ਕੀ ਖ਼ਾਲਸਾ ਰਾਜ ਸੰਭਵ ਹੈ ?

ਕੀ ਖ਼ਾਲਸਾ ਰਾਜ ਸੰਭਵ ਹੈ ?

ਇੱਕਵੀਂ ਸਦੀ ਵਿਚ ਰਹਿੰਦਿਆਂ ਜੇ ਇਹ ਜਾਣਨਾ ਚਾਹੀਏ ਕਿ ਕੀ ਆ ਖ਼ਾਲਸਾ ਰਾਜ ਦੇ ਸਥਾਪਤ ਹੋਣ ਅਤੇ ਅਭਿਆਸ ਵਿਚ ਆਉਣ ਦੀ ਕੋਈ ਸੰਭਾਵਨਾ ਹੈ, ਤਾਂ ਇਹ ਸਪੱਸ਼ਟ ਰੂਪ ਵਿਚ ਸਮਝਣਾ ਪਵੇਗਾ ਕਿ ਖ਼ਾਲਸਾ ਕੀ ਹੈ ਅਤੇ ਇਹ ਕਿਉਂ ਸਿਰਜਿਆ ਗਿਆ ਹੈ? ਭਾਈ ਕਾਨ੍ਹ ਸਿੰਘ ਨਾਭਾ ਨੇ ਆਪਣੇ ਗੁਰ ਰਤਨਾਕਰ ਮਹਾਨ ਕੋਸ਼ ਵਿਚ ‘ਖ਼ਾਲਸਾ‘ ਸ਼ਬਦ ਦਾ ਅਰਥ ‘ਸ਼ੁੱਧ’ ਦਿੱਤਾ ਹੈ ਅਤੇ ਉਹ ‘ਜ਼ਮੀਨ‘ ਵੀ ਜੋ ਬਾਦਸ਼ਾਹ ਦੀ ਹੈ। ਕਿਸੇ ਜਾਗੀਰਦਾਰ ਜਾਂ ਸੂਤਵ ਦੀ ਨਹੀਂ। ਜੇ ਇਨ੍ਹਾਂ ਅਰਥਾਂ ਨੂੰ ਉਪਰਲੇ ਸੱਤਰ ਉੱਤੇ ਲੈ ਜਾਈਏ ਤਾਂ ‘ਖ਼ਾਲਸਾ’ ਵਾਹਿਗੁਰੂ ਜਾਂ ਅਕਾਲ ਪੁਰਖ ਦਾ ਹੈ। ਇਹ ਕਿਹਾ ਜਾ ਸਕਦਾ ਹੈ ਕਿ ਖ਼ਾਲਸਾ ਵਾਹਿਗੁਰੂ/ਅਕਾਲ ਪੁਰਖ ਦੀ ਚੇਤਨਤਾ ਅਤੇ ਅਸਤਿੱਤਵ ਦੀ ਦੇਹਧਾਰੀ ਨੁਮਾਇੰਦਗੀ ਹੈ।

ਅਕਾਲ ਪੁਰਖ ਦ੍ਰਿਸ਼ਟੀ ਦਾ ਉਹ ਪਰਮ ਯਥਾਰਥ ਹੈ ਜੋ ਆਦੀ ਹੈ, ਉਹ ਸੀ, ਹੈ ਅਤੇ ਅੱਗੋਂ ਹੋਵੇਗਾ ਵੀ। ਇਹ ਯਥਾਰਥ ਸੱਚ ਹੈ, ਜੀਵਨ ਦਾ ਸ੍ਰੋਤ ਹੈ। ਇਸ ਦੀ ਵੱਡੀ ਵਿਸ਼ੇਸ਼ਤਾ ਇਹ ਹੈ ਕਿ ਇਹ ਹਮੇਸ਼ਾਂ ਅਨੰਦ ਅਤੇ ‘ਵਿਗਾਸ‘ ਵਿਚ ਹੈ। ਆਪ ਸਿਰਜਦਾ ਹੈ ਅਤੇ ਆਪਣੀ ਸਿਰਜਨਾ ਨੂੰ ਦੇਖ ਕੇ ਬੇਪ੍ਰਵਾਹੀ ਵਿਚ ਖਿੜਦਾ ਹੈ ਅਤੇ ਸਿਰਜਨਾ ਨੂੰ ਨਿਹਾਲ ਕਰਦਾ ਹੈ। ‘ਜਪੁ ਜੀ’ ਵਿਚ ਗੁਰੂ ਨਾਨਕ ਦੇਵ ਜੀ ਜਦੋਂ ਉਸ ਨੂੰ ‘ਵਿਗਸੈ ਵੇਪਰਵਾਹੁ’ ਜਾਂ ‘ਕਰਿ ਕਰਿ ਵੇਖੈ ਨਦਰਿ ਨਿਹਾਲ’ ਨਾਲ ਪਰਿਭਾਸ਼ਿਤ ਕਰਦੇ ਹਨ ਤਾਂ ਉਨ੍ਹਾਂ ਦਾ ਭਾਵ ਅਕਾਲ ਪੁਰਖ ਦੀ ਉਸ ਵਿਸ਼ੇਸ਼ਤਾ ਤੋਂ ਹੀ ਜੋ ਕੁੱਲ ਸਿਰਜਨਾ ਨੂੰ ਮੌਲਣ ਲਈ ਉਤਸ਼ਾਹ ਦਿੰਦੀ ਹੈ ਅਤੇ ਆਪਣੇ ਦਾ ਮੌਲਣ ਨਾਲ ਸੰਬੰਧਤ ਨਵੀਆਂ ਪਰਤਾਂ ਨੂੰ ਉਜਾਗਰ ਕਰਦੀ ਰਹਿੰਦੀ ਹੈ। ਜਾਂ ਕੋਈ ਵਿਅਕਤੀ ਜਦੋਂ ਉਸ ਨਾਲ ਮਿਲਦਾ ਹੈ ਤਾਂ ਇਹ ਮੇਲ ਇਵੇਂ ਹੀ ਹੁੰਦਾ ਹੈ ਜਿਵੇਂ ਜਲ ਨਾਲ ਮਿਲ ਕੇ ਕੰਵਲ ਫੁੱਲ ਦਾ ਵਿਗਾਸ ਹੁੰਦਾ ਹੈ। ਗੁਰੂ ਰਾਮਦਾਸ ਜੀ ਰਾਗ ਮਾਝ ਵਿਚ ਫੁਰਮਾਉਂਦੇ ਹਨ; ਅਕਾਲ ਪੁਰਖ ‘ਆਪਹਿ ਏਕ‘ ਹੈ ਅਤੇ ‘ਆਪਹਿ ਅਨੇਕ‘ ਅਰਥਾਤ ਅਕਾਲ ਪੁਰਖ ਏਕਤਾ ਅਤੇ ਅਨੇਕਤਾ ਦਾ ਸੰਯੋਗ ਹੈ, ਮੁਜੱਸਮਾ ਹੈ, ਜੋ ਨਿਰਦਿਸ਼ਟ ਵੀ ਹੈ ਅਤੇ ਦਿਸ਼ਟ ਵੀ ਹੈ। ਏਕਤਾ ਅਤੇ ਅਨੇਕਤਾ ਦੇ ਇਸ ਭਰਪੂਰ, ਜੀਵੰਤ ਅਤੇ ਕ੍ਰਿਆਸ਼ੀਲ ਸੱਚ ਨੂੰ ਮਿਲਣ ਨਾਲ ਵਿਅਕਤੀ ਵਿਸਮਾਦੀ ਹੋ ਜਾਂਦਾ ਹੈ ਕਿਉਂਕਿ ਅਕਾਲ ਪੁਰਖ ਆਪ ਵਿਸਮਾਦ ਹੈ। ‘ਖਾਲਸਾ’ ਇਸ ਵਿਸਮਾਦੀ, ਭਰਪੂਰ, ਬਹੁ-ਪੱਖੀ ਸੰਯੋਗ, ਗੁਫ਼ਤਗ ਰੂਪ ਅਕਾਲ ਨੁਮਾਇੰਦਗੀ ਹੈ। ਇਸ ਲਈ ਗੁਰ ਗੋਬਿੰਦ ਸਿੰਘ ਜੀ ਅਤੇ ਸ੍ਰੀ ਗੁਰੂ ਗੰਥ ਸਾਹਿਬ ਦਾ ਸਿਰਜਿਆ “ਖ਼ਾਲਸਾ’ ਵੀ ਇਨ੍ਹਾਂ ਵਿਸ਼ੇਸ਼ਤਾਵਾਂ ਦਾ ਸਰੂਪ ਹੋਵੇਗਾ, ਜੇ ਉਹ ਪ੍ਰਮਾਣਿਕ ਖ਼ਾਲਸਾ ਹੈ, ਇਸ ਵਿਚ ਸੰਦੇਹ ਨਹੀਂ। ਖ਼ਾਲਸਾ ਇਕ-ਪਰਿਪੇਖੀ, ਇਕ ਧਰਮੀ, ਇਕ-ਕੋਣੀ, ਇਕ-ਭਾਸ਼ੀ ਨਹੀਂ ਹੋ ਸਕਦਾ। ਉਸ ਲਈ ਕੁੱਲ ਸਿਰਜਨਾ ਦੀ ਵਿਚਿੱਤਰਤਾ ਨੂੰ ‘ਵਿਗਾਸ’ ਵਿਚ ਰੱਖਣਾ ਅਤੇ ਆਪ ਵਿਗਾਸ ਵਿਚ ਰਹਿਣਾ ਹੀ ਵੱਡਾ ਧਰਮ ਹੈ।

ਦੂਜੇ ਨੂੰ ਵਿਗਾਸ ਵਿਚ ਰੱਖਣਾ ਅਤੇ ਆਪ ਵਿਗਾਸ ਵਿਚ ਰਹਿਣਾ ਹੀ ਕੁੱਲ ਮਨੁੱਖ ਜਾਤੀ ਅਤੇ ਪ੍ਰਕਿਰਤੀ ਵੱਲ ਵੱਡੀ ਜ਼ਿੰਮੇਵਾਰੀ ਹੈ ਅਤੇ ਇਹੀ ਖ਼ਾਲਸਾ ਨੂੰ ਦਿੱਤੀ ਗਈ ਹੈ। ਜਦੋਂ ਇਹ ਜ਼ਿੰਮੇਵਾਰੀ ਨਹੀਂ ਨਿਭਾਈ ਜਾਂਦੀ, ਉਦੋਂ ਹੀ ਸੰਕਟ ਖੜਾ ਹੁੰਦਾ ਹੈ। ਜਦੋਂ ਖ਼ਾਲਸਾ ਸਾਜਿਆ ਗਿਆ ਸੀ ਜਾਂ ਜਦੋਂ ਤੋਂ ਗੁਰੂ ਸਾਹਿਬਾਨ ਨੇ ਆਪਣੀ ਲਹਿਰ ਆਰੰਭ ਕੀਤੀ, ਉਸ ਸਮੇਂ ਇਸਲਾਮ ਅਤੇ ਬ੍ਰਾਹਮਣਵਾਦ ਦੋਵੇਂ ਹੀ ਇਹ ਜ਼ਿੰਮੇਵਾਰੀ ਨਿਭਾਉਣ ਦੇ ਅਸਮਰੱਥ ਹੋ ਚੁੱਕੇ ਸਨ। ਇਸਲਾਮ ਆਪਣੀ ਰਾਜਨੀਤਕ ਪ੍ਰਭੁਤਾ ਵਰਤ ਕੇ ਸ਼ਾਸਕੀ ਜ਼ੋਰ ਨਾਲ ਇੱਕਵਾਦ ਦਾ ਅਭਿਆਸ ਕਰ ਰਿਹਾ ਸੀ ਅਤੇ ਬ੍ਰਾਹਮਣਵਾਦ ਆਪਣੇ ਸਮਾਜਿਕ ਗ਼ਲਬੇ ਅਤੇ ਜਾਤ-ਪ੍ਰਬੰਧ ਰਾਹੀਂ ਮਨੁੱਖ ਦੇ ਸਹਿਜ-ਵਿਗਾਸ ਨੂੰ ਰੋਕ ਕੇ ਆਪਣੇ ਹਿੱਤਾਂ ਲਈ ਵਿਗਾੜ ਰਿਹਾ ਸੀ। ਸਹਿਜ-ਵਿਗਾਸ ਨੂੰ ਰੋਕਣਾ ਜ਼ੁਲਮ ਹੈ, ਭਾਵੇਂ ਉਹ ਕਿਸੇ ਰੂਪ ਵਿਚ ਹੋਵੇ। ਗੁਰੂ ਸਾਹਿਬਾਨ ਦੇ ਵਕਤ ਇਹੀ ਵੱਡਾ ਸੰਕਟ ਸੀ। ਇਸ ਸੰਕਟ ਵਿਚ, ਸੰਕਟ ਪਾਉਣ ਵਾਲੀਆਂ ਰਾਜਨੀਤਕ, ਆਰਥਿਕ ਅਤੇ ਪੁਜਾਰੀ ਸ਼ਕਤੀਆਂ ‘ਅਸੁਰ‘ ਸਨ ਅਤੇ ਇਨ੍ਹਾਂ ਦਾ ਵਿਰੋਧ ਕਰਨ ਵਾਲੀਆਂ ਸ਼ਕਤੀਆਂ ‘ਸੁਰ‘। ਖ਼ਾਲਸਾ ਸੁਰ-ਸ਼ਕਤੀ ਸੀ।

ਸੈਨਾਪਤਿ ਨੇ, ਜੋ ਗੁਰੂ ਗੋਬਿੰਦ ਸਿੰਘ ਜੀ ਦਾ ਦਰਬਾਰੀ ਕਵੀ ਸੀ, ਆਪਣੇ ਗ੍ਰੰਥ ਸ੍ਰੀ ਗੁਰੂ ਸੋਭਾ ਵਿਚ, ਜੋ 1711 ਈਸਵੀ ਵਿਚ ਸਥਾਪਤ ਕੀਤਾ ਗਿਆ, ਇਹ ਲਿਖਿਆ ਹੈ ਕਿ ਖ਼ਾਲਸਾ ਤਿੰਨ ਪ੍ਰਮੁੱਖ ਮੰਤਵਾਂ ਲਈ ਸਿਰਜਿਆ ਗਿਆ : ਜਗਤ ਉਧਾਰਨ, ਅਸੁਰ ਸੰਘਾਰਨ ਅਤੇ ਸੰਕਟ ਨਿਵਾਰਨ ਲਈ।

ਇਤਿਹਾਸ ਦੇ ਹਰ ਨਵੇਂ ਦੌਰ ਵਿਚ ਸੁਰ ਅਤੇ ਅਸੁਰ ਸ਼ਕਤੀਆਂ ਦਾ ਰੂਪ ਬਦਲ ਜਾਂਦਾ ਹੈ ਜੋ ਕਦੇ ਸੁਰ ਸਨ, ਜੇ ਉਹ ਸੌੜੇ ਹਿੱਤਾਂ ਦੀ ਰਾਖੀ ਲਈ ਦੁਜਿਆਂ ਦੇ ਨਿਰੰਤਰ ਵਿਗਾਸ ਵਿਚ ਮੁਸ਼ਕਲਾਂ ਖੜੀਆਂ ਕਰਨ, ਉਹ ਨਿਸਚਿਤ ਹੀ ਅਸੁਰ। ਸ਼ਕਤੀਆਂ ਬਣ ਜਾਂਦੇ ਹਨ, ਉਨ੍ਹਾਂ ਨੂੰ ਫਿਰ ਵਚਿੱਤਰਤਾ ਅਤੇ ਦੈਵਿਤਾ ਦੇ ਹੁਕਮ ਵਿਚ ਕਈ ਪੱਧਰਾਂ ਉੱਤੇ ਲਾਮਬੱਧ ਹੋ ਕੇ ਹਰਾਉਣਾ ਪੈਂਦਾ ਹੈ। ਕਿਉਂਕਿ ਇਤਿਹਾਸ ਵਿਚ ਇਹ ਘੋਲ ‘ਬੈਕੁੰਠ’ ਦੇ ਪ੍ਰਾਪਤ ਹੋਣ ਤਕ ਜਾਰੀ ਰਹਿਣਾ ਹੈ, ਇਸ ਲਈ ਮਨੁੱਖ ਦੇ ਨਿਰੰਤਰ ਵਿਗਾਸ ਨੂੰ ਕਾਇਮ ਰੱਖਣ ਲਈ ਇਤਿਹਾਸਕ ਸਥਿਤੀ ਅਨੁਸਾਰ ਸੁਰ ਸ਼ਕਤੀਆਂ ਦੀ ਲੋੜ ਹਮੇਸ਼ਾਂ ਰਹੇਗੀ। ਗੁਰੂ ਦਾ ਸਿਰਜਿਆ ਖ਼ਾਲਸਾ ਇਸ ਜ਼ਿੰਮੇਵਾਰੀ ਨੂੰ ਨਿਭਾਉਣ ਲਈ ਸਦਾ ਸਾਰਥਿਕ ਰਹੇਗਾ।

ਪਰ ਇਥੇ ਦੁਹਰਾਉਣ ਅਤੇ ਸਮਝਣ ਵਾਲੀ ਗੱਲ ਇਹ ਹੈ ਕਿ ਸਦੀਵਤਾ ਅਤੇ ਸਾਰਥਿਕਤਾ ਕੇਵਲ ਗੁਰੂ ਦੇ ਸਾਜੇ ਖ਼ਾਲਸਾ ਜੀ ਨੂੰ ਬਖ਼ਸ਼ੀ ਗਈ ਹੈ, ਇਸ ਦਾ ਅਰਥ ਇਹ ਹੈ ਕਿ ਖ਼ਾਲਸਾ ਫ਼ੌਜ ਜਾਂ ਸੰਤ-ਸਿਪਾਹੀਆਂ ਨੂੰ ਵਾਹਿਗੁਰੂ ਵਾਂਗ ਸਮੁੱਚੀ ਕਾਇਨਾਤ ਦੀ ਵਚਿੱਤਰਤਾ ਆਪਣੇ ਵਿਚ ਸਮੋਣੀ ਪਵੇਗੀ। ਜਿਵੇਂ ਵਾਹਿਗੁਰੂ ਆਪਣੀ ਸਿਰਜਨਾ ਨੂੰ ਵੇਖ ਕੇ ਨਿਹਾਲ ਹੁੰਦਾ ਹੈ ਅਤੇ ਨਿਹਾਲ ਕਰਦਾ ਹੈ, ਇਹੋ ਜਿਹੀ ਦ੍ਰਿਸ਼ਟੀ ਅਤੇ ਚੇਤਨਤਾ ਵਿਕਸਿਤ ਕਰਨੀ ਪਵੇਗੀ। ਇਹ ਕੋਈ ਸੌਖੀ ਗੱਲ ਨਹੀਂ। ਵਾਹਿਗੁਰੂ ਖ਼ੁਦ ਆਪਣੀ ਸਿਰਜਨਾ ਦੀ ਵਚਿੱਤਰਤਾ ਅਤੇ ਸੁੰਦਰਤਾ ਨੂੰ ਦੇਖ ਕੇ ਵਿਸਮਾਦ ਵਿਚ ਹੈ। ਆਪਣੇ ਵਿਚ ਲੀਨ ਹੋਣ ਵਾਲਿਆਂ ਨੂੰ ਵਿਸਮਾਦ ਲੀਨ ਕਰਦਾ ਹੈ। ਇਸ ਵਿਸ਼ੇਸ਼ਤਾ ਦਾ ਸਾਧਾਰਣ ਅਰਥ ਇਹ ਹੈ ਕਿ ਖਾਲਸਾ ਫੌਜ਼ ਦਾ ਹਰ ਸਿਪਾਹੀ ਜੀਵਨ ਦੀ ਵਿਲੱਖਣਤਾ, ਸੁੰਦਰਤਾ, ਵਿਚਿੱਤਰਤਾ ਤੋਂ ਹਰ ਖਿਣ ਪ੍ਰੇਤਿਤ ਰਹੇ।

ਜੀਵਨ ਦੀ ਸ਼ਾਇਰੀ ਅਤੇ ਸੰਗੀਤ ਵਿਚ ‘ਮਤਵਾਲਾ‘ ਹੋਣ ਦੀ ਸਮਰੱਥਾ ਰੱਖੇ। ਅਕਾਲ ਪੁਰਖ ਦੀ ਸਾਰੀ ਸਿਰਜਨਾ ਹਰ ਖਿਣ ਸੰਗੀਤ ਵਿਚ ਵੱਸ ਰਹੀ ਹੈ। ਸਾਰੀ ਸ੍ਰਿਸ਼ਟੀ ਦੀਆਂ ਸ਼ਕਤੀਆਂ ਆਪਣੀ ਆਪਣੀ ਥਾਂ ਉੱਤੇ ਅਕਾਲ ਪੁਰਖ ਦੇ ਦੁਆਲੇ ਸੰਗੀਤ ਵਾਦਨ ਕਰ ਰਹੀਆਂ ਹਨ। ‘ਜਪੁ ਜੀ’ ਦੀ ਗਵਾਹੀ ਸਾਡੇ ਕੋਲ ਹੈ।

ਸੰਗੀਤ ਹਰ ਸ਼ਕਤੀ ਦੀ ਪਰੰਪਰਿਕ ਇਕਸੁਰਤਾ ਅਤੇ ਸਹਿ-ਹੋਂਦ ਵਿਚੋਂ ਉਪਜਦਾ ਹੈ। ਕੁੱਲ ਸ਼੍ਰਿਸ਼ਟੀ ਇੱਕੋ ਮੋਹ ਵਿਚ ਭਿੱਜਿਆ ਵਿਸਮਾਦੀ ਭਾਈਚਾਰਾ ਹੈ, ਇਕ ਵਿਸ਼ਾਲ ਕਨਫੈਡਰੇਸ਼ਨ। ਜੋ ਹਉਮੈ ਗ੍ਰਸਤ ਹੋ ਕੇ ਇਸ ਕਨਫੈਡਰੇਸ਼ਨ ਵਿਚ ਸ਼ਾਮਲ ਹੋ ਕੇ, ਸਹਿ-ਹੋਂਦੀ ਸੰਗੀਤ ਉਤਪਾਦਨ ਵਿਚ ਹਿੱਸਾ ਨਹੀਂ ਪਾ ਸਕਦੇ, ਉਹ ‘ਹੁਕਮ’ ਅਨੁਸਾਰ ਬਿਨਸ ਜਾਂਦੇ ਹਨ। ਜੋ ਵਰਗ ਜਾਂ ਰਾਜਨੀਤਕ ਸੰਰਚਨਾਵਾਂ/ਸ਼ਾਸਕ ਇਸ ਸੰਗੀਤ ਦੇ ਰਾਹ ਵਿਚ ਅੜਚਨ ਪਾਉਂਦੇ ਹਨ, ਉਨ੍ਹਾਂ ਨੂੰ ਸਮੇਂ ਦੀਆਂ ਸੁਰ ਸ਼ਕਤੀਆਂ ਜਾਂ ਵਿਗਾਸ ਤੋਂ ਪ੍ਰੇਰਿਤ ਤਾਕਤਾਂ, ਖ਼ਤਮ ਕਰ ਦਿੰਦੀਆਂ ਹਨ।

ਖ਼ਾਲਸਾ ਸੰਗਠਨਾਂ ਨੂੰ ਵੀ ਇਹ ਸਮਝਣਾ ਪਵੇਗਾ ਕਿ ਅਕਾਲ ਪੁਰਖ ਦੀ ਸਿਰਜਨਾ ਦੇ ਕਨਫੈਡਰੇਸ਼ਨੀ ਮਾਡਲ ਉੱਤੇ ਹੀ ਸਾਡੇ ਵਿਸ਼ਵ ਦੀ ਸਿਹਤਮੰਦ ਸੰਰਚਨਾ ਬਣ ਸਕਦੀ ਹੈ। ਅਜਿਹੀ ਵਿਸ਼ਵ ਸੰਰਚਨਾ ਜਿਸ ਵਿਚ ਦੂਜੇ ਨਾਲ ਧਿੰਗੋਜੋਰੀ ਨਹੀਂ ਹੋ ਸਕਦੀ, ਨਾ ਹੀ ਕਿਸੇ ਨੂੰ ਛੁਟਿਆਉਣ ਜਾਂ ਜ਼ਬਰਦਸਤੀ ਆਪਣੇ ਵੱਲ ਲਿਆਉਣਾ ਬਣਦਾ ਹੈ। ਵੱਡੀ ਚੇਤਨਤਾ ਅਤੇ ਅਭਿਆਸ ਲਈ ਸਥਿਤੀ ਬਣਾਉਣੀ ਜਾਇਜ਼ ਹੈ । ਅਸੁਰ ਸ਼ਕਤੀਆਂ ਦੀ ਠੀਕ ਪਛਾਣ ਕਰਕੇ ਯਤਨ ਕਰਨਾ ਠੀਕ ਹੈ। ਸਾਡ ਸਮਿਆਂ ਵਿਚ ਅਸੁਰ ਸ਼ਕਤੀਆਂ ਉਹ ਹਨ ਜੋ ਇੱਕਵਾਦੀ ਹਨ, ਉਸ ਵਿਚ ਫਾਸ਼ੀ ਡਿਕਟੇਟਰ, ਇਸਲਾਮਵਾਦ, ਈਸਾਈਵਾਦ, ਹਿੰਦੂਵਾਦ ਸਭ ਆ ਜਾਂਦੇ ਹਨ ਜੇ ਉਹ ਇੱਕਵਾਦ ਦਾ ਅਭਿਆਸ ਕਰਦੇ ਹਨ ਅਤੇ ਕਾਇਨਾਤ ਦੇ ਕਨਫੈਡਰੋਸ਼ਨੀ, ਸਰੀਰ ਉਤਪਾਦਕ ਭਾਈਚਾਰੇ ਨੂੰ ਭੰਗ ਕਰਦੇ ਹਨ।

ਪੂੰਜੀਵਾਦ ਦਾ ਲਚਕੀਲਾ ਰੂਪ ਜੋ ਦੂਜੇ ਸਭਿਆਚਾਰਾਂ ਦਾ ਸਤਿਕਾਰ ਕਰ ਹੈ ਅਤੇ ਉਨ੍ਹਾਂ ਦੀ ਵਿਚਿੱਤਰਤਾ ਅਨੁਸਾਰ ਆਪਣੇ ਆਪ ਨੂੰ ਬਦਲਦਾ ਰਹਿੰਦਾ ਹੈ ਇੱਕਵਾਦੀ ਨਹੀਂ । ਕੈਨੇਡਾ ਅਤੇ ਅਮਰੀਕਾ ਦੇ ਪੂੰਜੀਵਾਦ ਅਜਿਹੇ ਚਰਿਤਰ ਦੇ ਹਨ। ਕੈਨੇਡਾ ਵੱਧ ਅਤੇ ਅਮਰੀਕਾ ਘੱਟ।ਜਾਪਾਨ ਦਾ ਪੰਜੀਵਾਦ ਵੀ ਅਜਿਹਾ ਲਚਕ ਧਾਰ ਰਿਹਾ ਹੈ। ਸਮਾਜਵਾਦ ਅਜੇ ਇੱਕਵਾਦੀ ਹੈ। ਚੀਨ ਨੇ ਕੁਝ ਲਚਕ ਦਿਖਾਉਣਾ ਆਰੰਭ ਕੀਤੀ ਹੈ, ਪਰ ਅਜੇ ਯਾਤਰਾ ਲੰਮੀ ਹੈ। ਭਾਰਤ ਦਾ ਸੰਵਿਧਾਨ ਅਤੇ ਰਾਜਨੀਤਕ ਸੰਰਚਨਾਵਾਂ ਕੌਮੀ ਇੱਕਵਾਦ ਉੱਤੇ ਉਸਰੀਆਂ ਹੋਈਆਂ ਹਨ।

ਇਨ੍ਹਾਂ ਵਿਚ ਭਾਰਤ ਨੂੰ ਵਿਲੱਖਣ ਸਭਿਆਚਾਰਾਂ ਅਤੇ ਕੌਮਾਂ ਦੇ ਖੇਤਰੀ ਘਰਾਂ ਦੇ ਤੌਰ ‘ਤੇ ਨਹੀਂ ਸਵੀਕਾਰ ਕੀਤਾ ਗਿਆ। ਇਸ ਲਈ ਇਹ ਦੂਜੇ ਦੇ ਮੁਕੰਮਲ ਸਤਿਕਾਰ ਨੂੰ ਨਿਯਮ ਵਜੋਂ ਸ਼ੀਕਾਰ ਨਹੀਂ ਕਰਦੇ। ਨਤੀਜੇ ਵਜੋਂ ਭਾਰਤ ਦੀਆਂ ਰਾਜਨੀਤਕ ਸੰਰਚਨਾਵਾਂ ਇਕ-ਕੌਮਵਾਦੀ ਹਨ। ਇਨ੍ਹਾਂ ਦੇ ਅਭਿਆਸ ਵਿਚੋਂ ਕਾਇਨਾਤੀ ਸੰਗੀਤ ਨਹੀਂ ਨਿਕਲ ਸਕਦਾ। ਇਥੇ ਸੰਕਟ ਕਾਇਮ ਹੀ ਰਹੇਗਾ। ਕੇਵਲ ਪੂੰਜੀ ਆਧਾਰਿਤ ਵਿਕਾਸ, ‘ਵਿਗਾਸ’ ਨਹੀਂ ਬਣ ਸਕਦਾ।

ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ‘ਸਾਬਤਿ ਪੂੰਜੀ‘ ਦੀ ਗੱਲ ਕੀਤੀ ਗਈ ਹੈ। ਬਾਣੀਕਾਰਾਂ ਨੇ ਆਪਣੇ ਆਪ ਨੂੰ ‘ਰਾਮ ਕੇ’ ‘ਵਣਜਾਰੇ, ਆਖਿਆ ਹੈ। ਇਸ ਦਾ ਅਰਥ ਇਹ ਹੈ ਕਿ ਪੂੰਜੀ ਉਹੀ ਵਿਗਾਸ ਵੱਲ ਲੈ ਜਾ ਸਕਦੀ ਹੈ ਜਿਸ ਵਿਚ ਅਕਾਲ ਪੁਰਖ ਦਾ ਸਤਿ ਮੌਜੂਦ ਹੋਵੇ। ਅੱਜ ਦੇ ਮੁਹਾਵਰੇ ਵਿਚ ਇਹ ਕਿਹਾ ਜਾ ਸਕਦਾ ਹੈ ਕਿ ਦੈਵਿਤਾ, ਭਰਪੂਰ ਪ੍ਰਫੁੱਲਤਾ, ਸੰਗੀਤਾਮਕ ਕਨਫੈਡਰੇਸ਼ਨੀ ਭਾਈਚਾਰੇ ਦੇ ਹਿੱਤ ਵਿਚ ਲਾਈ ਪੂੰਜੀ ਹੀ ਵਿਗਾਸ ਵੱਲ ਲੈ ਜਾ ਸਕਦੀ ਹੈ। ਕੇਵਲ ‘ਵਿਕਾਸ’ ਹਿੱਤ ਜਾਂ ਸੂਦ ਵਧਾਉਣ ਲਈ ਲਾਈ ਪੂੰਜੀ ਇਕ-ਪਾਸਾਰੀ ਹੈ, ਸਰਬ ਪੱਖੀ/ਵਿਗਾਸਮੁਖੀ ਨਹੀਂ। ਪੱਛਮ ਵਿਚ ਐਜ਼ਰਾ ਪਾਊਂਡ ਮਾਰਸ਼ਲ ਮੌਸ, ਬਾਤੱਈ ਜਿਹੇ ਚਿੰਤਕ ਆਧੁਨਿਕ ਸਮੇਂ ਵਿਚ ਕਹਿ ਚੁੱਕੇ ਹਨ ਕਿ ਸੂਦਖੋਰੀ ਦਾ ਰਾਹ ਘਾਤਕ ਹੈ, ਮਨੁੱਖੀ ਪ੍ਰਫੁੱਲਤਾ ਲਈ ਯੋਗ ਨਹੀਂ। ਪੱਛਮ ਉਨ੍ਹਾਂ ਦੇ ਵਿਚਾਰ ਵਿਚ ਗਲਤ ਰਾਹ ਉੱਤੇ ਤੁਰ ਪਿਆ, ਅਜੇ ਕਿ ਪੱਛਮ ਦੇ ਆਦਿਵਾਸੀ ਕਬੀਲਿਆਂ ਵਿਚ ਮਨੁੱਖੀ ਮਾਣ ਅਤੇ ਭਾਵ-ਪ੍ਰਫੁੱਲਤਾ ਲਈ ਲਾਈ ਸੌਂਦਰਯ-ਮਾਰਗੀ ਜੀ ਦੀ ਪ੍ਰਥਾ ਵੀ ਮੌਜੂਦ ਸੀ। ਕੇਵਲ ਚੀਜ਼ਾਂ ਵਸਤਾਂ ਦੇ ਵਧਾਉਣ ਲਈ ਲਾਈ ਉਪਭੋਗੀ ਪੂੰਜੀ, ਵਿਸ਼ਵ ਇਕ ਸ਼ਾਇਰਾਨਾ/ਸੰਗੀਤਾਮਿਕ ਭਾਈਚਾਰਾ ਨਹੀਂ ਉਸਾਰ ਸਕਦੀ ਜੋ ਸ਼ਿਸ਼ਟੀ ਦੇ ਗਾਉਣ ਵਾਲੇ (‘ਗਾਵਹਿ”) ਵਿਧਾਨ ਦਾ ਅਨੁਸਰਣ ਕਰ ਸਕੇ।

‘ਖ਼ਾਲਸਾ’ ਦੇ ਸੰਤ-ਸਿਪਾਹੀ ਨੇ ਜਿਸ ਬ੍ਰਹਿਮੰਡੀ ਗਾਉਣ ਵਾਲੇ, ਸਹਿ-ਹੋਂਦੀ, ਕਨਫੈਡਰੇਸ਼ਨੀ ਭਾਈਚਾਰੇ ਦੀ ਉਸਾਰੀ ਵਿਚ ਸਹਾਇਤਾ ਕਰਨੀ ਹੈ, ਉਸ ਦੀ ਬਣਤਰ ਪਹਿਲਾਂ ਬ੍ਰਹਿਮੰਡੀ ਪੱਧਰ ਉੱਤੇ ਸਮਝਣੀ ਪਵੇਗੀ, ਉਸ ਨੂੰ ਆਪਣੇ ਨਿੱਜੀ ਜੀਵਨ ਵਿਚ ਉਤਾਰਨਾ ਹੋਵੇਗਾ। ਪ੍ਰਾਪੰਰਿਕ ਰਿਸ਼ਤੇ ਨਾਤੇ ਜੇ ਸੰਗੀਤਾਤਮਿਕ ਕਨਫੈਡਰੇਸ਼ਨ ਤੋਂ ਪ੍ਰੇਰਿਤ ਨਾ ਹੋਣ ਤਾਂ ਚੇਤਨਤਾ ਦੇਹ ਅਤੇ ਉਨ੍ਹਾਂ ਦਾ ਅਭਿਆਸ ਕ੍ਰਿਆਵੰਤ ਨਹੀਂ ਹੋਣਗੇ।

ਸੰਗੀਤਾਤਮਿਕ ਬ੍ਰਹਿਮੰਡੀ ਕਨਫੈਡਰੇਸ਼ਨ ਦਾ ਉਤਾਰਾ ਭਾਰਤ ਅਤੇ ਭਾਰਤੀ ਕਨਫੈਡਰੇਸ਼ਨ ਦਾ ਅੰਗ ਪੰਜਾਬ-ਇਸ ਸੰਰਚਨਾ ਲਈ ਹੀ ਖ਼ਾਲਸਾ ਦੇ ਸੰਤ-ਸਿਪਾਹੀ ਨੇ ਯਾਤਰਾ ਕਰਨੀ ਹੈ ਅਤੇ ਇਹੀ ਸੰਘਰਸ਼ ਹੈ ਜੋ ਲਾਮਬੱਧ ਹੋ ਕੇ ਕਰਨਾ ਹੈ। ਭ੍ਰਿਸ਼ਟ ਪੂੰਜੀ ਨਾਲ ਵਿਕਾਸ ਦਾ ਮੁੱਦਾ ਕਿਧਰੇ ਨਹੀਂ ਪਹੁੰਚਾ ਸਕਦਾ। ਘੱਟੋ-ਘੱਟ ਉਸ ‘ਬੈਕੁੰਠ ਤਕ ਨਹੀਂ ਜੋ ‘ਮਿੱਤਰ ਪਿਆਰੇ’ ਦਾ ਹੈ ਅਤੇ ਜਿਸ ਦੀ ਕਾਮਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਨੇ ਕੀਤੀ ਹੈ। ਜਿਸ ਕਨਫੈਡਰੇਸ਼ਨ ਦੀ ਇਥੇ ਗੱਲ ਕੀਤੀ ਜਾ ਰਹੀ ਹੈ, ਉਹ ਨਾ ਇਕ ਕੇਂਦਰਿਤ ਹੈ ਅਤੇ ਨਾ ਹੀ ਕੇਂਦਰਵਾਦੀ। ਕਨਫੈਡਰੇਸ਼ਨ ਵਿਚ ਹਰ ਕੇਂਦਰ ਸਾਪੇਖ ਤੌਰ ‘ਤੇ ਸੁਤੰਤਰ ਵੀ ਹੈ ਅਤੇ ਇਕ-ਸੁਰਤਾ ਵਿਚ ਬੱਝਿਆ ਹੋਇਆ ਵੀ ਹੈ। ਤਦ ਹੀ ਰਾਗ ਉਪਜਦਾ ਹੈ, ਸੰਗੀਤ ਫੁੱਟਦਾ ਹੈ।

ਪੰਜਾਬ ਦਾ ਵਿਗਾਸ ਵੀ ਤਦ ਹੀ ਹੋ ਸਕਦਾ ਹੈ ਜੋ ਭਾਰਤ ਸੰਗੀਤਤ ਕਨਫੈਡਰੇਸ਼ਨ ਬਣੇ। ਇਹ ਪੰਜਾਬ ਇੱਕਾਤਮਕ ਨਹੀਂ ਹੋ ਸਕਦਾ। ਇਸ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਮੁੱਲ ਪ੍ਰਧਾਨ ਹੋ ਸਕਦੇ ਹਨ। ਇਨ੍ਹਾਂ ਮੁੱਲਾਂ ਜਾਂ ਵਡਿਆਈ ਨੂੰ ਪੰਜਾਬੀ ਚੇਤਨਤਾ ਨਹੀਂ ਬਣਨ ਦਿੱਤਾ ਗਿਆ। ਸੌੜੇ ਰਾਜਨੀਤਕ ਅਤੇ ਆਰਥਿਕ ਹਿੱਤਾਂ ਕਾਰਨ ਪੰਜਾਬੀ ਚੇਤਨਤਾ ਨਹੀਂ ਬਣਨ ਦਿੱਤਾ ਗਿਆ। ਸੌੜੈ ਰਾਜਨੀਤਿਕ ਅਤੇ ਆਰਥਿਕ ਹਿੱਤਾਂ ਕਾਰਨ ਪੰਜਾਬੀ ਚੇਤਨਤਾ ਨੂੰ ਬਖੇਰ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ, ਜੋ ਪੰਜਾਬ ਦੀ ਵਿਸ਼ਵ ਨੂੰ ਮਹਾਨ ਦੇਣ ਹੈ, ਨਾਲੋਂ ਤੋੜ ਦਿੱਤਾ ਗਿਆ ਹੈ। ਅੱਜ ਸਿੱਖਾਂ ਦੀ ਨੁਮਾਇੰਦਾ ਕਹਿਣ ਵਾਲੀ ਅਕਾਲੀ ਪਾਰਟੀ ਕੋਲ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਨਾਂ ਹੀ ਹੈ, ਮੁੱਲ ਨਹੀਂ।

ਅੱਜ ਲੋੜ ਇਸ ਗੱਲ ਦੀ ਹੈ ਕਿ ਸੂਝਵਾਨ ਅਤੇ ਪ੍ਰਮਾਣਿਕ ਖ਼ਾਲਸਾ ਨਿੱਤਰੇ ਜਿਸ ਦੀ ਸਮਝ, ਬ੍ਰਹਿਮੰਡ ਦੇ ਗੁਰੂ ਦਰਸ਼ਿਤ ਕ੍ਰਿਆ ਅਨੁਸਾਰ ਭਾਰਤ, ਪੰਜਾਬ ਨੂੰ ਸੰਗੀਤਾਤਮਿਕ ਕਨਫ਼ੈਡਰੇਸ਼ਨ ਵਿਚ ਬਦਲਣ ਲਈ ਪ੍ਰੇਰਿਤ ਹੋਵੇ। ਇਸ ਕਾਰਜ ਲਈ ਸ਼ਾਇਰਾਨਾ ਮਨ, ਵਿਉਂਤਬੰਦੀ ਅਤੇ ਸ਼ਿੱਦਤ ਭਰਪੂਰ ਕਰਮ ਤਿੰਨਾਂ ਦੀ ਲੋੜ ਹੈ।

ਇਥੇ ਇਹ ਦੱਸਣਾ ਵੀ ਪ੍ਰਾਸੰਗਿਕ ਹੈ ਕਿ ਕਨਫੈਡਰੇਸ਼ਨ ਦਾ ਮੁੱਦਾ, ਜਿਸ ਦਾ ਸ੍ਰੋਤ ਮੁੱਖ ਤੌਰ ‘ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਸੀ, “ਅੰਮ੍ਰਿਤਸਰ ਐਲਾਨਨਾਮਾ’ ਰਾਹੀਂ, ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਪ੍ਰਸਤੀ ਅਧੀਨ, ਕੋਈ ਇਕ ਦਹਾਕਾ ਪਹਿਲਾਂ, ਪ੍ਰਵਾਨ ਕੀਤਾ ਗਿਆ ਸੀ। ਪਰ ਅੱਜ ਅਕਾਲੀਆਂ ਦੇ ਸਭ ਗਰੁੱਪ ਉਸ ਐਲਾਨਨਾਮੇ ਤੋਂ ਭੱਜ ਚੁੱਕੇ ਹਨ। ਅਜੇ ਕਿ ਉਸ ਵਿਚ ਸਭ ਖੇਤਰੀ ਸਭਿਆਚਾਰਾਂ ਲਈ ਸ਼ੁਭ ਕਾਮਨਾ ਅਤੇ ਭਵਿੱਖ-ਉਸਾਰੀ ਲਈ ਵਚਨ ਮੌਜੂਦ ਸੀ। ਉਸ ਮੁੱਦੇ ਨੂੰ ਸੁਰਜੀਤ ਕਰਨ ਦੀ ਲੋੜ ਹੈ।

ਵਿਸ਼ਵ ਤੋਂ ਲੈ ਕੇ ਵਿਅਕਤੀ ਤਕ ਖ਼ਾਲਸਾ ਰਾਜ ਹੋਣ ਦੀ ਸੰਭਾਵਨਾ ਤਦ ਹੀ ਹੈ ਜੇ ਗੁਰੂ ਦਰਸ਼ਿਤ ਸੰਗੀਤਾਤਮਿਕ ਕਨਫੈਡਰੇਸ਼ਨ ਦੇ ਮੁੱਦੇ ਨੂੰ ਚੇਤਨਤਾ ਅਤੇ ਕਰਮ ਦਾ ਹਿੱਸਾ ਬਣਾਇਆ ਜਾਵੇ। ਇਸ ਨਾਲ ਕੇਵਲ ਪੰਜਾਬ, ਅਤੇ ਵਿਸ਼ੇਸ਼ ਕਰਕੇ ਸਿੱਖ ਕੌਮ ਦੇ ਵਿਗਾਸ ਲਈ ਹੀ ਰਾਹ ਨਹੀਂ ਖੁੱਲਦਾ, ਸਗੋਂ ਬਾਕੀ ਕੌਮਾਂ ਲਈ ਵੀ ‘ਸੁੱਖ ਦਾ ਭਵਿੱਖ ਉਸਰੇਗਾ।

0 0 votes
Article Rating
Subscribe
Notify of
0 ਟਿੱਪਣੀਆਂ
Inline Feedbacks
View all comments
0
Would love your thoughts, please comment.x
()
x