ਤਦਹੁ ਗੁਰੂ ਬਾਬਾ ਸਰੀਹ ਤਲੈ ਜਾਇ ਬੈਠਾ। ਸਰੀਹੁ ਸੁਕਾ ਖੜਾ ਥਾ, ਸੋ ਹਰਿਆ ਹੋਆ : ਪਾਤ ਫੁੱਲ ਪਏ। ਤਬ ਗੁਰੂ ਅੰਗਦ ਪੈਰੀ ਪਇਆ। ਤਬ ਮਾਤਾ ਜੀ ਬੈਰਾਗੁ ਲਗੀ ਕਰਣਿ। ਤਿਤੁ ਮਿਲਿ ਸਬਦੁ ਹੋਇਆ। ਭਾਈ ਬੰਧੁ ਪਰਵਾਰ ਸਭ ਲਗੈ ਰੋਵਣਿ। ਤਦਹੁ ਰਾਗੁ ਵਡਹੰਸੁ ਵਿਚਿ ਸਬਦੁ ਹੋਇਆ।
ਧੰਨੁ ਸਿਰੰਦਾ ਸਚਾ ਪਾਤਿਸਾਹੁ ਜਿਨਿ ਜਗੁ ਧੰਧੈ ਲਾਇਆ ॥
ਮੁਹਲਤਿ ਪੁਨੀ ਪਾਈ ਭਰੀ ਜਾਨੀਅੜਾ ਘਤਿ ਚਲਾਇਆ ॥
ਜਾਨੀ ਘਤਿ ਚਲਾਇਆ ਲਿਖਿਆ ਆਇਆ ਗੁੰਨੇ ਵੀਰ ਸਬਾਏ ॥
ਕਾਂਇਆ ਹੰਸ ਥੀਆ ਵੇਛੋੜਾ ਜਾਂ ਦਿਨ ਪੁੰਨੇ ਮੇਰੀ ਮਾਏ॥
ਜੇਹਾ ਲਿਖਿਆ ਤੇਹਾ ਪਾਇਆ ਜੇਹਾ ਪੁਰਬਿ ਕਮਾਇਆ ॥
ਧੰਨੁ ਸਿਰੰਦਾ ਸਚਾ ਪਾਤਿਸਾਹੁ ਜਿਨਿ ਜਗੁ ਧੰਧੇ ਲਾਇਆ ॥ ੧ ॥
(ਗੌਰ: ਜਨਮਸਾਖੀ ਵਿਚ ਸ਼ਬਦ ਪੂਰਾ ਲਿਖਿਆ ਹੈ, ਇਥੇ ਪੂਰਾ ਨਹੀਂ ਲਿਖਿਆ।)
ਤਬ ਸੰਗਤਿ ਲਗੀ ਸਬਦੁ ਗਾਵਣਿ ਅਲਾਹਣੀਆ। ਤਬ ਬਾਬਾ ਬਿਸਮਾਦ ਦੈ ਘਰਿ ਆਇਆ ।
ਤਿਤੁ ਮਹਿਲ ਹੁਕਮੁ ਹੋਇਆ, ਰਾਗੁ ਤੁਖਾਰੀ ਕੀਤਾ, ਬਾਬਾ ਬੋਲਿਆ ਬਾਰਹਮਾਹਾ , ਰਾਤਿ, ਅੰਮ੍ਰਿਤ ਵੇਲਾ ਹੋਆ , ਚਲਾਣੇ ਕੈ ਵਖਤਿ।
ਤੁਖਾਰੀ ਛੰਤ ਮਹਲਾ ੧ ਬਾਰਹਮਾਹਾ
ੴ ਸਤਿਗੁਰ ਪ੍ਰਸਾਦਿ ॥
ਤੂ ਸੁਣਿ ਕਿਰਤ ਕਰੰਮਾ ਪੁਰਬਿ ਕਮਾਇਆ ॥
ਸਿਰਿ ਸਿਰਿ ਸੁਖ ਸਹੰਮਾ ਦੇਹਿ ਸੁ ਤੂ ਭਲਾ ॥
ਹਰਿ ਰਚਨਾ ਤੇਰੀ ਕਿਆ ਗਤਿ ਮੇਰੀ ਹਰਿ ਬਿਨੁ ਘੜੀ ਨ ਜੀਵਾ ॥
ਪ੍ਰਿਅ ਬਾਝੁ ਦੁਹੇਲੀ ਕੋਇ ਨ ਬੇਲੀ ਗੁਰਮੁਖਿ ਅੰਮ੍ਰਿਤੁ ਪੀਵਾਂ ॥
ਰਚਨਾ ਰਾਚਿ ਰਹੇ ਨਿਰੰਕਾਰੀ ਪ੍ਰਭ ਮਨਿ ਕਰਮ ਸੁਕਰਮਾ ॥
ਨਾਨਕ ਪੰਥੁ ਨਿਹਾਲੇ ਸਾ ਧਨ ਤੂ ਸੁਣਿ ਆਤਮ ਰਾਮਾ ॥ ੧ ॥
(ਗੌਰ: ਜਨਮਸਾਖੀ ਵਿਚ ਪੂਰੀ ਬਾਣੀ ਹੈ। ਇਥੇ ਅਸੀ ਪੂਰੀ ਨਹੀਂ ਲਿਖੀ।)
ਤਿਤੁ ਮਹਿਲ ਜੋ ਸਬਦੁ ਹੋਆ, ਸੋ ਪੋਥੀ ਜੁਬਾਨਿ ਗੁਰੂ ਅੰਗਦ ਜੋਗ ਮਿਲੀ। ਤਦਹੁ ਪੁਤ੍ਰਾਂ ਆਖਿਆ : “ਅਸਾਡਾ ਕਿਆ ਹਵਾਲ ਹੋਵੈਗਾ ” ? ਤਬ ਗੁਰੂ ਬੋਲਿਆ ਬਚਨੁ ” , ਆਖਿਆ ਜੋ ‘ ਬੇਟਾ ! ਗੁਰੂ ਕਿਆਂ ਕੁਤਿਆਂ ਨੂੰ ਭੀ ਕਮੀ ਨਾਂਹੀ , ਰੋਟੀਆਂ ਕਪੜੇ ਬਹੁਤੁ ਹੋਵਨਿਗੇ , ਅਤੇ ਗੁਰੂ ਜਪਹੁਗੈ ਤਾਂ ਜਨਮ ਸਵਰੇਗਾ। ਤਬ ਹਿੰਦੂ ਮੁਸਲਮਾਨ ਨਾਉ ਧਰੀਕ ਲਗੇ ਆਖਣਿ। ਮੁਸਲਮਾਨ ਲਗੇ ਆਖਣਿ ਅਸੀਂ ਦਬਹਿਂਗੇ। ਅਤੇ ਹਿੰਦੂ ਲਾਗੇ ਆਖਣਿ ਜੋ ਅਸੀਂ ਜਲਾਹਾਂਗੇ। ਤਬ ਬਾਬੇ ਆਖਿਆ: ਜੋ ਤੁਸੀਂ ਦੁਹਾਂ ਵਲੀ ਫੁਲ ਰਖਹੁ ਦਾਹਣੀ ਵਲਿ ਹਿੰਦੂਆਂ ਕੇ ਰਖਹੁ, ਅਤੈ ਬਾਵੀ ਵਲਿ ਮੁਸਲਮਾਨਾਂ ਕੇ ਰਖਹੁ, ਜਿਸ ਦੇ ਭਲਕੇ ਹਰੇ ਰਹਿਨਗੇ, ਜੇ ਹਿੰਦੂਆਂ ਕੇ ਹਰੇ ਰਹਨਿ ਤਾਂ ਜਾਲਹਿੰਗੇ ਅਤੇ ਜੋ ਮੁਸਲਮਾਨਾਂ ਦੇ ਹਰੇ ਰਹਿਨਗੇ ਤਾਂ ਦਬਹਿਗੇ। ਤਬ ਬਾਬੈ ਸੰਗਤਿ ਨੂੰ ਹੁਕਮੁ ਕੀਤਾ, ਕੀਰਤਨ ਪੜਹੁ। ਤਬ ਸੰਗਤਿ ਲਗੀ ਕੀਰਤਨੁ ਪੜਣਿ ॥ ੧ ॥
ਸੋਹਿਲਾ ਰਾਗੁ ਗਉੜੀ ਦੀਪਕੀ ਮਹਲਾ ੧ ॥
ੴਸਤਿਗੁਰ ਪ੍ਰਸਾਦਿ
ਜੈ ਘਰਿ ਕੀਰਤਿ ਆਖੀਐ ਕਰਤੇ ਕਾ ਹੋਇ ਬੀਚਾਰੋ ॥
ਤਿਤੁ ਘਰਿ ਗਾਵਹੁ ਸੋਹਿਲਾ ਸਿਵਰਿਹੁ ਸਿਰਜਣਹਾਰੋ ॥ ੧ ॥
ਤੁਮ ਗਾਵਹੁ ਮੇਰੇ ਨਿਰਭਉ ਕਾ ਸੋਹਿਲਾ ॥
ਹਉ ਵਾਰੀ ਜਿਤੁ ਸੋਹਿਲੈ ਸਦਾ ਸੁਖੁ ਹੋਇ ॥ ੧ ॥ ਰਹਾਉ ॥
ਨਿਤ ਨਿਤ ਜੀਅੜੇ ਸਮਾਲੀਅਨਿ ਦੇਖੈਗਾ ਦੇਵਣਹਾਰੁ ॥
ਤੇਰੇ ਦਾਨੈ ਕੀਮਤਿ ਨਾ ਪਵੈ ਤਿਸੁ ਦਾਤੇ ਕਵਣੁ ਸੁਮਾਰੁ ॥ ੨ ॥
ਸੰਬਤਿ ਸਾਹਾ ਲਿਖਿਆ ਮਿਲਿ ਕਰਿ ਪਾਵਹੁ ਤੇਲੁ ॥
ਦੇਹੁ ਸਜਣ ਅਸੀਸੜੀਆ ਜਿਉ ਹੋਵੈ ਸਾਹਿਬ ਸਿਉ ਮੇਲੁ ॥ ੩ ॥
ਘਰਿ ਘਰਿ ਏਹੋ ਪਾਹੁਚਾ ਸਦੜੇ ਨਿਤ ਪਵੰਨਿ ॥
ਸਦਣਹਾਰਾ ਸਿਮਰੀਐ ਨਾਨਕ ਸੇ ਦਿਹ ਆਵੰਨਿ ॥ ੪ ॥ ੧ ॥
ਰਾਗੁ ਆਸਾ ਮਹਲਾ ੧
ਛਿਅ ਘਰ ਛਿਅ ਗੁਰ ਛਿਅ ਉਪਦੇਸ ॥
ਗੁਰੁ ਗੁਰੁ ਏਕੋ ਵੇਸ ਅਨੇਕ ॥ ੧ ॥
ਬਾਬਾ ਜੈ ਘਰਿ ਕਰਤੇ ਕੀਰਤਿ ਹੋਇ ॥
ਸੋ ਘਰੁ ਰਾਖੁ ਵਡਾਈ ਤੋਇ ॥ ੧ ॥ ਰਹਾਉ ॥
ਵਿਸੁਏ ਚਸਿਆ ਘੜੀਆ ਪਹਰਾ ਥਿਤੀ ਵਾਰੀ ਮਾਹੁ ਹੋਆ ॥
ਸੂਰਜੁ ਏਕੋ ਰੁਤਿ ਅਨੇਕ ॥
ਨਾਨਕ ਕਰਤੇ ਕੇ ਕੇਤੇ ਵੇਸ ॥ ੨ ॥ ੨ ॥
ਧਨਾਸਰੀ ਰਾਗੁ ਹੋਯਾ , ਆਰਤੀ ਗਾਵੀ । ਤਿਤ ਮਹਲਿ ਕੀਰਤਨੁ ਹੋਆ ਸਬਦ , ਤਬ ਸਲੋਕ ਪੜਿਆ :
ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ ॥
ਦਿਵਸੁ ਰਾਤਿ ਦੁਇ ਦਾਈ ਦਾਇਆ ਖੇਲੈ ਸਗਲ ਜਗਤੁ ॥
ਚੰਗਿਆਈਆ ਬੁਰਿਆਈਆ ਵਾਚੈ ਧਰਮੁ ਹਦੂਰਿ ॥
ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰਿ ॥
ਜਿਨੀ ਨਾਮੁ ਧਿਆਇਆ ਗਏ ਮਸਕਤਿ ਘਾਲਿ ॥
ਨਾਨਕ ਤੇ ਮੁਖ ਉਜਲੇ ਕੇਤੀ ਛੁਟੀ ਨਾਲਿ ॥ ੧ ॥
ਜਬ ਸਲੋਕ ਪੜਿਆ, ਤਬਿ ਬਾਬੈਂ ਚਾਦਰ ਉਪਰਿ ਲੈ ਕਰਿ ਸੁਤਾ। ਸੰਗਤਿ ਮਥਾ ਟੇਕਿਆ। ਜਬ ਚਾਦਰ ਉਠਾਵਨਿ ਤਾ ਕੁਛੁ ਨਾਹੀ। ਤਦਹੁ ਫੁਲ ਦੁਹਾਂ ਕੇ ਹਰੇ ਰਹੈ। ਹਿੰਦੂ ਆਪਣੇ ਲੈ ਗਏ, ਅਤੇ ਮੁਸਲਮਾਨ ਆਪਣੇ ਲੈ ਗਏ। ਸਰਬਤਿ ਸੰਗਤਿ ਪੈਰੀ ਪਈ। ਬੋਲਹੁ ਵਾਹਿਗੁਰੂ ॥ ੧ ॥ ਸੰਮਤ ੧੫੯੫ ਮਿਤੀ ਅਸੂ ਸੁਦੀ ੧੦ ॥ ਬਾਬਾ ਨਾਨਕ ਜੀ ਸਮਾਣੈ ਕਰਤਾਰ ਪੁਰਿ। ਬੋਲਣਾ ਹੋਆ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਸਾਖੀ ਸੰਪੂਰਨ ਹੋਈ। ਬਖਸਿ ਲੈਣਾ। ਅਭੁਲ ਗੁਰ ਬਾਬਾ ਜੀ। ਬੋਲਹੁ ਵਾਹਿਗੁਰੂ ਜੀ ਕੀ ਫਤੈ ਹੋਈ। ਤੇਰਾ ਪਰਾਨਾ ਹੈ ॥ ੧ ॥ ੧ ॥
ਸੌਖੇ ਸ਼ਬਦਾਂ ਵਿੱਚ:
ਜਨਮ ਸਾਖੀ ਮੁਤਾਬਿਕ ਚਲਾਣੇ ਵੇਲੇ ਗੁਰੂ ਬਾਬਾ ਜੀ ਸਰੀਂਹ ਦੇ ਦਰੱਖਤ ਥੱਲੇ ਜਾ ਬੈਠੇ। ਸਰੀਂਹ ਹਰਾ ਹੋ ਗਿਆ। ਗੁਰੂ ਅੰਗਦ ਜੀ ਨੇ ਮੱਥਾ ਟੇਕਿਆ। ਮਾਤਾ ਜੀ ਬੈਰਾਗ ਕਰਨ ਲੱਗੇ। ਤਦ ਸਾਰੀ ਸੰਗਤ ਸ਼ਬਦ ਗਾਉਣ ਲੱਗੀ।ਫੇਰ ਸਾਰੀ ਸੰਗਤ ਨੇ ਅਲਾਹਣੀਆਂ ਦੇ ਸ਼ਬਦ ਗਾਏ। ਫੇਰ ਬਾਬਾ ਖੁਸ਼ੀ ਦੇ ਘਰ ਵਿੱਚ ਆਇਆ। ਤੁਖਾਰੀ ਰਾਗ ਵਿਚ ਬਾਰਹਮਾਹਾ ਬਾਣੀ ਦਾ ਹੁਕਮ ਕੀਤਾ। ਅਮ੍ਰਿਤਵੇਲੇ ਗੁਰੂ ਜੀ ਦੇ ਚਲਾਣੇ ਦਾ ਵਖ਼ਤ ਹੋਇਆ। ਸਤਿਗੁਰੂ ਬਾਬਾ ਜੀ ਨੇ ਜੋ ਬਾਣੀ ਦਾ ਹੁਕਮ ਦਿੱਤਾ। ਗੁਰੂ ਅੰਗਦ ਜੀ ਨੇ ਉਹ ਪੋਥੀ ਵਿਚ ਦਰਜ ਕਰ ਲਈ। ਫੇਰ ਗੁਰ ਬਾਬਾ ਜੀ ਦੇ ਪੁੱਤਰਾਂ ਨੇ ਆਖਿਆ, ਪਿਤਾ ਜੀ ਸਾਡਾ ਕੀ ਹੋਵੇਗਾ। ਤਾਂ ਗੁਰੂ ਜੀ ਨੇ ਕਿਹਾ ਕਿ ਗੁਰੂ ਗੁਰੂ ਜਪੋਗੇ ਤਾਂ ਜਨਮ ਸਵਰੇਗਾ। ਅਨਾਜ ਕੱਪੜਿਆਂ ਦੀ ਕਮੀਂ ਨਹੀਂ ਰਹੇਗੀ। ਫੇਰ ਨਾਮਧਰੀਕ ਮੁਸਲਮਾਨ ਆਖਣ ਲੱਗੇ ਅਸੀਂ ਬਾਬਾ ਜੀ ਦੇ ਸਰੀਰ ਨੂੰ ਦੱਬਣਾ ਹੈ। ਨਾਮਧਰੀਕ ਹਿੰਦੂ ਕਹਿਣ ਲੱਗੇ ਅਸੀਂ ਜਲਾਵਾਂਗੇ। ਤਾਂ ਬਾਬਾ ਜੀ ਨੇ ਆਖਿਆ ਤੁਸੀ ਦੋਵੇਂ ਪਾਸੇ ਫੁੱਲ ਰੱਖੋ। ਦਾਹਣੀ ਵੱਲ ਹਿੰਦੂਆਂ ਦੇ ਅਤੇ ਬਾਵੀ ਵੱਲ ਮੁਸਲਮਾਨ ਦੇ। ਜਿਸ ਪਾਸੇ ਦੇ ਫੁੱਲ ਹਰੇ ਰਹਿਣ ਉਹ ਕਰ ਲਿਓ। ਫੇਰ ਬਾਬੇ ਨੇ ਸੰਗਤ ਨੂੰ ਕੀਰਤਨ ਪੜਨ ਲਈ ਕਿਹਾ ਤਾਂ ਸਾਰੀ ਸੰਗਤ ਨੇ ਕੀਰਤਨ ਸੋਹਿਲਾ ਬਾਣੀ ਦਾ ਪਾਠ ਕੀਤਾ। ਫੇਰ ਜਪੁਜੀ ਸਾਹਿਬ ਦਾ ਅਖੀਰਲਾ ਸਲੋਕ ਪੜ੍ਹਿਆ।
ਜਦੋ ਸਲੋਕ ਪੜਿਆ ਤਾਂ ਗੁਰੂ ਜੀ ਚਾਦਰ ਉਪਰ ਤਾਣ ਕੇ ਸੌ ਗਏ। ਜਦੋਂ ਚੁੱਕ ਕੇ ਵੇਖਿਆ ਉਥੇ ਕੁਝ ਵੀ ਨਹੀਂ ਸੀ। ਦੋਵੇਂ ਪਾਸਿਆਂ ਦੇ ਫੁੱਲ ਹਰੇ ਸਨ। ਹਿੰਦੂ ਮੁਸਲਮਾਨ ਆਪੋ ਆਪਣੇ ਫੁੱਲ ਲੈ ਗਏ। ਸਾਰੀ ਸੰਗਤ ਨੇ ਮੱਥਾ ਟੇਕਿਆ। ਬੋਲੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਇਸਤੋਂ ਬਾਅਦ ਤਰੀਕ ਲਿਖੀ ਹੋਈ ਹੈ।
ਜ਼ਰੂਰੀ ਗੱਲ: ਜੋ ਇਸਤੋਂ ਅਗਲੀ ਕਥਾ ਸੰਗਤ ਵਿੱਚ ਸੁਣੀ ਹੈ ਕਿ ਜਦੋਂ ਗੁਰੂ ਜੀ ਅਕਾਲ ਪਿਆਨਾ ਕਰ ਗਏ ਤਾਂ ਹਿੰਦੂ ਮੁਸਲਮਾਨਾਂ ਨੇ ਚਾਦਰ ਦੇ ਦੋ ਟੁਕੜੇ ਕਰ ਲਏ। ਹਿੰਦੂਆਂ ਨੇ ਚਾਦਰ ਨੂੰ ਜਲਾ ਦਿੱਤਾ ਅਤੇ ਉਥੇ ਸਮਾਧ ਬਣਾ ਦਿੱਤੀ। ਮੁਸਲਮਾਨਾਂ ਨੇ ਚਾਦਰ ਨੂੰ ਦੱਬ ਕੇ ਕਬਰ ਬਣਾ ਦਿੱਤੀ। ਕੁਦਰਤ ਵੱਲੋਂ ਕਿਸੇ ਰਾਤ ਰਾਵੀ ਦਾ ਪਾਣੀ ਇੰਨਾ ਚੜਿਆ ਕਿ ਸਮਾਧ ਤੇ ਕਬਰ ਦੋਨੋਂ ਰੋਡ਼ ਕੇ ਲੈ ਗਿਆ। ਜਮੀਨ ਦੀ ਨਿਸ਼ਾਨਦੇਹੀ ਖਤਮ ਰ ਦਿੱਤੀ। ਕਿਉਂਕਿ ਬਾਬੇ ਨੂੰ ਮਨਜ਼ੂਰ ਨਹੀਂ ਸੀ ਕਿ ਕੋਈ ਉਸਨੂੰ ਸਮਾਧਾਂ ਕਬਰਾਂ ਵਿਚ ਕੈਦ ਕਰੇ, ਉਹ ਗੁਰੂ ਅੰਗਦ ਦੇ ਹਿਰਦੇ ਵਿਚ ਸਨ।
ਗੁਰੂ ਗੋਬਿੰਦ ਸਿੰਘ ਬਾਰੇ ਵੀ ਇਹੋ ਜਿਹੀ ਸਾਖੀ ਹੀ ਸੁਣੀ ਹੈ। ਗੁਰੂ ਸਿੱਖਾਂ ਨੂੰ ਮੂਰਤੀਆਂ ਤਸਵੀਰਾਂ ਨਾਲ ਨਹੀਂ ਸ਼ਬਦ ਨਾਲ ਜੋੜਨਾ ਚਾਉਂਦੇ ਸੀ। ਹੁਣ ਜੇਕਰ ਕੁਝ ਸਿੱਖਾਂ ਨੇ ਜ਼ਮਾਨਾ ਬਦਲਣ ਦੀ ਤਰਕ ਨਾਲ ਗੁਰੂਆਂ ਨੂੰ ਤਸਵੀਰਾਂ ਵਿਚ ਕੈਦ ਕਰਨ ਦਾ ਕੋਝਾ ਯਤਨ ਕੀਤਾ ਹੈ। ਸਾਨੂੰ ਇਸਦੀ ਵਿਰੋਧਤਾ ਕਰਨੀ ਚਾਹੀਦੀ ਹੈ। ਫਿਲਮ ਚਾਰ ਸਾਹਿਬਜ਼ਾਦੇ, ਫਿਲਮ ਮੀਰੀ ਪੀਰੀ ਦੀ ਦਾਸਤਾਨ, ਫਿਲਮ ਮਦਰਹੁੱਡ, ਨਵੀਂ ਆ ਰਹੀ ਦਾਸਤਾਨ ਏ ਸਰਹਿੰਦ ਫਿਲਮ ਦੀ ਜੰਮ ਕੇ ਖਿਲਾਫ਼ਤ ਕਰਨੀ ਚਾਹੀਦੀ ਹੈ। ਜੋ ਗੁਰੂ ਅਤੇ ਕੁਦਰਤ ਨੂੰ ਵੀ ਮਨਜ਼ੂਰ ਨਹੀਂ ਓਹ ਸਿੱਖਾਂ ਨੂੰ ਵੀ ਮਨਜ਼ੂਰ ਨਹੀਂ।
“ਸਾਖੀ ਜੋਤਿ ਜੋਤਿ ਸਮਾਉਣਾ” ਭਾਈ ਵੀਰ ਸਿੰਘ ਹੋਰਾਂ ਦੀ ਲਿਖਤ ਵਿਚੋਂ ਲਈ ਗਈ ਹੈ ਅਤੇ ਸਾਖੀ ਨੂੰ ਸੌਖੇ ਸ਼ਬਦਾਂ ਵਿਚ ‘ਫੇਸਬੁੱਕ ਪੰਨਾ ‘ਮਿੱਟੀ ਦੇ ਬੁੱਤ’ ਦੇ ਪ੍ਰਬੰਧਕਾਂ ਵੱਲੋਂ ਪੇਸ਼ ਕੀਤਾ ਗਿਆ ਹੈ।