ਬਿਬੇਕਗੜ੍ਹ ਪ੍ਰਕਾਸ਼ਨ ਵਲੋਂ ਇਕ ਹੋਰ ਮਹੱਤਵਪੂਰਨ ਕਿਤਾਬ ਹਾਲੀਆ ਦਿਨਾਂ ਦੌਰਾਨ ਛਾਪੀ ਗਈ ਹੈ। ਕਿਤਾਬ ਦਾ ਸਿਰਲੇਖ ਹੈ “ਪੰਜਾਬ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ’ਤੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਦਾ ਅੰਤਿਮ ਜਾਂਚ ਵੇਰਵਾ (ਭਾਗ ਪਹਿਲਾਂ) – ਪਿੰਡ ਬੁਰਜ ਜਵਾਹਰ ਸਿੰਘ ਵਾਲਾ, ਬਰਗਾੜੀ, ਗੁਰੂਸਰ ਅਤੇ ਮੱਲਕੇ ਵਚਿ ਬੇਅਦਬੀ ਦੀਆਂ ਘਟਨਾਵਾਂ ਅਤੇ ਕੋਟਕਪੂਰਾ ਤੇ ਬਹਬਿਲ ਕਲਾਂ ਵਿਚ ਪੁਲਿਸ ਵਲੋਂ ਗੋਲੀ ਚਲਾਉਣ ਦੀਆਂ ਘਟਨਾਵਾਂ”। ਬਿਬੇਕਗੜ੍ਹ ਪ੍ਰਕਾਸ਼ਨ ਵਲੋਂ ਬਤੌਰ ਪ੍ਰਕਾਸ਼ਕ ਇਸ ਕਿਤਾਬ ਬਾਰੇ ਜੋ ਭੂਮਿਕਾ ਛਾਪੀ ਗਈ ਲਿਖਤ ਅਸੀਂ ਅੱਜ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ – ਸੰਪਾਦਕ।
“ਪ੍ਰਕਾਸ਼ਕ ਵਲੋਂ ਲੇਖੇ ਬਾਰੇ ਜਾਣਕਾਰੀ”
ਸਿੱਖਾਂ ਦੇ ਭਾਵਨਾਤਮਕ ਜਗਤ ਵਿਚ ਗੁਰੂ ਸਾਹਿਬ ਦਾ ਅਦਬ ਕੇਂਦਰੀ ਸਥਾਨ ਰੱਖਦਾ ਹੈ। ਗੁਰੂ ਸਾਹਿਬ ਦੇ ਅਦਬ ਵਿਚ ਆਈ ਢਿੱਲ ਜਾਂ ਉਕਾਈ ਸਿੱਖ ਹਿਰਦਿਆਂ ਉੱਤੇ ਸੱਲ੍ਹ ਵਾਂਙ ਉੱਕਰੀ ਜਾਂਦੀ ਹੈ। ਇਤਿਹਾਸ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਸਿੱਖਾਂ ਨੇ ਗੁਰੂ ਸਾਹਿਬ ਦੇ ਸਤਿਕਾਰ ਲਈ ਜਾਨਾਂ ਨਿਸ਼ਾਵਰ ਕੀਤੀਆਂ, ਸ਼ਹਾਦਤਾਂ ਦੇ ਜਾਮ ਪੀਤੇ ਅਤੇ ਗੁਰੂ ਅਦਬ ਵਿਚ ਖਲਲ ਪਾਉਣ ਵਾਲੇ ਦੁਸ਼ਟਾਂ ਨੂੰ ਸੋਧਿਆ। ਭਾਵੇਂ ਅੱਜ ਸਿੱਖਾਂ ਦੇ ਸਮੂਹਿਕ ਅਤੇ ਨਿੱਜੀ ਜੀਵਨ ਵਿਚ ਕਈ ਤਰ੍ਹਾਂ ਦੀ ਢਿੱਲ ਮੱਠ ਆਈ ਹੈ ਅਤੇ ਸਮੂਹਿਕ ਕੇਂਦਰੀ ਧੁਰੇ ਦੀ ਭੂਮਿਕਾ ਵਾਲੀਆਂ ਸੰਸਥਾਵਾਂ ਵੀ ਕਾਲ ਦੇ ਪ੍ਰਭਾਵ ਹੇਠ ਆਪਣੀ ਬਣਦੀ ਜਿੰਮੇਵਾਰੀ ਨਿਭਾਉਣ ਤੋਂ ਅਸਮਰੱਥ ਹਨ, ਅਤੇ ਕਈ ਤਾਂ ਸਿੱਧੇ-ਅਸਿੱਧੇ ਤਰੀਕੇ ਨਾਲ ਗੁਰੂ ਦੋਖੀਆਂ ਦਾ ਹੀ ਪੱਖ ਪੂਰੀ ਜਾਂਦੀਆਂ ਹਨ, ਪਰ ਫਿਰ ਵੀ ਸਿੱਖ ਜਗਤ ਦੀ ਸਮੂਹਿਕ ਚੇਤਨਾ ਵਿਚ ਗੁਰੂ ਸਾਹਿਬ ਦਾ ਅਦਬ ਕੇਂਦਰੀ ਸਥਾਨ ਹੀ ਰੱਖਦਾ ਹੈ। ਇਹੀ ਕਾਰਨ ਹੈ ਕਿ ਗੁਰੂ ਸਾਹਿਬ ਦੇ ਅਦਬ ਵਿਚ ਖਲਲ ਦੀ ਕੋਈ ਵੀ ਘਟਨਾ ਸਿੱਖ ਹਿਰਦਿਆਂ ਨੂੰ ਵਲੂੰਧਰ ਦਿੰਦੀ ਹੈ। ਸਾਲ 2015 ਦਾ ਵਰ੍ਹਾ ਇਸ ਪੱਖੋਂ ਸਿੱਖਾਂ ਲਈ ਬਹੁਤ ਭਾਰੀ ਰਿਹਾ। ਜਿੱਥੇ ਗੁਰੂ ਸਾਹਿਬ ਦੇ ਅਦਬ ਦੀਆਂ ਘੋਰ ਉਲੰਘਣਾਵਾਂ ਕਰਦਿਆਂ ਦੁਸ਼ਟ ਬਿਰਤੀ ਲੋਕਾਂ ਨੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਸਾਹਿਬਾਨ ਦੀਆਂ ਘੋਰ ਬੇਅਦਬੀਆਂ ਕੀਤੀਆਂ ਓਥੇ ਦੂਜੇ ਪਾਸੇ ਪ੍ਰਮੁੱਖ ਸਿੱਖ ਸੰਸਥਾਵਾਂ ਅਤੇ ਪੰਜਾਬ ਦੀ ਸੱਤਾਧਾਰੀ ਸਰਕਾਰ ਆਪਣੀ ਬਣਦੀ ਜਿੰਮੇਵਾਰੀ ਨਿਭਾਉਣ ਵਿਚ ਪੂਰੀ ਤਰ੍ਹਾਂ ਨਾਕਾਮ ਰਹੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਤਖਤ ਸਾਹਿਬਾਨ ਦੇ ਜਥੇਦਾਰਾਂ ਵਲੋਂ ਇਸ ਸਮੇਂ ਨਿਭਾਈ ਭੂਮਿਕਾ ਕਿਸੇ ਵੀ ਤਰ੍ਹਾਂ ਕੇਂਦਰੀ ਸਿੱਖ ਸੰਸਥਾਵਾਂ ਵਜੋਂ ਉਹਨਾ ਦੀ ਬਣਦੀ ਜਿੰਮੇਵਾਰੀ ਦੇ ਮਾਪਦੰਡਾਂ ਉੱਤੇ ਪੂਰੀ ਨਹੀਂ ਉੱਤਰਦੀ, ਸਗੋਂ ਉਹਨਾ ਦੀਆਂ ਤਤਕਾਲੀ ਕਾਰਵਾਈਆਂ ਤੇ ਭੂਮਿਕਾ ਸਿੱਖਾਂ ਦੀ ਸ਼ਰਮਿੰਦਗੀ, ਦੁੱਖ ਅਤੇ ਰੋਹ ਦਾ ਸਵੱਬ ਹੀ ਹਨ। ਗੁਰੂ ਦੋਖੀ ਸਿਰਸੇ ਵਾਲੇ ਸਾਧ ਨੂੰ ‘ਪੰਜ ਸਿੰਘ ਸਾਹਿਬਾਨ’ ਵਲੋਂ ਕਥਿਤ ਮਾਫੀ ਦਿੱਤੇ ਜਾਣਾ, ਉਸ ਮਾਫੀ ਦੇ ਪ੍ਰਚਾਰ ਲਈ ਸ਼੍ਰੋ.ਗੁ.ਪ੍ਰ.ਕ. ਵਲੋਂ ਗੁਰੂ ਕੀ ਗੋਲਕ ਵਿਚੋਂ 90 ਲੱਖ ਰੁਪਏ ਖਰਚ ਕਰਨੇ, ਗੁਰੂ ਸਾਹਿਬ ਦੀ ਬੇਅਦਬੀ ਦੇ ਮਾਮਲੇ ਵਿਚ ਸਿੱਖ ਜਗਤ ਦੀਆਂ ਭਾਵਨਾਵਾਂ ਦੀ ਤਰਜ਼ਮਾਨੀ ਕਰਨ ਵਿਚ ਨਾਕਾਮ ਰਹਿਣਾ ਆਦਿ ਅਜਿਹੇ ਕਾਰਨ ਬਣੇ ਕਿ ਸਿੱਖ ਮਨਾਂ ਵਿਚੋਂ ਇਹਨਾ ਸੰਸਥਾਵਾਂ ਦੀ ਸਾਖ ਬੁਰੀ ਤਰ੍ਹਾਂ ਖੁਰ ਗਈ। ਹਾਲੀਆ ਸਮੇਂ ਦਾ ਇਹਨਾਂ ਸੰਸਥਾਵਾਂ ਦਾ ਵਿਹਾਰ ਦਰਸਾਉਂਦਾ ਹੈ ਕਿ ਇਹਨਾਂ ਵਲੋਂ ਘੋਰ ਬੇਅਦਬੀ ਦੇ ਇਹਨਾਂ ਕਾਂਡਾਂ ਨੂੰ ਤਕਰੀਬਨ ਵਿਸਾਰ ਦਿੱਤਾ ਗਿਆ ਹੈ ਜਾਂ ਉਸ ਬਾਰੇ ਸਰਸਰੀ ਤਰੀਕੇ ਨਾਲ ਜ਼ਿਕਰ ਹੀ ਕੀਤਾ ਜਾਂਦਾ ਹੈ।
ਦੂਜੀ ਧਿਰ ਪੰਜਾਬ ਵਿਚ ਸੂਬੇਦਾਰੀ ਦੀ ਸੱਤਾ ਉੱਤੇ ਕਾਬਜ਼ ਹੋਣ ਵਾਲਿਆਂ ਦੀ ਹੈ। ਸਾਲ 2015 ਵਿਚ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਸਰਕਾਰ ਸੀ। ਇਸ ਸਰਕਾਰ ਵਲੋਂ ਬੁਰਜ ਜਵਾਹਰ ਸਿੰਘ ਵਾਲਾ ਪਿੰਡ ਦੇ ਗੁਰਦੁਆਰਾ ਸਾਹਿਬ ਵਿਚੋਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਚੋਰੀ ਕਰਨ ਦੇ ਮਾਮਲੇ ਵਿਚ ਡੇਰਾ ਸਿਰਸਾ ਦੇ ਪੈਰੋਕਾਰਾਂ ਦਾ ਹੱਥ ਹੋਣ ਦੇ ਪ੍ਰਤੱਖ ਸੁਰਾਗ ਹੋਣ ਦੇ ਬਾਵਜੂਦ ਇਸ ਮਾਮਲੇ ਵਿਚ ਅਤਿ ਦਰਜੇ ਦੀ ਢਿੱਲ ਵਿਖਾਈ ਗਈ। ਇਸ ਤੋਂ ਬਾਅਦ ਬਰਗਾੜੀ ਪਿੰਡ ਵਿਖੇ ਗੁਰੂ ਸਾਹਿਬ ਦੀ ਘੋਰ ਬੇਅਦਬੀ ਹੋਣ ਤੋਂ ਬਾਅਦ ਕਾਰਵਾਈ ਦੀ ਮੰਗ ਕਰ ਰਹੇ ਸਿੱਖਾਂ ਉੱਤੇ ਪੁਲਿਸ ਵਲੋਂ ਲਾਠੀਚਾਰਜ ਅਤੇ ਗੋਲੀਬਾਰੀ ਕਰਕੇ ਸਾਕਾ ਕੋਟਕਪੂਰਾ ਅਤੇ ਸਾਕਾ ਬਹਿਬਲ ਕਲਾਂ ਵਰਤਾਏ ਗਏ। ਸਾਕਾ ਬਹਿਬਲ ਕਲਾਂ ਵਿਚ ਦੋ ਸਿੰਘ, ਭਾਈ ਕ੍ਰਿਸ਼ਨ ਭਗਵਾਨ ਸਿੰਘ ਅਤੇ ਭਾਈ ਗੁਰਜੀਤ ਸਿੰਘ ਨਿਆਮੀਵਾਲਾ, ਪੁਲਿਸ ਗੋਲੀ ਨਾਲ ਸ਼ਹੀਦ ਕਰ ਦਿੱਤੇ ਗਏ। ਸਰਕਾਰ ਦੇ ਇਹਨਾਂ ਕਾਰਿਆਂ ਨੇ ਗੁਰੂ ਸਾਹਿਬ ਦੀ ਬੇਅਦਬੀ ਤੋਂ ਪੀੜਤ ਸਿੱਖ ਹਿਰਦਿਆਂ ਨੂੰ ਹੋਰ ਵੀ ਵਲੂੰਧਰ ਦਿੱਤਾ। ਦੁਨੀਆ ਭਰ ਵਿਚ ਸਿੱਖਾਂ ਨੇ ਆਪਣੇ ਰੋਹ ਦਾ ਪ੍ਰਗਟਾਵਾ ਕੀਤਾ। ਸਿੱਖਾਂ ਦੇ ਵਿਆਪਕ ਰੋਹ ਦੇ ਚੱਲਦਿਆਂ ਪੰਜਾਬ ਵਿਚ ਇਕ ਵਾਰ ਤਾਂ ਆਮ ਜ਼ਿੰਦਗੀ ਵੀ ਪੂਰੀ ਤਰ੍ਹਾਂ ਖੜ੍ਹ ਗਈ ਸੀ। ਸਰਕਾਰ ਵਲੋਂ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਸਾਬਕਾ ਨਿਆਂਕਾਰ ਜ਼ੋਰਾ ਸਿੰਘ ਦੀ ਅਗਵਾਈ ਵਿਚ ਜਾਂਚ ਕਮਿਸ਼ਨ ਬਣਾਇਆ ਗਿਆ ਅਤੇ ਬਰਗਾੜੀ ਤੇ ਬਹਿਬਲ ਕਲਾਂ ਮਾਮਲੇ ਸੀ.ਬੀ.ਆਈ. ਨੂੰ ਸੌਂਪ ਦਿੱਤੇ ਗਏ। ਪਰ ਸਰਕਾਰ ਦੀਆਂ ਇਹ ਕਾਰਵਾਈਆਂ ਰੋਹ ਨੂੰ ਮੱਠਾ ਕਰਨ ਲਈ ਚੁੱਕੇ ਗਏ ਕਦਮਾਂ ਤੋਂ ਵੱਧ ਕੁਝ ਵੀ ਸਾਬਤ ਨਾ ਹੋਈਆਂ। ਨਿਆਂਕਾਰ ਜ਼ੋਰਾ ਸਿੰਘ ਦੇ ਜਾਂਚ ਲੇਖੇ ਪ੍ਰਤੀ ਬਾਦਲ ਸਰਕਾਰ ਦੀ ਬੇਰੁਖੀ ਇਸ ਗੱਲ ਤੋਂ ਹੀ ਜਾਹਿਰ ਹੋ ਜਾਂਦੀ ਹੈ ਕਿ ਇਹ ਲੇਖਾ ਲੈਣ ਲਈ ਸਰਕਾਰ ਦੀ ਤਰਫੋਂ ਕੋਈ ਵੀ ਜਿੰਮੇਵਾਰ ਅਧਿਕਾਰੀ ਕਈ ਘੰਟੇ ਪੰਜਾਬ ਸਕੱਤਰੇਤ ਵਿਚ ਸਾਹਮਣੇ ਨਹੀਂ ਸੀ ਆਇਆ। ਇਸ ਦੌਰਾਨ ਸਾਲ 2017 ਵਿਚ ਪੰਜਾਬ ‘ਚ ਕਾਂਗਰਸ ਪਾਰਟੀ ਦੀ ਅਗਵਾਈ ਵਿਚ ਨਵੀਂ ਸਰਕਾਰ ਬਣੀ। ਇਸ ਸਰਕਾਰ ਵਲੋਂ ਸਾਬਕਾ ਨਿਆਂਕਾਰ ਰਣਜੀਤ ਸਿੰਘ ਦੀ ਅਗਵਾਈ ਵਿਚ ਨਵਾਂ ਜਾਂਚ ਕਮਿਸ਼ਨ ਬਣਾਇਆ ਗਿਆ। ਸ਼੍ਰੋਮਣੀ ਅਕਾਲੀ ਦਲ ਬਾਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ ਕਮਿਸ਼ਨ ਨੂੰ ਨਾ ਮੰਨਣ ਦਾ ਐਲਾਨ ਕੀਤਾ। ਕਮਿਸ਼ਨ ਨੇ ਸਰਕਾਰ ਵਲੋਂ ਦਿੱਤੇ ਦਾਇਰੇ ਵਿਚ ਜਾਂਚ ਕਰਕੇ ਆਪਣਾ ਲੇਖਾ ਚਾਰ ਭਾਗਾਂ ਵਿਚ ਸਰਕਾਰ ਨੂੰ ਸੌਂਪਿਆ ਜਿਸ ਉੱਤੇ ਪੰਜਾਬ ਵਿਧਾਨ ਸਭਾ ਵਿਚ 28 ਅਗਸਤ 2018 ਨੂੰ ਚਰਚਾ ਹੋਈ। ਇਸ ਚਰਚਾ ਦਾ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਵਿਰੋਧ ਕਰਦਿਆਂ ਇਸ ਵਿਚ ਹਿੱਸਾ ਨਹੀਂ ਲਿਆ। ਚਰਚਾ ਤੋਂ ਬਾਅਦ ਪੰਜਾਬ ਦੇ ਤਤਕਾਲੀ ਮੁੱਖ ਮੰਤਰੀ ਨੇ ਵਿਧਾਨ ਸਭਾ ਵਿਚ ਕੇਂਦਰੀ ਜਾਂਚ ਅਦਾਰੇ ਨੂੰ ਸੌਂਪੇ ਗਏ ਮਾਮਲਿਆਂ ਵਿਚ ਇਸ ਜਾਂਚ ਏਜੰਸੀ ਦੀ ਨਾਕਾਮੀ ਦਾ ਹਵਾਲਾ ਦਿੰਦਿਆਂ ਇਹ ਮਾਮਲੇ ਵਾਪਸ ਲੈਣ ਦਾ ਐਲਾਨ ਕੀਤਾ। ਪਰ ਜਾਂਚ ਵਾਪਿਸ ਲੈਣ ਵਾਲੀ ਗੱਲ ਵੀ ਕਾਰਵਾਈਆਂ ਵਿਚ ਉਲਝ ਗਈ ਕਿਉਂਕਿ ਸੀ.ਬੀ.ਆਈ. ਨੇ ਇਹ ਮਾਮਲੇ ਵਾਪਿਸ ਕਰਨ ਤੋਂ ਇਨਕਾਰ ਕਰ ਦਿੱਤਾ ਅਤੇ ਸੌਂਪੇ ਗਏ ਮਾਮਲੇ ਅਦਾਲਤ ਰਾਹੀਂ ਬੰਦ ਕਰਵਾਉਣ ਲਈ ਕਾਰਵਾਈ ਸ਼ੁਰੂ ਕਰ ਦਿੱਤੀ। ਪੰਜਾਬ ਸਰਕਾਰ ਨੇ ਵਿਧਾਨ ਸਭਾ ਵਿਚ ਦੂਜੇ ਐਲਾਨ ਵਜੋਂ ਪੰਜਾਬ ਪੁਲਿਸ ਦੀ ਹੋਰ ਵਿਸ਼ੇਸ਼ ਜਾਂਚ ਟੋਲੀ (ਵਿਜਾਂਟੋ) ਬਣਾਉਣ ਦਾ ਕੀਤਾ ਸੀ। ਇਸ ਵਿਜਾਂਟੋ ਵਲੋਂ ਕੀਤੀ ਗਈ ਕਾਰਵਾਈ, ਜਿਹਨੂੰ ਕੁੰਵਰ ਵਿਜੈ ਪਰਤਾਪ ਸਿੰਘ ਵਾਲੀ ਜਾਂਚ ਕਿਹਾ ਜਾਂਦਾ ਹੈ, ਨੂੰ ਕੁਝ ਮਹੀਨੇ ਪਹਿਲਾਂ ਪੰਜਾਬ ਅਤੇ ਹਰਿਆਣਾ ਉੱਚ ਅਦਾਲਤ ਨੇ ਰੱਦ ਕਰ ਦਿੱਤਾ । ਕਾਂਗਰਸ ਸਰਕਾਰ ਵੀ ਆਪਣਾ ਕਾਰਜਕਾਲ ਪੂਰਾ ਕਰ ਚੁੱਕੀ ਹੈ ਪਰ ਹਾਲੀ ਤੱਕ ਨਾ ਤਾਂ ਸੀ.ਬੀ.ਆਈ. ਕੋਲੋਂ ਮਾਮਲੇ ਵਾਪਿਸ ਲੈਣ ਵਾਲੇ ਮਾਮਲੇ ਦਾ ਰੇੜਕਾ ਮੁੱਕਾ ਹੈ ਅਤੇ ਨਾ ਹੀ ਹਾਈ ਕੋਰਟ ਵਲੋਂ ਬਣਾਈ ਗਈ ਵਿਜਾਂਟੋ ਦੀ ਜਾਂਚ ਕਿਸੇ ਸਿਰੇ ਲੱਗੀ ਹੈ।
ਦਿੱਲੀ ਦਰਬਾਰ ਅਤੇ ਉਸ ਦੀ ਏਜੰਸੀ ਸੀ.ਬੀ.ਆਈ. ਬੇਅਦਬੀ ਮਾਮਲਿਆਂ ਨਾਲ ਸੰਬੰਧਤ ਤੀਜੀ ਧਿਰ ਹਨ, ਜਿਹਨਾਂ ਦੀ ਇਸ ਮਾਮਲੇ ਵਿਚ ਭੂਮਿਕਾ ਕਿਸੇ ਵੀ ਤਰ੍ਹਾਂ ਸੱਚ ਅਤੇ ਨਿਆਂ ਦੇ ਪੱਖ ਵਿਚ ਨਜ਼ਰ ਨਹੀਂ ਆਉਂਦੀ। ਜਿਸ ਤਰੀਕੇ ਨਾਲ ਸੀ.ਬੀ.ਆਈ. ਨੇ ਡੇਰਾ ਸਿਰਸਾ ਨੂੰ ਬੇਅਦਬੀ ਮਾਮਲਿਆਂ ਵਿਚੋਂ ਬਚਾਉਣ ਅਤੇ ਇਹ ਮਾਮਲੇ ਅਦਾਲਤ ਰਾਹੀਂ ਬੰਦ ਕਰਵਾਉਣ ਲਈ ਅੜੀਅਲ ਰਵੱਈਆ ਅਪਨਾਈ ਰੱਖਿਆ ਉਹ ਬੇਅਦਬੀ ਦੇ ਅਤਿ ਗੰਭੀਰ ਅਤੇ ਸੰਵੇਦਨਸ਼ੀਲ ਮਾਮਲਿਆਂ ਬਾਰੇ ਦਿੱਲੀ ਦਰਬਾਰ ਦੀ ਗੈਰ-ਸੰਵੇਦਨਸ਼ੀਲ ਪਹੁੰਚ ਨੂੰ ਦਰਸਾਉਂਦਾ ਹੈ।
ਇਹਨਾਂ ਮਾਮਲਿਆਂ ਵਿਚ ਚੌਥੀ ਅਤੇ ਇਹਨਾ ਸਭਨਾ ਘਟਨਾਵਾਂ ਅਤੇ ਵਰਤਾਰਿਆਂ ਤੋਂ ਪ੍ਰਭਾਵਿਤ ਧਿਰ ਸਿੱਖ ਹਨ। ਦਿੱਲੀ ਦਰਬਾਰ ਅਤੇ ਇਸ ਦੇ ਸੂਬੇਦਾਰਾਂ ਦੀ ਬੇਰੁਖੀ ਦੀ ਮਾਰ ਝੱਲ ਰਹੇ ਸਿੱਖ ਜਗਤ ਪੱਲੇ ਇਸ ਦੀਆਂ ਆਪਣੀਆਂ ਕੇਂਦਰੀ ਅਖਵਾਉਂਦੀਆਂ ਸੰਸਥਾਵਾਂ ਨੇ ਵੀ ਨਿਰਾਸਤਾ ਹੀ ਪਾਈ ਹੈ। ਇਸ ਸਭ ਕਾਸੇ ਦੌਰਾਨ ਸਿੱਖ ਸੰਗਤ ਨੇ ਵਿਆਪਕ ਪੱਧਰ ਉੱਤੇ ਰੋਹ ਦਾ ਪ੍ਰਗਟਾਵਾ ਕੀਤਾ ਹੈ। ਸਿੱਖ ਸੰਗਤ ਨੇ ਸਾਕਾ ਕੋਟਕਪੂਰਾ ਅਤੇ ਸਾਕਾ ਬਹਿਬਲ ਕਲਾਂ ਦੇ ਰੂਪ ਵਿਚ ਸਰਕਾਰੀ ਜ਼ਬਰ ਵੀ ਝੱਲਿਆ ਅਤੇ ਸ਼ਹੀਦੀਆਂ ਵੀ ਦਿੱਤੀਆਂ। ਸਿੱਖ ਸੰਗਤ ਦੇ ਕੁਝ ਜੀਅ ਗੁਰੂ ਪਾਤਿਸ਼ਾਹ ਦੀ ਮਿਹਰ ਦੇ ਪਾਤਰ ਬਣੇ ਜਿਹਨਾ ਗੁਰੂ ਸਾਹਿਬ ਦੇ ਅਦਬ ਨੂੰ ਭੰਗ ਕਰਨ ਵਾਲੇ ਮਹਿੰਦਰਪਾਲ ਬਿੱਟੂ ਵਰਗੇ ਦੁਸ਼ਟਾਂ ਨੂੰ ਸੋਧਾ ਲਾਇਆ। ਭਾਵੇਂ ਕਿ ਸਿੱਖਾਂ ਨੇ ਆਪਣੇ ਮੌਜੂਦਾ ਹਾਲਾਤ ਮੁਤਾਬਿਕ ਆਪਣੀ ਸਮਰੱਥਾ ਵਿਚਲਾ ਕਰੀਬ ਹਰ ਯਤਨ ਕੀਤਾ ਹੈ ਪਰ ਇਸ ਸਭ ਦੇ ਮੱਦੇਨਜ਼ਰ ਜਦੋਂ ਹਾਲੀਆ ਸਮੇਂ ਤੱਕ ਵੀ ਬੇਅਦਬੀ ਦੀਆਂ ਘਟਨਾਵਾਂ ਨਹੀਂ ਰੁਕ ਰਹੀਆਂ ਤਾਂ ਸਪੱਸ਼ਟ ਹੈ ਕਿ ਸਿੱਖ ਜਗਤ ਨੂੰ ਇਸ ਸਭ ਕਾਸੇ ਬਾਰੇ ਵਧੇਰੇ ਗੰਭੀਰਤਾ ਨਾਲ ਵਿਚਾਰ ਕਰਨ ਦੀ ਲੋੜ ਹੈ। ਬੇਸ਼ੱਕ ਗੁਰੂ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਪਿੱਛੇ ਈਰਖਾ, ਸਾਜਿਸ਼ ਅਤੇ ਸਿਆਸਤ ਦੀ ਵੱਡੀ ਭੂਮਿਕਾ ਹੈ ਪਰ ਸਾਨੂੰ ਇਹ ਨਹੀਂ ਭੁੱਲਣਾ ਚਾਹੀਦਾ ਹੈ ਕਿ ਬੇਅਦਬੀ ਦੀ ਇਕ ਵਜ੍ਹਾ ਸਿੱਖ ਜਗਤ ਦਾ ਆਪਣੀਆਂ ਰਿਵਾਇਤਾਂ ਤੋਂ ਦੂਰ ਜਾਣਾ ਵੀ ਹੈ। ਅੱਜ ਸਿੱਖ ਜਗਤ ਵਜੋਂ ਸਾਡੇ ਨਿਜੀ ਅਤੇ ਸਮੂਹਿਕ ਜੀਵਨ ਗੁਰੂ ਲਿਵ ਦੀ ਓਸ ਨੇੜਤਾ ਵਿਚ ਨਹੀਂ ਵਿਚਰ ਰਹੇ ਜਿੱਥੇ ਸਾਡਾ ਨਿੱਜੀ ਅਤੇ ਸਮੂਹਿਕ ਵਜ਼ੂਦ ਗੁਰੂ ਸਾਹਿਬ ਦੇ ਅਦਬ ਦਾ ਸਵੈ-ਸਿਧ ਪ੍ਰਗਟਾਵਾ ਬਣ ਜਾਂਦਾ। ਇਸ ਪਾੜ ਨੂੰ ਮੇਟਣਾ ਹੀ ਗੁਰੂ ਸਾਹਿਬ ਦੇ ਅਦਬ ਸਤਿਕਾਰ ਦੀ ਸਦ-ਬਹਾਲੀ ਦੇ ਖਾਹਿਸ਼ਵੰਦ ਹਰ ਸਿੱਖ ਲਈ ਨਿੱਜੀ ਅਤੇ ਸਮੂਹਿਕ ਪੱਧਰ ਦਾ ਲਾਜਮੀ ਕਰਨਯੋਗ ਕਾਰਜ ਹੈ, ਜਿਸ ਦਾ ਰਾਹ ਯਕੀਨੀ ਤੌਰ ਉੱਤੇ ਸਾਨੂੰ ਸਾਡੀ ਰਿਵਾਇਤ ਹੀ ਵਿਖਾਏਗੀ।
ਇਸ ਸਮੁੱਚੇ ਦ੍ਰਿਸ਼-ਚੌਖਟੇ ਦਾ ਇਕ ਛੋਟਾ ਪਰ ਮਹੱਤਵਪੂਰਨ ਹਿੱਸਾ ਨਿਆਂਕਾਰ (ਜਸਟਿਸ) ਰਣਜੀਤ ਸਿੰਘ ਕਮਿਸ਼ਨ ਦਾ ਜਾਂਚ ਲੇਖਾ ਹੈ। ਸਾਬਕਾ ਨਿਆਂਕਾਰ ਰਣਜੀਤ ਸਿੰਘ ਨੂੰ ਸਰਕਾਰ ਵਲੋਂ ਸੂਬੇ ਵਿਚ ਪੰਜਾਬ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਸ੍ਰੀਮਦ ਭਗਵਦ ਗੀਤਾ ਅਤੇ ਪਵਿੱਤਰ ਕੁਰਾਨ ਸ਼ਰੀਫ ਦੀ ਬੇਅਦਬੀ ਦੀਆਂ ਘਟਨਾਵਾਂ ਅਤੇ ਕੋਟਕਪੂਰਾ ਤੇ ਬਹਿਬਲ ਕਲਾਂ ਵਿੱਚ ਪੁਲਿਸ ਵੱਲੋਂ ਗੋਲੀ ਚਲਾਉਣ ਦੀਆਂ ਘਟਨਾਵਾਂ ਦੀ ਜਾਂਚ ਦਾ ਕਾਰਜ ਸੌਂਪਿਆ ਗਿਆ ਸੀ। ਕਮਿਸ਼ਨ ਨੇ ਆਪਣਾ ਲੇਖਾ ਚਾਰ ਭਾਗਾਂ ਵਿਚ ਪੇਸ਼ ਕੀਤਾ। ਪਹਿਲਾ ਭਾਗ “ਪਿੰਡ ਬੁਰਜ ਜਵਾਹਰ ਸਿੰਘ ਵਾਲਾ, ਬਰਗਾੜੀ, ਗੁਰੂਸਰ ਅਤੇ ਮੱਲਕੇ ਵਿੱਚ ਬੇਅਦਬੀ ਦੀਆਂ ਘਟਨਾਵਾਂ ਅਤੇ ਕੋਟਕਪੂਰਾ ਤੇ ਬਹਿਬਲ ਕਲਾਂ ਵਿੱਚ ਪੁਲਿਸ ਵੱਲੋਂ ਗੋਲੀ ਚਲਾਉਣ ਦੀਆਂ ਘਟਨਾਵਾਂ” ਨਾਲ ਸੰਬੰਧਤ ਹੈ। ਦੂਜਾ ਭਾਗ “ਸ.ਅ.ਸ. ਨਗਰ, ਫਤਿਹਗੜ੍ਹ ਸਾਹਿਬ, ਰੂਪਨਗਰ ਅਤੇ ਪਟਿਆਲਾ ਜ਼ਿਲ੍ਹਿਆਂ ਵਿੱਚ ਬੇਅਦਬੀ ਦੀਆਂ ਘਟਨਾਵਾਂ”, ਤੀਜਾ “ਸ਼ਹੀਦ ਭਗਤ ਸਿੰਘ ਨਗਰ (ਨਵਾਂ ਸ਼ਹਿਰ), ਅਤੇ ਹੁਸ਼ਿਆਰਪੁਰ ਜ਼ਿਲ੍ਹਿਆਂ ਵਿੱਚ ਬੇਅਦਬੀ ਦੀਆਂ ਘਟਨਾਵਾਂ” ਅਤੇ ਚੌਥਾ ਭਾਗ “ਅੰਮ੍ਰਿਤਸਰ, ਬਠਿੰਡਾ, ਬਰਨਾਲਾ, ਫਰੀਦਕੋਟ, ਫਾਜ਼ਿਲਕਾ, ਫਿਰੋਜ਼ਪੁਰ, ਗੁਰਦਾਸਪੁਰ, ਜਲੰਧਰ, ਕਪੂਰਥਲਾ, ਲੁਧਿਆਣਾ, ਮਾਨਸਾ, ਮੋਗਾ, ਸੰਗਰੂਰ, ਸ੍ਰੀ ਮੁਕਤਸਰ ਸਾਹਿਬ ਅਤੇ ਤਰਨਤਾਰਨ ਜ਼ਿਲ੍ਹਿਆਂ ਵਿੱਚ ਬੇਅਦਬੀ ਦੀਆਂ ਘਟਨਾਵਾਂ” ਨਾਲ ਸੰਬੰਧਤ ਹੈ। ਇਸ ਇਲਾਵਾ ਕਮਿਸ਼ਨ ਵਲੋਂ “ਬੁਰਜ ਜਵਾਹਰ ਸਿੰਘ ਵਾਲਾ, ਬਰਗਾੜੀ, ਗੁਰੂਸਰ , ਮੱਲਕੇ ਪਿੰਡ ਵਿੱਚ ਬੇਅਦਬੀ ਦੀਆਂ ਘਟਨਾਵਾਂ ਅਤੇ ਕੋਟਕਪੂਰਾ ਤੇ ਬਹਿਬਲ ਕਲਾਂ ਵਿੱਚ ਪੁਲਿਸ ਵੱਲੋਂ ਗੋਲੀ ਚਲਾਉਣ ਦੀਆਂ ਘਟਨਾਵਾਂ” ਬਾਰੇ ਇਕ ਪੂਰਕ ਜਾਂਚ ਵੇਰਵਾ ਵੀ ਜਾਰੀ ਕੀਤਾ ਗਿਆ ਹੈ ਜੋ ਕਿ ਜਾਂਚ ਲੇਖੇ ਦੇ ਪਹਿਲੇ ਭਾਗ ਨਾਲ ਸੰਬੰਧਤ ਹੈ।
ਨਿਆਂਕਾਰ ਰਣਜੀਤ ਸਿੰਘ ਦੇ ਜਾਂਚ ਲੇਖੇ ਦੇ ਪਹਿਲੇ ਭਾਗ ਵਿਚ ਜਿਹਨਾਂ ਘਟਨਾਵਾਂ ਦਾ ਜ਼ਿਕਰ ਹੈ ਉਹ ਪਰਤੱਖ ਤੌਰ ਉੱਤੇ ਬੇਅਦਬੀ ਨਾਲ ਜੁੜੇ ਇਕੋ ਸੰਗੀਨ ਵਰਤਾਰੇ ਦੇ ਘਟਨਾਕ੍ਰਮ ਹਨ, ਜਿਸ ਤਹਿਤ ਪਹਿਲਾਂ 1 ਜੂਨ 2015 ਨੂੰ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਵਿਚੋਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਚੋਰੀ ਕੀਤਾ ਜਾਂਦਾ ਹੈ। ਫਿਰ ਸਿੱਖਾਂ ਨੂੰ ਚੁਣੌਤੀ ਦਿੰਦੀਆਂ ਚਿੱਠੀਆਂ 24 ਅਤੇ 25 ਸਤੰਬਰ 2015 ਨੂੰ ਕ੍ਰਮਵਾਰ ਪਿੰਡ ਬਰਗਾੜੀ ਵਿਖੇ ਅਤੇ ਬੁਰਜ ਜਵਾਹਰ ਸਿੰਘ ਵਾਲਾ ਨੇੜੇ ਗੁਰਦੁਆਰਾ ਸਾਹਿਬਾਨ ਦੀਆਂ ਕੰਧਾਂ ਉੱਤੇ ਲਗਾਈਆਂ ਜਾਂਦੀਆਂ ਹਨ। ਫਿਰ 12 ਅਕਤੂਬਰ 2015 ਨੂੰ ਬਰਗਾੜੀ ਵਿਖੇ ਗੁਰੂ ਸਾਹਿਬ ਦੀ ਘੋਰ ਬੇਅਦਬੀ ਕੀਤੀ ਜਾਂਦੀ ਹੈ ਤੇ ਇਸ ਕੜੀ ਵਿਚ 19-20 ਅਕਤੂਬਰ 2015 ਦਰਮਿਆਨੀ ਰਾਤ ਨੂੰ ਪਿੰਡ ਗੁਰੂਸਰ ਵਿਖੇ ਅਤੇ 4 ਨਵੰਬਰ 2015 ਨੂੰ ਪਿੰਡ ਮੱਲਕੇ ਵਿਖੇ ਬੇਅਦਬੀ ਕੀਤੀ ਜਾਂਦੀ ਹੈ। ਇਸੇ ਦੌਰਾਨ 14 ਅਕਤੂਬਰ 2015 ਨੂੰ ਪੁਲਿਸ ਵਲੋਂ ਕੋਟਕਪੂਰਾ ਅਤੇ ਬਹਿਬਲ ਕਲਾਂ ਵਿਖੇ ਸਾਕੇ ਵਰਤਾਏ ਜਾਂਦੇ ਹਨ ਜਿਹਨਾਂ ਵਿਚ ਕਈ ਲੋਕ ਜ਼ਖਮੀ ਹੁੰਦੇ ਹਨ ਅਤੇ ਬਹਿਬਲ ਕਲਾਂ ਵਿਚ ਦੋ ਸਿੰਘਾਂ ਦੀ ਸ਼ਹਾਦਤ ਹੁੰਦੀ ਹੈ।
ਨਿਆਂਕਾਰ ਰਣਜੀਤ ਸਿੰਘ ਨੇ ਇਸ ਲੇਖੇ ਵਿਚਲੀਆਂ ਬੇਅਦਬੀ ਦੀਆਂ ਘਟਨਾਵਾਂ ਪਿੱਛੇ ਡੇਰਾ ਸਿਰਸਾ ਦਾ ਹੱਥ ਦੱਸਿਆ ਹੈ ਜਿਸ ਬਾਰੇ ਕਮਿਸ਼ਨ ਨੇ ਪੁਲਿਸ ਜਾਂਚ ਦਾ ਹਵਾਲਾ ਵੀ ਦਿੱਤਾ ਹੈ। ਇਹ ਲੇਖਾ ਇਸ ਸਵਾਲ ਨੂੰ ਮੁਖਾਤਿਬ ਨਹੀਂ ਹੁੰਦਾ ਕਿ ਕੀ ਡੇਰਾ ਸਿਰਸਾ ਪਿੱਛੇ ਵੀ ਕੋਈ ਹੋਰ ਤਾਕਤ ਇਹਨਾ ਮਾਮਲਿਆਂ ਵਿਚ ਸ਼ਾਮਿਲ ਹੈ? ਸਿੱਖਾਂ ਵਿਚ ਇਹ ਗੱਲ ਦਾ ਭਾਰੂ ਅਹਿਸਾਸ ਹੈ ਕਿ ਬੇਅਦਬੀ ਦੀਆਂ ਘਟਨਾਵਾਂ ਵਿਚ ਡੇਰਾ ਸਿਰਸਾ ਦੀ ਸ਼ਮੂਲੀਅਤ ਤੋਂ ਇਲਾਵਾ ਵੀ ਇਸ ਪਿੱਛੇ ਕਿਸੇ ਹੋਰ ਤਾਕਤ (ਦਿੱਲੀ ਦਰਬਾਰ) ਦਾ ਵੀ ਹੱਥ ਹੈ ਜਿਹੜੀ ਇਹਨਾਂ ਮਾਮਲਿਆਂ ਵਿਚ ਵੀ, ਅਤੇ 2017 ਦੇ ਮੌੜ ਬੰਬ ਧਮਾਕੇ ਦੇ ਮਾਮਲੇ ਵਿਚ ਵੀ, ਡੇਰਾ ਸਿਰਸਾ ਦੀ ਢਾਲ ਬਣੀ ਹੋਈ ਹੈ। ਇਹ ਲੇਖਾ ਦਰਸਾਉਂਦਾ ਹੈ ਕਿ ਪੰਜਾਬ ਦਾ ਸੂਬੇਦਾਰੀ ਨਿਜ਼ਾਮ ਅਤੇ ਪੁਲਿਸ ਪ੍ਰਬੰਧ, ਜਿਸ ਉੱਤੇ ਨਿਰਪੱਖਤਾ ਅਤੇ ਨਿਆਂ ਦੀ ਜਿੰਮੇਵਾਰੀ ਆਇਦ ਸੀ, ਨੇ ਕਿਵੇਂ ਨਾ ਸਿਰਫ ਆਪਣੀ ਬਣਦੀ ਜਿੰਮੇਵਾਰੀ ਨਹੀਂ ਨਿਭਾਈ ਬਲਕਿ ਇਸ ਦੇ ਉਲਟ ਜਾ ਕੇ ਕਾਰਵਾਈਆਂ ਕੀਤੀਆਂ।
1950 ਵਿਚ ਲਾਗੂ ਹੋਏ ਭਾਰਤੀ ਸੰਵਿਧਾਨ ਅਧੀਨ ਕੇਂਦਰੀ ਅਤੇ ਸੂਬਾ ਸਰਕਾਰਾਂ ਵਲੋਂ ਸਿੱਖ ਮਾਮਲਿਆਂ ਬਾਰੇ ਸ਼ੁਰੂ ਤੋਂ ਹੁਣ ਤੱਕ ਅਨੇਕਾਂ ਜਾਂਚਕਾਰ ਤੇ ਪੜਤਾਲੀਏ ਥਾਪੇ ਗਏ ਪਰ ਬਹੁਤ ਥੋੜ੍ਹੇ ਮਾਮਲਿਆਂ ਵਿਚ ਅਜਿਹਾ ਹੋਇਆ ਹੈ ਕਿ ਪੇਸ਼ ਹੋਏ ਵੇਰਵੇ ਲੋਕਾਂ ਸਾਹਮਣੇ ਆਏ ਹੋਣ। ਅੱਗੋਂ ਅਜਿਹੇ ਵੇਰਵਿਆਂ ਦੇ ਅਧਾਰ ਉਤੇ ਕੋਈ ਅਮਲੀ ਕਾਰਵਾਈ ਹੋਈ ਹੋਵੇ ਇਹ ਹੋਰ ਵੀ ਘੱਟ ਹੋਇਆ ਹੈ। ਇਸ ਪੱਖ ਤੋਂ ਵੀ ਇਸ ਜਾਂਚ ਲੇਖੇ ਦੀ ਅਹਿਮੀਅਤ ਹੈ ਕਿ ਇਸ ਮਾਮਲੇ ਵਿਚ ਅਜਿਹਾ ਹੋਇਆ ਹੈ ਕਿ ਪੜਤਾਲਕਾਰ ਨੇ ਆਪਣੀ ਜਾਂਚ ਪੂਰੀ ਕਰਕੇ ਸਰਕਾਰ ਨੂੰ ਲੇਖਾ ਵੀ ਸੌਂਪਿਆ ਅਤੇ ਸਰਕਾਰ ਨੇ ਉਸਨੂੰ ਜਨਤਕ ਕਰਦਿਆਂ ਉਸ ਬਾਰੇ ਆਪਣੀ ਤਰਫੋਂ ਕਾਰਵਾਈ ਵੀ ਕੀਤੀ ਹੈ।
ਲੇਖੇ ਵਿਚ ਜਾਣਕਾਰੀ, ਤੱਥਾਂ, ਗਵਾਹਾਂ ਦੀਆਂ ਗਵਾਹੀਆਂ ਅਤੇ ਹਾਲਾਤ ਤੇ ਇਹਨਾ ਸਾਰਿਆਂ ਨੂੰ ਘੋਖਣ-ਪੜਤਾਲਣ ਲਈ ਬਣੇ ਨੇਮਾਂ-ਕਾਨੂੰਨਾਂ ਦੇ ਹਵਾਲੇ ਨਾਲ ਜਾਣਕਾਰੀ ਦਰਜ਼ ਕੀਤੀ ਗਈ ਹੈ। ਇਸ ਲੇਖੇ ਦੇ ਪਹਿਲੇ ਭਾਗ ਦੀ ਅਹਿਮੀਅਤ ਇਸ ਕਰਕੇ ਵੀ ਹੈ ਕਿ ਇਹ ਉਹਨਾਂ ਘਟਨਾਵਾਂ ਨਾਲ ਸੰਬੰਧਤ ਹੈ ਜਿਹਨਾ ਦਾ ਸੱਲ੍ਹ ਅੱਜ ਵੀ ਸਿੱਖ ਹਿਰਦੇ ਮਹਿਸੂਸ ਕਰਦੇ ਹਨ। ਬਾਕੀ ਭਾਗ, ਖਾਸ ਕਰਕੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਪੰਜਾਬ ਵਿਚ ਹੋਰਨਾਂ ਥਾਵਾਂ ਉੱਤੇ ਹੋਈਆਂ ਬੇਅਦਬੀ ਦੀਆਂ ਘਟਨਾਵਾਂ ਵਾਲਾ ਭਾਗ, ਵੀ ਸਾਡੇ ਮੌਜੂਦਾ ਸਮਾਜ ਦੀ ਹਾਲਾਤ ਜਾਂ ਤਰਾਸਦੀ ਨੂੰ ਸਮਝਣ ਦੇ ਪੱਖ ਤੋਂ ਅਹਿਮ ਹਨ। ਇਸੇ ਅਹਿਮੀਅਤ ਦੇ ਮੱਦੇਨਜ਼ਰ ਹੀ ਬਿਬੇਕਗੜ੍ਹ ਪ੍ਰਕਾਸ਼ਨ ਨੇ ਇਸਨੂੰ ਛਾਪਣ ਦਾ ਫੈਸਲਾ ਕੀਤਾ ਹੈ।
ਇਹ ਲੇਖੇ ਦਾ ਮੂਲ ਅੰਗਰੇਜ਼ੀ ਤੋਂ ਪੰਜਾਬੀ ਵਿਚ ਉਲੱਥਾ ਕਰਵਾਉਣ ਲਈ ਇੰਗਲੈਂਡ ਵਾਸੀ ਪੰਥ ਅਤੇ ਪੰਜਾਬ ਦੇ ਦਰਦੀਆਂ ਅਤੇ ਅਦਾਰਾ ‘ਸਿੱਖ ਸਿਆਸਤ’ ਦੇ ਸਹਿਯੋਗੀਆਂ ਜਥੇਦਾਰ ਮਹਿੰਦਰ ਸਿੰਘ ਖਹਿਰਾ ਅਤੇ ਉਨ੍ਹਾਂ ਦੇ ਸਾਥੀਆਂ ਵਲੋਂ ਉੱਦਮ ਕੀਤਾ ਗਿਆ, ਜਿਸ ਤਹਿਤ ਪੰਜਾਬੀ ਉਲੱਥੇ ਦਾ ਇਹ ਮਹੱਤਵਪੂਰਨ ਕਾਰਜ ਸ੍ਰ. ਗੁਰਵਿੰਦਰ ਸਿੰਘ ਨੇ ਕੀਤਾ ਹੈ। ਲੇਖਾ ਕਾਨੂੰਨੀ ਵਿਸ਼ੇ ਨਾਲ ਸਬੰਧਤ ਹੋਣ ਕਰਕੇ ਇਸ ਦਾ ਪੰਜਾਬੀ ਉਲੱਥਾ ਕਰਨਾ ਸੁਖਾਲਾ ਕਾਰਜ ਨਹੀਂ ਸੀ। ਪ੍ਰਕਾਸ਼ਕ ਵਜੋਂ ਸਾਨੂੰ ਇਸ ਉਲੱਥੇ ਦੇ ਮਿਆਰ ਬਾਰੇ ਤਸੱਲੀ ਹੈ ਕਿ ਉਲੱਥਾਕਾਰ ਨੇ ਮੂਲ ਲਿਖਤ ਦੇ ਚੌਖਟੇ ਨੂੰ ਹਰ ਸੰਭਵ ਤਰੀਕੇ ਨਾਲ ਬਰਕਰਾਰ ਰੱਖਦਿਆਂ ਕਹੀ ਜਾ ਰਹੀ ਗੱਲ ਦੇ ਭਾਵ ਨੂੰ ਮਾਂ-ਬੋਲੀ ਪੰਜਾਬੀ ਵਿਚ ਬਿਆਨ ਕਰਨ ਦਾ ਹਰ ਸੰਭਵ ਯਤਨ ਕੀਤਾ ਹੈ।
ਹਥਲੀ ਸੈਂਚੀ ਵਿਚ ਹਾਲੀ ਲੇਖੇ ਦਾ ਪਹਿਲਾ ਭਾਗ ਪ੍ਰਕਾਸ਼ਿਤ ਕੀਤਾ ਜਾ ਰਿਹਾ ਹੈ। ਜੇਕਰ ਸਿੱਖ ਸੰਗਤ ਅਤੇ ਪਾਠਕ ਇਸ ਦੇ ਬਾਕੀ ਭਾਗਾਂ ਤੱਕ ਰਸਾਈ ਲਈ ਰੁਚੀ ਦਿਖਾਉਣਗੇ ਤਾਂ ਅਸੀਂ ਇਸ ਦੇ ਬਾਕੀ ਭਾਗ ਵੀ ਜ਼ਰੂਰ ਛਾਪਾਂਗੇ।
ਪ੍ਰਕਾਸ਼ਕ।