ਖ਼ਾਲਸਾ ਦਰਬਾਰ ਵਿਚ ਸਰਦਾਰ ਹਰੀ ਸਿੰਘ ਦੇ ਕੁਝ ਮਹੀਨੇ ਹੀ ਬੀਤੇ ਸਨ ਕਿ ਇਕ ਦਿਨ ਮਹਾਰਾਜਾ ਸਾਹਿਬ ਦੇ ਨਾਲ ਆਪ ਬੇਲੇ ਵਿਚ ਸ਼ਿਕਾਰ ਲਈ ਗਏ। ਅਜੇ ਇਹ ਸ਼ਿਕਾਰਗਾਹ ਵਿਚ ਵੜੇ ਹੀ ਸਨ ਕਿ ਸਰਦਾਰ ਹਰੀ ਸਿੰਘ ਦੇ ਸਾਹਮਣੇ ਇਕ ਬੜਾ ਆਦਮ ਖਾਣਾ ਸ਼ੇਰ ਉੱਠਿਆ ਤੇ ਬੜੀ ਤੇਜ਼ੀ ਨਾਲ ਛਲਾਂਗ ਮਾਰ ਕੇ ਸਰਦਾਰ ਜੀ ਨਾਲ ਲਪਕ ਗਿਆ ਤੇ ਆਪਣਾ ਪੂਰਾ ਬਲ ਲਾ ਕੇ ਸਰਦਾਰ ਜੀ ਨੂੰ ਹੇਠਾਂ ਗਿਰਾਉਣ ਦਾ ਯਤਨ ਕਰਨ ਲੱਗਾ। ਇਹ ਹੱਲਾ ਸ਼ੇਰ ਨੇ ਇਤਨੀ ਤੇਜ਼ੀ ਨਾਲ ਇਕ-ਇਕ ਕੀਤਾ ਸੀ ਕਿ ਸਰਦਾਰ ਹਰੀ ਸਿੰਘ ਜੀ ਨੂੰ ਮਿਆਨ ਵਿਚੋਂ ਕਿਰਪਾਨ ਕੱਢਣ ਦਾ ਸਮਾਂ ਭੀ ਨਾ ਮਿਲ ਸਕਿਆ ਪਰ ਆਪ ਜੀ ਨੇ ਆਪਣੇ ਬਹਾਦਰ ਦਿਲ ਨੂੰ ਇੰਨਾ ਦ੍ਰਿੜ ਕੀਤਾ ਕਿ ਆਪਣੇ ਦੋਵਾਂ ਹੱਥਾਂ ਨਾਲ ਸ਼ੇਰ ਦਾ ਜਬਾੜਾ ਫੜ ਲਿਆ ਤੇ ਉਸ ਨੂੰ ਐਸੇ ਜ਼ੋਰ ਦੀ ਭੂਵਾਈ ਦਿੱਤੀ ਜਿਸ ਨਾਲ ਸ਼ੇਰ ਦਾ ਦਮ ਬੰਦ ਹੋ ਗਿਆ ਤੇ ਪਲ ਹੀ ਪਲ ਵਿਚ ਉਹ ਜ਼ਮੀਨ ‘ਤੇ ਢਹਿ ਪਿਆ। ਸਰਦਾਰ ਜੀ ਨੇ ਇਸ ਸਮੇਂ ਨੂੰ ਬਹੁਮੁੱਲਾ ਸਮਝ ਕੇ ਅੱਖ ਦੇ ਫੁਰਕਾਰ ਵਿਚ ਮਿਆਨ ਤੋਂ ਤਲਵਾਰ ਕੱਢ ਕੇ ਸ਼ੇਰ ਦੀ ਗਰਦਨ ਪਰ ਐਸਾ ਜ਼ੋਰਦਾਰ ਵਾਰ ਕੀਤਾ ਕਿ ਸ਼ੇਰ ਦਾ ਸਿਰ ਗਰਦਨ ਨਾਲੋਂ ਅੱਡ ਹੋ ਗਿਆ ਤੇ ਉਹ ਉਥੇ ਹੀ ਠੰਢਾ ਹੋ ਗਿਆ।
ਜਿਸ ਵਕਤ ਇਹ ਅਸਚਰਜ ਘਟਨਾ ਪੇਸ਼ ਆਈ ਉਸ ਵਕਤ ਮਹਾਰਾਜਾ ਸਾਹਿਬ ਕੁਝ ਫਾਸਲੇ ਪਰ ਸਨ। ਆਪ ਜੀ ਛੇਤੀ ਨਾਲ ਘੋੜਾ ਉਡਾਕੇ ਸਰਦਾਰ ਜੀ ਦੀ ਮਦਦ ਲਈ ਪਹੁੰਚ ਗਏ ਤੇ ਸਰਦਾਰ ਜੀ ਨੂੰ ਹੱਲਾਸ਼ੇਰੀ ਦਿੱਤੀ ਕਿ “ਸਾਵਧਾਨ ਰਹਿਣਾ, ਅਸੀਂ ਪਹੁੰਚ ਗਏ ਹਾਂ। ਪਰ ਮਹਾਰਾਜਾ ਸਾਹਿਬ ਦੀ ਹੈਰਾਨਗੀ ਦੀ ਕੋਈ ਹੱਦ ਨਾ ਰਹੀ ਜਦ ਹਰੀ ਸਿੰਘ ਨੇ ਬੜੇ ਠੰਢੇ ਦਿਲ ਨਾਲ ਅਗੋਂ ਆਖਿਆ ਕਿ ਸਰਕਾਰ! ਹਜ਼ੂਰ ਦੇ ਇਕਬਾਲ ਨਾਲ ਸ਼ੇਰ ਆਪਣਾ ਦਮ ਤੋੜ ਚੁੱਕਾ ਹੈ। ਇਸ ਸਮੇਂ ਮਹਾਰਾਜਾ ਸਾਹਿਬ ਨਾਲ ਪੰਡਿਤ ਬਿਹਾਰੀ ਦਰਬਾਰੀ ਚਿਤ੍ਰਕਾਰ ਭੀ ਮੌਜੂਦ ਸੀ, ਜਿਸ ਨੂੰ ਸ਼ੇਰਿ ਪੰਜਾਬ ਨੇ ਹੁਕਮ ਦਿੱਤਾ ਕਿ ਠੀਕ ਇਸੇ ਹਾਲਤ ਵਿਚ ਸਰਦਾਰ ਹਰੀ ਸਿੰਘ ਦੀ ਸ਼ੇਰ ਨਾਲ ਲੜਾਈ ਦੀ ਤਸਵੀਰ ਤਿਆਰ ਕੀਤੀ ਜਾਏ।
ਬਿਹਾਰੀ ਨੇ ਉਸੇ ਵਕਤ ਹੁਕਮ ਦੀ ਪਾਲਣਾ ਕੀਤੀ, ਚਿੱਤਰ ਤਿਆਰ ਕੀਤਾ ਗਿਆ, ਜਿਸ ਦੇ ਦੋ ਉਤਾਰੇ ਸਰਦਾਰ ਹਰੀ ਸਿੰਘ ਨੂੰ ਭੀ ਮਹਾਰਾਜਾ ਸਾਹਿਬ ਨੇ ਦਿੱਤੇ। ਇਨ੍ਹਾਂ ਵਿਚੋਂ ਇਕ ਚਿੱਤਰ ਸਰਦਾਰ ਹਰੀ ਸਿੰਘ ਨੇ 8 ਜਨਵਰੀ ਸੰਨ 1821 ਈ. (8 ਜਨਵਰੀ, 1821 ਈ.) ਨੂੰ ਜਗਤ ਪ੍ਰਸਿੱਧ ਯਾਤਰੂ (ਸੈਲਾਨੀ) ਬੈਰਨ ਹੂਗਲ ਨੂੰ ਦਿੱਤਾ; ਜਿਸ ਨੂੰ ਦੇਖ ਕੇ ਉਹ ਬੜਾ ਹੀ ਪ੍ਰਸੰਨ ਹੋਇਆ। ਇਹ ਯਾਤਰੂ ਆਪਣੇ ਉਸ ਤਾਰੀਖ਼ ਦੇ ਰੋਜ਼ਨਾਮਚੇ ਵਿਚ ਲਿਖਦਾ ਹੈ ਕਿ ‘ਮੈਨੇ ਜਦ ਸਰਦਾਰ ਹਰੀ ਸਿੰਘ ਦੇ ਨਾਮ ਨਾਲ ‘ਨਲੁਆ’ ਦੀ ਵਜਾ-ਤਸਮੀਆ ਦੱਸਿਆ ਅਤੇ ਸਰਦਾਰ ਦੇ ਸ਼ੇਰ ਦਾ ਸਿਰ ਤਲਵਾਰ ਦੇ ਇਕੋ ਝਟਕੇ ਨਾਲ ਵੱਖ ਕਰ ਦੇਣ ਦਾ ਹਾਲ ਦੱਸਿਆ ਤਾਂ ਸਰਦਾਰ ਹਰੀ ਸਿੰਘ ਮੇਰੀ ਮਾਲੂਮਾਤ ਨੂੰ ਸੁਣ ਕੇ ਹੈਰਾਨ ਜਿਹਾ ਹੋ ਗਿਆ। ਇਸ ਸਮੇਂ ਮੈਨੂੰ ਸਰਦਾਰ ਜੀ ਨੇ ਆਪਣੀ ਸ਼ੇਰ ਨਾਲ ਲੜਾਈ ਵਾਲੀ ਇਕ ਮੂਰਤ ਦਿੱਤੀ’।
ਹੂਗਲ ਦੀ ਆਪਣੀ ਲਿਖਤ ਇਸ ਤਰ੍ਹਾਂ ਹੈ:
“I surprised him by my knowledge whence he had gained the appellation of Nalva, and of his having cloven the head of a tiger who had already siezed him as its Prep. He told the Diwan to bring some drawings, and gave me his Portrait, in the act killing the beast”.
– (Travels in Kashmir & the Punjab by Baron C. Hugel Page 254).