ਸਿੱਖਾਂ ਵਿਚ ਅਹਿਮ ਸਿਆਸੀ ਫੈਸਲੇ ਗੁਰਮਤੇ ਰਾਹੀਂ ਸਾਂਝੇ ਤੌਰ ਉੱਤੇ ਲੈਣ ਦੀ ਪੰਥਕ ਰਿਵਾਇਤ ਰਹੀ ਹੈ। ਪੰਥ ਸੇਵਕ ਜਥਾ ਦੁਆਬਾ ਵਲੋਂ ਇਸੇ ਰਿਵਾਇਤ ਨੂੰ ਸੁਰਜੀਤ ਕਰਦੇ ਹੋਏ ਪੰਜਾਬ ਵਿਧਾਨ ਸਭਾ ਚੋਣਾਂ 2022 ਬਾਰੇ ਇਕ ਗੁਰਮਤਾ ਕੀਤਾ ਗਿਆ। 10 ਫਰਵਰੀ 2022 ਨੂੰ ਕੀਤੇ ਗਏ ਇਸ ਮਤੇ ਦਾ ਜੋ ਦਸਤਾਵੇਜ਼ ਪੰਥ ਸੇਵਕ ਜਥਾ ਦੁਆਬਾ ਵਲੋਂ ਜਾਰੀ ਕੀਤਾ ਗਿਆ ਹੈ, ਉਹ ਅਸੀਂ ਸਿੱਖ ਪੱਖ ਦੇ ਪਾਠਕਾਂ ਦੀ ਜਾਣਕਾਰੀ ਹਿਤ ਹੇਠਾਂ ਸਾਂਝਾ ਕਰ ਰਹੇ ਹਾਂ:-
੧ਓਸਤਿਗੁਰਪ੍ਰਸਾਦਿ॥
ਵਾਹਿਗੁਰੂ ਜੀ ਕਾ ਖਾਲਸਾ॥ ਵਾਹਿਗੁਰੂ ਜੀ ਕੀ ਫਤਿਹ॥
ਅੱਜ ੧੦ ਫ਼ਰਵਰੀ ੨੦੨੨ ਨੂੰ ਪੰਥ ਸੇਵਕ ਜਥਾ, ਦੋਆਬਾ ਦੇ ਸੱਦੇ ਉਤੇ ਨਵਾਂਸ਼ਹਿਰ, ਬੰਗਾ, ਬਲਾਚੌਰ ਅਤੇ ਗੜ੍ਹਸੰਕਰ ਇਲਾਕੇ ਨਾਲ ਸੰਬੰਧਤ ਪੰਥਕ ਰਵਾਇਤ ਨੂੰ ਪਹਿਲ ਦੇਣ ਵਾਲੇ ਗੁਰੂ ਕੇ ਸਿੱਖਾਂ ਦੀ ਇਕੱਤਰਤਾ ਪਿੰਡ ਕਿਸ਼ਨਪੁਰਾ (ਨਵਾਸ਼ਹਿਰ) ਵਿਖੇ ਹੋਈ। ਇਸ ਇਕੱਤਰਤਾ ਵਿੱਚ ਪੰਚ ਪ੍ਰਧਾਨੀ ਪ੍ਰਣਾਲੀ ਰਾਹੀਂ ੨੦ ਫਰਵਰੀ ੨੦੨੨ ਨੂੰ ਪੰਜਾਬ ਦੀ ਸੂਬੇਦਾਰੀ ਦੀਆਂ ਹੋਣ ਵਾਲੀਆਂ ਚੋਣਾਂ ਸੰਬੰਧੀ ਫੈਸਲਾ ਲੈਣ ਦੀ ਰਵਾਇਤ ਮੁੜ-ਸੁਰਜੀਤ ਕੀਤੀ ਗਈ। ਇਸ ਇਕੱਤਰਤਾ ਵਿੱਚ ਪੰਜ ਸਿੰਘਾਂ ਵੱਲੋਂ ਪਕਾਏ ਗੁਰਮਤੇ ਅਨੁਸਾਰ ਹਾਜਰ ਸਿੰਘਾਂ ਨੂੰ ਹੁਕਮ ਹੋਇਆ ਕਿ ਹੇਠ ਲਿਖੇ ਦਿਸ਼ਾ ਨਿਰਦੇਸ਼ਾਂ ਦੁਆਰਾ ਤਹਿ ਕੀਤੇ ਦਾਇਰੇ ਅਨੁਸਾਰ ਹਰ ਸਿੰਘ ਆਪਣੀ ਬਿਬੇਕ ਬੁਧੀ ਦੀ ਵਰਤੋ ਕਰਦਾ ਹੋਇਆ ਆਪਣਾ ਨਿੱਜ ਫੈਸਲਾ ਆਪ ਲੈ ਲਵੇ।
ਵੋਟ ਪਾਉਣ ਲਈ ਹੇਠ ਲਿਖੇ ਦਿਸ਼ਾ ਨਿਰਦੇਸ਼ ਤਹਿ ਕੀਤੇ ਗਏ:
੧. ਜਿਨ੍ਹਾਂ ਰਵਾਇਤੀ ਪਾਰਟੀਆਂ ਨੇ ਪਿਛਲੇ ਲੰਬੇ ਸਮੇਂ ਤੋਂ ਪੰਜਾਬ ਦੀ ਸੂਬੇਦਾਰੀ ਮਾਣੀ ਹੈ ਅਤੇ ਦਿੱਲੀ ਦਰਬਾਰ ਵੱਲੋਂ ਗੁਰੂ ਖਾਲਸਾ ਪੰਥ ਅਤੇ ਪੰਜਾਬ ਦਾ ਨੁਕਸਾਨ ਕਰਨ ਦੀ ਨੀਤੀ ਤੇ ਅਮਲ ਵਿੱਚ ਭਾਗੀਦਾਰ ਰਹੀਆਂ ਹਨ, ਉਨ੍ਹਾਂ ਪਾਰਟੀਆਂ ਨੂੰ ਮੂੰਹ ਨਾ ਲਗਾਇਆ ਜਾਵੇ।
੨. ਬਿਪਰ ਦੀ ਰੀਤ (ਮੰਨੂਵਾਦੀ), ਰਾਜਸੀ ਕੇਂਦਰੀਕਰਨ ਦੇ ਰੁਝਾਨ ਨੂੰ ਉਤਸਾਹਤ ਕਰਨ ਅਤੇ ਜਿਨ੍ਹਾਂ ਪਾਰਟੀਆਂ ਦੀ ਨੀਤੀ ਤਹਿ ਕਰਨ ਦੀ ਲਗਾਮ ਦਿੱਲੀ ਬੈਠੀ ਲੀਡਰਸ਼ਿਪ ਕੋਲ ਹੈ ਉਨ੍ਹਾਂ ਤੋਂ ਵੀ ਗੁਰੇਜ਼ ਕੀਤਾ ਜਾਵੇ।
੩. ਸੇਵਾ ਭਾਵਨਾ ਅਤੇ ਸੰਘਰਸ਼ਸ਼ੀਲ ਕਿਰਦਾਰ ਵਾਲੇ ਉਮੀਦਵਾਰ ਨੂੰ ਪਹਿਲ ਦਿੱਤੀ ਜਾਵੇ।
੪. ਉਮੀਦਵਾਰ ਗੁਰਮਤਿ,ਖਾਲਸਾ ਜੀਓ ਅਤੇ ਸਾਂਝੀਵਾਲਤਾ ਦਾ ਨੁਕਸਾਨ ਕਰਨ ਵਾਲਾ ਨਾ ਹੋਵੇ ।
੫. ਪੰਜਾਬੀ ਬੋਲੀ, ਸਿੱਖ ਸਭਿਆਚਾਰ, ਪੰਜਾਬ ਦੇ ਪਾਣੀਆਂ, ਵਾਤਾਵਰਣ, ਖੇਤੀ-ਬਾੜੀ ਅਤੇ ਸੂਬਿਆਂ ਦੇ ਵੱਧ ਅਧਿਕਾਰਾਂ ਪ੍ਰਤੀ ਉਸਾਰੂ ਸੋਚ ਰੱਖਣ ਵਾਲੇ ਉਮੀਦਵਾਰ ਨੂੰ ਪਹਿਲ ਦਿੱਤੀ ਜਾਵੇ।
ਗੁਰੂ ਪੰਥ ਦੇ ਦਾਸ
ਪੰਥ ਸੇਵਕ ਜਥਾ, ਦੋਆਬਾ