ਅੱਜ ਤੇ ਵਿਸ਼ੇਸ਼ – ਜਿਓਤੀ ਰਾਓ ਗੋਬਿੰਦ ਰਾਓ ਫੂਲੇ (ਸੰਖੇਪ ਜੀਵਨੀ)

ਅੱਜ ਤੇ ਵਿਸ਼ੇਸ਼ – ਜਿਓਤੀ ਰਾਓ ਗੋਬਿੰਦ ਰਾਓ ਫੂਲੇ (ਸੰਖੇਪ ਜੀਵਨੀ)

ਦੁਨੀਆਂ ਦਾ ਇਤਿਹਾਸ ਬਹੁਤ ਹੀ ਲੰਮਾ ਚੌੜਾ ਹੈ। ਇਸ ਲੰਮੇ ਇਤਿਹਾਸ ਵਿੱਚ ਜੰਗਾਂ ਯੁੱਧਾਂ ਤੇ ਸੰਘਰਸ਼ਾਂ ਦੀ ਇੱਕ ਖਾਸ ਥਾਂ ਹੈ। ਇਨ੍ਹਾਂ ਸੰਘਰਸ਼ਾਂ ਦੀਆਂ ਨੀਤੀਆਂ ਵਿੱਚੋਂ ਇੱਕ ਨੀਤੀ ਹੈ ਜਿਸ ਨੂੰ ਕਿ ਕਿਹਾ ਜਾਂਦਾ ਹੈ ‘ਇੰਡੀਵਿਜ਼ੁਅਲ ਰਜਿਸਟੈਂਸ’— ਭਾਵ ਇਕੱਲਿਆਂ ਕਿਸੇ ਸੰਘਰਸ਼ ਵਿੱਚ ਕੁੱਦਣਾ ਤੇ ਟਾਕਰਾ ਕਰਨਾ। ਇਸ ਤਰ੍ਹਾਂ ਦੀ ਨੀਤੀ ਦਾ ਇੱਕ ਜ਼ਰੂਰੀ ਪੱਖ ‘ਲੀਡਰਲੈੱਸ ਰਜਿਸਟੈਂਸ’— ਭਾਵ ਕਿ ਬਿਨਾਂ ਕਿਸੇ ਨੇਤਾ ਤੋਂ ਲੜਨਾ ਹੁੰਦਾ ਹੈ। ਇਨ੍ਹਾਂ ਨੁਕਤਿਆਂ ਬਾਰੇ ਗੱਲ ਕਰਨਾ ਇਸ ਹਥਲੇ ਲੇਖ ਦਾ ਮਨੋਰਥ ਨਹੀ ਹੈ ਪਰ ਇੱਥੇ ਇਨ੍ਹਾਂ ਦੇ ਦੱਸਣ ਦਾ ਮਕਸਦ ਸਿਰਫ ਇੰਨਾ ਸੀ ਕਿ ਇੱਕ ਤਾਂ ਇਹ ਮੇਰੀ ਪਸੰਦ ਦੀ ਨੀਤੀ ਹੈ ਤੇ ਦੂਜਾ ਅੱਜ ੧੧ ਅਪਰੈਲ ਨੂੰ ਜਯੋਤੀਬਾ ਫੂਲੇ ਦਾ ਜਨਮ ਦਿਹਾੜਾ ਹੈ ਜਿਨ੍ਹਾਂ ਬਾਰੇ ਕਿ ਮੈਂ ਸਮਝਦਾ ਹਾਂ ਕਿ ਉਨ੍ਹਾਂ ਦਾ ਜੀਵਨ ਸੰਘਰਸ਼ ਇਨ੍ਹਾਂ ਨੁਕਤਿਆਂ ਦੇ ਇਰਦ ਗਿਰਦ ਘੁੰਮਦਾ ਹੈ ਤੇ ਇਨ੍ਹਾਂ ਦੇ ਨੇੜੇ ਢੁੱਕਦਾ ਹੈ।

ਸਿੱਖ ਇਤਿਹਾਸ ਫਰੋਲਿਆਂ ਵੀ ਇਸ ਤਰ੍ਹਾਂ ਦੇ ਨੁਕਤਿਆਂ, ਅਤੇ ਇਸ ਪੈਂਤੜੇ ਦੀ ਲੜਾਈ ਕਈ ਥਾਵੇਂ ਦੇਖਣ ਨੂੰ ਮਿਲਦੀ ਹੈ। ਭਾਈ ਗਰਜਾ ਸਿੰਘ ਤੇ ਭਾਈ ਬੋਤਾ ਸਿੰਘ ਦੇ ਮਨ ਵਿੱਚ ਜੇ ਕਿਸੇ ਗੱਲ ਨੂੰ ਲੈ ਕੇ ਵਿਰੋਧ ਪੈਦਾ ਹੁੰਦਾ ਹੈ ਤੇ ਸੰਘਰਸ਼ ਕਰਨ ਦੀ ਤਾਂਘ ਉੱਠਦੀ ਹੈ ਤਾਂ ਉਹ ਪਹਿਲਾਂ ਕੋਈ ਜਥੇਬੰਦੀ ਬਣਾਉਣ ਨਹੀਂ ਤੁਰਦੇ ਸਗੋਂ ਉਪਰੋਕਤ ਲਿਖੇ ਪੈਂਤੜੇ ਤਹਿਤ ਖਾਲਸੇ ਦਾ ਪਾਤਿਸਾਹੀ ਦਾਅਵਾ ਉਜਾਗਰ ਕਰ ਦਿੰਦੇ ਹਨ।

ਰਵਾਇਤੀ ਤੌਰ ’ਤੇ ਗੱਲ ਕਰਦਿਆਂ ਜਯੋਤੀ ਰਾਓ ਫੂਲੇ ਦਾ ਜਨਮ 1827 ਵਿੱਚ ਗੋਬਿੰਦ ਰਾਓ ਫੂਲੇ ਦੇ ਘਰ ਮਹਾਰਾਸ਼ਟਰ ਦੇ ਸਤਾਰਾ ਜਿਲ੍ਹੇ ਦੇ ਕਾਤਗੁਨ ਵਿਖੇ ਹੋਇਆ। ਵਰਨ ਵੰਡ ਦੀ ਤੁਰੀ ਆ ਰਹੀ ਰਵਾਇਤ ਅਨੁਸਾਰ ਉਹ ਮਾਲੀ ਜਾਤ ਨਾਲ ਸਬੰਧ ਰੱਖਦੇ ਸਨ ਤੇ ਇਸੇ ਕਾਰਨ ਫੁੱਲਾਂ ਦਾ ਕੰਮ ਕਰਦੇ ਹੋਣ ਕਰਕੇ ਉਨ੍ਹਾਂ ਨੂੰ ਫੂਲੇ ਕਿਹਾ ਜਾਣ ਲੱਗਿਆ। ਉਨ੍ਹਾਂ ਦੀ ਮਾਲੀ ਜਾਤ ਵਿੱਚੋਂ ਹੀ ਈਸਾਈ ਬਣੇ ਉਨ੍ਹਾਂ ਦੇ ਕਿਸੇ ਨੇੜਲੇ ਨੇ ਜਯੋਤੀ ਰਾਓ ਫੂਲੇ ਦੀ ਬਰੀਕ ਸਮਝ ਨੂੰ ਧਿਆਨ ਵਿੱਚ ਰੱਖਦਿਆਂ ਉਨ੍ਹਾਂ ਨੂੰ ਸਕਾਟਿਸ਼ ਮਿਸ਼ਨ ਹਾਈ ਸਕੂਲ ਵਿੱਚ ਪੜ੍ਹਨ ਲਈ ਮਨਾਇਆ ਜਿੱਥੋਂ ਕਿ ਉਨ੍ਹਾਂ ਆਪਣੀ ਵਿਦਿਆ ਹਾਸਲ ਕੀਤੀ। ਪਿਤਾ ਦਾ ਨਾਂ ਜੋੜ ਪੂਰਾ ਨਾਂ ਜਯੋਤੀ ਰਾਓ ਗੋਬਿੰਦ ਰਾਓ ਫੂਲੇ ਲਿਖਿਆ ਜਾਂਦਾ ਹੈ ਤੇ ਉਨ੍ਹਾਂ ਨੂੰ ਮਹਾਤਮਾ ਫੂਲੇ ਦੇ ਨਾਂ ਨਾਲ ਵੀ ਨਿਵਾਜਿਆ ਗਿਆ ਹੈ।

ਜਯੋਤੀ ਰਾਓ ਫੂਲੇ ਅਤੇ ਉਨ੍ਹਾਂ ਦੀ ਧਰਮ ਪਤਨੀ ਸਵਿੱਤਰੀ ਫੂਲੇ ਦਾ ਕਿਸੇ ਕਲਾਕਾਰ ਵੱਲੋਂ ਬਣਾਇਆਂ ਚਿੱਤਰ

ਅੰਗਰੇਜ਼ਾਂ ਦੇ ਸਕੂਲ ਵਿੱਚ ਪੜ੍ਹਦੇ ਹੋਣ ਕਰਕੇ ਉਨ੍ਹਾਂ ਦੇ ਨਾਲ ਉੱਚ ਜਾਤ ਦੇ ਬ੍ਰਾਹਮਣ ਤੇ ਹੋਰ ਵਰਗਾਂ ਦੇ ਵਿਦਿਆਰਥੀ ਵੀ ਇੱਕੋ ਜਮਾਤ ਵਿੱਚ ਪੜ੍ਹਦੇ ਸੀ ਜਿਸ ਕਰਕੇ ਉਨ੍ਹਾਂ ਨੂੰ ਇਸ ਜਾਤ ਤੇ ਵਰਗ ਵੰਡ ਦੀ ਭੈੜ ਬਾਰੇ ਬਹੁਤਾ ਨਹੀਂ ਸੀ ਪਤਾ। ਪਰ ਜਦੋਂ ਆਪਣੇ ਇੱਕ ਉੱਚ ਜਾਤ ਬਾਹਮਣ ਵਿਦਿਆਰਥੀ ਸਾਥੀ ਦੇ ਵਿਆਹ ਵਿਚ ਸ਼ਾਮਲ ਹੋਣ ਦਾ ਮੌਕਾ ਮਿਲਿਆ ਅਤੇ ਉਹ ਨਾਲ ਨਾਲ ਤੁਰ ਰਹੇ ਸੀ ਤਾਂ ਉਨ੍ਹਾਂ ਨੂੰ ਬਾਹਮਣਾਂ ਦੀ ਬਦਸਲੂਕੀ ਦਾ ਸਾਹਮਣਾ ਕਰਨਾ ਪਿਆ ਜਿਹਨਾਂ ਨੇ ਉਨ੍ਹਾਂ ਨੂੰ ਕਿਹਾ ਕਿ ਨੀਵੀਂ ਜਾਤ ਦਾ ਹੋ ਕੇ ਤੂੰ ਬਰਾਬਰ ਕਿਵੇਂ ਤੁਰ ਸਕਦਾ ਹੈਂ ਤੇ ਕਿਹਾ ਕਿ ਤੂੰ ਸਭ ਤੋਂ ਅਖੀਰ ਵਿੱਚ ਜਾ ਕੇ ਤੁਰ।

ਇੱਥੋਂ ਫਿਰ ਉਨ੍ਹਾਂ ਨੂੰ ਇਸ ਸਭ ਕਾਸੇ ਦੀ ਸਮਝ ਬਣਦੀ ਹੈ ਤੇ ਮੁੜ ਕੇ ਫਿਰ ਉਹ ਇਸ ਬਾਰੇ ਹੋਰ ਵਿਸਥਾਰ ਨਾਲ ਸਮਝਦੇ ਹਨ। ਹਾਲਾਂਕਿ ਨਿੱਜੀ ਤੌਰ ਉੱਤੇ ਇਸ ਨਾਲ ਮੈਂ ਪੂਰੀ ਤਰ੍ਹਾਂ ਸਹਿਮਤ ਤਾਂ ਨਹੀਂ ਪਰ ਜਯੋਤੀ ਰਾਓ ਫੂਲੇ ਇਹ ਸਾਰੇ ਕਾਸੇ ਦਾ ਇਲਾਜ ਵਿੱਦਿਆ ਪ੍ਰਬੰਧ ਵਿੱਚੋਂ ਲੱਭਦੇ ਹਨ ਅਤੇ ਇਸੇ ਕਰਕੇ ਉਹ ਨਿਸ਼ਚਾ ਕਰਦੇ ਹਨ ਕਿ ਇੱਕ ਸਕੂਲ ਹੋਣਾ ਚਾਹੀਦਾ ਹੈ ਜਿੱਥੇ ਕਿ ਦਲਿਤ ਵਿਦਿਆਰਥੀ ਪੜ੍ਹ ਸਕਣ। ਇਸੇ ਮਨਸ਼ੇ ਨਾਲ ਉਹ ਇੱਕ ਸਕੂਲ ਉਸਾਰਦੇ ਹਨ ਅਤੇ ਜਦੋਂ ਸਕੂਲ ਬਣ ਜਾਂਦਾ ਹੈ ਤਾਂ ਸਵਾਲ ਖੜ੍ਹਾ ਹੁੰਦਾ ਹੈ ਕਿ ਉਨ੍ਹਾਂ ਨੂੰ ਪੜ੍ਹਾਏਗਾ ਕੌਣ? ਫਿਰ ਉਹ ਇਹ ਜ਼ਿੰਮੇਵਾਰੀ ਵੀ ਉਹ ਆਪਣੇ ਮੋਢਿਆਂ ’ਤੇ ਲੈਂਦੇ ਹਨ ਅਤੇ ਇਕੱਲੇ ਹੀ ਇਸ ਕੰਮ ਵਿੱਚ ਜੁਟ ਜਾਂਦੇ ਹਨ।

ਬਾਹਮਣਾਂ ਨੂੰ ਇਹ ਗੱਲ ਹਜ਼ਮ ਨਹੀਂ ਹੁੰਦੀ ਅਤੇ ਉਹ ਇਸ ਸਾਰੇ ਕਾਸੇ ਦਾ ਵਿਰੋਧ ਕਰਦੇ ਹਨ।

ਬ੍ਰਾਹਮਣ ਜਯੋਤੀ ਰਾਓ ਫੂਲੇ ਨੂੰ ਇਸ ਕਾਰਜ ਤੋਂ ਪਿੱਛੇ ਹਟਣ ਲਈ ਕਹਿੰਦੇ ਹਨ ਪਰ ਜਦੋਂ ਗੱਲ ਨਹੀਂ ਬਣਦੀ ਦਿਸਦੀ ਤਾਂ ਫਿਰ ਉਹ ਉਨ੍ਹਾਂ ਦੇ ਪਿਤਾ ਜੀ ਤੱਕ ਪਹੁੰਚ ਕਰਦੇ ਹਨ। ਜਦੋਂ ਜਯੋਤੀ ਰਾਓ ਫੂਲੇ ਦੇ ਪਿਤਾ ਵੇਖਦੇ ਹਨ ਕਿ ਉਨ੍ਹਾਂ ਦਾ ਪੁੱਤਰ ਆਪਣੀ ਸਕੂਲ ਵਾਲੀ ਗੱਲ ਤੋਂ ਪਿੱਛੇ ਹਟਣ ਨੂੰ ਤਿਆਰ ਨਹੀਂ ਹੈ ਤਾਂ ਫਿਰ ਉਹ ਜਯੋਤੀ ਰਾਓ ਫੂਲੇ ਨੂੰ ਇੱਕ ਅਖੀਰਲੇ ਹਰਬੇ ਵਜੋਂ ਪੁੱਛਦੇ ਹਨ ਕਿ ‘ਤੈਨੂੰ ਘਰ ਚਾਹੀਦਾ ਹੈ ਕਿ ਸਕੂਲ’? ਜਯੋਤੀ ਰਾਓ ਫੂਲੇ ਬਿਨਾਂ ਕਿਸੇ ਦੁਬਿਧਾ ਦੇ ਜਵਾਬ ਦਿੰਦੇ ਹਨ ਕਿ ‘ਸਕੂਲ’।

ਪਿਤਾ ਦੁਬਾਰਾ ਉਹਨੂੰ ਮਨਾਉਣ ਲਈ ਆਖਦੇ ਹਨ ਕਿ ਫਿਰ ਤੈਨੂੰ ਆਪਣੀ ਘਰਵਾਲੀ ਨੂੰ ਵੀ ਨਾਲ ਲੈ ਕੇ ਜਾਣਾ ਪੈਵੇਗਾ ਅਤੇ ਇਹ ਇਥੇ ਨਹੀਂ ਰਹਿ ਸਕਦੀ। ਜਯੋਤੀ ਰਾਓ ਫੂਲੇ ਇਹ ਗੱਲ ਵੀ ਪ੍ਰਵਾਨ ਕਰ ਲੈਂਦੇ ਹਨ।

ਪਹਿਲਾਂ ਜਯੋਤੀ ਰਾਓ ਫੂਲੇ ਹੋਰਾਂ ਦਾ ਖਾਣਾ-ਪੀਣਾ ਤੇ ਰਹਿਣਾ-ਸਹਿਣਾ ਪਿਤਾ ਦੇ ਘਰੋਂ ਹੀ ਚੱਲਦਾ ਸੀ ਸੋ ਹੁਣ ਉਨ੍ਹਾਂ ਦੀਆਂ ਸਮੱਸਿਆਵਾਂ ਵਿੱਚ ਵਾਧਾ ਹੋ ਜਾਂਦਾ ਹੈ। ਉਨ੍ਹਾਂ ਦੇ ਖਾਣ ਤੱਕ ਦਾ ਸੰਸਾ ਹੋ ਜਾਂਦਾ ਹੈ ਤੇ ਗੱਲ ਇੱਥੇ ਤੱਕ ਪਹੁੰਚ ਜਾਂਦੀ ਹੈ ਕਿ ਉਨ੍ਹਾਂ ਨੂੰ ਆਪਣਾ ਸਕੂਲ ਬੰਦ ਕਰਨਾ ਪੈਂਦਾ ਹੈ। ਇਸ ਤੋਂ ਉਪਰੰਤ ਫਿਰ ਉਹ ਹਰ ਕਿਸਮ ਦੇ ਮਾੜੇ-ਚੰਗੇ ਗਿਣੇ ਜਾਂਦੇ ਕੰਮ ਕਰਕੇ ਮੁੜ ਕੋਸ਼ਿਸ਼ ਕਰਦੇ ਹਨ ਤੇ ਸਕੂਲ ਦੁਬਾਰਾ ਖੋਲ੍ਹ ਲੈਂਦੇ ਹਨ। ਇਸ ਕੰਮ ਲਈ ਉਨ੍ਹਾਂ ਦੇ ਮਿੱਤਰ ਉਸਮਾਨ ਸ਼ੇਖ ਤੇ ਉਹਦੀ ਭੈਣ ਫਾਤਿਮਾ ਉਨ੍ਹਾਂ ਨੂੰ ਆਪਣੇ ਘਰ ਵਿੱਚ ਥਾਂ ਦਿੰਦੇ ਹਨ ਜਿੱਥੇ ਉਨ੍ਹਾਂ ਦਾ ਸਕੂਲ ਵੀ ਚੱਲਦਾ ਹੈ।

ਜਯੋਤੀ ਰਾਓ ਫੂਲੇ ਦੇ ਜੀਵਨ ਬਾਰੇ ਪੜ੍ਹਦਿਆਂ ਇੱਕ ਜੀਵਨ ਦੀ ਰਵਾਨਗੀ ਦਿਖਦੀ ਹੈ ਜਿੱਥੇ ਕਿ ਉਹ ਲਗਾਤਾਰ ਅੱਗੇ ਹੀ ਵੱਧਦੇ ਰਹਿੰਦੇ ਹਨ ਤੇ ਕਿਤੇ ਰੁਕੇ ਜਾਂ ਪਿੱਛੇ ਮੁੜਦੇ ਨਜ਼ਰ ਨਹੀਂ ਆਉਂਦੇ। ਇਸੇ ਪੈੜ ਵਿੱਚ ਚੱਲਦਿਆਂ ਫਿਰ ਉਹ ਅਗਾਂਹ ਵਧ ਕੇ ਕੁੜੀਆਂ ਵਾਸਤੇ ਵੀ ਇੱਕ ਸਕੂਲ ਖੋਲ੍ਹਦੇ ਹਨ ਜੋ ਕਿ ਉਸ ਸਮੇਂ ਦੇ ਸਮਾਜ ਵਿੱਚ ਇੱਕ ਨਾ ਸਹਿਣਯੋਗ ਗੱਲ ਹੁੰਦੀ ਹੈ। ਜਦੋਂ ਫਿਰ ਉੱਥੇ ਮੁੜ ਉਹੀ ਸਵਾਲ ਖੜ੍ਹਾ ਹੁੰਦਾ ਹੈ ਕਿ ਕੁੜੀਆਂ ਨੂੰ ਪੜ੍ਹਾਏਗਾ ਕੌਣ ਤਾਂ ਫਿਰ ਉਹ ਆਪਣੀ ਘਰਵਾਲੀ ਸਵਿੱਤਰੀ ਬਾਈ ਨੂੰ ਚਾਰ ਸਾਲ ਪੜ੍ਹਾਉਣ ਦੀ ਸਿੱਖਿਆ ਦਿਵਾਉਂਦੇ ਹਨ ਤਾਂ ਜੋ ਉਹ ਉਨ੍ਹਾਂ ਦੇ ਕੁੜੀਆਂ ਦੇ ਸਕੂਲ ਵਿੱਚ ਪੜ੍ਹਾ ਸਕੇ। ਇਸ ਤਰ੍ਹਾਂ ਭਾਰਤ ਵਿੱਚ ਕੁੜੀਆਂ ਦੇ ਪਹਿਲੇ ਸਕੂਲ ਦੀ ਨੀਂਹ ਰੱਖੀ ਜਾਂਦੀ ਹੈ। ਇਹ ਗੱਲ ਵੀ ਸਮਾਜ ਦੇ ਲੋਕ ਪਸੰਦ ਨਹੀਂ ਕਰਦੇ ਅਤੇ ਉਹ ਰਾਹ ਜਾਂਦਿਆਂ ਸਵਿੱਤਰੀ ਬਾਈ ਦੇ ਉੱਤੇ ਜਾਨਵਰਾਂ ਦਾ ਮਲ ਮੂਤਰ ਸਿੱਟਦੇ ਹਨ ਪਰ ਉਹ ਇਸ ਗੱਲ ਦੀ ਭਿਟ ਨਹੀਂ ਮਨਾਉਂਦੇ ਤੇ ਆਪਣੇ ਰਾਹ ਤੁਰਦੇ ਰਹਿੰਦੇ ਹਨ ਤੇ ਇਹ ਸਾਰਾ ਕੁਝ ਬਰਦਾਸ਼ਤ ਕਰਦਿਆਂ ਆਪਣੇ ਕਾਰਜ ਵਿੱਚ ਜੁੜੇ ਰਹਿੰਦੇ ਹਨ।

ਜਯੋਤੀ ਰਾਓ ਫੂਲੇ

ਗੱਲ ਸਿਰੋਂ ਲੰਘਦੀ ਵੇਖ ਕੇ ਬਾਹਮਣ ਜਯੋਤੀ ਰਾਓ ਫੂਲੇ ਨੂੰ ਮਾਰਨ ਦੀ ਵਿਉਂਤ ਘੜਦੇ ਹਨ। ਇਸ ਕੰਮ ਲਈ ਵੀ ਅਖੌਤੀ ਨੀਵੀਂ ਜਾਤ ਦੇ ਦੋ ਬੰਦੇ ਜਿਨ੍ਹਾਂ ਵਿੱਚ ਇੱਕ ਘੋਂਡੀਰਾਮ ਨਾਮਦੇਵ ਘੁਮਿਆਰ ਜਾਤ ਦਾ ਹੁੰਦਾ ਹੈ ਅਤੇ ਇੱਕ ਰੁਦਰਾ ਨੂੰ ਚੁਣਿਆ ਜਾਂਦਾ ਹੈ ਤੇ ਮੋਟੀ ਰਕਮ ਦੇ ਕੇ ਇਸ ਕੰਮ ਲਈ ਭੇਜਿਆ ਜਾਂਦਾ ਹੈ। ਜਦ ਉਹ ਰਾਤ ਨੂੰ ਜਯੋਤੀ ਰਾਓ ਫੂਲੇ ਦੇ ਘਰ ਵਿੱਚ ਦਾਖਲ ਹੁੰਦੇ ਹਨ ਤਾਂ ਖੜਕਾ ਸੁਣ ਕੇ ਜਯੋਤੀ ਰਾਓ ਉੱਠ ਜਾਂਦੇ ਹਨ। ਉਨ੍ਹਾਂ ਦੀ ਗੱਲਬਾਤ ਵਿੱਚ ਉਹ ਜਯੋਤੀ ਰਾਓ ਫੂਲੇ ਤੋਂ ਇੰਨਾ ਪ੍ਰਭਾਵਿਤ ਹੁੰਦੇ ਹਨ ਕਿ ਉਹ ਮਾਰਨਾ ਤਾਂ ਦੂਰ ਦੀ ਗੱਲ ਰਹਿ ਜਾਂਦੀ ਹੈ ਸਗੋਂ ਦੋਵੇਂ ਉਨ੍ਹਾਂ ਦੇ ਨਾਲ ਅੰਤ ਤੱਕ ਸਾਥ ਨਿਭਾਉਂਦੇ ਹਨ ਤੇ ਇਹਨਾਂ ਦੋਵਾਂ ਵਿੱਚੋਂ ਇੱਕ ਉਨ੍ਹਾਂ ਦਾ ਅੰਗ ਰੱਖਿਅਕ ਹੀ ਬਣ ਜਾਂਦਾ ਹੈ।

ਜਯੋਤੀ ਰਾਓ ਫੂਲੇ ਦੇ ਜੀਵਨ ਸੰਘਰਸ਼ ਨੂੰ ਪੜ੍ਹਦਿਆਂ ਵੇਖਿਆ ਜਾ ਸਕਦਾ ਹੈ ਕਿ ਉਨ੍ਹਾਂ ਨੇ ਸਮਾਜ ਦੇ ਹਰ ਇੱਕ ਹਿੱਸੇ ਵਿੱਚ ਆਪਣਾ ਪੂਰਨ ਯੋਗਦਾਨ ਪਾਇਆ ਚਾਹੇ ਉਹ ਕਿਸਾਨਾਂ ਦੇ ਮਸਲੇ ਸਨ, ਚਾਹੇ ਵਿਧਵਾਵਾਂ ਦਾ ਮਸਲਾ ਸੀ ਤੇ ਚਾਹੇ ਬਾਲੜੀਆਂ ਨੂੰ ਮਾਰਨ ਦਾ ਮਾਮਲਾ। ਕਿਸਾਨਾਂ ਲਈ ਲੜੇ ਸੰਘਰਸ਼ ਵਿਚ ਵਰਣਨਯੋਗ ਗੱਲ ਇਹ ਹੈ ਕਿ ਜਿਹੜੇ ਸੰਘਰਸ਼ ਵਿੱਚ ਜਯੋਤੀਰਾਓ ਫੂਲੇ ਕਿਸਾਨਾਂ ਲਈ ਲੜਦੇ ਹਨ।

ਲਾਲ, ਬਾਲ ਤੇ ਪਾਲ ਵਜੋਂ ਯਾਦ ਕੀਤੀ ਜਾਂਦੀ ਤਿੱਕੜੀ ਜਿਹਦੇ ਵਿਚ ਕਿ ਬਾਲ— ਬਾਲ ਗੰਗਾਧਰ ਤਿਲਕ ਨੂੰ ਕਿਹਾ ਜਾਂਦਾ ਹੈ; ਉਹ ਗਰੀਬ ਕਿਸਾਨਾਂ ਖਿਲਾਫ ਬਾਹਮਣਾਂ ਅਤੇ ਸ਼ਾਹੂਕਾਰਾਂ ਦੇ ਹੱਕ ਵਿੱਚ ਨਿੱਤਰਦਾ ਹੈ। ਜਯੋਤੀ ਰਾਓ ਫੂਲੇ ਵਲੋਂ ਇੱਕ ‘ਗੁਲਾਮ ਗਿਰੀ’ ਨਾਂ ਦੀ ਕਿਤਾਬ ਵੀ ਲਿਖੀ ਹੋਈ ਹੈ ਅਤੇ ਇਸ ਤੋਂ ਇਲਾਵਾ ਵੀ ਉਨ੍ਹਾਂ ਦੇ ਹੋਰ ਪਰਚੇ ਵੱਖ-ਵੱਖ ਸਮੇਂ ਤੇ ਛਪਦੇ ਰਹੇ ਹਨ।

ਜਯੋਤੀ ਰਾਓ ਫੂਲੇ ਨੇ ‘ਸੱਤਿਆ ਸੋਧਕ ਸਮਾਜ’ ਦੀ ਵੀ ਸਥਾਪਨਾ ਕੀਤੀ। ਇਸ ਤੋਂ ਇਲਾਵਾ ਉਹ ਪੁਣੇ ਮਿਊਂਸੀਪਲ ਕਮੇਟੀ ਵਿੱਚ ਕੌਂਸਲਰ ਵੀ ਰਹੇ। ਉਹ ਇੱਕ ਉੱਘੇ ਵਪਾਰੀ ਅਤੇ ਠੇਕੇਦਾਰ ਵੀ ਸਨ। ਪੁਣੇ ਦੇ ਦਰਿਆ ਉੱਤੇ ਬਣੇ ਪੁਲ ਤੇ ਕਾਟ ਰਾਜ ਦੀ ਸੁਰੰਗ ਲਈ ਤੇ ਜਿੱਥੇ ਬਹੁਤ ਸਾਰੇ ਸਿੱਖ ਸੰਘਰਸ਼ ਵੇਲੇ ਨਜ਼ਰਬੰਦ ਰਹੇ ਹਨ ਉਸ ਯਰਵਾੜਾ ਜੇਲ੍ਹ ਲਈ ਵੀ ਉਨ੍ਹਾਂ ਠੇਕੇਦਾਰ ਹੁੰਦੇ ਸਾਮਾਨ ਮੁਹੱਈਆ ਕਰਵਾਇਆ।

ਉਸ ਸਮੇਂ ਵਿਧਵਾਵਾਂ ਦੀ— ਖਾਸ ਕਰਕੇ ਬਾਹਮਣ ਸਮਾਜ ਦੀਆਂ ਵਿਧਵਾਵਾਂ ਦੀ ਹਾਲਤ ਕੋਈ ਬਹੁਤੀ ਚੰਗੀ ਨਹੀਂ ਸੀ ਤੇ ਜਿਸ ਕਰਕੇ ਜਯੋਤੀ ਰਾਓ ਫੂਲੇ ਨੇ ਉਨ੍ਹਾਂ ਵਿਧਵਾਵਾਂ ਲਈ ਇਕ ਆਸ਼ਰਮ ਖੋਲ੍ਹਿਆ ਜਿੱਥੇ ਕਿ ਉਹ ਆਸਰਾ ਲੈ ਕੇ ਰਹਿ ਸਕਣ ਅਤੇ ਆਪਣਾ ਸਮਾਂ ਬਤੀਤ ਕਰ ਸਕਣ। ਜਨਮ ਤੋਂ ਬਾਅਦ ਛੱਡ ਦਿੱਤੇ ਜਾਂਦੇ ਬੱਚਿਆਂ ਲਈ ਵੀ ਉਨ੍ਹਾਂ ਨੇ ਇਕ ਅਨਾਥ ਆਸ਼ਰਮ ਖੋਲ੍ਹਿਆ।

ਗੱਲ ਕੀ ਸਮਾਜ ਵਿਚਲੇ ਹਰ ਕਿਸਮ ਦੇ ਭੈੜ ਦੇ ਖਿਲਾਫ ਉਹ ਝੰਡਾ ਬਰਦਾਰ ਬਣ ਕੇ ਨਿੱਤਰੇ ਤੇ ਸਫਲਤਾ ਨਾਲ ਕੰਮ ਪੂਰ ਚਾੜ੍ਹਿਆ। ਭਾਈ ਅਜਮੇਰ ਸਿੰਘ ਨੇ ਇੱਕ ਵਾਰ ਸੰਗਰੂਰ ਵਿਖੇ ਜਯੋਤੀ ਰਾਓ ਜੋੜੀ ਵਲੋਂ ਖੋਲ੍ਹੇ ਵਿਦਿਅਕ ਅਦਾਰਿਆਂ ਦੀ ਗਲ ਕਰਦੇ ਹਨ, ਜੋ ਮੈਨੂੰ ਵਿੱਸਰ ਗਈ ਹੈ ਪਰ ਇਸ ਲਈ ਉਨ੍ਹਾਂ ਦੀ ਤਕਰੀਰ ਸੁਣੀ ਜਾ ਸਕਦੀ ਹੈ।

ਕੋਈ ਆਪਣੀ ਸੰਤਾਨ ਨਾ ਹੋਣ ਤੇ ਉਨ੍ਹਾਂ ਨੇ ਦੂਜਾ ਵਿਆਹ ਕਰਾਉਣ, ਜੋ ਕਿ ਉਸ ਵੇਲੇ ਆਮ ਪ੍ਰਚੱਲਿਤ ਸੀ, ਤੋਂ ਸਾਫ ਇਨਕਾਰ ਕਰ ਦਿੱਤਾ।

ਉਨ੍ਹਾਂ ਦਾ ਜੋ ਪੁੱਤਰ ਯਸ਼ਵੰਤ ਹੈ ਉਹਦੀ ਵੀ ਕਹਾਣੀ ਬੜੀ ਸਿੱਖਿਆਦਾਇਕ ਹੈ। ਜਯੋਤੀ ਰਾਓ ਫੂਲੇ ਅਤੇ ਸਵਿੱਤਰੀ ਬਾਈ ਫੂਲੇ ਇੱਕ ਬਾਹਮਣ ਕੁੜੀ ਨੂੰ ਮਿਲਦੇ ਹਨ ਜੋ ਕਿ ਉਸ ਵੇਲੇ ਗਰਭਵਤੀ ਹੁੰਦੀ ਹੈ ਅਤੇ ਮਾੜੀ ਰਾਹ ਪਏ ਹੋਣ ਕਰਕੇ ਮਰਨ ਜਾ ਰਹੀ ਹੁੰਦੀ ਹੈ। ਉਹ ਉਸ ਨੂੰ ਸਮਝਾਉਂਦੇ ਹਨ ਤੇ ਪਾਲਣ ਪੋਸ਼ਣ ਕਰਦੇ ਹਨ। ਮੁੜ ਉਸ ਦੀ ਜੋ ਸੰਤਾਨ ਹੁੰਦੀ ਹੈ ਉਹਨੂੰ ਗੋਦ ਲੈਂਦੇ ਹਨ ਤੇ ਉਹਦਾ ਪਾਲਣ ਪੋਸਣ ਆਪਣੇ ਬੱਚੇ ਜਿਉਂ ਕਰਦੇ ਹਨ। ਇੱਥੋਂ ਤੱਕ ਕਿ ਆਪਣੀ ਵਸੀਅਤ ਵਿੱਚ ਜਯੋਤੀ ਰਾਓ ਫੂਲੇ ਆਪਣਾ ਸਭ ਕੁਝ ਆਪਣੀ ਔਲਾਦ ਵਾਂਗ ਉਸ ਗੋਦ ਲਏ ਪੁੱਤ ਯਸ਼ਵੰਤ ਦੇ ਨਾਂ ਕਰ ਦਿੰਦੇ ਹਨ।

ਸੰਘਰਸ਼ ਦੇ ਰਾਹ ਕਦੇ ਸੌਖੇ ਨਹੀਂ ਹੁੰਦੇ। ਹੋਣੀ ਨੂੰ ਸ਼ਾਇਦ ਕੁਝ ਹੋਰ ਮਨਜ਼ੂਰ ਹੁੰਦਾ ਹੈ। ਜਦੋਂ ਪਲੇਗ ਦੀ ਮਹਾਮਾਰੀ ਫੈਲਦੀ ਹੈ ਤੇ ਇਹ ਪੂਰਾ ਪਰਿਵਾਰ ਜਯੋਤੀ ਰਾਓ ਫੂਲੇ, ਸਵਿੱਤਰੀ ਬਾਈ ਫੂਲੇ ਤੇ ਯਸ਼ਵੰਤ ਫੂਲੇ ਨਿੱਠ ਕੇ ਸਮਾਜ ਸੇਵਾ ਵਿੱਚ ਜੁੱਟ ਜਾਂਦੇ ਹਨ ਤੇ ਲੋਕਾਂ ਦੀ ਸੇਵਾ ਸੰਭਾਲ ਦਾ ਕਾਰਜ ਆਪਣੇ ਮੋਢਿਆਂ ਤੇ ਲੈਂਦੇ ਹਨ ਅਤੇ ਨਤੀਜੇ ਵਿਚ ਇਸ ਭੈੜੀ ਬਿਮਾਰੀ ਦੀ ਲਾਗ ਯਸ਼ਵੰਤ ਤੇ ਸਵਿੱਤਰੀ ਬਾਈ ਫੂਲੇ ਨੂੰ ਵੀ ਲੱਗ ਜਾਂਦੀ ਹੈ ਤੇ ਉਨ੍ਹਾਂ ਦੀ ਮੌਤ ਹੋ ਜਾਂਦੀ ਹੈ।

ਅੰਤ 1890 ਵਿਚ ਉਹ ਇਸ ਫਾਨੀ ਸੰਸਾਰ ਨੂੰ ਛਡ ਜਾਂਦੇ ਹਨ। ਜਯੋਤੀ ਰਾਓ ਫੂਲੇ ਦਾ ਜੀਵਨ ਸੰਘਰਸ਼ ਲੜ ਰਹੀਆਂ ਕੌਮਾਂ ਅਤੇ ਸੰਘਰਸ਼ ਕਰ ਰਹੇ ਲੋਕਾਂ ਲਈ ਹਮੇਸ਼ਾ ਹੀ ਪ੍ਰੇਰਨਾ ਦਾ ਸਰੋਤ ਬਣਿਆ ਰਹੇਗਾ। ਇਸੇ ਲਈ ਸ਼ਾਇਦ ਡਾ. ਭੀਮ ਰਾਓ ਅੰਬੇਡਕਰ ਜਯੋਤੀ ਰਾਓ ਫੂਲੇ ਨੂੰ ਆਪਣਾ ਗੁਰੂ ਮੰਨਦੇ ਸੀ।

0 0 votes
Article Rating
Subscribe
Notify of
0 ਟਿੱਪਣੀਆਂ
Inline Feedbacks
View all comments
0
Would love your thoughts, please comment.x
()
x