ਅਕਾਲੀ- ਭਾਈ ਵੀਰ ਸਿੰਘ

ਅਕਾਲੀ- ਭਾਈ ਵੀਰ ਸਿੰਘ

ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨੀ ਦਰਵਾਜ਼ੇ ਅਰ ਅਕਾਲ ਬੁੰਗੇ ਸਾਹਿਬ ਦੇ ਵਿਚਕਾਰ ਜੋ ਵੱਡਾ ਮੈਦਾਨ ਹੈ ਇਸ ਟਿਕਾਣੇ ਸਮਿਆਂ ਵਿਚ ਇਕ ਬੁੰਗਾ ਸੀ, ਜਿਸ ਨੂੰ ਤੋਸ਼ੇਖਾਨੇ ਦਾ ਬੁੰਗਾ ਕਹਿੰਦੇ ਸਨ। ਇਸ ਬੁੰਗੇ ਦੀ ਹੋਂਦ ਅਕਾਲ ਬੁੰਗੇ ਦੇ ਅਗਲੇ ਮੈਦਾਨ ਨੂੰ ਇਕ ਐਸੀ ਸ਼ਕਲ ਦੇ ਦੇਂਦੀ ਸੀ ਕਿ ਏਥੇ ਗੁਪਤ ਮਸ਼ਵਰੇ ਦਾ ਦੀਵਾਨ ਲੱਗ ਸਕੇ। ਇਸੇ ਕਰਕੇ ਗੁਰਮਤਾ ਏਥੇ ਹੁੰਦਾ ਸੀ। ਚਾਰ ਚੁਫੇਰੇ ਤੋਂ ਰਸਤੇ ਬੰਦ ਹੁੰਦੇ ਸੇ, ਅਰ ਦਰਵਾਜ਼ਿਆਂ `ਤੇ ਪਹਿਰੇ ਹੁੰਦੇ ਸੇ। ਅੰਦਰ ਕੇਵਲ ਉਹ ਜਾ ਸਕਦੇ ਸੇ ਜੋ ਸੱਦੇ ਹੁੰਦੇ ਸੇ ਤੇ ਪਹਿਰੇਦਾਰਾਂ ਨੂੰ ਇਕ ਐਸਾ ਬੋਲਾ (ਪਦ) ਮਾਲੂਮ ਹੁੰਦਾ ਸੀ ਜੋ ਸੱਜਣ ਉਹ ਦੱਸ ਸਕੇ ਉਸ ਗੁਰਮਤੇ ਵਿਚ ਸ਼ਾਮਲ ਹੋ ਸਕਦਾ ਸੀ। ਜੋ ਨਾ ਦੱਸ ਸਕੇ ਉਹ ਅੰਦਰ ਨਹੀਂ ਜਾ ਸਕਦਾ ਸੀ, ਬੋਲਾ ਅਕਾਲ ਬੁੰਗੇ ਸਾਹਿਬ ਦੇ ਅਕਾਲੀ ਜਥੇ ਦੇ ਜਥੇਦਾਰ ਨੀਯਤ ਕੀਤਾ ਕਰਦੇ ਸੇ।

ਅਕਾਲ ਬੁੰਗੇ ਦਾ ਅਕਾਲੀ ਉਹ ਹੋ ਸਕਦਾ ਸੀ ਜੋ ਨਾਮ ਬਾਣੀ ਦਾ ਪ੍ਰੇਮੀ ਹੋਵੇ ਤੇ ਨਾਲ ਪੂਰਨ ਤਿਆਗ ਵੈਰਾਗ ਦੀ ਬ੍ਰਿਤੀ ਰੱਖਦਾ ਹੋਵੇ। ਘਰ ਬਾਰ ਮਾਲ ਮਿਲਖ ਤੇ ਉਸ ਨੇ ਕਬਜ਼ੇ ਤੇ ਅਪਣਤ ਦਾ ਨਾ ਸਿਰਫ ਮੂੰਹੋਂ ਸਗੋਂ ਸੱਚੀ ਮੁੱਚੀ ਸਬੰਧ ਤੋੜਿਆ ਹੋਇਆ ਹੋਵੇ। ਜੇ ਕਿਸੇ ਸ਼ੈ ਨੂੰ ਆਪਣੀ ਨਾ ਸਮਝਦਾ ਹੋਵੇ ਅਰ ਕਿਸੇ ਮਾਲ ਮਿਲਖ ਤੇ ਦਾਵਾ ਨਾ ਰੱਖਦਾ ਹੋਵੇ । ਪਰ ਏਹ ਉਦਾਸੀ ਸੰਨਯਾਸੀ ਨਹੀਂ ਸੇ ਹੁੰਦੇ, ਏਹ ਉਚੇ ਮਨ ਵਾਲੇ ਉਨਮਨੀਏ, ਨਾਮ ਰਸੀਏ, ਵੈਰ ਵਿਰੋਧ ਨੂੰ ਜਿੱਤੇ ਸੂਰੇ ਅਰ ਅਤਿ ਨਿਰਭੈ ਸੂਰਮੇ ਹੁੰਦੇ ਸੇ। ਜੇ ਇਨ੍ਹਾਂ ਨਾਲ ਪਦਾਰਥ ਦੀ ਗੋਲ ਕਰੋ ਤਾਂ ਪਤੇ ਦਾ ਉੱਤਰ ਦੇਣਗੇ, ਜੇ ਇਨ੍ਹਾਂ ਦਾ ਸਤਿਸੰਗ ਕਰੋ ਤਾਂ ਨਾਮ ਦਾ ਰੰਗ ਚੜ੍ਹੇਗਾ, ਜੇ ਇਨ੍ਹਾਂ ਨਾਲ ਮੋਹ ਪਾਉ ਉਹ ਕਾਬੂ ਨਹੀਂ ਆਉਣਗੇ ਜੇ ਲਾਲਚ ਦਿਓ ਤਾਂ ਠੱਗੇ ਨਹੀਂ ਜਾਣਗੇ, ਜੇ ਇਸਤ੍ਰੀਆਂ ਦੇ ਕਟਾਖਯਾ ਦੀ ਤੀਰ ਬਰਖਾ ਹੇਠ ਖੜ੍ਹੇ ਕਰ ਦਿਓ ਤਾਂ ਕਿਸੇ ਇਕ ਦੀ ਨੋਕ ਦੀ ਚੋਭ ਬੀ ਨਹੀਂ ਖਾਣਗੇ। ਜ਼ੁਬਾਨ ਇਨ੍ਹਾਂ ਦੀ ਨਾਮ ਰਸ ਰੱਤੀ ਚੁੱਪ ਪਰ ਬੋਲਣ ਤਾਂ ਬ੍ਰਹਮ ਗਿਆਨ, ਜੇ ਜਗਤ ਦੀ ਗੱਲ ਕਰੋ ਤਾਂ ਪੰਥ ਰੱਖਯਾ, ਪੰਥ ਦੀ ਭਲਾਈ, ਪੰਥ ਦੇ ਬਚਾਉ ਦੀ, ਹੋਰ ਮਾਮਲੇ ਛੇੜੋ ਤਾਂ ਇਹ ਮੋਨੀ। ਇਨ੍ਹਾਂ ਦਾ ਵਜੂਦ ਆਪਣੇ ਆਪ ਵਿਚ ਰੂਹਾਨੀ ਖਿੱਚ ਦਾ ਕੇਂਦਰ ਹੁੰਦਾ ਸੀ। ਤਦੋਂ ਲੈਕਚਰ ਤੇ ਉਪਦੇਸ਼ਕਾਂ ਦੇ ਵਖਿਆਨ ਨਹੀਂ ਸੇ ਹੁੰਦੇ, ਬਸ ਅਕਾਲ ਬੁੰਗੇ ਆਓ, ਇਨ੍ਹਾਂ ਵਿਅਕਤੀਆਂ ਦੇ ਦਰਸ਼ਨ ਮੇਲੇ ਮਿਕਨਾਤੀਸੀ ਅਸਰ ਪਾ ਕੇ ਗੁਰੂ ਚਰਨਾਂ ਵੱਲ ਖਿੱਚ ਲੈਂਦੇ ਸੇ। ਸ੍ਰੀ ਦਰਬਾਰ ਸਾਹਿਬ ਜੀ ਦੇ ਗ੍ਰੰਥੀਆਂ, ਸੇਵਾਦਾਰਾਂ ਦਾ ਜੀਵਨ ਬੀ ਇਸੇ ਤਰ੍ਹਾਂ ਨਾਮ ਰੱਸ ਰੱਤਾ, ਸ਼ਾਂਤਿ-ਸਰੋਵਰ ਹੁੰਦਾ ਸੀ।

‘ਅਕਾਲੀ’ ਉਹ ਜੋ ਇਕ ਅਕਾਲ ਤੇ ਟੇਕ ਰੱਖੇ। “ਅਕਾਲੀ’ ਉਹ ਜੋ ਅਕਾਲ ਬੁੰਗੇ ਦੇ ਸੇਵਕ ਜੱਥੇ ਦਾ ਸਭਾਸਦ ਹੋਵੇ। ਅਕਾਲ ਬੁੰਗਾ ਛੇਵੇਂ ਸਤਿਗੁਰਾਂ ਰਚਿਆ ਤੇ ਉਸ ਵੇਲੇ ‘ਅਕਾਲੀ’ ਦੀ ਨੀਹ ਬੀ ਨਾਲ ਹੀ ਧਰੀ ਗਈ ਤੇ ਇਹੋ ਬ੍ਰਿਤੀ ਮਾਨੋ ਉਸੇ ਵੇਲੇ ਧਾਰਨ ਕਰਾਈ ਗਈ। ਨਾਮ ਦੇ ਅਭਯਾਸੀ, ਮਾਲ ਮਿਲਖ ਦੇ ਕਬਜ਼ੇ ਦੀ ਬ੍ਰਿਤੀ ਨੰ ਜੋ ਜਿੱਤ ਚੁੱਕੇ ਸੋ ਅਕਾਲ ਬੁੰਗੇ ਦੀ ਸੇਵਾ ਕਰੇ ਅਕਾਲ ਬੁੰਗੇ ਦਾ ਸੇਵਕ-ਅਕਾਲੀ ।

“ਅਕਾਲੀ” ਨੀਲੇ ਬਸਤ੍ਰਾਂ ਵਾਲਾ। ਜਦੋਂ ਅੰਮ੍ਰਿਤ ਪ੍ਰਚਾਰ ਹੋਇਆ ਤੇ ਪੰਥ ਰਚਿਆ ਗਿਆ ਜਦੋਂ ਨੀਲੇ ਬਸਤ੍ਰਾਂ ਦਾ ਬੀ ਰਵਾਜ ਟੁਰਿਆ ਹੈ। ਯਥਾ- ‘ਇਉਂ ਉਪਜੇ ਸਿੰਘ ਭੁਜੰਗੀਏ ਨੀਲੰਬਰ ਧਾਰਾ।

ਸਿੰਘਾਂ ਦੇ ਅੱਡ ਅੱਡ ਜੱਥੇ ਭਰਤੀ ਹੋਏ ਤੇ ਅੱਡ ਅੱਡ ਨਿਸ਼ਾਨ ਤੇ ਪਰਖ ਲਈ ਅੱਡ ਅੱਡ ਪੁਸ਼ਾਕੇ ਤੇ ਰੰਗ ਫ਼ੌਜਾਂ ਦੇ ਦਸਤਿਆਂ ਦੇ ਥਾਪੇ ਗਏ, ਸਭ ਤੋਂ ਪਹਿਲਾਂ ਤੇ ਮੁੱਖ ਰੰਗ ਨੀਲਾ ਸੀ, ਜਿਸ ਜਥੇ ਯਾ ਫੌਜ ਦੇ ਦਸਤੇ ਦਾ ਬਾਣਾ ਨੀਲਾ ਸੀ, ਉਹ ਸਾਹਿਬਜ਼ਾਦੇ ਫਤਹ ਸਿੰਘ ਦੇ ਨਾਮ ਤੇ ਸੀ। ਇਕ ਦਿਨ ਉਨ੍ਹਾਂ ਦਾ ਪੁਸ਼ਾਕਾਂ ਇਸ ਰੰਗ ਦਾ ਤੇ ਦੁਮਾਲੇ ਵਾਲਾ ਸੀ, ਜਿਸ ਤੇ ਉਨ੍ਹਾ ਦੇ ਨਾਮ ਤੇ ਉਨ੍ਹਾਂ ਦੇ ਪੁਸ਼ਾਕੇ ਦੇ ਰੰਗ ਤੇ ਇਕ ਫੌਜ ਨੀਲਾਬਰੀ ਰਚੀ ਗਈ। ਦੁਮਾਲਾ ਇੰਨ੍ਹਾਂ ਦਾ ਖੁਲ੍ਹੇ ਲੜ ਦਾ ਹੁੰਦਾ ਸੀ, ਜੋ ਦਸਤਾਰੇ ਦੇ ਉੱਪਰਵਾਰ ਹੁੰਦਾ ਹੈ । ਇਹ ਰੰਗ ਤੇ ਵੇਸ ਜੋ ਉਦੋਂ ਉਸ ਖਾਸ ਤੇ ਮੁੱਖ ਸੈਨਾ ਦਾ ਸੀ ਪਿਛੋਂ ਅਕਾਲੀ ਤੇ ਨਿਹੰਗ ਸਿੰਘਾਂ ਦਾ ਸੰਪੁਦਾਈ ਚਿੰਨ੍ਹ ਬਣ ਗਿਆ। ਜਿਸ ਦੀ ਵਯਾਖਯਾ ਇਸ ਪ੍ਰਕਾਰ ਹੈ-

ਮਾਛੀਵਾੜੇ ਜਦ ਭਾਈ ਮਾਨ ਸਿੰਘ ਜੀ ਤੇ ਭਾਈ ਦਇਆ ਸਿੰਘ ਸਤਿਗੁਰਾਂ ਪਾਸ ਅੱਪੜੇ ਤੇ ਬਾਗ ਵਿਚ ਆਰਾਮ ਨਾਲ ਜਾ ਬੈਠੇ, ਤਦ ਪ੍ਰਸੰਨ ਹੋ ਕੇ ਸਤਿਗੁਰਾਂ ਨੇ ਵਰ ਦਿੱਤਾ ਪੰਥ ਖਾਲਸੇ ਵਿਚ ਤੇਰੇ ਵਰਗੇ ਖੁੱਲ੍ਹੇ ਸੁਭਾਵ ਵਾਲੇ ਨਿਰਭੈ ਤੇ ਸਿਧੇ ਸਾਦੇ ਲਿਬਾਸ ਵਾਲੇ ਅਨੇਕ ਸਿੰਘ ਹੋਣਗੇ, ਜਿਨ੍ਹਾਂ ਦੀ ਬ੍ਰਿਤੀ ਅਕਾਲੀ (ਵਾਹਿਗੁਰੂ ਟੇਕ ਵਾਲੀ) ਹੋਵੇਗੀ ਤੇ ਨਿਰਾਂਕੁਸਤਾ ਨਿਹੰਗ ਵਰਗੀ ਹੋਵੇਗੀ। ਮਾਨ ਸਿੰਘ ਨੀਲਾਂਬਰੀ ਸੈਨਾ ਦੇ ਵੱਡੇ ਹੋਣ ਕਰਕੇ ਉਸ ਵੇਲੇ ਵੀ ਨੀਲੇ ਬਾਣੇ ਵਿਚ ਸਨ। ਫਿਰ ਜਦੋਂ ਦਸਮੇਂ ਸਤਿਗੁਰਾਂ ਨੇ ਨੀਲੇ ਸਾੜੇ ਤਦੋਂ ਇਕ ਟੁਕੜਾ ਰੱਖ ਲਿਆ ਤੇ ਓਹ ਖੰਜਰ ਨੂੰ ਬੰਨ੍ਹ ਦਿੱਤਾ। ਮੁਰਾਦ ਗਾਲਬਨ ਇਹ ਸੀ ਕਿ ਸ਼ਸਤ੍ਰ ਵਿਦਯਾ ਵਿਚ ਇਸਦੀ ਫਿਰ ਲੋੜ ਪਵੇ ਤਾਂ ਖਾਲਸਾ ਵਰਤੇ, ਸਾੜ ਦੇਣ ਥੋ ਨੀਲਾਬਰ ਨੂੰ ਸਦਾ ਤ੍ਰਿਸਕਾਰਿਤ ਨਾ ਸਮਝੇ। ਇਉਂ ਬੀ ਰਵਾਯਤ ਹੈ ਕਿ ਜਦੋਂ ਨੀਲੇ ਕਪੜੇ ਪਾੜ ਪਾੜ ਸਾੜੇ ਤਾਂ ਇਕ ਟੁਕੜਾ ਬਾਹਰ ਜਾ ਪਿਆ। ਸਾਰੇ ਕਰੜੇ ਖੇਦਾਂ ਵਿਚ ਨਾਲ ਰਹੇ ਤੇ ਬਚ ਨਿਕਲੇ ਤੇ ਅਤਿਧਰਮੀ ਭਾਈ ਮਾਨ ਸਿੰਘ ਜੀ ਕੋਲ ਸਨ, ਇਸ ਟੁਕੜੇ ਨੂੰ ਗੁਰੂ ਸਾਹਿਬਾਂ ਪਾਸੋਂ ਮੰਗਕੇ ਉਨ੍ਹਾਂ ਨੇ ਆਪਣੇ ਦਸਤਾਰੇ ਵਿਚ ਟੁੰਗ ਲਿਆ। ਇਹ ਦੂਜੇ ਕਿਸਮ ਦੇ ਦੁਮਾਲੇ ਦਾ ਮੁੱਢ ਤੇ ਨੀਲੇ ਬਾਣੇ ਦਾ ਸੰਪ੍ਰਦਾਈ ਮੁੱਢ ਹੋਯਾ ਸਮਝਿਆ ਜਾਂਦਾ ਹੈ। ਇਹ ਬੀ ਲਿਖਿਆ ਹੈ ਕਿ ਇਕ ਨੀਲਾ ਟੁਕੜਾ ਸਤਿਗੁਰਾਂ ਦੇ ਚਰਨਾਂ ਦੇ ਭੋਰੇ ਪੂਰਨ ਤਿਆਗ ਬ੍ਰਿਤੀ ਵਿਚ ਸਦਕੇ ਹੋ ਰਹੇ ਸੇ, ਇਨ੍ਹਾਂ ਵਿਚ ਉਹ ਭਾਵ ਜਿੰਦਗੀ ਦਾ ਵਰਤਾਉ ਤੇ ਰੰਗ ਸੀ ਜੋ ਪੂਰਨ ਪ੍ਰੇਮੀ, ਪੂਰਨ ਤਿਆਗ ਤੇ ਪੂਰਨ ਨਾਮ ਅਭਿਆਸੀ ਵਿਚ ਲੋੜੀਏ। ਸੋ ਮਾਨ ਸਿੰਘ ਜੀ ਨੇ ਦੁਮਾਲਾ ਸਜਾਈ ਰੱਖਿਆ ਤੇ ਉਨ੍ਹਾਂ ਦੇ ਪਿਆਰ ਵਾਲਿਆਂ ਉਨ੍ਹਾ ਦੀ ਪੈਰਵੀ ਕੀਤੀ। ਹੁਣ ਉਹ ਤਿਆਗ-ਬ੍ਰਿਤੀ ਜੋ ਅਕਾਲ ਬੁੰਗੇ ਦੇ ਅਕਾਲੀਆਂ ਵਿਚ ਹੁੰਦੀ ਸੀ, ਇਸ ਤਰ੍ਹਾਂ ਪਰਵਿਰਤ ਹੋ ਗਈ ਸਾਰੇ ਪੰਥ ਵਿਚ ਤੇ ਇਨ੍ਹਾਂ ਲੋਕਾਂ ਦਾ ਨਾਮ ਹੋ ਗਿਆ ‘ਨਿਹੰਗ’। ਨਿਹੰਗ ਫ਼ਾਰਸੀ ਵਿਚ ਮਗਰਮੱਛ ਨੂੰ ਕਹਿੰਦੇ ਹਨ, ਮੁਰਾਦ ਹੈ ਜੋ ਨਿਰਭੈ ਅਤਿ ਹੋਵੇ, ਕਿਸੇ ਭੈ ਅੱਗੇ ਜਿਸਦੀ ਅੱਖ ਝਮਕਾ ਨਾ ਖਾਵੇ। ਨਿਹੰਗ ਦਾ ਇਹ ਅਰਥ ਬੀ ਕਰਦੇ ਹਨ ‘ਦੁੱਖ ਸੁੱਖ ਦਾ ਅੰਗ ਨਾ ਮਨੇ’। ਦੁਖ ਸੁਖ ਦੋਹਾਂ ਵੇਲੇ ਜੋ ਆਪਣੇ ਅਸਲੇ ਤੋਂ ਨਾ ਹਿੱਲੇ। ਨਿਹੰਗ ਦਾ ਮੂਲ ਜਾਪਦਾ ਹੈ ਪਦ ਨਿ:ਸੰਗ-ਨਿਹੰਗ-ਜੋ ਇਕੱਲਾ ਵਿਚਰੇ, ਇਸਤ੍ਰੀ ਆਦਿ ਦੇ ਪਰਿਵਾਰਕ ਸੰਬੰਧ ਤੋਂ ਸੁਤੰਤ੍ਰ ਹੋ ਕੇ ਜੋ ਸਾਧੂ ਬ੍ਰਿਤੀ ਵਿਚ ਵਿਚਰੇ। ਅਕਾਲ ਬੁੰਗੇ ਦੇ ਅਕਾਲੀ, ਖਯਾਲ ਹੈ ਕਿ ਛੇਵੇਂ ਸਤਿਗੁਰਾਂ ਤੋਂ ਲੈ ਦਸਮੇਂ ਸਤਿਗੁਰਾਂ ਦੇ ਸਮੇਂ ਤੱਕ ਕੇਵਲ ਸਤਿਗੁਰਾਂ ਦੇ ਹੁਕਮ ਦੇ ਤਾਬੇ ਕੰਮ ਕਰਦੇ ਸੇ ਅਰ ਉਨ੍ਹਾਂ ਪਰ ਉਤਨੇ ਜ਼ਿੰਮੇਵਾਰੀ ਦੇ ਕੰਮ ਨਹੀਂ ਪੈਂਦੇ ਸੇ ਜਿਤਨੇ ਕਿ ਦਸਮੇਂ ਜਾਮੇਂ ਦੇ ਅੰਤਰਧਾਨ ਹੋਣ ਮਗਰੋਂ ਪਏ ਹਨ। ਤਦੋਂ ਉਹ ਨਾਮ ਰਸੀਏ ਇਕ ਸ਼ੁਭ ਤੇ ਸੁਹਣੇ, ਪਰ ਤਯਾਗੀ ਸੇਵਕ ਤਖਤ ਸਾਹਿਬ ਦੀ ਸੇਵਾ ਵਾਲੇ ਹੁੰਦੇ ਸੇ। ਅਕਾਲ ਬੁੰਗੇ ਤੇ ਪੂਰਾ ਵਸੀਕਾਰ ਭੁਜੰਗੀਆ ਦਾ , ਜੀਤ ਮੱਲੀਆਂ, ਬੰਦਈਆਂ, ਚੁਬੰਦਆਂ ਆਦਿਕਾਂ ਦੇ ਹਟ ਜਾਣ ਪਰ ਹੋਇਆ। ਤਦੋਂ ਇਹੋ ‘ਅਕਾਲ ਪੁਰਖੀਏ’ ਨਾਮ ਤੋਂ ਵੀ ਕੁੱਛ ਚਿਰ ਪ੍ਰਸਿੱਧ ਰਹੇ ਹਨ। ਖਾਸ ਭੇਖ ਕੋਈ ਨਹੀਂ ਸੀ ਪਰ ਦਸਮੇ ਜਾਮੇ ਦੇ ਮਗਰੋਂ ਬਾਬੇ ਫਤਹ ਸਿੰਘ ਦੇ ਨਾਮ ਦੀ ਫੌਜ ਵਾਲੇ ਸ੍ਰੀ ਮਾਨ ਸਿੰਘ ਜੀ ਦੀ ਸੰਪ੍ਰਦਾ ਦੇ ਨਿਹੰਗ ਤੇ ਅਕਾਲੀ ਸਿੰਘ ਲਗਪਗ ਇਕੋ ਹੋ ਗਏ ਤੇ ਅਰ ਦੋਵੇਂ ਪਦ ਇਕਨਾ ਅਰਥਾਂ ਵਿਚ ਵਰਤੀਣ ਲੱਗ ਪਏ, ਪਰ ਦੁਮਾਲੇ ਦਾ ਫਰਕ ਜਾਰੀ ਰਿਹਾ। ਅਕਾਲ ਬੁੰਗੇ ਦੇ ਅਕਾਲੀ ਉਨ੍ਹਾਂ ਹੀ ਗੁਣਾ ਵਾਲੇ ਜੋ ਉਪਰ ਕਹੇ ਹਨ ਤਖਤ ਸਾਹਿਬ ਦੀ ਸੇਵਾ ਵਿਚ ਰਹਿਣ ਵਾਲੇ ਸੇ। ਹੋਰ ਖੁੱਲੇ ਵਿਚਰਨ ਵਾਲੇ ਅਕਾਲੀ ਵਹੀਰ ਬਣਾ ਕੇ ਪੰਥਕ ਕਾਰਜਾਂ ਲਈ ਜਗ੍ਹਾ ਜਗ੍ਹਾ ਫਿਰਦੇ ਸਨ। ਸਭਨਾਂ ਦਾ ਇਕੱਠ ਕਈ ਵੇਰ ਅਕਾਲੀ ਬੁੰਗੇ ਹੋ ਜਾਂਦਾ ਸੀ। ਖੁਲ੍ਹੇ ਵਿਚਰਨ ਵਾਲਿਆਂ ਦੀ ਮਾਨੋਂ ‘ਬਹੂਦਕ ਸਨਯਾਸ’ ਦੀ ਸ਼ਕਲ ਸੀ ਤੇ ਅਕਾਲ ਬੁੰਗੇ ਦੇ ਸੇਵਕਾਂ ਦੀ ਜੋ ਕਈ ਵੇਰ ਇਨ੍ਹਾਂ ਵਿਚੋਂ ਚੌਣਵੇਂ ਹੋਇਆ ਕਰਦੇ ਸੇ, ‘ਕੁਟੀਚਰ ਸਨਯਾਸ’ ਦੀ, ਪਰ ਫਰਕ ਇਹ ਹੈ ਕਿ ਸੰਨਯਾਸੀ ਤਯਾਗ ਕਰਕੇ ਆਪਾ ਕੌਮ, ਦੇਸ਼ ਤੇ ਪੰਥ ਦੀ ਸੇਵਾ ਵਿਚ ਲਾਉਂਦੇ ਸੇ, ਉਦਾਸ ਹੋ ਬਨਾਂ ਵਿਚ ਤੇ ਬਰਫਾਂ ਵਿਚ ਨਹੀਂ ਜਾ ਲਗਦੇ ਸੇ। ਵਿਆਹ ਇਨ੍ਹਾਂ ਵਿਚ ਹੁਕਮਨ ਮਨ੍ਹੇ ਨਹੀਂ ਸੀ ਪਰ ਰਿਵਾਜਨ ਇਹ ਅਕਸਰ ਨਿਰਵਿਰਤ ਵਿਚਰਦੇ ਸੇ। ਜਥੇਬੰਦੀ ਇਨ੍ਹਾ ਦੀ ਇਸ ਤਰ੍ਹਾਂ ਦੀ ਸੀ ਕਿ ਹਰ ਵਹੀਰ ਦਾ ਇਕ ਜੱਥੇਦਾਰ ਹੁੰਦਾ ਸੀ, ਜਿਸ ਦੀ ਸਭ ਤੋਂ ਵੱਡੀ ਮਹਿਮਾ ਨਾਮ-ਰਸੀਆ ਤੇ ਅਭੈ ਹੋਣਾ ਹੁੰਦੀ ਸੀ,. ਇਸਨੂੰ ਜਥੇਦਾਰ ਤੇ ਵਹੀਰੀਆ ਬੀ ਆਖਦੇ ਸਨ। ਆਪਣੇ ਜਥੇ ਦਾ ਇਹ ਗੁਰਮੁਖ ਤੇ ਸਰਦਾਰ ਹੁੰਦਾ ਸੀ, ਪ੍ਰਬੰਧ ਸਾਰਾ ਇਸ ਦੇ ਹੱਥ ਹੁੰਦਾ ਸੀ, ਸਾਰੇ ਇਸ ਦਾ ਹੁਕਮ ਮੰਨਦੇ ਸੇ। ਕਈ ਵੇਰ ਜਥੇਦਾਰ ਨੂੰ, “ਗੁਰਦੇਵ ਸਿੰਘ’ ਬੀ ਸੱਦਦੇ ਸੇ, ਅੰਮ੍ਰਿਤ ਛਕਾਉਣਾ ਬੀ ਇਸ ਦਾ ਕੰਮ ਹੁੰਦਾ ਸੀ। ਜਥੇਦਾਰ ਦੇ ਜੇ ਸਾਰੇ ਸਿੰਘ ਵਿਰੋਧੀ ਹੋ ਜਾਣ ਤਾਂ ਨਵਾਂ ਥਾਪ ਲੈਂਦੇ ਸਨ, ਪਰ ਜਥੇਦਾਰ ਦੇ ਹੁਕਮੋਂ ਸਿਰ ਨਹੀਂ ਸਨ ਫੇਰਦੇ ਪਰ ਇਹ ਗੱਲ ਹੋਈ ਕਦੇ ਘੱਟ ਹੈ। ਕਿਉਂਕਿ ਪੂਰਨ ਤਯਾਗੀ ਤੇ ਨਾਮਰਸੀਏ ਹੋਣ ਕਰਕੇ ਓਹ ਕਾਰਨ, ਜੋ ਜਥਿਆਂ ਵਿਚ ਵਿਖੇਵੇਂ ਦੇ ਪੈਂਦੇ ਹਨ, ਮੌਜੂਦ ਹੀ ਨਹੀਂ ਸਨ ਹੁੰਦੇ। ਮੁਸੀਬਤਾਂ ਚੁਫੇਰੇ ਸਨ ਤੇ ਪਰਸਪਰ ਪਯਾਰ ਭਾਰਵਾਂ ਵਾਲੇ ਸਨ, ਇਸ ਕਰਕੇ ਇਹ ਘਟਨਾ ਲਗਪਗ ਨਹੀਂ ਹੋਈ ਵਾਂਗੂੰ ਹੈ। ਅਕਸਰ ਨਿਹੰਗ ਸਿੰਘ ਵਹੀਰਾਂ ਵਿ ਬੀ ਨਹੀਂ ਰਹੇ, ਇਕੱਲੇ ਵਿਚਰੇ ਹਨ, ਅਕਸਰਾਂ ਨੇ ਗੁਰਦੁਆਰੇ ਸੰਭਾਲੇ, ਸੇਵਾ ਵਿਚ ਉਮਰਾਂ ਲਾਈਆਂ ਤੇ ਜੀਵਨ ਸਫਲ ਕੀਤੇ। ਅਕਾਲੀ ਯਾ ਨਿਹੰਗ ਹੁਣ ਇਕੋ ਅਰਥ ਵਾਲਾ ਪਦ ਹੋ ਗਿਆ ਸੀ। ਨਿਰਬਾਹ ਇਨ੍ਹਾਂ ਦਾ ਪਿਆਰ ਨਾਲ ਮਿਲੀ ਭੇਟਾ ਸੀ ਯਾ ਗੁਰਦੁਆਰੇ ਦੇ ਲੰਗਰ ਤੋਂ। ਏਹ ਲੋਕ ਮੰਗਦੇ ਨਹੀਂ ਸਨ, ਕਦੇ ਕਿਸੇ ਹਾਲਤ ਵਿਚ ਬੀ ਹੱਥ ਨਹੀਂ ਸਨ ਅਡਦੇ। ਜੇ ਸਫਰ ਵਿਚ ਹਨ, ਪਾਸ ਕੁੱਛ ਨਹੀਂ। ਪ੍ਰਸ਼ਾਦੇ ਦਾ ਵੇਲਾ ਹੈ. ਤਾਂ ਕਿਸੇ ਪਿੰਡ ਸ਼ਹਿਰ ਦੀ ਗਲੀ ਜਾ ਵੜਨਗੇ. ਜਿਸ ਘਰ ਮਰਜ਼ੀ ਹੈ ਲੰਘ ਜਾਣਗੇ, ਉਸ ਵੇਲੇ ਦੇ ਨਿਰਬਾਹ ਜੋਗਾ ਅੰਨ ਮਾਤ੍ਰ ਲੈ ਕੇ ਟੁਰ ਆਉਣਗੇ, ਹੀਰੇ ਮੋਤੀ ਪਾਸ ਪਏ ਰਹਿਣ, ਤੱਕਣਗੇ ਨਹੀਂ। ਇਥੋਂ ਤੱਕ ਕਿ ਉਸ ਡੰਗ ਤੋਂ ਵਧੀਕ ਦਾ ਅੰਨ ਬੀ ਨਹੀਂ ਚੁੱਕਣਗੇ। ਲੋਕਾਂ ਵਿਚ ਇਤਨਾ ਸਤਿਕਾਰ ਇਨ੍ਹਾਂ ਦਾ ਸੀ ਕਿ ਜਦੋਂ ਨਿਹੰਗ ਸਿੰਘ ਆ ਜਾਣ ਤੇ ਲੋਕੀ ਸੁਣ ਲੈਣ ਕਿ ਨਿਹੰਗ ਆਏ ਹਨ. ਤਾਂ ਬੂਹੇ ਖੋਲ੍ਹ ਘਰਾਂ ਤੋਂ ਬਾਹਰ ਆ ਕੇ ਅਦਬ ਨਾਲ ਹੱਥ ਜੋੜ ਕੇ ਖਲੋ ਜਾਂਦੇ ਸਨ ਤੇ ਸਾਰੇ ਚਾਹੁੰਦੇ ਸਨ ਕਿ ਇਹ ਮੇਰੇ ਘਰ ਅੰਦਰ ਜਾਣ। ਫੇਰ ਜਿਸ ਘਰ ਏਹ ਵੜ ਜਾਣ ਉਹ ਆਪਣੇ ਧੰਨ ਭਾਗ ਸਮਝਦਾ ਸੀ, ਤਦੋਂ ਦੀ ਇਹ ਕਹਾਵਤ ਅੱਜ ਤੱਕ ਮੂੰਹਾਂ ਤਟ ‘ਤੇ ਚੜ੍ਹੀ ਹੋਈ ਹੈ:-

“ਆਏ ਨੀ ਨਿਹੰਗ ਬੂਹਾ ਖੋਲ੍ਹ ਦੇ ਨਿਸ਼ੰਗ।”

ਜਿਸ ਦਾ ਭਾਵ ਇਹ ਸੀ ਕਿ ਏਹ ਉੱਚੇ ਖਿਆਲ ਵਾਲੇ ਲੋਕ ਹਨ, ਇਨ੍ਹਾਂ ਨੂੰ ਰੁਕੋ ਨਾ, ਖੁਲ੍ਹੇ ਦਿਲ ਅੰਦਰ ਆਉਣ ਦਿਓ, ਏਹ ਤੁਹਾਡੇ ਘਰ ਦੇ ਮਾਲ, ਧਨ, ਰੂਪ ਕਿਸੇ ਸ਼ੈ ਦੇ ਰਵਾਦਾਰ ਨਹੀਂ। ਨਿਰਬਾਹ ਮਾਤ੍ਰ ਅੰਨ ਲੈਣਗੇ ਤੇ ਤੇਰੀ ਕਮਾਈ ਸਫਲ ਕਰ ਜਾਣਗੇ।

ਇਸ ਦਾ ਕਾਰਨ ਇਹ ਸੀ ਕਿ ਨਿਹੰਗਾਂ ਤੇ ਸਿੰਘਾਂ ਵਿੱਚ ਮਾਲ ਮਿਲਖ ਦੇ ਕਬਜ਼ੇ ਦਾ ਖਿਆਲ ਦਾ ਤਿਆਗ ਕਰਨਾ ਮੁੱਖ ਗੁਣ ਸੀ। ਉਹ ਨਾ ਕੇਵਲ ਆਪ ਹੀ ਮਾਲਕ ਨਹੀਂ ਬਣਦੇ ਸੇ ਸਗੋਂ ਕਿਸੇ ਨੂੰ ਕਿਸੇ ਮਾਲ ਦਾ ਮਾਲਕ ਨਹੀਂ ਸੇ ਸਮਝਦੇ। ਸਭ ਮਾਲ ਅੰਨ, ਬਸਤ੍ਰ, ਪਦਾਰਥ ਦਾ ਮਾਲਕ ਉਨ੍ਹਾਂ ਦੀ ਨਜ਼ਰ ਵਿਚ ਵਾਹਿਗੁਰੂ ਸੀ। ਉਹ ਜਦ ਲੋੜ ਵੇਲੇ ਕਿਸੇ ਦੇ ਘਰੋਂ ਅੰਨ ਮਾਤ੍ਰ ਅੰਗੀਕਾਰ ਕਰਦੇ ਸੇ ਤਦ ਉਸ ਘਰ ਵਾਲੇ ਦੇ ਅੰਨ ਨੂੰ ਉਸ ਦਾ ਸਮਝ ਕੇ ਹੱਥ ਨਹੀਂ ਸੇ ਲਾਉਂਦੇ, ਪਰ ਦਾਣਾ ਪਾਣੀ ਗੁਰੂ ਕਾ ਸਮਝ ਕੇ ਸਾਂਝੇ ਬਾਬਲ ਦੇ ਭੰਡਾਰੇ ਵਿਚੋਂ ਭੁੱਖ ਪੂਰਨ ਮਾਤ੍ਰ ਅੰਨ ਸਵੀਕਾਰ ਕਰਦੇ ਸੇ। ਜਬਰ ਧੱਕਾ ਕਦੇ ਨਹੀਂ ਸੇ ਕਰਦੇ। ਜਬਰ ਸਹਿਣਾ ਜਬਰ ਕਰਨਾ ਦੁਇ ਗੱਲਾਂ ਤੋਂ ਉਚੇਰੇ ਸੇ। ਨਿਹੰਗ ਸਿੰਘ ਪਾਸ ਕਛਹਿਰੇ ਤਾਂ ਦੋ ਹੁੰਦੇ ਸੇ, ਪਰ ਚੋਲਾ ਦਸਤਾਰਾ, ਚਾਦਰ ਇਹ ਕਦੇ ਦੋ ਨਹੀ ਸੇ ਹੁੰਦੇ ਤੇ ਦਿਨ ਅੰਨ ਪਾ ਕੇ ਰਾਤ ਕਈ ਬਾਕੀ ਨਹੀਂ ਸੇ ਰੱਖਦੇ। ਇਸੇ ਵਾਸਤੇ ਮਗਰੋਂ ਇਨ੍ਹਾਂ ਦਾ ਨਾਮ ਬਿਹੰਗਮ’ ਬੀ ਪੈ ਗਿਆ ਸੀ, ਅਰਥਾਤ ਪੰਛੀ ਬ੍ਰਿਤੀ ਵਾਲੇ, ਜਿਥੇ ਚੋਗਾ ਜਿਸ ਵੇਲੇ ਮਿਲ ਗਿਆ ਖਾ ਲਿਆ, ਜਿੱਥੇ ਰਾਤ ਪੈ ਗਈ ਟਿਕ ਗਏ। ਪਰੰਤੂ ਇਸ ਸਾਰੇ ਤਿਆਗ ਤੇ ਵਰਤਾਰੇ ਦੀਆਂ ਖੁਲ੍ਹਾਂ ਇਨ੍ਹਾਂ ਲੋਕਾਂ ਵਿਚ ਨਾਮ ਦੇ ਆਧਾਰ ਤੇ ਸਨ, ਅਰਥਾਤ ਆਤਮ ਜੀਵਨ (ਰੂਹਾਨੀ ਜਿੰਦਗੀ) ਇਸਦਾ ਮੂਲ ਸੀ। ਪਦਾਰਥਕ ਵੰਡ ‘ਪਰਸਪਰ ਮਾਦੀ ਏਕਤਾ’ ਦਾ ਖਿਆਲ ਇਨ੍ਹਾਂ ਗੱਲਾਂ ਦਾ ਮੂਲ ਨਹੀਂ ਸੀ। ਆਤਮ ਜੀਵਨ ਤੋਂ ਖਾਲੀ, ਪ੍ਰਸਤੀ ਤੇ ਪਦਾਰਥ ਯਾ ਰਾਜਸੀ ਭੁੱਖਾਂ ਵਾਲੀ ਸੰਸਾਰੀ ਬ੍ਰਿਤੀ ਅਕਾਲੀ ਦਾ ਆਦਰਸ਼ ਕਦੇ ਨਹੀਂ ਸੀ।

ਨਿਹੰਗ ਸਿੰਘਾਂ ਵਿਚ ਸੁਖ ਨਿਧਾਨ (ਭੰਗ) ਦਾ ਰਿਵਾਜ, ਨਿਹਾਯਤ ਕਸ਼ਟ ਦੇ ਜੀਵਨਾਂ, ਥਕਾਨਾਂ ਤੇ ਦੁੱਖਾਂ ਤੋਂ ਸਰੀਰ ਨੂੰ ਸੌਖ ਦੇਣ ਲਈ ਪਿਆ ਸੀ, ਇਸੇ ਕਰਕੇ ਇਸ ਦਾ ਨਾਮ ‘ਸੁਖ ਨਿਧਾਨ’ ਪਿਆ। ਪਰ ਪਿੱਛੋਂ ਇਹ ਨਸ਼ੇ ਦੀ ਸ਼ਕਲ ਵਿਚ ਵੱਧਕੇ ਉਨ੍ਹਾਂ ਦੇ ਗਿਰਾਉ ਦਾ ਮੂਲ ਕਾਰਨ ਬਣਿਆ। ਜਾਇਦਾਦਾਂ ਵਾਲੇ ਥੀ ਨਿਹੰਗ ਸਿੰਘ ਮਗਰੋਂ ਹੋਏ, ਪਰ ਇਹ ਗਿਰਾਉ ਦੇ ਸਮੇਂ ਦੇ ਹਨ, ਜੇ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਤੋਂ ਕੁਛ ਸਮਾਂ ਪਹਿਲਾਂ ਥੋੜ੍ਹਾ ਥੋੜ੍ਹਾ ਸ਼ੁਰੂ ਹੋ ਗਿਆ ਸੀ, ਪਰੰਤੂ ਆਦਰਸ਼ਕ ਨਿਹੰਗ ਸਿੰਘ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਅਣ-ਗਿਣਤ ਸਨ, ਟਾਂਵੇਂ ਟਾਂਵੇਂ ਉਸ ਤੋਂ ਮਗਰੋਂ ਬੀ ਹੁੰਦੇ ਰਹੇ ਹਨ। ਬਾਬਾ ਨੈਣਾ ਸਿੰਘ ਜੀ ਦੇ ਚਾਟੜੇ ਬਾਬਾ ਫੂਲਾ ਸਿੰਘ ਜੀ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਦਾ ਹੀ ਸ਼ਿੰਗਾਰ ਸਨ।

ਜਿਸ ਸਮੇਂ ਦਾ ਅਸੀਂ ਹਾਲ ਲਿਖ ਰਹੇ ਹਾਂ, ਨਿਹੰਗ ਸਿੰਘ ਤੇ ਅਕਾਲ ਬੁੰਗੇ ਦੇ ਅਕਾਲੀ ਆਪਣੇ ਆਦਰਸ਼ ਤੇ ਪੂਰੇ ਪੂਰੇ ਸਨ, ਇਨ੍ਹਾਂ ਦਾ ਪਿੱਛੇ ਦੱਸ ਆਏ ਹਾਂ, ਕਿ ਇਕ ਕੰਮ ਇਹ ਹੁੰਦਾ ਸੀ ਕਿ ਅਕਾਲ ਬੁੰਗੇ ਰਹਿਣ, ਪੰਥਕ ਸਾਂਝੀਆਂ ਲੋੜਾਂ ਦਾ ਖਿਆਲ ਰੱਖਣਾ, ਜਦੋਂ ਕੋਈ ਜਥੇਦਾਰ ਕੋਈ ਪੰਥਕ ਔਕੜ ਦੱਸ ਘੱਲੇ ਤਾਂ ਇਨ੍ਹਾਂ ਨੇ “ਗੁਰਮਤਾ” ਸੱਦਣਾ। ‘ਗੁਰਮਤਾ’ ਨਾਮ ਪੰਥ ਦੀ ਸ਼ਰੋਮਣੀ ਜਥੇਬੰਦੀ ਦਾ ਸੀ, ਹਾਂ, ਇਹ ਇਕ ‘ਪੰਥਕ ਆਸ਼੍ਰਮ’ ਸੀ ਜੱਥੇਬੰਦੀ ਦਾ ਉਸ ਦਾ ਤਰੀਕਾ ਇਹ ਹੁੰਦਾ ਸੀ ਕਿ ਅਕਾਲ ਬੁੰਗੇ ਦੇ ਅਕਾਲੀ ਪੰਥ ਦੇ ਸਾਰੇ ਜਥੇਦਾਰਾਂ ਤੇ ਜਿੰਮੇਵਾਰ ਸਰਦਾਰਾਂ, ਗ੍ਰੰਥੀਆਂ ਤੇ ਪ੍ਰਸਿੱਧ ਧਾਰਮਿਕ ਬਜ਼ੁਰਗੀ ਵਾਲਿਆਂ ਤੇ ਹੋਰ ਜ਼ਰੂਰੀ ਸਿੱਖਾਂ ਨੂੰ ਸੱਦਿਆ ਕਰਦੇ ਸਨ। ਨੀਯਤ ਸਮੇਂ ਤੇ ਸਭ ਨੇ ਆ ਹਾਜ਼ਰ ਹੋਣਾ। ਜੇ ਕਦੇ ਦੋ ਸਿੱਖ ਜਥੇ ਆਪੋ ਵਿਚ ਲੜ ਬੀ ਰਹੇ ਹੋਣ (ਜੋ ਮਿਸਲਾਂ ਦੇ ਸਮੇਂ ਦੀ ਗੋਲ ਹੇ) ਤਾਂ ਗੁਰਮਤੇ ਦਾ ਸੱਦਾ ਪਹੁੰਚਦੇ ਸਾਰ ਲੜਾਈ ਬੰਦ ਕਰਕੇ ਦੋਵੇਂ ਟੁਰ ਪੈਣਗੇ, ਰਸਤੇ ਵਿੱਚ ਯਾ ਗੁਰਦੁਆਰੇ ਅੱਪੜਕੇ ਆਪੋ ਵਿਚ ਕੋਈ ਬਦਲਾ ਨਹੀਂ ਲੈਣਗੇ, ਇਕ ਦੂਜੇ ਤੇ ਵਾਰ ਨਹੀਂ ਕਰਨਗੇ। ਗੁਰਮਤੇ ਦੇ ਨੀਯਤ ਸਮੇਂ ਅਕਾਲ ਬੁੰਗੇ ਦੇ ਹਜ਼ੂਰ ਸਭ ਪਾਸੇ ਤੋਂ ਰਸਤੇ ਬੰਦ ਮੈਦਾਨ ਵਿਚ ਦੀਵਾਨ ਸਜਦਾ, ਕੀਰਤਨ ਹੋ ਕੇ ਅਵਾਜ਼ਾ ਲਿਆ ਜਾਂਦਾ, ਫੇਰ ਕੜਾਹ ਪ੍ਰਸ਼ਾਦ ਵਰਤਦਾ, ਸਾਰੇ ਛਕਦੇ। ਚਾਹੋ ਕਿਸੇ ਜਾਤ, ਕਿਸੇ ਮਜ੍ਹਬ ਤੇ ਕਿਸੇ ਕੌਮ ਤੋਂ ਸਜੇ ਹੋਏ ਸਿੱਖ ਹੋਣ ਜੋ ਗੁਰਮਤੇ ਵਿਚ ਸ਼ਾਮਲ ਹੁੰਦੇ , ਸਾਰੇ ਉਸ ਵੇਲੇ ਇਕੱਠੇ ਛੱਕਦੇ। ਫੇਰ ਅਕਾਲੀ ਜਥੇਦਾਰ ਸਿੰਘ ਅਰਦਾਸਾ ਸੋਧਦਾ, ਇਸ ਤੋਂ ਮਗਰੋਂ ਹਰੇਕ ਆਇਆ ਸੱਜਣ ਉਠਕੇ ਅਕਾਲੀ ਜੱਥੇਦਾਰ ਦੇ ਸਨਮੁੱਖ ਹੋ ਆਖਦਾ ਕਿ ਮੈਂ ਸੱਚੇ ਸਤਿਗੁਰੂ ਦੀ ਹਜ਼ੁਰੀ ਵਿਚ ਪੰਥ ਦੇ ਸਾਂਝੇ ਭਲੇ ਲਈ ਆਇਆ ਹਾਂ, ਮੇਰਾ ਨਿਜ ਦਾ ਹਾਨ ਲਾਭ, ਕੋਈ ਲੋਭ ਲਾਲਚ ਮੇਰੇ ਰਸਤੇ ਵਿਚ, ਮੇਰੀਆਂ ਵਿਚਾਰਾਂ ਵਿਚ ਕੋਈ ਖੋਟ, ਕੋਈ ਰਲਾ ਨਹੀ ਪਾਉਣਗੇ। ਇਸ ਪ੍ਰਤੱਗਯਾ ਦੇ ਮਗਰੋਂ ਫਿਰ ਅਰਦਾਸਾ ਸੋਧ ਕੇ ਕਾਰਜ ਆਰੰਭ ਹੁੰਦਾ। ਵਿਚਾਰਾਂ ਹੋ ਕੇ ਜੋ ਮਤਾ ਸੁਧ ਜਾਂਦਾ, ਅਰਥਾਤ ਫੈਸਲਾ ਹੋ ਜਾਂਦਾ, ਉਹ ਅਕਾਲੀ ਜੱਥੇਦਾਰ ਸਭ ਨੂੰ ਸੁਣਾ ਦੇਂਦਾ। ਫਿਰ ਸਾਰੇ ਆਪੋ ਆਪਣੇ ਥਾਂ ਟੁਰ ਜਾਂਦੇ ਅਕਾਲੀਆਂ ਦਾ ਫੇਰ ਇਹ ਕੰਮ ਹੁੰਦਾ ਸੀ ਕਿ ਓਹ ਪੰਥਕ ਫੈਸਲਾ ਸਾਰੇ ਪੰਥ ਵਿਚ ਨੱਕ ਦੀ ਸੇਧੇ ਮਨੀਵੇ। ਅਕਾਲੀਆਂ ਦਾ ਪਵਿੱਤ੍ਰ ਜੀਵਨ, ਨਾਮ ਦੀ ਸਤਯਾ ਤੇ ਬੇਗਰਜ਼ੀ ਐਸੇ ਗੁਣ ਸਨ ਕਿ ਜਿਸ ਦੇ ਅੱਗੇ ਪੰਥ ਦੇ ਸਾਰੇ ਫਰਦ ਝੁਕਦੇ ਅਰ ਬੇਵਸੇ ਝੁਕਦੇ ਸੀ। ਫੌਜ ਤੇ ਤੋਪਾਂ ਵਾਲੇ ਜੱਥੇ ਇਨ੍ਹਾਂ ਪੰਛੀ (ਬਿਹੰਗਮ) ਬ੍ਰਿਤੀ ਵਾਲਿਆਂ ਦੇ ਆਖੇ ਅੱਗੇ ਸਿਰ ਝੁਕਾਉਂਦੇ ਸਨ ਇਹ ਕਦੇ ਨਹੀਂ ਸੀ ਹੋਇਆ ਕਿ ਗੁਰਮਤੇ ਵਿਚ ਹੋਏ ਫੈਸਲੇ ਦੇ ਵਿਰੁੱਧ ਕੋਈ ਟੁਰੇ। ਇਸ ਗੁਰਮਤੇ ਦੀ ਮਰਿਆਦਾ ਦਾ ਮੁੱਢ ਚਮਕੌਰ ਵਿਚ ਹੋਇਆ, ਮਾਨੋ ਪਹਿਲਾਂ ਗੁਰਮਤਾ ਉਸ ਕਸ਼ਟ ਵੇਲੇ ਹੋਇਆ ਤੇ ਹਜ਼ੂਰ ਸਾਹਿਬ ਸਤਿਗੁਰਾਂ ਨੇ ਸਿੰਘਾਂ ਨੂੰ ਇਸ ਦੀ ਪੂਰੀ ਜਾਂਚ ਸਿਖਾਈ।

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ ਜੋਤ ਸਮਾਉਣ ਤੋਂ ਬਾਦ ਪਹਿਲਾ ਪੰਥਕ ਗੁਰਮਤਾ ਬਾਬਾ ਸੰਤੋਖ ਸਿੰਘ ਜੀ ਦੀ ਜਥੇਦਾਰੀ ਵਿਚ ਹਜ਼ੂਰ ਸਾਹਿਬ ਹੋਇਆ ਤੇ ਆਖਰੀ ਗੁਰਮਤਾ ਨੁਸ਼ਹਿਰੇ ਦੀ ਲੜਾਈ ਵਿਚ ਮਹਾਰਾਜਾ ਰਣਜੀਤ ਸਿੰਘ ਦੀ ਜੱਥੇਦਾਰੀ ਤੇ ਬਾਬਾ ਫੂਲਾ ਸਿੰਘ ਅਕਾਲੀ ਦੇ ਪ੍ਰਬੰਧ ਵਿਚ ਹੋਇਆ। ਇਸ ਤੋਂ ਮਗਰੋਂ ਫੇਰ ਗੁਰਮਤਾ ਨਹੀਂ ਹੋਇਆ, ਪੰਥ ਰਾਜ ਗੁਆ ਕੇ ਕੋਈ ਐਸੀ ਸੱਟ ਖਾ ਕੇ ਮੂਰਛਿਤ ਹੋਂ ਗਿਆ ਕਿ ਪਾਸਾ ਹੀ ਨਹੀਂ ਪਰਤਿਆ। ਖ਼ੁਦਗਰਜ਼ੀ ਤੇ ਗਿਰਾਉ, ਜਿਸ ਤੋਂ ਸਤਿਗੁਰਾਂ ਨੇ ਚਾਇਆ ਸੀ, ਫੇਰ ਆ ਗਏ। ਕਿੰਨਾ ਚਿਰ ਮੂਰਛਾ ਵਿਚ ਰਹਿਕੇ ‘ਅਕਾਲੀ ਤੇ ਢਾਡੀ’ ਦੇ ਲੋੜੀਂਦੀਆਂ ਸੰਪੁਦਾਵਾਂ ਗੁਆ ਕੇ ਫੇਰ ਸਿੰਘ ਸਭਾ ਦੀ ਜੱਥੇਬੰਦੀ ਹੇਠ ਜਾਗਿਆ।ਹੁਣ ਕੁਛ ਪੂਰਬੀ ਪਰ ਵਿਸ਼ੇਸ਼ ਪੱਛਮੀ ਲੀਕਾਂ ਤੇ ਜੱਥੇਬੰਦੀ ਟੁਰੀ ਤੇ ਖਿੰਡੀ ਫੁਟੀ ਟੁਰ ਰਹੀ ਹੈ ਤੇ ਕਈ ਵੇਰ ਪੱਛਮ ਦੇ ਮਾੜੇ ਤੇ ਨੀਵੇਂ ਤੋਂ ਨੀਵੇਂ ਵਰਤਾਰੇ ਬੀ ਵਰਤ ਚੁਕੀ ਹੈ। ਕਈ ਵੇਰ ਸ਼ੁਭ ਜੱਥੇਬੰਦੀ ਬੀ ਹੋਈ ਹੈ, ਕੰਮ ਬੀ ਕਈ ਸੁਆਰੇ ਹਨ, ਪਰ ‘ਗੁਰਮਤੇ` ਦੇ ਸਾਮਾਨ ਵਾਪਸ ਨਹੀਂ ਆਏ। ‘ਗੁਰਮਤਾ` ਫੇਰ ਨਹੀਂ ਲੱਗਾ। ਸਗੋਂ ਗੁਰਮਤੇ ਦਾ ਅਰਥ ਬਦਲ ਗਿਆ ਹੈ, ਲੋਕੀ ਹੁਣ ਗੁਰਮਤੇ ਦਾ ਅਰਥ ਨਿਰਾ ਤਜ਼ਵੀਜ਼ (ਰੈਜ਼ੋਲਯੂਸ਼ਨ) ਮਾਤ੍ਰ ਸਮਝਦੇ ਹਨ ਤੇ ਇਨ੍ਹਾਂ ਤੰਗ ਅਰਥਾਂ ਵਿਚ ਹੀ ਪਦ ਨੂੰ ਵਰਤ ਲੈਂਦੇ ਹਨ। ਕਿਸੇ ਰੈਜ਼ੋਲਯੂਸ਼ਨ ਨੂੰ ਮਤਾ ਤਾਂ ਕਿਹਾ ਜਾ ਸਕਦਾ ਹੈ ਪਰ ਗੁਰਮਤਾ ਨਹੀਂ, ਕਿਉਂਕਿ ਗੁਰਮਤਾ ਤਾਂ ਇਕ ਜੱਥੇਬੰਦੀ ਹੈ, ਜਿਸ ਵਿਚ ਖੁਦਗਰਜ਼ੀ, ਮਾਦੀ ਲਾਭ, ਸੁਆਰਥ, ਇਕ ਉੱਚਾ ਆਸ਼੍ਰਮ ਹੈ, ਪਵਿੱਤ੍ਰਤਾ, ਨਾਮ ਤੇ ਤਯਾਗ ਦੀਆਂ ਨੀਹਾਂ ਤੇ ਉਸਰਿਆ ਇਕ ਮੰਦਰ ਹੈ, ਇਕ ਮਰਿਯਾਦਾ ਹੈ, ਜਿਸ ਵਿਚ ਖੁਦਗਰਜ਼ੀ, ਮਾਦੀ ਲਾਭ, ਸੁਆਦਰਥ ਪੱਖਵਾਦ, ਈਰਖਾ ਤੇ ਨਵੇਂ ਤਰੀਕਿਆਂ ਨਾਲ ਆਪਣਾ ਬਲ ਬਣਾਕੇ ਹਾਰ ਜਿੱਤ ਦੇ ਮਨਸੂਬੇ ਸਿਰੇ ਚਾੜ੍ਹਨ ਦੇ ਤ੍ਰੀਕਿਆਂ ਦੀ ਗੁੰਜਾਇਸ਼ ਨਹੀਂ। ਮਾਦਾ ਪ੍ਰਸਤ ਪੱਛਮ ਦੇ ਤ੍ਰੀਕੇ ਜੱਥੇਬੰਦੀ ਦੇ ਹੋਰ ਹਨ, ਉਨ੍ਹਾ ਦਾ ਵਰਤਾਉ ਸ਼ੁਭ ਮਨੋਰਥਾਂ ਲਈ ਦਿਆਨਤਦਾਰੀ ਨਾਲ ਬੀ ਹੋ ਸਕਦਾ ਹੈ ਪਰ ਸਾਡੇ ਦੇਸ਼ ਵਿਚ ਅਕਸਰ ਓਹ ਪੱਖਵਾਦ ਤੇ ਧੜੇਬੰਦੀ ਦੇ ਤ੍ਰੀਕੇ ਤੇ ਟੁਰਦੀ ਹੈ ਤੇ ਕਈ ਵੇਰ ਉਹ ਸੱਚ ਤੇ ਭਲਿਆਈ ਤੋਂ ਪਰੇ ਹੋਕੇ ਨੀਵੇਂ ਵਰਤਾਵਾਂ ਨੂੰ ਬੀ ਲੈ ਟੁਰਦੀ ਹੈ। ਅਕਸਰ ਐਉ ਹੁੰਦਾ ਹੈ ਕਿ ਜਿਵੇਂ ਇਕ ਪਾਤਸ਼ਾਹ ਦੇ ਨਾਤਕ ਹੁਕਮ ਵੇਲੇ ਉਸ ਪਾਤਸ਼ਾਹ ਦੀ ਹਉਮੈ ਨੂੰ ਪੱਠੇ ਪਾ ਕੇ ਆਪਣਾ ਮਤਲਬ, ਗਰਜ਼ ਸਿਰੇ ਚਾੜ੍ਹੇ ਜਾਂਦੇ ਸਨ ਤਿਵੇਂ ਇਸ ਪੱਛਮੀ ਜੱਥੇਬੰਦੀ ਦੇ ਤਰੀਕੇ ਵਿਚ ਅਕਸਰ ਆਮ ਲੋਂਕਾਂ (ਪਬਲਿਕ) ਦੀ ਹਊਮੈ ਨੂੰ ਪੱਠੇ ਪਾ ਕੇ ਉਨ੍ਹਾਂ ਦੇ ਛੇਤੀ ਉਭਾਰ ਖਾਣ ਵਾਲੇ ਜ਼ਜ਼ਬਿਆਂ ਨੂੰ ਆਪਣੇ ਮਤਲਬ ਦੀ ਸੇਧ ਵਿਚ ਪ੍ਰਜਵਲਤ ਕਰਕੇ ਆਪਣਾ ਸਵਾਰਥ, ਗਰਜ਼, ਆਪਣਾ ਖਿਆਲ ਸਿਰੇ ਚਾੜ੍ਹਨ ਦਾ ਜਤਨ ਹੁੰਦਾ ਹੈ ਤੇ ਕਈ ਵੇਰੀ ਸੱਚ ਝੂਠ ਦਯਾਨਤਦਾਰੀ ਦੀ ਪਰਵਾਹ ਬੀ ਨਹੀਂ ਹੁੰਦੀ । ਗੁਰਮਤਾ ਉੱਚੇ ਮਨਾਂ, ਸੁੱਚੇ ਮਨਾਂ, ਗਰਜ਼ਾਂ ਤੋਂ ਧੋਤੇ ਮਨਾਂ ਦਾ ਸਾਂਝੇ ਪੰਥਕ ਹਾਨ ਲਾਭ ਤੇ ਆਪੇ ਨੂੰ ‘ਮੈਂ ਮੇਰੀ’ ਤੇ ਧੋਤਾ ਸਾਫ ਰੱਖਕੇ ਨਿਰੋਲ ਪੰਥਕ ਭਲੇ ਦੇ ਵਿਚਾਰ ਤੇ ਆਸ਼ਰਮ ਤੇ ਮਰਿਯਾਦਾ ਦਾ ਨਾਮ ਸੀ।

ਉੱਪਰ ਅਸੀਂ ਗੁਰਮਤੇ ਦਾ ਹਾਲ ਦੱਸ ਆਏ ਹਾਂ, ਅਕਾਲੀ ਤੇ ਨਿਹੰਗ ਦਾ ਸੰਖੇਪ ਸਮਾਚਾਰ ਕਹਿ ਆਏ ਹਾਂ, ਅਕਾਲ ਬੁੰਗੇ, ਵਹੀਰਾਂ ਵਾਲੇ ਗੁਰਦਵਾਰਿਆਂ ਦੀ ਸੇਵਾ ਸੰਭਾਲ ਵਾਲੇ ਅਕਾਲੀਆਂ ਬਾਬਤ ਕੁਛ ਲਿਖ ਆਏ ਹਾਂ। ਹੁਣ ਕੁਛ ਧਿਆਨ ਉਨ੍ਹਾਂ ਅਕਾਲੀਆਂ ਵਲ ਪਾਉਂਦੇ ਹਾਂ ਜੋ ਆਤਮਕ ਤ੍ਰੀਕੇ ਤੇ ਪੂਰਨ ਪਦ ਨੂੰ ਆੱਪੜਕੇ ਸਬ ਸਬੰਧਾਂ ਤੋਂ ਦੂਰ ਰਹਿੰਦੇ ਜੀਵਨ ਬਿਤਾਉਂਦੇ ਸਨ। ਇਸ ਪ੍ਰਕਾਰ ਦਾ ਅਕਾਲੀ ਇਕੱਲਾ ਵਿਚਰਦਾ ਸਾਰੇ ਗੁਣ ਆਪਣੀ ਸੰਪ੍ਰਦਾ ਦੇ ਰੱਖਦਾ ਸੀ, ਪਰ ਫੇਰ ਸਰੀਰ ਨਾਲ ਕੰਮ ਬੀ ਕਰਦਾ ਸੀ। ਇਸ ਪ੍ਰਕਾਰ ਦਾ ਇਕ ਅਕਾਲੀ ਇਕ ਬਿਦੇਸ਼ੀ ਇਤਿਹਾਸਕਾਰ ਕਨਿੰਘਮ ਨੇ ਅੱਖੀਂ ਡਿਠਾ ਸੀ ਜਿਸ ਬਾਬਤ ਉਹ ਲਿਖਦਾ ਹੈ:- “ਮੁਸੰਨਫ ਨੇ (ਅਰਥਾਤ ਮੈ) ਇਕ ਵੇਰੀ ਇਕ ਅਕਾਲੀ ਡਿੱਠਾ ਕਿ ਸਤਲੁਜ ਤੋਂ ਲੈ ਕੇ ਕੀਰਤਪੁਰ ਤੱਕ ਬਿਖੜੀਆਂ ਘਾਟੀਆਂ ਦੇ ਵਿਚ ਦੀ ਸੜਕ ਦੀ ਮੁਰੰਮਤ ਕਰ ਰਿਹਾ ਸੀ। ਉਹ ਆਮ ਤੌਰ ਤੇ ਦੁਨੀਆਂ ਤੋਂ ਉਪਰਾਮ ਰਹਿੰਦਾ ਸੀ। ਲੋਕ ਉਸਦਾ ਬੜਾ ਸਤਿਕਾਰ ਕਰਦੇ ਸਨ ਤੇ ਉਸ ਦੇ ਲਈ ਰੋਟੀ ਤੇ ਕੱਪੜੇ ਆਪੇ ਐਸੇ ਥਾਈਂ ਛੱਡ ਜਾਂਦੇ ਸਨ ਜਿੱਥੇ ਓਹ ਆਪੇ ਲੋੜ ਵੇਲੇ ਲੈ ਲਵੇ। ਉਸ ਦੇ ਅਹਿੱਲ ਤੇ ਦਿਲੋਂ ਜਾਨੋਂ ਲੱਗਕੇ ਕੰਮ ਕਰਨ ਵਾਲੇ ਆਚਰਣ ਦਾ ਅਸਰ ਇਕ ਹਿੰਦੂ ਭੇਡਾਂ ਚਾਰਨ ਵਾਲੇ ਨੌਜਵਾਨ ਤੇ ਐਸਾ ਹੋਇਆ ਕਿ ਜਿਸ ਨੇ ਕੁਛ ਅਕਾਲੀ ਬਾਣਾ ਧਾਰ ਲਿਆ, ਉਹ ਅਕਾਲੀ ਜਿਸ ਦਾ ਜ਼ਿਕਰ ਅਦਬ ਵਾਲੇ ਭੈ ਨਾਲ ਕਰਦਾ ਸੀ।”

ਸੱਚੇ ਅਕਾਲੀ ਹਦ ਦਰਜੇ ਦੇ ਦਲੇਰ ਸੁਤੰਤ੍ਰ (ਆਜ਼ਾਦ ਹੁੰਦੇ ਸਨ, ਸਭ ਕਿਸੇ ਨੂੰ ਪਿਆਰ ਨਾਲ ਸਨ, ਜੋ ਹੈਂਕੜ ਤੇ ਬਲ ਤੇ ਚੜ੍ਹੇ ਹੋਏ ਆਪਣੇ ਆਪ ਨੂੰ ਉੱਚੇ ਤੋਂ ਉੱਚਾ ਸਮਝਦੇ ਸਨ। ਉਨ੍ਹਾਂ ਦੀ ਜ਼ਿੰਦਗੀ ਦਾ ਆਦਰਸ਼ ਤੇ ਪ੍ਰਯੋਜਨ ਗੁਰਦੁਆਰਿਆਂ ਦੀ ਕਾਇਮੀ (ਸੁਧਾਈ), ਮਰਿਯਾਦਾ ਦੀ ਪਵਿੱਤ੍ਰਤਾ ਦੀ ਕਾਇਮੀ, ਕੌਮੀ ਆਚਰਨ ਦੀ ਰਾਖੀ, ਦੀਨਾ, ਦੁਖੀਆਂ ਤੇ ਸਰਨਾਗਤਾਂ ਦੀ ਸਹਾਇਤਾ ਕਰਨੀ ਹੁੰਦੀ ਸੀ। ਉਹ ਇਨ੍ਹਾਂ ਦੇ ਫਰਜ਼ਾਂ ਦੇ ਪੂਰਾ ਕਰਨ ਵਿਚ ਜਾਨ ਤੱਕ ਦੀ ਪ੍ਰਵਾਹ ਨਹੀਂ ਸਨ ਕਰਦੇ। ਜੇ ਅਵਸਰ ਆ ਬਣੇ ਤਾਂ ਇਸ ਦੇ ਪੂਰਾ ਕਰਨ ਵਿਚ ਆਪਣਾ ਸੀਸ ਤੱਕ ਦੇ ਦੇਣ ਲਈ ਹਰ ਵਕਤ ਤਿਆਰ ਰਹਿੰਦੇ ਸਨ। ਉਹ ਲੋਕ (Law of Property) ਅਰਥਾਤ ਜਇਦਾਦ ਦੇ ਕਬਜ਼ੇ ਦੇ ਕਾਨੂੰਨ ਦੇ ਪਾਬੰਦ (ਅਨੁਸਾਰੀ) ਨਹੀਂ ਸਨ। ਓਹ ਪਦਾਰਥ, ਮਕਾਨ ਤੇ ਭੋਆਂ ਨੂੰ ਕਿਸੇ ਦੀ ਮਲਕੀਅਤ ਨਹੀਂ ਮੰਨਦੇ ਸਨ, ਕਹਿੰਦੇ ਸਨ ਕਿ ਸਭ ਕੁੱਝ ਵਾਹਿਗੁਰੂ ਦਾ ਹੈ, ਮਨੁੱਖ ਸਭ ਭਰਾ ਹਨ। ਮਿਲਕੇ ਪਿਆਰ ਨਾਲ ਜੀਵਨ ਨਿਰਬਾਹ ਕਰਨਾ ਸਬ ਦਾ ਧਰਮ ਹੈ। ਜਿਕੂੰ ਜਲ ਪੌਣ ਸਾਂਝੇ ਹਨ, ਇਕੂੰ ਭੋਂ ਬੀ ਸਾਂਝੀ ਹੈ, ਭੋਂ ਦੀ ਉਪਜ ਬੀ ਸਾਂਝੀ ਹੈ। ਏਹ ਗੱਲ ਓਹ ਲੁੱਟ ਖਾਣ ਲਈ ਨਹੀਂ ਕਿਹਾ ਕਰਦੇ ਸਨ, ਸਗੋਂ ਆਪਣਾ ਆਪ ਲੁਟਾ ਕੇ ਦਿਖਾ ਦਿਆ ਕਰਦੇ ਸਨ। ਓਹ ਨਾ ਆਪਣੇ ਹੱਥ ਆਈ ਮਾਇਆ ਨੂੰ ਆਪਣੀ ਕਰ ਜਾਣਦੇ ਸਨ ਤੇ ਨਾ ਹੀ ਦੂਜੇ ਦੇ ਪਦਾਰਥਾਂ ਨੂੰ ਉਨ੍ਹਾਂ ਦਾ ਸਮਝਦੇ ਸਨ। ਇਸ ਹਾਲਤ ਵਿਚ ਉਨ੍ਹਾਂ ਦਾ ਨਿਰਬਾਹ ਕਠਨ ਜਾਪਦਾ ਹੈ, ਪਰ ਉਨ੍ਹਾਂ ਦਾ ਆਚਰਨ ਐਸਾ ਹੀ ਪਵਿੱਤ੍ਰ ਸੀ ਤੇ ਉਹ ਕਹਿਣੀ ਤੇ ਕਰਨੀ ਦੇ ਐਸੇ ਹੀ ਸੂਰਮੇ ਸਨ! ਚਾਹੇ ਉਹ ਏਸ ਖਿਆਲ ਨੂੰ ਬਹੁਤ ਜ਼ਿਆਦਾ ਨਾ ਫੈਲਾ ਸਕੇ, ਪਰ ਆਪਣੇ ਨਿਰਬਾਹ ਵਿਚ ਤੰਗ ਬੀ ਹੁੰਦੇ ਹਨ।

0 0 votes
Article Rating
Subscribe
Notify of
0 ਟਿੱਪਣੀਆਂ
Inline Feedbacks
View all comments
0
Would love your thoughts, please comment.x
()
x