ਗੰਭੀਰ ਹੁੰਦਾ ਜਾ ਰਿਹੈ ਪੰਜਾਬ ਦੇ ਜ਼ਮੀਨੀ ਪਾਣੀ ਦਾ ਸੰਕਟ (1)

ਗੰਭੀਰ ਹੁੰਦਾ ਜਾ ਰਿਹੈ ਪੰਜਾਬ ਦੇ ਜ਼ਮੀਨੀ ਪਾਣੀ ਦਾ ਸੰਕਟ (1)

ਪਰਮਜੀਤ ਸਿੰਘ
ਖੇਤੀਬਾੜੀ ਅਤੇ ਵਾਤਾਵਰਨ ਜਾਗਰੂਕਤਾ ਕੇਂਦਰ, ਬਿਬੇਕਗੜ੍ਹ।
ਸੰਪਰਕ: 09888270651
ਈਮੇਲ: [email protected]

ਪੰਜਾਬ ਵਿਧਾਨ ਸਭਾ ਵਿੱਚ 4 ਮਾਰਚ 2021 ਨੂੰ ਪੰਜਾਬ ਦੇ ਜ਼ਮੀਨੀ ਪਾਣੀ ਦੇ ਸੰਕਟ ਉੱਤੇ ਹੋਈ ਚਰਚਾ ਤੋਂ ਬਾਅਦ ਬਣਾਈ ਗਈ ਇੱਕ 6 ਮੈਂਬਰੀ ਖਾਸ ਕਮੇਟੀ ਨੇ ਬੀਤੇ ਦਿਨੀਂ ਆਪਣਾ ਲੇਖਾ ਪੰਜਾਬ ਵਿਧਾਨ ਸਭਾ ਦੇ ਸਪੀਕਰ ਨੂੰ ਸੌਂਪਿਆ ਹੈ। ਦੱਸਿਆ ਜਾ ਰਿਹਾ ਹੈ ਕਿ ਮਸਲੇ ਗੰਭੀਰਤਾ ਨੂੰ ਤਸਦੀਕ ਕਰਦਿਆਂ ਇਸ ਕਮੇਟੀ ਨੇ ਇਹ ਗੱਲ ਮੰਨੀ ਹੈ ਕਿ ਪੰਜਾਬ ਵਿੱਚ ਜ਼ਮੀਨਦੋਜ਼ ਪਾਣੀ ਦਾ ਲਗਾਤਾਰ ਹੇਠਾਂ ਡਿੱਗ ਰਿਹਾ ਪੱਧਰ ਪੰਜਾਬ ਨੂੰ ਮਾਰੂਥਲ ਬਣਨ ਵੱਲ ਧੱਕ ਰਿਹਾ ਹੈ ਅਤੇ ਜੇਕਰ ਹਾਲਾਤ ਇੰਝ ਹੀ ਰਹੇ ਤਾਂ ਇਹ ਖਦਸ਼ਾ ਅਗਲੇ ਡੇਢ ਕੁ ਦਹਾਕੇ ਵਿੱਚ ਹਕੀਕੀ ਤਰਾਸਦੀ ਵਿੱਚ ਬਦਲ ਜਾਵੇਗਾ।

ਅਜਿਹਾ ਨਹੀਂ ਹੈ ਕਿ ਸਰਕਾਰ ਨੂੰ ਇਸ ਰਿਪੋਰਟ ਨਾਲ ਹੀ ਪੰਜਾਬ ਦੇ ਜ਼ਮੀਨਦੋਜ਼ ਪਾਣੀ ਦੀ ਗੰਭੀਰ ਸਥਿਤੀ ਬਾਰੇ ਪਤਾ ਲੱਗਾ ਹੈ। ਪਹਿਲਾਂ ਵੀ ਕਈ ਸਰਕਾਰੀ ਰਿਪੋਰਟਾਂ ਇਸ ਬਾਰੇ ਚੇਤਾਵਨੀਆਂ ਦੇ ਚੁੱਕੀਆਂ ਹਨ।

ਪੰਜਾਬ ਵਿੱਚ ਜਮੀਨੀ ਪਾਣੀ ਦੀ ਸਥਿਤੀ ਦੇ ਸਰਕਾਰੀ ਤੌਰ ਉੱਤੇ ਜਾਰੀ ਹੋਏ ਅੰਕੜੇ ਦੱਸਦੇ ਹਨ ਕਿ ਪੰਜਾਬ ਦਾ ਜ਼ਮੀਨੀ ਪਾਣੀ ਦਾ ਭੰਡਾਰ ਆਉਂਦੇ ਸਾਲਾਂ ਵਿੱਚ ਮੁੱਕ ਜਾਵੇਗਾ ਅਤੇ ਸੰਨ 2040 ਤੱਕ ਪੰਜਾਬ ਦੀ ਹਾਲਤ ਮਾਰੂਥਲ ਵਾਲੀ ਹੋਵੇਗੀ।

‘ਸੈਂਟਰਲ ਗਰਾਉਂਡ ਵਾਟਰ ਬੋਰਡ’ ਵੱਲੋਂ ਪੰਜ ਹੋਰਨਾਂ ਸਰਕਾਰੀ ਅਦਾਰਿਆਂ ਨਾਲ ਰਲ ਕੇ ਸਾਲ 2017 ਵਿੱਚ ਜਾਰੀ ਕੀਤੇ ਇੱਕ ਲੇਖੇ ਮੁਤਾਬਿਕ ਪੰਜਾਬ ਵਿੱਚ ਜ਼ਮੀਨੀ ਪਾਣੀ ਦੇ 300 ਮੀਟਰ (1000 ਫੁੱਟ) ਤੱਕ ਡੁੰਘਾਈ ਵਾਲੇ ਪਾਣੀ ਦੇ ਤਿੰਨ ਜ਼ਮੀਨਦੋਜ਼ ਪੱਤਣਾਂ ਵਿਚਲਾ ਕੁੱਲ ਭੰਡਾਰ 2600 ਲੱਖ ਏਕੜ ਫੁੱਟ ਸੀ। ਪੰਜਾਬ ਵਿੱਚ ਸਾਲਾਨਾ 175 ਲੱਖ ਏਕੜ ਫੁੱਟ ਪਾਣੀ ਜ਼ਮੀਨ ਹੇਠਾਂ ਰੀਚਾਰਜ ਹੁੰਦਾ ਹੈ। ਪਰ ਪੰਜਾਬ ’ਚ ਸਲਾਨਾ 290 ਲੱਖ ਏਕੜ ਫੁੱਟ ਪਾਣੀ ਜ਼ਮੀਨ ਹੇਠੋਂ ਕੱਢਿਆ ਜਾ ਰਿਹਾ ਹੈ। ਇੰਝ ਪੰਜਾਬ ਦੇ ਜ਼ਮੀਨੀ ਪਾਣੀ ਦੇ ਭੰਭਾਰ ਵਿੱਚੋਂ ਹਰ ਸਾਲ 115 ਲੱਖ ਏਕੜ ਫੁੱਟ ਪਾਣੀ ਘਟ ਜਾਂਦਾ ਹੈ।

ਸੋ, 2600 ਲੱਖ ਏਕੜ ਫੁੱਟ ਦੇ ਜ਼ਮੀਨੀ ਜਲ ਭੰਡਾਰ ਵਿੱਚੋਂ ਹਰ ਸਾਲ 115 ਲੱਖ ਏਕੜ ਫੁੱਟ ਪਾਣੀ ਘਟ ਰਿਹਾ ਹੈ ਤਾਂ ਇਹ ਭੰਡਾਰ ਕਰੀਬ 22 ਕੁ ਸਾਲਾਂ (2600/115 = 22.6) ਵਿੱਚ ਮੁੱਕ ਜਾਵੇਗਾ। ਪਰ ਗੌਰ ਕਰੋ ਕਿ 22 ਸਾਲ ਦਾ ਸਮਾਂ ਸਾਲ 2017 ਤੋਂ ਸੀ ਜਿਸ ਵਿੱਚੋਂ 5 ਸਾਲ ਲੰਘ ਚੁੱਕੇ ਹਨ।

(ਸਰੋਤ: ਸੈਂਟਰਲ ਗਰਾਉਂਡ ਵਾਟਰ ਬੋਰਡ; ਪੇਸ਼ਕਾਰੀ: ਖੇਤੀਬਾੜੀ ਅਤੇ ਵਾਤਾਵਰਨ ਜਾਗਰੂਕਤਾ ਕੇਂਦਰ)

 

ਹੁਣ ਇਹ ਗੱਲ ਵੱਲ ਵੀ ਧਿਆਨ ਦਿਓ ਕਿ ਸਾਲ 2017 ਤੋਂ 22 ਸਾਲ ਦੀ ਮਿਆਦ ਵੀ ਤਾਂ ਹੀ ਮਿਲਣੀ ਸੀ ਜੇਕਰ ਪੰਜਾਬ ਵਿੱਚ ਪਿਛਲੀ ਦਰ ਉੱਤੇ ਔਸਤ ਬਰਸਾਤ ਹੁੰਦੀ ਰਹੇ ਤਾਂ ਕਿ ਪਾਣੀ ਰੀਚਾਰਜ ਦੀ ਦਰ ਬਰਕਾਰ ਰਹੇ ਅਤੇ ਜ਼ਮੀਨ ਹੇਠੋਂ ਪਾਣੀ ਕੱਢਣ ਦੀ ਦਰ ਪਹਿਲਾਂ ਵਾਲੀ ਹੱਦ ਤੱਕ ਹੀ ਰਹੇ। ਪਰ ਪਿਛਲੇ ਸਾਲਾਂ ਦੌਰਾਨ ਪੰਜਾਬ ਵਿੱਚ ਬਰਸਾਤਾਂ ਲਗਾਤਾਰ ਘਟ ਰਹੀਆਂ ਹਨ, ਤੇ ਦੂਜੇ ਬੰਨੇ ਝੋਨੇ ਹੇਠ ਰਕਬਾ ਵਧਦੇ ਜਾਣ ਕਾਰਨ ਜ਼ਮੀਨ ਹੇਠੋਂ ਪਾਣੀ ਕੱਢਣ ਦੀ ਦਰ ਵਧਦੀ ਜਾ ਰਹੀ ਹੈ। ਅਜਿਹੇ ਵਿੱਚ ਇਹ ਸਮਝਣਾ ਔਖਾ ਨਹੀਂ ਹੈ ਕਿ ਪੰਜਾਬ ਕੋਲ ਹਕੀਕੀ ਤੌਰ ਉੱਤੇ 15 ਸਾਲ ਦਾ ਸਮਾਂ ਵੀ ਨਹੀਂ ਬਚਿਆ।

ਵਧੇਰੇ ਚਿੰਤਾ ਦੀ ਗੱਲ ਇਹ ਹੈ ਕਿ ਪੰਜਾਬ ਦੇ ਸਾਰੇ ਖਿੱਤੇ ਵਿੱਚ ਜ਼ਮੀਨਦੋਜ਼ ਪਾਣੀ ਦੇ ਤਿੰਨ ਪੱਤਣ ਨਹੀਂ ਹਨ। ਪੰਜਾਬ ਦੇ ਬਠਿੰਡਾ, ਮਾਨਸਾ, ਫਿਰੋਜ਼ਪੁਰ, ਫਾਜ਼ਿਲਕਾ, ਫਰੀਦਕੋਟ, ਮੋਗਾ, ਤਰਨਤਾਰਨ, ਅੰਮ੍ਰਿਤਸਰ, ਗੁਰਦਾਸਪੁਰ ਅਤੇ ਪਠਾਣਕੋਟ ਜਿਲ੍ਹਿਆ ਵਿੱਚ ਸਿਰਫ ਪਹਿਲੇ ਜ਼ਮੀਨਦੋਜ਼ ਪੱਤਣ ਵਿੱਚ ਹੀ ਪਾਣੀ ਹੈ। ਇਸ ਖੇਤਰ ਵਿੱਚੋਂ ਵੀ ਮਾਝੇ ਦੇ ਚਾਰੇ ਜਿਲ੍ਹਿਆਂ ਦੀ ਹਾਲਤ ਵੱਧ ਗੰਭੀਰ ਹੈ ਕਿਉਂਕਿ ਇੱਥੇ ਜ਼ਮੀਨ ਹੇਠਲਾ ਪਾਣੀ ਠੀਕ ਹੋਣ ਕਾਰਨ ਉਸਦੀ ਵਰਤੋਂ ਬਹੁਤ ਜ਼ਿਆਦਾ ਹੋ ਰਹੀ ਹੈ। ਇਹਨਾਂ ਜਿਲ੍ਹਿਆਂ ਵਿੱਚ ਨਹਿਰੀ ਪਾਣੀ ਹੇਠ ਰਕਬਾ ਘਟਣ ਨਾਲ ਵੀ ਜ਼ਮੀਨੀ ਪਾਣੀ ਨੂੰ ਕੱਢਣ ਦੀ ਦਰ ਬਹੁਤ ਜ਼ਿਆਦਾ ਤੇਜ ਹੋ ਚੁੱਕੀ ਹੈ। ਜ਼ਮੀਨੀ ਪਾਣੀ ਦੀ ਹੋ ਰਹੀ ਵਰਤੋਂ ਦੇ ਹਿਸਾਬ ਨਾਲ ਇਹਨਾ ਜਿਲ੍ਹਿਆਂ ਵਿੱਚ ਜ਼ਮੀਨ ਹੇਠਲੇ ਪਾਣੀ ਦਾ ਪਹਿਲਾ ਪੱਤਣ ਆਉਂਦੇ ਦਹਾਕੇ ਭਰ ਵਿੱਚ ਹੀ ਖਤਮ ਹੋ ਜਾਣਾ ਹੈ ਪਰ ਇੱਥੇ ਉਸ ਪੱਤਣ ਤੋਂ ਬਾਅਦ ਜ਼ਮੀਨ ਵਿੱਚ 300 ਮੀਟਰ ਡੂੰਘਾਈ ਤੱਕ ਪਾਣੀ ਹੈ ਹੀ ਨਹੀਂ।

ਹੁਣ ਜਦੋਂ ਆਉਂਦੇ ਕਰੀਬ ਡੇਢ ਦਹਾਕੇ ਵਿੱਚ ਪੰਜਾਬ ਦੇ 300 ਮੀਟਰ (1000 ਫੁੱਟ) ਤੱਕ ਦੇ ਜ਼ਮੀਨੀ ਪਾਣੀ ਦੇ ਤਿੰਨੇ ਪੱਤਣ ਮੁੱਕ ਜਾਣਗੇ ਤਾਂ ਪੰਜਾਬ ਦੀ ਸਥਿਤੀ ਕੀ ਹੋਵੇਗੀ? ਕੀ ਇਹ ਹਰਿਆ-ਭਰਿਆ ਅਤੇ ਖੁਸ਼ਹਾਲ ਖਿੱਤਾਹੋਵੇਗਾ? ਜਾਂ ਇਸ ਦੀ ਹਾਲਤ ਕਿਸੇ ਮਾਰੂਥਲ ਵਰਗੀ ਹੋਵੇਗੀ? ਇਸ ਬਾਰੇ ਤੁਸੀਂ ਆਪ ਹੀ ਅੰਦਾਜ਼ਾ ਲਗਾ ਸਕਦੇ ਹੋ। ਜਿੰਦਗੀ ਤਾਂ ਥਾਰ ਮਾਰੂਥਲ ਵਿੱਚ ਵੀ ਚੱਲਦੀ ਹੈ ਪਰ ਚੱਲਦੀ ਕਿਵੇਂ ਹੈ ਇਸ ਬਾਰੇ ਬਿਜਾਲ (ਇੰਟਰਨੈਟ) ਉੱਤੇ ਬਹੁਤ ਜਾਣਕਾਰੀ ਮਿਲ ਜਾਂਦੀ ਹੈ ਜਿਸ ਤੋਂ ਪੰਜਾਬ ਦੇ ਉਸ ਭਵਿੱਖ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਜਿਸ ਦੀ ਕਾਮਨਾ ਭਾਵੇਂ ਸਾਡੇ ਵਿੱਚੋਂ ਕੋਈ ਵੀ ਨਹੀਂ ਕਰੇਗਾ ਪਰ ਜਿਸ ਵੱਲ ਅਸੀਂ ਸਮੂਹਿਕ ਤੌਰ ਉੱਤੇ ਬੇਰੋਕ ਤੁਰੇ ਜਾ ਰਹੇ ਹਾਂ।

ਹੁਣ ਸਮਾਂ ਗੰਭੀਰ ਹੋ ਕੇ ਬਰਬਾਦੀ ਦੀ ਇਸ ਰਫਤਾਰ ਨੂੰ ਮੱਠੀ ਕਰਨ ਤੇ ਠੱਲ੍ਹ ਪਾਉਣ ਦਾ ਹੈ ਨਹੀਂ ਤਾਂ ਜਿਸ ਰਾਹ ਦੇ ਅਗਲੇ ਸਿਰੇ ਉੱਤੇ ਖੂਹ ਜਾਂ ਖੱਡ ਹੋਵੇ ਉਸ ਉੱਤੇ ਅੱਖਾਂ ਬੰਦ ਕਰਕੇ ਤੁਰਨ ਨਾਲ ਕੀ ਨਤੀਜਾ ਨਿੱਕਲੇਗਾ ਇਹ ਆਪਾ ਸਭ ਭਲੀ-ਭਾਂਤ ਜਾਣਦੇ ਹਾਂ।

(ਚੱਲਦਾ)

5 1 vote
Article Rating
Subscribe
Notify of
1 ਟਿੱਪਣੀ
Oldest
Newest Most Voted
Inline Feedbacks
View all comments
1
0
Would love your thoughts, please comment.x
()
x