Newest Most Voted
Inline Feedbacks
View all comments
0
Would love your thoughts, please comment.x
()
x