ਭਾਈ ਧੰਨਾ ਸਿੰਘ ਜੀ ਦਾ ਜਨਮ 1905 ਈ. ਨੂੰ ਸੰਗਰੂਰ ਜਿਲ੍ਹੇ ਵਿੱਚ ਧੂਰੀ ਦੇ ਪਿੰਡ ਚਾਂਗਲੀ ਵਿਖੇ ਭਾਈ ਸੁੰਦਰ ਸਿੰਘ ਦੇ ਘਰ ਹੋਇਆ ।
ਪਰਿਵਾਰ : ਇਹ ਦੋ ਭਰਾ ਸਨ, ਦੂਜੇ ਭਰਾ ਦਾ ਨਾਮ ਗੰਡਾ ਸਿੰਘ ਸੀ। ਇਹਨਾਂ ਦੇ ਚਾਚਾ ਜੀ ਭਾਈ ਕਾਨ੍ਹ ਸਿੰਘ ਜੀ ਸਨ ਜੋ ਕੰਢਾਘਾਟ ਵਿਖੇ ਨਾਇਬ ਚੋਬਦਾਰ ਸਨ, ਇਹਨਾਂ ਦੇ ਭੂਆ ਜੀ ਧਰਮ ਕੌਰ ਅਤੇ ਫੁੱਫੜ ਜੀ ਧਰਮ ਸਿੰਘ ਸਨ ਜੋ ਧੂਰੀ ਦੇ ਹੀ ਪਿੰਡ ਭਸੌੜ ਵਿਖੇ ਰਹਿੰਦੇ ਸਨ। ਇਹਨਾਂ ਦਾ ਨਾਨਕਾ ਪਿੰਡ ਛੋਟੀ ਮਛਰਾਈ (ਨੇੜੇ ਭੁੜਥਲੇ ਦੇ ਪੁਲ) ਸੀ ਅਤੇ ਇਹਨਾ ਦੇ ਮਾਮਾ ਜੀ ਦਾ ਨਾਮ ਸ.ਮੰਗਲ ਸਿੰਘ ਸੀ। ਪਿੰਡ ਟੱਪਰੀਆਂ (ਸਮਰਾਲਾ) ਵਿਖੇ ਇਹਨਾਂ ਦੇ ਮਾਸੜ ਸ.ਬਚਨ ਸਿੰਘ ਜੀ ਰਹਿੰਦੇ ਸਨ।
ਬਚਪਨ: ਧੰਨਾ ਸਿੰਘ ਦਾ ਬਚਪਨ ਦਾ ਨਾਮ ਲਾਲ ਸਿੰਘ ਸੀ। ਬਚਪਨ ਵਿੱਚ ਹੀ ਇਹਨਾਂ ਦੇ ਮਾਤਾ ਪਿਤਾ ਚੜ੍ਹਾਈ ਕਰ ਗਏ ਸਨ। ਪਿੰਡ ਦੇ ਮੋਹਤਬਰ ਸੱਜਣਾ ਵੱਲੋਂ ਰਿਆਸਤ ਦੇ ਨਿਯਮਾਂ ਅਨੁਸਾਰ ਇਹਨਾਂ ਨੂੰ ਮਹਾਰਾਜਾ ਭੁਪਿੰਦਰ ਸਿੰਘ ਪਟਿਆਲਾ ਵੱਲੋਂ ਚਲਾਏ ਜਾਂਦੇ ਯਤੀਮਖਾਨੇ ਭੇਜ ਦਿੱਤਾ ਗਿਆ। ਓਥੇ ਪੜ੍ਹਾਈ ਦੇ ਨਾਲ-ਨਾਲ ਬਾਣੀ ਅਤੇ ਇਤਿਹਾਸ ਬਾਰੇ ਜਾਣਕਾਰੀ ਦਿੱਤੀ ਜਾਂਦੀ ਸੀ ਅਤੇ ਪੰਜ ਬਾਣੀਆਂ ਵੀ ਕੰਠ ਕਰਵਾਈਆਂ ਜਾਂਦੀਆਂ ਸਨ। ਭਾਈ ਧੰਨਾ ਸਿੰਘ ਜੀ ਹਾਕੀ ਦੇ ਵੀ ਚੰਗੇ ਖਿਡਾਰੀ ਸਨ। ਰਿਆਸਤ ਦੇ ਨਿਯਮਾਂ ਅਨੁਸਾਰ ਜਿਹੜੇ ਬੱਚੇ ਯਤੀਮਖਾਨੇ ਆਉਂਦੇ ਸਨ ਉਹਨਾਂ ਦੀ ਜਮੀਨ ਦੀ ਦੇਖ-ਰੇਖ ਸਰਕਾਰ ਪਟਿਆਲਾ ਵੱਲੋਂ ਕੀਤੀ ਜਾਂਦੀ ਸੀ ਅਤੇ ਬਾਲਗ ਹੋਣ ’ਤੇ ਉਹਨਾਂ ਨੂੰ ਇਕੱਠਾ ਹੋਇਆ ਸਾਰਾ ਮਾਮਲਾ ਆਦਿ ਲੈਣ ਦਾ ਹੱਕ ਪ੍ਰਾਪਤ ਹੋ ਜਾਂਦਾ ਸੀ।
ਨੌਕਰੀ : ਭਾਈ ਧੰਨਾ ਸਿੰਘ ਮਹਾਰਾਜਾ ਪਟਿਆਲਾ ਦੇ ਮੋਟਰ ਗੈਰਜ ਵਿੱਚ ਡਰਾਇਵਰ ਦੀ ਨੌਕਰੀ ‘ਤੇ ਸਨ। ਇਹਨਾਂ ਦੇ ਭਰਾ ਗੰਡਾ ਸਿੰਘ, ਪਟਿਆਲਾ ਦੇ ਉੱਘੇ ਸਰਦਾਰ ਗੁਰਬਖਸ਼ ਸਿੰਘ ਮਾਨਸ਼ਾਹੀਆਂ ਕੋਲ ਡਰਾਇਵਰ ਸਨ। ਭਾਈ ਧੰਨਾ ਸਿੰਘ ਨੇ ਵਿਆਹ ਨਹੀਂ ਸੀ ਕਰਵਾਇਆ।
ਨੌਕਰੀ ਤੋਂ ਅਸਤੀਫਾ : ਇੱਕ ਦਫ਼ਾ ਕਿਸੇ ਘਟਨਾ ਕਰਕੇ ਮਨ ਉਪਰਾਮ ਹੋਇਆ ਛੁੱਟੀ ਲੈ ਕੇ ਹਜੂਰ ਸਾਹਿਬ ਚਲੇ ਗਏ। ਓਥੇ ਰਹੇ, ਲੰਗਰਾਂ ਵਿੱਚ ਸੇਵਾ ਕੀਤੀ ਅਤੇ ਖੰਡੇ ਬਾਟੇ ਦੀ ਪਾਹੁਲ ਛਕ ਕੇ ਲਾਲ ਸਿੰਘ ਤੋਂ ਧੰਨਾ ਸਿੰਘ ਬਣੇ। ਇਥੋਂ ਹੀ ਅਸਤੀਫਾ ਲਿਖ ਕੇ ਭੇਜਿਆ, ਪਹਿਲੀ ਦਫ਼ਾ ਅਸਤੀਫਾ ਪ੍ਰਵਾਨ ਨਾ ਕੀਤਾ ਗਿਆ ਅਤੇ ਛੁੱਟੀ ਵਿੱਚ ਵਾਧਾ ਕਰਕੇ ਵਾਪਸ ਚਿੱਠੀ ਹਜੂਰ ਸਾਹਿਬ ਭੇਜ ਦਿੱਤੀ ਗਈ। ਭਾਈ ਧੰਨਾ ਸਿੰਘ ਨੇ ਮੁੜ ਚਿੱਠੀ ਲਿਖੀ ਜਿਸ ਵਿੱਚ ਲਿਖਿਆ “ਮੈਂ ਹੁਣ ਗੁਰੂ ਦੀ ਨੌਕਰੀ ਕਰ ਲਈ ਹੈ, ਇਸ ਲਈ ਕਿਰਪਾ ਕਰਕੇ ਅਸਤੀਫਾ ਪ੍ਰਵਾਨ ਕਰ ਲਵੋ ।”
ਸਾਈਕਲ ਯਾਤਰਾ: ਭਾਈ ਧੰਨਾ ਸਿੰਘ ਨੇ ਇਤਿਹਾਸ ਨਾ ਸੰਭਾਲਣ ਦੀ ਧਾਰਨਾ ਨੂੰ ਬਦਲਿਆ। 11 ਮਾਰਚ 1930 ਤੋਂ 2 ਮਾਰਚ 1935 ਤੱਕ ਸਾਇਕਲ ’ਤੇ ਪੰਜ ਸਾਲ ਹਜਾਰਾਂ ਮੀਲ ਸਫ਼ਰ ਕਰਕੇ 1600 ਤੋਂ ਵੱਧ ਗੁਰਦੁਆਰਾ ਸਾਹਿਬਾਨ ਦੀ ਯਾਤਰਾ ਕੀਤੀ ਅਤੇ ਉਹਨਾਂ ਦਾ ਇਤਿਹਾਸ ਆਪਣੀਆਂ ਡਾਇਰੀਆਂ ਵਿੱਚ ਲਿਖਿਆ। ਹੁਣ ਵਾਲੇ ਬੰਗਲਾ ਦੇਸ, ਇੰਡੀਆ ਅਤੇ ਪਾਕਿਸਤਾਨ ਦੇ 20 ਸੂਬਿਆਂ ਵਿੱਚ ਗਏ। ਯਾਤਰਾ ਦੌਰਾਨ ਇਤਿਹਾਸਕ ਗੁਰਦੁਆਰਾ ਸਾਹਿਬਾਨ ਦੀਆਂ ਤਸਵੀਰਾਂ, ਉਥੋਂ ਦਾ ਇਤਿਹਾਸ, ਸੇਵਾਦਾਰ ਅਤੇ ਸੇਵਾ ਸੰਭਾਲ ਦਾ ਵੇਰਵਾ ਲਿਖਦੇ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਦਾ ਅਧਿਐਨ ਵੀ ਕਰਦੇ ਜਿਸ ਵਿੱਚ ਸਰੂਪਾਂ ਦਾ ਅਕਾਰ, ਸੁੰਦਰ ਲਿਖਤ ਦੇ ਨਾਲ ਸਜਾਵਟੀ ਵੇਲਾਂ ਹਨ ਜਾਂ ਨਹੀਂ, ਸਰੂਪ ਕਿਸ ਸਮੇਂ ਲਿਖਿਆ ਗਿਆ,ਉਸ ’ਤੇ ਕਿਸ ਦੇ ਦਸਤਖਤ ਜਾਂ ਮੋਹਰ ਹੈ, ਬਾਣੀਆਂ ਦੇ ਵੇਰਵੇ ਆਦਿ ਪੂਰੀ ਬਰੀਕੀ ਦੇ ਨਾਲ ਲਿਖਦੇ । ਇਤਿਹਾਸ ਲਿਖਣ ਵਕਤ ਇਤਿਹਾਸਕ ਗ੍ਰੰਥ/ਸਰੋਤ ਵੀ ਵੇਖਦੇ । ਸਾਈਕਲ ਜਿਸ ਨੂੰ ਉਹ ‘ਅਰਬੀ ਪਾਤਸ਼ਾਹ’ ਕਹਿੰਦੇ ਸਨ, ਉਸ ਦੇ ਹੈਂਡਲ ਨਾਲ ਤਿੰਨ ਫੁੱਟੀ ਸ੍ਰੀ ਸਾਹਿਬ ਬੰਨ੍ਹੀ ਹੁੰਦੀ, ਨਿਤਨੇਮ ਲਈ ਗੁਟਕਾ ਸਾਹਿਬ ਹੁੰਦਾ, ਰੋਜ ਦਾ ਹਾਲ ਲਿਖਣ ਲਈ ਕਲਮ ਤੇ ਡਾਇਰੀ, ਜੇਬ ਪੱਖੋਂ ਲੱਗਭੱਗ ਖਾਲ੍ਹੀ ਹੁੰਦੇ ਅਤੇ ਬਸ ਗੁਰੂ ਦਾ ਓਟ ਆਸਰਾ ਓਹਨਾ ਦੇ ਨਾਲ ਹੁੰਦਾ। ਉਧਾਰ ਮਾਇਆ ਲੈ ਕੇ ਵੀ ਯਾਤਰਾ ਕੀਤੀ, ਜੋ ਮਾਇਆ ਬਾਅਦ ਵਿੱਚ ਮੋੜਦੇ ਵੀ ਰਹੇ। ਸਫ਼ਰ ਦੌਰਾਨ ਪੰਜ ਕਮੀਜਾਂ, ਢਾਈ ਜੁੱਤੀਆਂ, ਤਿੰਨ ਦਸਤਾਰਾਂ, ਛੇ ਕਛਹਿਰੇ ਤਿੰਨ ਪਰਨੇ, ਸਾਈਕਲ ਦੇ ਪੰਜ ਟਾਇਰ ਅਤੇ 85 ਪੈਂਚਰ ਲੱਗੇ । ਇਸ ਨਿਸ਼ਕਾਮ ਖੋਜੀ ਵੱਲੋਂ ਲਿਖਿਆ ਇਹ ਇਤਿਹਾਸ ਪੌਣੀ ਸਦੀ ਉਨ੍ਹਾਂ ਦੀਆਂ ਹੱਥ ਲਿਖਤ ਡਾਇਰੀਆਂ ’ਚ ਪਿਆ ਰਿਹਾ, ਫਿਰ ਸਤੰਬਰ 2016 ’ਚ ਜਾ ਕੇ ਛਪਿਆ। ਸਫ਼ਰ ਦੌਰਾਨ ਅਨੇਕਾਂ ਔਂਕੜਾਂ ਆਈਆਂ, ਲੋਕਾਂ ਪੱਥਰ ਵੀ ਮਾਰੇ ਪਰ ਉਹ ਹਰ ਮੁਸ਼ਕਲ ਵੇਲੇ ਇਹੀ ਕਹਿੰਦੇ, “ਜੋ ਕਲਗੀਧਰ ਪਾਤਿਸਾਹ ਤੈਨੂੰ ਭਾਵੇ”, ਜਾਂ “ਅੱਛਾ ਗੁਰੂ ਸਮਝੇਗਾ”, ਇਹ ਸਬੂਤ ਉਨ੍ਹਾਂ ਦੀ ਡਾਇਰੀ ਅਤੇ ਲਿਖੀਆਂ ਚਿੱਠੀਆਂ ਵਿਚੋਂ ਮਿਲਦੇ ਹਨ। ਉਹਨਾਂ ਦੀਆਂ ਚਿੱਠੀਆਂ ਪੜ੍ਹ ਕੇ, ਡਾਇਰੀ ਪੜ੍ਹ ਕੇ ‘ਅਸਲ ਅਕਾਲੀ ਸਿੰਘ’ ਦੇ ਦਰਸ਼ਨ ਹੁੰਦੇ ਹਨ । ਭਾਈ ਧੰਨਾ ਸਿੰਘ ਜੀ ਕਿਹਾ ਕਰਦੇ ਸਨ “ਖਾਲਸਾ ਜੀ ਜਾਗੋ ਤੇ ਆਪਣੇ ਗੁਰਧਾਮਾਂ ਦੀ ਸਾਂਭ-ਸੰਭਾਲ ਤੇ ਸਤਿਕਾਰ ਬਹਾਲ ਕਰੋ।” ਇੱਕ ਥਾਂ ਗੁਰਦੁਆਰਾ ਸਾਹਿਬ ਦੀ ਸੇਵਾ ਸੰਭਾਲ ਬਾਬਤ ਲਿਖਦਿਆਂ ਉਹਨਾਂ ਨੇ ਲਿਖਿਆ “ਇਸ ਗੁਰਦੁਆਰਾ ਸਾਹਿਬ ਦਾ ਸੇਵਾਦਾਰ ਸਾਰਾ ਪਿੰਡ ਹੈ।”
ਯਾਤਰਾ ਦੌਰਾਨ ਪਿੰਡ ਚਾਂਗਲੀ ਆਉਣਾ: 23 ਸਤੰਬਰ 1931 ਨੂੰ ਯਾਤਰਾ ਦੌਰਾਨ ਆਪਣੇ ਜਨਮ ਪਿੰਡ ਚਾਂਗਲੀ ਆਏ ਅਤੇ ਬਿਸ਼ਰਾਮ ਕੀਤਾ। 25 ਸਤੰਬਰ ਨੂੰ ਇਥੋਂ ਚਾਲੇ ਪਾਏ।
ਤਿਆਗੀ : ਜਦੋਂ ਭਾਈ ਧੰਨਾ ਸਿੰਘ ਨੇ ਇੰਡੀਆ ਤੋਂ ਬਾਹਰ ਹੋਰ ਮੁਲਕਾਂ ਵਿੱਚ ਗੁਰਧਾਮਾਂ ਦੀ ਯਾਤਰਾ ਲਈ ਪਾਸਪੋਰਟ ਬਣਾਉਣ ਦੀ ਕਾਰਵਾਈ ਕੀਤੀ ਤਾਂ ਪਟਿਆਲਾ ਦੇ ਫੌਰਨ ਹਾਊਸ ਵੱਲੋਂ ਉਹਨਾਂ ਨੂੰ ਯਾਤਰਾ ਲਈ 756 ਰੁਪਏ ਜਮਾਂ ਹੋਣ ਦਾ ਸਬੂਤ ਪੇਸ਼ ਕਰਨ ਲਈ ਕਿਹਾ। ਭਾਈ ਧੰਨਾ ਸਿੰਘ ਨੇ ਇਸ ਮੰਤਵ ਲਈ ਆਪਣੀ ਜਮੀਨ ਵੇਚਣ ਦਾ ਯਤਨ ਕੀਤਾ। ਸਮਾਂ ਘੱਟ ਅਤੇ ਖਰੀਦਦਾਰ ਨਾ ਹੋਣ ਕਰਕੇ ਜਮੀਨ ਨਾ ਵੇਚ ਸਕੇ ਅਤੇ ਇੰਡੀਆ ਤੋਂ ਬਾਹਰਲੇ ਗੁਰਦੁਆਰਾ ਸਾਹਿਬਾਨ ਦੇ ਦਰਸ਼ਨ ਕਰਕੇ ਇਤਿਹਾਸ ਲਿਖਣ ਦੀ ਕਾਰਜ ਨਾ ਕਰ ਸਕੇ। ਫਿਰੋਜ਼ਪੁਰ ਦੇ ਇੱਕ ਡਾਕਟਰ ਨੇ ਤੀਰਥ ਯਾਤਰਾ ਦੌਰਾਨ ਆਉਣ ਵਾਲਾ ਤਸਵੀਰਾਂ ਦਾ ਸਾਰਾ ਖਰਚ ਦੇਣ ਲਈ ਕਿਹਾ ਪਰ ਭਾਈ ਧੰਨਾ ਸਿੰਘ ਨੇ ਮਨ੍ਹਾ ਕਰ ਦਿੱਤਾ। ਸ.ਗੁਰਬਖਸ਼ ਸਿੰਘ ਪਟਿਆਲਾ ਜਿੰਨ੍ਹਾ ਕੋਲ ਭਾਈ ਧੰਨਾ ਸਿੰਘ ਜੀ ਅਕਸਰ ਰੁਕਿਆ ਕਰਦੇ ਸਨ, ਉਹਨਾ ਦੇ ਪਰਿਵਾਰ ਵੱਲੋਂ ਵੀ ਇੱਕ ਦਫ਼ਾ ਨਵੇਂ ਕੱਪੜੇ ਅਤੇ ਚਾਦਰ ਦੇਣੀ ਚਾਹੀ ਤਾਂ ਮਨ੍ਹਾ ਕਰ ਦਿੱਤਾ ਕਿ ਨਵੇਂ ਕੱਪੜੇ ਨਹੀਂ ਲੈਣੇ। ਸਫ਼ਰ ਦੌਰਾਨ ਨਵੇਂ ਕੱਪੜੇ ਠੀਕ ਨਹੀਂ। ਬਾਅਦ ਵਿੱਚ ਜਾ ਕੇ ਚਿੱਠੀ ਲਿਖੀ ਕ ਗੁੱਸਾ ਨਾ ਕਰ ਜਾਣਾ ਕਿ ਮੈਂ ਮਨ੍ਹਾ ਕਰ ਦਿੱਤਾ ਹੈ, ਹੁਣ ਜਦੋਂ ਆਇਆ ਤਾਂ ਕੱਪੜੇ ਲੈ ਲਵਾਂਗਾ ਪਰ ਚਾਦਰ ਨਹੀਂ।
ਆਪਣੇ ਘੋੜੇ ਨਾਲ ਪਿਆਰ: ਜਦੋਂ ਸਾਈਕਲ ਦਾ ਡੰਡਾ ਟੁੱਟਣ ’ਤੇ ਭਾਈ ਧੰਨਾ ਸਿੰਘ ਨੇ ਆਪਣੇ ਮਿੱਤਰ ਨੂੰ ਚਿੱਠੀ ਲਿਖੀ ਜਿਸ ਵਿੱਚ ਲਿਖਿਆ ਕਿ “ਐਨਾ ਦੁੱਖ ਕਦੇ ਨਹੀਂ ਹੋਇਆ, ਕਿਸੇ ਬਜ਼ੁਰਗ ਦੇ ਮਰਨ ’ਤੇ ਵੀ ਨਹੀਂ ਹੋਇਆ ਅਤੇ ਨਾ ਹੀ ਕਦੇ ਹੋਵੇਗਾ।” ਜਦੋਂ ਕਸ਼ਮੀਰ ਦੇ ਲੋਕ ਸਾਈਕਲ ਨੂੰ ਦੇਖ ਕੇ ਉਨ੍ਹਾਂ ਦੇ ਆਲੇ-ਦੁਆਲੇ ਇਕੱਠੇ ਹੋ ਗਏ ਤੇ ਸਾਈਕਲ ਬਾਰੇ ਪੁੱਛਣ ਲੱਗੇ ਕਿ ਇਹ ਕਿਹੋ ਜਿਹਾ ਘੋੜਾ ਹੈ ਤਾਂ ਭਾਈ ਧੰਨਾ ਸਿੰਘ ਨੇ ਕਿਹਾ ਕਿ ਇਹ ਘੋੜਾ ਲੋਹੇ ਦਾ ਹੈ। ਉਨ੍ਹਾਂ ਅੱਗੋਂ ਪੁੱਛਿਆ ਕਿ ਇਹ ਕੀ ਖਾਂਦਾ ਹੈ ਤਾਂ ਭਾਈ ਧੰਨਾ ਸਿੰਘ ਕਹਿੰਦੇ ਇਹ ਹਵਾ ਖਾਂਦਾ ਹੈ।
ਸਾਈਕਲ ਯਾਤਰਾ ਦੌਰਾਨ ਸਹਿਯੋਗ ਕਰਨ ਵਾਲੇ ਸੱਜਣ: ਸਰਦਾਰ ਕਰਮ ਸਿੰਘ ਰੇਖੀ (ਪਟਿਆਲਾ) ਨੇ ਗੁਰਦੁਆਰਿਆਂ ਦੇ ਦਰਸ਼ਨਾਂ ਲਈ ਸਾਈਕਲ ਖਰੀਦ ਕੇ ਦਿੱਤਾ। ਸੋਢੀ ਜੰਗ ਸਿੰਘ ਜੀ ਨੇ 147 ਰੁਪਏ ਦਾ ਕੋਡਕ ਕੈਮਰਾ ਖਰੀਦ ਕੇ ਦਿੱਤਾ। ਹਜੂਰਾ ਸਿੰਘ ਜੀ ਢਿੱਲੋਂ ਨੇ ਬਾਅਦ ਵਿੱਚ (23 ਅਪ੍ਰੈਲ 1932) ਵਡਮੁੱਲਾ ਕੈਮਰਾ ਦਿੱਤਾ। ਦਰਜੀ ਜੁਗਰਾਜ ਸਿੰਘ ਪਟਿਆਲਾ ਨੇ ਯਾਤਰਾ ਲਈ ਬਸਤਰ ਸਿਉਂ ਕੇ ਦਿੱਤੇ । ਹੋਰ ਬਹੁਤ ਸੱਜਣਾ ਨੇ ਸਹਿਯੋਗ ਕੀਤਾ। ਜਿਨ੍ਹਾਂ ਨੇ ਵੀ ਕੋਈ ਤਿਲ ਫੁੱਲ ਸਹਿਯੋਗ ਕੀਤਾ ਸਭ ਦਾ ਨਾਮ ਧੰਨਵਾਦ ਸਹਿਤ ਭਾਈ ਧੰਨਾ ਸਿੰਘ ਜੀ ਨੇ ਆਪਣੀਆਂ ਡਾਇਰੀਆਂ ’ਚ ਲਿਖਿਆ।
22 ਵੀਂ ਸਿੱਖ ਐਜੂਕੇਸ਼ਨਲ ਕਾਨਫਰੰਸ(1932 ਈ.): ਕਾਨਫਰੰਸ ਤੋਂ ਇੱਕ ਦਿਨ ਪਹਿਲਾਂ ਕਿਸੇ ਨੇ ਭਾਈ ਧੰਨਾ ਸਿੰਘ ਦਾ ਬਟੂਆ ਕੱਢ ਲਿਆ। ਅਗਲੇ ਦਿਨ ਗਏ, ਜਲ ਦੀ ਸੇਵਾ ਕਰ ਰਹੇ ਸੇਵਾਦਾਰਾਂ ਨੇ ਆਪਣੀ ਟਿਕਟ ਦੇ ਦਿੱਤੀ। ਅੰਦਰ ਗਏ, 20 ਕੁ ਮਿੰਟ ਬਾਅਦ ਸਕੱਤਰ ਨੇ ਆ ਕੇ ਪੁੱਛਿਆ, “ਕੌਣ ਹੋ?” ਜਵਾਬ ਦਿੱਤਾ “ਗੁਰੂ ਦਾ ਸਿੰਘ।” ਅੱਗੋਂ ਪੁੱਛਿਆ, “ਕੀ ਕੰਮ ਕਰਦੇ ਹੋ?”, ਜਵਾਬ ਦਿੱਤਾ “ਮੈਂ ਤਾਂ ਅੱਜਕਲ੍ਹ ਵਿਹਲਾ ਹਾਂ।” ਸਕੱਤਰ ਨੇ ਪੁੱਛਿਆ, “ਕਿਸ ਦੇ ਆਦਮੀ ਹੋ?” ਜਵਾਬ ਦਿੱਤਾ “ਗੁਰੂ ਗੋਬਿੰਦ ਸਿੰਘ ਜੀ ਦਾ।” ਭਾਈ ਧੰਨਾ ਸਿੰਘ ਜੀ ਦੀ ਟਿਕਟ ’ਤੇ ਲਕੀਰ ਮਾਰ ਕੇ ਉਹਨਾਂ ਨੂੰ ਬਾਹਰ ਜਾਣ ਲਈ ਕਹਿ ਦਿੱਤਾ ਗਿਆ। ਭਾਈ ਧੰਨਾ ਸਿੰਘ ਜੀ ਗੁਰੂ ਦਾ ਭਾਣਾ ਮੰਨ ਕੇ ਬਾਹਰ ਆ ਗਏ ਪਰ ਪਿੱਛੋਂ ਮੋਹਤਬਰ ਸੱਜਣਾ ਨੇ ਸਕੱਤਰ ਨੂੰ ਝਿੜਕਿਆ ਜਿਸ ’ਤੇ ਭਾਈ ਧੰਨਾ ਸਿੰਘ ਜੀ ਨੂੰ ਵਾਪਸ ਬੁਲਾਇਆ ਗਿਆ ਅਤੇ ਉਹਨਾਂ ਪਾਸੋਂ ਮੁਆਫੀ ਮੰਗੀ ਗਈ। ਮੁਆਫ ਕਰਨ ਈ ਕਹਿਣ ’ਤੇ ਭਾਈ ਧੰਨਾ ਸਿੰਘ ਜੀ ਨੇ ਕਿਹਾ “ਅਸੀਂ ਗਰੀਬ ਸਿੱਖਾਂ ਨੇ ਕੀ ਮੁਆਫੀ ਦੇਣੀ ਜਾਂ ਕੀ ਦੇ ਸਕਦੇ ਹਾਂ। ਬਾਹਰੋਂ ਠੋਕਰ ਮਾਰੀ ਅੰਦਰ, ਅੰਦਰੋਂ ਧੱਕਾ ਮਾਰਿਆ ਬਾਹਰ।” ਫਿਰ ਭਾਈ ਧੰਨਾ ਸਿੰਘ ਨੇ ਲਿਖਿਆ ਕਿ “ਉਹਨਾਂ ਮੈਨੂੰ ਇੱਕ ਗਿੱਦੜ ਪਰਚੀ ਫੜਾਈ ਤੇ ਬੈਠਣ ਲਈ ਕਿਹਾ।” ਭਾਈ ਧੰਨਾ ਸਿੰਘ ਨੇ ਅੱਗੇ ਵਿਅੰਗਮਈ ਲਿਖਿਆ ਕਿ “ਯਾਤਰਾ ਦਾ ਅਨੰਦ ਲੈਣਾ ਹੈ ਤਾਂ ਕੋਟ ਪਤਲੂਨ ਹੋਵੇ, ਮੇਰਾ ਤਾਂ ਕੁੜਤਾ ਕਛਹਿਰਾ ਸੀ, ਉਹ ਵੀ ਮੈਲਾ, ਉਹ ਸਕੱਤਰ ਨੂੰ ਕੀ ਪਸੰਦ ਆਉਣਾ ਸੀ।”
ਸਿੱਖ ਦੀ ਆਤਮਾ ਨੂੰ ਦੁਖਾਉਣ ’ਤੇ ਕੁਦਰਤ ਦੀ ਖੇਡ: ਜਦੋਂ ਦਸਵੇਂ ਪਾਤਿਸਾਹ ਬਿਲਾਸਪੁਰ ਗਏ ਸਨ ਤਾਂ ਸਤਲੁਜ ਕੰਡੇ ਜੰਗਲ ਵਿੱਚ ਬਿਸ਼ਰਾਮ ਕੀਤਾ। ਰਾਜਾ ਭੀਮ ਚੰਦ ਸਤਿਗੁਰਾਂ ਪਾਸ ਆਇਆ, ਕਹਿਣ ਲੱਗਾ ਸੱਚੇ ਪਾਤਿਸਾਹ ਜੰਗਲਾਂ ਵਿੱਚ ਕਿਉਂ? ਮਹਿਲਾਂ ਵਿੱਚ ਕਿਉਂ ਨਹੀਂ ਚੱਲਦੇ? ਮਹਾਰਾਜ ਨੇ ਕਿਹਾ, ਰਾਜਨ ਇਹ ਵੀ ਮਹਿਲ ਹੀ ਹਨ, ਇੱਥੇ ਵੀ ਮਹਿਲ ਹੀ ਹੋ ਜਾਣਗੇ ।ਗੁਰੂ ਦੇ ਬਚਨਾਂ ਅਨੁਸਾਰ ਉਥੇ ਮਹਿਲ ਬਣੇ ਜਿਨ੍ਹਾਂ ਨੂੰ ਰੰਗ ਮਹਿਲ ਕਿਹਾ ਜਾਣ ਲੱਗਾ। ਗੁਰੂ ਪਾਤਿਸਾਹ ਜਿੱਥੇ ਬਿਰਾਜੇ, ਉਹ ਥਾਂ ਮਹਿਲਾਂ ਅੰਦਰ ਸੀ ਅਤੇ ਰਾਜਾ ਸਿੱਖਾਂ ਨੂੰ ਦਰਸ਼ਨ ਨਹੀਂ ਸੀ ਕਰਨ ਦਿੰਦਾ ਅਤੇ ਸਿੱਖ ਗੁਰੂ ਸਾਹਿਬ ਦੇ ਚਰਨ ਛੋਹ ਸਥਾਨ ਨੂੰ ਦੂਰੋਂ ਖੜ੍ਹ ਕੇ ਹੀ ਮੱਥਾ ਟੇਕ ਲੈਂਦੇ ਸਨ। ਮਹਿਲ ਅੰਦਰ ਜਾਣ ਨਹੀਂ ਸੀ ਦਿੱਤਾ ਜਾਂਦਾ ਜਿਸ ਕਰਕੇ ਫਿਰ ਸਿੱਖਾਂ ਨੇ ਗੁਰੂ ਦੀ ਯਾਦ ਵਿੱਚ ਮਹਿਲਾਂ ਤੋਂ ਬਾਹਰ ਵੀ ਇੱਕ ਗੁਰਦੁਆਰਾ ਸਾਹਿਬ ਬਣਾ ਲਿਆ। ਜਦੋਂ 15 ਮਈ 1934 ਨੂੰ ਭਾਈ ਧੰਨਾ ਸਿੰਘ ਜੀ ਬਿਲਾਸਪੁਰ ਗੁਰਦੁਆਰਾ ਸਾਹਿਬਾਨ ਦੇ ਦਰਸ਼ਨਾਂ ਲਈ ਗਏ ਤਾਂ ਮਹਿਲਾਂ ਅੰਦਰ ਸਥਾਨ ਦੇ ਦਰਸ਼ਨਾਂ ਲਈ ਓਹਨਾਂ ਨੇ ਅਰਜੀ ਨਵੀਸ ਪਾਸੋਂ ਚਿੱਠੀ ਲਿਖਵਾ ਕੇ ਦਰਖ਼ਾਸਤ ਪਾਈ। ਭਾਈ ਧੰਨਾ ਸਿੰਘ ਨੂੰ ਕਚਹਿਰੀ ਬੁਲਾਇਆ ਗਿਆ, ਭਾਈ ਧੰਨਾ ਸਿੰਘ ਜੀ ਗਏ। ਰਾਜੇ ਨੂੰ ਭਾਈ ਧੰਨਾ ਸਿੰਘ ਦਾ ਪਹਿਰਾਵਾ ਵੇਖਦਿਆਂ ਗੁੱਸਾ ਆ ਗਿਆ ਅਤੇ ਓਹਨਾ ਨੂੰ ਜਾਣ ਲਈ ਕਿਹਾ। ਭਾਈ ਧੰਨਾ ਸਿੰਘ ਜੀ ਨੇ ਕਿਹਾ ਕਿ ਮੇਰੇ ਪਾਸ ਪਟਿਆਲਾ ਰਿਆਸਤ ਅਤੇ ਸ਼ਾਹੀ ਖਾਨਦਾਨਾਂ ਦੀਆਂ ਚਿੱਠੀਆਂ ਹਨ, ਮੈਨੂੰ ਦਰਸ਼ਨ ਕਰਨ ਦੀ ਖੁੱਲ੍ਹ ਦਿੱਤੀ ਜਾਵੇ। ਰਾਜੇ ਨੇ ਕਿਹਾ ਲਿਖਤਾਂ ਖੀਸੇ ’ਚ ਪਾ ਤੇ ਹੁਣੇ ਮੇਰੀ ਰਿਆਸਤ ’ਚੋਂ ਬਾਹਰ ਹੋ ਜਾ ਨਹੀਂ ਤੇਰੇ ਲਈ ਬਹੁਤ ਮਹਿੰਗਾ ਪਵੇਗਾ। ਭਾਈ ਧੰਨਾ ਸਿੰਘ ਜੀ ਗੁਰੂ ਦਾ ਹੁਕਮ ਮੰਨ ਕੇ, ਗੁਰੂ ਦੇ ਦਰਸ਼ਨਾਂ ਦੀ ਤਾਂਘ ਆਪਣੇ ਦਿਲ ’ਚ ਲੈ ਕੇ ਉਥੋਂ ਵਾਪਸ ਆ ਗਏ। ਕੁਦਰਤ ਦੀ ਖੇਡ ਵੇਖੋ, ਜਿਸ ਰਾਜੇ ਨੇ ਗੁਰੂ ਦੇ ਸਿੱਖ ਦੀ ਆਤਮਾ ਨੂੰ ਦੁਖਾਇਆ, ਗੁਰੂ ਦੇ ਦਰਸ਼ਨਾਂ ਤੋਂ ਮਨ੍ਹਾ ਕੀਤਾ ਉਸ ਰਾਜੇ ਦੇ ਮਹਿਲ ਕੁਝ ਸਾਲ ਬਾਅਦ ਗੋਬਿੰਦ ਸਾਗਰ ਝੀਲ ਵਿੱਚ ਸਮਾ ਗਏ।
ਅਕਾਲ ਚਲਾਣਾ: ਆਖਰੀ ਸਮੇਂ ਉਹ ਬੰਨੂ-ਕੋਹਾਟ ਦੇ ਇਲਾਕੇ ਵਿੱਚ ਪਿੰਡ ਮੀਰ ਅਲੀ (ਅੱਜਕੱਲ੍ਹ ਪਾਕਿਸਤਾਨ) ਵਿੱਚ ਸਨ। ਕਿਹਾ ਜਾਂਦਾ ਹੈ ਕਿ ਉਸ ਇਲਾਕੇ ਦੇ ਲੋਕ ਹਥਿਆਰਬੰਦ ਰਹਿੰਦੇ ਸਨ, ਘਰ-ਘਰ ਗੋਲੀਆਂ ਨਾ ਭਰੀਆਂ ਬੰਦੂਕਾਂ ਆਮ ਹੀ ਹੁੰਦੀਆਂ ਸਨ। 3 ਮਾਰਚ 1935 ਦੀ ਸਵੇਰ ਭਾਈ ਧੰਨਾ ਸਿੰਘ ਜੀ ਦਸਤਾਰ ਸਜਾ ਰਹੇ ਸਨ। ਉਸ ਦਿਨ ਉਨ੍ਹਾਂ ਨੇ ਅੱਗੇ ਮੌਜਾ ਖਵਾਜ ਮੁਹੰਮਦ ਦੇ ਨੇੜੇ ਕਿਸੇ ਗੁਰਦੁਆਰਾ ਸਾਹਿਬ ਜਾਣਾ ਸੀ। ਉਸ ਵਕਤ ਉਹਨਾਂ ਦੇ ਸਾਥੀ ਭਾਈ ਹੀਰਾ ਸਿੰਘ ਤੋਂ ਬੰਦੂਕ ਸੰਭਾਲਣ ਵਕਤ ਗਲਤੀ ਨਾਲ ਗੋਲੀ ਚੱਲ ਗਈ ਜਿਸ ਨਾਲ ਭਾਈ ਧੰਨਾ ਸਿੰਘ ਜੀ 30 ਸਾਲ ਦੀ ਉਮਰ ਵਿਚ ਚੜ੍ਹਾਈ ਕਰ ਗਏ। ਉਸ ਪਿੰਡ ਦੀ ਸੰਗਤ ਨੇ ਬਹੁਤ ਸਤਿਕਾਰ ਸਹਿਤ ਭਾਈ ਧੰਨਾ ਸਿੰਘ ਜੀ ਦਾ ਸਸਕਾਰ ਕੀਤਾ। ਸਿੰਘ ਸਭਾ ਵੱਲੋਂ ਸ੍ਰੀ ਅਖੰਡ ਪਾਠ ਸਾਹਿਬ ਕਰਵਾਇਆ ਗਿਆ। ਸਰਗੋਧਾ (ਹੁਣ ਪਾਕਿਸਤਾਨ) ਵੱਲੋਂ ਵੀ ਭਾਈ ਧੰਨਾ ਸਿੰਘ ਜੀ ਦੀ ਯਾਦ ਵਿੱਚ ਸ੍ਰੀ ਅਖੰਡ ਪਾਠ ਸਾਹਿਬ ਕਰਵਾਇਆ ਗਿਆ। ਉਹਨਾਂ ਦੁਆਰਾ ਪਿਛਲੇ ਕਰੀਬ ਚਾਰ ਮਹੀਨਿਆਂ ਦੌਰਾਨ (1 ਨਵੰਬਰ 1934ਤੋਂ 2ਮਾਰਚ 1935) ਲਿਖੀ ਡਾਇਰੀ ਅਜੇ ਤੱਕ ਨਹੀਂ ਮਿਲੀ। ਉਹਨਾਂ ਦੇ ਭਰਾ ਗੰਡਾ ਸਿੰਘ ਦੇ ਅਕਾਲ ਚਲਾਣੇ ਦਾ ਜਿਕਰ 1932 ਈ. ਨੂੰ ਮਿਲਦਾ ਹੈ।
ਭਾਈ ਧੰਨਾ ਸਿੰਘ ਜੀ ’ਤੇ ਗੁਰੂ ਪਾਤਿਸਾਹ ਦੀ ਅਪਾਰ ਬਖਸ਼ਿਸ਼ ਸੀ ਜਿਸ ਸਦਕਾ ਓਹਨਾ ਬਾਕੀ ਸਾਰੇ ਕਾਰਜ ਛੱਡ ਕੇ ਗੁਰੂ ਪਾਤਿਸਾਹ ਦੀਆਂ ਚਰਨ ਛੋਹ ਥਾਵਾਂ ਨੂੰ ਮੱਥਾ ਟੇਕਣ ਅਤੇ ਉਥੋਂ ਦਾ ਇਤਿਹਾਸ ਲਿਖਣ ਦਾ ਕਾਰਜ ਅਰੰਭਿਆ। ਭਾਈ ਧੰਨਾ ਸਿੰਘ ਜੀ ਦੇ ਜੀਵਨ ਨੂੰ ਪੜ੍ਹਦਿਆਂ ਸਾਨੂੰ ਅੱਜ ਆਪਾ ਪੜਚੋਲਣ ਦੀ ਲੋੜ ਹੈ ਅਤੇ ਇਹ ਸੇਧ ਲੈਣ ਦੀ ਲੋੜ ਹੈ ਕਿ ਪੰਥ ਦੇ ਕਾਰਜ ਬਾਕੀ ਸਾਰੇ ਕਾਰਜਾਂ ਨਾਲੋਂ ਅੱਵਲ ਹਨ। ਗੁਰੂ ਪਾਤਿਸਾਹ ਮਿਹਰ ਕਰਨ ਸਾਡੇ ਤੋਂ ਕੋਈ ਤਿਲ ਫੁੱਲ ਸੇਵਾ ਲੈ ਲੈਣ। ਅਸੀਂ ਇਹ ਨਾ ਸੋਚੀਏ ਕਿ ਮੈਂ ਇਕੱਲਾ ਕੀ ਕਰ ਸਕਦਾ ਹਾਂ, ਜਿੰਨ੍ਹਾ ਸਮਾਂ ਅਤੇ ਸਮਰੱਥਾ ਗੁਰੂ ਪਾਤਿਸਾਹ ਨੇ ਬਖਸ਼ਿਸ ਕੀਤਾ ਹੈ ਉਸ ਨੂੰ ਪੰਥ ਦੇ ਕਾਰਜਾਂ ਵਿੱਚ ਲਗਾਈਏ । ਇਤਿਹਾਸ ਸਬੰਧੀ ਸਾਡੇ ’ਤੇ ਵੱਡੀ ਜਿੰਮੇਵਾਰੀ ਇਹੀ ਹੈ ਕਿ ਜੋ ਸਾਨੂੰ ਪਤਾ, ਉਹ ਅਸੀਂ ਅਗਲੀ ਪੀੜੀ ਨੂੰ ਦੱਸੀਏ । ਬੋਲ ਕੇ, ਲਿਖ ਕੇ ਜਿਸ ਤਰੀਕੇ ਵੀ ਸੰਭਵ ਹੋਵੇ । ਗੁਰਦੁਆਰਿਆਂ ਦੀ ਸੇਵਾ ਸੰਭਾਲ ਸਬੰਧੀ ਵੀ ਸਾਡੇ ’ਤੇ ਵੱਡਾ ਫਰਜ ਹੈ। ਅਸੀਂ ਅਰਦਾਸ ਕਰੀਏ ਕਿ ਗੁਰਦੁਆਰਿਆਂ ਦੀ ਸੇਵਾ ਸੰਭਾਲ ਨੂੰ ਮੁੜ ਆਪਣੀ ਪੰਥਕ ਰਵਾਇਤ ਅਨੁਸਾਰ ਸੁਰਜੀਤ ਕਰਨ ਲਈ ਯਤਨਸ਼ੀਲ ਹੋ ਸਕੀਏ।