ਜਿਵੇਂ ਜਿਵੇਂ ਸਾਡੀ ਜ਼ਿੰਦਗੀ ਚੋਂ ਅਸਲ ਸੰਘਰਸ਼ ਦੇ ਤੱਤ ਖਤਮ ਹੁੰਦੇ ਜਾਂਦੇ ਹਨ, ਅਸੀਂ ਉਤਨਾ ਹੀ ਬਣਾਉਟੀ ਸੰਘਰਸ਼ਾਂ ਨੂੰ ਸਿਰਜਦੇ ਜਾਂਦੇ ਹਾਂ। ਮਿਸਾਲ ਦੇ ਤੌਰ ਤੇ, ਅਜਕਲ ਦੀ ਚੜ੍ਹਦੀ ਉਮਰ ਦੀ ਨੌਜਵਾਨੀ (ਅਤੇ ਬਾਕੀਆਂ) ਵੱਲੋਂ ਖੇਡੀਆਂ ਜਾਂਦੀਆਂ ਵੀਡੀਓ ਗੇਮਾਂ ਅਤੇ ਹੋਰ ਇਸ ਤਰ੍ਹਾਂ ਦੀਆਂ ਚੀਜ਼ਾਂ ਇਸਦਾ ਇਕ ਸੌਖਾ ਉਦਾਹਰਣ ਹਨ। ਵੀਡੀਓ ਗੇਮ ਵਿੱਚ ਹੀ ਕਾਰ ਦੀ ਰੇਸ ਤੋਂ ਲੈਕੇ ਕੈਦਖਾਨੇ ਵਿੱਚੋਂ ਫਰਾਰੀ (ਪ੍ਰਿਜ਼ਨ ਬ੍ਰੇਕ ਗੇਮਾਂ) ਅਤੇ ਦੋ ਰਾਜਾਂ ਦੀ ਆਪਸੀ ਲੜਾਈ ਤੋਂ ਲੈਕੇ ਸਭਿਅਤਾਵਾਂ ਦੀ ਆਪਸੀ ਲੜਾਈ ਤਕ, ਸਭ ਕੁੱਝ ਦਾ ਸੰਘਰਸ਼ ਵੀਡੀਓ ਗੇਮ ਦੇ ਜਰੀਏ ਹੀ ਕਰਕੇ ਸਾਡਾ ਮਨ ਆਪਣੇ ਆਪ ਨੂੰ ਤਸਕੀਨ ਦਿਵਾਉਂਦਾ ਹੈ ਕਿ ਕੋਈ ਲੜਾਈ ਜਿੱਤੀ ਹੈ। ਮਨ ਭਾਵੇਂ ਚੇਤਨ ਤੌਰ ਉੱਤੇ ਸ਼ਾਂਤੀ ਦੀ ਚਾਹਤ ਰੱਖਦਾ ਹੈ ਪਰ ਹੈ ਸਦਾ ਉਹ ਸੰਘਰਸ਼ ਦੀ ਭਾਲ ਵਿੱਚ। ਇਸ ਲਈ ਜਦੋਂ ਉਸਨੂੰ ਅਸਲ ਸੰਘਰਸ਼ ਕਰਨ ਦੀ ਪ੍ਰੇਰਨਾ ਜਾਂ ਹਿੰਮਤ ਜਾਂ ਮੌਕਾ ਨਾ ਮਿਲੇ ਤਾਂ ਉਹ ਝੂਠੇ ਜਾਂ ਬਣਾਉਟੀ ਸੰਘਰਸ਼ ਕਰਕੇ ਆਪਣੀ ਇਹ ਖੁਰਾਕ ਪੂਰੀ ਕਰਦਾ ਰਹਿੰਦਾ ਹੈ। ਇਕ ਹੋਰ ਮਿਸਾਲ ਇਥੇ ਧਾਰਮਿਕ ਸਭਿਆਚਾਰ ਅਤੇ ਜੀਵਨ-ਜਾਚ ‘ਚੋਂ ਵੇਖੀ ਜਾ ਸਕਦੀ ਹੈ। ਭਾਵੇਂ ਕਿ ਮਨੁੱਖ ਵਲੋਂ ਕੀਤੇ ਕਰਮਾਂ ਅਤੇ ਯਤਨਾਂ ਦਾ ਅਸਲ ਨਿਰਣਾ ਤਾਂ ਗੁਰੂ ਪਾਤਸ਼ਾਹ ਦੀ ਦਰਗਾਹ ‘ਚ ਹੀ ਹੋ ਸਕਦਾ ਹੈ ਪਰ ਇਹ ਵੀ ਸਚਾਈ ਹੈ ਕਿ ਕੁੱਝ ਵਿਰਲਿਆਂ ਨੂੰ ਛੱਡ ਕੇ ਬਾਕੀਆਂ ਵਾਸਤੇ ਕਠਿਨ ਤੀਰਥ ਯਾਤਰਾਵਾਂ ਜਾਂ ਉਨ੍ਹਾਂ ਯਾਤਰਾਵਾਂ ਉੱਤੇ ਨੰਗੇ ਪੈਰੀਂ ਤੁਰ ਕੇ ਜਾਣਾ ਜਾਂ ਡੰਡਉਤ ਕਰਦੇ ਜਾਣਾ ਵੀ ਬਹੁਤੀ ਵਾਰ ਇਸੇ ਤਰ੍ਹਾਂ ਦੇ ਮਨੋਵਿਗਿਆਨਕ ਸਤਹੀ ਤਸਕੀਨ ਮਿਲਣ ਦੇ ਵਰਤਾਰੇ ਹੀ ਹੁੰਦੇ ਹਨ। ਸ਼ਰੀਰਕ ਥਕਾਨ ਕਾਰਨ, ਕੀਤੀ ਹੋਈ ਕਿਰਿਆ ਦਾ ਥਾਇ ਪੈਣ ਦਾ ਭੁਲੇਖਾ ਵੀ ਪੈ ਸਕਦਾ ਹੈ ਅਤੇ ਇਸ ਤਰ੍ਹਾਂ ਅਸੀਂ ਆਪਣੀਆਂ ਅੰਦਰਲੀਆਂ ਪਸ਼ੂ ਬਿਰਤੀਆਂ ਨੂੰ ਪੱਠੇ ਪਾਉਂਦੇ ਹੋਏ ਵੀ ਧਰਮੀ ਜੀਵਨ ਜਿਊਣ ਦਾ ਭੁਲੇਖਾ ਪਾਲੀ ਰੱਖ ਸਕਦੇ ਹਾਂ। ਇਸੇ ਤਰ੍ਹਾਂ, ਕਿਸੇ ਵਲੋਂ ਅਟੁੱਟ ਮਿਹਨਤ ਅਤੇ ਲਗਨ ਨਾਲ ਕੀਤੇ ਕਿਸੇ ਬੌਧਕ ਵਿਸ਼ਲੇਸ਼ਣ ‘ਚੋਂ ਨਿਕਲੇ ਸੰਕਲਪ ਸਾਨੂੰ ਜੋ ਮਨੋਵਿਗਿਆਨਕ ਤੱਸਲੀ ਬਖਸ਼ਦੇ ਹਨ, ਉਹ ਰੂਹਾਨੀ ਪ੍ਰਾਪਤੀ ਦਾ ਭੁਲੇਖਾ ਪਾ ਸਕਦੇ ਹਨ।
ਕਹਿਣ ਤੋਂ ਭਾਵ ਕਿ ਸੁਰਜੀਵ ਅਤੇ ਕ੍ਰਿਆਸ਼ੀਲ ਮਨ ਸਦਾ ਹੀ ਸੰਘਰਸ਼ਸ਼ੀਲ ਰਹਿੰਦਾ ਹੈ ਅਤੇ ਇਸੇ ਵਿਚ ਇਸਦਾ ਅਵਚੇਤਨ ਸਕੂਨ ਛੁਪਿਆ ਹੈ ਪਰ ਇਸਦਾ ਦੂਜਾ ਪਹਿਲੂ ਇਹ ਹੈ ਕਿ ਅਸਲ ਸੰਘਰਸ਼ ਦੀ ਅਣਹੋਂਦ ਜਾਂ ਅਸਲ ਸੰਘਰਸ਼ ਵਿੱਚ ਸ਼ਾਮਿਲ ਹੋਣ ਦਾ ਸੁਭਾਗ ਪ੍ਰਾਪਤ ਨਾ ਹੋਣ ਕਾਰਨ ਸਾਡਾ ਮਨ ਬਣਾਉਟੀ ਸੰਘਰਸ਼ ਜਾਂ ਬੇਲੋੜੇ ਸੰਘਰਸ਼ ਵਿਢ ਲੈਂਦਾ ਹੈ ਅਤੇ ਉਨ੍ਹਾਂ ਵਿਚੋਂ ਅਸਲ ਸੰਘਰਸ਼ ਦੀ ਤੱਸਲੀ ਲੈਕੇ ਜ਼ਿੰਦਗੀ ਬਸਰ ਕਰਨ ਜੋਗਾ ਮਨੋਵਿਗਿਆਨਕ ਸੰਤੁਲਨ ਬਣਾਈ ਰੱਖਦਾ ਹੈ। ਸ਼ਰੀਰਕ ਥਕਾਨ ‘ਚੋਂ ਬੌਧਕ ਜਾਂ ਅਧਿਆਤਮਕ ਤਸਕੀਨ ਦਾ ਭੁਲੇਖਾ, ਬੌਧਕ ਮਿਹਨਤ ‘ਚੋਂ ਰੂਹਾਨੀ ਅਨੰਦ ਦੀ ਪ੍ਰਾਪਤੀ ਦਾ ਭੁਲੇਖਾ ਜਾਂ ਇਸ ਤਰਾਂ ਦਾ ਹੋਰ ਕੁਝ ਇਸੇ ਵਰਤਾਰੇ ਦੇ ਅੰਸ਼ ਹਨ। ਮਨੁੱਖ ਆਪਣੇ ਅੰਦਰ ਇਕ ਤਰ੍ਹਾਂ ਦਾ ਮਨੋਵਿਗਿਆਨਕ ਸੰਤੁਲਨ ਬਣਾ ਕੇ ਹੀ ਦੁਨੀਆ ਵਿੱਚ ਜਿਉਂ ਸਕਦਾ ਹੈ ਕਿਉਂਕਿ ਅਗਰ ਐਸਾ ਨਾ ਕਰ ਸਕੇ ਤਾਂ ਉਸਦੇ ਅੰਦਰ ਦਿਮਾਗੀ ਦਬਾਅ, ਉਦਾਸੀਨਤਾ, ਅਹਿਸਾਸ ਕਮਤਰੀ ਜਾਂ ਬੌਧਕ ਸੰਤੁਲਨ ਵਿਗੜਨ ਦੀ ਨੌਬਤ ਆ ਸਕਦੀ ਹੈ। ਇਸ ਕਰਕੇ ਕੋਈ ਵੀ ਮਨੁੱਖ, ਅਸਲ ਸੱਚ ਜੋ ਉਸਨੂੰ ਗਿਆਤ ਹੈ ਅਤੇ ਜਿੱਥੇ ਉਹ ਖੁਦ ਖੜਾ ਹੈ, ਇਸ ਦੇ ਵਿੱਚ ਦੇ ਪਾੜੇ ਨੂੰ ਪੂਰਾ ਕਰਨ ਲਈ ਉਹ ਵੱਖ- ਵੱਖ ਤਰ੍ਹਾਂ ਦੀਆਂ ਜੁਗਤੀਆਂ ਲਾਉਂਦਾ ਰਹਿੰਦਾ ਹੈ। ਜਰੂਰੀ ਨਹੀਂ ਕਿ ਇਹ ਜੁਗਤੀਆਂ ਉਹ ਚੇਤਨ ਰੂਪ ਵਿੱਚ ਲਾਵੇ, ਮਨ ਅਵਚੇਤਨ ਵਿੱਚ ਵੀ ਇਹ ਪਰਿਕਿਰਿਆ ਕਰਦਾ ਰਹਿੰਦਾ ਹੈ। ਜੁਗਤੀਆਂ, ਜਿਵੇਂ ਕਿ ਜੋ ਅਸਲ ਸੱਚ ਹੈ, ਮਨੁੱਖ ਉਸ ਤਕ ਪਹੁੰਚਣ ਲਈ ਆਪਣੀ ਸਮਰੱਥਾ ਵਧਾਉਂਦਾ ਹੈ; ਜਾਂ ਉਹ ਅਸਲ ਸੱਚ ਦੀ ਪਰਿਭਾਸ਼ਾ ਹੀ ਬਦਲ ਕੇ ਆਪਣੀ ਸਮਰੱਥਾ ਦੇ ਨਜ਼ਦੀਕ ਲੈ ਆਉਂਦਾ ਹੈ; ਜਾਂ ਮਨੁੱਖ ਅਸਲ ਸੱਚ ਨੂੰ ਖਾਰਜ ਹੀ ਕਰ ਦਿੰਦਾ ਹੈ; ਅਤੇ ਜਾਂ ਫਿਰ ਉਹ ਅਸਲ ਸੱਚ ਵੱਲ ਜਾਂਦੇ ਰਾਹ ਉੱਤੇ ਆਪਣੀ ਸਮਰੱਥਾ ਵਧਾਉਣ ਦੀ ਬਜਾਏ ਹੋਰ ਖੇਤਰਾਂ ਵਿੱਚ ਆਪਣੀ ਸਮਰੱਥਾ ਵਧਾਉਂਦਾ ਹੈ ਤਾਂਕਿ ਮਨੋਵਿਗਿਆਨਕ ਤੌਰ ਉੱਤੇ ਉਸ ਅੰਦਰ ਕੁੱਝ ਜੋਰ ਰਹੇ ਅਤੇ ਸੰਤੁਲਨ ਬਣਿਆ ਰਹੇ। ਅਸਲ ਸੱਚ ਜਾਂ ਅਸਲ ਨਿਸ਼ਾਨਿਆਂ ਵੱਲ ਆਪਣੀ ਸਮਰੱਥਾ ਵਧਾਉਣ ਦੇ ਇਲਾਵਾ ਬਾਕੀ ਅਖਤਿਆਰ ਕੀਤੇ ਰਾਹਾਂ ਉੱਤੇ ਇਹ ਸੰਭਾਵਨਾ ਪਈ ਹੁੰਦੀ ਹੈ (ਜਿਹ ਸੁਰਤਿ ਦਾ ਵਾਸ ਸੰਗਤ ਵਿੱਚ ਨਾ ਰਹੇ) ਕਿ ਉਹ ਕੁੱਝ ਬਣਾਉਟੀ ਸੰਘਰਸ਼ ਮਨੁੱਖ ਦੀ ਜ਼ਿੰਦਗੀ ‘ਚ ਖੜ੍ਹੇ ਕਰ ਦੇਣ ਜਿਨ੍ਹਾਂ ਨੂੰ ਲੜਦਿਆਂ ਉਹ ਆਪਣੇ ਅੰਦਰ ਕ੍ਰਿਆਸ਼ੀਲ, ਸੁਰਜੀਵ, ਅਤੇ ਮਨੋਵਿਗਿਆਨਕ ਤੌਰ ਉੱਤੇ ਸੰਘਰਸ਼ੀਲ ਹੋਣ ਦਾ ਅਨੁਭਵ ਕਰ ਸਕੇ ਅਤੇ ਦਿਮਾਗੀ ਸੰਤੁਲਨ ਬਣਾਈ ਰੱਖ ਸਕੇ।
ਜਦੋਂ ਇਨ੍ਹਾਂ ਬਣਾਉਟੀ ਸੰਘਰਸ਼ਾਂ ਦੇ ਵਰਤਾਰੇ ਨਾਲ ਸਮਾਜ ਅਤੇ ਕੌਮਾਂ ਦਾ ਵੱਡਾ ਹਿੱਸਾ ਡੰਗਿਆ ਜਾਵੇ ਤਾਂ ਸਮੂਹਿਕ ਤੌਰ ਉੱਤੇ ਕੌਮਾਂ ਨੂੰ ਮੁਖਾਤਿਬ ਹੋਣਾ ਅਤੇ ਅੰਦਰੂਨੀ ਜਾਂ ਬਾਹਰਲੇ ਵਰਤਾਰਿਆਂ ਉੱਤੇ ਵਾਜਿਬ ਸੰਵਾਦ ਰਚਾਉਣਾ ਕਠਿਨ ਹੋ ਜਾਂਦਾ ਹੈ। ਵੈਸੇ ਤਾਂ ਕੌਮਾਂ ਨੂੰ ਭਟਕਾਉਣ ਖਾਤਿਰ ਇਸ ਤਰ੍ਹਾਂ ਦੇ ਬਣਾਉਟੀ ਸੰਘਰਸ਼ ਸਦਾ ਹੀ ਸਮਾਜ ਵਿਚ ਪਨਪਦੇ ਰਹੇ ਹਨ ਜਿਨ੍ਹਾਂ ਵਿੱਚ ਕੌਮ ਦੀ ਸ਼ਕਤੀ ਅਤੇ ਸਮਾਂ ਖਚਿਤ ਕਰਕੇ ਹੁਕਮਰਾਨ ਧਿਰਾਂ ਫਾਇਦਾ ਚੁਕਦੀਆਂ ਰਹੀਆਂ ਹਨ ਪਰ ਸੋਸ਼ਲ ਮੀਡੀਆ ਦੇ ਗਲੋਬਲ ਵਰਤਾਰੇ ਕਰਕੇ ਸਮਾਜ ਉੱਤੇ ਪਏ ਪ੍ਰਭਾਵਾਂ ਨਾਲ ਇਸ ਤਰ੍ਹਾਂ ਦੇ ਬਣਾਉਟੀ ਸੰਘਰਸ਼ਾਂ ਨੂੰ ਜਨਮ ਦੇਣ ਵਾਲੇ ਅਤੇ ਲੜਨ ਵਾਲਿਆਂ ਦੀ ਸੰਖਿਆ ਬਹੁਤ ਵਧ ਗਈ ਹੈ। ਸਿੱਖਾਂ ਵਿੱਚ ਪੈਦਾ ਹੁੰਦੇ ਨਿੱਤ ਨਵੇਂ ਮੁੱਦੇ ਜਾਂ ਪੁਰਾਣੇ ਮੁੱਦਿਆਂ ਨੂੰ ਨਵਿਆ ਕੇ ਨਵੇਂ ਪੈਕੇਜ ਨਾਲ ਕੌਮ ਦੇ ਸਨਮੁੱਖ ਉਤਾਰਿਆ ਜਾ ਰਿਹਾ ਹੈ। ਕੁਝ ਉਹ ਜੋ ਅਸਲ ਸੰਘਰਸ਼ ਨੂੰ ਤਿਲਾਂਜਲੀ ਦੇ ਚੁਕੇ ਹਨ ਅਤੇ ਕੁਝ ਉਹ ਜੋ ਇਸ ਨਵੇਂ ਗੋਲਬਲ ਵਰਤਾਰੇ ਦੀ ਮਾਰ ਝੱਲ ਨਹੀਂ ਪਾ ਰਹੇ ਹੁੰਦੇ, ਨਾ ਚਾਹੁੰਦੇ ਹੋਏ ਵੀ ਇਨ੍ਹਾਂ ਬਣਾਉਟੀ ਸੰਘਰਸ਼ਾਂ ਨੂੰ ਲੜ ਕੇ ਆਪਣੀ ਅਤੇ ਕੌਮ ਦੀ ਸ਼ਕਤੀ ਨੂੰ ਵਿਅਰਥ ਕਰਨ ਵਿੱਚ ਖਚਿਤ ਹੋ ਜਾਂਦੇ ਹਨ। ਖਾਲਸੇ ਦਾ ਨਿਸ਼ਾਨਾ ਸੁਤੰਤਰ ਹਸਤੀ ਦਾ ਹੈ, ਸਰਬੱਤ ਦੇ ਭਲੇ ਦਾ ਹੈ, ਗਰੀਬ ਦੀ ਰੱਖਿਆ ਅਤੇ ਜਰਵਾਣੇ ਦੀ ਭੱਖਿਆ ਦਾ ਹੈ, ਗੁਰ ਖਾਲਸਾ ਪੰਥ ਦੀ ਪਾਤਸ਼ਾਹੀ ਦਾ ਹੈ। ਇਨ੍ਹਾਂ ਨਿਸ਼ਾਨਿਆਂ ਵੱਲ ਵਧਦੇ ਕਦਮ ਹੀ ਅਸਲ ਸੰਘਰਸ਼ ਹਨ ਅਤੇ ਇਸ ਤੋਂ ਛੁੱਟ ਹੋਰ ਮੁੱਦੇ ਬਣਾਉਟੀ ਸੰਘਰਸ਼ ਹਨ ਜੋ ਸਾਡੀ ਸਮੂਹਿਕ ਚੇਤਨਾ, ਆਪਣਾ ਮਨੋਵਿਗਿਆਨਕ ਸੰਤੁਲਨ ਬਣਾਈ ਰੱਖਣ ਲਈ ਅਤੇ ਆਪਣੇ ਆਪ ਨੂੰ ਗੁਰੂ ਖਾਲਸਾ ਪੰਥ ਦੇ ਵਾਰਿਸ ਹੋਣ ਦੇ ਦਾਅਵੇ ਚ ਰੱਖਣ ਲਈ, ਨਿੱਤ ਘੜਦੀ ਰਹਿੰਦੀ ਹੈ।
ਇਸ ਸਾਰੀ ਗੱਲ ਦੇ ਸੰਧਰਭ ਵਿੱਚ ਵੀਹਵੀਂ ਸਦੀ ਦੇ ਅਖੀਰ ਵਿੱਚ ਖਾਲਸੇ ਵਲੋਂ ਸਿਰਜੇ ਇਤਿਹਾਸ ਬਾਰੇ ਅੱਜਕਲ ਸਿੱਖਾਂ ਵਿੱਚ ਜਾਨਣ ਦੀ ਵੱਧ ਰਹੀ ਜਿਗਿਆਸਾ ਅਤੇ ਉਸ ਜਿਗਿਆਸਾ ਨੂੰ ਪੂਰਨ ਦੀ ਕਵਾਇਦ ਵਲ ਨਿਗਾਹ ਮਾਰਨੀ ਬਣਦੀ ਹੈ। ਜਿਗਿਆਸਾ ਵੱਧ ਰਹੀ ਹੈ, ਇਹ ਇਕ ਵਧੀਆ ਸੰਕੇਤ ਹੈ। ਪਰ ਇਸਦੇ ਨਾਲ ਇਹ ਗੱਲ ਵੀ ਉਤਨੀ ਹੀ ਗੰਭੀਰ ਵਿਚਾਰ ਦੀ ਮੰਗ ਕਰਦੀ ਹੈ ਕਿ ਜਨਤਕ ਤੌਰ ਉੱਤੇ ਇਸ ਨਵੀਂ ਜਿਗਿਆਸੂ ਅਤੇ ਉਤਸੁਕ ਪੀੜ੍ਹੀ ਨੂੰ ਕੀ ਦੱਸਣਾ ਹੈ, ਕਦੋਂ ਦੱਸਣਾ ਹੈ ਅਤੇ ਕਿਵੇਂ ਦੱਸਣਾ ਹੈ। ਹਰ ਇਕ ਸੁੱਚੀ ਨੀਅਤ ਵਾਲੇ ਜਿਗਿਆਸੂ ਨੂੰ ਜਾਨਣ ਦਾ ਹੱਕ ਵੀ ਹੈ ਅਤੇ ਜਿਨ੍ਹਾਂ ਨੂੰ ਸੰਘਰਸ਼ ਬਾਰੇ ਕੁੱਝ ਸਾਰਥਕ ਅਤੇ ਡੂੰਘਾ ਅਨੁਭਵ ਜਾਂ ਗਿਆਨ ਹੈ, ਇਹ ਉਨ੍ਹਾਂ ਦਾ ਦੱਸਣ ਦਾ ਫਰਜ਼ ਵੀ ਹੈ। ਪਰ ਕੌਣ ਕਿੰਨਾ ਕੁ ਛਕ ਸਕਦਾ ਹੈ ਅਤੇ ਕਿੰਨਾ ਕੁ ਭੁੰਚ ਸਕਦਾ ਹੈ, ਇਸ ਗੱਲ ਦਾ ਧਿਆਨ ਰੱਖਣਾ ਜਰੂਰੀ ਹੈ। ਸੰਵੇਦਨਸ਼ੀਲ ਜਾਣਕਾਰੀ ਸਾਰਿਆਂ ਵਾਸਤੇ ਨਹੀਂ ਹੁੰਦੀ, ਉਸਨੂੰ ਜਾਨਣ ਸਮਝਣ ਵਾਸਤੇ ਇਕ ਤਾਂ ਬੌਧਕ ਅਤੇ ਅਨੁਭਵੀ ਯੋਗਤਾ ਚਾਹੀਦੀ ਹੁੰਦੀ ਹੈ। ਦੂਜਾ, ਜਿਹੜਾ ਕੋਈ ਇਸ ਤਰ੍ਹਾਂ ਦੀ ਕੁਝ ਯੋਗਤਾ ਅਤੇ ਨੀਅਤ ਰੱਖਦਾ ਵੀ ਹੈ ਉਸਦੇ ਉੱਤੇ ਸਾਰੀ ਜਾਣਕਾਰੀ ਦਾ ਬੋਝ ਇਕੋ ਦਮ ਨਹੀਂ ਪਾਇਆ ਜਾਂਦਾ, ਨਹੀਂ ਤੇ ਉਥੇ ਵੀ ਜਾਣਕਾਰੀ ਨੂੰ ਵਿਵਾਦ ਵਿੱਚ ਬਦਲਣ ਦੀ ਸੰਭਾਵਨਾ ਪਈ ਹੁੰਦੀ ਹੈ। ਜਿੰਨੀ ਜਿੰਨੀ ਕਿਸੇ ਦੀ ਵਿਅਕਤੀਗਤ ਅਤੇ ਕੌਮ ਦੀ ਸਾਂਝੀ ਸਮਰਥਾ ਵੱਧਦੀ ਜਾਂਦੀ ਹੈ, ਗੱਲਾਂ ਸਾਫ ਹੁੰਦੀਆਂ ਜਾਂਦੀਆਂ ਹਨ। ਅਤੇ ਤੀਜਾ, ਦੱਸਣ ਦਾ ਤਰੀਕਾ ਅਤੇ ਮਾਧਿਅਮ ਬਹੁਤ ਵੱਡਾ ਰੋਲ ਅਦਾ ਕਰਦੇ ਹਨ। ਕਿਹੜੀ ਗੱਲ ਵਿਅਕਤੀਗਤ ਤੌਰ ਉੱਤੇ ਬੈਠ ਕੇ ਕਰਨੀ ਹੈ, ਕਿਹੜੀ ਸੰਬੰਧਿਤ ਗੋਸ਼ਟੀਆਂ ਅਤੇ ਸੈਮੀਨਾਰਾਂ ‘ਚ ਕਰਨੀ ਹੈ, ਕਿਹੜੀ ਵੱਡੇ ਸਮਾਗਮਾਂ ‘ਚ ਅਤੇ ਕਿਹੜੀ ਮੀਡੀਆ ‘ਚ ਅਤੇ ਕਿਹੜੀ ਸੋਸ਼ਲ ਮੀਡੀਆ ‘ਚ, ਇਸਦਾ ਸਹੀ ਅਤੇ ਸੰਤੁਲਿਤ ਨਿਤਾਰਾ ਕਰਨਾ ਸਭ ਤੋਂ ਵੱਧ ਅਹਿਮ ਨੁਕਤਾ ਹੈ। ਕਿਹੜੀ ਗੱਲ ਲਿਖ ਕੇ ਦੱਸਣੀ ਹੈ ਅਤੇ ਕਿਹੜੀ ਬੋਲ ਕੇ, ਕਈ ਵਾਰ ਇਹ ਵੀ ਅਹਿਮ ਫੈਸਲਾ ਹੁੰਦਾ ਹੈ। ਜੇਕਰ ਇਨ੍ਹਾਂ ‘ਕੀ, ਕਦੋਂ ਅਤੇ ਕਿਸ ਤਰ੍ਹਾਂ’ ਦਾ ਸੰਤੁਲਨ ਨਹੀਂ ਬਣਾਵਾਂਗੇ ਤਾਂ ਸਭ ਆਪੋ ਆਪਣੇ ਤਰੀਕੇ ਨਾਲ ਮਨਮਰਜੀ ਦੀ ਥਾਂ ਤੋਂ ਡੋਰ ਨੂੰ ਫੜ ਕੇ ਗੁੰਝਲ ਕੱਢਣ ਦੀ ਕੋਸ਼ਿਸ਼ ਕਰਨਗੇ ਅਤੇ ਇਹ ਕੋਸ਼ਿਸ਼ਾਂ ਓਹੀ ਬਣਾਉਟੀ ਸੰਘਰਸ਼ ਖੜ੍ਹੇ ਕਰਨਗੀਆਂ ਜਿਨ੍ਹਾਂ ਦੀ ਗੱਲ ਆਪਾਂ ਉਪਰ ਕੀਤੀ ਹੈ। ਸਿਆਣੇ ਤਾਂ ਆਪਣੇ ਘਰ ਦੀ, ਸ਼ਰੀਕੇ ਦੀ ਲੜਾਈ ਵੀ ਬੱਚਿਆਂ ਨੂੰ ਇਕ ਉਮਰ ਤੋਂ ਬਾਅਦ ਦਸਦੇ ਹਨ ਕਿ ਕਿਧਰੇ ਬੱਚੇ ਇਨ੍ਹਾਂ ਚੱਕਰਾਂ ਆਪਣੀ ਹਸਤੀ ਅਤੇ ਭਵਿੱਖ ਦੀ ਉਸਾਰੀ ਹੀ ਨਾ ਗੁਆ ਬੈਠਣ। ਫੇਰ ਜਨਤਕ ਤੌਰ ਉੱਤੇ ਆਪਣੇ ਅੰਦਰੂਨੀ ਨਾਜ਼ੁਕ ਮਸਲਿਆਂ ਦੀ ਚਰਚਾ ਕਰਨ ਵਾਲਿਆਂ ਨੂੰ ਇਹ ਜਰੂਰ ਸੋਚਣਾ ਚਾਹੀਦਾ ਹੈ ਕਿ ਕਿਧਰੇ ਇਸ ਗੁਰੂ ਵਰਸੋਏ ਪੰਥ-ਪਰਿਵਾਰ ਦੇ ਜਿਗਿਆਸੂ ਬੱਚਿਆਂ ਨੂੰ ਜਾਣਕਾਰੀ ਦੇਣ ਦੀ ਹੋੜ ਚ ਅਸੀਂ ਕੌਮ ਦੇ ਭਵਿੱਖ ਨੂੰ ਹਨੇਰੀ ‘ਚ ਹੀ ਨਾ ਉਡਾ ਦੇਈਏ!
ਜਿਹੜੇ ਇਸ ਜਾਣਕਾਰੀ ਨੂੰ ਗ੍ਰਹਿਣ ਕਰ ਰਹੇ ਹਨ, ਉਨ੍ਹਾਂ ਦਾ ਵੀ ਇਹ ਫਰਜ ਬਣਦਾ ਹੈ ਕਿ ਉਹ ਵਿਚਾਰਨ ਕਿ ਉਨ੍ਹਾਂ ਨੇ ਇਸ ਜਾਣਕਾਰੀ ਦਾ ਕਰਨਾ ਕੀ ਹੈ। ਵਿਦਵਾਨ ਵਰਗ ਵਾਸਤੇ ਵੱਖਰਾ ਐਕਸ਼ਨ ਨਿਕਲੇਗਾ, ਵਿਦਿਆਰਥੀ ਵਰਗ ਵਾਸਤੇ ਵੱਖਰਾ, ਕਾਰਕੁੰਨ (ਐਕਟੀਵਿਸਟ) ਵਾਸਤੇ ਵੱਖਰਾ, ਪ੍ਰਚਾਰਕ ਵਾਸਤੇ ਵੱਖਰਾ ਅਤੇ ਹੋਰ ਵਰਗਾਂ ਆਦਿ ਅਤੇ ਆਮ ਸਿੱਖਾਂ ਵਾਸਤੇ ਵੱਖਰਾ। ਜੇਕਰ ਵਾਕਿਆ ਹੀ ਜਿਗਿਆਸਾ ਸੱਚੀ ਹੈ ਤਾਂ ਇਹ ਫੈਸਲਾ ਵੀ ਕਰੋ ਕਿ ਅਸੀਂ ਆਪੋ ਆਪਣੀ ਸਥਿਤੀ ਅਤੇ ਯੋਗਤਾ ਦੇ ਅਨੁਸਾਰ ਇਸ ਜਿਗਿਆਸਾ ਅਤੇ ਇਸ ਜਾਣਕਾਰੀ ਦਾ ਕਰਨਾ ਕੀ ਹੈ।
ਸਿੱਖਾਂ ਦੇ ਸੰਦਰਭ ਵਿੱਚ ਅਤੇ ਕਿਉਂਕਿ ਖਾਲਸੇ ਦੀ ਜਨਮ ਭੋਇੰ ਪੰਜਾਬ ਦੀ ਧਰਤੀ ਉੱਤੇ ਹੈ, ਇਸ ਕਰਕੇ ਪੰਜਾਬ ਦੇ ਸੰਦਰਭ ਵਿੱਚ ਜੋ ਪੇਸ਼ਕਦਮੀਆਂ ਅੰਤਰਰਾਸ਼ਟਰੀ ਤਾਕਤਾਂ ਇਸ ਖਿੱਤੇ ਵਿੱਚ ਕਰ ਰਹੀਆਂ ਹਨ, ਉਨ੍ਹਾਂ ਦੇ ਉੱਤੇ ਸਾਡਾ ਧਿਆਨ ਕੇਂਦਰਿਤ ਹੋਣਾ ਚਾਹੀਦਾ ਹੈ। ਜਿਹੜਾ ਜ਼ੁਲਮ ਅਤੇ ਸ਼ਰਾਰਤਾਂ ਸਿੱਖਾਂ ਉੱਤੇ ਹਾਕਿਮ ਧਿਰਾਂ ਨੇ ਕੀਤਾ ਅਤੇ ਕਰ ਰਹੇ ਹਨ, ਇਨ੍ਹਾਂ ਨੂੰ ਸਮਝਣ ਅਤੇ ਦੁਨੀਆ ਸਾਹਮਣੇ ਰੱਖਣ ਉੱਤੇ ਸਾਡਾ ਧਿਆਨ ਅਤੇ ਸਿੱਖ-ਮੀਡੀਆ ਦੀ ਊਰਜਾ ਲਗਣੀ ਚਾਹੀਦੀ ਹੈ। ਇਨ੍ਹਾਂ ਮਹੱਤਵਪੂਰਨ ਗੱਲਾਂ ਦੀ ਬਜਾਏ ਕਿਸੇ ਵੀ ਹੋਰ ਅੰਦਰੂਨੀ ਮੁੱਦਿਆਂ ਦੀ ਬਹਿਸ ਜਨਤਕ ਤੌਰ ਉੱਤੇ ਛੇੜਨੀ ਵਾਜਿਬ ਨਹੀਂ। ਖਾਸਕਰ ਕੇ ਉਨ੍ਹਾਂ ਲੜਾਈਆਂ ਬਾਰੇ ਜਨਤਕ ਤੌਰ ਉੱਤੇ ਹਦੋਂ ਵੱਧ ਵੇਰਵੇ ਅਤੇ ਦਲੀਲਾਂ ਦੀ ਧੂੜ ਉਡਾਉਣੀ ਜਿਸ ਅਧਿਆਇ ਨੂੰ ਸਿੱਖਾਂ ਨੇ ਤਾਂ ਕੀ ਸਗੋਂ ਅਜੇ ਤਕ ਤਾਂ ਦੁਸ਼ਮਣ ਨੇ ਵੀ ਸਮਾਪਤ ਹੋਇਆ ਨਹੀਂ ਸਮਝਿਆ, ਇਹ ਇਕ ਮੰਦਭਾਗਾ ਅਤੇ ਗੈਰ ਜ਼ਰੂਰੀ ਵਰਤਾਰਾ ਹੈ। ਜਿਵੇਂ ਦੁਸ਼ਮਣ ਧਿਰ ਆਪਣੀਆਂ ਉੱਚ ਸੰਸਥਾਵਾਂ ਤੋਂ ਇਜਾਜ਼ਤ ਲਏ ਬਿਨਾਂ ਆਪਣੀਆਂ ਕਾਰਵਾਈਆਂ ਅਤੇ ਕਾਰਨਾਮਿਆਂ ਦੇ ਸੰਵੇਦਨਸ਼ੀਲ ਵੇਰਵੇ ਜਨਤਕ ਨਹੀਂ ਕਰ ਸਕਦੇ ਉਸੇ ਤਰ੍ਹਾਂ ਸਿੱਖਾਂ ਨੂੰ ਆਪਣੇ ਵਲੋਂ ਕੀਤੇ ਐਕਸ਼ਨਾਂ ਦੇ ਸੰਵੇਦਨਸ਼ੀਲ ਵੇਰਵੇ ਆਪਣੀਆਂ ਉੱਚ ਸੰਸਥਾਵਾਂ ਦੀ ਇਜਾਜ਼ਤ ਬਿਨਾਂ ਜਨਤਕ ਕਰਨ ਦਾ ਕੋਈ ਹੱਕ ਨਹੀਂ। ਕਿਸੇ ਵੀ ਇਕ ਧਿਰ ਵਲੋਂ ਦੂਜੀ ਧਿਰ ਨੂੰ ਨੀਵਾਂ ਦਿਖਾਉਣ ਦੀ ਕਾਰਵਾਈ ਬਾਰੇ ਸੰਕੋਚ ਕਰਨਾ ਚਾਹੀਦਾ ਹੈ ਅਤੇ ਅਜਿਹੀ ਕੋਈ ਅਤਿ-ਸੰਵੇਦਨਸ਼ੀਲ ਗੱਲ ਜਨਤਕ ਕਰਨੀ ਇੰਨੀ ਹੀ ਜ਼ਰੂਰੀ ਹੈ ਤਾਂ ਸਿੱਖਾਂ ਦੀ ਸਰਬ ਉੱਚ ਹਸਤੀ “ਗੁਰੂ ਖਾਲਸਾ ਪੰਥ”, ਜੋ ਕਿ ਸਰਬੱਤ ਖਾਲਸੇ ਦੀ ਸੰਸਥਾਂ ਦੁਆਰਾ ਨਿਰਣਾ ਕਰਦੀ ਹੈ, ਉਸ ਅੱਗੇ ਇਹ ਗੱਲ ਰੱਖ ਕੇ ਵੀਹਵੀਂ ਸਦੀ ਦੇ ਅਖੀਰ ਚ ਖਾਲਸੇ ਵਲੋਂ ਲੜੇ ਸੰਘਰਸ਼ ਦੀ ਇੱਕ ਸਾਂਝੀ ਸਮਝ ਬਣਾਈ ਜਾਵੇ ਅਤੇ ਫੇਰ ਫੈਸਲਾ ਲਿਆ ਜਾਵੇ ਕਿ ਉਸ ਵਿਚੋਂ ਕਿਹੜੀਆਂ ਗੱਲਾਂ ਜਨਤਕ ਕਰਨੀਆਂ ਹਨ ਅਤੇ ਕਿਹੜੀਆਂ ਨਹੀਂ ਅਤੇ ਇਹ ਵੀ ਤੈਅ ਕੀਤਾ ਜਾਵੇ ਕਿ ਉਨ੍ਹਾਂ ਨੂੰ ਜਨਤਕ ਕਰਨ ਦਾ ਤਰੀਕਾਕਾਰ ਕੀ ਹੋਵੇ। ਇਥੋਂ ਤਕ ਕਿ ਜਿਨ੍ਹਾਂ ਸ਼ਖਸ਼ੀਅਤਾਂ ਬਾਰੇ ਗੱਲ ਹੋ ਰਹੀ ਹੋਵੇ, ਉਹ ਵੀ ਆਪਣੀ ਮਰਜ਼ੀ ਨਾਲ ਉਸ ਨੂੰ ਜਨਤਕ ਨਹੀਂ ਕਰ ਸਕਦੇ। ਜਿਵੇਂ ਪ੍ਰਧਾਨ ਮੰਤਰੀ, ਮੁੱਖ ਮੰਤਰੀ ਜਾਂ ਹੋਰ ਸੰਵਿਧਾਨਿਕ ਪਦਾਂ ਉੱਤੇ ਬੈਠੀਆਂ ਸ਼ਖ਼ਸੀਅਤਾਂ ਸਟੇਟ ਦੀ ਜਗੀਰ (ਸੰਪੱਤੀ) ਹਨ ਅਤੇ ਉਹ ਆਪਣੇ ਨਿੱਜੀ ਬਿਆਨ ਦੇਣ ਲੱਗਿਆਂ ਵੀ ਪੂਰਨ ਤੌਰ ਉੱਤੇ ਖੁਦਮੁਖਤਿਆਰ ਨਹੀਂ ਅਤੇ ਉਨ੍ਹਾਂ ਦੀ ਰੱਖਿਆ ਸਟੇਟ ਦਾ ਫਰਜ਼ ਹੁੰਦਾ ਹੈ। ਇਸੇ ਤਰ੍ਹਾਂ ਪੰਥ ਦੇ ਚਲਦੇ ਘੋਲ ਦੀਆਂ ਮਾਇਨਾਜ਼ ਸ਼ਖ਼ਸੀਅਤਾਂ ਵੀ ਖਾਲਸਾ ਪੰਥ ਦੇ ਸਰਵਉਚ ਸੰਸਥਾਵਾਂ ਤੋਂ ਬਾਹਰ ਨਹੀਂ ਅਤੇ ਭਾਵੇਂ ਪੂਰੇ ਚੰਗੇ ਜਾਂ ਕੁੱਝ ਗਲਤੀਆਂ ਵਾਲੇ ਹੋਣ ਪਰ ਹਨ ਉਹ ਕੌਮ ਦੀ ਸਾਂਝੀ ਜਗੀਰ। ਉਹ ਨਿੱਜੀ ਤੌਰ ਉੱਤੇ ਆਪਣੇ ਵਲੋਂ ਕੀਤੇ ਐਕਸ਼ਨਾਂ ਬਾਰੇ (ਖਾਸਕਰ ਉਹ ਵਰਤਾਰੇ ਜਾਂ ਘਟਨਾਵਾਂ ਜਿਨ੍ਹਾਂ ਦਾ ਦੁਸ਼ਮਣ ਅੱਜ ਵੀ ਫਾਇਦਾ ਲੈ ਸਕਦਾ ਹੋਵੇ), ਉਸ ਬਾਰੇ ਕੁਝ ਨਹੀਂ ਬੋਲ ਸਕਦੇ ਜਦੋਂ ਤਕ ਕਿ ਪੰਥ ਇਜਾਜ਼ਤ ਨਾ ਦੇਵੇ। ਫੌਜਾਂ ਦੇ ਜਰਨੈਲ ਆਪਣੀ ਮਰਜ਼ੀ ਨਾਲ ਜੰਗ ਖਤਮ ਹੋਣ ‘ਤੇ ਜਾਂ ਸੇਵਾ ਮੁਕਤ ਹੋਣ ‘ਤੇ ਸਾਰੀ ਤਫ਼ਸੀਲ ਨਹੀਂ ਦਸਦੇ ਹੁੰਦੇ। ਸਾਡੀ ਤਾਂ ਲੜਾਈ ਅਜੇ ਜਾਰੀ ਹੈ, ਫੇਰ ਚਲਦੀ ਲੜਾਈ ਵਿੱਚ ਇਹ ਸਭ ਗੱਲਾਂ ਆਮ ਲੋਕਾਂ ਵਿੱਚ ਨਸ਼ਰ ਕਰਨ ਦੀ ਕੋਈ ਬਹੁਤੀ ਵਾਜਬੀਅਤ ਬਣਦੀ ਨਜ਼ਰ ਨਹੀਂ ਆਉਂਦੀ। ਪੰਥ ਦੇ ਸੁਹਿਰਦ ਸੇਵਕ ਇਸ ਗੱਲ ਨੂੰ ਸਮਝਦੇ ਵੀ ਹਨ ਅਤੇ ਇਸ ਗੱਲ ਉੱਤੇ ਖੜ੍ਹੇ ਵੀ ਰਹਿੰਦੇ ਹਨ। ਉਨ੍ਹਾਂ ਦੀ ਖਾਮੋਸ਼ੀ ਕਮਜ਼ੋਰੀ ਦਾ ਨਹੀਂ ਬਲਕਿ ਪੰਥ ਪ੍ਰਤੀ ਉਨ੍ਹਾਂ ਦੀ ਜਿੰਮੇਵਾਰੀ ਦਾ ਪ੍ਰਤੀਕ ਹੁੰਦੀ ਹੈ। ਅਸਲ ਸੰਘਰਸ਼ਾਂ ਵਿੱਚ ਲੜਨ ਵਾਲਿਆਂ ਨੂੰ ਕੌਮਾਂ ਨੂੰ ਬਣਾਉਟੀ ਸੰਘਰਸ਼ਾਂ ਤੋਂ ਬਚਾਉਣ ਖਾਤਿਰ ਬੜਾ ਕੁਝ ਜਰਨਾ ਪੈਂਦਾ ਹੈ ।
ਸੋ, ਇਸ ਗੱਲ ਦਾ ਧਿਆਨ ਸਾਰਿਆਂ ਨੂੰ ਹੀ ਰੱਖਣਾ ਚਾਹੀਦਾ ਹੈ ਕਿ ਕੋਈ ਵੀ ਆਪਣੇ ਤੌਰ ਉੱਤੇ ਉਠ ਕੇ ਕੌਮ ਦੇ ਸਿਰ ਨਿੱਤ ਨਵੇਂ ਬਣਾਉਟੀ ਸੰਘਰਸ਼ ਨਾ ਥੋਪ ਸਕੇ ਅਤੇ ਅਸੀਂ ਆਮ ਸਮਾਜ ਵਿੱਚ ਰਹਿਣ ਵਾਲੇ ਸਿੱਖ ਅਸਲ ਸੰਘਰਸ਼ ਤੋਂ ਭਟਕ ਕੇ ਹਾਕਮ ਧਿਰਾਂ ਵਲੋਂ ਉਭਾਰੇ ਜਾ ਰਹੇ ਇਨ੍ਹਾਂ ਸੋਸ਼ਲ ਮੀਡੀਆ ਦੀ ਬਹਿਸਾਂ ਤੋਂ ਬਚੀਏ। ਇਨ੍ਹਾਂ ਦੇ ਅਧਾਰ ਉੱਤੇ ਸਿਰਜੇ ਬਣਾਉਟੀ ਸੰਘਰਸ਼ਾਂ ਵਿੱਚ ਆਪਣੀ ਊਰਜਾ ਨੂੰ ਵਿਅਰਥ ਕਰਨਾ ਸਾਡੇ ਲਈ ਹਾਨੀਕਾਰਕ ਸਾਬਿਤ ਹੋ ਸਕਦਾ ਹੈ ਅਤੇ ਇਸ ਤੋਂ ਬਚ ਕੇ ਹੀ ਸਾਡਾ ਅਸਲ ਸੰਘਰਸ਼ ਵੱਲ ਅਗਰਸਰ ਹੋਣ ਦਾ ਰਾਹ ਨਿਕਲਦਾ ਹੈ।
ਭੁੱਲ ਚੁਕ ਦੀ ਖਿਮਾਂ!
ਹਰਬਖਸ਼ ਸਿੰਘ